Skip to content

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ​—ਬਲਗੇਰੀਆ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ​—ਬਲਗੇਰੀਆ

 ਬਲਗੇਰੀਆ ਵਿਚ ਯਹੋਵਾਹ ਦੇ ਗਵਾਹ ਦੂਜਿਆਂ ਨੂੰ ਪਰਮੇਸ਼ੁਰ ਅਤੇ ਉਸ ਦੇ ਬਚਨ ਬਾਈਬਲ ਬਾਰੇ ਸਿਖਾਉਣ ਵਿਚ ਰੁੱਝੇ ਹੋਏ ਹਨ। ਉਨ੍ਹਾਂ ਦੀ ਮਦਦ ਕਰਨ ਲਈ ਹੋਰ ਦੇਸ਼ਾਂ ਤੋਂ ਸੈਂਕੜੇ ਹੀ ਭੈਣ-ਭਰਾ ਸਾਲ 2000 ਤੋਂ ਬਲਗੇਰੀਆ ਗਏ ਹਨ। ਹੋਰ ਕਿਸੇ ਦੇਸ਼ ਵਿਚ ਜਾ ਕੇ ਪ੍ਰਚਾਰ ਕਰਨ ਕਰਕੇ ਕਿਹੜੀਆਂ ਚੁਣੌਤੀਆਂ ਆਉਂਦੀਆਂ ਹਨ? ਇੱਦਾਂ ਕਰਨ ਕਰਕੇ ਕਿਹੜੀਆਂ ਬਰਕਤਾਂ ਮਿਲਦੀਆਂ ਹਨ? ਆਓ ਆਪਾਂ ਉਨ੍ਹਾਂ ਭੈਣਾਂ-ਭਰਾਵਾਂ ਤੋਂ ਸੁਣੀਏ ਜੋ ਬਲਗੇਰੀਆ ਗਏ ਹਨ।

ਟੀਚਾ ਰੱਖੋ

 ਇੰਗਲੈਂਡ ਵਿਚ ਰਹਿਣ ਵਾਲਾ ਡੈਰਨ ਕਹਿੰਦਾ ਹੈ: “ਅਸੀਂ ਹਮੇਸ਼ਾ ਉਸ ਦੇਸ਼ ਵਿਚ ਜਾ ਕੇ ਸੇਵਾ ਕਰਨੀ ਚਾਹੁੰਦੇ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਡੌਨ ਨਾਲ ਵਿਆਹ ਕਰਾਉਣ ਤੋਂ ਬਾਅਦ ਅਸੀਂ ਲੰਡਨ ਚਲੇ ਗਏ ਜਿੱਥੇ ਅਸੀਂ ਲੋਕਾਂ ਨੂੰ ਰੂਸੀ ਭਾਸ਼ਾ ਵਿਚ ਪ੍ਰਚਾਰ ਕਰਦੇ ਸੀ ਤੇ ਸਟੱਡੀਆਂ ਕਰਾਉਂਦੇ ਸੀ। ਅਸੀਂ ਕਈ ਵਾਰ ਹੋਰ ਦੇਸ਼ ਵਿਚ ਜਾ ਕੇ ਸੇਵਾ ਕਰਨ ਦੀ ਯੋਜਨਾ ਬਣਾਈ, ਪਰ ਕਈ ਕਾਰਨਾਂ ਕਰਕੇ ਅਸੀਂ ਨਹੀਂ ਜਾ ਸਕੇ। ਅਸੀਂ ਕਿਸੇ ਹੋਰ ਦੇਸ਼ ਜਾਣ ਦਾ ਇਰਾਦਾ ਛੱਡ ਹੀ ਦਿੱਤਾ ਸੀ, ਪਰ ਫਿਰ ਇਕ ਦੋਸਤ ਨੇ ਸਾਡੀ ਇਹ ਦੇਖਣ ਵਿਚ ਮਦਦ ਕੀਤੀ ਕਿ ਸਾਡੇ ਹਾਲਾਤ ਬਦਲ ਗਏ ਹਨ ਅਤੇ ਅਸੀਂ ਆਪਣੇ ਟੀਚੇ ਨੂੰ ਹਾਸਲ ਕਰ ਸਕਦੇ ਹਾਂ।” ਡੈਰਨ ਤੇ ਡੌਨ ਨੇ ਦੇਖਿਆ ਕਿ ਕਿਸ ਦੇਸ਼ ਵਿਚ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਤੇ ਉਹ ਕਿੱਥੇ ਜਾ ਸਕਦੇ ਹਨ। 2011 ਵਿਚ ਉਹ ਬਲਗੇਰੀਆ ਚਲੇ ਗਏ।

ਡੈਰਨ ਤੇ ਡੌਨ

 ਹੋਰ ਦੇਸ਼ ਜਾ ਕੇ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਦੀ ਵਧੀਆ ਮਿਸਾਲ ਨੇ ਉਨ੍ਹਾਂ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਜਿਨ੍ਹਾਂ ਦਾ ਹੋਰ ਦੇਸ਼ ਜਾ ਕੇ ਸੇਵਾ ਕਰਨ ਦਾ ਇਰਾਦਾ ਨਹੀਂ ਸੀ। ਜਾਡਾ ਤੇ ਉਸ ਦਾ ਪਤੀ ਲੂਕਾ ਇਟਲੀ ਵਿਚ ਰਹਿੰਦੇ ਸਨ। ਜਾਡਾ ਦੱਸਦੀ ਹੈ: “ਅਸੀਂ ਉਨ੍ਹਾਂ ਜੋਸ਼ੀਲੀਆਂ ਭੈਣਾਂ ਨੂੰ ਮਿਲੇ ਜੋ ਖ਼ੁਸ਼ੀ-ਖ਼ੁਸ਼ੀ ਦੱਖਣੀ ਅਮਰੀਕਾ ਤੇ ਅਫ਼ਰੀਕਾ ਵਿਚ ਸੇਵਾ ਕਰ ਰਹੀਆਂ ਸਨ। ਉਨ੍ਹਾਂ ਦੀ ਖ਼ੁਸ਼ੀ ਅਤੇ ਤਜਰਬਿਆਂ ਦਾ ਸਾਡੇ ਉੱਤੇ ਗਹਿਰਾ ਅਸਰ ਪਿਆ। ਇਸ ਕਰਕੇ ਅਸੀਂ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚਿਆਂ ਵਿਚ ਫੇਰ-ਬਦਲ ਕਰ ਸਕੇ।”

ਲੂਕਾ ਤੇ ਜਾਡਾ

 2015 ਵਿਚ ਟੋਮਾਸ਼ ਅਤੇ ਵੀਰੋਨੀਕਾ ਆਪਣੇ ਦੋ ਬੱਚਿਆਂ, ਕਲਾਰਾ ਅਤੇ ਮੱਥਿਆਸ, ਨਾਲ ਚੈੱਕ ਗਣਰਾਜ ਤੋਂ ਬਲਗੇਰੀਆ ਚਲੇ ਗਏ। ਕਿਹੜੀ ਗੱਲ ਨੇ ਉਨ੍ਹਾਂ ਨੂੰ ਉੱਥੇ ਜਾਣ ਲਈ ਪ੍ਰੇਰਿਤ ਕੀਤਾ? ਟੋਮਾਸ਼ ਕਹਿੰਦਾ ਹੈ: “ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਉੱਤੇ ਧਿਆਨ ਨਾਲ ਸੋਚ-ਵਿਚਾਰ ਕੀਤਾ ਜੋ ਕਿਸੇ ਹੋਰ ਦੇਸ਼ ਵਿਚ ਸੇਵਾ ਕਰਨ ਗਏ ਸਨ ਜਿਨ੍ਹਾਂ ਵਿਚ ਸਾਡੇ ਰਿਸ਼ਤੇਦਾਰ ਵੀ ਸਨ। ਅਸੀਂ ਉਨ੍ਹਾਂ ਵੱਲੋਂ ਦੱਸੇ ਕੁਝ ਤਜਰਬਿਆਂ ʼਤੇ ਗੌਰ ਕੀਤਾ। ਅਸੀਂ ਉਨ੍ਹਾਂ ਦੀ ਖ਼ੁਸ਼ੀ ਦੇਖ ਕੇ ਹੈਰਾਨ ਸੀ ਤੇ ਘਰ ਵਿਚ ਅਸੀਂ ਇਸ ਬਾਰੇ ਗੱਲ ਕਰਦੇ ਸੀ।” ਹੁਣ ਇਹ ਪਰਿਵਾਰ ਬਲਗੇਰੀਆ ਦੇ ਮੋਨਤਾਨਾ ਸ਼ਹਿਰ ਵਿਚ ਖ਼ੁਸ਼ੀ-ਖ਼ੁਸ਼ੀ ਸੇਵਾ ਕਰ ਰਿਹਾ ਹੈ।

ਕਲਾਰਾ, ਟੋਮਾਸ਼, ਵੀਰੋਨੀਕਾ ਤੇ ਮੱਥਿਆਸ

 ਲੀਨਾ a ਨਾਂ ਦੀ ਇਕ ਹੋਰ ਭੈਣ ਬਲਗੇਰੀਆ ਸੇਵਾ ਕਰਨ ਗਈ। ਉਹ ਦੱਸਦੀ ਹੈ: “ਬਹੁਤ ਸਾਲ ਪਹਿਲਾਂ ਮੈਂ ਇਕਵੇਡਾਰ ਗਈ ਸੀ ਅਤੇ ਮੈਂ ਉੱਥੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਮਿਲੀ ਜੋ ਕਿਸੇ ਹੋਰ ਦੇਸ਼ ਤੋਂ ਉੱਥੇ ਸੇਵਾ ਕਰਨ ਆਏ ਸਨ। ਉਦੋਂ ਮੈਂ ਸੋਚਿਆ ਕਿ ਕਿਸੇ ਦਿਨ ਮੈਂ ਵੀ ਉੱਥੇ ਜਾ ਕੇ ਸੇਵਾ ਕਰਾਂਗੀ ਜਿੱਥੇ ਪ੍ਰਚਾਰਕਾਂ ਦਾ ਜ਼ਿਆਦਾ ਲੋੜ ਹੈ।” ਫਿਨਲੈਂਡ ਤੋਂ ਪੈਤਰੇ ਅਤੇ ਨਾਡੀਆ ਨੇ ਵੀ ਦੂਜਿਆਂ ਦੀਆਂ ਮਿਸਾਲਾਂ ʼਤੇ ਸੋਚ-ਵਿਚਾਰ ਕੀਤਾ। ਉਹ ਦੱਸਦੇ ਹਨ: “ਸਾਡੀ ਆਪਣੀ ਮੰਡਲੀ ਵਿਚ ਕੁਝ ਤਜਰਬੇਕਾਰ ਪ੍ਰਚਾਰਕ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਣ ਲਈ ਹੋਰ ਥਾਵਾਂ ʼਤੇ ਗਏ ਸਨ। ਉਹ ਹਮੇਸ਼ਾ ਬੜੇ ਜੋਸ਼ ਨਾਲ ਉਸ ਸਮੇਂ ਬਾਰੇ ਗੱਲਾਂ ਕਰਦੇ ਸਨ ਜਦੋਂ ਉਨ੍ਹਾਂ ਨੇ ਕਿਸੇ ਹੋਰ ਜਗ੍ਹਾ ਜਾ ਕੇ ਸੇਵਾ ਕੀਤੀ ਸੀ। ਉਹ ਕਹਿੰਦੇ ਸਨ ਕਿ ਉਹ ਸਮਾਂ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਸੀ।”

ਲੀਨਾ

ਨਾਡੀਆ ਤੇ ਪੈਤਰੇ

ਪਹਿਲਾਂ ਤੋਂ ਹੀ ਤਿਆਰੀ

 ਹੋਰ ਦੇਸ਼ ਜਾ ਕੇ ਸੇਵਾ ਕਰਨ ਵਾਲਿਆਂ ਲਈ ਪਹਿਲਾਂ ਤੋਂ ਹੀ ਤਿਆਰੀ ਕਰਨੀ ਜ਼ਰੂਰੀ ਹੈ। (ਲੂਕਾ 14:28-30) ਨੇਲੇ ਦੱਸਦੀ ਹੈ: “ਜਦੋਂ ਮੈਂ ਕਿਸੇ ਹੋਰ ਦੇਸ਼ ਜਾ ਕੇ ਸੇਵਾ ਕਰਨ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕੀਤਾ, ਤਾਂ ਮੈਂ ਪ੍ਰਾਰਥਨਾ ਕੀਤੀ ਤੇ ਆਪਣੇ ਪ੍ਰਕਾਸ਼ਨਾਂ ਵਿੱਚੋਂ ਇਸ ਨਾਲ ਸੰਬੰਧਿਤ ਲੇਖ ਪੜ੍ਹਨੇ ਸ਼ੁਰੂ ਕੀਤੇ। ਮੈਂ ਉਨ੍ਹਾਂ ਦੀ ਸਟੱਡੀ ਕਰਦੀ ਸੀ ਅਤੇ ਦੇਖਣ ਦੀ ਕੋਸ਼ਿਸ਼ ਕਰਦੀ ਸੀ ਕਿ ਮੈਨੂੰ ਕਿਹੜੀਆਂ ਗੱਲਾਂ ʼਤੇ ਕੰਮ ਕਰਨ ਦੀ ਲੋੜ ਹੈ।”

ਨੇਲੇ (ਸੱਜੇ)

 ਪੋਲੈਂਡ ਦੇ ਰਹਿਣ ਵਾਲੇ ਕ੍ਰਿਸਟੀਆਨ ਤੇ ਈਰਮੀਨਾ ਨੂੰ ਬਲਗੇਰੀਆ ਗਿਆਂ ਨੂੰ ਨੌਂ ਸਾਲ ਹੋ ਗਏ ਹਨ। ਉਹ ਮੰਨਦੇ ਹਨ ਕਿ ਬਲਗੇਰੀਆ ਜਾਣ ਤੋਂ ਪਹਿਲਾਂ ਪੋਲੈਂਡ ਵਿਚ ਹੀ ਬਲਗੇਰੀਅਨ ਭਾਸ਼ਾ ਦੇ ਗਰੁੱਪ ਵਿਚ ਜਾ ਕੇ ਸੇਵਾ ਕਰਨ ਦਾ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਇਆ। ਉਸ ਗਰੁੱਪ ਦੇ ਭੈਣਾਂ-ਭਰਾਵਾਂ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਭਾਸ਼ਾ ਸਿੱਖਣ ਵਿਚ ਉਨ੍ਹਾਂ ਦੀ ਮਦਦ ਕੀਤੀ। ਕ੍ਰਿਸਟੀਆਨ ਤੇ ਈਰਮੀਨਾ ਦੱਸਦੇ ਹਨ: “ਸਾਨੂੰ ਅਹਿਸਾਸ ਹੋਇਆ ਹੈ ਕਿ ਉਦੋਂ ਕਿੰਨਾ ਵਧੀਆ ਲੱਗਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਤੇ ਦੇਖਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਸਾਡੀਆਂ ਲੋੜਾਂ ਕਿਵੇਂ ਪੂਰੀਆਂ ਕਰਦਾ ਹੈ। ਜਦੋਂ ਅਸੀਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਨੂੰ ਕਹਿੰਦੇ ਹਾਂ, ‘ਮੈਂ ਹਾਜ਼ਰ ਹਾਂ, ਮੈਨੂੰ ਘੱਲੋ!, ਤਾਂ ਅਸੀਂ ਉਹ ਕੰਮ ਕਰ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਕਰਨ ਬਾਰੇ ਸੋਚਿਆ ਵੀ ਨਹੀਂ ਹੁੰਦਾ।”​—ਯਸਾਯਾਹ 6:8.

ਕ੍ਰਿਸਟੀਆਨ ਤੇ ਈਰਮੀਨਾ

 ਰੀਟੋ ਤੇ ਕੋਰਨੀਲੀਆ ਸਵਿਟਜ਼ਰਲੈਂਡ ਤੋਂ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਸਾਦੀ ਕੀਤੀ ਤੇ ਪੈਸੇ ਜਮ੍ਹਾ ਕੀਤੇ। ਉਹ ਦੱਸਦੇ ਹਨ: “ਬਲਗੇਰੀਆ ਜਾਣ ਤੋਂ ਇਕ ਸਾਲ ਪਹਿਲਾਂ ਅਸੀਂ ਇਕ ਹਫ਼ਤੇ ਲਈ ਬਲਗੇਰੀਆ ਗਏ ਤਾਂਕਿ ਅਸੀਂ ਉੱਥੇ ਦਾ ਰਹਿਣ-ਸਹਿਣ ਦੇਖ ਸਕੀਏ। ਉੱਥੇ ਅਸੀਂ ਤਜਰਬੇਕਾਰ ਮਿਸ਼ਨਰੀਆਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਵਧੀਆ ਸਲਾਹ ਦਿੱਤੀ।” ਰੀਟੋ ਤੇ ਕੋਰਨੀਲੀਆ ਨੇ ਮਿਸ਼ਨਰੀਆਂ ਵੱਲੋਂ ਦਿੱਤੀਆਂ ਸਲਾਹਾਂ ਮੰਨੀਆਂ ਅਤੇ ਹੁਣ ਉਹ 20 ਤੋਂ ਜ਼ਿਆਦਾ ਸਾਲਾਂ ਤੋਂ ਬਲਗੇਰੀਆ ਵਿਚ ਸੇਵਾ ਕਰ ਰਹੇ ਹਨ।

ਰੀਟੋ ਤੇ ਕੋਰਨੀਲੀਆ ਆਪਣੇ ਦੋ ਮੁੰਡਿਆਂ, ਲੂਕਾ ਤੇ ਯਾਨਿਕ, ਨਾਲ

ਚੁਣੌਤੀਆਂ ਦਾ ਸਾਮ੍ਹਣਾ ਕਰਨਾ

 ਹੋਰ ਦੇਸ਼ ਜਾ ਕੇ ਸੇਵਾ ਕਰਨ ਵਾਲਿਆਂ ਨੂੰ ਨਵੇਂ ਤੇ ਸ਼ਾਇਦ ਔਖੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਵੇ। (ਰਸੂਲਾਂ ਦੇ ਕੰਮ 16:9, 10; 1 ਕੁਰਿੰਥੀਆਂ 9:19-23) ਬਹੁਤ ਸਾਰਿਆਂ ਲਈ ਵੱਡੀ ਰੁਕਾਵਟ ਨਵੀਂ ਭਾਸ਼ਾ ਸਿੱਖਣੀ ਹੈ। ਲੂਕਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ: “ਸਾਨੂੰ ਸਭਾਵਾਂ ਵਿਚ ਹਮੇਸ਼ਾ ਆਪਣੇ ਸ਼ਬਦਾਂ ਵਿਚ ਜਵਾਬ ਦੇਣਾ ਵਧੀਆ ਲੱਗਦਾ ਸੀ। ਪਰ ਥੋੜ੍ਹੇ ਸਮੇਂ ਲਈ ਮੇਰੇ ਤੇ ਮੇਰੀ ਪਤਨੀ ਲਈ ਬਲਗੇਰੀਅਨ ਭਾਸ਼ਾ ਵਿਚ ਇਕ ਸੌਖਾ ਜਿਹਾ ਜਵਾਬ ਤਿਆਰ ਕਰਨਾ ਵੀ ਬਹੁਤ ਔਖਾ ਸੀ। ਇੱਦਾਂ ਲੱਗਦਾ ਸੀ ਜਿੱਦਾਂ ਅਸੀਂ ਫਿਰ ਤੋਂ ਬੱਚੇ ਬਣ ਗਏ ਹੋਈਏ। ਸਾਡੇ ਨਾਲੋਂ ਤਾਂ ਉੱਥੋਂ ਦੇ ਨਿਆਣੇ ਕਿਤੇ ਵਧੀਆ ਜਵਾਬ ਦਿੰਦੇ ਸਨ।”

 ਜਰਮਨੀ ਦਾ ਰਹਿਣ ਵਾਲਾ ਰਾਵਿਲ ਦੱਸਦਾ ਹੈ: “ਬਲਗੇਰੀਅਨ ਭਾਸ਼ਾ ਸਿੱਖਣ ਨਾਲ ਸਾਡਾ ਦਿਮਾਗ਼ ਥੱਕ ਜਾਂਦਾ ਸੀ। ਪਰ ਮੈਂ ਸੋਚਦਾ ਰਹਿੰਦਾ ਸੀ, ‘ਇਹ ਚਿੰਤਾ ਨਾ ਕਰ ਕਿ ਮੇਰੇ ਤੋਂ ਕੋਈ ਗ਼ਲਤੀ ਹੋ ਜਾਵੇਗੀ। ਪਰ ਜੇ ਕੋਈ ਗ਼ਲਤੀ ਹੋ ਵੀ ਜਾਂਦੀ ਆ, ਤਾਂ ਉਨ੍ਹਾਂ ʼਤੇ ਹੱਸਣਾ ਸਿੱਖ।’ ਮੈਂ ਚੁਣੌਤੀਆਂ ਨੂੰ ਇਕ ਰੁਕਾਵਟ ਵਾਂਗ ਨਹੀਂ ਦੇਖਦਾ ਸੀ, ਸਗੋਂ ਮੈਂ ਸਮਝਦਾ ਸੀ ਕਿ ਯਹੋਵਾਹ ਦੀ ਸੇਵਾ ਕਰਦਿਆਂ ਇੱਦਾਂ ਹੋਣਾ ਹੀ ਹੈ।”

ਰਾਵਿਲ ਤੇ ਲਿਲੀ

 ਲੀਨਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਮੇਰੇ ਲਈ ਭਾਸ਼ਾ ਸਿੱਖਣੀ ਸੌਖੀ ਨਹੀਂ ਹੈ ਤੇ ਬਲਗੇਰੀਅਨ ਭਾਸ਼ਾ ਤਾਂ ਹੈ ਵੀ ਬਹੁਤ ਔਖੀ। ਮੈਂ ਕਈ ਵਾਰ ਸੋਚਿਆ ਕਿ ਮੈਂ ਇਹ ਭਾਸ਼ਾ ਸਿੱਖਣੀ ਛੱਡ ਦੇਵਾਂ। ਜਦੋਂ ਅਸੀਂ ਲੋਕਾਂ ਨਾਲ ਉਨ੍ਹਾਂ ਦੀ ਭਾਸ਼ਾ ਵਿਚ ਗੱਲ ਨਹੀਂ ਕਰ ਸਕਦੇ ਤੇ ਉਨ੍ਹਾਂ ਦੀ ਗੱਲ ਨਹੀਂ ਸਮਝ ਸਕਦੇ, ਤਾਂ ਬਹੁਤ ਇਕੱਲਾਪਣ ਮਹਿਸੂਸ ਹੁੰਦਾ ਹੈ। ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਲਈ ਮੈਂ ਆਪਣੀ ਸਵੀਡਿਸ਼ ਭਾਸ਼ਾ ਵਿਚ ਹਰ ਰੋਜ਼ ਸਟੱਡੀ ਕਰਦੀ ਸੀ। ਅਖ਼ੀਰ, ਭੈਣਾਂ-ਭਰਾਵਾਂ ਦੀ ਮਦਦ ਨਾਲ ਮੈਂ ਬਲਗੇਰੀਅਨ ਭਾਸ਼ਾ ਸਿੱਖ ਲਈ।”

 ਘਰਦਿਆਂ ਦੀ ਯਾਦ ਆਉਣੀ ਵੀ ਇਕ ਚੁਣੌਤੀ ਹੋ ਸਕਦੀ ਹੈ। ਹੋਰ ਦੇਸ਼ ਜਾਣ ਵਾਲੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਪਿੱਛੇ ਛੱਡ ਜਾਂਦੇ ਹਨ। ਈਵਾ ਤੇ ਉਸ ਦਾ ਪਤੀ ਜ਼ਾਨੀਸ ਬਲਗੇਰੀਆ ਚਲੇ ਗਏ। ਉਹ ਦੱਸਦੀ ਹੈ: “ਪਹਿਲਾਂ-ਪਹਿਲ ਤਾਂ ਮੈਂ ਬਹੁਤ ਇਕੱਲੀ ਮਹਿਸੂਸ ਕਰਦੀ ਸੀ। ਇਕੱਲੇਪਣ ਨੂੰ ਦੂਰ ਕਰਨ ਲਈ ਅਸੀਂ ਬਾਕਾਇਦਾ ਆਪਣੇ ਘਰਦਿਆਂ ਤੇ ਦੋਸਤਾਂ ਨਾਲ ਗੱਲ ਕਰਦੇ ਸੀ ਤੇ ਅਸੀਂ ਬਲਗੇਰੀਆ ਵਿਚ ਨਵੇਂ ਦੋਸਤ ਬਣਾਏ।”

ਜ਼ਾਨੀਸ ਤੇ ਈਵਾ

 ਕਿਸੇ ਹੋਰ ਦੇਸ਼ ਵਿਚ ਜਾ ਕੇ ਸੇਵਾ ਕਰਨ ਵਾਲਿਆਂ ਨੂੰ ਹੋਰ ਵੀ ਚੁਣੌਤੀਆਂ ਆਉਂਦੀਆਂ ਹਨ। ਸਵਿਟਜ਼ਰਲੈਂਡ ਦੇ ਰੌਬਰਟ ਤੇ ਲਾਈਨਾ ਬਲਗੇਰੀਆ ਚਲੇ ਗਏ। ਉਹ ਦੱਸਦੇ ਹਨ: “ਭਾਸ਼ਾ ਦੇ ਨਾਲ-ਨਾਲ ਉੱਥੇ ਦਾ ਸਭਿਆਚਾਰ ਵੀ ਸਾਡੇ ਲਈ ਵੱਡੀ ਚੁਣੌਤੀ ਸੀ। ਉੱਥੇ ਬਹੁਤ ਠੰਢ ਸੀ ਤੇ ਅਸੀਂ ਇੰਨੀ ਠੰਢ ਪਹਿਲਾਂ ਕਦੇ ਨਹੀਂ ਦੇਖੀ ਸੀ।” ਪਰ ਸਹੀ ਰਵੱਈਆ ਰੱਖਣ ਅਤੇ ਹਾਸਾ-ਮਜ਼ਾਕ ਕਰਨ ਕਰਕੇ ਇਹ ਜੋੜਾ 14 ਸਾਲਾਂ ਤੋਂ ਵਫ਼ਾਦਾਰੀ ਨਾਲ ਬਲਗੇਰੀਆ ਵਿਚ ਸੇਵਾ ਕਰ ਰਿਹਾ ਹੈ।

ਰੌਬਰਟ ਤੇ ਲਾਈਨਾ

ਬਰਕਤਾਂ

 ਲਿਲੀ ਉੱਥੇ ਜਾ ਕੇ ਸੇਵਾ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਉਹ ਕਹਿੰਦੀ ਹੈ: “ਮੈਂ ਦੇਖਿਆ ਹੈ ਕਿ ਯਹੋਵਾਹ ਨੇ ਮੇਰੀ ਬਹੁਤ ਸਾਰੇ ਤਰੀਕਿਆਂ ਨਾਲ ਮਦਦ ਕੀਤੀ ਹੈ। ਜੇ ਮੈਂ ਆਪਣੇ ਦੇਸ਼ ਵਿਚ ਹੀ ਰਹਿ ਕੇ ਸੇਵਾ ਕਰਦੀ, ਤਾਂ ਸ਼ਾਇਦ ਮੈਂ ਇਹ ਨਾ ਦੇਖ ਸਕਦੀ।” ਉਸ ਦਾ ਪਤੀ ਰਾਵਿਲ ਦੱਸਦਾ ਹੈ: “ਮੈਂ ਦੂਜਿਆਂ ਦੀ ਮਦਦ ਕਰਨ ਵਿਚ ਬਿਜ਼ੀ ਰਹਿੰਦਾ ਹਾਂ ਜਿਸ ਕਰਕੇ ਮੈਂ ਯਹੋਵਾਹ ਦੇ ਹੋਰ ਨੇੜੇ ਜਾਂਦਾ ਹਾਂ ਤੇ ਮੈਨੂੰ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ। ਇਹ ਸਭ ਤੋਂ ਵਧੀਆ ਜ਼ਿੰਦਗੀ ਹੈ ਜਿਸ ਵਿਚ ਤੁਹਾਡੇ ਕੋਲ ਅਲੱਗ-ਅਲੱਗ ਦੇਸ਼ਾਂ ਦੇ ਜੋਸ਼ੀਲੇ ਭੈਣਾਂ-ਭਰਾਵਾਂ ਨੂੰ ਮਿਲਣ ਦਾ ਮੌਕਾ ਹੁੰਦਾ ਹੈ। ਇਨ੍ਹਾਂ ਭੈਣਾਂ-ਭਰਾਵਾਂ ਕੋਲ ਬਾਈਬਲ ਦੀਆਂ ਸੱਚਾਈਆਂ ਸਿਖਾਉਣ ਦਾ ਕਾਫ਼ੀ ਤਜਰਬਾ ਹੁੰਦਾ ਹੈ। ਮੈਂ ਅਜਿਹੇ ਭੈਣਾਂ-ਭਰਾਵਾਂ ਤੋਂ ਬਹੁਤ ਕੁਝ ਸਿੱਖਿਆ ਹੈ।”

 ਜਿਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਹੋਰ ਦੇਸ਼ ਵਿਚ ਜਾ ਕੇ ਸੇਵਾ ਕੀਤੀ ਹੈ, ਉਨ੍ਹਾਂ ਨੂੰ ‘ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ’ ਵਿਚ ਕਰ ਕੇ ਬਹੁਤ ਸਫ਼ਲਤਾ ਮਿਲੀ ਹੈ। (ਮੱਤੀ 24:14) ਬਲਗੇਰੀਆ ਵਿਚ ਆ ਕੇ ਖ਼ੁਸ਼ੀ-ਖ਼ੁਸ਼ੀ ਸੇਵਾ ਕਰਨ ਵਾਲਿਆਂ ਨੇ ਦੇਖਿਆ ਹੈ ਕਿ ਕਿਵੇਂ ਯਹੋਵਾਹ ਨੇ ਉਨ੍ਹਾਂ ਦੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਅਤੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਸਫ਼ਲ ਕੀਤਾ ਹੈ।​—ਜ਼ਬੂਰ 20:1-4.

a ਕੁਝ ਨਾਂ ਬਦਲੇ ਗਏ ਹਨ।