Skip to content

Skip to table of contents

ਪਾਠ 1

ਅਜਿਹਾ ਭੇਤ ਜਿਸ ਨੂੰ ਜਾਣ ਕੇ ਅਸੀਂ ਖ਼ੁਸ਼ ਹਾਂ

ਅਜਿਹਾ ਭੇਤ ਜਿਸ ਨੂੰ ਜਾਣ ਕੇ ਅਸੀਂ ਖ਼ੁਸ਼ ਹਾਂ

“ਕਿਸੇ ਨੂੰ ਦਸੀਂ ਨਾ!” ਕੀ ਤੇਰੇ ਦੋਸਤ ਨੇ ਤੈਨੂੰ ਕੋਈ ਗੱਲ ਦੱਸ ਕੇ ਇੱਦਾਂ ਕਿਹਾ?— * ਅਜਿਹੀ ਗੱਲ ਨੂੰ ਭੇਤ ਕਿਹਾ ਜਾਂਦਾ ਹੈ ਜਿਸ ਬਾਰੇ ਹੋਰ ਕਿਸੇ ਨੂੰ ਪਤਾ ਨਹੀਂ ਹੁੰਦਾ। ਬਾਈਬਲ ਵਿਚ ਵੀ ਇਕ ਅਜਿਹੀ ਗੱਲ ਦੱਸੀ ਗਈ ਹੈ ਜਿਸ ਨੂੰ ਪਰਮੇਸ਼ੁਰ ਦਾ ਭੇਤ ਕਿਹਾ ਗਿਆ ਹੈ। ਇਹ ਇਕ ਭੇਤ ਹੈ ਕਿਉਂਕਿ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਸੀ। ਸਵਰਗ ਵਿਚ ਰਹਿੰਦੇ ਦੂਤ ਵੀ ਇਸ ਰਾਜ਼ ਬਾਰੇ ਜਾਣਨਾ ਚਾਹੁੰਦੇ ਸੀ। ਕੀ ਤੂੰ ਇਹ ਭੇਤ ਜਾਣਨਾ ਚਾਹੁੰਦਾਂ?—

ਤੇਰੇ ਖ਼ਿਆਲ ਵਿਚ ਦੂਤ ਕੀ ਜਾਣਨਾ ਚਾਹੁੰਦੇ ਸੀ?

ਇਹ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਪਰਮੇਸ਼ੁਰ ਨੇ ਪਹਿਲੇ ਆਦਮੀ ਤੇ ਤੀਵੀਂ ਨੂੰ ਬਣਾਇਆ ਸੀ। ਉਨ੍ਹਾਂ ਦੇ ਨਾਂ ਸਨ ਆਦਮ ਅਤੇ ਹੱਵਾਹ। ਪਰਮੇਸ਼ੁਰ ਨੇ ਉਨ੍ਹਾਂ ਨੂੰ ਰਹਿਣ ਲਈ ਇਕ ਬਹੁਤ ਸੋਹਣਾ ਘਰ ਦਿੱਤਾ ਸੀ ਜਿਸ ਨੂੰ ਅਦਨ ਦਾ ਬਾਗ਼ ਕਿਹਾ ਜਾਂਦਾ ਸੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਉਹ ਉਸ ਦਾ ਕਹਿਣਾ ਮੰਨਣਗੇ, ਤਾਂ ਉਹ ਆਪਣੇ ਬੱਚਿਆਂ ਨਾਲ ਮਿਲ ਕੇ ਪੂਰੀ ਧਰਤੀ ਨੂੰ ਸੋਹਣੀ ਬਣਾ ਸਕਦੇ ਸੀ। ਅਤੇ ਉਹ ਸਾਰੇ ਹਮੇਸ਼ਾ ਲਈ ਜੀਉਂਦੇ ਰਹਿ ਸਕਦੇ ਸੀ। ਪਰ ਕੀ ਤੈਨੂੰ ਯਾਦ ਹੈ ਕਿ ਆਦਮ ਅਤੇ ਹੱਵਾਹ ਨੇ ਕੀ ਕੀਤਾ ਸੀ?—

ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ। ਇਸ ਕਰਕੇ ਸਾਡੀ ਧਰਤੀ ਸੋਹਣੀ ਨਹੀਂ ਬਣੀ। ਪਰ ਕੀ ਤੈਨੂੰ ਯਾਦ ਹੈ ਕਿ ਪਰਮੇਸ਼ੁਰ ਨੇ ਕਿਹਾ ਸੀ ਕਿ ਉਹ ਪੂਰੀ ਧਰਤੀ ਨੂੰ ਸੋਹਣੀ ਬਣਾਵੇਗਾ ਅਤੇ ਇਸ ਉੱਤੇ ਸਾਰੇ ਲੋਕ ਖ਼ੁਸ਼ੀ ਨਾਲ ਰਹਿਣਗੇ ਤੇ ਕਦੇ ਨਹੀਂ ਮਰਨਗੇ? ਪਰਮੇਸ਼ੁਰ ਆਪਣੀ ਇਹ ਗੱਲ ਕਿੱਦਾਂ ਪੂਰੀ ਕਰੇਗਾ? ਇਹ ਇਕ ਭੇਤ ਸੀ ਅਤੇ ਲੋਕਾਂ ਨੂੰ ਬਹੁਤ ਸਮੇਂ ਤਕ ਇਸ ਬਾਰੇ ਪਤਾ ਨਹੀਂ ਲੱਗਾ।

ਜਦੋਂ ਯਿਸੂ ਧਰਤੀ ’ਤੇ ਆਇਆ, ਤਾਂ ਉਸ ਨੇ ਲੋਕਾਂ ਨੂੰ ਇਸ ਭੇਤ ਬਾਰੇ ਹੋਰ ਦੱਸਿਆ ਸੀ। ਉਸ ਨੇ ਸਮਝਾਇਆ ਕਿ ਇਹ ਭੇਤ ਪਰਮੇਸ਼ੁਰ ਦੇ ਰਾਜ ਬਾਰੇ ਸੀ। ਯਿਸੂ ਨੇ ਲੋਕਾਂ ਨੂੰ ਕਿਹਾ ‘ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਦਾ ਰਾਜ ਆਵੇ।’ ਇਸੇ ਰਾਜ ਰਾਹੀਂ ਧਰਤੀ ਸੋਹਣੀ ਬਣਾਈ ਜਾਵੇਗੀ।

ਕੀ ਤੂੰ ਇਸ ਭੇਤ ਬਾਰੇ ਜਾਣ ਕੇ ਖ਼ੁਸ਼ ਨਹੀਂ ਹੈ?— ਯਾਦ ਰੱਖ ਕਿ ਸਿਰਫ਼ ਉਹੀ ਲੋਕ ਉਸ ਸੋਹਣੀ ਧਰਤੀ ਉੱਤੇ ਰਹਿ ਸਕਦੇ ਹਨ ਜੋ ਯਹੋਵਾਹ ਪਰਮੇਸ਼ੁਰ ਦਾ ਕਹਿਣਾ ਮੰਨਦੇ ਹਨ। ਬਾਈਬਲ ਸਾਨੂੰ ਬਹੁਤ ਸਾਰੀਆਂ ਤੀਵੀਆਂ ਅਤੇ ਆਦਮੀਆਂ ਬਾਰੇ ਦੱਸਦੀ ਹੈ ਜਿਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ ਸੀ। ਕੀ ਤੂੰ ਉਨ੍ਹਾਂ ਬਾਰੇ ਜਾਣਨਾ ਚਾਹੇਂਗਾ?— ਆਓ ਆਪਾਂ ਉਨ੍ਹਾਂ ਨੂੰ ਮਿਲੀਏ ਅਤੇ ਦੇਖੀਏ ਕਿ ਆਪਾਂ ਉਨ੍ਹਾਂ ਦੀ ਰੀਸ ਕਿੱਦਾਂ ਕਰ ਸਕਦੇ ਹਾਂ।

^ ਪੈਰਾ 3 ਇਨ੍ਹਾਂ ਕਹਾਣੀਆਂ ਵਿਚ ਕਈ ਸਵਾਲ ਪੁੱਛੇ ਗਏ ਹਨ, ਪਰ ਜਿਨ੍ਹਾਂ ਸਵਾਲਾਂ ਪਿੱਛੇ ਡੈਸ਼ (—) ਆਉਂਦੀ ਹੈ, ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।