Skip to content

Skip to table of contents

ਪਾਠ 3

ਰਾਹਾਬ ਨੂੰ ਯਹੋਵਾਹ ਉੱਤੇ ਵਿਸ਼ਵਾਸ ਸੀ

ਰਾਹਾਬ ਨੂੰ ਯਹੋਵਾਹ ਉੱਤੇ ਵਿਸ਼ਵਾਸ ਸੀ

ਮੰਨ ਲੈ ਕਿ ਆਪਾਂ ਯਰੀਹੋ ਸ਼ਹਿਰ ਵਿਚ ਹਾਂ। ਇਹ ਸ਼ਹਿਰ ਕਨਾਨ ਦੇਸ਼ ਵਿਚ ਹੈ ਜਿੱਥੇ ਲੋਕ ਯਹੋਵਾਹ ਨੂੰ ਨਹੀਂ ਮੰਨਦੇ। ਰਾਹਾਬ ਨਾਂ ਦੀ ਤੀਵੀਂ ਇੱਥੇ ਰਹਿੰਦੀ ਹੈ।

ਜਦੋਂ ਰਾਹਾਬ ਛੋਟੀ ਹੁੰਦੀ ਸੀ, ਉਦੋਂ ਉਸ ਨੇ ਕਹਾਣੀਆਂ ਸੁਣੀਆਂ ਸਨ ਕਿ ਮੂਸਾ ਨੇ ਲਾਲ ਸਮੁੰਦਰ ਦੇ ਦੋ ਟੋਟੇ ਕਰ ਕੇ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕਿੱਦਾਂ ਕੱਢ ਲਿਆਂਦਾ। ਉਸ ਨੇ ਇਹ ਵੀ ਸੁਣਿਆ ਕਿ ਯਹੋਵਾਹ ਨੇ ਲੜਾਈਆਂ ਵਿਚ ਉਨ੍ਹਾਂ ਦੇ ਦੁਸ਼ਮਣਾਂ ਨੂੰ ਕਿਵੇਂ ਹਰਾਇਆ ਸੀ। ਪਰ ਹੁਣ ਉਹ ਨੂੰ ਪਤਾ ਲੱਗਦਾ ਕਿ ਇਜ਼ਰਾਈਲੀ ਲੋਕ ਯਰੀਹੋ ’ਤੇ ਹਮਲਾ ਕਰਨ ਲਈ ਸ਼ਹਿਰ ਤੋਂ ਬਾਹਰ ਡੇਰਾ ਲਾਈ ਬੈਠੇ ਸਨ!

ਰਾਹਾਬ ਨੇ ਇਸ ਲਈ ਜਾਸੂਸਾਂ ਨੂੰ ਬਚਾਇਆ ਕਿਉਂਕਿ ਉਸ ਨੂੰ ਯਹੋਵਾਹ ’ਤੇ ਵਿਸ਼ਵਾਸ ਸੀ

ਇਕ ਸ਼ਾਮ ਨੂੰ ਦੋ ਇਜ਼ਰਾਈਲੀ ਯਰੀਹੋ ਸ਼ਹਿਰ ਬਾਰੇ ਪਤਾ ਕਰਨ ਲਈ ਲੁਕ-ਛਿਪ ਕੇ ਆ ਜਾਂਦੇ ਹਨ। ਉਹ ਰਾਹਾਬ ਦੇ ਘਰ ਆਉਂਦੇ ਹਨ ਅਤੇ ਉਹ ਉਨ੍ਹਾਂ ਨੂੰ ਉੱਥੇ ਰਹਿਣ ਲਈ ਅੰਦਰ ਬੁਲਾਉਂਦੀ ਹੈ। ਉਸੇ ਰਾਤ ਯਰੀਹੋ ਦੇ ਰਾਜੇ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਆਦਮੀ ਸ਼ਹਿਰ ਵਿਚ ਆਏ ਹੋਏ ਹਨ ਅਤੇ ਰਾਹਾਬ ਦੇ ਘਰ ਹੀ ਹਨ। ਇਸ ਲਈ ਰਾਜਾ ਉਨ੍ਹਾਂ ਨੂੰ ਫੜਨ ਲਈ ਆਪਣੇ ਬੰਦੇ ਭੇਜਦਾ ਹੈ। ਰਾਹਾਬ ਦੋਨਾਂ ਆਦਮੀਆਂ ਨੂੰ ਕੋਠੇ ’ਤੇ ਲੁਕੋ ਦਿੰਦੀ ਹੈ ਅਤੇ ਰਾਜੇ ਦੇ ਬੰਦਿਆਂ ਨੂੰ ਕਹਿੰਦੀ ਹੈ: ‘ਜਾਸੂਸ ਇੱਥੇ ਆਏ ਤਾਂ ਸੀ, ਪਰ ਉਹ ਹੁਣ ਸ਼ਹਿਰ ਵਿੱਚੋਂ ਚਲੇ ਗਏ ਹਨ। ਜੇ ਤੁਸੀਂ ਹੁਣੇ ਜਾਓ, ਤਾਂ ਤੁਸੀਂ ਉਨ੍ਹਾਂ ਨੂੰ ਫੜ ਲਵੋਗੇ!’ ਤੈਨੂੰ ਪਤਾ ਹੈ ਕਿ ਰਾਹਾਬ ਜਾਸੂਸਾਂ ਨੂੰ ਕਿਉਂ ਬਚਾ ਰਹੀ ਹੈ?— ਕਿਉਂਕਿ ਉਸ ਨੂੰ ਯਹੋਵਾਹ ’ਤੇ ਵਿਸ਼ਵਾਸ ਹੈ ਅਤੇ ਉਹ ਜਾਣਦੀ ਹੈ ਕਿ ਯਹੋਵਾਹ ਇਜ਼ਰਾਈਲੀਆਂ ਨੂੰ ਕਨਾਨ ਦੇਸ਼ ਉੱਤੇ ਜਿੱਤ ਦੇਵੇਗਾ।

ਰਾਹਾਬ ਦੇ ਘਰੋਂ ਜਾਣ ਤੋਂ ਪਹਿਲਾਂ ਉਹ ਦੋ ਇਜ਼ਰਾਈਲੀ ਉਸ ਨਾਲ ਵਾਅਦਾ ਕਰਦੇ ਹਨ ਕਿ ਯਰੀਹੋ ਦੇ ਨਾਸ਼ ਵੇਲੇ ਉਹ ਆਪਣੇ ਮੰਮੀ-ਡੈਡੀ ਅਤੇ ਭਰਾਵਾਂ ਸਣੇ ਬਚਾ ਲਈ ਜਾਵੇਗੀ। ਤੈਨੂੰ ਪਤਾ ਕਿ ਉਹ ਰਾਹਾਬ ਨੂੰ ਕੀ ਕਰਨ ਲਈ ਕਹਿੰਦੇ ਹਨ?— ਉਹ ਕਹਿੰਦੇ ਹਨ: ‘ਇਹ ਲਾਲ ਰੱਸੀ ਲੈ ਤੇ ਇਸ ਨੂੰ ਆਪਣੀ ਖਿੜਕੀ ਨਾਲ ਬੰਨ੍ਹ ਦੇ। ਜੇ ਤੂੰ ਇੱਦਾਂ ਕਰੇਂਗੀ, ਤਾਂ ਤੇਰੇ ਘਰ ਵਿਚ ਜਿਹੜਾ ਵੀ ਹੋਵੇਗਾ, ਉਹ ਬਚ ਜਾਵੇਗਾ।’ ਰਾਹਾਬ ਉੱਦਾਂ ਹੀ ਕਰਦੀ ਹੈ, ਜਿੱਦਾਂ ਜਾਸੂਸਾਂ ਨੇ ਉਸ ਨੂੰ ਕਰਨ ਲਈ ਕਿਹਾ ਸੀ। ਤੈਨੂੰ ਪਤਾ ਕਿ ਅੱਗੇ ਕੀ ਹੋਇਆ?—

ਯਹੋਵਾਹ ਨੇ ਰਾਹਾਬ ਅਤੇ ਉਸ ਦੇ ਪਰਿਵਾਰ ਨੂੰ ਬਚਾਇਆ

ਥੋੜ੍ਹੇ ਦਿਨਾਂ ਬਾਅਦ ਇਜ਼ਰਾਈਲੀ ਚੁੱਪ-ਚਾਪ ਸ਼ਹਿਰ ਦੇ ਦੁਆਲੇ ਚੱਕਰ ਲਾਉਣ ਲੱਗ ਪਏ। ਉਨਾਂ ਨੇ ਹਰ ਰੋਜ਼ ਛੇ ਦਿਨਾਂ ਤਕ ਇਕ ਵਾਰ ਚੱਕਰ ਲਾਇਆ। ਪਰ ਸੱਤਵੇਂ ਦਿਨ, ਉਹ ਸ਼ਹਿਰ ਦੇ ਦੁਆਲੇ ਸੱਤ ਚੱਕਰ ਲਾਉਂਦੇ ਹਨ। ਫਿਰ ਉਹ ਉੱਚੀ ਆਵਾਜ਼ ਵਿਚ ਚਿਲਾਉਂਦੇ ਹਨ। ਯਹੋਵਾਹ ਨੇ ਸ਼ਹਿਰ ਦੀਆਂ ਕੰਧਾਂ ਨੂੰ ਢਾਹ ਸੁੱਟਿਆ। ਪਰ ਜਿਸ ਘਰ ਦੀ ਖਿੜਕੀ ਨਾਲ ਲਾਲ ਰੱਸੀ ਬੰਨ੍ਹੀ ਹੋਈ ਸੀ, ਉਹ ਘਰ ਨਹੀਂ ਡਿਗਿਆ! ਕੀ ਤੂੰ ਇਸ ਨੂੰ ਤਸਵੀਰ ਵਿਚ ਦੇਖ ਸਕਦਾਂ?— ਰਾਹਾਬ ਅਤੇ ਉਸ ਦਾ ਪਰਿਵਾਰ ਬਚ ਗਿਆ!

ਤੂੰ ਰਾਹਾਬ ਤੋਂ ਕੀ ਸਿੱਖਿਆ?— ਰਾਹਾਬ ਨੂੰ ਯਹੋਵਾਹ ’ਤੇ ਇਸ ਲਈ ਵਿਸ਼ਵਾਸ ਸੀ ਕਿਉਂਕਿ ਉਸ ਨੇ ਉਸ ਬਾਰੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਸੁਣੀਆਂ ਸਨ। ਤੂੰ ਵੀ ਯਹੋਵਾਹ ਬਾਰੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਸਿੱਖ ਰਿਹਾ ਹੈਂ। ਕੀ ਰਾਹਾਬ ਵਾਂਗ ਤੈਨੂੰ ਵੀ ਯਹੋਵਾਹ ’ਤੇ ਵਿਸ਼ਵਾਸ ਹੈਂ?— ਹਾਂ, ਮੈਨੂੰ ਯਕੀਨ ਹੈ ਕਿ ਤੈਨੂੰ ਵਿਸ਼ਵਾਸ ਹੈ!

ਆਪਣੀ ਬਾਈਬਲ ਵਿੱਚੋਂ ਪੜ੍ਹੋ