ਗਿਣਤੀ 8:1-26
8 ਯਹੋਵਾਹ ਨੇ ਮੂਸਾ ਨੂੰ ਕਿਹਾ:
2 “ਹਾਰੂਨ ਨਾਲ ਗੱਲ ਕਰ ਅਤੇ ਉਸ ਨੂੰ ਕਹਿ, ‘ਜਦੋਂ ਤੂੰ ਸੱਤ ਦੀਵੇ ਬਾਲ਼ੇ, ਤਾਂ ਇਨ੍ਹਾਂ ਨੂੰ ਇਸ ਤਰ੍ਹਾਂ ਰੱਖੀ ਕਿ ਇਹ ਸ਼ਮਾਦਾਨ ਦੇ ਸਾਮ੍ਹਣੇ ਵਾਲੀ ਥਾਂ ਵਿਚ ਰੌਸ਼ਨੀ ਕਰਨ।’”+
3 ਇਸ ਲਈ ਹਾਰੂਨ ਨੇ ਇਸੇ ਤਰ੍ਹਾਂ ਕੀਤਾ। ਉਸ ਨੇ ਸ਼ਮਾਦਾਨ ਦੇ ਸਾਮ੍ਹਣੇ ਵਾਲੀ ਥਾਂ ਵਿਚ ਰੌਸ਼ਨੀ ਕਰਨ ਲਈ ਦੀਵੇ ਬਾਲ਼ੇ,+ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
4 ਹਥੌੜੇ ਨਾਲ ਸੋਨੇ ਦੇ ਇੱਕੋ ਟੁਕੜੇ ਨੂੰ ਕੁੱਟ ਕੇ ਸ਼ਮਾਦਾਨ ਦੀ ਡੰਡੀ ਤੋਂ ਲੈ ਕੇ ਇਸ ਦੇ ਫੁੱਲਾਂ ਨੂੰ ਬਣਾਇਆ ਗਿਆ ਸੀ, ਹਾਂ, ਪੂਰਾ ਸ਼ਮਾਦਾਨ ਹਥੌੜੇ ਨਾਲ ਕੁੱਟ ਕੇ ਬਣਾਇਆ ਗਿਆ ਸੀ।+ ਇਹ ਸ਼ਮਾਦਾਨ ਉਸੇ ਨਮੂਨੇ ਅਨੁਸਾਰ ਬਣਾਇਆ ਗਿਆ ਸੀ ਜੋ ਯਹੋਵਾਹ ਨੇ ਮੂਸਾ ਨੂੰ ਦਰਸ਼ਣ+ ਵਿਚ ਦਿਖਾਇਆ ਸੀ।
5 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ:
6 “ਇਜ਼ਰਾਈਲੀਆਂ ਵਿੱਚੋਂ ਲੇਵੀਆਂ ਨੂੰ ਲੈ ਅਤੇ ਉਨ੍ਹਾਂ ਨੂੰ ਸ਼ੁੱਧ ਕਰ।+
7 ਤੂੰ ਉਨ੍ਹਾਂ ਨੂੰ ਇਸ ਤਰ੍ਹਾਂ ਸ਼ੁੱਧ ਕਰ: ਉਨ੍ਹਾਂ ਉੱਤੇ ਪਾਪ ਤੋਂ ਸ਼ੁੱਧ ਕਰਨ ਵਾਲਾ ਪਾਣੀ ਛਿੜਕ ਅਤੇ ਉਹ ਉਸਤਰੇ ਨਾਲ ਆਪਣੇ ਸਰੀਰ ਦੇ ਸਾਰੇ ਵਾਲ਼ ਲਾਹੁਣ, ਆਪਣੇ ਕੱਪੜੇ ਧੋਣ ਅਤੇ ਆਪਣੇ ਆਪ ਨੂੰ ਸ਼ੁੱਧ ਕਰਨ।+
8 ਫਿਰ ਉਹ ਜਵਾਨ ਬਲਦ,+ ਅਨਾਜ ਦੇ ਚੜ੍ਹਾਵੇ+ ਲਈ ਤੇਲ ਵਿਚ ਗੁੰਨ੍ਹਿਆ ਮੈਦਾ ਲੈਣ ਅਤੇ ਤੂੰ ਪਾਪ-ਬਲ਼ੀ ਲਈ ਇਕ ਹੋਰ ਜਵਾਨ ਬਲਦ ਲੈ।+
9 ਤੂੰ ਲੇਵੀਆਂ ਨੂੰ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਲੈ ਕੇ ਆ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕਰ।+
10 ਜਦੋਂ ਤੂੰ ਲੇਵੀਆਂ ਨੂੰ ਯਹੋਵਾਹ ਸਾਮ੍ਹਣੇ ਲੈ ਕੇ ਆਏਂਗਾ, ਤਾਂ ਇਜ਼ਰਾਈਲੀ ਲੇਵੀਆਂ ਉੱਤੇ ਹੱਥ ਰੱਖਣ।+
11 ਫਿਰ ਹਾਰੂਨ ਇਜ਼ਰਾਈਲੀਆਂ ਵੱਲੋਂ ਲੇਵੀਆਂ ਨੂੰ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਵੇ।*+ ਇਸ ਤੋਂ ਬਾਅਦ ਲੇਵੀ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕਰਨਗੇ।+
12 “ਫਿਰ ਲੇਵੀ ਉਨ੍ਹਾਂ ਬਲਦਾਂ ਦੇ ਸਿਰਾਂ ’ਤੇ ਆਪਣੇ ਹੱਥ ਰੱਖਣ।+ ਇਸ ਤੋਂ ਬਾਅਦ ਲੇਵੀਆਂ ਦੇ ਪਾਪ ਮਿਟਾਉਣ ਲਈ ਯਹੋਵਾਹ ਸਾਮ੍ਹਣੇ ਇਕ ਬਲਦ ਨੂੰ ਪਾਪ-ਬਲ਼ੀ ਵਜੋਂ ਅਤੇ ਦੂਸਰੇ ਨੂੰ ਹੋਮ-ਬਲ਼ੀ ਵਜੋਂ ਚੜ੍ਹਾਇਆ ਜਾਵੇ।+
13 ਤੂੰ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਸਾਮ੍ਹਣੇ ਖੜ੍ਹਾ ਕਰ ਅਤੇ ਉਨ੍ਹਾਂ ਨੂੰ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਚੜ੍ਹਾ।*
14 ਤੂੰ ਇਜ਼ਰਾਈਲੀਆਂ ਵਿੱਚੋਂ ਲੇਵੀਆਂ ਨੂੰ ਵੱਖਰਾ ਕਰ ਅਤੇ ਲੇਵੀ ਮੇਰੇ ਹੋਣਗੇ।+
15 ਇਸ ਤੋਂ ਬਾਅਦ ਲੇਵੀ ਮੰਡਲੀ ਦੇ ਤੰਬੂ ਵਿਚ ਸੇਵਾ ਕਰਨਗੇ। ਤੂੰ ਇਸ ਤਰ੍ਹਾਂ ਉਨ੍ਹਾਂ ਨੂੰ ਸ਼ੁੱਧ ਕਰ ਅਤੇ ਹਿਲਾਉਣ ਦੀ ਭੇਟ ਵਜੋਂ ਚੜ੍ਹਾ।*
16 ਇਜ਼ਰਾਈਲੀਆਂ ਵਿੱਚੋਂ ਲੇਵੀ ਮੈਨੂੰ ਦਿੱਤੇ ਗਏ ਹਨ। ਮੈਂ ਇਜ਼ਰਾਈਲੀਆਂ ਦੇ ਸਾਰੇ ਜੇਠਿਆਂ* ਦੀ ਜਗ੍ਹਾ+ ਉਨ੍ਹਾਂ ਨੂੰ ਆਪਣੇ ਲਈ ਲਵਾਂਗਾ।
17 ਕਿਉਂਕਿ ਇਜ਼ਰਾਈਲੀਆਂ ਦਾ ਹਰ ਜੇਠਾ ਮੇਰਾ ਹੈ, ਭਾਵੇਂ ਉਹ ਇਨਸਾਨ ਦਾ ਹੋਵੇ ਜਾਂ ਜਾਨਵਰ ਦਾ।+ ਮੈਂ ਜਿਸ ਦਿਨ ਮਿਸਰ ਵਿਚ ਸਾਰੇ ਜੇਠਿਆਂ ਨੂੰ ਮਾਰਿਆ ਸੀ, ਉਸੇ ਦਿਨ ਮੈਂ ਇਜ਼ਰਾਈਲੀਆਂ ਦੇ ਜੇਠਿਆਂ ਨੂੰ ਆਪਣੇ ਲਈ ਪਵਿੱਤਰ ਕੀਤਾ ਸੀ।+
18 ਮੈਂ ਇਜ਼ਰਾਈਲੀਆਂ ਦੇ ਸਾਰੇ ਜੇਠਿਆਂ ਦੀ ਜਗ੍ਹਾ ਲੇਵੀਆਂ ਨੂੰ ਆਪਣੇ ਲਈ ਲਵਾਂਗਾ।
19 ਮੈਂ ਇਜ਼ਰਾਈਲੀਆਂ ਵਿੱਚੋਂ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦਿਆਂਗਾ ਤਾਂਕਿ ਉਹ ਮੰਡਲੀ ਦੇ ਤੰਬੂ ਵਿਚ ਇਜ਼ਰਾਈਲੀਆਂ ਲਈ ਸੇਵਾ ਕਰਨ+ ਅਤੇ ਇਜ਼ਰਾਈਲੀਆਂ ਦੇ ਪਾਪ ਮਿਟਾਉਣ ਦੇ ਕੰਮ ਵਿਚ ਉਨ੍ਹਾਂ ਦਾ ਹੱਥ ਵਟਾਉਣ। ਇਸ ਤਰ੍ਹਾਂ ਇਜ਼ਰਾਈਲੀ ਪਵਿੱਤਰ ਸਥਾਨ ਦੇ ਨੇੜੇ ਨਹੀਂ ਆਉਣਗੇ ਜਿਸ ਕਰਕੇ ਉਨ੍ਹਾਂ ’ਤੇ ਕੋਈ ਬਿਪਤਾ ਨਹੀਂ ਆਵੇਗੀ।”+
20 ਮੂਸਾ, ਹਾਰੂਨ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੇ ਲੇਵੀਆਂ ਨਾਲ ਇਸੇ ਤਰ੍ਹਾਂ ਕੀਤਾ। ਯਹੋਵਾਹ ਨੇ ਲੇਵੀਆਂ ਦੇ ਸੰਬੰਧ ਵਿਚ ਮੂਸਾ ਨੂੰ ਜੋ ਹੁਕਮ ਦਿੱਤਾ ਸੀ, ਇਜ਼ਰਾਈਲੀਆਂ ਨੇ ਉਸੇ ਤਰ੍ਹਾਂ ਕੀਤਾ।
21 ਇਸ ਲਈ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਅਤੇ ਆਪਣੇ ਕੱਪੜੇ ਧੋਤੇ।+ ਇਸ ਤੋਂ ਬਾਅਦ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ।*+ ਫਿਰ ਹਾਰੂਨ ਨੇ ਉਨ੍ਹਾਂ ਦੇ ਪਾਪ ਮਿਟਾਉਣ ਅਤੇ ਉਨ੍ਹਾਂ ਨੂੰ ਸ਼ੁੱਧ ਕਰਨ ਲਈ ਭੇਟ ਚੜ੍ਹਾਈ।+
22 ਇਸ ਤੋਂ ਬਾਅਦ ਲੇਵੀ ਮੰਡਲੀ ਦੇ ਤੰਬੂ ਵਿਚ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਸਾਮ੍ਹਣੇ ਸੇਵਾ ਕਰਨ ਲੱਗੇ। ਯਹੋਵਾਹ ਨੇ ਲੇਵੀਆਂ ਦੇ ਸੰਬੰਧ ਵਿਚ ਮੂਸਾ ਨੂੰ ਜੋ ਹੁਕਮ ਦਿੱਤਾ ਸੀ, ਲੋਕਾਂ ਨੇ ਉਸੇ ਤਰ੍ਹਾਂ ਕੀਤਾ।
23 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ:
24 “ਇਹ ਨਿਯਮ ਲੇਵੀਆਂ ਲਈ ਹੈ: ਜਿਸ ਆਦਮੀ ਦੀ ਉਮਰ 25 ਸਾਲ ਤੇ ਇਸ ਤੋਂ ਜ਼ਿਆਦਾ ਹੈ, ਉਹ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਵਾਲਿਆਂ ਦੇ ਦਲ ਵਿਚ ਸ਼ਾਮਲ ਹੋ ਜਾਵੇਗਾ।
25 ਪਰ 50 ਸਾਲ ਦੀ ਉਮਰ ’ਤੇ ਉਸ ਦੀ ਸੇਵਾ ਖ਼ਤਮ ਹੋ ਜਾਵੇਗੀ ਅਤੇ ਉਹ ਹੋਰ ਸੇਵਾ ਨਹੀਂ ਕਰੇਗਾ।
26 ਉਹ ਆਪਣੇ ਭਰਾਵਾਂ ਦੀ ਮਦਦ ਕਰ ਸਕਦਾ ਹੈ ਜਿਹੜੇ ਮੰਡਲੀ ਦੇ ਤੰਬੂ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ, ਪਰ ਉਹ ਆਪ ਉੱਥੇ ਸੇਵਾ ਦੀ ਜ਼ਿੰਮੇਵਾਰੀ ਨਹੀਂ ਨਿਭਾਏਗਾ। ਤੁਸੀਂ ਲੇਵੀਆਂ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦੇ ਸੰਬੰਧ ਵਿਚ ਇਸ ਨਿਯਮ ਦੀ ਪਾਲਣਾ ਕਰਨੀ।”+
ਫੁਟਨੋਟ
^ ਇਬ, “ਹਿਲਾਵੇ,” ਯਾਨੀ ਅੱਗੇ-ਪਿੱਛੇ ਹਿਲਾਉਣਾ।
^ ਇਬ, “ਹਿਲਾ,” ਯਾਨੀ ਅੱਗੇ-ਪਿੱਛੇ ਹਿਲਾਉਣਾ।
^ ਇਬ, “ਹਿਲਾ,” ਯਾਨੀ ਅੱਗੇ-ਪਿੱਛੇ ਹਿਲਾਉਣਾ।
^ ਇਬ, “ਕੁੱਖ ਖੋਲ੍ਹਣ ਵਾਲੇ ਸਾਰੇ ਜੇਠਿਆਂ।”
^ ਇਬ, “ਹਿਲਾਇਆ,” ਯਾਨੀ ਅੱਗੇ-ਪਿੱਛੇ ਹਿਲਾਇਆ।