ਨੌਜਵਾਨ ਪੁੱਛਦੇ ਹਨ
ਮੈਂ ਸ਼ਰਮੀਲੇ ਸੁਭਾਅ ʼਤੇ ਕਾਬੂ ਕਿਵੇਂ ਪਾਵਾਂ?
ਮੁਸ਼ਕਲ: ਸ਼ਰਮੀਲੇ ਸੁਭਾਅ ਕਰਕੇ ਤੁਸੀਂ ਚੰਗੇ ਦੋਸਤ ਨਹੀਂ ਬਣਾ ਸਕਦੇ ਅਤੇ ਬਹੁਤ ਸਾਰੀਆਂ ਚੀਜ਼ਾਂ ਦਾ ਮਜ਼ਾ ਲੈਣ ਤੋਂ ਵਾਂਝੇ ਰਹਿ ਸਕਦੇ ਹੋ।
ਫ਼ਾਇਦਾ: ਸ਼ਰਮੀਲਾ ਸੁਭਾਅ ਹੋਣਾ ਹਮੇਸ਼ਾ ਮਾੜਾ ਨਹੀਂ ਹੁੰਦਾ। ਇਸ ਸੁਭਾਅ ਕਰਕੇ ਤੁਸੀਂ ਬੋਲਣ ਤੋਂ ਪਹਿਲਾਂ ਸੋਚ ਸਕਦੇ ਹੋ, ਦੂਜਿਆਂ ਵੱਲ ਜ਼ਿਆਦਾ ਧਿਆਨ ਦੇ ਸਕਦੇ ਹੋ ਅਤੇ ਦੂਜਿਆਂ ਦੀ ਗੱਲ ਚੰਗੀ ਤਰ੍ਹਾਂ ਸੁਣ ਸਕਦੇ ਹੋ।
ਉਮੀਦ: ਤੁਸੀਂ ਸ਼ਰਮੀਲੇ ਸੁਭਾਅ ਨੂੰ ਬਦਲ ਸਕਦੇ ਹੋ ਅਤੇ ਇਸ ਕਰਕੇ ਆਉਣ ਵਾਲੀਆਂ ਮੁਸ਼ਕਲਾਂ ʼਤੇ ਵੀ ਕਾਬੂ ਪਾ ਸਕਦੇ ਹੋ। ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਤੁਸੀਂ ਇਹ ਕਿਵੇਂ ਕਰ ਸਕਦੇ ਹੋ।
ਤੁਹਾਨੂੰ ਕਿਹੜੀਆਂ ਗੱਲਾਂ ਤੋਂ ਡਰ ਲੱਗਦਾ?
ਸ਼ਰਮੀਲੇ ਹੋਣ ਕਰਕੇ ਦੂਜਿਆਂ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਨ ਦੇ ਖ਼ਿਆਲ ਤੋਂ ਹੀ ਸ਼ਾਇਦ ਤੁਹਾਡੇ ਪਸੀਨੇ ਛੁੱਟਣ ਲੱਗ ਪੈਣ। ਜੇ ਤੁਸੀਂ ਜਾਣ ਲਵੋ ਕਿ ਤੁਹਾਨੂੰ ਕਿਹੜੀਆਂ ਗੱਲਾਂ ਦਾ ਡਰ ਹੈ, ਤਾਂ ਸ਼ਾਇਦ ਤੁਸੀਂ ਆਪਣੇ ਡਰ ʼਤੇ ਕਾਬੂ ਪਾ ਸਕੋ। ਤਿੰਨ ਮਿਸਾਲਾਂ ʼਤੇ ਗੌਰ ਕਰੋ।
ਡਰ #1: “ਮੈਨੂੰ ਪਤਾ ਨਹੀਂ ਕਿ ਮੈਂ ਕੀ ਗੱਲ ਕਰਾਂ।”
ਸੱਚਾਈ: ਲੋਕਾਂ ਨੂੰ ਇਹ ਘੱਟ ਹੀ ਯਾਦ ਰਹਿੰਦਾ ਕਿ ਤੁਸੀਂ ਉਨ੍ਹਾਂ ਨੂੰ ਕੀ ਕਿਹਾ ਸੀ, ਪਰ ਉਨ੍ਹਾਂ ਨੂੰ ਇਹ ਯਾਦ ਰਹਿੰਦਾ ਹੈ ਕਿ ਤੁਹਾਡੇ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਕਿੱਦਾਂ ਲੱਗਾ। ਤੁਸੀਂ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨੀ ਸਿੱਖ ਕੇ ਅਤੇ ਦੂਜਿਆਂ ਦੀਆਂ ਗੱਲਾਂ ਵਿਚ ਸੱਚੀ ਦਿਲਚਸਪੀ ਲੈ ਕੇ ਆਪਣੇ ਇਸ ਡਰ ʼਤੇ ਕਾਬੂ ਪਾ ਸਕਦੇ ਹੋ।
ਜ਼ਰਾ ਸੋਚੋ: ਤੁਸੀਂ ਕਿੱਦਾਂ ਦੇ ਦੋਸਤ ਬਣਾਉਣੇ ਚਾਹੁੰਦੇ ਹੋ? ਕੀ ਇੱਦਾਂ ਦੇ ਜੋ ਆਪ ਹੀ ਬੋਲਦੇ ਰਹਿੰਦੇ ਹਨ ਜਾਂ ਇੱਦਾਂ ਦੇ ਜੋ ਤੁਹਾਡੀ ਗੱਲ ਧਿਆਨ ਨਾਲ ਸੁਣਦੇ ਹਨ?
ਡਰ #2: “ਲੋਕ ਸੋਚਣਗੇ ਕਿ ਮੈਂ ਬੋਰਿੰਗ ਹਾਂ।”
ਸੱਚਾਈ: ਭਾਵੇਂ ਤੁਸੀਂ ਸ਼ਰਮੀਲੇ ਸੁਭਾਅ ਦੇ ਨਹੀਂ ਹੋ, ਤਾਂ ਵੀ ਲੋਕ ਤੁਹਾਡੇ ਬਾਰੇ ਰਾਇ ਕਾਇਮ ਕਰਨਗੇ। ਤੁਸੀਂ ਆਪਣੇ ਡਰ ʼਤੇ ਕਾਬੂ ਪਾ ਸਕਦੇ ਹੋ। ਜੇ ਤੁਸੀਂ ਦੂਜਿਆਂ ਨਾਲ ਗੱਲਬਾਤ ਕਰੋਗੇ, ਤਾਂ ਹੀ ਉਹ ਜਾਣ ਸਕਣਗੇ ਕਿ ਤੁਸੀਂ ਕਿੱਦਾਂ ਦੇ ਇਨਸਾਨ ਹੋ ਅਤੇ ਉਹ ਤੁਹਾਡੇ ਬਾਰੇ ਚੰਗੀ ਰਾਇ ਕਾਇਮ ਕਰ ਸਕਣਗੇ।
ਜ਼ਰਾ ਸੋਚੋ: ਕੀ ਤੁਹਾਨੂੰ ਲੱਗਦਾ ਹੈ ਕਿ ਲੋਕ ਤੁਹਾਡੇ ਬਾਰੇ ਗ਼ਲਤ ਰਾਇ ਕਰਦੇ ਹਨ? ਪਰ ਕੀ ਇੱਦਾਂ ਹੋ ਸਕਦਾ ਕਿ ਤੁਸੀਂ ਉਨ੍ਹਾਂ ਬਾਰੇ ਇਹ ਗ਼ਲਤ ਰਾਇ ਕਾਇਮ ਕਰ ਰਹੇ ਹੋ ਕਿ ਉਹ ਤੁਹਾਨੂੰ ਪਸੰਦ ਨਹੀਂ ਕਰਦੇ?
ਡਰ #3: “ਮੈਨੂੰ ਸ਼ਰਮਿੰਦਗੀ ਹੋਣੀ ਜੇ ਮੈਂ ਕਿਸੇ ਸਾਮ੍ਹਣੇ ਕੁਝ ਗ਼ਲਤ ਕਹਿ ਦਿੱਤਾ।”
ਸੱਚਾਈ: ਕਦੇ-ਨਾ-ਕਦੇ ਸਾਰਿਆਂ ਨਾਲ ਇੱਦਾਂ ਹੁੰਦਾ ਹੀ ਹੈ। ਤੁਸੀਂ ਆਪਣੇ ਇਸ ਡਰ ʼਤੇ ਵੀ ਕਾਬੂ ਪਾ ਸਕਦੇ ਹੋ। ਜਦੋਂ ਤੁਹਾਡੇ ਤੋਂ ਕੋਈ ਅਜਿਹੀ ਗ਼ਲਤੀ ਹੁੰਦੀ ਹੈ, ਤਾਂ ਤੁਹਾਡੇ ਕੋਲ ਦੂਜਿਆਂ ਨੂੰ ਦਿਖਾਉਣ ਦਾ ਮੌਕਾ ਹੁੰਦਾ ਹੈ ਕਿ ਤੁਸੀਂ ਇਹ ਨਹੀਂ ਸੋਚਦੇ ਕਿ ਤੁਹਾਡੇ ਤੋਂ ਕੋਈ ਗ਼ਲਤੀ ਹੋ ਹੀ ਨਹੀਂ ਸਕਦੀ।
ਜ਼ਰਾ ਸੋਚੋ: ਕੀ ਤੁਹਾਨੂੰ ਉਹ ਲੋਕ ਚੰਗੇ ਨਹੀਂ ਲੱਗਦੇ ਜਿਹੜੇ ਲੋਕ ਮੰਨਦੇ ਹਨ ਕਿ ਉਨ੍ਹਾਂ ਤੋਂ ਵੀ ਗ਼ਲਤੀਆਂ ਹੁੰਦੀਆਂ?
ਕੀ ਤੁਹਾਨੂੰ ਪਤਾ ਹੈ? ਕੁਝ ਲੋਕ ਸੋਚਦੇ ਕਿ ਉਹ ਸ਼ਰਮੀਲੇ ਨਹੀਂ ਕਿਉਂਕਿ ਉਹ ਦੂਜਿਆਂ ਨੂੰ ਮੈਸਿਜ ਕਰ ਕੇ ਬਹੁਤ ਗੱਲਾਂ ਕਰਦੇ ਹਨ। ਪਰ ਆਮ੍ਹੋ-ਸਾਮ੍ਹਣੇ ਗੱਲਬਾਤ ਕਰ ਕੇ ਅਸੀਂ ਸੌਖਿਆਂ ਹੀ ਸੱਚੇ ਦੋਸਤ ਬਣਾ ਸਕਦੇ ਹਾਂ। ਇਕ ਮਨੋਵਿਗਿਆਨੀ ਤੇ ਤਕਨਾਲੋਜੀ ਦੀ ਮਾਹਰ ਸ਼ੈਰੀ ਟਰਕਲ ਲਿਖਦੀ ਹੈ: “ਜਦੋਂ ਅਸੀਂ ਇਕ-ਦੂਜੇ ਨੂੰ ਦੇਖਦੇ ਹਾਂ ਤੇ ਇਕ-ਦੂਜੇ ਦੀ ਆਵਾਜ਼ ਸੁਣਦੇ ਹਾਂ, ਉਦੋਂ ਅਸੀਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝ ਪਾਉਂਦੇ ਹਾਂ।” a
ਮੈਂ ਕੀ ਕਰ ਸਕਦਾ ਹਾਂ?
ਤੁਲਨਾ ਨਾ ਕਰੋ। ਤੁਹਾਨੂੰ ਜ਼ਿਆਦਾ ਬੋਲਣ ਵਾਲੇ ਬਣਨ ਦੀ ਲੋੜ ਨਹੀਂ ਹੈ। ਇਸ ਦੀ ਬਜਾਇ ਤੁਸੀਂ ਟੀਚਾ ਰੱਖ ਸਕਦੇ ਹੋ ਕਿ ਤੁਸੀਂ ਘੱਟ ਸ਼ਰਮਾਓਗੇ ਤਾਂਕਿ ਤੁਸੀਂ ਚੰਗੇ ਦੋਸਤ ਬਣਾ ਸਕੋ ਅਤੇ ਬਹੁਤ ਸਾਰੀਆਂ ਚੀਜ਼ਾਂ ਦਾ ਮਜ਼ਾ ਲੈ ਸਕੋ।
“ਬਹੁਤੀ ਲੰਬੀ-ਚੌੜੀ ਗੱਲਬਾਤ ਨਾ ਕਰੋ ਅਤੇ ਪਾਰਟੀ ਵਿਚ ਸਾਰਿਆਂ ਦਾ ਧਿਆਨ ਆਪਣੇ ਵੱਲ ਨਾ ਖਿੱਚੋ। ਕਿਸੇ ਨਵੇਂ ਵਿਅਕਤੀ ਨੂੰ ਮਿਲਦੇ ਵੇਲੇ ਬੱਸ ਆਪਣੀ ਜਾਣ-ਪਛਾਣ ਕਰਾਓ ਜਾਂ ਆਮ ਜਿਹੇ ਸਵਾਲ ਪੁੱਛੋ।”—ਅਲੀਸ਼ਾ।
ਬਾਈਬਲ ਦਾ ਅਸੂਲ: “ਹਰ ਇਨਸਾਨ ਖ਼ੁਦ ਆਪਣੇ ਕੰਮ ਦੀ ਜਾਂਚ ਕਰੇ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਕੰਮ ਤੋਂ ਖ਼ੁਸ਼ ਹੋਵੇਗਾ। ਉਹ ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰੇ।”—ਗਲਾਤੀਆਂ 6:4.
ਧਿਆਨ ਨਾਲ ਦੇਖੋ। ਉਨ੍ਹਾਂ ਲੋਕਾਂ ਵੱਲ ਧਿਆਨ ਦਿਓ ਜੋ ਦੂਜਿਆਂ ਨਾਲ ਵਧੀਆ ਢੰਗ ਨਾਲ ਗੱਲ ਕਰਦੇ ਅਤੇ ਦੇਖੋ ਕਿ ਉਹ ਦੂਜਿਆਂ ਨਾਲ ਕਿਵੇਂ ਗੱਲ ਕਰਦੇ। ਦੇਖੋ ਕਿਹੜੀ ਵਜ੍ਹਾ ਕਰਕੇ ਉਹ ਵਧੀਆ ਗੱਲ ਕਰ ਸਕੇ ਜਾਂ ਕਿਹੜੀ ਵਜ੍ਹਾ ਕਰਕੇ ਨਹੀਂ। ਤੁਹਾਨੂੰ ਉਨ੍ਹਾਂ ਦੇ ਕਿਹੜੇ ਹੁਨਰ ਵਧੀਆ ਲੱਗੇ ਜੋ ਤੁਸੀਂ ਆਪਣੇ ਵਿਚ ਪੈਦਾ ਕਰਨੇ ਚਾਹੋਗੇ।
“ਉਨ੍ਹਾਂ ਲੋਕਾਂ ਵੱਲ ਧਿਆਨ ਦਿਓ ਤੇ ਉਨ੍ਹਾਂ ਤੋਂ ਸਿੱਖੋ ਜੋ ਸੌਖਿਆਂ ਹੀ ਕਿਸੇ ਨੂੰ ਦੋਸਤ ਬਣਾ ਲੈਂਦੇ ਹਨ। ਦੇਖੋ ਕਿ ਜਦੋਂ ਉਹ ਪਹਿਲੀ ਵਾਰ ਕਿਸੇ ਨੂੰ ਮਿਲਦੇ ਹਨ, ਤਾਂ ਉਹ ਕੀ ਕਰਦੇ ਤੇ ਕੀ ਕਹਿੰਦੇ ਹਨ।”—ਐਰਨ।
ਬਾਈਬਲ ਦਾ ਅਸੂਲ: “ਜਿਵੇਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਉਸੇ ਤਰ੍ਹਾਂ ਇਕ ਆਦਮੀ ਆਪਣੇ ਦੋਸਤ ਨੂੰ ਤਿੱਖਾ ਕਰਦਾ ਹੈ।”—ਕਹਾਉਤਾਂ 27:17.
ਸਵਾਲ ਪੁੱਛੋ। ਲੋਕਾਂ ਨੂੰ ਅਕਸਰ ਆਪਣੇ ਵਿਚਾਰ ਦੱਸਣੇ ਵਧੀਆ ਲੱਗਦੇ ਹਨ। ਇਸ ਲਈ ਸਵਾਲ ਪੁੱਛ ਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਵਧੀਆ ਤਰੀਕਾ ਹੈ। ਇੱਦਾਂ ਦੂਜਿਆਂ ਦਾ ਧਿਆਨ ਤੁਹਾਡੇ ਵੱਲ ਘੱਟ ਜਾਵੇਗਾ।
“ਪਹਿਲਾਂ ਤੋਂ ਤਿਆਰੀ ਕਰਨ ਨਾਲ ਤੁਹਾਡੀ ਚਿੰਤਾ ਘਟ ਜਾਵੇਗੀ। ਕਿਸੇ ਪ੍ਰੋਗ੍ਰਾਮ ਤੇ ਜਾਣ ਤੋਂ ਪਹਿਲਾਂ ਕੁਝ ਵਿਸ਼ੇ ਜਾਂ ਸਵਾਲ ਸੋਚ ਕੇ ਰੱਖੋ, ਇੱਦਾਂ ਤੁਹਾਨੂੰ ਨਵੇਂ ਲੋਕਾਂ ਨੂੰ ਮਿਲ ਕੇ ਘੱਟ ਚਿੰਤਾ ਹੋਵੇਗੀ।”—ਅਲਾਨਾ।
ਬਾਈਬਲ ਦਾ ਅਸੂਲ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”—ਫ਼ਿਲਿੱਪੀਆਂ 2:4.
a ਰਿਕਲੇਮਿੰਗ ਕੌਨਵਰਸੇਸ਼ਨ ਕਿਤਾਬ ਵਿੱਚੋਂ।