ਨੌਜਵਾਨ ਪੁੱਛਦੇ ਹਨ
ਮੈਂ ਭਾਰ ਕਿਵੇਂ ਘਟਾ ਸਕਦਾ ਹਾਂ?
ਕੀ ਮੈਨੂੰ ਸੱਚੀ ਭਾਰ ਘਟਾਉਣ ਦੀ ਲੋੜ ਹੈ?
ਕੁਝ ਨੌਜਵਾਨ ਕਹਿੰਦੇ ਹਨ ਕਿ ਉਹ ਭਾਰ ਘਟਾਉਣਾ ਚਾਹੁੰਦੇ ਹਨ। ਪਰ . . .
ਬਹੁਤਿਆਂ ਨੂੰ ਆਪਣੀ ਸਿਹਤ ਨਾਲੋਂ ਜ਼ਿਆਦਾ ਇਹ ਚਿੰਤਾ ਹੁੰਦੀ ਹੈ ਕਿ ਉਹ ਦੇਖਣ ਨੂੰ ਕਿਹੋ ਜਿਹੇ ਲੱਗਦੇ ਹਨ। ਕੁਝ ਜਣੇ ਛੇਤੀ-ਛੇਤੀ ਭਾਰ ਘਟਾਉਣ ਦੇ ਚੱਕਰਾਂ ਵਿਚ ਖਾਣਾ ਛੱਡ ਦਿੰਦੇ ਹਨ ਜਾਂ ਭਾਰ ਘਟਾਉਣ ਵਾਲੀ ਦਵਾਈ ਖਾਣ ਲੱਗ ਪੈਂਦੇ ਹਨ। ਭਾਰ ਘਟਾਉਣ ਦੇ ਇਹ ਤਰੀਕੇ ਵਿਅਰਥ ਸਾਬਤ ਹੁੰਦੇ ਹਨ ਅਤੇ ਕਈ ਵਾਰ ਤਾਂ ਖ਼ਤਰਨਾਕ ਵੀ ਹੁੰਦੇ ਹਨ।
“ਕੁਝ ਕੁੜੀਆਂ ਛੇਤੀ ਪਤਲੀਆਂ ਹੋਣ ਦੇ ਚੱਕਰਾਂ ਵਿਚ ਭੁੱਖੀਆਂ ਰਹਿੰਦੀਆਂ ਹਨ। ਇਸ ਨਾਲ ਅਕਸਰ ਨੁਕਸਾਨ ਹੁੰਦਾ ਹੈ ਤੇ ਸਿਹਤ ʼਤੇ ਮਾੜਾ ਅਸਰ ਪੈਂਦਾ ਹੈ।”—ਹੇਲੀ।
ਬਹੁਤ ਜਣਿਆਂ ਨੂੰ ਭਾਰ ਘਟਾਉਣ ਦੀ ਲੋੜ ਹੀ ਨਹੀਂ ਹੁੰਦੀ। ਉਨ੍ਹਾਂ ਦਾ ਭਾਰ ਸਹੀ ਹੁੰਦਾ ਹੈ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਮੋਟੇ ਹਨ ਕਿਉਂਕਿ ਉਹ ਆਪਣੀ ਤੁਲਨਾ ਆਪਣੇ ਹਾਣੀਆਂ ਨਾਲ ਕਰਦੇ ਹਨ ਜਾਂ ਉੱਦਾਂ ਦੇ ਦਿਖਣਾ ਚਾਹੁੰਦੇ ਹਨ ਜਿੱਦਾਂ ਫ਼ਿਲਮਾਂ ਵਗੈਰਾ ਵਿਚ ਮੁੰਡੇ-ਕੁੜੀਆਂ ਨੂੰ ਦਿਖਾਇਆ ਜਾਂਦਾ ਹੈ।
“13 ਸਾਲਾਂ ਦੀ ਉਮਰ ਵਿਚ ਮੈਂ ਆਪਣੀ ਤੁਲਨਾ ਆਪਣੀਆਂ ਸਹੇਲੀਆਂ ਨਾਲ ਕਰਦੀ ਸੀ। ਮੈਨੂੰ ਲੱਗਦਾ ਸੀ ਕਿ ਜੇ ਮੈਂ ਉਨ੍ਹਾਂ ਵਰਗੀ ਦਿਖਾ, ਤਾਂ ਉਹ ਮੈਨੂੰ ਹੋਰ ਜ਼ਿਆਦਾ ਪਸੰਦ ਕਰਨਗੀਆਂ। ਉਨ੍ਹਾਂ ਵਰਗੀ ਦਿਸਣ ਲਈ ਮੈਨੂੰ ਵੀ ਕਾਨੇ ਵਰਗੀ ਪਤਲੀ ਬਣਨਾ ਪੈਣਾ ਸੀ।”—ਪੌਲਾ।
ਦੂਜੇ ਪਾਸੇ, ਕੁਝ ਨੌਜਵਾਨਾਂ ਨੂੰ ਸੱਚੀ ਭਾਰ ਘਟਾਉਣ ਦੀ ਲੋੜ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ . . .
ਪੂਰੀ ਦੁਨੀਆਂ ਵਿਚ 5 ਤੋਂ 19 ਸਾਲਾਂ ਦੇ ਲਗਭਗ 34 ਕਰੋੜ ਨੌਜਵਾਨਾਂ ਦਾ ਭਾਰ ਜ਼ਿਆਦਾ ਹੈ।
ਸਾਲ 1975 ਵਿਚ 5 ਤੋਂ 19 ਸਾਲਾਂ ਦੇ ਨੌਜਵਾਨਾਂ ਵਿੱਚੋਂ ਸਿਰਫ਼ ਚਾਰ ਪ੍ਰਤਿਸ਼ਤ ਲੋਕਾਂ ਨੂੰ ਮੋਟਾਪਾ ਸੀ। ਪਰ 2016 ਤਕ ਇਹ ਗਿਣਤੀ 18 ਪ੍ਰਤਿਸ਼ਤ ਹੋ ਗਈ।
ਜ਼ਿਆਦਾਤਰ ਦੇਸ਼ਾਂ ਵਿਚ ਪਤਲੇ ਲੋਕਾਂ ਨਾਲੋਂ ਮੋਟੇ ਲੋਕ ਜ਼ਿਆਦਾ ਹਨ।
ਗ਼ਰੀਬ ਦੇਸ਼ਾਂ ਵਿਚ ਵੀ ਮੋਟਾਪਾ ਆਮ ਹੈ। ਇੱਥੋਂ ਤਕ ਉਨ੍ਹਾਂ ਪਰਿਵਾਰਾਂ ਵਿਚ ਵੀ ਮੋਟਾਪਾ ਪਾਇਆ ਗਿਆ ਜਿਨ੍ਹਾਂ ਨੂੰ ਸਹੀ ਖ਼ੁਰਾਕ ਨਹੀਂ ਮਿਲਦੀ।
ਭਾਰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?
ਤੁਸੀਂ ਕਿਹੜਾ ਤਰੀਕਾ ਚੁਣੋਗੇ?
ਇਕ ਡੰਗ ਖਾਣਾ।
ਸਹੀ ਖ਼ੁਰਾਕ ਲੈਣ ਦੇ ਨਾਲ-ਨਾਲ ਕਸਰਤ ਕਰਨੀ।
ਭਾਰ ਘਟਾਉਣ ਲਈ ਦਵਾਈਆਂ ਖਾਣੀਆਂ।
ਸਹੀ ਜਵਾਬ: ਦੂਜਾ ਤਰੀਕਾ: ਸਹੀ ਖ਼ੁਰਾਕ ਲੈਣ ਦੇ ਨਾਲ-ਨਾਲ ਕਸਰਤ ਕਰਨੀ।
ਇਕ ਡੰਗ ਖਾਣਾ ਖਾਣ ਨਾਲ ਜਾਂ ਕਿਸੇ ਕਿਸਮ ਦਾ ਖਾਣਾ ਬੰਦ ਕਰਨ ਨਾਲ ਸ਼ਾਇਦ ਜਲਦੀ ਭਾਰ ਘੱਟ ਜਾਵੇ। ਪਰ ਇਨ੍ਹਾਂ ਤਰੀਕਿਆਂ ਨਾਲ ਸ਼ਾਇਦ ਤੁਹਾਡੀ ਸਿਹਤ ਵਿਗੜ ਜਾਵੇ ਅਤੇ ਸ਼ਾਇਦ ਤੁਸੀਂ ਫਿਰ ਤੋਂ ਮੋਟੇ ਹੋ ਜਾਓ ਜਦੋਂ ਤੁਸੀਂ ਪਹਿਲਾਂ ਵਾਂਗ ਖਾਣਾ ਸ਼ੁਰੂ ਕਰ ਦਿਓ।
ਦੂਜੇ ਪਾਸੇ, ਤੰਦਰੁਸਤ ਬਣਨ ਦਾ ਟੀਚਾ ਰੱਖ ਕੇ ਤੁਹਾਨੂੰ ਵਧੀਆ ਲੱਗੇਗਾ ਅਤੇ ਤੁਸੀਂ ਸੋਹਣੇ ਵੀ ਲੱਗੋਗੇ। ਡਾਕਟਰ ਮਾਈਕਲ ਬ੍ਰੈਡਲੀ ਕਹਿੰਦਾ ਹੈ: ‘ਸਿਹਤਮੰਦ ਬਣੇ ਰਹਿਣ ਲਈ ਤੁਹਾਨੂੰ ਆਪਣੇ ਰਹਿਣ-ਸਹਿਣ ਵਿਚ ਅਜਿਹੇ ਬਦਲਾਅ ਕਰਨ ਦੀ ਲੋੜ ਹੈ ਜੋ ਤੁਹਾਡੀ ਆਦਤ ਬਣ ਜਾਣ।’ a ਮੁਕਦੀ ਗੱਲ ਹੈ ਕਿ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਤੁਸੀਂ ਕੀ ਖਾਣਾ ਹੈ ਜਾਂ ਕੀ ਨਹੀਂ, ਪਰ ਤੁਹਾਨੂੰ ਆਪਣੇ ਰਹਿਣ-ਸਹਿਣ ਵਿਚ ਤਬਦੀਲੀਆਂ ਕਰਨ ਦੀ ਲੋੜ ਹੈ।
ਮੈਂ ਕੀ ਕਰ ਸਕਦਾ ਹਾਂ?
ਬਾਈਬਲ ਸਾਨੂੰ “ਹਰ ਗੱਲ ਵਿਚ ਸੰਜਮ ਰੱਖਣ” ਲਈ ਕਹਿੰਦੀ ਹੈ ਜਿਸ ਵਿਚ ਖਾਣ-ਪੀਣ ਦੀਆਂ ਆਦਤਾਂ ਵੀ ਸ਼ਾਮਲ ਹਨ। (1 ਤਿਮੋਥਿਉਸ 3:11) ਬਾਈਬਲ ਤਾਂ ਇਹ ਵੀ ਕਹਿੰਦੀ ਹੈ ਕਿ ਹੱਦੋਂ ਵੱਧ ਨਾ ਖਾਓ। (ਕਹਾਉਤਾਂ 23:20; ਲੂਕਾ 21:34) ਇਨ੍ਹਾਂ ਸਿਧਾਂਤਾਂ ਨੂੰ ਧਿਆਨ ਵਿਚ ਰੱਖਦਿਆਂ ਤੰਦਰੁਸਤ ਰਹਿਣ ਲਈ ਆਪਣੇ ਰਹਿਣ-ਸਹਿਣ ਵਿਚ ਹੇਠ ਲਿਖੇ ਬਦਲਾਅ ਕਰਨ ਦੀ ਕੋਸ਼ਿਸ਼ ਕਰੋ:
ਜਾਣੋ ਕਿ ਵਧੀਆ ਖਾਣੇ ਵਿਚ ਕੀ ਕੁਝ ਸ਼ਾਮਲ ਹੈ।
ਤੁਹਾਨੂੰ ਪੌਸ਼ਟਿਕ ਖਾਣੇ ਬਾਰੇ ਸਾਰਾ ਕੁਝ ਜਾਣਨ ਦੀ ਲੋੜ ਨਹੀਂ ਹੈ, ਸਗੋਂ ਥੋੜ੍ਹੀ-ਬਹੁਤੀ ਜਾਣਕਾਰੀ ਹੋਣ ਨਾਲ ਹੀ ਤੁਸੀਂ ਸਹੀ ਖ਼ੁਰਾਕ ਲੈ ਸਕੋਗੇ। ਸਹੀ ਖ਼ੁਰਾਕ ਖਾਣ ਨਾਲ ਤੁਸੀਂ ਮੋਟੇ ਹੋਣ ਤੋਂ ਬਚ ਸਕੋਗੇ। ਤੁਹਾਡਾ ਭਾਰ ਵੀ ਇਕਦਮ ਸਹੀ ਰਹੇਗਾ।
ਬਾਕਾਇਦਾ ਕਸਰਤ ਕਰੋ।
ਸੋਚੋ ਕਿ ਤੁਸੀਂ ਕਿਹੜੇ ਕੰਮ ਕਰ ਕੇ ਚੁਸਤ ਰਹਿ ਸਕੋਗੇ। ਮਿਸਾਲ ਲਈ, ਲਿਫਟ ਵਰਤਣ ਦੀ ਬਜਾਇ ਪੌੜੀਆਂ ਵਰਤੋ ਜਾਂ ਵੀਡੀਓ ਗੇਮਾਂ ਖੇਡਣ ਦੀ ਬਜਾਇ ਬਾਹਰ ਜਾ ਕੇ ਸੈਰ ਕਰੋ।
ਉਰਾ-ਪਰਾ ਖਾਣ ਦੀ ਬਜਾਇ ਪੌਸ਼ਟਿਕ ਖਾਣਾ ਖਾਓ।
ਸੋਫ਼ੀਆ ਨਾਂ ਦੀ ਨੌਜਵਾਨ ਕਹਿੰਦੀ ਹੈ, “ਮੈਂ ਫਲ-ਸਬਜ਼ੀਆਂ ਲਿਆ ਕੇ ਰੱਖਦੀ ਹਾਂ। ਇਸ ਤਰ੍ਹਾਂ ਮੈਂ ਉਰਾ-ਪਰਾ ਖਾਣ ਤੋਂ ਬਚਦੀ ਹਾਂ।”
ਹੌਲੀ ਖਾਓ।
ਕੁਝ ਲੋਕ ਇੰਨੀ ਤੇਜ਼ ਖਾਂਦੇ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਢਿੱਡ ਭਰ ਗਿਆ ਹੈ ਜਾਂ ਨਹੀਂ। ਇਸ ਲਈ ਹੌਲੀ ਖਾਓ। ਹੋਰ ਖਾਣਾ ਲੈਣ ਤੋਂ ਪਹਿਲਾਂ ਥੋੜ੍ਹਾ ਇੰਤਜ਼ਾਰ ਕਰੋ। ਇੱਦਾਂ ਕਰ ਕੇ ਸ਼ਾਇਦ ਤੁਹਾਨੂੰ ਲੱਗੇਗਾ ਕਿ ਤੁਹਾਡਾ ਢਿੱਡ ਭਰ ਗਿਆ ਹੈ ਤੇ ਤੁਹਾਨੂੰ ਹੋਰ ਖਾਣ ਦੀ ਲੋੜ ਨਹੀਂ ਹੈ।
ਦੇਖੋ ਕਿ ਤੁਸੀਂ ਕਿੰਨੀਆਂ ਕੈਲੋਰੀਆਂ ਲੈਂਦੇ ਹੋ।
ਲੇਬਲ ਪੜ੍ਹੋ ਕਿ ਉਸ ਖਾਣੇ ਵਿਚ ਕਿੰਨੀਆਂ ਕੈਲੋਰੀਆਂ ਹਨ। ਮਿਸਾਲ ਲਈ, ਠੰਢੇ, ਫਾਸਟ ਫੂਡ ਅਤੇ ਮਿੱਠੀਆਂ ਚੀਜ਼ਾਂ ਵਿਚ ਜ਼ਿਆਦਾ ਕੈਲੋਰੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਨਾਲ ਭਾਰ ਵਧਦਾ ਹੈ।
ਸੰਤੁਲਨ ਰੱਖੋ।
16 ਸਾਲਾਂ ਦੀ ਸਾਰਾ ਕਹਿੰਦੀ ਹੈ, “ਇਕ ਸਮੇਂ ʼਤੇ ਮੈਂ ਹਰ ਵੇਲੇ ਕੈਲੋਰੀਆਂ ਗਿਣਦੀ ਰਹਿੰਦੀ ਸੀ ਅਤੇ ਖਾਣੇ ਨਾਲ ਭਰੀ ਪਲੇਟ ਦੇਖ ਕੇ ਮੈਨੂੰ ਸਿਰਫ਼ ਕੈਲੋਰੀਆਂ ਦਿਖਾਈ ਦਿੰਦੀਆਂ ਸਨ। ਪਰ ਤੁਹਾਨੂੰ ਹਰ ਵੇਲੇ ਇੱਦਾਂ ਕਰਨ ਦੀ ਲੋੜ ਨਹੀਂ ਹੈ।” ਤੁਸੀਂ ਕਦੇ-ਕਦਾਈਂ ਜ਼ਿਆਦਾ ਕੈਲੋਰੀਆਂ ਵਾਲੀਆਂ ਚੀਜ਼ਾਂ ਖਾ ਸਕਦੇ ਹੋ।
ਸੁਝਾਅ: ਆਪਣੇ ਡਾਕਟਰ ਨੂੰ ਭਾਰ ਵਧਣ ਦੀ ਆਪਣੀ ਚਿੰਤਾ ਬਾਰੇ ਦੱਸੋ ਅਤੇ ਉਸ ਨੂੰ ਆਪਣੇ ਬਾਰੇ ਪੂਰੀ ਜਾਣਕਾਰੀ ਦਿਓ। ਫਿਰ ਉਹ ਤੁਹਾਡੀ ਅਜਿਹੇ ਰਹਿਣ-ਸਹਿਣ ਨੂੰ ਅਪਣਾਉਣ ਵਿਚ ਮਦਦ ਕਰ ਸਕਦਾ ਹੈ ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
a ਜਦੋਂ ਤੁਹਾਡੇ ਬੱਚੇ ਵਿਗੜ ਜਾਂਦੇ ਹਨ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਤੋਂ।