Skip to content

ਯਿਸੂ ਦੇਖਣ ਨੂੰ ਕਿਹੋ ਜਿਹਾ ਸੀ?

ਯਿਸੂ ਦੇਖਣ ਨੂੰ ਕਿਹੋ ਜਿਹਾ ਸੀ?

ਬਾਈਬਲ ਕਹਿੰਦੀ ਹੈ

 ਕੋਈ ਨਹੀਂ ਜਾਣਦਾ ਕਿ ਯਿਸੂ ਦੇਖਣ ਨੂੰ ਕਿਹੋ ਜਿਹਾ ਲੱਗਦਾ ਸੀ ਕਿਉਂਕਿ ਬਾਈਬਲ ਵਿਚ ਉਸ ਦੇ ਰੰਗ-ਰੂਪ ਬਾਰੇ ਕੁਝ ਨਹੀਂ ਦੱਸਿਆ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਗੱਲ ਕੋਈ ਮਾਅਨੇ ਨਹੀਂ ਰੱਖਦੀ ਕਿ ਯਿਸੂ ਦੇਖਣ ਨੂੰ ਕਿਹੋ ਜਿਹਾ ਸੀ। ਫਿਰ ਵੀ ਬਾਈਬਲ ਤੋਂ ਉਸ ਦੇ ਰੰਗ-ਰੂਪ ਬਾਰੇ ਥੋੜ੍ਹਾ-ਬਹੁਤਾ ਜ਼ਰੂਰ ਪਤਾ ਲੱਗਦਾ ਹੈ।

  •   ਨੈਣ-ਨਕਸ਼: ਯਿਸੂ ਦੀ ਮਾਂ ਇਕ ਯਹੂਦਣ ਸੀ, ਇਸ ਲਈ ਉਸ ਨੂੰ ਆਪਣੇ ਨੈਣ-ਨਕਸ਼ ਆਪਣੀ ਮਾਂ ਤੋਂ ਹੀ ਮਿਲੇ ਹੋਣੇ ਅਤੇ ਉਹ ਯਹੂਦੀਆਂ ਵਰਗਾ ਦਿਸਦਾ ਹੋਣਾ। (ਇਬਰਾਨੀਆਂ 7:14) ਇੱਦਾਂ ਨਹੀਂ ਲੱਗਦਾ ਕਿ ਉਹ ਦੂਸਰਿਆਂ ਤੋਂ ਵੱਖਰਾ ਨਜ਼ਰ ਆਉਂਦਾ ਹੋਣਾ। ਮਿਸਾਲ ਲਈ, ਇਕ ਵਾਰ ਜਦੋਂ ਉਹ ਲੁਕ-ਛਿਪ ਕੇ ਗਲੀਲ ਤੋਂ ਯਰੂਸ਼ਲਮ ਜਾ ਰਿਹਾ ਸੀ, ਤਾਂ ਰਸਤੇ ਵਿਚ ਲੋਕ ਉਸ ਨੂੰ ਪਛਾਣ ਨਾ ਸਕੇ। (ਯੂਹੰਨਾ 7:10, 11) ਉਹ ਆਪਣੇ ਕਰੀਬੀ ਚੇਲਿਆਂ ਤੋਂ ਵੀ ਵੱਖਰਾ ਨਜ਼ਰ ਨਹੀਂ ਆਉਂਦਾ ਸੀ। ਯਾਦ ਕਰੋ, ਜਦੋਂ ਯਹੂਦਾ ਇਸਕਰਿਓਤੀ ਹਥਿਆਰਾਂ ਨਾਲ ਲੈਸ ਇਕ ਭੀੜ ਨਾਲ ਆਇਆ, ਤਾਂ ਉਸ ਨੇ ਯਿਸੂ ਨੂੰ ਚੁੰਮ ਕੇ ਉਸ ਦੀ ਪਛਾਣ ਕਰਵਾਈ ਤਾਂਕਿ ਭੀੜ ਉਸ ਨੂੰ ਗਿਰਫ਼ਤਾਰ ਕਰ ਸਕੇ।​—ਮੱਤੀ 26:47-49.

  •   ਵਾਲ਼ਾਂ ਦੀ ਲੰਬਾਈ: ਯਿਸੂ ਨੇ ਲੰਬੇ ਵਾਲ਼ ਨਹੀਂ ਰੱਖੇ ਹੋਣੇ ਕਿਉਂਕਿ ਬਾਈਬਲ ਵਿਚ ਲਿਖਿਆ ਹੈ ਕਿ “ਕੁਦਰਤੀ ਤੌਰ ਤੇ ਆਦਮੀ ਲਈ ਲੰਬੇ ਵਾਲ਼ ਰੱਖਣੇ ਸ਼ਰਮ ਦੀ ਗੱਲ ਹੈ।”​—1 ਕੁਰਿੰਥੀਆਂ 11:14.

  •   ਦਾੜ੍ਹੀ: ਯਿਸੂ ਦਾੜ੍ਹੀ ਰੱਖਦਾ ਸੀ। ਉਹ ਯਹੂਦੀ ਕਾਨੂੰਨ ਨੂੰ ਮੰਨਦਾ ਸੀ ਜਿਸ ਦੇ ਮੁਤਾਬਕ ਆਦਮੀਆਂ ਨੂੰ ਕਿਹਾ ਗਿਆ ਸੀ: “ਆਪਣੀ ਦਾੜ੍ਹੀ ਦੇ ਸਿਰੇ ਕੱਟ ਕੇ ਇਸ ਨੂੰ ਨਾ ਵਿਗਾੜੋ।” (ਲੇਵੀਆਂ 19:27; ਗਲਾਤੀਆਂ 4:4) ਇਸ ਤੋਂ ਇਲਾਵਾ, ਬਾਈਬਲ ਦੀ ਇਕ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਯਿਸੂ ਕਿਨ੍ਹਾਂ ਅਜ਼ਮਾਇਸ਼ਾਂ ਵਿੱਚੋਂ ਦੀ ਲੰਘੇਗਾ ਤੇ ਉਸ ਵਿਚ ਯਿਸੂ ਦੀ ਦਾੜ੍ਹੀ ਦਾ ਵੀ ਜ਼ਿਕਰ ਕੀਤਾ ਗਿਆ ਹੈ।​—ਯਸਾਯਾਹ 50:6.

  •   ਸਿਹਤ: ਬਾਈਬਲ ਤੋਂ ਇਸ ਗੱਲ ਦੇ ਕਈ ਸਬੂਤ ਮਿਲਦੇ ਹਨ ਕਿ ਯਿਸੂ ਹੱਟਾ-ਕੱਟਾ ਸੀ। ਆਪਣੀ ਸੇਵਕਾਈ ਦੌਰਾਨ ਉਸ ਨੇ ਕਈ ਮੀਲ ਪੈਦਲ ਸਫ਼ਰ ਕੀਤਾ। (ਮੱਤੀ 9:35) ਉਸ ਨੇ ਦੋ ਵਾਰ ਯਹੂਦੀਆਂ ਦਾ ਮੰਦਰ ਸ਼ੁੱਧ ਕੀਤਾ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਉਲਟਾ ਦਿੱਤੇ। ਇਕ ਵਾਰ ਤਾਂ ਉਸ ਨੇ ਕੋਰੜੇ ਨਾਲ ਸਾਰੇ ਪਸ਼ੂਆਂ ਨੂੰ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। (ਲੂਕਾ 19:45, 46; ਯੂਹੰਨਾ 2:14, 15) ਮੈਕਲਿਨਟੌਕ ਅਤੇ ਸਟਰੌਂਗ ਦਾ ਸਾਈਕਲੋਪੀਡੀਆ ਕਹਿੰਦਾ ਹੈ: “ਇੰਜੀਲ ਦੀਆਂ ਚਾਰਾਂ ਕਿਤਾਬਾਂ ਤੋਂ ਸਾਫ਼ ਪਤਾ ਚੱਲਦਾ ਹੈ ਕਿ ਯਿਸੂ ਸਿਹਤ ਪੱਖੋਂ ਕਾਫ਼ੀ ਤਕੜਾ ਤੇ ਤੰਦਰੁਸਤ ਸੀ।”—ਭਾਗ 4, ਸਫ਼ਾ 884.

  •   ਚਿਹਰੇ ਦੇ ਹਾਵ-ਭਾਵ: ਯਿਸੂ ਲੋਕਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਦਾ ਸੀ। ਸੋ ਕੋਈ ਸ਼ੱਕ ਨਹੀਂ ਕਿ ਉਸ ਦੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਇਹ ਦੋਨੋਂ ਗੁਣ ਸਾਫ਼ ਝਲਕਦੇ ਹੋਣੇ। (ਮੱਤੀ 11:28, 29) ਹਰ ਤਰ੍ਹਾਂ ਦੇ ਲੋਕ ਉਸ ਕੋਲ ਦਿਲਾਸਾ ਤੇ ਮਦਦ ਪਾਉਣ ਲਈ ਆਉਂਦੇ ਸਨ। (ਲੂਕਾ 5:12, 13; 7:37, 38) ਇੱਥੋਂ ਤਕ ਕਿ ਬੱਚੇ ਵੀ ਉਸ ਕੋਲ ਬੇਝਿਜਕ ਹੋ ਕੇ ਆਉਂਦੇ ਸਨ।​—ਮੱਤੀ 19:13-15; ਮਰਕੁਸ 9:35-37.

ਯਿਸੂ ਦੇ ਰੰਗ-ਰੂਪ ਬਾਰੇ ਗ਼ਲਤਫ਼ਹਿਮੀਆਂ

 ਗ਼ਲਤਫ਼ਹਿਮੀ: ਕੁਝ ਲੋਕਾਂ ਦਾ ਦਾਅਵਾ ਹੈ ਕਿ ਯਿਸੂ ਅਫ਼ਰੀਕੀ ਨਸਲ ਦਾ ਸੀ ਕਿਉਂਕਿ ਪ੍ਰਕਾਸ਼ ਦੀ ਕਿਤਾਬ ਵਿਚ ਲਿਖਿਆ ਹੈ ਕਿ ਉਸ ਦੇ ਵਾਲ਼ ਉੱਨ ਵਰਗੇ ਅਤੇ ਉਸ ਦੇ ਪੈਰ “ਲਿਸ਼ਕਦੇ ਖਾਲਸ ਤਾਂਬੇ ਵਰਗੇ ਸਨ।”​—ਪ੍ਰਕਾਸ਼ ਦੀ ਕਿਤਾਬ 1:14, 15.

 ਸੱਚਾਈ: ਪ੍ਰਕਾਸ਼ ਦੀ ਕਿਤਾਬ ਵਿਚ ਲਿਖੀਆਂ ਗੱਲਾਂ “ਨਿਸ਼ਾਨੀਆਂ ਰਾਹੀਂ” ਦੱਸੀਆਂ ਗਈਆਂ ਸਨ। (ਪ੍ਰਕਾਸ਼ ਦੀ ਕਿਤਾਬ 1:1) ਯਿਸੂ ਦੇ ਵਾਲ਼ਾਂ ਅਤੇ ਪੈਰਾਂ ਬਾਰੇ ਜੋ ਦੱਸਿਆ ਗਿਆ ਹੈ, ਉਹ ਇਸ ਗੱਲ ਦਾ ਵਰਣਨ ਨਹੀਂ ਹੈ ਕਿ ਉਹ ਧਰਤੀ ʼਤੇ ਹੁੰਦਿਆਂ ਕਿਹੋ ਜਿਹਾ ਦਿਸਦਾ ਸੀ। ਇਸ ਦੀ ਬਜਾਇ ਇਸ ਦਾ ਮਤਲਬ ਹੈ ਕਿ ਦੁਬਾਰਾ ਜੀਉਂਦੇ ਕੀਤੇ ਜਾਣ ਤੋਂ ਬਾਅਦ ਉਸ ਵਿਚ ਕਿਹੜੇ-ਕਿਹੜੇ ਗੁਣ ਸਨ। ਗੌਰ ਕਰੋ ਕਿ ਪ੍ਰਕਾਸ਼ ਦੀ ਕਿਤਾਬ 1:14 ਵਿਚ ਜਦੋਂ ਕਿਹਾ ਗਿਆ ਕਿ ਯਿਸੂ ਦੇ “ਸਿਰ ਦੇ ਵਾਲ਼ ਚਿੱਟੀ ਉੱਨ ਅਤੇ ਬਰਫ਼ ਵਾਂਗ ਚਿੱਟੇ ਸਨ,” ਤਾਂ ਇੱਥੇ ਉਸ ਦੇ ਵਾਲ਼ਾਂ ਦੀ ਬਣਤਰ ਦੀ ਨਹੀਂ, ਸਗੋਂ ਉਨ੍ਹਾਂ ਦੇ ਰੰਗ ਦੀ ਗੱਲ ਕੀਤੀ ਗਈ ਹੈ। ਵਾਲ਼ਾਂ ਦਾ ਚਿੱਟਾ ਹੋਣਾ ਇਹ ਦਿਖਾਉਂਦਾ ਹੈ ਕਿ ਵੱਡੀ ਉਮਰ ਹੋਣ ਕਰਕੇ ਉਸ ਕੋਲ ਬਹੁਤ ਬੁੱਧ ਹੈ। (ਪ੍ਰਕਾਸ਼ ਦੀ ਕਿਤਾਬ 3:14) ਅਸੀਂ ਇਹ ਕਿਵੇਂ ਜਾਣਦੇ ਹਾਂ ਕਿ ਆਇਤ ਵਿਚ ਵਾਲ਼ਾਂ ਦੇ ਰੰਗ ਦੀ ਗੱਲ ਕੀਤੀ ਗਈ ਹੈ, ਨਾ ਕਿ ਉਨ੍ਹਾਂ ਦੀ ਬਣਤਰ ਦੀ? ਕਿਉਂਕਿ ਉਸ ਦੇ ਵਾਲ਼ਾਂ ਦੀ ਤੁਲਨਾ ਸਿਰਫ਼ ਉੱਨ ਨਾਲ ਹੀ ਨਹੀਂ, ਸਗੋਂ ਬਰਫ਼ ਨਾਲ ਵੀ ਕੀਤੀ ਗਈ ਹੈ।

 ਯਿਸੂ ਦੇ “ਪੈਰ ਭੱਠੀ ਵਿਚ ਲਿਸ਼ਕਦੇ ਖਾਲਸ ਤਾਂਬੇ ਵਰਗੇ ਸਨ।” (ਪ੍ਰਕਾਸ਼ ਦੀ ਕਿਤਾਬ 1:15) ਨਾਲੇ “ਉਸ ਦਾ ਚਿਹਰਾ ਇੰਨਾ ਚਮਕ ਰਿਹਾ ਸੀ ਜਿਵੇਂ ਸੂਰਜ ਤੇਜ਼ ਚਮਕ ਰਿਹਾ ਹੋਵੇ।” (ਪ੍ਰਕਾਸ਼ ਦੀ ਕਿਤਾਬ 1:16) ਕੀ ਤੁਸੀਂ ਅਜਿਹੀ ਚਮੜੀ ਵਾਲਾ ਕੋਈ ਇਨਸਾਨ ਕਦੇ ਦੇਖਿਆ ਹੈ? ਨਹੀਂ, ਕਿਉਂਕਿ ਇਹ ਇਕ ਦਰਸ਼ਣ ਸੀ ਜੋ ਦਿਖਾਉਂਦਾ ਹੈ ਕਿ ਦੁਬਾਰਾ ਜੀਉਂਦੇ ਕੀਤੇ ਜਾਣ ਤੋਂ ਬਾਅਦ ਯਿਸੂ “ਉਸ ਚਾਨਣ ਵਿਚ ਵੱਸਦਾ ਹੈ ਜਿਸ ਦੇ ਨੇੜੇ ਜਾਣਾ ਨਾਮੁਮਕਿਨ ਹੈ।”​—1 ਤਿਮੋਥਿਉਸ 6:16.

 ਗ਼ਲਤਫ਼ਹਿਮੀ: ਯਿਸੂ ਇਕ ਕਮਜ਼ੋਰ ਤੇ ਮਰੀਅਲ ਆਦਮੀ ਸੀ।

 ਸੱਚਾਈ: ਯਿਸੂ ਬਹੁਤ ਹੀ ਹਿੰਮਤ ਵਾਲਾ ਸੀ। ਮਿਸਾਲ ਲਈ, ਜਦੋਂ ਹਥਿਆਰਾਂ ਨਾਲ ਲੈਸ ਇਕ ਭੀੜ ਉਸ ਨੂੰ ਗਿਰਫ਼ਤਾਰ ਕਰਨ ਆਈ, ਤਾਂ ਯਿਸੂ ਹਿੰਮਤ ਨਾਲ ਅੱਗੇ ਆਇਆ ਅਤੇ ਉਸ ਨੇ ਕਿਹਾ ਕਿ ਉਹੀ ਯਿਸੂ ਹੈ। (ਯੂਹੰਨਾ 18:4-8) ਯਿਸੂ ਹੱਟਾ-ਕੱਟਾ ਵੀ ਹੋਣਾ ਕਿਉਂਕਿ ਉਹ ਇਕ ਤਰਖਾਣ ਸੀ ਅਤੇ ਉਸ ਨੂੰ ਔਜ਼ਾਰਾਂ ਨਾਲ ਕੰਮ ਕਰਨਾ ਪੈਂਦਾ ਸੀ।—ਮਰਕੁਸ 6:3.

 ਤਾਂ ਫਿਰ ਯਿਸੂ ਨੂੰ ਆਪਣੀ ਤਸੀਹੇ ਦੀ ਸੂਲ਼ੀ ਚੁੱਕਣ ਲਈ ਕਿਸੇ ਦੀ ਮਦਦ ਦੀ ਲੋੜ ਕਿਉਂ ਪਈ? ਨਾਲੇ ਉਸ ਦੀ ਮੌਤ ਸੂਲ਼ੀ ʼਤੇ ਲਟਕਾਏ ਗਏ ਦੂਸਰੇ ਆਦਮੀਆਂ ਤੋਂ ਪਹਿਲਾਂ ਕਿਉਂ ਹੋ ਗਈ? (ਲੂਕਾ 23:26; ਯੂਹੰਨਾ 19:31-33) ਸੂਲ਼ੀ ʼਤੇ ਲਟਕਾਉਣ ਤੋਂ ਪਹਿਲਾਂ ਹੀ ਯਿਸੂ ਕਾਫ਼ੀ ਕਮਜ਼ੋਰ ਹੋ ਗਿਆ ਸੀ। ਉਹ ਪੂਰੀ ਰਾਤ ਸੁੱਤਾ ਨਹੀਂ ਸੀ ਕਿਉਂਕਿ ਉਸ ਦਾ ਮਨ ਬਹੁਤ ਦੁਖੀ ਅਤੇ ਪਰੇਸ਼ਾਨ ਸੀ। (ਲੂਕਾ 22:42-44) ਪੂਰੀ ਰਾਤ ਯਹੂਦੀ ਲੋਕਾਂ ਨੇ ਉਸ ਨਾਲ ਬੁਰਾ ਸਲੂਕ ਕੀਤਾ ਅਤੇ ਅਗਲੇ ਦਿਨ ਸਵੇਰੇ ਰੋਮੀ ਲੋਕਾਂ ਨੇ ਉਸ ਨੂੰ ਬੇਰਹਿਮੀ ਨਾਲ ਮਾਰਿਆ-ਕੁੱਟਿਆ। (ਮੱਤੀ 26:67, 68; ਯੂਹੰਨਾ 19:1-3) ਸ਼ਾਇਦ ਇਨ੍ਹਾਂ ਕਾਰਨਾਂ ਕਰਕੇ ਉਸ ਦੀ ਮੌਤ ਜਲਦੀ ਹੋ ਗਈ।

 ਗ਼ਲਤਫ਼ਹਿਮੀ: ਯਿਸੂ ਹਮੇਸ਼ਾ ਗੰਭੀਰ ਅਤੇ ਉਦਾਸ ਰਹਿੰਦਾ ਸੀ।

 ਸੱਚਾਈ: ਯਿਸੂ ਨੇ ਹੂ-ਬ-ਹੂ ਆਪਣੇ ਪਿਤਾ ਯਹੋਵਾਹ ਵਰਗੇ ਗੁਣ ਜ਼ਾਹਰ ਕੀਤੇ ਅਤੇ ਬਾਈਬਲ ਦੱਸਦੀ ਹੈ ਕਿ ਯਹੋਵਾਹ “ਖ਼ੁਸ਼ਦਿਲ ਪਰਮੇਸ਼ੁਰ” ਹੈ। (1 ਤਿਮੋਥਿਉਸ 1:11; ਯੂਹੰਨਾ 14:9) ਇੰਨਾ ਹੀ ਨਹੀਂ, ਯਿਸੂ ਨੇ ਦੂਸਰਿਆਂ ਨੂੰ ਵੀ ਖ਼ੁਸ਼ ਰਹਿਣਾ ਸਿਖਾਇਆ। (ਮੱਤੀ 5:3-9; ਲੂਕਾ 11:28) ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਹੱਸ-ਮੁੱਖ ਸੀ ਅਤੇ ਉਸ ਦੇ ਚਿਹਰੇ ਤੋਂ ਅਕਸਰ ਖ਼ੁਸ਼ੀ ਝਲਕਦੀ ਹੋਣੀ।