Skip to content

Skip to table of contents

ਪਾਠ 13

ਤਿਮੋਥਿਉਸ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ

ਤਿਮੋਥਿਉਸ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ

ਤਿਮੋਥਿਉਸ ਇਕ ਨੌਜਵਾਨ ਸੀ ਜੋ ਖ਼ੁਸ਼ੀ-ਖ਼ੁਸ਼ੀ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ। ਉਹ ਲੋਕਾਂ ਦੀ ਮਦਦ ਕਰਨ ਲਈ ਕਈ ਥਾਵਾਂ ’ਤੇ ਗਿਆ। ਇਸ ਕਰਕੇ ਉਸ ਨੂੰ ਜ਼ਿੰਦਗੀ ਵਿਚ ਬਹੁਤ ਸਾਰੀਆਂ ਖ਼ੁਸ਼ੀਆਂ ਮਿਲੀਆਂ। ਕੀ ਤੂੰ ਉਸ ਦੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦਾਂ?—

ਤਿਮੋਥਿਉਸ ਦੀ ਮੰਮੀ ਅਤੇ ਨਾਨੀ ਨੇ ਉਸ ਨੂੰ ਯਹੋਵਾਹ ਬਾਰੇ ਸਿਖਾਇਆ

ਤਿਮੋਥਿਉਸ ਲੁਸਤ੍ਰਾ ਸ਼ਹਿਰ ਵਿਚ ਵੱਡਾ ਹੋਇਆ ਸੀ। ਜਦੋਂ ਉਹ ਛੋਟਾ ਹੁੰਦਾ ਸੀ, ਉਦੋਂ ਉਸ ਦੀ ਨਾਨੀ ਲੋਇਸ ਅਤੇ ਮੰਮੀ ਯੂਨੀਕਾ ਉਸ ਨੂੰ ਯਹੋਵਾਹ ਬਾਰੇ ਸਿਖਾਉਂਦੀਆਂ ਹੁੰਦੀਆਂ ਸਨ। ਵੱਡਾ ਹੋ ਕੇ ਤਿਮੋਥਿਉਸ ਦੂਜਿਆਂ ਦੀ ਮਦਦ ਕਰਨੀ ਚਾਹੁੰਦਾ ਸੀ ਤਾਂਕਿ ਉਹ ਵੀ ਯਹੋਵਾਹ ਬਾਰੇ ਸਿੱਖਣ।

ਤਿਮੋਥਿਉਸ ਹਾਲੇ ਜਵਾਨ ਹੀ ਸੀ ਜਦੋਂ ਪੌਲੁਸ ਨੇ ਉਸ ਨੂੰ ਪੁੱਛਿਆ: ‘ਤੂੰ ਮੇਰੇ ਨਾਲ ਹੋਰ ਥਾਵਾਂ ’ਤੇ ਪ੍ਰਚਾਰ ਕਰਨ ਚੱਲੇਂਗਾ?’ ਤਿਮੋਥਿਉਸ ਨੇ ਕਿਹਾ: ‘ਹਾਂਜੀ!’ ਉਹ ਦੂਜਿਆਂ ਦੀ ਮਦਦ ਕਰਨ ਜਿੱਥੇ ਮਰਜ਼ੀ ਜਾਣ ਲਈ ਤਿਆਰ ਸੀ।

ਤਿਮੋਥਿਉਸ ਪੌਲੁਸ ਨਾਲ ਮਕਦੂਨੀਆ ਦੇ ਇਲਾਕੇ ਵਿਚ ਸ਼ਹਿਰ ਥੱਸਲੁਨੀਕਾ ਵਿਚ ਚਲਾ ਗਿਆ। ਉੱਥੇ ਜਾਣ ਲਈ ਪਹਿਲਾਂ ਉਨ੍ਹਾਂ ਨੂੰ ਕਾਫ਼ੀ ਦੂਰ ਤੁਰਨਾ ਅਤੇ ਫਿਰ ਕਿਸ਼ਤੀ ਵਿਚ ਚੜ੍ਹ ਕੇ ਜਾਣਾ ਪਿਆ। ਉੱਥੇ ਪਹੁੰਚ ਕੇ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਇਆ। ਪਰ ਕੁਝ ਲੋਕਾਂ ਨੂੰ ਗੁੱਸਾ ਚੜ੍ਹ ਗਿਆ ਤੇ ਉਹ ਉਨ੍ਹਾਂ ਨੂੰ ਮਾਰਨਾ-ਕੁੱਟਣਾ ਚਾਹੁੰਦੇ ਸਨ। ਇਸ ਕਰਕੇ ਪੌਲੁਸ ਤੇ ਤਿਮੋਥਿਉਸ ਨੂੰ ਪ੍ਰਚਾਰ ਕਰਨ ਲਈ ਉੱਥੋਂ ਹੋਰ ਥਾਵਾਂ ’ਤੇ ਜਾਣਾ ਪਿਆ।

ਤਿਮੋਥਿਉਸ ਨੂੰ ਜ਼ਿੰਦਗੀ ਵਿਚ ਬਹੁਤ ਖ਼ੁਸ਼ੀਆਂ ਮਿਲੀਆਂ

ਕੁਝ ਮਹੀਨਿਆਂ ਬਾਅਦ ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: ‘ਥੱਸਲੁਨੀਕਾ ਵਾਪਸ ਜਾ ਅਤੇ ਦੇਖ ਕਿ ਭਰਾਵਾਂ ਦਾ ਕੀ ਹਾਲ-ਚਾਲ ਹੈ।’ ਉਸ ਖ਼ਤਰਨਾਕ ਸ਼ਹਿਰ ਵਿਚ ਵਾਪਸ ਜਾਣ ਲਈ ਉਸ ਨੂੰ ਬਹਾਦਰ ਬਣਨ ਦੀ ਲੋੜ ਸੀ! ਤਿਮੋਥਿਉਸ ਨੂੰ ਭਰਾਵਾਂ ਦਾ ਬਹੁਤ ਫ਼ਿਕਰ ਸੀ, ਇਸ ਲਈ ਉਹ ਚਲਾ ਗਿਆ। ਉਸ ਨੇ ਪੌਲੁਸ ਨੂੰ ਆ ਕੇ ਵਧੀਆ ਖ਼ੁਸ਼ ਖ਼ਬਰੀ ਸੁਣਾਈ। ਉੱਥੇ ਦੇ ਭਰਾ ਠੀਕ-ਠਾਕ ਸਨ ਤੇ ਵਧੀਆ ਕੰਮ ਕਰ ਰਹੇ ਸਨ!

ਤਿਮੋਥਿਉਸ ਨੇ ਪੌਲੁਸ ਨਾਲ ਮਿਲ ਕੇ ਕਈ ਸਾਲਾਂ ਤਕ ਕੰਮ ਕੀਤਾ। ਇਕ ਵਾਰ ਪੌਲੁਸ ਨੇ ਲਿਖਿਆ ਕਿ ਮੰਡਲੀਆਂ ਦੀ ਮਦਦ ਕਰਨ ਲਈ ਤਿਮੋਥਿਉਸ ਨਾਲੋਂ ਬਿਹਤਰ ਹੋਰ ਕੋਈ ਨਹੀਂ ਸੀ। ਤਿਮੋਥਿਉਸ ਯਹੋਵਾਹ ਅਤੇ ਲੋਕਾਂ ਨਾਲ ਪਿਆਰ ਕਰਦਾ ਸੀ।

ਕੀ ਤੂੰ ਲੋਕਾਂ ਨਾਲ ਪਿਆਰ ਕਰਦਾ ਹੈਂ ਤੇ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਉਣਾ ਚਾਹੁੰਦਾ ਹੈਂ?— ਜੇ ਤੂੰ ਇੱਦਾਂ ਕਰੇਂਗਾ, ਤਾਂ ਤੂੰ ਤਿਮੋਥਿਉਸ ਵਾਂਗ ਖ਼ੁਸ਼ ਰਹੇਂਗਾ ਤੇ ਤੈਨੂੰ ਜ਼ਿੰਦਗੀ ਵਿਚ ਬਹੁਤ ਸਾਰੀਆਂ ਖ਼ੁਸ਼ੀਆਂ ਮਿਲਣਗੀਆਂ!