Skip to content

Skip to table of contents

ਵਧੇਰੇ ਜਾਣਕਾਰੀ

ਲਹੂ ਦੇ ਅੰਸ਼ ਅਤੇ ਓਪਰੇਸ਼ਨ ਦੌਰਾਨ ਇਲਾਜ ਦੀਆਂ ਵਿਧੀਆਂ

ਲਹੂ ਦੇ ਅੰਸ਼ ਅਤੇ ਓਪਰੇਸ਼ਨ ਦੌਰਾਨ ਇਲਾਜ ਦੀਆਂ ਵਿਧੀਆਂ

ਲਹੂ ਦੇ ਅੰਸ਼। ਲਹੂ ਦੇ ਅੰਸ਼ ਲਹੂ ਦੇ ਚਾਰ ਮੁੱਖ ਤੱਤਾਂ ਯਾਨੀ ਲਾਲ ਸੈੱਲਾਂ, ਚਿੱਟੇ ਸੈੱਲਾਂ, ਪਲੇਟਲੈਟਾਂ ਅਤੇ ਪਲਾਜ਼ਮੇ ਤੋਂ ਬਣਾਏ ਜਾਂਦੇ ਹਨ। ਉਦਾਹਰਣ ਲਈ, ਲਾਲ ਸੈੱਲਾਂ ਵਿਚ ਹੀਮੋਗਲੋਬਿਨ ਨਾਂ ਦਾ ਪ੍ਰੋਟੀਨ ਹੁੰਦਾ ਹੈ। ਮਨੁੱਖਾਂ ਜਾਂ ਪਸ਼ੂਆਂ ਦੇ ਹੀਮੋਗਲੋਬਿਨ ਤੋਂ ਅਜਿਹੀਆਂ ਦਵਾਈਆਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਅਨੀਮੀਆ (ਖ਼ੂਨ ਦੀ ਕਮੀ) ਦੇ ਮਰੀਜ਼ਾਂ ਜਾਂ ਉਨ੍ਹਾਂ ਲੋਕਾਂ ਦਾ ਇਲਾਜ ਕਰਨ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਖ਼ੂਨ ਵਹਿ ਚੁੱਕਾ ਹੁੰਦਾ ਹੈ।

ਪਲਾਜ਼ਮੇ ਵਿਚ ਲਗਭਗ 90 ਪ੍ਰਤਿਸ਼ਤ ਪਾਣੀ ਹੁੰਦਾ ਹੈ। ਇਸ ਵਿਚ ਹੋਰ ਵੀ ਅਨੇਕ ਪ੍ਰਕਾਰ ਦੇ ਹਾਰਮੋਨ, ਗ਼ੈਰ-ਕਾਰਬਨਿਕ ਲੂਣ (inorganic salts), ਐਨਜ਼ਾਈਮ ਤੇ ਪੌਸ਼ਟਿਕ ਪਦਾਰਥ (ਖਣਿਜ ਪਦਾਰਥ ਤੇ ਸ਼ੱਕਰ) ਪਾਏ ਜਾਂਦੇ ਹਨ। ਪਲਾਜ਼ਮੇ ਵਿਚ ਐਲਬਿਊਮਿਨ ਵਰਗੇ ਪ੍ਰੋਟੀਨ, ਲਹੂ ਨੂੰ ਵਗਣ ਤੋਂ ਰੋਕਣ ਵਾਲੇ ਪਦਾਰਥ (clotting factors) ਅਤੇ ਬੀਮਾਰੀਆਂ ਨਾਲ ਲੜਨ ਵਾਲੇ ਐਂਟੀਬਾਡੀਜ਼ ਵੀ ਪਾਏ ਜਾਂਦੇ ਹਨ। ਕੁਝ ਖ਼ਾਸ ਬੀਮਾਰੀਆਂ ਦੇ ਮਰੀਜ਼ਾਂ ਨੂੰ ਡਾਕਟਰ ਗਾਮਾ ਗਲੋਬੂਲਿਨ ਨਾਂ ਦਾ ਟੀਕਾ ਲਗਾਉਣ ਲਈ ਕਹਿੰਦੇ ਹਨ। ਗਾਮਾ ਗਲੋਬੂਲਿਨ ਉਨ੍ਹਾਂ ਲੋਕਾਂ ਦੇ ਪਲਾਜ਼ਮੇ ਤੋਂ ਬਣਾਇਆ ਜਾਂਦਾ ਹੈ ਜਿਨ੍ਹਾਂ ਦੇ ਸਰੀਰ ਵਿਚ ਉਨ੍ਹਾਂ ਬੀਮਾਰੀਆਂ ਨਾਲ ਲੜਨ ਵਾਲੇ ਐਂਟੀਬਾਡੀਜ਼ ਹੁੰਦੇ ਹਨ। ਚਿੱਟੇ ਸੈੱਲਾਂ ਤੋਂ ਇੰਟਰਫੇਰਾਨ ਅਤੇ ਇੰਟਰਲੁਕਿਨ ਨਾਂ ਦੇ ਪ੍ਰੋਟੀਨ ਲਏ ਜਾ ਸਕਦੇ ਹਨ ਜੋ ਕੁਝ ਵਾਇਰਲ ਇਨਫ਼ੈਕਸ਼ਨਾਂ ਅਤੇ ਕੈਂਸਰਾਂ ਦੇ ਇਲਾਜ ਲਈ ਵਰਤੇ ਜਾਂਦੇ ਹਨ।

ਕੀ ਮਸੀਹੀਆਂ ਨੂੰ ਲਹੂ ਦੇ ਅੰਸ਼ਾਂ ਤੋਂ ਬਣੀਆਂ ਦਵਾਈਆਂ ਲੈਣੀਆਂ ਚਾਹੀਦੀਆਂ ਹਨ? ਬਾਈਬਲ ਵਿਚ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਇਸ ਲਈ ਸਾਨੂੰ ਆਪ ਆਪਣੀ ਜ਼ਮੀਰ ਦੇ ਅਨੁਸਾਰ ਫ਼ੈਸਲਾ ਕਰਨਾ ਚਾਹੀਦਾ ਹੈ। ਕੁਝ ਮਸੀਹੀ ਲਹੂ ਦੇ ਅੰਸ਼ਾਂ ਤੋਂ ਬਣੀਆਂ ਦਵਾਈਆਂ ਬਿਲਕੁਲ ਨਹੀਂ ਲੈਂਦੇ। ਉਹ ਸ਼ਾਇਦ ਕਹਿਣ ਕਿ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਲਹੂ ‘ਧਰਤੀ ਉੱਤੇ ਡੋਹਲਣ’ ਦਾ ਹੁਕਮ ਦਿੱਤਾ ਸੀ। (ਬਿਵਸਥਾ ਸਾਰ 12:22-24) ਕਈ ਹੋਰ ਮਸੀਹੀ ਸੁਧਾ ਲਹੂ ਜਾਂ ਇਸ ਦੇ ਚਾਰ ਮੁੱਖ ਤੱਤ ਲੈਣ ਤੋਂ ਇਨਕਾਰ ਕਰਦੇ ਹਨ, ਪਰ ਉਹ ਸ਼ਾਇਦ ਅੰਸ਼ਾਂ ਤੋਂ ਬਣੀਆਂ ਦਵਾਈਆਂ ਲੈ ਲੈਣ। ਉਹ ਸ਼ਾਇਦ ਕਹਿਣ ਕਿ ਲਹੂ ਦੇ ਅੰਸ਼ ਉਸ ਇਨਸਾਨ ਜਾਂ ਜਾਨਵਰ ਦੀ ਜ਼ਿੰਦਗੀ ਨੂੰ ਨਹੀਂ ਦਰਸਾਉਂਦੇ ਜਿਸ ਦਾ ਲਹੂ ਲਿਆ ਗਿਆ ਹੈ।

ਲਹੂ ਦੇ ਅੰਸ਼ਾਂ ਸੰਬੰਧੀ ਫ਼ੈਸਲਾ ਕਰਦੇ ਸਮੇਂ ਇਨ੍ਹਾਂ ਸਵਾਲਾਂ ਉੱਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰੋ: ਕੀ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਾਰੇ ਫਰੈਕਸ਼ਨਾਂ ਤੋਂ ਇਨਕਾਰ ਕਰਨ ਦਾ ਮਤਲਬ ਹੋਵੇਗਾ ਕਿ ਮੈਂ ਅੰਸ਼ਾਂ ਤੋਂ ਬਣੀਆਂ ਉਹ ਦਵਾਈਆਂ ਵੀ ਨਹੀਂ ਲਵਾਂਗਾ ਜੋ ਬੀਮਾਰੀਆਂ ਨਾਲ ਲੜਨ ਜਾਂ ਜ਼ਖ਼ਮਾਂ ਵਿੱਚੋਂ ਲਹੂ ਨੂੰ ਵਗਣ ਤੋਂ ਰੋਕਣ ਲਈ ਵਰਤੀਆਂ ਜਾਂਦੀਆਂ ਹਨ? ਅਜਿਹੀਆਂ ਦਵਾਈਆਂ ਦੀ ਵਰਤੋਂ ਸੰਬੰਧੀ ਮੈਂ ਜੋ ਵੀ ਫ਼ੈਸਲਾ ਕਰਦਾ ਹਾਂ, ਕੀ ਮੈਂ ਇਸ ਬਾਰੇ ਡਾਕਟਰ ਨੂੰ ਸਾਫ਼-ਸਾਫ਼ ਸਮਝਾ ਸਕਾਂਗਾ?

ਓਪਰੇਸ਼ਨ ਦੌਰਾਨ ਇਲਾਜ ਦੀਆਂ ਵਿਧੀਆਂ। ਹੀਮੋਡਾਈਲੂਸ਼ਨ ਅਤੇ ਸੈੱਲ ਸਾਲਵੇਜ ਨਾਂ ਦੀਆਂ ਵਿਧੀਆਂ ਨੂੰ ਓਪਰੇਸ਼ਨ ਦੌਰਾਨ ਇਸਤੇਮਾਲ ਕੀਤਾ ਜਾਂਦਾ ਹੈ। ਹੀਮੋਡਾਈਲੂਸ਼ਨ ਵਿਧੀ ਵਿਚ ਮਰੀਜ਼ ਦਾ ਲਹੂ ਕੱਢ ਕੇ ਬੈਗ ਵਿਚ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਦੀ ਥਾਂ ਸਰੀਰ ਵਿਚ ਵਾਲਿਊਮ ਐਕਸਪੈਂਡਰ ਪਾਇਆ ਜਾਂਦਾ ਹੈ। ਮਰੀਜ਼ ਦਾ ਵੱਖ ਕੀਤਾ ਲਹੂ ਬਾਅਦ ਵਿਚ ਉਸ ਦੇ ਸਰੀਰ ਵਿਚ ਵਾਪਸ ਪਾ ਦਿੱਤਾ ਜਾਂਦਾ ਹੈ। ਸੈੱਲ ਸਾਲਵੇਜ ਵਿਧੀ ਵਿਚ ਓਪਰੇਸ਼ਨ ਦੌਰਾਨ ਵਹਿੰਦਾ ਲਹੂ ਮਸ਼ੀਨ ਰਾਹੀਂ ਇਕੱਠਾ ਕਰ ਕੇ ਸਾਫ਼ ਕਰਨ ਤੋਂ ਬਾਅਦ ਮਰੀਜ਼ ਵਿਚ ਵਾਪਸ ਪਾਇਆ ਜਾਂਦਾ ਹੈ। ਇਲਾਜ ਦੀਆਂ ਇਨ੍ਹਾਂ ਵਿਧੀਆਂ ਸੰਬੰਧੀ ਵੱਖ-ਵੱਖ ਹਸਪਤਾਲਾਂ ਅਤੇ ਡਾਕਟਰਾਂ ਦਾ ਆਪੋ-ਆਪਣਾ ਤਰੀਕਾ ਹੋ ਸਕਦਾ ਹੈ। ਸੋ ਤੁਸੀਂ ਆਪਣੇ ਡਾਕਟਰ ਨੂੰ ਪੁੱਛ ਸਕਦੇ ਹੋ ਕਿ ਉਹ ਕਿਸ ਤਰੀਕੇ ਨਾਲ ਤੁਹਾਡਾ ਇਲਾਜ ਕਰੇਗਾ।

ਇਨ੍ਹਾਂ ਵਿਧੀਆਂ ਬਾਰੇ ਫ਼ੈਸਲਾ ਕਰਦੇ ਸਮੇਂ ਆਪਣੇ ਤੋਂ ਇਹ ਸਵਾਲ ਪੁੱਛੋ: ‘ਜੇ ਮੇਰਾ ਥੋੜ੍ਹਾ-ਬਹੁਤ ਲਹੂ ਸਰੀਰ ਤੋਂ ਬਾਹਰ ਮਸ਼ੀਨ ਵਿਚ ਦੀ ਲੰਘਾਇਆ ਜਾਂਦਾ ਹੈ ਤੇ ਕੁਝ ਸਮੇਂ ਲਈ ਬਾਹਰ ਹੀ ਰਹਿੰਦਾ ਹੈ, ਤਾਂ ਕੀ ਮੈਂ ਇਸ ਨੂੰ ਆਪਣੇ ਸਰੀਰ ਦਾ ਹੀ ਹਿੱਸਾ ਸਮਝਾਂਗਾ, ਜਿਸ ਕਰਕੇ ਬਾਈਬਲ ਦੇ ਹੁਕਮ ਮੁਤਾਬਕ ਇਸ ਨੂੰ “ਧਰਤੀ ਉੱਤੇ ਡੋਹਲਣ” ਦੀ ਲੋੜ ਨਹੀਂ? (ਬਿਵਸਥਾ ਸਾਰ 12:23, 24) ਕੀ ਮੇਰੀ ਜ਼ਮੀਰ ਮੈਨੂੰ ਤੰਗ ਕਰੇਗੀ ਜੇ ਇਲਾਜ ਦੌਰਾਨ ਮੇਰਾ ਹੀ ਲਹੂ ਕੱਢ ਕੇ ਤੇ ਸਾਫ਼ ਕਰ ਕੇ ਜਾਂ ਉਸ ਵਿਚ ਦਵਾਈ ਮਿਲਾ ਕੇ ਮੁੜ ਮੇਰੇ ਸਰੀਰ ਵਿਚ ਪਾਇਆ ਜਾਵੇ? ਜੇ ਮੈਂ ਆਪਣੇ ਲਹੂ ਨਾਲ ਜੁੜੇ ਹਰ ਇਲਾਜ ਨੂੰ ਠੁਕਰਾਵਾਂਗਾ, ਤਾਂ ਕੀ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਖ਼ੂਨ ਟੈੱਸਟ, ਡਾਇਆਲਿਸਸ ਜਾਂ ਦਿਲ-ਫੇਫੜਾ ਮਸ਼ੀਨ ਦੀ ਵਰਤੋਂ ਕਰਨ ਤੋਂ ਵੀ ਇਨਕਾਰ ਕਰ ਰਿਹਾ ਹੋਵਾਂਗਾ?’

ਇਕ ਮਸੀਹੀ ਨੂੰ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਓਪਰੇਸ਼ਨ, ਟੈੱਸਟ ਜਾਂ ਇਲਾਜ ਦੌਰਾਨ ਉਸ ਦੇ ਲਹੂ ਨਾਲ ਕੀ ਕੀਤਾ ਜਾਵੇਗਾ। ਉਸ ਨੂੰ ਇਹ ਵੀ ਫ਼ੈਸਲਾ ਕਰਨਾ ਪਵੇਗਾ ਕਿ ਜੇ ਉਸ ਦਾ ਆਪਣਾ ਥੋੜ੍ਹਾ ਜਿਹਾ ਲਹੂ ਕੱਢ ਕੇ ਸਾਫ਼ ਕੀਤਾ ਜਾਂਦਾ ਹੈ ਜਾਂ ਉਸ ਵਿਚ ਦਵਾਈ ਮਿਲਾਈ ਜਾਂਦੀ ਹੈ, ਤਾਂ ਕੀ ਉਹ ਉਸ ਲਹੂ ਨੂੰ ਮੁੜ ਆਪਣੇ ਸਰੀਰ ਵਿਚ ਪੁਆਉਣਾ ਚਾਹੇਗਾ ਜਾਂ ਨਹੀਂ।