ਨੌਜਵਾਨ ਪੁੱਛਦੇ ਹਨ
ਮੈਂ ਸੰਤੁਲਿਤ ਭੋਜਨ ਦੀ ਚੋਣ ਕਿਵੇਂ ਕਰਾਂ?
ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਅਸੰਤੁਲਿਤ ਭੋਜਨ ਖਾਣ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਜਿਹੜੇ ਨੌਜਵਾਨ ਅਸੰਤੁਲਿਤ ਭੋਜਨ ਖਾਂਦੇ ਹਨ, ਅਕਸਰ ਉਹ ਵੱਡੇ ਹੋਣ ʼਤੇ ਵੀ ਇੱਦਾਂ ਦਾ ਭੋਜਨ ਹੀ ਖਾਂਦੇ ਹਨ। ਇਸ ਲਈ ਵਧੀਆ ਹੋਵੇਗਾ ਕਿ ਤੁਸੀਂ ਹੁਣ ਤੋਂ ਹੀ ਸੰਤੁਲਿਤ ਭੋਜਨ ਖਾਣ ਦੀ ਚੰਗੀ ਆਦਤ ਪਾਓ।
ਸੰਤੁਲਿਤ ਭੋਜਨ ਕੀ ਹੈ?
ਬਾਈਬਲ ਕਹਿੰਦੀ ਹੈ ਕਿ ਅਸੀਂ “ਹਰ ਗੱਲ ਵਿਚ ਸੰਜਮ” ਰੱਖੀਏ ਤੇ ਇਸ ਵਿਚ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਵੀ ਸ਼ਾਮਲ ਹਨ। (1 ਤਿਮੋਥਿਉਸ 3:11) ਇਸ ਅਸੂਲ ਨੂੰ ਧਿਆਨ ਵਿਚ ਰੱਖਦਿਆਂ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ . . .
ਸੰਤੁਲਿਤ ਭੋਜਨ ਵਿਚ ਹਰ ਸਮੂਹ ਦਾ ਖਾਣਾ ਸ਼ਾਮਲ ਹੈ। ਖਾਣੇ ਨੂੰ ਪੰਜ ਸਮੂਹਾਂ ਵਿਚ ਵੰਡਿਆ ਗਿਆ ਹੈ। ਇਸ ਵਿਚ ਦੁੱਧ ਤੋਂ ਬਣੀਆਂ ਚੀਜ਼ਾਂ, ਪ੍ਰੋਟੀਨ, ਫਲ, ਸਬਜ਼ੀਆਂ ਅਤੇ ਅਨਾਜ ਸ਼ਾਮਲ ਹਨ। ਕੁਝ ਲੋਕ ਭਾਰ ਘਟਾਉਣ ਦੇ ਚੱਕਰਾਂ ਵਿਚ ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਖਾਣੀਆਂ ਬੰਦ ਕਰ ਦਿੰਦੇ ਹਨ। ਪਰ ਜੇ ਤੁਸੀਂ ਇੱਦਾਂ ਕਰਦੇ ਹੋ, ਤਾਂ ਤੁਸੀਂ ਆਪਣੇ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤਾਂ ਤੋਂ ਵਾਂਝਿਆਂ ਰੱਖ ਰਹੇ ਹੋਵੋਗੇ।
ਇੱਦਾਂ ਕਰ ਕੇ ਦੇਖੋ: ਖਾਣੇ ਵਿਚ ਪਾਏ ਜਾਂਦੇ ਅਲੱਗ-ਅਲੱਗ ਤੱਤਾਂ ਦੇ ਫ਼ਾਇਦਿਆਂ ਬਾਰੇ ਜਾਣਨ ਲਈ ਖੋਜਬੀਨ ਕਰੋ ਜਾਂ ਆਪਣੇ ਡਾਕਟਰ ਤੋਂ ਪੁੱਛੋ। ਮਿਸਾਲ ਲਈ:
ਕਾਰਬੋਹਾਈਡ੍ਰੇਟ ਤੋਂ ਤੁਹਾਨੂੰ ਤਾਕਤ ਮਿਲ ਸਕਦੀ ਹੈ। ਪ੍ਰੋਟੀਨ ਬੀਮਾਰੀਆਂ ਨਾਲ ਲੜਨ ਵਿਚ ਤੁਹਾਡੇ ਸਰੀਰ ਦੀ ਮਦਦ ਕਰ ਸਕਦੇ ਹਨ ਅਤੇ ਇਹ ਟਿਸ਼ੂਆਂ ਨੂੰ ਬਣਾਉਣ ਅਤੇ ਉਨ੍ਹਾਂ ਨੂੰ ਠੀਕ ਕਰਨ ਵਿਚ ਵੀ ਮਦਦ ਕਰਦੇ ਹਨ। ਸਹੀ ਮਾਤਰਾ ਵਿਚ ਕੁਝ ਚਰਬੀ ਵਾਲੇ ਭੋਜਨ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਇਹ ਤੁਹਾਨੂੰ ਕੰਮ ਕਰਨ ਦੀ ਤਾਕਤ ਦੇ ਸਕਦਾ ਹੈ।
“ਮੈਂ ਸੰਤੁਲਿਤ ਭੋਜਨ ਖਾਣ ਦੀ ਕੋਸ਼ਿਸ਼ ਕਰਦੀ ਹਾਂ। ਨਾਲੇ ਮੈਨੂੰ ਨਹੀਂ ਲੱਗਦਾ ਕਿ ਕਦੇ-ਕਦੇ ਚਾਕਲੇਟ, ਫਾਸਟ ਫੂਡ ਜਾਂ ਤਲੀਆਂ ਚੀਜ਼ਾਂ ਖਾਣ ਵਿਚ ਕੋਈ ਖ਼ਰਾਬੀ ਹੈ। ਪਰ ਸਾਨੂੰ ਹਰ ਵੇਲੇ ਇਹੀ ਚੀਜ਼ਾਂ ਹੀ ਨਹੀਂ ਖਾਂਦੇ ਰਹਿਣਾ ਚਾਹੀਦਾ। ਖ਼ੁਦ ʼਤੇ ਕਾਬੂ ਰੱਖਣ ਨਾਲ ਹਮੇਸ਼ਾ ਫ਼ਾਇਦਾ ਹੁੰਦਾ ਹੈ।”—ਬ੍ਰੈਂਡਾ।
ਸੰਤੁਲਿਤ ਭੋਜਨ ਲੈਣ ਵਾਲੇ ਆਪਣੀਆਂ ਹੱਦਾਂ ਵਿਚ ਰਹਿੰਦੇ ਹਨ। ਇਸ ਦਾ ਮਤਲਬ ਹੈ ਕਿ ਉਹ ਉੱਨਾ ਖਾਂਦੇ ਹਨ ਜਿੰਨੀ ਜ਼ਰੂਰਤ ਹੈ, ਖ਼ੁਦ ਨੂੰ ਭੁੱਖਾ ਰੱਖ ਕੇ ਬਾਅਦ ਵਿਚ ਇੱਕੋ ਵਾਰ ਬਹੁਤ ਸਾਰਾ ਖਾਣਾ ਨਹੀਂ ਖਾਂਦੇ ਜਾਂ ਆਪਣੀਆਂ ਮਨਪਸੰਦ ਖਾਣ ਵਾਲੀਆਂ ਚੀਜ਼ਾਂ ਬਿਲਕੁਲ ਬੰਦ ਨਹੀਂ ਕਰਦੇ।
ਇੱਦਾਂ ਕਰ ਕੇ ਦੇਖੋ: ਇਕ ਮਹੀਨੇ ਲਈ ਆਪਣੀਆਂ ਖਾਣ ਦੀਆਂ ਆਦਤਾਂ ਵੱਲ ਧਿਆਨ ਦਿਓ। ਤੁਸੀਂ ਕਿੰਨੀ ਕੁ ਵਾਰ ਸੰਤੁਲਿਤ ਭੋਜਨ ਲੈਣ ਦੀ ਹੱਦ ਨੂੰ ਪਾਰ ਕਰਦੇ ਹੋ ਜਿੱਦਾਂ ਉੱਪਰ ਦੱਸਿਆ ਗਿਆ ਸੀ? ਸੰਤੁਲਿਤ ਭੋਜਨ ਖਾਣ ਲਈ ਤੁਸੀਂ ਕਿਹੜੇ ਫੇਰ-ਬਦਲ ਕਰ ਸਕਦੇ ਹੋ?
“ਕਦੇ-ਕਦੇ ਮੈਂ ਬਹੁਤ ਜ਼ਿਆਦਾ ਕੈਲਰੀ ਵਾਲਾ ਖਾਣਾ ਖਾਂਦੀ ਸੀ ਤੇ ਕਦੇ-ਕਦੇ ਬਹੁਤ ਘੱਟ ਕੈਲਰੀ ਵਾਲਾ। ਫਿਰ ਮੈਂ ਫ਼ੈਸਲਾ ਕੀਤਾ ਕਿ ਮੈਂ ਕੈਲਰੀਆਂ ਨੂੰ ਗਿਣਨਾ ਬੰਦ ਕਰ ਦਿਆਂਗੀ, ਹੱਦੋਂ ਵੱਧ ਨਹੀਂ ਖਾਵਾਂਗੀ ਅਤੇ ਢਿੱਡ ਭਰਨ ʼਤੇ ਖਾਣਾ ਬੰਦ ਕਰ ਦਿਆਂਗੀ। ਇਹ ਆਦਤ ਪਾਉਣ ਵਿਚ ਸਮਾਂ ਲੱਗਾ, ਪਰ ਹੁਣ ਮੈਂ ਸੰਤੁਲਿਤ ਭੋਜਨ ਖਾਂਦੀ ਹਾਂ।”—ਹੇਲੀ।
ਮੈਂ ਬਾਕਾਇਦਾ ਸੰਤੁਲਿਤ ਭੋਜਨ ਕਿਵੇਂ ਖਾਂਦਾ ਰਹਿ ਸਕਦਾ ਹਾਂ?
ਪਹਿਲਾਂ ਤੋਂ ਹੀ ਸੋਚੋ। ਬਾਈਬਲ ਕਹਿੰਦੀ ਹੈ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।” (ਕਹਾਉਤਾਂ 21:5, Common Language) ਪੌਸ਼ਟਿਕ ਚੀਜ਼ਾਂ ਖਾਣ-ਪੀਣ ਦੀ ਆਦਤ ਪਾਉਣ ਲਈ ਤੁਹਾਨੂੰ ਯੋਜਨਾ ਬਣਾਉਣ ਦੀ ਲੋੜ ਹੈ।
“ਪੌਸ਼ਟਿਕ ਖਾਣਾ ਖਾਣ ਲਈ ਯੋਜਨਾ ਬਣਾਉਣ ਦੀ ਲੋੜ ਪੈਂਦੀ ਹੈ ਅਤੇ ਅਕਸਰ ਪੌਸ਼ਟਿਕ ਖਾਣਾ ਘਰ ਹੀ ਬਣਾਉਣਾ ਪੈਂਦਾ ਹੈ। ਪਰ ਇੱਦਾਂ ਕਰਨ ਦੇ ਅੱਗੇ ਚੱਲ ਕੇ ਵਧੀਆ ਨਤੀਜੇ ਨਿਕਲਣਗੇ ਤੇ ਇਸ ਨਾਲ ਤੁਹਾਡੇ ਪੈਸੇ ਵੀ ਬਚਣਗੇ।”—ਟੌਮਸ।
ਅਸੰਤੁਲਿਤ ਭੋਜਨ ਖਾਣ ਦੀਆਂ ਆਦਤਾਂ ਬਦਲੋ। ਬਾਈਬਲ ਕਹਿੰਦੀ ਹੈ: “ਬੁੱਧ . . . ਨੂੰ ਆਪਣੇ ਤੋਂ ਵੱਖ ਨਾ ਹੋਣ ਦੇ।” (ਕਹਾਉਤਾਂ 3:21, Common Language) ਬੁੱਧ ਵੱਖੋ-ਵੱਖਰੇ ਤਰੀਕਿਆਂ ਨਾਲ ਪੌਸ਼ਟਿਕ ਭੋਜਨ ਦੀ ਚੋਣ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ ਅਤੇ ਵਧੀਆ ਖਾਣਾ ਖਾਣ ਦੀ ਆਦਤ ਪੈਦਾ ਕਰ ਸਕਦੀ ਹੈ।
“ਹਰ ਦਿਨ ਮੈਂ ਕੋਈ ਸਿਹਤ ʼਤੇ ਬੁਰਾ ਅਸਰ ਪਾਉਣ ਵਾਲੀ ਕੋਈ ਚੀਜ਼ ਖਾਣ ਦੀ ਬਜਾਇ ਸਰੀਰ ਨੂੰ ਤੰਦਰੁਸਤ ਬਣਾਉਣ ਵਾਲੀ ਕੋਈ ਚੀਜ਼ ਖਾਣੀ ਸ਼ੁਰੂ ਕੀਤੀ। ਮਿਸਾਲ ਲਈ, ਚਾਕਲੇਟ ਖਾਣ ਦੀ ਬਜਾਇ ਮੈਂ ਸੇਬ ਖਾਂਦੀ ਸੀ। ਥੋੜ੍ਹੇ ਹੀ ਸਮੇਂ ਵਿਚ ਮੈਂ ਕਈ ਫ਼ਾਇਦੇਮੰਦ ਚੀਜ਼ਾਂ ਖਾਣ ਲੱਗ ਪਈ!”—ਕੀਆ।
ਖ਼ੁਦ ਤੋਂ ਜ਼ਿਆਦਾ ਉਮੀਦ ਨਾ ਰੱਖੋ। ਬਾਈਬਲ ਕਹਿੰਦੀ ਹੈ: “ਅਨੰਦ ਨਾਲ ਆਪਣੀ ਰੋਟੀ ਖਾਹ।” (ਉਪਦੇਸ਼ਕ ਦੀ ਪੋਥੀ 9:7) ਸੰਤੁਲਿਤ ਖਾਣਾ ਖਾਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ ਖਾਣੇ ਦਾ ਮਜ਼ਾ ਨਹੀਂ ਲੈ ਸਕਦੇ ਤੇ ਤੁਹਾਨੂੰ ਹਰ ਬੁਰਕੀ ਖਾਣ ਤੋਂ ਪਹਿਲਾਂ ਚਿੰਤਾ ਕਰਨ ਦੀ ਲੋੜ ਹੈ। ਭਾਵੇਂ ਕਿ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ, ਪਰ ਯਾਦ ਰੱਖੋ ਕਿ ਤੁਹਾਡਾ ਮਕਸਦ ਸਿਹਤਮੰਦ ਬਣਨਾ ਹੈ। ਇਸ ਲਈ ਖ਼ੁਦ ਤੋਂ ਜ਼ਿਆਦਾ ਉਮੀਦ ਨਾ ਰੱਖੋ।
“ਹਾਲ ਹੀ ਵਿਚ ਮੈਂ ਲਗਭਗ 13 ਕਿਲੋ ਭਾਰ ਘਟਾਇਆ ਹੈ। ਉਸ ਸਮੇਂ ਦੌਰਾਨ ਮੈਂ ਕਦੇ ਵੀ ਭੁੱਖੀ ਨਹੀਂ ਰਹੀ, ਖਾਣੇ ਦੇ ਪੰਜਾਂ ਸਮੂਹਾਂ ਵਿੱਚੋਂ ਕਿਸੇ ਵੀ ਇਕ ਸਮੂਹ ਨੂੰ ਘਟਾਇਆ ਨਹੀਂ ਜਾਂ ਮਿੱਠਾ ਖਾਣ ਕਰਕੇ ਦੋਸ਼ੀ ਮਹਿਸੂਸ ਨਹੀਂ ਕੀਤਾ। ਮੈਨੂੰ ਅਹਿਸਾਸ ਹੋ ਗਿਆ ਸੀ ਕਿ ਮੇਰਾ ਭਾਰ ਇਕਦਮ ਨਹੀਂ ਘਟੇਗਾ ਅਤੇ ਖਾਣੇ ਪ੍ਰਤੀ ਮੈਨੂੰ ਆਪਣੇ ਰਵੱਈਏ ਨੂੰ ਬਦਲਣ ਦੀ ਲੋੜ ਹੈ।”—ਮੈਲਨੀ।