ਨੌਜਵਾਨ ਪੁੱਛਦੇ ਹਨ
ਮੈਂ ਧਿਆਨ ਲਾਉਣਾ ਕਿਵੇਂ ਸਿੱਖ ਸਕਦਾ ਹਾਂ?
ਮੈਂ ਧਿਆਨ ਕਿਉਂ ਨਹੀਂ ਲਾ ਪਾਉਂਦਾ?
“ਮੈਂ ਹੁਣ ਪਹਿਲਾਂ ਵਾਂਗ ਕਿਤਾਬਾਂ ਨਹੀਂ ਪੜ੍ਹਦੀ। ਮੈਨੂੰ ਤਾਂ ਹੁਣ ਵੱਡੇ-ਵੱਡੇ ਪੈਰੇ ਪੜ੍ਹਨੇ ਵੀ ਪਸੰਦ ਨਹੀਂ ਹਨ।”—ਈਲੇਨ।
“ਮੈਂ ਵੀਡੀਓ ਨੂੰ ਫਟਾਫਟ ਦੇਖਣ ਲਈ ਉਸ ਦੀ ਰਫ਼ਤਾਰ ਨੂੰ ਤੇਜ਼ ਕਰ ਦਿੰਦੀ ਹਾਂ।”—ਮੀਰਾਂਡਾ।
“ਜਦੋਂ ਕਿਸੇ ਜ਼ਰੂਰੀ ਕੰਮ ʼਤੇ ਮੇਰਾ ਧਿਆਨ ਲੱਗਾ ਹੁੰਦਾ ਹੈ ਅਤੇ ਉਦੋਂ ਮੇਰਾ ਫ਼ੋਨ ਬੰਦ ਹੋ ਜਾਂਦਾ ਹੈ, ਤਾਂ ਮੈਂ ਬੱਸ ਇਹੀ ਸੋਚਦੀ ਹਾਂ, ‘ਪਤਾ ਨਹੀਂ ਕੌਣ ਮੈਨੂੰ ਮੈਸਿਜ ਕਰ ਰਿਹਾ ਹੋਣਾ?’”—ਜੇਨ।
ਕੀ ਤਕਨਾਲੋਜੀ ਧਿਆਨ ਲਾਉਣ ਵਿਚ ਰੋੜਾ ਬਣ ਸਕਦੀ ਹੈ? ਕੁਝ ਕਹਿੰਦੇ ਹਨ, ਹਾਂ। ਲਿਖਾਰੀ ਅਤੇ ਮੈਨੇਜਮੈਂਟ ਸਲਾਹਕਾਰ ਨਿਕੋਲਸ ਕਾਰ ਲਿਖਦਾ ਹੈ: “ਬਿਨਾਂ ਧਿਆਨ ਲਾਏ ਕੁਸ਼ਲਤਾ ਨਾਲ ਫਟਾਫਟ ਜਾਣਕਾਰੀ ਲੈਣ ਲਈ ਅਸੀਂ ਜਿੰਨਾ ਜ਼ਿਆਦਾ ਇੰਟਰਨੈੱਟ ਵਰਤਦੇ ਹਾਂ, ਉੱਨਾ ਜ਼ਿਆਦਾ ਅਸੀਂ ਆਪਣੇ ਦਿਮਾਗ਼ ਨੂੰ ਭਟਕਣਾ ਸਿਖਾਉਂਦੇ ਹਾਂ।” a
ਤਿੰਨ ਹਾਲਾਤਾਂ ʼਤੇ ਗੌਰ ਕਰੋ ਜਿਨ੍ਹਾਂ ਵਿਚ ਤਕਨਾਲੋਜੀ ਧਿਆਨ ਲਾਉਣ ਵਿਚ ਰੁਕਾਵਟ ਬਣ ਸਕਦੀ ਹੈ।
ਗੱਲਬਾਤ ਕਰਦਿਆਂ। ਮਾਰੀਆ ਨਾਂ ਦੀ ਕੁੜੀ ਕਹਿੰਦੀ ਹੈ: “ਆਮ੍ਹੋ-ਸਾਮ੍ਹਣੇ ਗੱਲ ਕਰਦੇ ਸਮੇਂ ਵੀ ਲੋਕ ਮੈਸਿਜ ਭੇਜਦੇ, ਗੇਮਾਂ ਖੇਡਦੇ ਜਾਂ ਆਪਣੇ ਫ਼ੋਨ ʼਤੇ ਸੋਸ਼ਲ ਮੀਡੀਆ ਚੈੱਕ ਕਰਦੇ ਰਹਿੰਦੇ ਹਨ ਅਤੇ ਉਹ ਜਿਸ ਵਿਅਕਤੀ ਨਾਲ ਗੱਲ ਕਰ ਰਹੇ ਹੁੰਦੇ ਹਨ, ਉਸ ਵੱਲ ਵੀ ਪੂਰਾ ਧਿਆਨ ਨਹੀਂ ਦਿੰਦੇ।”
ਕਲਾਸ ਵਿਚ ਹੁੰਦਿਆਂ। ਡਿਜ਼ੀਟਲ ਕਿਡਸ ਨਾਂ ਦੀ ਕਿਤਾਬ ਦੱਸਦੀ ਹੈ: “ਜ਼ਿਆਦਾਤਰ ਵਿਦਿਆਰਥੀ ਕਹਿੰਦੇ ਹਨ ਕਿ ਉਹ ਕਲਾਸ ਵਿਚ ਹੁੰਦਿਆਂ ਮੋਬਾਇਲ ਜਾਂ ਟੈਬਲੇਟ ʼਤੇ ਮੈਸਿਜ ਕਰਦੇ ਹਨ ਅਤੇ ਅਜਿਹੀ ਜਾਣਕਾਰੀ ਪੜ੍ਹਦੇ ਜਾਂ ਦੇਖਦੇ ਹਨ ਜਿਸ ਦਾ ਕਲਾਸ ਦੇ ਕੰਮ ਨਾਲ ਕੋਈ ਸੰਬੰਧ ਨਹੀਂ ਹੁੰਦਾ।”
ਪੜ੍ਹਾਈ ਕਰਦਿਆਂ। 22 ਸਾਲਾਂ ਦਾ ਕ੍ਰਿਸ ਕਹਿੰਦਾ ਹੈ: “ਜਦੋਂ ਵੀ ਫ਼ੋਨ ਵੱਜਦਾ ਹੈ, ਤਾਂ ਫ਼ੋਨ ਚੁੱਕਣ ਤੋਂ ਆਪਣੇ ਆਪ ਨੂੰ ਰੋਕਣਾ ਮੇਰੇ ਲਈ ਬਹੁਤ ਔਖਾ ਹੁੰਦਾ ਹੈ।” ਜੇ ਤੁਸੀਂ ਸਕੂਲ ਵਿਚ ਪੜ੍ਹ ਰਹੇ ਹੋ, ਤਾਂ ਫ਼ੋਨ ਜਾਂ ਟੈਬਲੇਟ ਕਰਕੇ ਧਿਆਨ ਭਟਕਣ ਨਾਲ ਤੁਹਾਨੂੰ ਇਕ ਘੰਟੇ ਦਾ ਹੋਮਵਰਕ ਕਰਨ ਨੂੰ ਤਿੰਨ ਜਾਂ ਜ਼ਿਆਦਾ ਘੰਟੇ ਲੱਗ ਜਾਂਦੇ ਹਨ।
ਮੁੱਖ ਗੱਲ: ਤੁਹਾਡੇ ਲਈ ਧਿਆਨ ਲਾਉਣਾ ਔਖਾ ਹੋਵੇਗਾ ਜਦੋਂ ਤੁਸੀਂ ਤਕਨਾਲੋਜੀ ਕਰਕੇ ਆਪਣਾ ਧਿਆਨ ਭਟਕਣ ਦਿੰਦੇ ਹੋ ਅਤੇ ਇਹ ਤੁਹਾਨੂੰ ਆਪਣੇ ਵੱਸ ਵਿਚ ਕਰ ਲੈਂਦੀ ਹੈ।
ਸੁਧਾਰ ਕਿਵੇਂ ਕਰੀਏ?
ਗੱਲਬਾਤ ਕਰਦਿਆਂ। ਬਾਈਬਲ ਕਹਿੰਦੀ ਹੈ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।” (ਫ਼ਿਲਿੱਪੀਆਂ 2:4) ਧਿਆਨ ਨਾਲ ਦੂਜਿਆਂ ਦੀ ਗੱਲ ਸੁਣ ਕੇ ਦਿਖਾਓ ਕਿ ਤੁਸੀਂ ਉਨ੍ਹਾਂ ਦੀ ਪਰਵਾਹ ਕਰਦੇ ਹੋ। ਨਜ਼ਰ ਮਿਲਾ ਕੇ ਗੱਲ ਕਰੋ ਅਤੇ ਆਪਣੇ ਫ਼ੋਨ ਜਾਂ ਟੈਬਲੇਟ ਕਰਕੇ ਆਪਣਾ ਧਿਆਨ ਭਟਕਣ ਨਾ ਦਿਓ।
“ਗੱਲਬਾਤ ਕਰਦਿਆਂ ਫ਼ੋਨ ਨੂੰ ਦੇਖਣ ਦੀ ਇੱਛਾ ਨੂੰ ਦਬਾਓ। ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰ ਰਹੇ ਹੋ, ਉਸ ਵੱਲ ਪੂਰਾ ਧਿਆਨ ਦੇ ਕੇ ਉਸ ਦਾ ਆਦਰ ਕਰੋ।”—ਟੌਮਸ।
ਸੁਝਾਅ: ਕਿਸੇ ਨਾਲ ਗੱਲਬਾਤ ਕਰਦੇ ਸਮੇਂ ਫ਼ੋਨ ਨੂੰ ਆਪਣੀਆਂ ਨਜ਼ਰਾਂ ਤੋਂ ਓਹਲੇ ਰੱਖੋ। ਖੋਜਕਾਰ ਕਹਿੰਦੇ ਹਨ ਕਿ ਧਿਆਨ ਭਟਕਾਉਣ ਲਈ ਸਿਰਫ਼ ਫ਼ੋਨ ਦਾ ਹੋਣਾ ਹੀ ਕਾਫ਼ੀ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਛੇਤੀ ਹੀ ਤੁਹਾਡਾ ਧਿਆਨ ਭਟਕਾਉਣ ਵਾਲੀ ਕੋਈ ਗੱਲ ਹੋਣ ਵਾਲੀ ਹੈ।
ਕਲਾਸ ਵਿਚ ਹੁੰਦਿਆਂ। ਬਾਈਬਲ ਕਹਿੰਦੀ ਹੈ: “ਧਿਆਨ ਦਿਓ ਕਿ ਤੁਸੀਂ ਕਿਵੇਂ ਸੁਣਦੇ ਹੋ।” (ਲੂਕਾ 8:18) ਇਸ ਅਸੂਲ ਨੂੰ ਧਿਆਨ ਵਿਚ ਰੱਖੋ। ਜੇ ਤੁਹਾਡਾ ਸਕੂਲ, ਕਲਾਸ ਵਿਚ ਇੰਟਰਨੈੱਟ ਵਰਤਣ ਦੀ ਇਜਾਜ਼ਤ ਦਿੰਦਾ ਹੈ, ਤਾਂ ਮੈਸਿਜ ਨਾ ਦੇਖੋ, ਨਾ ਗੇਮਾਂ ਖੇਡੋ ਜਾਂ ਆਨ-ਲਾਈਨ ਚੈਟ ਨਾ ਕਰੋ ਕਿਉਂਕਿ ਉਸ ਵੇਲੇ ਤੁਹਾਨੂੰ ਪੜ੍ਹਾਈ ʼਤੇ ਧਿਆਨ ਲਾਉਣ ਦੀ ਲੋੜ ਹੈ।
“ਕਲਾਸ ਵਿਚ ਧਿਆਨ ਲਾਉਣ ਦੀ ਕੋਸ਼ਿਸ਼ ਕਰੋ। ਨੋਟਸ ਲਓ। ਜੇ ਹੋ ਸਕੇ, ਤਾਂ ਕਲਾਸ ਵਿਚ ਅੱਗੇ ਬੈਠੋ ਤਾਂਕਿ ਤੁਹਾਡਾ ਧਿਆਨ ਨਾ ਭਟਕੇ।”—ਕੈਰਨ।
ਸੁਝਾਅ: ਕੰਪਿਊਟਰ ʼਤੇ ਨੋਟਸ ਲੈਣ ਦੀ ਬਜਾਇ ਹੱਥ ਨਾਲ ਲਿਖੋ। ਖੋਜ ਤੋਂ ਪਤਾ ਲੱਗਦਾ ਹੈ ਕਿ ਇਸ ਨਾਲ ਤੁਹਾਡਾ ਧਿਆਨ ਘੱਟ ਭਟਕੇਗਾ ਅਤੇ ਤੁਸੀਂ ਸਿੱਖੀਆਂ ਗੱਲਾਂ ਨੂੰ ਜ਼ਿਆਦਾ ਯਾਦ ਰੱਖ ਸਕੋਗੇ।
ਪੜ੍ਹਾਈ ਕਰਦਿਆਂ। ਬਾਈਬਲ ਕਹਿੰਦੀ ਹੈ: “ਬੁੱਧ ਹਾਸਲ ਕਰ ਤੇ ਸਮਝ ਪ੍ਰਾਪਤ ਕਰ।” (ਕਹਾਉਤਾਂ 4:5) ਕਿਸੇ ਟੈੱਸਟ ਨੂੰ ਪਾਸ ਕਰਨ ਲਈ ਕਾਹਲੀ-ਕਾਹਲੀ ਜਾਣਕਾਰੀ ਨੂੰ ਪੜ੍ਹਨ ਦੀ ਬਜਾਇ ਇਸ ਬਾਰੇ ਗਹਿਰਾਈ ਨਾਲ ਸੋਚਣ ਦੀ ਲੋੜ ਹੈ।
“ਪੜ੍ਹਾਈ ਕਰਦਿਆਂ ਮੈਂ ਆਪਣੀ ਟੈਬਲੇਟ ਨੂੰ ਏਅਰਪਲੇਨ ਮੋਡ ʼਤੇ ਰੱਖਦਾ ਹਾਂ ਅਤੇ ਆਪਣਾ ਸਾਰਾ ਧਿਆਨ ਉਸ ਕੰਮ ʼਤੇ ਲਾਉਂਦਾ ਹਾਂ ਜੋ ਮੈਂ ਕਰ ਰਿਹਾ ਹੁੰਦਾ ਹਾਂ। ਮੈਂ ਵਾਰ-ਵਾਰ ਮੈਸਿਜ ਨਹੀਂ ਦੇਖਦਾ। ਜੇ ਮੈਨੂੰ ਕੋਈ ਗੱਲ ਯਾਦ ਰੱਖਣ ਦੀ ਲੋੜ ਹੈ, ਤਾਂ ਉਹ ਮੈਂ ਲਿਖ ਲੈਂਦਾ ਹਾਂ।”—ਕ੍ਰਿਸ।
ਸੁਝਾਅ: ਪੜ੍ਹਾਈ ਕਰਨ ਦਾ ਮਾਹੌਲ ਇਸ ਤਰ੍ਹਾਂ ਦਾ ਬਣਾਓ ਜਿੱਥੇ ਤੁਸੀਂ ਧਿਆਨ ਲਾ ਕੇ ਪੜ੍ਹ ਸਕੋ। ਨਾਲੇ ਇਸ ਜਗ੍ਹਾ ਨੂੰ ਸਾਫ਼-ਸੁਥਰਾ ਰੱਖੋ ਅਤੇ ਖਿਲਾਰਾ ਨਾ ਪੈਣ ਦਿਓ।
a ਕਿਤਾਬ ਦ ਸ਼ੈਲੋਜ਼—ਵਟ ਦ ਇੰਟਰਨੈੱਟ ਇਜ਼ ਡੂਇੰਗ ਟੂ ਅਵਰ ਬ੍ਰੇਨਸ ਤੋਂ।