Skip to content

ਨੌਜਵਾਨ ਪੁੱਛਦੇ ਹਨ

ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 4: ਮੈਂ ਕਿਵੇਂ ਸਮਝਾਵਾਂ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ?

ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 4: ਮੈਂ ਕਿਵੇਂ ਸਮਝਾਵਾਂ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ?

ਤੁਸੀਂ ਮੰਨਦੇ ਹੋ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ, ਪਰ ਤੁਸੀਂ ਸਕੂਲ ਵਿਚ ਇਸ ਬਾਰੇ ਗੱਲ ਕਰਨ ਤੋਂ ਡਰਦੇ ਹੋ। ਤੁਹਾਡੀਆਂ ਕਿਤਾਬਾਂ ਵਿਚ ਵਿਕਾਸਵਾਦ ਬਾਰੇ ਦੱਸਿਆ ਗਿਆ ਹੈ ਅਤੇ ਤੁਸੀਂ ਡਰਦੇ ਹੋ ਕਿ ਤੁਹਾਡੇ ਨਾਲ ਪੜ੍ਹਨ ਵਾਲੇ ਅਤੇ ਅਧਿਆਪਕ ਤੁਹਾਡਾ ਮਜ਼ਾਕ ਉਡਾਉਣਗੇ। ਤੁਸੀਂ ਪੂਰੇ ਵਿਸ਼ਵਾਸ ਨਾਲ ਇਹ ਗੱਲ ਕਿਵੇਂ ਸਮਝਾ ਸਕਦੇ ਹੋ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ?

 ਤੁਸੀਂ ਇਹ ਕਰ ਸਕਦੇ ਹੋ!

 ਤੁਸੀਂ ਸ਼ਾਇਦ ਸੋਚੋ: ‘ਮੈਂ ਇੰਨੀ ਹੁਸ਼ਿਆਰ ਨਹੀਂ ਕਿ ਕਲਾਸ ਵਿਚ ਵਿਦਿਆਰਥੀਆਂ ਸਾਮ੍ਹਣੇ ਵਿਗਿਆਨ ਬਾਰੇ ਗੱਲ ਕਰ ਸਕਾਂ ਅਤੇ ਵਿਕਾਸਵਾਦ ʼਤੇ ਬਹਿਸ ਕਰ ਸਕਾਂ।’ ਇਕ ਸਮੇਂ ʼਤੇ ਡੈਨੀਏਲ ਇੱਦਾਂ ਹੀ ਸੋਚਦੀ ਸੀ। ਉਹ ਕਹਿੰਦੀ ਹੈ: “ਅਧਿਆਪਕ ਅਤੇ ਕਲਾਸ ਦੇ ਵਿਦਿਆਰਥੀ ਜੋ ਮੰਨਦੇ ਸਨ, ਮੇਰੇ ਵਿਸ਼ਵਾਸ ਉਨ੍ਹਾਂ ਤੋਂ ਵੱਖਰੇ ਸਨ ਤੇ ਮੈਨੂੰ ਇਹ ਸੋਚ ਕੇ ਹੀ ਬੁਰਾ ਲੱਗਦਾ ਸੀ ਕਿ ਮੈਨੂੰ ਉਨ੍ਹਾਂ ਨੂੰ ਦੱਸਣਾ ਪੈਣਾ ਸੀ ਕਿ ਮੈਂ ਉਨ੍ਹਾਂ ਦੇ ਵਿਸ਼ਵਾਸਾਂ ਨਾਲ ਸਹਿਮਤ ਨਹੀਂ ਹਾਂ।” ਡਾਏਨਾ ਕਹਿੰਦੀ ਹੈ: “ਜਦੋਂ ਉਹ ਵਿਗਿਆਨ ਦੇ ਵੱਡੇ-ਵੱਡੇ ਸ਼ਬਦ ਵਰਤਦੇ ਹਨ, ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਿਵੇਂ ਗੱਲ ਕਰਾਂ।”

 ਪਰ ਤੁਹਾਡਾ ਮਕਸਦ ਬਹਿਸ ਜਿੱਤਣਾ ਨਹੀਂ ਹੈ। ਖ਼ੁਸ਼ੀ ਦੀ ਗੱਲ ਹੈ ਕਿ ਇਹ ਸਮਝਾਉਣ ਲਈ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ ਤੁਹਾਨੂੰ ਵਿਗਿਆਨ ਵਿਚ ਬਹੁਤ ਜ਼ਿਆਦਾ ਹੁਸ਼ਿਆਰ ਹੋਣ ਦੀ ਲੋੜ ਨਹੀਂ ਹੈ।

 ਸੁਝਾਅ: ਇਬਰਾਨੀਆਂ 3:4 ਵਿਚ ਦਿੱਤੀ ਬਾਈਬਲ ਦੀ ਇਸ ਗੱਲ ਵੱਲ ਧਿਆਨ ਦਿਓ: “ਹਰ ਘਰ ਨੂੰ ਕਿਸੇ-ਨਾ-ਕਿਸੇ ਨੇ ਬਣਾਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਹੈ, ਉਹ ਪਰਮੇਸ਼ੁਰ ਹੈ।”

 ਕੈਰਲ ਨਾਂ ਦੀ ਨੌਜਵਾਨ ਕੁੜੀ ਇਬਰਾਨੀਆਂ 3:4 ਵਿਚ ਦਿੱਤੇ ਅਸੂਲ ਨੂੰ ਵਰਤ ਕੇ ਇਸ ਤਰ੍ਹਾਂ ਤਰਕ ਕਰਦੀ ਹੈ: “ਮੰਨ ਲਓ, ਤੁਸੀਂ ਕਿਸੇ ਸੰਘਣੇ ਜੰਗਲ ਵਿਚ ਤੁਰੇ ਜਾ ਰਹੇ ਹੋ। ਉੱਥੇ ਦੂਰ-ਦੂਰ ਤਕ ਕਿਸੇ ਇਨਸਾਨ ਦੇ ਹੋਣ ਦਾ ਨਾਮੋ-ਨਿਸ਼ਾਨ ਨਜ਼ਰ ਨਹੀਂ ਆਉਂਦਾ। ਫਿਰ ਤੁਸੀਂ ਉੱਥੇ ਇਕ ਟੁੱਥ-ਪਿਕ ਦੇਖਦੇ ਹੋ। ਤੁਸੀਂ ਕੀ ਕਹੋਗੇ? ਜ਼ਿਆਦਾਤਰ ਲੋਕ ਕਹਿਣਗੇ, ‘ਇੱਥੇ ਪੱਕਾ ਕੋਈ ਆਇਆ ਹੋਣਾ।’ ਜੇ ਇਕ ਛੋਟੀ ਜਿਹੀ ਟੁੱਥ-ਪਿਕ ਕਿਸੇ ਇਨਸਾਨ ਦੀ ਹੋਂਦ ਦਾ ਸਬੂਤ ਦਿੰਦੀ ਹੈ, ਤਾਂ ਫਿਰ ਕੀ ਇਸ ਪੂਰੇ ਬ੍ਰਹਿਮੰਡ ਤੋਂ ਅਤੇ ਇਸ ਵਿਚ ਮਿਲਣ ਵਾਲੀਆਂ ਸਾਰੀਆਂ ਚੀਜ਼ਾਂ ਤੋਂ ਕਿਤੇ ਵੱਧ ਕਿਸੇ ਸਿਰਜਣਹਾਰ ਦੀ ਹੋਂਦ ਦਾ ਸਬੂਤ ਨਹੀਂ ਮਿਲਦਾ?”

 ਜੇ ਕੋਈ ਕਹਿੰਦਾ ਹੈ: “ਜੇ ਰੱਬ ਨੇ ਸਾਰਾ ਕੁਝ ਬਣਾਇਆ ਹੈ, ਤਾਂ ਉਸ ਨੂੰ ਕਿਸ ਨੇ ਬਣਾਇਆ?”

 ਤੁਸੀਂ ਇਹ ਕਹਿ ਸਕਦੇ ਹੋ: “ਅਸੀਂ ਸ੍ਰਿਸ਼ਟੀਕਰਤਾ ਬਾਰੇ ਸਾਰਾ ਕੁਝ ਨਹੀਂ ਜਾਣ ਸਕਦੇ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਨਹੀਂ ਹੈ। ਮਿਸਾਲ ਲਈ, ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਕਿ ਮੋਬਾਇਲ ਫ਼ੋਨ ਕਿਸ ਨੇ ਬਣਾਇਆ, ਪਰ ਤੁਸੀਂ ਇਹ ਗੱਲ ਮੰਨਦੇ ਹੋ ਕਿ ਕਿਸੇ ਨੇ ਤਾਂ ਜ਼ਰੂਰ ਇਸ ਨੂੰ ਬਣਾਇਆ ਹੋਣਾ। ਹੈਨਾ? [ਜਵਾਬ ਲਈ ਸਮਾਂ ਦਿਓ।] ਅਸੀਂ ਸ੍ਰਿਸ਼ਟੀਕਰਤਾ ਬਾਰੇ ਬਹੁਤ ਕੁਝ ਜਾਣ ਸਕਦੇ ਹਾਂ। ਜੇ ਤੁਸੀਂ ਜਾਣਨਾ ਚਾਹੁੰਦੇ ਹੋ, ਤਾਂ ਮੈਨੂੰ ਇਹ ਦੱਸ ਕੇ ਖ਼ੁਸ਼ੀ ਹੋਵੇਗੀ ਕਿ ਮੈਂ ਉਸ ਬਾਰੇ ਕੀ ਸਿੱਖਿਆ ਹੈ।”

 ਤਿਆਰ ਰਹੋ

 ਬਾਈਬਲ ਕਹਿੰਦੀ ਹੈ ਕਿ “ਜੇ ਕੋਈ ਤੁਹਾਡੇ ਤੋਂ ਇਹ ਪੁੱਛਦਾ ਹੈ ਕਿ ਤੁਸੀਂ ਆਸ਼ਾ ਕਿਉਂ ਰੱਖਦੇ ਹੋ, ਤਾਂ ਉਸ ਨੂੰ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹੋ, ਪਰ ਨਰਮਾਈ ਅਤੇ ਪੂਰੇ ਆਦਰ ਨਾਲ ਜਵਾਬ ਦਿਓ।” (1 ਪਤਰਸ 3:15) ਇਸ ਲਈ ਦੋ ਗੱਲਾਂ ਵੱਲ ਧਿਆਨ ਦਿਓ। ਤੁਸੀਂ ਕੀ ਕਹੋਗੇ ਅਤੇ ਤੁਸੀਂ ਕਿਵੇਂ ਕਹੋਗੇ।

  1.   ਤੁਸੀਂ ਕੀ ਕਹੋਗੇ। ਜੇ ਤੁਸੀਂ ਰੱਬ ਨਾਲ ਪਿਆਰ ਕਰਦੇ ਹੋ, ਤਾਂ ਤੁਸੀਂ ਉਸ ਬਾਰੇ ਦੱਸਣ ਲਈ ਪ੍ਰੇਰਿਤ ਹੋਵੋਗੇ। ਦੂਸਰਿਆਂ ਨੂੰ ਸਿਰਫ਼ ਇਹ ਦੱਸਣ ਨਾਲ ਕਿ ਤੁਸੀਂ ਰੱਬ ਨੂੰ ਕਿੰਨਾ ਪਿਆਰ ਕਰਦੇ ਹੋ, ਤੁਸੀਂ ਉਨ੍ਹਾਂ ਨੂੰ ਇਹ ਯਕੀਨ ਨਹੀਂ ਦਿਲਾ ਸਕੋਗੇ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ। ਜੇ ਤੁਸੀਂ ਕੁਦਰਤ ਦੀਆਂ ਚੀਜ਼ਾਂ ਦੀਆਂ ਮਿਸਾਲਾਂ ਦਿਓਗੇ, ਤਾਂ ਤੁਸੀਂ ਉਨ੍ਹਾਂ ਨੂੰ ਸਮਝਾ ਸਕਦੇ ਹੋ ਕਿ ਇਸ ਗੱਲ ʼਤੇ ਕਿਉਂ ਯਕੀਨ ਕੀਤਾ ਜਾ ਸਕਦਾ ਹੈ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ।

  2.   ਤੁਸੀਂ ਕਿਵੇਂ ਕਹੋਗੇ। ਪੂਰੇ ਯਕੀਨ ਨਾਲ ਬੋਲੋ, ਪਰ ਰੁੱਖੇ ਢੰਗ ਨਾਲ ਨਹੀਂ। ਨਾਲੇ ਇੱਦਾਂ ਗੱਲ ਨਾ ਕਰੋ ਕਿ ਤੁਸੀਂ ਦੂਜਿਆਂ ਨੂੰ ਨੀਵਾਂ ਦਿਖਾ ਰਹੇ ਹੋ। ਜੇ ਤੁਸੀਂ ਆਦਰ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੱਸੋਗੇ ਅਤੇ ਇਹ ਗੱਲ ਮੰਨੋਗੇ ਕਿ ਲੋਕਾਂ ਦਾ ਆਪਣਾ ਫ਼ੈਸਲਾ ਹੈ ਕਿ ਉਹ ਰੱਬ ʼਤੇ ਵਿਸ਼ਵਾਸ ਕਰਨਗੇ ਜਾਂ ਨਹੀਂ, ਤਾਂ ਉਹ ਤੁਹਾਡੀ ਗੱਲ ਸੁਣਨ ਲਈ ਤਿਆਰ ਹੋ ਜਾਣਗੇ।

     “ਮੈਨੂੰ ਲੱਗਦਾ ਕਿ ਸਾਨੂੰ ਕਦੇ ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਅਤੇ ਇਹ ਨਹੀਂ ਦਿਖਾਉਣਾ ਚਾਹੀਦਾ ਕਿ ਸਾਨੂੰ ਹੀ ਸਾਰਾ ਕੁਝ ਪਤਾ ਹੈ। ਸਾਮ੍ਹਣੇ ਵਾਲੇ ਨੂੰ ਨੀਵਾਂ ਦਿਖਾਉਣ ਨਾਲ ਉਹ ਸਾਡੀ ਗੱਲ ਨਹੀਂ ਸੁਣੇਗਾ।”​—ਈਲੇਨ।

 ਆਪਣੇ ਵਿਸ਼ਵਾਸਾਂ ਬਾਰੇ ਦੱਸਣ ਲਈ ਔਜ਼ਾਰ

ਜਿੱਦਾਂ ਅਸੀਂ ਮੌਸਮ ਵਿਚ ਬਦਲਾਅ ਹੋਣ ਤੋਂ ਪਹਿਲਾਂ ਤਿਆਰੀ ਕਰਦੇ ਹਾਂ, ਉੱਦਾਂ ਹੀ ਸਾਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਦੀ ਪਹਿਲਾਂ ਹੀ ਤਿਆਰੀ ਕਰਨੀ ਚਾਹੀਦੀ ਹੈ

 ਐਲਸੀਆ ਕਹਿੰਦੀ ਹੈ: “ਜੇ ਅਸੀਂ ਤਿਆਰੀ ਨਹੀਂ ਕਰਦੇ, ਤਾਂ ਸ਼ਰਮਿੰਦਗੀ ਤੋਂ ਬਚਣ ਲਈ ਅਸੀਂ ਚੁੱਪ ਹੀ ਰਹਾਂਗੇ।” ਜਿੱਦਾਂ ਐਲਸੀਆ ਨੇ ਕਿਹਾ ਕਿ ਦੂਸਰਿਆਂ ਨੂੰ ਦੱਸਣ ਲਈ ਤਿਆਰੀ ਕਰਨੀ ਜ਼ਰੂਰੀ ਹੈ। ਜੇਨਾ ਕਹਿੰਦੀ ਹੈ: “ਜਦੋਂ ਮੈਂ ਪਹਿਲਾਂ ਹੀ ਸੋਚਦੀ ਹਾਂ ਕਿ ਮੈਂ ਕਿਹੜੀ ਮਿਸਾਲ ਦੇ ਕੇ ਸਮਝਾ ਸਕਦੀ ਹਾਂ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ, ਤਾਂ ਮੈਨੂੰ ਗੱਲ ਕਰਨ ਵਿਚ ਜ਼ਿਆਦਾ ਝਿਜਕ ਨਹੀਂ ਹੁੰਦੀ।”

 ਤੁਸੀਂ ਇੱਦਾਂ ਦੀਆਂ ਮਿਸਾਲਾਂ ਕਿੱਥੋਂ ਦੇਖ ਸਕਦੇ ਹੋ? ਬਹੁਤ ਸਾਰੇ ਨੌਜਵਾਨਾਂ ਨੂੰ ਹੇਠਾਂ ਦਿੱਤੇ ਗਏ ਪ੍ਰਕਾਸ਼ਨਾਂ ਵਿੱਚੋਂ ਮਦਦ ਮਿਲੀ ਹੈ:

 ਤੁਸੀਂ “ਸ੍ਰਿਸ਼ਟੀ ਜਾਂ ਵਿਕਾਸਵਾਦ?” ਦੇ ਪਿਛਲੇ ਲੜੀਵਾਰ ਲੇਖਾਂ ਤੋਂ ਵੀ ਫ਼ਾਇਦਾ ਉਠਾ ਸਕਦੇ ਹੋ।

  1.  ਭਾਗ 1: ਰੱਬ ʼਤੇ ਵਿਸ਼ਵਾਸ ਕਿਉਂ ਕਰੀਏ?

  2.  ਭਾਗ 2: ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਕਿਉਂ ਖੜ੍ਹਾ ਕਰੀਏ?

  3.  ਭਾਗ 3: ਇਸ ਗੱਲ ʼਤੇ ਯਕੀਨ ਕਿਉਂ ਕਰੀਏ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ?

 ਸੁਝਾਅ: ਉਹ ਮਿਸਾਲਾਂ ਚੁਣੋ ਜਿਹੜੀਆਂ ਤੁਹਾਨੂੰ ਵਧੀਆ ਲੱਗੀਆਂ। ਇਨ੍ਹਾਂ ਮਿਸਾਲਾਂ ਨੂੰ ਤੁਸੀਂ ਸੌਖਿਆਂ ਹੀ ਯਾਦ ਰੱਖ ਸਕੋਗੇ ਅਤੇ ਤੁਸੀਂ ਇਨ੍ਹਾਂ ਬਾਰੇ ਪੂਰੇ ਭਰੋਸੇ ਨਾਲ ਗੱਲ ਕਰ ਸਕੋਗੇ। ਪ੍ਰੈਕਟਿਸ ਕਰੋ ਕਿ ਤੁਸੀਂ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਕਿਵੇਂ ਦੱਸੋਗੇ।