Skip to content

Skip to table of contents

ਅਧਿਆਇ ਬਾਰਾਂ

ਤੁਸੀਂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਮੱਸਿਆਵਾਂ ਉੱਤੇ ਜੇਤੂ ਹੋ ਸਕਦੇ ਹੋ

ਤੁਸੀਂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਮੱਸਿਆਵਾਂ ਉੱਤੇ ਜੇਤੂ ਹੋ ਸਕਦੇ ਹੋ

1. ਕੁਝ ਪਰਿਵਾਰਾਂ ਵਿਚ ਕਿਹੜੀਆਂ ਛੁਪੀਆਂ ਸਮੱਸਿਆਵਾਂ ਮੌਜੂਦ ਹਨ?

ਹੁਣੇ ਹੀ ਉਸ ਪੁਰਾਣੀ ਗੱਡੀ ਨੂੰ ਧੋਤਾ ਅਤੇ ਪਾਲਿਸ਼ ਕੀਤਾ ਗਿਆ ਹੈ। ਕੋਲੋਂ ਲੰਘਦਿਆਂ ਰਾਹਗੀਰਾਂ ਨੂੰ ਉਹ ਚਮਕਦੀ, ਤਕਰੀਬਨ ਨਵੀਂ ਹੀ ਨਜ਼ਰ ਆਉਂਦੀ ਹੈ। ਪਰੰਤੂ ਤਲ ਦੇ ਹੇਠ, ਵਾਹਣ ਦੇ ਢਾਂਚੇ ਨੂੰ ਖੋਰਨਸ਼ੀਲ ਜ਼ੰਗਾਲ ਖਾਈ ਜਾ ਰਿਹਾ ਹੈ। ਕੁਝ ਪਰਿਵਾਰਾਂ ਦੇ ਨਾਲ ਸਮਾਨ ਸਥਿਤੀ ਹੈ। ਭਾਵੇਂ ਕਿ ਬਾਹਰਲੀਆਂ ਦਿੱਖਾਂ ਤੋਂ ਸਭ ਕੁਝ ਸਹੀ-ਸਲਾਮਤ ਜਾਪਦਾ ਹੈ, ਪਰੰਤੂ ਮੁਸਕਰਾਉਂਦੇ ਚਿਹਰੇ ਡਰ ਅਤੇ ਦੁੱਖ ਨੂੰ ਛੁਪਾ ਰਹੇ ਹਨ। ਬੰਦ ਦਰਵਾਜ਼ਿਆਂ ਪਿੱਛੇ ਖੋਰਨਸ਼ੀਲ ਤੱਤ ਪਰਿਵਾਰਕ ਸ਼ਾਂਤੀ ਨੂੰ ਤਬਾਹ ਕਰ ਰਹੇ ਹਨ। ਨਸ਼ਈਪੁਣਾ ਅਤੇ ਹਿੰਸਾ ਦੋ ਸਮੱਸਿਆਵਾਂ ਹਨ ਜੋ ਇਹ ਮਾਂਦਗੀ ਪਾ ਸਕਦੀਆਂ ਹਨ।

ਨਸ਼ਈਪੁਣੇ ਦੁਆਰਾ ਕੀਤਾ ਨੁਕਸਾਨ

2. (ੳ) ਸ਼ਰਾਬ ਦੇ ਪਦਾਰਥਾਂ ਦੀ ਵਰਤੋਂ ਬਾਰੇ ਬਾਈਬਲ ਦਾ ਕੀ ਵਿਚਾਰ ਹੈ? (ਅ) ਨਸ਼ਈਪੁਣਾ ਕੀ ਹੈ?

2 ਬਾਈਬਲ ਸ਼ਰਾਬ ਦੇ ਪਦਾਰਥਾਂ ਦੀ ਸੰਜਮੀ ਵਰਤੋਂ ਨੂੰ ਨਹੀਂ ਨਿੰਦਦੀ, ਪਰੰਤੂ ਉਹ ਨਸ਼ੇ ਦੀ ਨਿੰਦਿਆ ਜ਼ਰੂਰ ਕਰਦੀ ਹੈ। (ਕਹਾਉਤਾਂ 23:20, 21; 1 ਕੁਰਿੰਥੀਆਂ 6:9, 10; 1 ਤਿਮੋਥਿਉਸ 5:23; ਤੀਤੁਸ 2:2, 3) ਨਸ਼ਈਪੁਣਾ, ਫਿਰ ਵੀ, ਨਸ਼ੇ ਨਾਲੋਂ ਕੁਝ ਜ਼ਿਆਦਾ ਹੁੰਦਾ ਹੈ; ਇਹ ਸ਼ਰਾਬ ਦੇ ਪਦਾਰਥਾਂ ਨਾਲ ਇਕ ਚਿਰਕਾਲੀ ਅਤਿ-ਰੁਝੇਵਾਂ ਹੁੰਦਾ ਹੈ ਅਤੇ ਇਨ੍ਹਾਂ ਦੇ ਉਪਭੋਗ ਦੇ ਕਾਰਨ ਕਾਬੂ ਖੋਹ ਦੇਣਾ। ਸ਼ਰਾਬੀ ਬਾਲਗ ਹੋ ਸਕਦੇ ਹਨ। ਅਫ਼ਸੋਸ, ਉਹ ਨੌਜਵਾਨ ਵੀ ਹੋ ਸਕਦੇ ਹਨ।

3, 4. ਵਿਆਹੁਤਾ ਸਾਥੀ ਅਤੇ ਬੱਚਿਆਂ ਉੱਤੇ ਸ਼ਰਾਬੀ ਦੇ ਨਸ਼ਈਪੁਣੇ ਦੇ ਅਸਰਾਂ ਨੂੰ ਵਰਣਨ ਕਰੋ।

3 ਬਹੁਤ ਸਮੇਂ ਪਹਿਲਾਂ ਬਾਈਬਲ ਨੇ ਸੰਕੇਤ ਕੀਤਾ ਕਿ ਸ਼ਰਾਬ ਦੀ ਕੁਵਰਤੋਂ ਪਰਿਵਾਰਕ ਸ਼ਾਂਤੀ ਨੂੰ ਭੰਗ ਕਰ ਸਕਦੀ ਹੈ। (ਬਿਵਸਥਾ ਸਾਰ 21:18-21) ਨਸ਼ਈਪੁਣੇ ਦੇ ਖੋਰਨਸ਼ੀਲ ਅਸਰ ਸਮੁੱਚੇ ਪਰਿਵਾਰ ਉੱਤੇ ਪੈਂਦੇ ਹਨ। ਵਿਆਹੁਤਾ ਸਾਥੀ ਸ਼ਾਇਦ ਸ਼ਰਾਬੀ ਦੇ ਪੀਣ ਨੂੰ ਰੋਕਣ ਵਿਚ ਜਾਂ ਉਸ ਦੇ ਨਾ-ਅਨੁਮਾਨਣਯੋਗ ਵਤੀਰੇ ਨਾਲ ਨਿਭਣ ਦੇ ਜਤਨਾਂ ਵਿਚ ਲੀਨ ਹੋ ਜਾਵੇ। * ਉਹ ਸ਼ਰਾਬ ਨੂੰ ਲੁਕੋਣ, ਬਾਹਰ ਸੁੱਟਣ, ਉਸ ਦੇ ਪੈਸਿਆਂ ਨੂੰ ਛੁਪਾਉਣ, ਅਤੇ ਉਸ ਦੇ ਪਰਿਵਾਰ ਲਈ, ਜੀਵਨ ਲਈ, ਇੱਥੋਂ ਤਕ ਕਿ ਪਰਮੇਸ਼ੁਰ ਲਈ ਵੀ ਪ੍ਰੇਮ ਨੂੰ ਅਪੀਲ ਕਰਨ ਦੇ ਜਤਨ ਕਰਦੀ ਹੈ—ਪਰੰਤੂ ਸ਼ਰਾਬੀ ਫਿਰ ਵੀ ਪੀਂਦਾ ਹੈ। ਜਿਉਂ ਹੀ ਉਸ ਦੀ ਸ਼ਰਾਬ ਪੀਣ ਦੀ ਆਦਤ ਨੂੰ ਨਿਯੰਤ੍ਰਣ ਕਰਨ ਦੇ ਪਤਨੀ ਦੇ ਜਤਨ ਵਾਰ-ਵਾਰ ਅਸਫ਼ਲ ਹੁੰਦੇ ਹਨ, ਉਹ ਨਿਰਾਸ਼ ਅਤੇ ਅਯੋਗ ਮਹਿਸੂਸ ਕਰਦੀ ਹੈ। ਉਹ ਸ਼ਾਇਦ ਡਰ, ਕ੍ਰੋਧ, ਦੋਸ਼ ਭਾਵਨਾ, ਬੇਚੈਨੀ, ਚਿੰਤਾ, ਅਤੇ ਆਤਮ-ਸਨਮਾਨ ਦੀ ਕਮੀ ਤੋਂ ਪੀੜਿਤ ਹੋਣ ਲੱਗ ਪਵੇ।

4 ਬੱਚੇ ਇਕ ਮਾਤਾ ਜਾਂ ਪਿਤਾ ਦੇ ਨਸ਼ਈਪੁਣੇ ਦੇ ਅਸਰਾਂ ਤੋਂ ਨਹੀਂ ਬੱਚਦੇ ਹਨ। ਕੁਝ ਸਰੀਰਕ ਤੌਰ ਤੇ ਜ਼ਖ਼ਮੀ ਕੀਤੇ ਜਾਂਦੇ ਹਨ। ਦੂਜਿਆਂ ਨਾਲ ਲਿੰਗੀ ਤੌਰ ਤੇ ਛੇੜਖਾਨੀ ਕੀਤੀ ਜਾਂਦੀ ਹੈ। ਉਹ ਸ਼ਾਇਦ ਇਕ ਮਾਤਾ ਜਾਂ ਪਿਤਾ ਦੇ ਨਸ਼ਈਪੁਣੇ ਲਈ ਖ਼ੁਦ ਨੂੰ ਵੀ ਦੋਸ਼ੀ ਠਹਿਰਾਉਣ। ਅਕਸਰ ਉਨ੍ਹਾਂ ਦੀ ਦੂਜਿਆਂ ਉੱਤੇ ਭਰੋਸਾ ਰੱਖਣ ਦੀ ਯੋਗਤਾ ਸ਼ਰਾਬੀ ਦੇ ਬੇਅਸੂਲੇ ਵਤੀਰੇ ਦੁਆਰਾ ਤਬਾਹ ਕੀਤੀ ਜਾਂਦੀ ਹੈ। ਕਿਉਂਕਿ ਉਹ ਸੌਖ ਨਾਲ ਉਸ ਬਾਰੇ ਗੱਲ ਨਹੀਂ ਕਰ ਸਕਦੇ ਹਨ ਜੋ ਕੁਝ ਘਰ ਵਿਚ ਹੋ ਰਿਹਾ ਹੈ, ਬੱਚੇ ਸ਼ਾਇਦ ਆਪਣੇ ਜਜ਼ਬਾਤਾਂ ਨੂੰ ਦਬਾਉਣਾ ਸਿੱਖ ਜਾਣ, ਜਿਸ ਦੇ ਅਕਸਰ ਨੁਕਸਾਨਦੇਹ ਸਰੀਰਕ ਨਤੀਜੇ ਹੁੰਦੇ ਹਨ। (ਕਹਾਉਤਾਂ 17:22) ਅਜਿਹੇ ਬੱਚਿਆਂ ਵਿਚ ਆਤਮ-ਵਿਸ਼ਵਾਸ ਅਤੇ ਆਤਮ-ਸਨਮਾਨ ਦੀ ਕਮੀ ਠੀਕ ਪ੍ਰੌੜ੍ਹ-ਅਵਸਥਾ ਤਕ ਵੀ ਜਾਰੀ ਰਹਿ ਸਕਦੀ ਹੈ।

ਪਰਿਵਾਰ ਕੀ ਕਰ ਸਕਦਾ ਹੈ?

5. ਨਸ਼ਈਪੁਣਾ ਕਿਵੇਂ ਨਿਯੰਤ੍ਰਿਤ ਕੀਤਾ ਜਾ ਸਕਦਾ ਹੈ, ਅਤੇ ਇਹ ਕਠਿਨ ਕਿਉਂ ਹੈ?

5 ਭਾਵੇਂ ਕਿ ਬਹੁਤੇਰੇ ਅਧਿਕਾਰੀ ਕਹਿੰਦੇ ਹਨ ਕਿ ਨਸ਼ਈਪੁਣੇ ਦਾ ਕੋਈ ਇਲਾਜ ਨਹੀਂ ਹੈ, ਜ਼ਿਆਦਾਤਰ ਇਸ ਨਾਲ ਸਹਿਮਤ ਹੁੰਦੇ ਹਨ ਕਿ ਕੁਲ ਪਰਹੇਜ਼ ਦੇ ਇਕ ਪ੍ਰੋਗ੍ਰਾਮ ਨਾਲ ਕੁਝ ਹੱਦ ਤਕ ਰੋਗ-ਮੁਕਤੀ ਮੁਮਕਿਨ ਹੈ। (ਤੁਲਨਾ ਕਰੋ ਮੱਤੀ 5:29.) ਪਰੰਤੂ ਇਕ ਸ਼ਰਾਬੀ ਤੋਂ ਮਦਦ ਸਵੀਕਾਰ ਕਰਾਉਣਾ, ਕਰਨ ਨਾਲੋਂ ਕਹਿਣਾ ਸੌਖਾ ਹੈ, ਕਿਉਂ ਜੋ ਉਹ ਆਮ ਤੌਰ ਤੇ ਇਨਕਾਰ ਕਰਦਾ ਹੈ ਕਿ ਉਸ ਦੀ ਇਕ ਸਮੱਸਿਆ ਹੈ। ਲੇਕਨ, ਜਦੋਂ ਪਰਿਵਾਰਕ ਸਦੱਸ ਨਸ਼ਈਪੁਣੇ ਦੇ ਉਨ੍ਹਾਂ ਉੱਤੇ ਪਏ ਅਸਰਾਂ ਨਾਲ ਨਿਭਣ ਵਾਸਤੇ ਕਦਮ ਚੁੱਕਦੇ ਹਨ, ਸ਼ਰਾਬੀ ਸ਼ਾਇਦ ਅਹਿਸਾਸ ਕਰਨਾ ਆਰੰਭ ਕਰੇ ਕਿ ਉਸ ਦੀ ਇਕ ਸਮੱਸਿਆ ਹੈ। ਇਕ ­ਡਾਕਟਰ ਜਿਸ ਕੋਲ ਸ਼ਰਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਦਦ ਦੇਣ ਦਾ ਤਜਰਬਾ ਹੈ, ਨੇ ਕਿਹਾ: “ਮੇਰੇ ਵਿਚਾਰ ਵਿਚ ਪਰਿਵਾਰ ਲਈ ਸਭ ਤੋਂ ਅਹਿਮ ਚੀਜ਼ ਇਹ ਹੈ ਕਿ ਉਹ ਕੇਵਲ ਆਪਣੇ ਰੋਜ਼ਾਨਾ ਕਾਰੋਬਾਰਾਂ ਵਿਚ ਸਭ ਤੋਂ ਸੰਭਵ ਗੁਣਕਾਰੀ ਤਰੀਕੇ ਵਿਚ ਜੁਟੇ ਰਹਿਣ। ਸ਼ਰਾਬੀ ਪ੍ਰਗਤੀਵਾਦੀ ਢੰਗ ਨਾਲ ਇਸ ਗੱਲ ਦਾ ਸਾਮ੍ਹਣਾ ਕਰਦਾ ਹੈ ਕਿ ਬਾਕੀ ਦੇ ਪਰਿਵਾਰ ਅਤੇ ਉਸ ਦੇ ਵਿਚਕਾਰ ਕਿੰਨੀ ਵੱਡੀ ਭਿੰਨਤਾ ਹੈ।”

6. ਇਕ ਸ਼ਰਾਬੀ ਸਦੱਸ ਵਾਲੇ ਪਰਿਵਾਰਾਂ ਵਾਸਤੇ ਸਲਾਹ ਦਾ ਸਭ ਤੋਂ ਵਧੀਆ ਸ੍ਰੋਤ ਕੀ ਹੈ?

6 ਜੇਕਰ ਤੁਹਾਡੇ ਪਰਿਵਾਰ ਵਿਚ ਇਕ ਸ਼ਰਾਬੀ ਹੈ, ਤਾਂ ਬਾਈਬਲ ਦੀ ਪ੍ਰੇਰਿਤ ਸਲਾਹ ਤੁਹਾਨੂੰ ਸਭ ਤੋਂ ਮੁਮਕਿਨ ਗੁਣਕਾਰੀ ਤਰੀਕੇ ਨਾਲ ਜੀਉਣ ਵਿਚ ਮਦਦ ਕਰ ਸਕਦੀ ਹੈ। (ਯਸਾਯਾਹ 48:17; 2 ਤਿਮੋਥਿਉਸ 3:16, 17) ਕੁਝ ਸਿਧਾਂਤਾਂ ਉੱਤੇ ਵਿਚਾਰ ਕਰੋ ਜਿਨ੍ਹਾਂ ਨੇ ਪਰਿਵਾਰਾਂ ਨੂੰ ਨਸ਼ਈਪੁਣੇ ਨਾਲ ਸਫ਼ਲਤਾਪੂਰਵਕ ਨਿਭਣ ਵਿਚ ਮਦਦ ਕੀਤੀ ਹੈ।

7. ਜੇਕਰ ਇਕ ਪਰਿਵਾਰਕ ਸਦੱਸ ਇਕ ਸ਼ਰਾਬੀ ਹੈ, ਤਾਂ ਇਸ ਦਾ ਕੌਣ ਜ਼ਿੰਮੇਵਾਰ ਹੈ?

7 ਸਾਰਾ ਦੋਸ਼ ਆਪਣੇ ਉੱਤੇ ਨਾ ਲਵੋ। ਬਾਈਬਲ ਕਹਿੰਦੀ ਹੈ: “ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ,” ਅਤੇ, “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਗਲਾਤੀਆਂ 6:5; ਰੋਮੀਆਂ 14:12) ਸ਼ਰਾਬੀ ਸ਼ਾਇਦ ਇਹ ਜਤਾਉਣ ਦਾ ਜਤਨ ਕਰੇ ਕਿ ਪਰਿਵਾਰਕ ਸਦੱਸ ਜ਼ਿੰਮੇਵਾਰ ਹਨ। ਉਦਾਹਰਣ ਵਜੋਂ, ਉਹ ਸ਼ਾਇਦ ਕਹੇ: “ਜੇਕਰ ਤੁਸੀਂ ਮੇਰੇ ਨਾਲ ਬਿਹਤਰ ਵਤੀਰਾ ਰੱਖਦੇ, ਤਾਂ ਮੈਂ ਨਾ ਹੀ ਪੀਂਦਾ।” ਜੇਕਰ ਦੂਜੇ ਵਿਅਕਤੀ ਉਸ ਦੇ ਨਾਲ ਸਹਿਮਤ ਹੁੰਦੇ ਜਾਪਦੇ ਹਨ, ਤਾਂ ਉਹ ਉਸ ਨੂੰ ਸ਼ਰਾਬ ਪੀਂਦੇ ਰਹਿਣ ਵਾਸਤੇ ਉਕਸਾ ਰਹੇ ਹਨ। ਪਰੰਤੂ ਜੇਕਰ ਅਸੀਂ ਹਾਲਾਤ ਦੇ ਜਾਂ ਦੂਜੇ ਲੋਕਾਂ ਦੇ ਵੀ ਸ਼ਿਕਾਰ ਬਣਦੇ ਹਾਂ, ਤਾਂ ਵੀ ਅਸੀਂ ਸਾਰੇ—ਜਿਨ੍ਹਾਂ ਵਿਚ ਸ਼ਰਾਬੀ ਵੀ ਸ਼ਾਮਲ ਹਨ—ਉਸ ਲਈ ਜਵਾਬਦੇਹ ਹਾਂ ਜੋ ਅਸੀਂ ਕਰਦੇ ਹਾਂ।—ਤੁਲਨਾ ਕਰੋ ਫ਼ਿਲਿੱਪੀਆਂ 2:12.

8. ਕਿਹੜੇ ਕੁਝ ਤਰੀਕੇ ਹਨ ਜਿਨ੍ਹਾਂ ਦੁਆਰਾ ਸ਼ਰਾਬੀ ਨੂੰ ਆਪਣੀ ਸਮੱਸਿਆ ਦੇ ਨਤੀਜਿਆਂ ਦਾ ਸਾਮ੍ਹਣਾ ਕਰਨ ਵਿਚ ਸ਼ਾਇਦ ਮਦਦ ਕੀਤੀ ਜਾ ਸਕਦੀ ਹੈ?

8 ਇਹ ਨਾ ਮਹਿਸੂਸ ਕਰੋ ਕਿ ਤੁਹਾਨੂੰ ਸ਼ਰਾਬੀ ਨੂੰ ਉਸ ਦੇ ਪੀਣ ਦੇ ਨਤੀਜਿਆਂ ਤੋਂ ਹਮੇਸ਼ਾ ਬਚਾਉਣਾ ਚਾਹੀਦਾ ਹੈ। ਕ੍ਰੋਧ ਵਿਚ ਆਏ ਕਿਸੇ ਵਿਅਕਤੀ ਦੇ ਬਾਰੇ ਇਕ ਬਾਈਬਲ ਕਹਾਵਤ ਸ਼ਰਾਬੀ ਨੂੰ ਵੀ ਬਰਾਬਰ ਲਾਗੂ ਹੋ ਸਕਦੀ ਹੈ: “ਜੇ ਤੂੰ ਉਹ ਨੂੰ ਛੁਡਾਵੇਂ ਤਾਂ ਤੈਨੂੰ ਬਾਰ ਬਾਰ ਛੁਡਾਉਣਾ ਪਵੇਗਾ।” (ਕਹਾਉਤਾਂ 19:19) ਸ਼ਰਾਬੀ ਨੂੰ ਉਸ ਦੇ ਪੀਣ ਦੇ ਪ੍ਰਭਾਵਾਂ ਨੂੰ ਮਹਿਸੂਸ ਕਰਨ ਦਿਓ। ਸ਼ਰਾਬ ਪੀਣ ਦੇ ਦੌਰੇ ਤੋਂ ਬਾਅਦ ਉਸ ਨੂੰ ਆਪਣਾ ਗੰਦ ਖ਼ੁਦ ਸਾਫ਼ ਕਰਨ ਦਿਓ ਜਾਂ ਸਵੇਰ ਨੂੰ ਆਪਣੇ ਮਾਲਕ ਨੂੰ ਟੈਲੀਫੋਨ ਖ਼ੁਦ ਕਰਨ ਦਿਓ।

9, 10. ਸ਼ਰਾਬੀਆਂ ਦੇ ਪਰਿਵਾਰਾਂ ਨੂੰ ਮਦਦ ਕਿਉਂ ਸਵੀਕਾਰ ਕਰਨੀ ਚਾਹੀਦੀ ਹੈ, ਅਤੇ ਉਨ੍ਹਾਂ ਨੂੰ ਖ਼ਾਸ ਤੌਰ ਤੇ ਕਿਸ ਦੀ ਮਦਦ ਭਾਲਣੀ ਚਾਹੀਦੀ ਹੈ?

9 ਦੂਜਿਆਂ ਤੋਂ ਮਦਦ ਸਵੀਕਾਰ ਕਰੋ। ਕਹਾਉਤਾਂ 17:17 ਕਹਿੰਦੀ ਹੈ: “ਮਿੱਤ੍ਰ [“ਸੱਚਾ ਸਾਥੀ,” ਨਿਵ] ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” ਜਦੋਂ ਤੁਹਾਡੇ ਪਰਿਵਾਰ ਵਿਚ ਇਕ ਸ਼ਰਾਬੀ ਹੁੰਦਾ ਹੈ, ਉਦੋਂ ਬਿਪਤਾ ਹੁੰਦੀ ਹੈ। ਤੁਹਾਨੂੰ ਮਦਦ ਦੀ ਲੋੜ ਹੈ। ਸਮਰਥਨ ਲਈ ‘ਸੱਚੇ ਸਾਥੀ’ ਉੱਤੇ ਨਿਰਭਰ ਕਰਨ ਤੋਂ ਨਾ ਝਿਜਕੋ। (ਕਹਾਉਤਾਂ 18:24) ਦੂਜਿਆਂ ਦੇ ਨਾਲ ਗੱਲਾਂ ਕਰਨੀਆਂ ਜੋ ਸਮੱਸਿਆ ਨੂੰ ਸਮਝਦੇ ਹਨ ਜਾਂ ਜੋ ਸਮਰੂਪ ਪਰਿਸਥਿਤੀ ਦਾ ਸਾਮ੍ਹਣਾ ਕਰ ਚੁੱਕੇ ਹਨ ਸ਼ਾਇਦ ਤੁਹਾਨੂੰ ਵਿਵਹਾਰਕ ਸੁਝਾਵਾਂ ਪ੍ਰਦਾਨ ਕਰੇ ਕਿ ਕੀ ਕਰਨਾ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ। ਪਰੰਤੂ ਸੰਤੁਲਿਤ ਹੋਵੋ। ਉਨ੍ਹਾਂ ਦੇ ਨਾਲ ਗੱਲ ਕਰੋ ਜਿਨ੍ਹਾਂ ਉੱਤੇ ਤੁਸੀਂ ਭਰੋਸਾ ਰੱਖਦੇ ਹੋ, ਉਹ ਜੋ ਤੁਹਾਡੀਆਂ “ਛਿਪੀਆਂ ਗੱਲਾਂ” ਨੂੰ ਆਪਣੇ ਕੋਲ ਹੀ ਰੱਖਣਗੇ।—ਕਹਾਉਤਾਂ 11:13.

10 ਮਸੀਹੀ ਬਜ਼ੁਰਗਾਂ ਉੱਤੇ ਭਰੋਸਾ ਰੱਖਣਾ ਸਿੱਖੋ। ਮਸੀਹੀ ਕਲੀਸਿਯਾ ਦੇ ਬਜ਼ੁਰਗ ਮਦਦ ਦਾ ਇਕ ਵੱਡਾ ਸ੍ਰੋਤ ਹੋ ਸਕਦੇ ਹਨ। ਇਹ ਪ੍ਰੌੜ੍ਹ ਮਨੁੱਖ ਪਰਮੇਸ਼ੁਰ ਦੇ ਬਚਨ ਵਿਚ ਸਿੱਖਿਅਤ ਹਨ ਅਤੇ ਉਸ ਦੇ ਸਿਧਾਂਤਾਂ ਦੀ ਵਰਤੋਂ ਵਿਚ ਤਜਰਬੇਕਾਰ ਹਨ। ਉਹ ‘ਪੌਣ ਤੋਂ ਲੁੱਕਣ ਦੇ ਥਾਂ ਜਿਹੇ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹੇ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹੇ’ ਸਾਬਤ ਹੋ ਸਕਦੇ ਹਨ। (ਯਸਾਯਾਹ 32:2) ਮਸੀਹੀ ਬਜ਼ੁਰਗ ਸਮੁੱਚੀ ਕਲੀਸਿਯਾ ਨੂੰ ਹਾਨੀਕਾਰਕ ਪ੍ਰਭਾਵਾਂ ਤੋਂ ਹੀ ਨਹੀਂ ਰਾਖੀ ਕਰਦੇ ਹਨ ਪਰੰਤੂ ਉਹ ਦਿਲਾਸਾ ਅਤੇ ਤਾਜ਼ਗੀ ਵੀ ਦਿੰਦੇ ਹਨ ਅਤੇ ਉਨ੍ਹਾਂ ਵਿਅਕਤੀਆਂ ਵਿਚ ਵਿਅਕਤੀਗਤ ਤੌਰ ਤੇ ਦਿਲਚਸਪੀ ਲੈਂਦੇ ਹਨ ਜਿਨ੍ਹਾਂ ਕੋਲ ਸਮੱਸਿਆਵਾਂ ਹਨ। ਉਨ੍ਹਾਂ ਦੀ ਮਦਦ ਦਾ ਪੂਰਾ ਲਾਭ ਉਠਾਓ।

11, 12. ਸ਼ਰਾਬੀਆਂ ਦੇ ਪਰਿਵਾਰਾਂ ਨੂੰ ਸਭ ਤੋਂ ਵੱਧ ਮਦਦ ਕੌਣ ਦਿੰਦਾ ਹੈ, ਅਤੇ ਇਹ ਸਮਰਥਨ ਕਿਵੇਂ ਦਿੱਤਾ ਜਾਂਦਾ ਹੈ?

11 ਸਭ ਤੋਂ ਵੱਧ, ਯਹੋਵਾਹ ਤੋਂ ਸ਼ਕਤੀ ਪ੍ਰਾਪਤ ਕਰੋ। ਬਾਈਬਲ ਸਾਨੂੰ ਨਿੱਘ ਨਾਲ ਯਕੀਨ ਦਿਲਾਉਂਦੀ ਹੈ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” (ਜ਼ਬੂਰ 34:18) ਜੇਕਰ ਤੁਸੀਂ ਇਕ ਸ਼ਰਾਬੀ ਪਰਿਵਾਰਕ ਸਦੱਸ ਦੇ ਨਾਲ ਰਹਿਣ ਦੇ ਦਬਾਵਾਂ ਦੇ ਕਾਰਨ ਦਿਲੋਂ ਟੁੱਟੇ ਅਤੇ ਆਤਮਾ ਵਿਚ ਕੁਚਲੇ ਹੋਏ ਮਹਿਸੂਸ ਕਰ ਰਹੇ ਹੋ, ਤਾਂ ਯਾਦ ਰੱਖੋ ਕਿ “ਯਹੋਵਾਹ . . . ਨੇੜੇ ਹੈ।” ਉਹ ਸਮਝਦਾ ਹੈ ਕਿ ਤੁਹਾਡੀ ਪਰਿਵਾਰਕ ਪਰਿਸਥਿਤੀ ਕਿੰਨੀ ਕਠਿਨ ਹੈ।—1 ਪਤਰਸ 5:6, 7.

12 ਉਸ ਉੱਤੇ ਵਿਸ਼ਵਾਸ ਰੱਖਣਾ ਜੋ ਯਹੋਵਾਹ ਆਪਣੇ ਬਚਨ ਵਿਚ ਕਹਿੰਦਾ ਹੈ ਤੁਹਾਨੂੰ ਚਿੰਤਾ ਨਾਲ ਨਿਭਣ ਵਿਚ ਮਦਦ ਕਰ ਸਕਦਾ ਹੈ। (ਜ਼ਬੂਰ 130:3, 4; ਮੱਤੀ 6:25-34; 1 ਯੂਹੰਨਾ 3:19, 20) ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਅਤੇ ਉਸ ਦੇ ਸਿਧਾਂਤਾਂ ਦੇ ਅਨੁਸਾਰ ਜੀਉਣਾ ਤੁਹਾਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਹਾਸਲ ਕਰਨ ਦੇ ਯੋਗ ਕਰਦਾ ਹੈ, ਜੋ ਤੁਹਾਨੂੰ ‘ਸਮਰੱਥਾ ਦੇ ਅੱਤ ਵੱਡੇ ਮਹਾਤਮ’ ਨਾਲ ਲੈਸ ਕਰ ਸਕਦਾ ਹੈ ਜਿਸ ਦੇ ਦੁਆਰਾ ਤੁਸੀਂ ਦਿਨ ਪ੍ਰਤਿ ਦਿਨ ਨਿਭ ਸਕੋਗੇ।—2 ਕੁਰਿੰਥੀਆਂ 4:7. *

13. ਇਕ ਦੂਜੀ ਸਮੱਸਿਆ ਕੀ ਹੈ ਜੋ ਅਨੇਕ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ?

13 ਸ਼ਰਾਬ ਦੀ ਕੁਵਰਤੋਂ ਇਕ ਹੋਰ ਸਮੱਸਿਆ ਵਿਚ ਪਰਿਣਿਤ ਹੋ ਸਕਦੀ ਹੈ ਜੋ ਅਨੇਕ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ—ਘਰੇਲੂ ਹਿੰਸਾ।

ਘਰੇਲੂ ਹਿੰਸਾ ਦੁਆਰਾ ਕੀਤਾ ਨੁਕਸਾਨ

14. ਘਰੇਲੂ ਹਿੰਸਾ ਕਦੋਂ ਆਰੰਭ ਹੋਈ, ਅਤੇ ਅੱਜ ਕੀ ਪਰਿਸਥਿਤੀ ਹੈ?

14 ਮਾਨਵ ਇਤਿਹਾਸ ਵਿਚ ਪਹਿਲਾ ਹਿੰਸਕ ਕਾਰਜ, ਘਰੇਲੂ ਹਿੰਸਾ ਦੀ ਇਕ ਘਟਨਾ ਸੀ ਜਿਸ ਵਿਚ ਦੋ ਭਰਾ, ਕਇਨ ਅਤੇ ਹਾਬਲ ਸ਼ਾਮਲ ਸਨ। (ਉਤਪਤ 4:8) ਉਸ ਸਮੇਂ ਤੋਂ ਹੀ, ਮਨੁੱਖਜਾਤੀ ਹਰ ਪ੍ਰਕਾਰ ਦੀ ਘਰੇਲੂ ਹਿੰਸਾ ਨਾਲ ਪੀੜਿਤ ਹੋਈ ਹੈ। ਅਜਿਹੇ ਪਤੀ ਹਨ ਜੋ ਪਤਨੀਆਂ ਨੂੰ ਮਾਰਦੇ-ਕੁੱਟਦੇ ਹਨ, ਪਤਨੀਆਂ ਜੋ ਪਤੀਆਂ ਉੱਤੇ ਹਮਲਾ ਕਰਦੀਆਂ ਹਨ, ਮਾਪੇ ਜੋ ਆਪਣੇ ਛੋਟੇ ਬੱਚਿਆਂ ਨੂੰ ਬੇਰਹਿਮੀ ਨਾਲ ਕੁੱਟਦੇ ਹਨ, ਅਤੇ ਸਿਆਣੇ ਬੱਚੇ ਜੋ ਆਪਣੇ ਬਜ਼ੁਰਗ ਮਾਪਿਆਂ ਨਾਲ ਦੁਰਵਿਹਾਰ ਕਰਦੇ ਹਨ।

15. ਪਰਿਵਾਰਕ ਸਦੱਸ ਘਰੇਲੂ ਹਿੰਸਾ ਦੁਆਰਾ ਕਿਵੇਂ ਭਾਵਾਤਮਕ ਤੌਰ ਤੇ ਪ੍ਰਭਾਵਿਤ ਹੁੰਦੇ ਹਨ?

15 ਘਰੇਲੂ ਹਿੰਸਾ ਦੁਆਰਾ ਕੀਤਾ ਨੁਕਸਾਨ ਸਰੀਰਕ ਜ਼ਖਮਾਂ ਨਾਲੋਂ ਕਿਤੇ ਹੀ ਡੂੰਘਾ ਜਾਂਦਾ ਹੈ। ਇਕ ਮਾਰੀ-ਕੁਟੀ ਪਤਨੀ ਕਹਿੰਦੀ ਹੈ: “ਕਾਫ਼ੀ ਦੋਸ਼-ਭਾਵਨਾ ਅਤੇ ਸ਼ਰਮਿੰਦਗੀ ਨਾਲ ਤੁਹਾਨੂੰ ਨਿਭਣਾ ਪੈਂਦਾ ਹੈ। ਤਕਰੀਬਨ ਹਰ ਸਵੇਰ, ਤੁਸੀਂ ਕੇਵਲ ਬਿਸਤਰ ਵਿਚ ਹੀ ਰਹਿਣਾ ਚਾਹੁੰਦੇ ਹੋ, ਇਹ ਉਮੀਦ ਕਰਦੇ ਹੋਏ ਕਿ ਉਹ ਇਕ ਡਰਾਉਣਾ ਸੁਪਨਾ ਹੀ ਸੀ।” ਬੱਚੇ ਜੋ ਘਰੇਲੂ ਹਿੰਸਾ ਨੂੰ ਦੇਖਦੇ ਜਾਂ ਅਨੁਭਵ ਕਰਦੇ ਹਨ ਸ਼ਾਇਦ ਖ਼ੁਦ ਵੀ ਹਿੰਸਕ ਹੋਣ ਜਦੋਂ ਉਹ ਵੱਡੇ ਹੋ ਜਾਂਦੇ ਅਤੇ ਉਨ੍ਹਾਂ ਦੇ ਆਪਣੇ ਪਰਿਵਾਰ ਹੁੰਦੇ ਹਨ।

16, 17. ਭਾਵਾਤਮਕ ਦੁਰਵਿਹਾਰ ਕੀ ਹੈ, ਅਤੇ ਪਰਿਵਾਰਕ ਸਦੱਸ ਇਸ ਦੁਆਰਾ ਕਿਵੇਂ ਪ੍ਰਭਾਵਿਤ ਹੁੰਦੇ ਹਨ?

16 ਘਰੇਲੂ ਹਿੰਸਾ ਸਰੀਰਕ ਦੁਰਵਿਹਾਰ ਤਕ ਹੀ ਸੀਮਿਤ ਨਹੀਂ ਹੁੰਦੀ ਹੈ। ਹਮਲਾ ਅਕਸਰ ਜ਼ਬਾਨੀ ਹੁੰਦਾ ਹੈ। ਕਹਾਉਤਾਂ 12:18 ਕਹਿੰਦੀ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।” ਇਸ ‘ਵਿੰਨ੍ਹਣ’ ਦੇ ਕਾਰਜ ਵਿਚ, ਜੋ ਘਰੇਲੂ ਹਿੰਸਾ ਦੀ ਵਿਸ਼ੇਸ਼ਤਾ ਹਨ, ਗਾਲ੍ਹਾਂ ਕੱਢਣੀਆਂ ਅਤੇ ਚਿਲਾਉਣਾ, ਨਾਲੇ ਨਿਰੰਤਰ ਨੁਕਤਾਚੀਨੀ, ਅਪਮਾਨਜਨਕ ਬਦਤਮੀਜ਼ੀਆਂ, ਅਤੇ ਸਰੀਰਕ ਹਿੰਸਾ ਦੀਆਂ ਧਮਕੀਆਂ ਵੀ ਸ਼ਾਮਲ ਹਨ। ਭਾਵਾਤਮਕ ਹਿੰਸਾ ਦੇ ਜ਼ਖਮ ਅਦ੍ਰਿਸ਼ਟ ਹੁੰਦੇ ਹਨ ਅਤੇ ਅਕਸਰ ਦੂਜਿਆਂ ਦੇ ਧਿਆਨ ਵਿਚ ਨਹੀਂ ਆਉਂਦੇ ਹਨ।

17 ਖ਼ਾਸ ਤੌਰ ਤੇ ਇਕ ਬੱਚੇ ਦੀ ਭਾਵਾਤਮਕ ਮਾਰ-ਕੁਟਾਈ ਦੁਖਦ ਗੱਲ ਹੈ—ਬੱਚੇ ਦੀਆਂ ਯੋਗਤਾਵਾਂ, ਬੁੱਧ, ਜਾਂ ਇਕ ਵਿਅਕਤੀ ਦੇ ਤੌਰ ਤੇ ਮਹੱਤਤਾ ਦੀ ਨਿਰੰਤਰ ਨੁਕਤਾਚੀਨੀ ਕਰਨਾ ਅਤੇ ਇਨ੍ਹਾਂ ਨੂੰ ਹੀਣ ਕਰਨਾ। ਅਜਿਹਾ ਜ਼ਬਾਨੀ ਦੁਰ­ਵਿਹਾਰ ਇਕ ਬੱਚੇ ਦੇ ਆਤਮ-ਵਿਸ਼ਵਾਸ ਨੂੰ ਨਾਸ਼ ਕਰ ਸਕਦਾ ਹੈ। ਇਹ ਸੱਚ ਹੈ ਕਿ ਸਾਰੇ ਬੱਚਿਆਂ ਨੂੰ ਅਨੁਸ਼ਾਸਨ ਦੀ ਜ਼ਰੂਰਤ ਹੁੰਦੀ ਹੈ। ਪਰੰਤੂ ਬਾਈਬਲ ਪਿਤਾਵਾਂ ਨੂੰ ਹਿਦਾਇਤ ਕਰਦੀ ਹੈ: “ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।”—ਕੁਲੁੱਸੀਆਂ 3:21.

ਘਰੇਲੂ ਹਿੰਸਾ ਤੋਂ ਕਿਵੇਂ ਪਰਹੇਜ਼ ਕਰਨਾ

ਮਸੀਹੀ ਸਾਥੀ ਜੋ ਇਕ ਦੂਜੇ ਲਈ ਪ੍ਰੇਮ ਅਤੇ ਆਦਰ ਰੱਖਦੇ ਹਨ, ਮੁਸ਼ਕਲਾਂ ਨਾਲ ਨਜਿੱਠਣ ਲਈ ਜਲਦੀ ਕਦਮ ਚੁੱਕਣਗੇ

18. ਘਰੇਲੂ ਹਿੰਸਾ ਕਿੱਥੋਂ ਆਰੰਭ ਹੁੰਦੀ ਹੈ, ਅਤੇ ਇਸ ਨੂੰ ਰੋਕਣ ਵਾਸਤੇ ਬਾਈਬਲ ਕਿਹੜਾ ਤਰੀਕਾ ਦੱਸਦੀ ਹੈ?

18 ਘਰੇਲੂ ਹਿੰਸਾ ਦਿਲ ਅਤੇ ਮਨ ਵਿਚ ਆਰੰਭ ਹੁੰਦੀ ਹੈ; ਜਿਸ ਤਰੀਕੇ ਨਾਲ ਅਸੀਂ ਕਾਰਵਾਈ ਕਰਦੇ ਹਾਂ ਇਹ ਸਾਡੇ ਸੋਚਣ ਦੇ ਢੰਗ ਨਾਲ ਆਰੰਭ ਹੁੰਦਾ ਹੈ। (ਯਾਕੂਬ 1:14, 15) ਹਿੰਸਾ ਨੂੰ ਰੋਕਣ ਲਈ, ਦੁਰਵਿਹਾਰ ਕਰਨ ਵਾਲੇ ਨੂੰ ਆਪਣਾ ਸੋਚਣ ਦਾ ਤਰੀਕਾ ਪਰਿਵਰਤਿਤ ਕਰਨਾ ਚਾਹੀਦਾ ਹੈ। (ਰੋਮੀਆਂ 12:2) ਕੀ ਇਹ ਸੰਭਵ ਹੈ? ਜੀ ਹਾਂ। ਪਰਮੇਸ਼ੁਰ ਦੇ ਬਚਨ ਵਿਚ ਲੋਕਾਂ ਨੂੰ ਤਬਦੀਲ ਕਰਨ ਦੀ ਸ਼ਕਤੀ ਹੈ। ਉਹ “ਕਿਲ੍ਹਿਆਂ” ਸਮਾਨ ਵਿਨਾਸ਼ਕ ਵਿਚਾਰਾਂ ਨੂੰ ਵੀ ਜੜ੍ਹੋਂ ਪੁੱਟ ਸਕਦਾ ਹੈ। (2 ਕੁਰਿੰਥੀਆਂ 10:4; ਇਬਰਾਨੀਆਂ 4:12) ਬਾਈਬਲ ਦੇ ਯਥਾਰਥ ਗਿਆਨ ਦੀ ਮਦਦ ਨਾਲ ਲੋਕਾਂ ਵਿਚ ਅਜਿਹੀ ਪੂਰਣ ਤਬਦੀਲੀ ਪੈਦਾ ਹੋ ਸਕਦੀ ਹੈ ਕਿ ਮਾਨੋ ਉਹ ਇਕ ਨਵਾਂ ਵਿਅਕਤਿੱਤਵ ਪਹਿਨ ਲੈਂਦੇ ਹਨ।—ਅਫ਼ਸੀਆਂ 4:22-24; ਕੁਲੁੱਸੀਆਂ 3:8-10.

19. ਇਕ ਮਸੀਹੀ ਨੂੰ ਆਪਣੇ ਵਿਆਹੁਤਾ ਸਾਥੀ ਨੂੰ ਕਿਵੇਂ ਵਿਚਾਰਨਾ ਅਤੇ ਉਸ ਨਾਲ ਕਿਵੇਂ ਵਿਹਾਰ ਕਰਨਾ ਚਾਹੀਦਾ ਹੈ?

19 ਵਿਆਹੁਤਾ ਸਾਥੀ ਬਾਰੇ ਦ੍ਰਿਸ਼ਟੀਕੋਣ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ।” (ਅਫ਼ਸੀਆਂ 5:28) ਬਾਈਬਲ ਇਹ ਵੀ ਕਹਿੰਦੀ ਹੈ ਕਿ ਇਕ ਪਤੀ ਆਪਣੀ ਪਤਨੀ ਨੂੰ “ਕੋਮਲ ਸਰੀਰ ਜਾਣ ਕੇ . . . ਉਹ ਦਾ ਆਦਰ ਕਰੇ।” (1 ਪਤਰਸ 3:7) ਪਤਨੀਆਂ ਨੂੰ “ਆਪਣੇ ਪਤੀਆਂ ਨਾਲ ਪ੍ਰੇਮ ਰੱਖਣ” ਅਤੇ ਉਨ੍ਹਾਂ ਦਾ “ਗਹਿਰਾ ਆਦਰ” ਕਰਨ ਲਈ ਉਪਦੇਸ਼ ਦਿੱਤਾ ਜਾਂਦਾ ਹੈ। (ਤੀਤੁਸ 2:4; ਅਫ਼ਸੀਆਂ 5:33, ਨਿਵ) ਨਿਸ਼ਚੇ ਹੀ ਪਰਮੇਸ਼ੁਰ ਤੋਂ ਡਰਨ ਵਾਲਾ ਕੋਈ ਵੀ ਪਤੀ ਸੱਚੋ-ਸੱਚ ਦਲੀਲ ਨਹੀਂ ਦੇ ਸਕਦਾ ਹੈ ਕਿ ਉਹ ਵਾਸਤਵਿਕ ਤੌਰ ਤੇ ਆਪਣੀ ਪਤਨੀ ਦਾ ਆਦਰ ਕਰਦਾ ਹੈ ਜੇਕਰ ਉਹ ਉਸ ਉੱਤੇ ਸਰੀਰਕ ਜਾਂ ਜ਼ਬਾਨੀ ਤੌਰ ਤੇ ਵਾਰ ਕਰਦਾ ਹੈ। ਅਤੇ ਕੋਈ ਪਤਨੀ ਜੋ ਆਪਣੇ ਪਤੀ ਵੱਲ ਚਿਲਾਉਂਦੀ ਹੈ, ਉਸ ਨੂੰ ਕਟਾਖਸ਼ ਨਾਲ ਸੰਬੋਧਨ ਕਰਦੀ ਹੈ, ਜਾਂ ਨਿਰੰਤਰ ਤੌਰ ਤੇ ਝਿੜਕਾਂ ਮਾਰਦੀ ਹੈ ਇਹ ਨਹੀਂ ਕਹਿ ਸਕਦੀ ਕਿ ਉਹ ਵਾਸਤਵਿਕ ਤੌਰ ਤੇ ਉਸ ਨੂੰ ਪ੍ਰੇਮ ਕਰਦੀ ਅਤੇ ਉਸ ਦਾ ਆਦਰ ਕਰਦੀ ਹੈ।

20. ਮਾਪੇ ਆਪਣੇ ਬੱਚਿਆਂ ਦੇ ਸੰਬੰਧ ਵਿਚ ਕਿਸ ਦੇ ਪ੍ਰਤੀ ਜਵਾਬਦੇਹ ਹਨ, ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਤੋਂ ਅਯਥਾਰਥਵਾਦੀ ਉਮੀਦਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ ਹਨ?

20 ਬੱਚਿਆਂ ਬਾਰੇ ਉਚਿਤ ਦ੍ਰਿਸ਼ਟੀਕੋਣ। ਬੱਚੇ ਪ੍ਰੇਮ ਅਤੇ ਧਿਆਨ ਦੇ ਯੋਗ ਹੁੰਦੇ ਹਨ, ਅਸਲ ਵਿਚ ਉਨ੍ਹਾਂ ਨੂੰ ਆਪਣੇ ਮਾਪਿਆਂ ਤੋਂ ਇਨ੍ਹਾਂ ਦੀ ਆਵੱਸ਼ਕਤਾ ਹੁੰਦੀ ਹੈ। ਪਰਮੇਸ਼ੁਰ ਦਾ ਬਚਨ ਬੱਚਿਆਂ ਨੂੰ “ਯਹੋਵਾਹ ਵੱਲੋਂ ਮਿਰਾਸ” ਅਤੇ “ਇੱਕ ਇਨਾਮ” ਸੱਦਦਾ ਹੈ। (ਜ਼ਬੂਰ 127:3) ਮਾਪੇ ਇਸ ਵਿਰਾਸਤ ਦੀ ਦੇਖ-ਭਾਲ ਕਰਨ ਲਈ ਯਹੋਵਾਹ ਦੇ ਪ੍ਰਤੀ ਜਵਾਬਦੇਹ ਹਨ। ਬਾਈਬਲ “ਨਿਆਣਪੁਣੇ ਦੀਆਂ ਗੱਲਾਂ” ਅਤੇ ਮੁੰਡਪੁਣੇ ਦੀ “ਮੂਰਖਤਾਈ” ਬਾਰੇ ਜ਼ਿਕਰ ਕਰਦੀ ਹੈ। (1 ਕੁਰਿੰਥੀਆਂ 13:11; ਕਹਾਉਤਾਂ 22:15) ਮਾਪਿਆਂ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਹੈ ਜੇਕਰ ਉਹ ਆਪਣੇ ਬੱਚਿਆਂ ਵਿਚ ਮੂਰਖਤਾਈ ਪਾਉਣ। ਬੱਚੇ ਬਾਲਗ ਨਹੀਂ ਹੁੰਦੇ ਹਨ। ਮਾਪਿਆਂ ਨੂੰ ਉਸ ਨਾਲੋਂ ਜ਼ਿਆਦਾ ਦੀ ਮੰਗ ਨਹੀਂ ਕਰਨੀ ਚਾਹੀਦੀ ਹੈ ਜੋ ਬੱਚੇ ਦੀ ਉਮਰ, ਪਰਿਵਾਰਕ ਪਿਛੋਕੜ, ਅਤੇ ਯੋਗਤਾ ਦੇ ਅਨੁਸਾਰ ਉਚਿਤ ਹੈ।—ਦੇਖੋ ਉਤਪਤ 33:12-14.

21. ਬਜ਼ੁਰਗ ਮਾਪਿਆਂ ਦੇ ਪ੍ਰਤੀ ਦ੍ਰਿਸ਼ਟੀਕੋਣ ਰੱਖਣ ਅਤੇ ਉਨ੍ਹਾਂ ਦੇ ਨਾਲ ਵਰਤਾਉ ਕਰਨ ਦਾ ਕਿਹੜਾ ਈਸ਼ਵਰੀ ਤਰੀਕਾ ਹੈ?

21 ਬਜ਼ੁਰਗ ਮਾਪਿਆਂ ਬਾਰੇ ਦ੍ਰਿਸ਼ਟੀਕੋਣ। ਲੇਵੀਆਂ 19:32 ਕਹਿੰਦਾ ਹੈ: “ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ।” ਇਸ ਤਰ੍ਹਾਂ ਪਰਮੇਸ਼ੁਰ ਦੀ ਬਿਵਸਥਾ ਨੇ ਬਜ਼ੁਰਗਾਂ ਲਈ ਆਦਰ ਅਤੇ ਉੱਚਾ ਸਨਮਾਨ ਵਿਕਸਿਤ ਕੀਤਾ। ਇਹ ਸ਼ਾਇਦ ਇਕ ਚੁਣੌਤੀ ਹੋ ਸਕਦੀ ਹੈ ਜਦੋਂ ਇਕ ਬਜ਼ੁਰਗ ਮਾਤਾ ਜਾਂ ਪਿਤਾ ਅਤਿ ਮੰਗ-ਤੰਗ ਕਰਦਾ ਜਾਪਦਾ ਹੈ ਜਾਂ ਬੀਮਾਰ ਹੈ ਅਤੇ ਸ਼ਾਇਦ ਕਾਹਲੀ ਨਾਲ ਹਿਲਦਾ ਜਾਂ ਸੋਚਦਾ ਨਹੀਂ ਹੈ। ਫਿਰ ਵੀ, ਬੱਚਿਆਂ ਨੂੰ ਯਾਦ ਦਿਲਾਇਆ ਜਾਂਦਾ ਹੈ ਕਿ ਉਹ “ਆਪਣੇ ਮਾਪਿਆਂ ਦਾ ਹੱਕ ਅਦਾ ਕਰਨ।” (1 ਤਿਮੋਥਿਉਸ 5:4) ਇਸ ਦਾ ਅਰਥ ਹੋਵੇਗਾ ਉਨ੍ਹਾਂ ਦੇ ਨਾਲ ਆਦਰ ਅਤੇ ਮਾਣ ਨਾਲ ਵਰਤਾਉ ਕਰਨਾ, ਸ਼ਾਇਦ ਉਨ੍ਹਾਂ ਦੇ ਲਈ ਮਾਇਕ ਤਰੀਕੇ ਵਿਚ ਵੀ ਪ੍ਰਬੰਧ ਕਰਨਾ। ਬਜ਼ੁਰਗ ਮਾਪਿਆਂ ਨਾਲ ਸਰੀਰਕ ਜਾਂ ਕਿਸੇ ਹੋਰ ਢੰਗ ਨਾਲ ਦੁਰਵਿਹਾਰ ਕਰਨਾ ਬਿਲਕੁਲ ਹੀ ਬਾਈਬਲ ਵੱਲੋਂ ਸੁਝਾਏ ਗਏ ਵਰਤਾਉ ਦੇ ਉਲਟ ਹੈ।

22. ਘਰੇਲੂ ਹਿੰਸਾ ਉੱਤੇ ਜੇਤੂ ਹੋਣ ਲਈ ਇਕ ਮੁੱਖ ਗੁਣ ਕੀ ਹੈ, ਅਤੇ ਇਹ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?

22 ਆਤਮ-ਸੰਜਮ ਨੂੰ ਵਿਕਸਿਤ ਕਰੋ। ਕਹਾਉਤਾਂ 29:11 ਕਹਿੰਦੀ ਹੈ: “ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।” ਤੁਸੀਂ ਆਪਣੇ ਗੁੱਸੇ ਉੱਤੇ ਕਿਵੇਂ ਕਾਬੂ ਰੱਖ ਸਕਦੇ ਹੋ? ਨਿਰਾਸਤਾ ਨੂੰ ਅੰਦਰੋਂ-ਅੰਦਰ ਉਭਰ ਲੈਣ ਦੀ ਬਜਾਇ, ਜਲਦੀ ਹੀ ਮੁਸ਼ਕਲਾਂ ਨਾਲ ਨਜਿੱਠਣ ਲਈ ਕਦਮ ਚੁੱਕੋ। (ਅਫ਼ਸੀਆਂ 4:26, 27) ਜੇਕਰ ਤੁਸੀਂ ਖ਼ੁਦ ਨੂੰ ਸੰਜਮ ਖੋਂਹਦੇ ਹੋਏ ਮਹਿਸੂਸ ਕਰਦੇ ਹੋ, ਤਾਂ ਉਸ ਸਥਿਤੀ ਨੂੰ ਛੱਡ ਕੇ ਚਲੇ ਜਾਓ। ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਤੁਹਾਡੇ ਵਿਚ ਆਤਮ-ਸੰਜਮ ਪੈਦਾ ਕਰਨ ਲਈ ਪ੍ਰਾਰਥਨਾ ਕਰੋ। (ਗਲਾਤੀਆਂ 5:22, 23) ਸੈਰ ਕਰਨ ਲਈ ਜਾਣਾ ਜਾਂ ਕਿਸੇ ਸਰੀਰਕ ਕਸਰਤ ਵਿਚ ਲੱਗਣਾ ਤੁਹਾਨੂੰ ਸ਼ਾਇਦ ਆਪਣਿਆਂ ਜਜ਼ਬਾਤਾਂ ਉੱਤੇ ਕਾਬੂ ਕਰਨ ਵਿਚ ਮਦਦ ਕਰ ਸਕਦਾ ਹੈ। (ਕਹਾਉਤਾਂ 17:14, 27) “ਛੇਤੀ ਕ੍ਰੋਧ ਨਹੀਂ” ਕਰਨ ਦਾ ਜਤਨ ਕਰੋ।—ਕਹਾਉਤਾਂ 14:29.

ਅਲਹਿਦਾ ਹੋਣਾ ਜਾਂ ਇਕੱਠੇ ਰਹਿਣਾ?

23. ਕੀ ਹੋ ਸਕਦਾ ਹੈ ਜੇਕਰ ਮਸੀਹੀ ਕਲੀਸਿਯਾ ਦਾ ਇਕ ਸਦੱਸ ਵਾਰ-ਵਾਰ ਅਤੇ ਅਪਸ਼ਚਾਤਾਪੀ ਤੌਰ ਤੇ ਕ੍ਰੋਧ ਦੇ ਹਿੰਸਕ ਦੌਰਿਆਂ ਦਾ ਸ਼ਿਕਾਰ ਬਣਦਾ ਹੈ, ਜਿਸ ਵਿਚ ਸ਼ਾਇਦ ਆਪਣੇ ਪਰਿਵਾਰ ਨਾਲ ਸਰੀਰਕ ਦੁਰਵਿਹਾਰ ਵੀ ਸ਼ਾਮਲ ਹੋਵੇ?

23 ਬਾਈਬਲ ਪਰਮੇਸ਼ੁਰ ਦੁਆਰਾ ਰੱਦ ਕੀਤੇ ਗਏ ਕੰਮਾਂ ਵਿਚ “ਵੈਰ, ਝਗੜੇ, . . . ਕ੍ਰੋਧ” ਸ਼ਾਮਲ ਕਰਦੀ ਹੈ ਅਤੇ ਬਿਆਨ ਕਰਦੀ ਹੈ ਕਿ “ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਓਹ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।” (ਗਲਾਤੀਆਂ 5:19-21) ਇਸ ਕਰਕੇ, ਇਕ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਾ ਕੋਈ ਵੀ ਵਿਅਕਤੀ ਜੋ ਵਾਰ-ਵਾਰ ਅਤੇ ਅਪਸ਼ਚਾਤਾਪੀ ਤੌਰ ਤੇ ਕ੍ਰੋਧ ਦੇ ਦੌਰਿਆਂ ਦਾ ਸ਼ਿਕਾਰ ਬਣਦਾ ਹੈ, ਜਿਸ ਵਿਚ ਸ਼ਾਇਦ ਵਿਆਹੁਤਾ ਸਾਥੀ ਜਾਂ ਬੱਚਿਆਂ ਨਾਲ ਸਰੀਰਕ ਦੁਰਵਿਹਾਰ ਵੀ ਸ਼ਾਮਲ ਹੋਵੇ, ਮਸੀਹੀ ਕਲੀਸਿਯਾ ਵਿੱਚੋਂ ਛੇਕਿਆ ਜਾ ਸਕਦਾ ਹੈ। (ਤੁਲਨਾ ਕਰੋ 2 ਯੂਹੰਨਾ 9, 10.) ਇਸ ਤਰੀਕੇ ਨਾਲ ਕਲੀਸਿਯਾ ਅਪਮਾਨਜਨਕ ਵਿਅਕਤੀਆਂ ਤੋਂ ਸਾਫ਼ ਰੱਖੀ ਜਾਂਦੀ ਹੈ।—1 ਕੁਰਿੰਥੀਆਂ 5:6, 7; ਗਲਾਤੀਆਂ 5:9.

24. (ੳ) ਦੁਰਵਿਹਾਰ ਕੀਤੇ ਵਿਆਹੁਤਾ ਸਾਥੀ ਕਿਵੇਂ ਕਾਰਵਾਈ ਕਰਨੀ ਚੁਣ ਸਕਦੇ ਹਨ? (ਅ) ਚਿੰਤਾਤੁਰ ਦੋਸਤ-ਮਿੱਤਰ ਅਤੇ ਬਜ਼ੁਰਗ ਇਕ ਦੁਰਵਿਹਾਰ ਕੀਤੇ ਵਿਆਹੁਤਾ ਸਾਥੀ ਨੂੰ ਕਿਵੇਂ ਸਮਰਥਨ ਦੇ ਸਕਦੇ ਹਨ, ਪਰੰਤੂ ਉਨ੍ਹਾਂ ਨੂੰ ਕੀ ਨਹੀਂ ਕਰਨਾ ਚਾਹੀਦਾ ਹੈ?

24 ਉਨ੍ਹਾਂ ਮਸੀਹੀਆਂ ਬਾਰੇ ਕੀ ਜਿਨ੍ਹਾਂ ਦੀ ਹੁਣ ਇਕ ਅਪਮਾਨਜਨਕ ਵਿਆਹੁਤਾ ਸਾਥੀ ਦੁਆਰਾ, ਜੋ ਤਬਦੀਲ ਹੋਣ ਦਾ ਕੋਈ ਸੰਕੇਤ ਨਹੀਂ ਦਿਖਾਉਂਦਾ ਹੈ, ਮਾਰ-ਕੁਟਾਈ ਕੀਤੀ ਜਾ ਰਹੀ ਹੈ? ਕਈਆਂ ਨੇ ਅਪਮਾਨਜਨਕ ਵਿਆਹੁਤਾ ਸਾਥੀ ਦੇ ਨਾਲ ਕਿਸੇ-ਨ-ਕਿਸੇ ਕਾਰਨ ਰਹੀ ਜਾਣਾ ਚੁਣਿਆ ਹੈ। ਦੂਜਿਆਂ ਨੇ ਛੱਡ ਦੇਣਾ ਚੁਣਿਆ ਹੈ, ਇਹ ਮਹਿਸੂਸ ਕਰਦੇ ਹੋਏ ਕਿ ਉਨ੍ਹਾਂ ਦੀ ਸਰੀਰਕ, ਮਾਨਸਿਕ, ਅਤੇ ਅਧਿਆਤਮਿਕ ਸਿਹਤ—ਇੱਥੋਂ ਤਕ ਕਿ ਜਾਨ ਵੀ—ਖ਼ਤਰੇ ਵਿਚ ਹੈ। ਇਨ੍ਹਾਂ ਹਾਲਾਤਾਂ ਵਿਚ ਘਰੇਲੂ ਹਿੰਸਾ ਦਾ ਇਕ ਸ਼ਿਕਾਰ ਜੋ ਕਰਨਾ ਚੁਣਦਾ ਹੈ ਉਹ ਯਹੋਵਾਹ ਦੇ ਸਾਮ੍ਹਣੇ ਨਿੱਜੀ ਫ਼ੈਸਲਾ ਹੈ। (1 ਕੁਰਿੰਥੀਆਂ 7:10, 11) ਸ਼ੁਭ-ਭਾਵੀ ਦੋਸਤ-ਮਿੱਤਰ, ਰਿਸ਼ਤੇਦਾਰ, ਜਾਂ ਮਸੀਹੀ ਬਜ਼ੁਰਗ ਸ਼ਾਇਦ ਮਦਦ ਅਤੇ ਸਲਾਹ ਪੇਸ਼ ਕਰਨਾ ਚਾਹੁਣ, ਪਰੰਤੂ ਉਨ੍ਹਾਂ ਨੂੰ ਕੋਈ ਖ਼ਾਸ ਕਾਰਵਾਈ ਕਰਨ ਲਈ ਇਕ ਸ਼ਿਕਾਰ ਬਣੇ ਵਿਅਕਤੀ ਉੱਤੇ ਦਬਾਉ ਨਹੀਂ ਪਾਉਣਾ ਚਾਹੀਦਾ ਹੈ। ਇਹ ਫ਼ੈਸਲਾ ਕਰਨਾ ਉਸ ਪੁਰਸ਼ ਜਾਂ ਇਸਤਰੀ ਦਾ ਖ਼ੁਦ ਦਾ ਮਾਮਲਾ ਹੈ।—ਰੋਮੀਆਂ 14:4; ਗਲਾਤੀਆਂ 6:5.

ਨੁਕਸਾਨਦੇਹ ਸਮੱਸਿਆਵਾਂ ਦਾ ਅੰਤ

25. ਪਰਿਵਾਰ ਲਈ ਯਹੋਵਾਹ ਦਾ ਕੀ ਮਕਸਦ ਹੈ?

25 ਜਦੋਂ ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਵਿਆਹ ਵਿਚ ਇਕੱਠੇ ਕੀਤਾ, ਉਸ ਨੇ ਕਦੇ ਵੀ ਇਹ ਇਰਾਦਾ ਨਹੀਂ ਕੀਤਾ ਸੀ ਕਿ ਪਰਿਵਾਰ ਨੁਕਸਾਨਦੇਹ ਸਮੱਸਿਆਵਾਂ, ਜਿਵੇਂ ਕਿ ਨਸ਼ਈਪੁਣੇ ਜਾਂ ਹਿੰਸਾ ਦੁਆਰਾ ਨਸ਼ਟ ਕੀਤੇ ਜਾਣ। (ਅਫ਼ਸੀਆਂ 3:14, 15) ਪਰਿਵਾਰ ਨੂੰ ਇਕ ਅਜਿਹਾ ਪਨਾਹ ਹੋਣਾ ਚਾਹੀਦਾ ਸੀ ਜਿੱਥੇ ਪ੍ਰੇਮ ਅਤੇ ਸ਼ਾਂਤੀ ਵਧਦੀ-ਫੁੱਲਦੀ ਅਤੇ ਹਰੇਕ ਸਦੱਸ ਦੀਆਂ ਮਾਨਸਿਕ, ਭਾਵਾਤਮਕ ਅਤੇ ਅਧਿਆਤਮਿਕ ਜ਼ਰੂਰਤਾਂ ਪੂਰੀਆਂ ਹੁੰਦੀਆਂ। ਪਰ ਫਿਰ, ਪਾਪ ਦੇ ਪ੍ਰਵੇਸ਼ ਨਾਲ, ਪਰਿਵਾਰਕ ਜੀਵਨ ਜਲਦੀ ਹੀ ਵਿਗੜ ਗਿਆ।—ਤੁਲਨਾ ਕਰੋ ਉਪਦੇਸ਼ਕ ਦੀ ਪੋਥੀ 8:9.

26. ਉਨ੍ਹਾਂ ਸਾਮ੍ਹਣੇ ਕਿਹੜਾ ਭਵਿੱਖ ਪੇਸ਼ ਹੈ ਜੋ ਯਹੋਵਾਹ ਦੀਆਂ ਮੰਗਾਂ ਦੇ ਅਨੁਸਾਰ ਜੀਵਨ ਬਤੀਤ ਕਰਨ ਦਾ ਜਤਨ ਕਰਦੇ ਹਨ?

26 ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਨੇ ਪਰਿਵਾਰ ਲਈ ਆਪਣਾ ਮਕਸਦ ਨਹੀਂ ਤਿਆਗਿਆ ਹੈ। ਉਹ ਇਕ ਸ਼ਾਂਤੀਪੂਰਣ ਨਵਾਂ ਸੰਸਾਰ ਲਿਆਉਣ ਦਾ ਵਾਅਦਾ ਕਰਦਾ ਹੈ ਜਿਸ ਵਿਚ ਲੋਕ “ਸੁਖ ਨਾਲ ਵੱਸਣਗੇ ਅਤੇ ਉਨ੍ਹਾਂ ਨੂੰ ਕੋਈ ਨਾ ਡਰਾਵੇਗਾ।” (ਹਿਜ਼ਕੀਏਲ 34:28) ਉਸ ਸਮੇਂ, ਨਸ਼ਈਪੁਣਾ, ਘਰੇਲੂ ਹਿੰਸਾ, ਅਤੇ ਹੋਰ ਸਾਰੀਆਂ ਦੂਜੀਆਂ ਸਮੱਸਿਆਵਾਂ ਜੋ ਅੱਜ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੀਤ ਦੀਆਂ ਗੱਲਾਂ ਹੋਣਗੀਆਂ। ਲੋਕ ਮੁਸਕਰਾਉਣਗੇ, ਡਰ ਅਤੇ ਦੁੱਖ ਨੂੰ ਛੁਪਾਉਣ ਲਈ ਨਹੀਂ, ਬਲਕਿ ਇਸ ਲਈ ਕਿ ਉਹ ‘ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰ ਰਹੇ ਹਨ।’—ਜ਼ਬੂਰ 37:11.

^ ਪੈਰਾ 3 ਭਾਵੇਂ ਕਿ ਅਸੀਂ ਸ਼ਰਾਬੀ ਨੂੰ ਇਕ ਨਰ ਵਜੋਂ ਸੰਕੇਤ ਕਰਦੇ ਹਾਂ, ਇੱਥੇ ਕਥਿਤ ਸਿਧਾਂਤ ਉੱਨੇ ਹੀ ਲਾਗੂ ਹੁੰਦੇ ਹਨ ਜਦੋਂ ਸ਼ਰਾਬੀ ਇਕ ਨਾਰੀ ਹੁੰਦੀ ਹੈ।

^ ਪੈਰਾ 12 ਕੁਝ ਦੇਸ਼ਾਂ ਵਿਚ ਅਜਿਹੇ ਇਲਾਜ ਕੇਂਦਰ, ਹਸਪਤਾਲ, ਅਤੇ ਰੋਗ-ਮੁਕਤੀ ਪ੍ਰੋਗ੍ਰਾਮ ਹੁੰਦੇ ਹਨ ਜੋ ਸ਼ਰਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਦਦ ਦੇਣ ਵਿਚ ਨਿਪੁੰਨਤਾ ਪ੍ਰਾਪਤ ਹਨ। ਭਈ ਅਜਿਹੀ ਮਦਦ ਭਾਲਣੀ ਹੈ ਜਾਂ ਨਹੀਂ ਇਹ ਇਕ ਨਿੱਜੀ ਫ਼ੈਸਲਾ ਹੈ। ਵਾਚ ਟਾਵਰ ਸੋਸਾ­ਇਟੀ ਕਿਸੇ ਖ਼ਾਸ ਇਲਾਜ ਦਾ ਪਿੱਠਾਂਕਣ ਨਹੀਂ ਕਰਦੀ ਹੈ। ਫਿਰ ਵੀ, ਧਿਆਨ ਰੱਖਣਾ ਚਾਹੀਦਾ ਹੈ, ਤਾਂਕਿ ਮਦਦ ਭਾਲਦੇ ਸਮੇਂ, ਇਕ ਵਿਅਕਤੀ ਉਨ੍ਹਾਂ ਸਰਗਰਮੀਆਂ ਵਿਚ ਨਾ ਅੰਤਰਗ੍ਰਸਤ ਹੋ ਜਾਵੇ ਜੋ ਸ਼ਾਸਤਰ ਸੰਬੰਧੀ ਸਿਧਾਂਤਾਂ ਦਾ ਸਮਝੌਤਾ ਕਰਦੇ ਹਨ।