ਮੱਤੀ ਮੁਤਾਬਕ ਖ਼ੁਸ਼ ਖ਼ਬਰੀ 14:1-36

  • ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਵੱਢਿਆ ਗਿਆ (1-12)

  • ਯਿਸੂ ਨੇ 5,000 ਨੂੰ ਖਾਣਾ ਖੁਆਇਆ (13-21)

  • ਯਿਸੂ ਪਾਣੀ ’ਤੇ ਤੁਰਿਆ (22-33)

  • ਗੰਨੇਸਰਤ ਵਿਚ ਬੀਮਾਰਾਂ ਨੂੰ ਠੀਕ ਕੀਤਾ ਗਿਆ (34-36)

14  ਉਸ ਸਮੇਂ ਜ਼ਿਲ੍ਹੇ ਦੇ ਹਾਕਮ ਹੇਰੋਦੇਸ ਨੇ ਯਿਸੂ ਬਾਰੇ ਸੁਣਿਆ+  ਅਤੇ ਆਪਣੇ ਸੇਵਕਾਂ ਨੂੰ ਕਿਹਾ: “ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ। ਉਹ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਹੋ ਗਿਆ ਹੈ ਅਤੇ ਇਸੇ ਲਈ ਉਹ ਇਹ ਕਰਾਮਾਤਾਂ ਕਰ ਰਿਹਾ ਹੈ।”+  ਹੇਰੋਦੇਸ* ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਦੇ ਕਹਿਣ ’ਤੇ ਯੂਹੰਨਾ ਨੂੰ ਗਿਰਫ਼ਤਾਰ ਕਰ ਲਿਆ ਸੀ ਅਤੇ ਬੇੜੀਆਂ ਨਾਲ ਬੰਨ੍ਹ ਕੇ ਕੈਦ ਵਿਚ ਸੁੱਟ ਦਿੱਤਾ ਸੀ+  ਕਿਉਂਕਿ ਯੂਹੰਨਾ ਉਸ ਨੂੰ ਵਾਰ-ਵਾਰ ਇਹ ਕਹਿ ਰਿਹਾ ਸੀ: “ਤੇਰੇ ਲਈ ਹੇਰੋਦਿਆਸ ਨੂੰ ਰੱਖਣਾ ਨਾਜਾਇਜ਼ ਹੈ।”+  ਭਾਵੇਂ ਉਹ ਯੂਹੰਨਾ ਨੂੰ ਮਾਰਨਾ ਚਾਹੁੰਦਾ ਸੀ, ਪਰ ਲੋਕਾਂ ਤੋਂ ਡਰਦਾ ਸੀ ਕਿਉਂਕਿ ਲੋਕ ਯੂਹੰਨਾ ਨੂੰ ਨਬੀ ਮੰਨਦੇ ਸਨ।+  ਪਰ ਜਦ ਹੇਰੋਦੇਸ ਆਪਣਾ ਜਨਮ-ਦਿਨ+ ਮਨਾ ਰਿਹਾ ਸੀ, ਤਾਂ ਉਸ ਮੌਕੇ ਹੇਰੋਦਿਆਸ ਦੀ ਧੀ ਨੇ ਮਹਿਮਾਨਾਂ ਅੱਗੇ ਨੱਚ ਕੇ ਹੇਰੋਦੇਸ ਨੂੰ ਇੰਨਾ ਖ਼ੁਸ਼ ਕੀਤਾ+  ਕਿ ਉਸ ਨੇ ਸਹੁੰ ਖਾ ਕੇ ਵਾਅਦਾ ਕੀਤਾ ਕਿ ਉਹ ਜੋ ਵੀ ਮੰਗੇਗੀ, ਉਹ ਉਸ ਨੂੰ ਦੇਵੇਗਾ।  ਫਿਰ ਉਸ ਕੁੜੀ ਨੇ ਆਪਣੀ ਮਾਂ ਦੀ ਚੁੱਕ ਵਿਚ ਆ ਕੇ ਕਿਹਾ: “ਮੈਨੂੰ ਥਾਲ਼ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦਿੱਤਾ ਜਾਵੇ।”+  ਭਾਵੇਂ ਰਾਜੇ ਨੂੰ ਦੁੱਖ ਹੋਇਆ, ਪਰ ਸਹੁੰਆਂ ਖਾਧੀਆਂ ਹੋਣ ਕਰਕੇ ਅਤੇ ਆਪਣੇ ਮਹਿਮਾਨਾਂ ਦੇ ਕਾਰਨ ਉਸ ਨੇ ਹੁਕਮ ਦਿੱਤਾ ਕਿ ਕੁੜੀ ਦੀ ਮੰਗ ਪੂਰੀ ਕੀਤੀ ਜਾਵੇ। 10  ਇਸ ਲਈ ਰਾਜੇ ਨੇ ਕਿਸੇ ਨੂੰ ਘੱਲ ਕੇ ਜੇਲ੍ਹ ਵਿਚ ਯੂਹੰਨਾ ਦਾ ਸਿਰ ਵਢਵਾ ਦਿੱਤਾ 11  ਉਸ ਦਾ ਸਿਰ ਥਾਲ਼ ਵਿਚ ਰੱਖ ਕੇ ਕੁੜੀ ਨੂੰ ਦਿੱਤਾ ਗਿਆ ਅਤੇ ਕੁੜੀ ਨੇ ਆਪਣੀ ਮਾਂ ਨੂੰ ਦੇ ਦਿੱਤਾ। 12  ਬਾਅਦ ਵਿਚ ਯੂਹੰਨਾ ਦੇ ਚੇਲੇ ਆ ਕੇ ਉਸ ਦੀ ਲਾਸ਼ ਲੈ ਗਏ ਅਤੇ ਉਸ ਨੂੰ ਦਫ਼ਨਾ ਦਿੱਤਾ; ਫਿਰ ਉਨ੍ਹਾਂ ਨੇ ਆ ਕੇ ਯਿਸੂ ਨੂੰ ਸਾਰੀ ਗੱਲ ਦੱਸੀ। 13  ਇਹ ਸੁਣ ਕੇ ਯਿਸੂ ਕਿਸ਼ਤੀ ਵਿਚ ਬੈਠ ਕੇ ਕਿਸੇ ਇਕਾਂਤ ਜਗ੍ਹਾ ਚਲਾ ਗਿਆ। ਪਰ ਜਦੋਂ ਸ਼ਹਿਰਾਂ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਵੀ ਪੈਦਲ ਉਸ ਦੇ ਪਿੱਛੇ ਚਲੇ ਗਏ।+ 14  ਜਦ ਉਹ ਕਿਸ਼ਤੀ ਤੋਂ ਉੱਤਰਿਆ, ਤਾਂ ਉਸ ਨੇ ਵੱਡੀ ਭੀੜ ਦੇਖੀ ਅਤੇ ਉਸ ਨੂੰ ਲੋਕਾਂ ’ਤੇ ਤਰਸ ਆਇਆ+ ਤੇ ਉਸ ਨੇ ਬੀਮਾਰਾਂ ਨੂੰ ਠੀਕ ਕੀਤਾ।+ 15  ਫਿਰ ਸ਼ਾਮ ਹੋ ਜਾਣ ’ਤੇ ਉਸ ਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ: “ਇਹ ਜਗ੍ਹਾ ਉਜਾੜ ਹੈ ਅਤੇ ਦੁਪਹਿਰ ਵੀ ਢਲ਼ ਚੁੱਕੀ ਹੈ; ਲੋਕਾਂ ਨੂੰ ਘੱਲ ਦੇ ਤਾਂਕਿ ਉਹ ਪਿੰਡਾਂ ਵਿਚ ਜਾ ਕੇ ਆਪਣੇ ਖਾਣ ਵਾਸਤੇ ਕੁਝ ਖ਼ਰੀਦ ਲੈਣ।”+ 16  ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਉਨ੍ਹਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ; ਤੁਸੀਂ ਹੀ ਉਨ੍ਹਾਂ ਨੂੰ ਕੁਝ ਖਾਣ ਲਈ ਦਿਓ।” 17  ਉਨ੍ਹਾਂ ਨੇ ਉਸ ਨੂੰ ਕਿਹਾ: “ਸਾਡੇ ਕੋਲ ਪੰਜ ਰੋਟੀਆਂ ਤੇ ਦੋ ਮੱਛੀਆਂ ਤੋਂ ਸਿਵਾਇ ਹੋਰ ਕੁਝ ਨਹੀਂ ਹੈ।” 18  ਉਸ ਨੇ ਕਿਹਾ: “ਲਿਆਓ ਮੈਨੂੰ ਦਿਓ।” 19  ਇਸ ਤੋਂ ਬਾਅਦ ਉਸ ਨੇ ਲੋਕਾਂ ਨੂੰ ਘਾਹ ’ਤੇ ਬੈਠਣ ਲਈ ਕਿਹਾ। ਫਿਰ ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲਈਆਂ ਅਤੇ ਆਕਾਸ਼ ਵੱਲ ਦੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ+ ਅਤੇ ਰੋਟੀਆਂ ਤੋੜ ਕੇ ਆਪਣੇ ਚੇਲਿਆਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੰਡੀਆਂ। 20  ਉਨ੍ਹਾਂ ਸਾਰਿਆਂ ਨੇ ਰੱਜ ਕੇ ਖਾਧਾ। ਫਿਰ ਉਨ੍ਹਾਂ ਨੇ ਬਚੇ ਹੋਏ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ 12 ਟੋਕਰੀਆਂ ਭਰ ਗਈਆਂ।+ 21  ਉਦੋਂ ਤੀਵੀਆਂ ਅਤੇ ਬੱਚਿਆਂ ਤੋਂ ਇਲਾਵਾ 5,000 ਆਦਮੀਆਂ ਨੇ ਖਾਣਾ ਖਾਧਾ ਸੀ।+ 22  ਫਿਰ ਉਸ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਕਿਸ਼ਤੀ ਵਿਚ ਬੈਠ ਕੇ ਉਸ ਤੋਂ ਪਹਿਲਾਂ ਝੀਲ ਦੇ ਦੂਜੇ ਪਾਸੇ ਚਲੇ ਜਾਣ ਜਦ ਕਿ ਉਹ ਆਪ ਭੀੜ ਨੂੰ ਵਿਦਾ ਕਰਨ ਲੱਗਾ।+ 23  ਭੀੜ ਨੂੰ ਵਿਦਾ ਕਰਨ ਤੋਂ ਬਾਅਦ ਉਹ ਆਪ ਪਹਾੜ ’ਤੇ ਪ੍ਰਾਰਥਨਾ ਕਰਨ ਚਲਾ ਗਿਆ।+ ਹੁਣ ਰਾਤ ਪੈ ਚੁੱਕੀ ਸੀ ਤੇ ਉਹ ਪਹਾੜ ’ਤੇ ਇਕੱਲਾ ਸੀ। 24  ਉਸ ਵੇਲੇ ਕਿਸ਼ਤੀ ਝੀਲ ਦੇ ਕੰਢੇ ਤੋਂ ਬਹੁਤ ਦੂਰ* ਜਾ ਚੁੱਕੀ ਸੀ ਅਤੇ ਲਹਿਰਾਂ ਦੇ ਕਾਰਨ ਡਿੱਕੋ-ਡੋਲੇ ਖਾ ਰਹੀ ਸੀ ਕਿਉਂਕਿ ਸਾਮ੍ਹਣਿਓਂ ਹਨੇਰੀ ਚੱਲ ਰਹੀ ਸੀ। 25  ਪਰ ਰਾਤ ਦੇ ਚੌਥੇ ਪਹਿਰ* ਉਹ ਪਾਣੀ ਉੱਤੇ ਤੁਰ ਕੇ ਉਨ੍ਹਾਂ ਵੱਲ ਆਇਆ। 26  ਜਦ ਉਨ੍ਹਾਂ ਨੇ ਉਸ ਨੂੰ ਪਾਣੀ ਉੱਤੇ ਤੁਰਦਿਆਂ ਦੇਖਿਆ, ਤਾਂ ਉਹ ਬਹੁਤ ਘਬਰਾ ਗਏ ਅਤੇ ਕਹਿਣ ਲੱਗੇ: “ਆਹ ਕੀ ਆ ਰਿਹਾ?” ਅਤੇ ਉਹ ਡਰ ਦੇ ਮਾਰੇ ਚੀਕਾਂ ਮਾਰਨ ਲੱਗ ਪਏ। 27  ਪਰ ਉਦੋਂ ਹੀ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹੌਸਲਾ ਰੱਖੋ! ਮੈਂ ਹਾਂ, ਡਰੋ ਨਾ।”+ 28  ਫਿਰ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਜੇ ਤੂੰ ਹੀ ਹੈਂ, ਤਾਂ ਮੈਨੂੰ ਪਾਣੀ ’ਤੇ ਤੁਰ ਕੇ ਆਪਣੇ ਵੱਲ ਆਉਣ ਦਾ ਹੁਕਮ ਦੇ।” 29  ਉਸ ਨੇ ਕਿਹਾ: “ਆਜਾ!” ਇਸ ਲਈ ਪਤਰਸ ਕਿਸ਼ਤੀ ਤੋਂ ਉੱਤਰ ਕੇ ਪਾਣੀ ’ਤੇ ਤੁਰਦਾ ਹੋਇਆ ਯਿਸੂ ਵੱਲ ਚਲਾ ਗਿਆ। 30  ਪਰ ਤੂਫ਼ਾਨ ਨੂੰ ਦੇਖ ਕੇ ਪਤਰਸ ਡਰ ਗਿਆ। ਜਦੋਂ ਉਹ ਡੁੱਬਣ ਲੱਗਾ, ਤਾਂ ਉਹ ਉੱਚੀ-ਉੱਚੀ ਕਹਿਣ ਲੱਗਾ: “ਪ੍ਰਭੂ, ਮੈਨੂੰ ਬਚਾ ਲੈ!” 31  ਉਸੇ ਵੇਲੇ ਯਿਸੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਕਿਹਾ: “ਹੇ ਥੋੜ੍ਹੀ ਨਿਹਚਾ ਰੱਖਣ ਵਾਲਿਆ, ਤੂੰ ਸ਼ੱਕ ਕਿਉਂ ਕੀਤਾ?”+ 32  ਜਦੋਂ ਉਹ ਦੋਵੇਂ ਕਿਸ਼ਤੀ ’ਤੇ ਚੜ੍ਹ ਗਏ, ਤਾਂ ਤੂਫ਼ਾਨ ਸ਼ਾਂਤ ਹੋ ਗਿਆ। 33  ਫਿਰ ਕਿਸ਼ਤੀ ’ਤੇ ਸਵਾਰ ਸਾਰਿਆਂ ਨੇ ਗੋਡੇ ਟੇਕ ਕੇ ਕਿਹਾ: “ਤੂੰ ਵਾਕਈ ਪਰਮੇਸ਼ੁਰ ਦਾ ਪੁੱਤਰ ਹੈਂ।” 34  ਅਤੇ ਉਹ ਝੀਲ ਪਾਰ ਕਰ ਕੇ ਗੰਨੇਸਰਤ ਪਹੁੰਚੇ।+ 35  ਉਸ ਜਗ੍ਹਾ ਦੇ ਲੋਕਾਂ ਨੇ ਉਸ ਨੂੰ ਪਛਾਣ ਲਿਆ ਅਤੇ ਉਨ੍ਹਾਂ ਨੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿਚ ਸੁਨੇਹਾ ਘੱਲਿਆ ਅਤੇ ਲੋਕ ਉਸ ਕੋਲ ਸਾਰੇ ਬੀਮਾਰਾਂ ਨੂੰ ਲੈ ਕੇ ਆਏ। 36  ਉਨ੍ਹਾਂ ਨੇ ਉਸ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਸਿਰਫ਼ ਆਪਣੇ ਚੋਗੇ ਦੀ ਝਾਲਰ ਨੂੰ ਹੀ ਛੂਹ ਲੈਣ ਦੇਵੇ।+ ਜਿੰਨਿਆਂ ਨੇ ਵੀ ਉਸ ਦੇ ਚੋਗੇ ਨੂੰ ਛੂਹਿਆ, ਉਹ ਸਭ ਬਿਲਕੁਲ ਠੀਕ ਹੋ ਗਏ।

ਫੁਟਨੋਟ

ਯਾਨੀ, ਹੇਰੋਦੇਸ ਅੰਤਿਪਾਸ। ਸ਼ਬਦਾਵਲੀ ਦੇਖੋ।
ਯੂਨਾ, “ਕਈ ਸਟੇਡੀਅਮ।” ਇਕ ਸਟੇਡੀਅਮ 185 ਮੀਟਰ (606.95 ਫੁੱਟ) ਹੁੰਦਾ ਹੈ।
ਯਾਨੀ, ਸਵੇਰੇ ਲਗਭਗ 3 ਵਜੇ ਤੋਂ ਲੈ ਕੇ ਸਵੇਰ ਦੇ ਲਗਭਗ 6 ਵਜੇ ਤਕ ਜਦੋਂ ਸੂਰਜ ਚੜ੍ਹਦਾ ਹੈ।