Skip to content

ਨੌਜਵਾਨ ਪੁੱਛਦੇ ਹਨ

ਉਦੋਂ ਕੀ ਜੇ ਦੂਜੇ ਮੈਨੂੰ ਪਸੰਦ ਨਾ ਕਰਨ?

ਉਦੋਂ ਕੀ ਜੇ ਦੂਜੇ ਮੈਨੂੰ ਪਸੰਦ ਨਾ ਕਰਨ?

 “ਤੁਹਾਨੂੰ ਦੂਜਿਆਂ ਵਾਂਗ ਬਣਨਾ ਚਾਹੀਦਾ ਹੈ, ਨਹੀਂ ਤਾਂ ਨਾ ਤੁਹਾਡਾ ਕੋਈ ਦੋਸਤ, ਨਾ ਕੋਈ ਜ਼ਿੰਦਗੀ ਅਤੇ ਨਾ ਹੀ ਕੋਈ ਭਵਿੱਖ ਹੋਵੇਗਾ। ਕੋਈ ਵੀ ਤੁਹਾਡੇ ਬਾਰੇ ਨਹੀਂ ਸੋਚੇਗਾ ਅਤੇ ਤੁਸੀਂ ਇਕੱਲੇ ਰਹਿ ਜਾਓਗੇ।”—ਕਾਰਲ।

 ਕੀ ਇਹ ਗੱਲ ਵਧਾ-ਚੜ੍ਹਾ ਕੇ ਦੱਸੀ ਗਈ ਹੈ? ਸ਼ਾਇਦ। ਪਰ ਫਿਰ ਵੀ ਕਈ ਲੋਕ ਕਾਰਲ ਵੱਲੋਂ ਜ਼ਿਕਰ ਕੀਤੇ ਗਏ ਸਿੱਟਿਆਂ ਤੋਂ ਬਚਣ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਕੀ ਤੁਹਾਡੇ ਬਾਰੇ ਵੀ ਇਹ ਗੱਲ ਸੱਚ ਹੈ? ਇਹ ਲੇਖ ਦੋਸਤ ਬਣਾਉਣ ਦਾ ਵਧੀਆ ਤਰੀਕਾ ਲੱਭਣ ਵਿਚ ਤੁਹਾਡੀ ਮਦਦ ਕਰੇਗਾ।

 ਲੋਕ ਕਿਉਂ ਚਾਹੁੰਦੇ ਹਨ ਕਿ ਦੂਜੇ ਉਨ੍ਹਾਂ ਨੂੰ ਪਸੰਦ ਕਰਨ?

  •   ਕਿਉਂਕਿ ਉਹ ਦੂਜਿਆਂ ਦੇ ਦੋਸਤ ਬਣਨਾ ਚਾਹੁੰਦੇ ਹਨ। “ਸੋਸ਼ਲ-ਮੀਡੀਆ ʼਤੇ ਮੈਂ ਕੁਝ ਲੋਕਾਂ ਦੀਆਂ ਫੋਟੋਆਂ ਦੇਖੀਆਂ ਜੋ ਕਿਤੇ ਬਾਹਰ ਘੁੰਮਣ-ਫਿਰਨ ਗਏ ਸਨ ਤੇ ਉਹ ਵੀ ਮੇਰੇ ਤੋਂ ਬਗੈਰ। ਇਹ ਦੇਖ ਕੇ ਮੈਂ ਸੋਚਿਆ ਕਿ ਮੇਰੇ ਵਿਚ ਕੀ ਖ਼ਰਾਬੀ ਸੀ। ਮੈਂ ਇਹੀ ਸੋਚਦੀ ਰਹੀ ਕਿ ਸ਼ਾਇਦ ਮੈਂ ਉਨ੍ਹਾਂ ਦੇ ਲਾਇਕ ਨਹੀਂ ਸੀ।”—ਨੈਟਲੀ।

     ਜ਼ਰਾ ਸੋਚੋ: ਕੀ ਤੁਹਾਨੂੰ ਕਦੇ ਇੱਦਾਂ ਲੱਗਾ ਕਿ ਦੂਸਰੇ ਤੁਹਾਨੂੰ ਪਸੰਦ ਨਹੀਂ ਕਰਦੇ? ਤੁਸੀਂ ਕੀ ਕੀਤਾ ਤਾਂਕਿ ਉਹ ਤੁਹਾਨੂੰ ਪਸੰਦ ਕਰਨ?

  •   ਕਿਉਂਕਿ ਉਹ ਅਲੱਗ ਨਜ਼ਰ ਨਹੀਂ ਆਉਣਾ ਚਾਹੁੰਦੇ। “ਮੇਰੇ ਮੰਮੀ-ਪਾਪਾ ਮੈਨੂੰ ਫ਼ੋਨ ਨਹੀਂ ਰੱਖਣ ਦਿੰਦੇ। ਜਦੋਂ ਕੋਈ ਮੇਰਾ ਫ਼ੋਨ ਨੰਬਰ ਪੁੱਛਦਾ ਤੇ ਮੈਂ ਕਹਿੰਦੀ ਹਾਂ ਕਿ ਮੇਰੇ ਕੋਲ ਫ਼ੋਨ ਨਹੀਂ ਹੈ। ਇਹ ਸੁਣ ਕੇ ਉਹ ਕਹਿੰਦੇ ਹਨ: ‘ਕੀ! ਤੂੰ ਕਿੰਨੇ ਸਾਲਾਂ ਦੀ ਹੈਂ?’ ਜਦੋਂ ਮੈਂ ਦੱਸਦੀ ਹਾਂ ਕਿ ਮੈਂ 13 ਸਾਲਾਂ ਦੀ ਹਾਂ, ਤਾਂ ਉਹ ਮੇਰੇ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ।”—ਮੈਰੀ।

     ਜ਼ਰਾ ਸੋਚੋ: ਤੁਹਾਡੇ ਮਾਪਿਆਂ ਵੱਲੋਂ ਲਾਈ ਗਈ ਕਿਹੜੀ ਪਾਬੰਦੀ ਕਰਕੇ ਤੁਹਾਨੂੰ ਲੱਗ ਸਕਦਾ ਹੈ ਕਿ ਤੁਸੀਂ ਦੂਸਰਿਆਂ ਨਾਲੋਂ ਵੱਖਰੇ ਹੋ? ਪਾਬੰਦੀ ਲੱਗਣ ʼਤੇ ਤੁਹਾਡਾ ਰਵੱਈਆ ਕਿਹੋ ਜਿਹਾ ਹੁੰਦਾ ਹੈ?

  •   ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਨੂੰ ਤੰਗ ਕਰੇ। “ਸਕੂਲ ਵਿਚ ਬੱਚੇ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਜੋ ਅਲੱਗ ਤਰੀਕੇ ਨਾਲ ਪੇਸ਼ ਆਉਂਦੇ, ਅਲੱਗ ਤਰੀਕੇ ਨਾਲ ਬੋਲਦੇ ਜਾਂ ਇੱਥੋਂ ਤਕ ਕਿ ਅਲੱਗ ਤਰੀਕੇ ਨਾਲ ਭਗਤੀ ਕਰਦੇ ਹਨ। ਇਨ੍ਹਾਂ ਕਾਰਨਾਂ ਕਰਕੇ ਤੁਸੀਂ ਉਨ੍ਹਾਂ ਦਾ ਨਿਸ਼ਾਨਾ ਬਣਦੇ ਹੋ।”—ਓਲੀਵੀਆ।

     ਜ਼ਰਾ ਸੋਚੋ: ਕੀ ਵੱਖਰੇ ਨਜ਼ਰ ਆਉਣ ਕਰਕੇ ਕਦੇ ਤੁਹਾਡੇ ਨਾਲ ਬਦਸਲੂਕੀ ਕੀਤੀ ਗਈ ਹੈ? ਤੁਸੀਂ ਉਸ ਵੇਲੇ ਕੀ ਕੀਤਾ?

  •   ਕਿਉਂਕਿ ਉਹ ਆਪਣੇ ਦੋਸਤ ਗੁਆਉਣਾ ਨਹੀਂ ਚਾਹੁੰਦੇ। “ਮੈਂ ਜਿਨ੍ਹਾਂ ਨਾਲ ਵੀ ਹੁੰਦੀ ਸੀ, ਮੈਂ ਉਨ੍ਹਾਂ ਵਾਂਗ ਹੀ ਬਣਨ ਦੀ ਕੋਸ਼ਿਸ਼ ਕਰਦੀ ਸੀ। ਮੈਂ ਉਨ੍ਹਾਂ ਵਾਂਗ ਹੀ ਗੱਲ ਕਰਦੀ ਸੀ। ਮੈਂ ਉਦੋਂ ਵੀ ਹੱਸਦੀ ਸੀ ਜਦੋਂ ਕੋਈ ਹਾਸੇ ਵਾਲੀ ਗੱਲ ਵੀ ਨਹੀਂ ਸੀ ਹੁੰਦੀ। ਜਦੋਂ ਮੇਰੀਆਂ ਸਹੇਲੀਆਂ ਕਿਸੇ ਦਾ ਮਜ਼ਾਕ ਉਡਾਉਂਦੀਆਂ ਹੁੰਦੀਆਂ ਸਨ, ਤਾਂ ਮੈਂ ਵੀ ਉਨ੍ਹਾਂ ਨਾਲ ਰਲ਼ ਕੇ ਮਜ਼ਾਕ ਉਡਾਉਂਦੀ ਸੀ, ਭਾਵੇਂ ਕਿ ਮੈਨੂੰ ਪਤਾ ਸੀ ਕਿ ਇੱਦਾਂ ਕਰਨ ਨਾਲ ਉਸ ਵਿਅਕਤੀ ਨੂੰ ਦੁੱਖ ਪਹੁੰਚਦਾ ਸੀ।”—ਰੇਚਲ।

     ਜ਼ਰਾ ਸੋਚੋ: ਤੁਹਾਡੇ ਲਈ ਇਹ ਗੱਲ ਕਿੰਨੀ ਕੁ ਮਾਅਨੇ ਰੱਖਦੀ ਹੈ ਕਿ ਤੁਹਾਡੇ ਹਾਣੀ ਤੁਹਾਨੂੰ ਪਸੰਦ ਕਰਨ? ਕੀ ਤੁਸੀਂ ਕਦੇ ਆਪਣੇ ਹਾਣੀਆਂ ਵਾਂਗ ਗੱਲ ਜਾਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂਕਿ ਉਹ ਤੁਹਾਨੂੰ ਪਸੰਦ ਕਰਨ?

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

  •   ਦੂਜਿਆਂ ਦੀ ਨਕਲ ਕਰਨ ਦਾ ਉਲਟਾ ਅਸਰ ਹੋ ਸਕਦਾ ਹੈ। ਕਿਉਂ? ਕਿਉਂਕਿ ਲੋਕਾਂ ਨੂੰ ਅਕਸਰ ਤੁਹਾਡੇ ਢੌਂਗ ਦਾ ਪਤਾ ਲੱਗ ਜਾਂਦਾ ਹੈ। 20 ਸਾਲਾਂ ਦਾ ਬ੍ਰਾਈਅਨ ਕਹਿੰਦਾ ਹੈ: “ਜਦੋਂ ਮੈਂ ਕਲਾਸ ਦੇ ਬੱਚਿਆਂ ਸਾਮ੍ਹਣੇ ਉਹ ਬਣਨ ਦੀ ਕੋਸ਼ਿਸ਼ ਕਰਦਾ ਹਾਂ ਜੋ ਮੈਂ ਨਹੀਂ ਹਾਂ, ਤਾਂ ਮੈਂ ਉਹ ਮੈਨੂੰ ਘੱਟ ਹੀ ਪਸੰਦ ਕਰਦੇ ਹਨ। ਮੈਂ ਸਿੱਖਿਆ ਕਿ ਵਧੀਆ ਹੈ ਕਿ ਅਸੀਂ ਉੱਦਾਂ ਦੇ ਹੀ ਰਹੀਏ, ਜਿੱਦਾਂ ਦੇ ਅਸੀਂ ਹਾਂ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ।”

     ਸਹੀ ਤਰੀਕਾ ਕੀ ਹੈ? ਸੋਚੋ ਕਿ ਤੁਹਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ। ਬਾਈਬਲ ਕਹਿੰਦੀ ਹੈ: “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।” (ਫ਼ਿਲਿੱਪੀਆਂ 1:10) ਇਸ ਲਈ ਖ਼ੁਦ ਨੂੰ ਪੁੱਛੋ: ‘ਮੇਰੇ ਲਈ ਕੀ ਜ਼ਿਆਦਾ ਜ਼ਰੂਰੀ ਹੈ, ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨੀ ਜਿਨ੍ਹਾਂ ਦੀਆਂ ਕਦਰਾਂ-ਕੀਮਤਾਂ ਮੇਰੇ ਤੋਂ ਅਲੱਗ ਹਨ ਜਾਂ ਉੱਦਾਂ ਦਾ ਹੀ ਰਹਿਣਾ ਜਿੱਦਾਂ ਦਾ ਮੈਂ ਹਾਂ?’

     “ਦੂਜਿਆਂ ਵਾਂਗ ਬਣਨ ਦੀ ਕੋਸ਼ਿਸ਼ ਕਰਨੀ ਬੇਕਾਰ ਹੈ। ਇੱਦਾਂ ਕਰਨ ਨਾਲ ਨਾ ਤਾਂ ਲੋਕ ਤੁਹਾਨੂੰ ਜ਼ਿਆਦਾ ਪਸੰਦ ਕਰਨਗੇ ਤੇ ਨਾ ਹੀ ਤੁਸੀਂ ਹੋਰ ਚੰਗੇ ਇਨਸਾਨ ਬਣੋਗੇ।”—ਜੇਮਜ਼।

  •   ਦੂਜਿਆਂ ਨੂੰ ਖ਼ੁਸ਼ ਕਰਨ ਦੇ ਚੱਕਰ ਵਿਚ ਤੁਹਾਡੀ ਸ਼ਖ਼ਸੀਅਤ ʼਤੇ ਅਸਰ ਪੈ ਸਕਦਾ ਹੈ। ਤੁਸੀਂ “ਦੂਜਿਆਂ ਨੂੰ ਖ਼ੁਸ਼ ਕਰਨ ਦੇ ਚੱਕਰ” ਵਿਚ ਉਹ ਕਰਨ ਲਈ ਤਿਆਰ ਹੋ ਸਕਦੇ ਹੋ ਜੋ ਦੂਜੇ ਤੁਹਾਡੇ ਤੋਂ ਕਰਾਉਣਾ ਚਾਹੁੰਦੇ ਹਨ। ਜੇਰਮੀ ਨਾਂ ਦਾ ਨੌਜਵਾਨ ਕਹਿੰਦਾ ਹੈ: “ਮੈਂ ਕੁਝ ਲੋਕਾਂ ਨਾਲ ਘੁਲਣ-ਮਿਲਣ ਲਈ ਸਭ ਕੁਝ ਕਰਦਾ ਹੁੰਦਾ ਸੀ, ਭਾਵੇਂ ਇੱਦਾਂ ਕਰਨ ਨਾਲ ਮੇਰਾ ਨਾਂ ਖ਼ਰਾਬ ਹੋ ਸਕਦਾ ਸੀ। ਪਰ ਮੈਂ ਸਿਰਫ਼ ਇਸ ਲਈ ਕਰਦਾ ਸੀ ਤਾਂਕਿ ਉਹ ਮੈਨੂੰ ਪਸੰਦ ਕਰਨ। ਇੱਦਾਂ ਕਰਨ ਨਾਲ ਮੈਂ ਉਨ੍ਹਾਂ ਦੇ ਹੱਥਾਂ ਦੀ ਕਠਪੁਤਲੀ ਬਣ ਗਿਆ।”

     ਸਹੀ ਤਰੀਕਾ ਕੀ ਹੈ? ਆਪਣੇ ਆਲੇ-ਦੁਆਲੇ ਮੁਤਾਬਕ ਆਪਣਾ ਰੰਗ ਬਦਲਣ ਵਾਲੇ ਗਿਰਗਿਟ ਵਾਂਗ ਨਾ ਬਣੋ, ਸਗੋਂ ਆਪਣੀਆਂ ਕਦਰਾਂ-ਕੀਮਤਾਂ ਜਾਣੋ ਤੇ ਉਨ੍ਹਾਂ ਮੁਤਾਬਕ ਚੱਲੋ। ਬਾਈਬਲ ਬਿਲਕੁਲ ਸਹੀ ਕਹਿੰਦੀ ਹੈ: “ਬਹੁਤਿਆਂ ਦੇ ਮਗਰ ਨਾ ਲੱਗ।”—ਕੂਚ 23:2.

     “ਮੈਂ ਉਨ੍ਹਾਂ ਚੀਜ਼ਾਂ ਨੂੰ ਪਸੰਦ ਕਰਨ ਦੀ ਕੋਸ਼ਿਸ਼ ਕੀਤੀ ਜੋ ਮੇਰੇ ਦੋਸਤ ਕਰਦੇ ਸਨ ਜਿਵੇਂ ਕਿ ਗਾਣੇ, ਗੇਮਾਂ, ਕੱਪੜੇ, ਨਾਟਕ ਅਤੇ ਮੇਕ-ਅੱਪ . . . ਮੈਂ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਸੀ। ਮੈਨੂੰ ਲੱਗਦਾ ਕਿ ਮੇਰੇ ਕੰਮਾਂ ਤੋਂ ਸਿਰਫ਼ ਮੇਰੇ ਦੋਸਤਾਂ ਨੂੰ ਹੀ ਨਹੀਂ, ਸਗੋਂ ਮੈਨੂੰ ਤੇ ਬਾਕੀ ਸਾਰਿਆਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਮੈਂ ਦੂਜਿਆਂ ਦੀ ਨਕਲ ਕਰਦੀ ਸੀ। ਅਖ਼ੀਰ ਮੈਂ ਖਾਲੀਪਣ ਤੇ ਇਕੱਲਾਪਣ ਮਹਿਸੂਸ ਕੀਤਾ ਅਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਮੈਂ ਕੌਣ ਸੀ। ਨਾਲੇ ਮੈਂ ਕੀ ਪਸੰਦ ਕਰਦੀ ਸੀ ਜਾਂ ਕੀ ਸੋਚਦੀ ਸੀ। ਮੈਂ ਸਿੱਖਿਆ ਕਿ ਜਿਨ੍ਹਾਂ ਨੂੰ ਵੀ ਅਸੀਂ ਮਿਲਦੇ ਹਾਂ, ਜ਼ਰੂਰੀ ਨਹੀਂ ਕਿ ਉਹ ਸਾਰੇ ਸਾਨੂੰ ਪਸੰਦ ਕਰਨ। ਪਰ ਇਸ ਦਾ ਇਹ ਵੀ ਮਤਲਬ ਨਹੀਂ ਕਿ ਅਸੀਂ ਦੋਸਤ ਬਣਾਉਣੇ ਛੱਡ ਦੇਈਏ। ਬਸ ਧੀਰਜ ਰੱਖੋ ਅਤੇ ਯਾਦ ਰੱਖੋ ਕਿ ਦੋਸਤ ਬਣਾਉਣ ਅਤੇ ਸਮਝਦਾਰ ਬਣਨ ਵਿਚ ਸਮਾਂ ਲੱਗਦਾ ਹੈ।”—ਮਲਿੰਡਾ।

  •   ਦੂਜਿਆਂ ਵੱਲੋਂ ਪਸੰਦ ਕੀਤੇ ਜਾਣ ਲਈ ਕੀਤੀਆਂ ਕੋਸ਼ਿਸ਼ਾਂ ਦਾ ਅਸਰ ਤੁਹਾਡੇ ਚਾਲ-ਚਲਣ ʼਤੇ ਪੈ ਸਕਦਾ ਹੈ। ਕ੍ਰਿਸ ਨਾਂ ਦਾ ਨੌਜਵਾਨ ਦੱਸਦਾ ਹੈ ਕਿ ਉਸ ਦੇ ਰਿਸ਼ਤੇਦਾਰ ਨਾਲ ਇੱਦਾਂ ਹੀ ਹੋਇਆ। ਕ੍ਰਿਸ ਕਹਿੰਦਾ ਹੈ, “ਉਹ ਚਾਹੁੰਦਾ ਸੀ ਕਿ ਦੂਜੇ ਉਸ ਨੂੰ ਪਸੰਦ ਕਰਨ ਜਿਸ ਕਰਕੇ ਉਹ ਅਜਿਹੇ ਕੰਮ ਕਰਨ ਲੱਗ ਪਿਆ ਜੋ ਉਹ ਨਹੀਂ ਕਰਦਾ ਹੁੰਦਾ ਸੀ, ਜਿਵੇਂ ਕਿ ਨਸ਼ੇ ਕਰਨੇ। ਉਸ ਨੂੰ ਨਸ਼ੇ ਕਰਨ ਦੀ ਬੁਰੀ ਲਤ ਲੱਗ ਗਈ ਤੇ ਉਸ ਦੀ ਜ਼ਿੰਦਗੀ ਲਗਭਗ ਪੂਰੀ ਤਰ੍ਹਾਂ ਬਰਬਾਦ ਹੋ ਗਈ।”

     ਸਹੀ ਤਰੀਕਾ ਕੀ ਹੈ? ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਨ੍ਹਾਂ ਦੀ ਬੋਲੀ ਅਤੇ ਚਾਲ-ਚਲਣ ਤੋਂ ਪਤਾ ਲੱਗਦਾ ਕਿ ਉਨ੍ਹਾਂ ਦੇ ਨੈਤਿਕ ਮਿਆਰ ਸਹੀ ਨਹੀਂ ਹਨ। ਬਾਈਬਲ ਕਹਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”—ਕਹਾਉਤਾਂ 13:20.

     “ਕਦੇ-ਕਦੇ ਪਹਿਲ ਕਰ ਕੇ ਦੂਜਿਆਂ ਵਿਚ ਘੁਲਣ-ਮਿਲਣ ਦੀ ਕੋਸ਼ਿਸ਼ ਕਰਨੀ ਵਧੀਆ ਗੱਲ ਹੈ। ਪਰ ਤੁਹਾਨੂੰ ਸਹੀ ਗੱਲਾਂ ਦੇ ਖ਼ਿਲਾਫ਼ ਜਾ ਕੇ ਇੱਦਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਚੰਗੇ ਲੋਕ ਤੁਹਾਨੂੰ ਉੱਦਾਂ ਹੀ ਕਬੂਲ ਕਰਨਗੇ ਜਿੱਦਾਂ ਦੇ ਤੁਸੀਂ ਹੋ।”—ਮੀਲਾਨੀ।

     ਸੁਝਾਅ: ਨਵੇਂ ਲੋਕਾਂ ਨੂੰ ਮਿਲਦਿਆਂ ਅਤੇ ਦੋਸਤ ਬਣਾਉਂਦਿਆਂ ਸਿਰਫ਼ ਉਨ੍ਹਾਂ ਲੋਕਾਂ ਵੱਲ ਹੀ ਧਿਆਨ ਨਾ ਦਿਓ ਜੋ ਉਨ੍ਹਾਂ ਚੀਜ਼ਾਂ ਵਿਚ ਦਿਲਚਸਪੀ ਰੱਖਦੇ ਹਨ ਜਿਨ੍ਹਾਂ ਵਿਚ ਤੁਸੀਂ ਰੱਖਦੇ ਹੋ। ਉਨ੍ਹਾਂ ਲੋਕਾਂ ਨਾਲ ਵੀ ਦੋਸਤੀ ਕਰੋ ਜਿਨ੍ਹਾਂ ਦੀਆਂ ਕਦਰਾਂ-ਕੀਮਤਾਂ ਯਾਨੀ ਧਾਰਮਿਕ ਵਿਸ਼ਵਾਸ, ਨੈਤਿਕ ਮਿਆਰ ਅਤੇ ਸੰਸਕਾਰ ਤੁਹਾਡੇ ਨਾਲ ਮੇਲ ਖਾਂਦੇ ਹੋਣ।

    ਜਿਵੇਂ ਕੁਝ ਤਰ੍ਹਾਂ ਦੇ ਕੱਪੜੇ ਤੁਹਾਡੇ ʼਤੇ ਚੰਗੇ ਨਹੀਂ ਲੱਗਣਗੇ, ਉਸੇ ਤਰ੍ਹਾਂ ਕੁਝ ਤਰ੍ਹਾਂ ਦੇ ਲੋਕ ਤੁਹਾਡੀਆਂ ਕਦਰਾਂ-ਕੀਮਤਾਂ ਵਿਚ ਨਿਖਾਰ ਨਹੀਂ ਲਿਆਉਣਗੇ