ਪਰਿਵਾਰ ਦੀ ਮਦਦ ਲਈ | ਮਾਪੇ
ਬੱਚਿਆਂ ਨੂੰ ਪਲੇਅ ਸਕੂਲ ਵਿਚ ਭੇਜਣਾ ਚਾਹੀਦਾ ਹੈ ਜਾਂ ਨਹੀਂ?
ਕੰਮਾਂ-ਕਾਰਾਂ ਤੇ ਜਾਣ ਵਾਲੇ ਕਈ ਮਾਪੇ ਆਪਣੇ ਉਨ੍ਹਾਂ ਬੱਚਿਆਂ ਨੂੰ ਪਲੇਅ ਸਕੂਲ ਭੇਜਣ ਦਾ ਫ਼ੈਸਲਾ ਕਰਦੇ ਹਨ ਜਿਨ੍ਹਾਂ ਦੀ ਸਕੂਲ ਜਾਣ ਦੀ ਉਮਰ ਨਹੀਂ ਹੁੰਦੀ। ਇਹ ਸਕੂਲ ਵੀ ਆਮ ਕਲਾਸਾਂ ਵਾਂਗ ਹੀ ਹੁੰਦਾ ਹੈ। ਕੀ ਇਹ ਤੁਹਾਡੇ ਬੱਚੇ ਲਈ ਚੰਗਾ ਹੋਵੇਗਾ?
ਤੁਹਾਨੂੰ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
ਜੇ ਤੁਹਾਡਾ ਬੱਚਾ ਪਲੇਅ ਸਕੂਲ ਜਾਂਦਾ ਹੈ, ਤਾਂ ਕੀ ਇਸ ਦਾ ਬੱਚੇ ਨਾਲ ਤੁਹਾਡੇ ਰਿਸ਼ਤੇ ʼਤੇ ਅਸਰ ਪਵੇਗਾ? ਜੀ ਹਾਂ, ਇੱਦਾਂ ਹੋ ਸਕਦਾ ਹੈ। ਸ਼ੁਰੂ-ਸ਼ੁਰੂ ਦੇ ਸਾਲਾਂ ਵਿਚ ਬੱਚੇ ਦਾ ਦਿਮਾਗ਼ ਤੇਜ਼ੀ ਨਾਲ ਵਿਕਸਿਤ ਹੁੰਦਾ ਹੈ। ਉਹ ਉਸ ਵਿਅਕਤੀ ਦੇ ਨੇੜੇ ਹੋ ਜਾਂਦਾ ਹੈ ਜਿਸ ਨਾਲ ਉਹ ਆਪਣਾ ਜ਼ਿਆਦਾਤਰ ਸਮਾਂ ਬਿਤਾਉਂਦਾ ਹੈ। ਇਸ ਲਈ ਇਸ ਅਹਿਮ ਸਮੇਂ ਦੌਰਾਨ ਜਿੰਨਾ ਹੋ ਸਕੇ, ਆਪਣੇ ਬੱਚੇ ਨਾਲ ਸਮਾਂ ਬਿਤਾਓ।—ਬਿਵਸਥਾ ਸਾਰ 6:6, 7.
ਬੱਚੇ ਨੂੰ ਪਲੇਅ ਸਕੂਲ ਭੇਜਣ ਵਾਲੇ ਮਾਪਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨਾਲ ਕਰੀਬੀ ਰਿਸ਼ਤਾ ਕਿਵੇਂ ਬਣਾ ਕੇ ਰੱਖਣਗੇ।
ਕੀ ਤੁਹਾਡੇ ਬੱਚੇ ʼਤੇ ਤੁਹਾਡੇ ਨਾਲੋਂ ਜ਼ਿਆਦਾ ਪਲੇਅ ਸਕੂਲ ਦਾ ਪ੍ਰਭਾਵ ਪਵੇਗਾ? ਜੀ ਹਾਂ, ਇੱਦਾਂ ਹੋ ਸਕਦਾ ਹੈ। ਇਕ ਕਿਤਾਬ ਮੁਤਾਬਕ, “ਛੋਟੇ ਬੱਚੇ ਇਕ-ਦੂਜੇ ਨਾਲ ਜਿੰਨਾ ਜ਼ਿਆਦਾ ਸਮਾਂ ਬਿਤਾਉਂਦੇ ਹਨ, ਉਨ੍ਹਾਂ ʼਤੇ ਇਕ-ਦੂਜੇ ਦਾ ਉੱਨਾ ਹੀ ਜ਼ਿਆਦਾ ਪ੍ਰਭਾਵ ਪੈਂਦਾ ਹੈ।”—Hold On to Your Kids.
ਜਿਹੜੇ ਮਾਪੇ ਆਪਣੇ ਬੱਚੇ ਨੂੰ ਪਲੇਅ ਸਕੂਲ ਭੇਜਣ ਬਾਰੇ ਸੋਚਦੇ ਹਨ, ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਦੀ ਜ਼ਿੰਦਗੀ ʼਤੇ ਜ਼ਿਆਦਾ ਪ੍ਰਭਾਵ ਪਾ ਸਕਣਗੇ ਜਾਂ ਨਹੀਂ।
ਕੀ ਬੱਚੇ ਨੂੰ ਪਲੇਅ ਸਕੂਲ ਭੇਜਣਾ ਅੱਗੋਂ ਦੀ ਪੜ੍ਹਾਈ ਲਈ ਫ਼ਾਇਦੇਮੰਦ ਹੋਵੇਗਾ? ਕੁਝ ਲੋਕਾਂ ਦਾ ਕਹਿਣਾ ਹੈ ਕਿ ਹਾਂ ਫ਼ਾਇਦੇਮੰਦ ਹੋਵੇਗਾ। ਪਰ ਕੁਝ ਹੋਰ ਲੋਕਾਂ ਦਾ ਕਹਿਣਾ ਹੈ ਕਿ ਪਲੇਅ ਸਕੂਲ ਜਾਣ ਨਾਲ ਬੱਚੇ ਦੀ ਸਿੱਖਣ ਦੀ ਕਾਬਲੀਅਤ ʼਤੇ ਮਾੜਾ-ਮੋਟਾ ਜਾਂ ਬਿਲਕੁਲ ਵੀ ਅਸਰ ਨਹੀਂ ਪੈਂਦਾ। ਚਾਹੇ ਲੋਕ ਜੋ ਵੀ ਕਹਿੰਦੇ ਹਨ, ਪਰ ਮਨੋਵਿਗਿਆਨੀ ਪਨੈੱਲਪੀ ਲੀਚ ਨੇ ਲਿਖਿਆ: “ਇਸ ਗੱਲ ʼਤੇ ਕਦੇ ਵੀ ਯਕੀਨ ਨਾ ਕਰੋ ਕਿ ‘ਸਕੂਲੀ ਪੜ੍ਹਾਈ’ ਦਾ ਤੁਹਾਡੇ ਬੱਚੇ ਨੂੰ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਫ਼ਾਇਦਾ ਹੋਵੇਗਾ। ਨਾਲੇ ਇਹ ਵੀ ਨਾ ਯਕੀਨ ਕਰੋ ਕਿ ਤੁਸੀਂ ਆਪਣੇ ਬੱਚੇ ਨੂੰ ਜਿੰਨੀ ਛੋਟੀ ਉਮਰ ਵਿਚ ਸਕੂਲ ਭੇਜੋਗੇ ਅਤੇ ਜਿੰਨੀ ਜ਼ਿਆਦਾ ਪੜ੍ਹਾਈ ਕਰਾਓਗੇ, ਉਸ ਨੂੰ ਉੱਨਾ ਹੀ ਜ਼ਿਆਦਾ ਫ਼ਾਇਦਾ ਹੋਵੇਗਾ। ਜੇ ਤੁਸੀਂ ਇਨ੍ਹਾਂ ਗੱਲਾਂ ʼਤੇ ਯਕੀਨ ਕਰੋਗੇ, ਤਾਂ ਸ਼ਾਇਦ ਤੁਹਾਨੂੰ ਇਸ ਗੱਲ ਦਾ ਅਹਿਸਾਸ ਵੀ ਨਾ ਹੋਵੇ ਕਿ ਜਨਮ ਤੋਂ ਹੀ ਤੁਸੀਂ ਆਪਣੇ ਬੱਚੇ ਨੂੰ ਜੋ ਗੱਲਾਂ ਸਿਖਾਈਆਂ ਹਨ, ਉਸ ਨੂੰ ਉਨ੍ਹਾਂ ਤੋਂ ਕਿੰਨਾ ਫ਼ਾਇਦਾ ਹੁੰਦਾ ਹੈ।”
ਮਾਪਿਆਂ ਨੂੰ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਬੱਚਿਆਂ ਨੂੰ ਪਲੇਅ ਸਕੂਲ ਭੇਜਣਾ ਫ਼ਾਇਦੇਮੰਦ ਤੇ ਜ਼ਰੂਰੀ ਹੈ ਜਾਂ ਨਹੀਂ।
ਕੀ ਤੁਸੀਂ ਜਾਂ ਤੁਹਾਡਾ ਸਾਥੀ ਘਰ ਰਹਿ ਕੇ ਆਪਣੇ ਬੱਚੇ ਦੀ ਪਰਵਰਿਸ਼ ਕਰ ਸਕਦਾ ਹੈ? ਕਈ ਵਾਰ ਦੇਖਣ ਨੂੰ ਆਇਆ ਹੈ ਕਿ ਪਤੀ-ਪਤਨੀ ਦੋਵੇਂ ਹੀ ਨੌਕਰੀ ਕਰਦੇ ਹਨ ਤਾਂਕਿ ਉਨ੍ਹਾਂ ਕੋਲ ਜ਼ਿਆਦਾ ਸੁੱਖ-ਸਹੂਲਤਾਂ ਹੋਣ। ਕੀ ਸੁੱਖ-ਸਹੂਲਤਾਂ ਜ਼ਿਆਦਾ ਜ਼ਰੂਰੀ ਹਨ ਜਾਂ ਬੱਚੇ ਨਾਲ ਸਮਾਂ ਬਿਤਾਉਣਾ?
ਮਾਪਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਆਪਣੇ ਖ਼ਰਚੇ ਘਟਾ ਸਕਦੇ ਹਨ ਤਾਂਕਿ ਇਕ ਜਣਾ ਘਰ ਰਹਿ ਕੇ ਬੱਚੇ ਦੀ ਪਰਵਰਿਸ਼ ਕਰ ਸਕੇ।
ਆਪਣੇ ਬੱਚੇ ਨੂੰ ਪਲੇਅ ਸਕੂਲ ਭੇਜਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਇਸ ਦੇ ਫ਼ਾਇਦੇ ਤੇ ਨੁਕਸਾਨ ਬਾਰੇ ਧਿਆਨ ਨਾਲ ਗੌਰ ਕਰੋ। ਜੇ ਤੁਹਾਡੇ ਪਰਿਵਾਰ ਨੂੰ ਬੱਚੇ ਨੂੰ ਪਲੇਅ ਸਕੂਲ ਵਿਚ ਭੇਜਣਾ ਠੀਕ ਲੱਗੇ, ਤਾਂ ਫਿਰ ਤੁਸੀਂ ਕੀ ਕਰੋਗੇ?
ਤੁਸੀਂ ਕੀ ਕਰ ਸਕਦੇ ਹੋ?
ਬਾਈਬਲ ਕਹਿੰਦੀ ਹੈ ਕਿ “ਹੁਸ਼ਿਆਰ ਇਨਸਾਨ ਹਰ ਕਦਮ ਸੋਚ-ਸਮਝ ਕੇ ਚੁੱਕਦਾ ਹੈ।” (ਕਹਾਉਤਾਂ 14:15) ਆਪਣੇ ਬੱਚੇ ਨੂੰ ਕਿਸੇ ਵੀ ਪਲੇਅ ਸਕੂਲ ਵਿਚ ਪਾਉਣ ਤੋਂ ਪਹਿਲਾਂ ਇਸ ਅਸੂਲ ʼਤੇ ਧਿਆਨ ਨਾਲ ਸੋਚ-ਵਿਚਾਰ ਕਰੋ।
ਜਾਣੋ ਕਿ ਤੁਸੀਂ ਕੀ-ਕੀ ਕਰ ਸਕਦੇ ਹੋ
ਕੁਝ ਮਾਪੇ ਆਪਣੇ ਬੱਚਿਆਂ ਨੂੰ ਅਜਿਹੇ ਪਲੇਅ ਸਕੂਲ ਵਿਚ ਪਾਉਣਾ ਚਾਹੁਣ ਜੋ ਕਿਸੇ ਦੇ ਘਰ ਵਿਚ ਹੋਵੇ ਜਾਂ ਫਿਰ ਜਿੱਥੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਇਕ-ਦੋ ਜਣੇ ਹੀ ਹੋਣ ਅਤੇ ਬੱਚੇ ਵੀ ਥੋੜ੍ਹੇ ਹੋਣ।
ਹੋਰ ਮਾਪੇ ਆਪਣੇ ਬੱਚੇ ਦੀ ਦੇਖ-ਭਾਲ ਕਰਨ ਲਈ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਦੇਖ-ਭਾਲ ਕਰਨ ਵਾਲੇ ਨੂੰ ਆਪਣੇ ਘਰ ਰੱਖਣ। ਜਾਂ ਮਾਪੇ ਦਿਨ ਵਿਚ ਕੁਝ ਘੰਟਿਆਂ ਲਈ ਕਿਸੇ ਨੂੰ ਬੱਚੇ ਦੀ ਦੇਖ-ਭਾਲ ਕਰਨ ਲਈ ਰੱਖਣ।
ਬੱਚੇ ਦੀ ਦੇਖ-ਭਾਲ ਕਰਨ ਲਈ ਤੁਸੀਂ ਜੋ ਵੀ ਤਰੀਕਾ ਚੁਣੋਗੇ, ਉਸ ਦੇ ਫ਼ਾਇਦੇ ਤੇ ਨੁਕਸਾਨ ਹੋਣਗੇ। ਇਸ ਲਈ ਕਿਉਂ ਨਾ ਹੋਰ ਮਾਪਿਆਂ ਨੂੰ ਪੁੱਛੋ ਕਿ ਉਨ੍ਹਾਂ ਨੇ ਕੀ ਕੀਤਾ ਸੀ। ਬਾਈਬਲ ਕਹਿੰਦੀ ਹੈ: “ਸਲਾਹ ਭਾਲਣ ਵਾਲਿਆਂ ਕੋਲ ਬੁੱਧ ਹੁੰਦੀ ਹੈ।”—ਕਹਾਉਤਾਂ 13:10.
ਜੇ ਤੁਸੀਂ ਆਪਣੇ ਬੱਚੇ ਨੂੰ ਕਿਸੇ ਪਲੇਅ ਸਕੂਲ ਵਿਚ ਪਾਉਣ ਦਾ ਫ਼ੈਸਲਾ ਕਰ ਲਿਆ ਹੈ, ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ . . .
ਉਸ ਸਕੂਲ ਬਾਰੇ ਜਾਣਕਾਰੀ ਲਓ
ਕੀ ਸਕੂਲ ਚਲਾਉਣ ਵਾਲਿਆਂ ਕੋਲ ਇਸ ਨੂੰ ਚਲਾਉਣ ਲਈ ਲਸੰਸ ਹੈ ਅਤੇ ਸਕੂਲ ਵਿਚ ਸਭ ਕੁਝ ਕਾਨੂੰਨ ਮੁਤਾਬਕ ਹੈ ਜਾਂ ਨਹੀਂ? ਕੀ ਸਕੂਲ ਦਾ ਸਟਾਫ਼ ਕਾਬਲ ਹੈ ਅਤੇ ਇਸ ਦਾ ਚੰਗਾ ਨਾਂ ਹੈ?
ਕੀ ਸਕੂਲ ਸਾਫ਼-ਸੁਥਰਾ ਹੈ ਅਤੇ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਂਦਾ?
ਬੱਚਿਆਂ ਨੂੰ ਉੱਥੇ ਕੀ-ਕੀ ਕਰਾਇਆ ਜਾਂਦਾ ਹੈ? a
ਬੱਚਿਆਂ ਦੀ ਦੇਖ-ਭਾਲ ਕਰਨ ਵਾਲਿਆਂ ਬਾਰੇ ਜਾਣੋ
ਕੀ ਉਨ੍ਹਾਂ ਨੇ ਕੋਈ ਸਿਖਲਾਈ ਲਈ ਹੈ? ਕੀ ਉਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਸਿਖਾਉਣ, ਫਸਟ ਏਡ ਦੇਣ ਅਤੇ ਮੂੰਹ ਰਾਹੀਂ ਸਾਹ ਦੇਣ ਦੀ ਸਿਖਲਾਈ ਲਈ ਹੈ?
ਕੀ ਤੁਸੀਂ ਜਾਂਚ ਕਰ ਸਕਦੇ ਹੋ ਕਿ ਤੁਹਾਡੇ ਬੱਚੇ ਦੇ ਦੇਖ-ਭਾਲ ਕਰਨ ਵਾਲੇ ਦਾ ਕੋਈ ਅਪਰਾਧਕ ਰਿਕਾਰਡ ਤਾਂ ਨਹੀਂ ਹੈ?
ਕੀ ਸਕੂਲ ਵਿਚ ਜਲਦੀ-ਜਲਦੀ ਸਟਾਫ਼ ਨੂੰ ਬਦਲਿਆ ਜਾਂਦਾ ਹੈ? ਜੇ ਇੱਦਾਂ ਹੁੰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਬੱਚੇ ਨੂੰ ਨਵੇਂ-ਨਵੇਂ ਲੋਕਾਂ ਮੁਤਾਬਕ ਆਪਣੇ ਆਪ ਨੂੰ ਢਾਲ਼ਦੇ ਰਹਿਣਾ ਪਵੇਗਾ।
ਸਕੂਲ ਵਿਚ ਬੱਚਿਆਂ ਦੀ ਦੇਖ-ਭਾਲ ਕਰਨ ਵਾਲੇ ਹਰ ਵਿਅਕਤੀ ਨੂੰ ਕਿੰਨੇ ਬੱਚਿਆਂ ਦੀ ਦੇਖ-ਭਾਲ ਕਰਨੀ ਪਵੇਗੀ? ਜੇ ਦੇਖ-ਭਾਲ ਕਰਨ ਵਾਲਾ ਇੱਕੋ ਸਮੇਂ ʼਤੇ ਕਈ ਬੱਚਿਆਂ ਦੀ ਦੇਖ-ਭਾਲ ਕਰਦਾ ਹੈ, ਤਾਂ ਉਹ ਤੁਹਾਡੇ ਬੱਚੇ ਵੱਲ ਪੂਰਾ-ਪੂਰਾ ਧਿਆਨ ਨਹੀਂ ਦੇ ਸਕੇਗਾ। ਬਿਨਾਂ ਸ਼ੱਕ, ਬੱਚੇ ਦੀ ਉਮਰ ਅਤੇ ਕਾਬਲੀਅਤ ʼਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਕਿੰਨੀ ਦੇਖ-ਭਾਲ ਦੀ ਲੋੜ ਹੈ।
ਕੀ ਬੱਚਿਆਂ ਦੀ ਦੇਖ-ਭਾਲ ਕਰਨ ਵਾਲਾ ਵਿਅਕਤੀ ਤੁਹਾਡੇ ਨਾਲ ਗੱਲਬਾਤ ਕਰਦਾ ਹੈ? ਬੱਚੇ ਬਾਰੇ ਤੁਹਾਡੀ ਜੋ ਵੀ ਚਿੰਤਾ ਹੈ, ਕੀ ਉਹ ਸੁਣਦਾ ਹੈ ਅਤੇ ਉਸ ਬਾਰੇ ਆਪ ਵੀ ਤੁਹਾਨੂੰ ਕੁਝ ਦੱਸਦਾ ਹੈ?
a ਉਦਾਹਰਣ ਲਈ, ਕੀ ਉੱਥੇ ਬੱਚੇ ਨੂੰ ਟੀ. ਵੀ ਸਾਮ੍ਹਣੇ ਬਿਠਾ ਦਿੱਤਾ ਜਾਂਦਾ ਹੈ ਜਾਂ ਕੀ ਉਸ ਨੂੰ ਸਿਖਾਇਆ ਅਤੇ ਖਿਡਾਇਆ ਜਾਂਦਾ ਹੈ।