ਗਿਣਤੀ 11:1-35
11 ਲੋਕ ਯਹੋਵਾਹ ਅੱਗੇ ਬਹੁਤ ਬੁੜ-ਬੁੜ ਕਰਨ ਲੱਗੇ। ਉਨ੍ਹਾਂ ਦੀ ਬੁੜ-ਬੁੜ ਸੁਣ ਕੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ। ਇਸ ਲਈ ਯਹੋਵਾਹ ਨੇ ਉਨ੍ਹਾਂ ’ਤੇ ਅੱਗ ਵਰ੍ਹਾਈ ਅਤੇ ਅੱਗ ਨੇ ਛਾਉਣੀ ਦੀਆਂ ਹੱਦਾਂ ’ਤੇ ਕੁਝ ਲੋਕਾਂ ਨੂੰ ਭਸਮ ਕਰਨਾ ਸ਼ੁਰੂ ਕਰ ਦਿੱਤਾ।
2 ਜਦੋਂ ਲੋਕ ਮੂਸਾ ਸਾਮ੍ਹਣੇ ਰੋਣ-ਕੁਰਲਾਉਣ ਲੱਗੇ, ਤਾਂ ਮੂਸਾ ਨੇ ਯਹੋਵਾਹ ਸਾਮ੍ਹਣੇ ਫ਼ਰਿਆਦ ਕੀਤੀ+ ਅਤੇ ਅੱਗ ਬੁੱਝ ਗਈ।
3 ਇਸ ਲਈ ਉਸ ਜਗ੍ਹਾ ਦਾ ਨਾਂ ਤਬੇਰਾਹ* ਰੱਖਿਆ ਗਿਆ ਕਿਉਂਕਿ ਉੱਥੇ ਯਹੋਵਾਹ ਨੇ ਉਨ੍ਹਾਂ ਉੱਤੇ ਅੱਗ ਵਰ੍ਹਾਈ ਸੀ।+
4 ਫਿਰ ਛਾਉਣੀ ਵਿਚ ਲੋਕਾਂ ਦੀ ਮਿਲੀ-ਜੁਲੀ ਭੀੜ*+ ਖਾਣ ਵਾਲੀਆਂ ਵਧੀਆ-ਵਧੀਆ ਚੀਜ਼ਾਂ ਦੀ ਲਾਲਸਾ ਕਰਨ ਲੱਗੀ।+ ਇਜ਼ਰਾਈਲੀ ਵੀ ਦੁਬਾਰਾ ਰੋਣ ਲੱਗੇ ਅਤੇ ਕਹਿਣ ਲੱਗੇ: “ਕੌਣ ਸਾਨੂੰ ਖਾਣ ਲਈ ਮੀਟ ਦੇਵੇਗਾ?+
5 ਹਾਇ! ਸਾਨੂੰ ਉਹ ਦਿਨ ਕਿੰਨੇ ਯਾਦ ਆਉਂਦੇ ਜਦੋਂ ਅਸੀਂ ਮਿਸਰ ਵਿਚ ਮੁਫ਼ਤ ਮੱਛੀਆਂ, ਖੀਰੇ, ਹਦਵਾਣੇ, ਭੂਕਾਂ, ਪਿਆਜ਼ ਤੇ ਲਸਣ ਖਾਂਦੇ ਹੁੰਦੇ ਸੀ!+
6 ਪਰ ਹੁਣ ਤਾਂ ਅਸੀਂ ਸੁੱਕ ਕੇ ਹੱਡੀਆਂ ਦੀ ਮੁੱਠ ਹੋ ਗਏ ਹਾਂ। ਇਸ ਮੰਨ ਤੋਂ ਇਲਾਵਾ ਸਾਡੇ ਕੋਲ ਖਾਣ ਨੂੰ ਹੋਰ ਹੈ ਹੀ ਕੀ?”+
7 ਮੰਨ+ ਧਨੀਏ ਦੇ ਬੀਆਂ ਵਰਗਾ ਸੀ+ ਅਤੇ ਦੇਖਣ ਨੂੰ ਗੁੱਗਲ ਦੇ ਦਰਖ਼ਤ ਦੀ ਗੁੰਦ ਵਰਗਾ ਲੱਗਦਾ ਸੀ।
8 ਲੋਕ ਬਾਹਰ ਜਾ ਕੇ ਇਸ ਨੂੰ ਇਕੱਠਾ ਕਰਦੇ ਸਨ ਅਤੇ ਚੱਕੀ ਜਾਂ ਕੂੰਡੇ ਵਿਚ ਪੀਂਹਦੇ ਸਨ। ਫਿਰ ਉਹ ਇਸ ਨੂੰ ਪਤੀਲਿਆਂ ਵਿਚ ਉਬਾਲਦੇ ਸੀ ਜਾਂ ਇਸ ਦੀਆਂ ਰੋਟੀਆਂ ਪਕਾਉਂਦੇ ਸੀ।+ ਇਸ ਦਾ ਸੁਆਦ ਤੇਲ ਵਿਚ ਪਕਾਏ ਹੋਏ ਮਿੱਠੇ ਪੂੜਿਆਂ ਵਰਗਾ ਸੀ।
9 ਜਦੋਂ ਰਾਤ ਨੂੰ ਛਾਉਣੀ ਵਿਚ ਤ੍ਰੇਲ ਪੈਂਦੀ ਸੀ, ਤਾਂ ਮੰਨ ਵੀ ਡਿਗਦਾ ਸੀ।+
10 ਮੂਸਾ ਨੇ ਹਰ ਪਰਿਵਾਰ ਨੂੰ ਰੋਂਦੇ-ਕੁਰਲਾਉਂਦੇ ਸੁਣਿਆ। ਹਰ ਕੋਈ ਆਪਣੇ ਤੰਬੂ ਦੇ ਦਰਵਾਜ਼ੇ ’ਤੇ ਰੋ ਰਿਹਾ ਸੀ। ਇਹ ਦੇਖ ਕੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ+ ਅਤੇ ਮੂਸਾ ਨੂੰ ਵੀ ਇਹ ਸਭ ਕੁਝ ਬਹੁਤ ਬੁਰਾ ਲੱਗਾ।
11 ਫਿਰ ਮੂਸਾ ਨੇ ਯਹੋਵਾਹ ਨੂੰ ਕਿਹਾ: “ਤੂੰ ਆਪਣੇ ਸੇਵਕ ਨੂੰ ਕਿਉਂ ਦੁੱਖ ਦਿੰਦਾ ਹੈਂ? ਮੈਂ ਕੀ ਕੀਤਾ ਕਿ ਤੂੰ ਮੇਰੇ ਨਾਲ ਨਾਰਾਜ਼ ਹੋ ਗਿਆ ਹੈਂ? ਤੂੰ ਕਿਉਂ ਇਨ੍ਹਾਂ ਸਾਰੇ ਲੋਕਾਂ ਦਾ ਬੋਝ ਮੇਰੇ ਸਿਰ ’ਤੇ ਪਾਇਆ ਹੈ?+
12 ਮੈਂ ਕਿਹੜਾ ਇਨ੍ਹਾਂ ਨੂੰ ਆਪਣੀ ਕੁੱਖੋਂ ਜਨਮ ਦਿੱਤਾ? ਤੂੰ ਮੈਨੂੰ ਕਿਉਂ ਕਹਿੰਦਾਂ, ‘ਇਨ੍ਹਾਂ ਨੂੰ ਆਪਣੇ ਸੀਨੇ ਨਾਲ ਲਾਈ ਰੱਖ ਜਿੱਦਾਂ ਕੋਈ ਦਾਈ ਦੁੱਧ ਪੀਂਦੇ ਬੱਚੇ ਨੂੰ ਸੀਨੇ ਨਾਲ ਲਾਉਂਦੀ ਹੈ’ ਅਤੇ ਇਨ੍ਹਾਂ ਨੂੰ ਉਸ ਦੇਸ਼ ਲੈ ਜਾ ਜੋ ਤੂੰ ਇਨ੍ਹਾਂ ਦੇ ਪਿਉ-ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ?+
13 ਮੈਂ ਕਿੱਥੋਂ ਇੰਨੇ ਸਾਰੇ ਲੋਕਾਂ ਲਈ ਮੀਟ ਲਿਆਵਾਂ? ਉਹ ਤਾਂ ਬੱਸ ਮੇਰੇ ਸਾਮ੍ਹਣੇ ਇਹੀ ਰੋਣਾ ਰੋਈ ਜਾਂਦੇ, ‘ਸਾਨੂੰ ਖਾਣ ਲਈ ਮੀਟ ਦੇ!’
14 ਮੈਂ ਇਕੱਲਾ ਇਨ੍ਹਾਂ ਸਾਰੇ ਲੋਕਾਂ ਦਾ ਭਾਰ ਨਹੀਂ ਚੁੱਕ ਸਕਦਾ; ਮੈਂ ਹੋਰ ਨਹੀਂ ਸਹਿ ਸਕਦਾ।+
15 ਜੇ ਤੂੰ ਮੇਰੇ ਨਾਲ ਇਹੀ ਕਰਨਾ ਹੈ, ਤਾਂ ਕਿਰਪਾ ਕਰ ਕੇ ਹੁਣੇ ਮੇਰੀ ਜਾਨ ਕੱਢ ਦੇ।+ ਜੇ ਮੇਰੇ ’ਤੇ ਤੇਰੀ ਮਿਹਰ ਹੈ, ਤਾਂ ਮੇਰੇ ’ਤੇ ਹੋਰ ਬਿਪਤਾ ਨਾ ਆਉਣ ਦੇ।”
16 ਯਹੋਵਾਹ ਨੇ ਮੂਸਾ ਨੂੰ ਕਿਹਾ: “ਮੇਰੇ ਵੱਲੋਂ ਇਜ਼ਰਾਈਲੀਆਂ ਦੇ ਬਜ਼ੁਰਗਾਂ ਵਿੱਚੋਂ 70 ਜਣਿਆਂ ਨੂੰ ਚੁਣ ਜਿਨ੍ਹਾਂ ਨੂੰ ਤੂੰ ਲੋਕਾਂ ਦੇ ਬਜ਼ੁਰਗਾਂ ਅਤੇ ਅਧਿਕਾਰੀਆਂ ਵਜੋਂ ਜਾਣਦਾ ਹੈਂ।+ ਤੂੰ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਕੋਲ ਲੈ ਜਾ ਅਤੇ ਉਹ ਉੱਥੇ ਤੇਰੇ ਨਾਲ ਖੜ੍ਹਨ।
17 ਮੈਂ ਥੱਲੇ ਆ ਕੇ+ ਉੱਥੇ ਤੇਰੇ ਨਾਲ ਗੱਲ ਕਰਾਂਗਾ।+ ਮੈਂ ਤੈਨੂੰ ਜੋ ਸ਼ਕਤੀ+ ਦਿੱਤੀ ਹੈ, ਉਸ ਵਿੱਚੋਂ ਥੋੜ੍ਹੀ ਜਿਹੀ ਲੈ ਕੇ ਉਨ੍ਹਾਂ ਨੂੰ ਦਿਆਂਗਾ ਅਤੇ ਉਹ ਲੋਕਾਂ ਦਾ ਭਾਰ ਚੁੱਕਣ ਵਿਚ ਤੇਰੀ ਮਦਦ ਕਰਨਗੇ ਤਾਂਕਿ ਤੈਨੂੰ ਇਕੱਲੇ ਨੂੰ ਇਹ ਭਾਰ ਨਾ ਚੁੱਕਣਾ ਪਵੇ।+
18 ਤੂੰ ਲੋਕਾਂ ਨੂੰ ਕਹਿ, ‘ਕੱਲ੍ਹ ਨੂੰ ਆਪਣੇ ਆਪ ਨੂੰ ਪਵਿੱਤਰ ਕਰੋ+ ਕਿਉਂਕਿ ਤੁਸੀਂ ਜ਼ਰੂਰ ਮੀਟ ਖਾਓਗੇ ਕਿਉਂਕਿ ਯਹੋਵਾਹ ਨੇ ਤੁਹਾਡਾ ਰੋਣਾ ਸੁਣਿਆ ਹੈ।+ ਤੁਸੀਂ ਕਹਿੰਦੇ ਹੋ: “ਕੌਣ ਸਾਨੂੰ ਖਾਣ ਲਈ ਮੀਟ ਦੇਵੇਗਾ? ਅਸੀਂ ਮਿਸਰ ਵਿਚ ਹੀ ਚੰਗੇ ਸੀ।”+ ਯਹੋਵਾਹ ਤੁਹਾਨੂੰ ਜ਼ਰੂਰ ਮੀਟ ਦੇਵੇਗਾ ਅਤੇ ਤੁਸੀਂ ਖਾਓਗੇ।+
19 ਤੁਸੀਂ ਖਾਓਗੇ, ਪਰ ਇਕ ਜਾਂ 2 ਜਾਂ 5 ਜਾਂ 10 ਜਾਂ 20 ਦਿਨ ਨਹੀਂ,
20 ਸਗੋਂ ਪੂਰਾ ਮਹੀਨਾ ਖਾਓਗੇ। ਤੁਸੀਂ ਉਦੋਂ ਤਕ ਖਾਓਗੇ ਜਦ ਤਕ ਇਹ ਤੁਹਾਡੀਆਂ ਨਾਸਾਂ ਵਿੱਚੋਂ ਬਾਹਰ ਨਹੀਂ ਆ ਜਾਂਦਾ ਅਤੇ ਤੁਹਾਨੂੰ ਇਸ ਨਾਲ ਘਿਣ ਨਹੀਂ ਹੋ ਜਾਂਦੀ+ ਕਿਉਂਕਿ ਤੁਸੀਂ ਯਹੋਵਾਹ ਨੂੰ ਠੁਕਰਾਇਆ ਹੈ ਜੋ ਤੁਹਾਡੇ ਵਿਚਕਾਰ ਹੈ ਤੇ ਤੁਸੀਂ ਉਸ ਦੇ ਸਾਮ੍ਹਣੇ ਰੋ-ਰੋ ਕੇ ਕਹਿੰਦੇ ਹੋ: “ਅਸੀਂ ਮਿਸਰ ਛੱਡ ਕੇ ਕਿਉਂ ਆਏ?”’”+
21 ਫਿਰ ਮੂਸਾ ਨੇ ਕਿਹਾ: “ਲੋਕਾਂ ਵਿਚ ਫ਼ੌਜੀਆਂ ਦੀ ਹੀ ਗਿਣਤੀ 6,00,000 ਹੈ+ ਤੇ ਤੂੰ ਕਹਿ ਰਿਹਾ ਹੈਂ, ‘ਮੈਂ ਇਨ੍ਹਾਂ ਨੂੰ ਮੀਟ ਦਿਆਂਗਾ ਅਤੇ ਇਹ ਪੂਰਾ ਮਹੀਨਾ ਰੱਜ ਕੇ ਖਾਣਗੇ’!
22 ਜੇ ਸਾਰੇ ਗਾਂਵਾਂ-ਬਲਦ ਤੇ ਭੇਡਾਂ-ਬੱਕਰੀਆਂ ਵੱਢੀਆਂ ਜਾਣ, ਤਾਂ ਵੀ ਕੀ ਇਹ ਇਨ੍ਹਾਂ ਲਈ ਕਾਫ਼ੀ ਹੋਵੇਗਾ? ਜਾਂ ਜੇ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਵੀ ਫੜ ਲਈਆਂ ਜਾਣ, ਤਾਂ ਕੀ ਇਹ ਇਨ੍ਹਾਂ ਲਈ ਕਾਫ਼ੀ ਹੋਣਗੀਆਂ?”
23 ਯਹੋਵਾਹ ਨੇ ਮੂਸਾ ਨੂੰ ਕਿਹਾ: “ਕੀ ਯਹੋਵਾਹ ਦਾ ਹੱਥ ਇੰਨਾ ਛੋਟਾ ਹੈ?+ ਹੁਣ ਤੂੰ ਦੇਖੀਂ ਕਿ ਮੈਂ ਜੋ ਕਿਹਾ, ਉਹ ਹੁੰਦਾ ਜਾਂ ਨਹੀਂ।”
24 ਇਸ ਲਈ ਮੂਸਾ ਨੇ ਜਾ ਕੇ ਲੋਕਾਂ ਨੂੰ ਯਹੋਵਾਹ ਦੀਆਂ ਗੱਲਾਂ ਦੱਸੀਆਂ। ਨਾਲੇ ਉਸ ਨੇ ਲੋਕਾਂ ਦੇ ਬਜ਼ੁਰਗਾਂ ਵਿੱਚੋਂ 70 ਆਦਮੀਆਂ ਨੂੰ ਚੁਣਿਆ ਤੇ ਉਨ੍ਹਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਕੀਤਾ।+
25 ਫਿਰ ਯਹੋਵਾਹ ਬੱਦਲ ਵਿਚ ਥੱਲੇ ਆਇਆ+ ਅਤੇ ਮੂਸਾ ਨਾਲ ਗੱਲ ਕੀਤੀ।+ ਉਸ ਨੇ ਮੂਸਾ ਨੂੰ ਜੋ ਸ਼ਕਤੀ+ ਦਿੱਤੀ ਸੀ, ਉਸ ਵਿੱਚੋਂ ਥੋੜ੍ਹੀ ਜਿਹੀ ਲੈ ਕੇ ਉਨ੍ਹਾਂ 70 ਬਜ਼ੁਰਗਾਂ ਨੂੰ ਦਿੱਤੀ। ਜਿਉਂ ਹੀ ਉਨ੍ਹਾਂ ਨੂੰ ਸ਼ਕਤੀ ਮਿਲੀ, ਉਹ ਨਬੀਆਂ ਵਾਂਗ* ਕਰਨ ਲੱਗ ਪਏ,+ ਪਰ ਉਨ੍ਹਾਂ ਨੇ ਦੁਬਾਰਾ ਕਦੇ ਇਸ ਤਰ੍ਹਾਂ ਨਹੀਂ ਕੀਤਾ।
26 ਅਲਦਾਦ ਅਤੇ ਮੇਦਾਦ ਨਾਂ ਦੇ ਦੋ ਆਦਮੀ ਅਜੇ ਵੀ ਛਾਉਣੀ ਵਿਚ ਹੀ ਸਨ। ਉਨ੍ਹਾਂ ਨੂੰ ਵੀ ਸ਼ਕਤੀ ਮਿਲੀ ਕਿਉਂਕਿ ਇਹ ਵੀ ਉਨ੍ਹਾਂ ਵਿਚ ਸ਼ਾਮਲ ਸਨ ਜਿਨ੍ਹਾਂ ਦੇ ਨਾਂ ਲਿਖੇ ਗਏ ਸਨ, ਪਰ ਉਹ ਤੰਬੂ ਕੋਲ ਨਹੀਂ ਗਏ ਸਨ। ਇਸ ਲਈ ਉਹ ਛਾਉਣੀ ਵਿਚ ਹੀ ਨਬੀਆਂ ਵਾਂਗ ਕਰਨ ਲੱਗ ਪਏ।
27 ਇਕ ਨੌਜਵਾਨ ਦੌੜ ਕੇ ਮੂਸਾ ਨੂੰ ਦੱਸਣ ਗਿਆ: “ਛਾਉਣੀ ਵਿਚ ਅਲਦਾਦ ਅਤੇ ਮੇਦਾਦ ਨਬੀਆਂ ਵਾਂਗ ਕਰ ਰਹੇ ਹਨ!”
28 ਨੂਨ ਦਾ ਪੁੱਤਰ ਯਹੋਸ਼ੁਆ+ ਜਵਾਨੀ ਤੋਂ ਮੂਸਾ ਦੀ ਸੇਵਾ ਕਰਦਾ ਸੀ। ਉਸ ਨੇ ਮੂਸਾ ਨੂੰ ਕਿਹਾ: “ਹੇ ਮੇਰੇ ਮਾਲਕ ਮੂਸਾ, ਉਨ੍ਹਾਂ ਨੂੰ ਰੋਕ!”+
29 ਪਰ ਮੂਸਾ ਨੇ ਉਸ ਨੂੰ ਕਿਹਾ: “ਕੀ ਤੂੰ ਮੇਰੇ ਕਰਕੇ ਉਨ੍ਹਾਂ ਨਾਲ ਈਰਖਾ ਕਰਦਾ ਹੈਂ? ਮੈਂ ਤਾਂ ਚਾਹੁੰਦਾ ਹਾਂ ਕਿ ਯਹੋਵਾਹ ਦੇ ਸਾਰੇ ਲੋਕ ਨਬੀ ਹੋਣ ਤੇ ਯਹੋਵਾਹ ਉਨ੍ਹਾਂ ਸਾਰਿਆਂ ਨੂੰ ਆਪਣੀ ਸ਼ਕਤੀ ਦੇਵੇ।”
30 ਬਾਅਦ ਵਿਚ ਮੂਸਾ ਇਜ਼ਰਾਈਲ ਦੇ ਬਜ਼ੁਰਗਾਂ ਨਾਲ ਵਾਪਸ ਛਾਉਣੀ ਵਿਚ ਆ ਗਿਆ।
31 ਫਿਰ ਯਹੋਵਾਹ ਨੇ ਹਨੇਰੀ ਵਗਾਈ ਜੋ ਸਮੁੰਦਰ ਵੱਲੋਂ ਬਟੇਰੇ ਉਡਾ ਕੇ ਲੈ ਆਈ ਅਤੇ ਇਹ ਬਟੇਰੇ ਛਾਉਣੀ ਦੇ ਸਾਰੇ ਪਾਸੇ ਡਿਗਣੇ ਸ਼ੁਰੂ ਹੋ ਗਏ।+ ਇਕ ਦਿਨ ਵਿਚ ਇਕ ਬੰਦਾ ਜਿੰਨੀ ਦੂਰ ਤਕ ਤੁਰ ਕੇ ਜਾ ਸਕਦਾ ਸੀ, ਉੱਨੀ ਦੂਰੀ ਤਕ ਬਟੇਰੇ ਹੀ ਬਟੇਰੇ ਸਨ। ਛਾਉਣੀ ਦੇ ਹਰ ਪਾਸੇ ਜ਼ਮੀਨ ਉੱਤੇ ਇਨ੍ਹਾਂ ਦਾ ਦੋ-ਦੋ ਹੱਥ* ਉੱਚਾ ਢੇਰ ਲੱਗ ਗਿਆ।
32 ਇਸ ਲਈ ਲੋਕ ਸਾਰਾ ਦਿਨ ਤੇ ਸਾਰੀ ਰਾਤ ਤੇ ਫਿਰ ਅਗਲੇ ਦਿਨ ਵੀ ਬਟੇਰੇ ਇਕੱਠੇ ਕਰਦੇ ਰਹੇ। ਕਿਸੇ ਨੇ ਵੀ ਦਸ ਹੋਮਰ* ਤੋਂ ਘੱਟ ਬਟੇਰੇ ਇਕੱਠੇ ਨਹੀਂ ਕੀਤੇ ਅਤੇ ਉਹ ਛਾਉਣੀ ਦੇ ਚਾਰੇ ਪਾਸੇ ਉਨ੍ਹਾਂ ਦਾ ਮੀਟ ਜ਼ਮੀਨ ’ਤੇ ਸੁੱਕਣੇ ਪਾਉਂਦੇ ਰਹੇ।
33 ਪਰ ਮੀਟ ਅਜੇ ਉਨ੍ਹਾਂ ਦੇ ਦੰਦਾਂ ਵਿਚ ਹੀ ਸੀ ਤੇ ਅਜੇ ਚਿੱਥਿਆ ਵੀ ਨਹੀਂ ਸੀ ਕਿ ਯਹੋਵਾਹ ਦਾ ਗੁੱਸਾ ਉਨ੍ਹਾਂ ਉੱਤੇ ਭੜਕ ਉੱਠਿਆ ਅਤੇ ਯਹੋਵਾਹ ਨੇ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਮਾਰ ਸੁੱਟਿਆ।+
34 ਇਸ ਲਈ ਉਨ੍ਹਾਂ ਨੇ ਉਸ ਜਗ੍ਹਾ ਦਾ ਨਾਂ ਕਿਬਰੋਥ-ਹੱਤਵਾਹ*+ ਰੱਖਿਆ ਕਿਉਂਕਿ ਉੱਥੇ ਉਨ੍ਹਾਂ ਲੋਕਾਂ ਨੂੰ ਦਫ਼ਨਾਇਆ ਗਿਆ ਸੀ ਜਿਨ੍ਹਾਂ ਨੇ ਖਾਣ ਵਾਲੀਆਂ ਵਧੀਆ-ਵਧੀਆ ਚੀਜ਼ਾਂ ਦੀ ਲਾਲਸਾ ਕੀਤੀ ਸੀ।+
35 ਲੋਕ ਕਿਬਰੋਥ-ਹੱਤਵਾਹ ਤੋਂ ਹਸੇਰੋਥ ਚਲੇ ਗਏ ਅਤੇ ਉਨ੍ਹਾਂ ਨੇ ਹਸੇਰੋਥ ਵਿਚ ਤੰਬੂ ਲਾਏ।+
ਫੁਟਨੋਟ
^ ਮਤਲਬ “ਬਲ਼ ਰਿਹਾ,” ਯਾਨੀ ਤੇਜ਼ ਲਪਟਾਂ, ਭਾਂਬੜ।
^ ਲੱਗਦਾ ਹੈ ਇਹ ਭੀੜ ਗ਼ੈਰ-ਇਜ਼ਰਾਈਲੀ ਲੋਕਾਂ ਦੀ ਸੀ।
^ ਜਾਂ, “ਵਾਂਗ ਭਵਿੱਖਬਾਣੀਆਂ।”
^ ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਇਕ ਹੋਮਰ 220 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਮਤਲਬ “ਲਾਲਸਾ ਦੀਆਂ ਕਬਰਾਂ।”