ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ 18:1-40
18 ਇਹ ਗੱਲਾਂ ਕਹਿਣ ਤੋਂ ਬਾਅਦ ਯਿਸੂ ਆਪਣੇ ਚੇਲਿਆਂ ਨਾਲ ਕਿਦਰੋਨ ਘਾਟੀ*+ ਤੋਂ ਪਾਰ ਇਕ ਬਾਗ਼ ਵਿਚ ਚਲਾ ਗਿਆ।+
2 ਧੋਖੇਬਾਜ਼ ਯਹੂਦਾ ਵੀ ਉਸ ਜਗ੍ਹਾ ਬਾਰੇ ਜਾਣਦਾ ਸੀ ਕਿਉਂਕਿ ਯਿਸੂ ਕਈ ਵਾਰ ਆਪਣੇ ਚੇਲਿਆਂ ਨਾਲ ਇੱਥੇ ਆਇਆ ਸੀ।
3 ਇਸ ਲਈ ਫ਼ੌਜੀਆਂ ਅਤੇ ਮੁੱਖ ਪੁਜਾਰੀਆਂ ਤੇ ਫ਼ਰੀਸੀਆਂ ਦੁਆਰਾ ਘੱਲੇ ਹੋਏ ਮੰਦਰ ਦੇ ਪਹਿਰੇਦਾਰਾਂ ਨੂੰ ਨਾਲ ਲੈ ਕੇ ਯਹੂਦਾ ਉੱਥੇ ਆਇਆ ਅਤੇ ਉਨ੍ਹਾਂ ਦੇ ਹੱਥਾਂ ਵਿਚ ਮਸ਼ਾਲਾਂ, ਦੀਵੇ ਤੇ ਹਥਿਆਰ ਸਨ।+
4 ਯਿਸੂ ਜਾਣਦਾ ਸੀ ਕਿ ਉਸ ਨਾਲ ਕੀ-ਕੀ ਹੋਣ ਵਾਲਾ ਸੀ, ਇਸ ਲਈ ਉਸ ਨੇ ਅੱਗੇ ਆ ਕੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਕਿਹਨੂੰ ਲੱਭ ਰਹੇ ਹੋ?”
5 ਉਨ੍ਹਾਂ ਨੇ ਕਿਹਾ: “ਯਿਸੂ ਨਾਸਰੀ ਨੂੰ।”+ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਹੀ ਹਾਂ।” ਧੋਖੇਬਾਜ਼ ਯਹੂਦਾ ਵੀ ਉਨ੍ਹਾਂ ਨਾਲ ਖੜ੍ਹਾ ਸੀ।+
6 ਪਰ ਜਦੋਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਹੀ ਹਾਂ,” ਤਾਂ ਉਹ ਪਿੱਛੇ ਹਟ ਗਏ ਅਤੇ ਜ਼ਮੀਨ ਉੱਤੇ ਡਿਗ ਪਏ।+
7 ਇਸ ਲਈ ਉਸ ਨੇ ਉਨ੍ਹਾਂ ਨੂੰ ਦੁਬਾਰਾ ਪੁੱਛਿਆ: “ਤੁਸੀਂ ਕਿਹਨੂੰ ਲੱਭ ਰਹੇ ਹੋ?” ਉਨ੍ਹਾਂ ਨੇ ਕਿਹਾ: “ਯਿਸੂ ਨਾਸਰੀ ਨੂੰ।”
8 ਯਿਸੂ ਨੇ ਜਵਾਬ ਦਿੱਤਾ: “ਮੈਂ ਤੁਹਾਨੂੰ ਕਹਿ ਤਾਂ ਦਿੱਤਾ ਕਿ ਮੈਂ ਹੀ ਹਾਂ। ਇਸ ਲਈ ਜੇ ਤੁਸੀਂ ਮੈਨੂੰ ਲੱਭ ਰਹੇ ਹੋ, ਤਾਂ ਇਨ੍ਹਾਂ ਨੂੰ ਜਾਣ ਦਿਓ।”
9 ਇਹ ਇਸ ਲਈ ਹੋਇਆ ਤਾਂਕਿ ਉਸ ਦੀ ਕਹੀ ਇਹ ਗੱਲ ਪੂਰੀ ਹੋਵੇ: “ਜਿਨ੍ਹਾਂ ਨੂੰ ਤੂੰ ਮੇਰੇ ਹੱਥ ਸੌਂਪਿਆ ਹੈ, ਉਨ੍ਹਾਂ ਵਿੱਚੋਂ ਮੈਂ ਇਕ ਨੂੰ ਵੀ ਨਹੀਂ ਗੁਆਇਆ।”+
10 ਸ਼ਮਊਨ ਪਤਰਸ ਕੋਲ ਤਲਵਾਰ ਸੀ ਅਤੇ ਉਸ ਨੇ ਤਲਵਾਰ ਕੱਢੀ ਤੇ ਵਾਰ ਕਰ ਕੇ ਮਹਾਂ ਪੁਜਾਰੀ ਦੇ ਨੌਕਰ ਦਾ ਸੱਜਾ ਕੰਨ ਵੱਢ ਸੁੱਟਿਆ।+ ਉਸ ਨੌਕਰ ਦਾ ਨਾਂ ਮਲਖੁਸ ਸੀ।
11 ਪਰ ਯਿਸੂ ਨੇ ਪਤਰਸ ਨੂੰ ਕਿਹਾ: “ਤਲਵਾਰ ਮਿਆਨ ਵਿਚ ਪਾ।+ ਜੋ ਪਿਆਲਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਕੀ ਉਹ ਮੈਂ ਨਾ ਪੀਵਾਂ?”+
12 ਫਿਰ ਫ਼ੌਜੀਆਂ ਅਤੇ ਫ਼ੌਜ ਦੇ ਸੈਨਾਪਤੀ* ਨੇ ਅਤੇ ਯਹੂਦੀ ਆਗੂਆਂ ਦੁਆਰਾ ਘੱਲੇ ਪਹਿਰੇਦਾਰਾਂ ਨੇ ਯਿਸੂ ਨੂੰ ਫੜ ਕੇ* ਬੰਨ੍ਹ ਲਿਆ।
13 ਉਹ ਪਹਿਲਾਂ ਉਸ ਨੂੰ ਅੰਨਾਸ ਕੋਲ ਲੈ ਗਏ ਜਿਹੜਾ ਕਾਇਫ਼ਾ ਦਾ ਸਹੁਰਾ ਸੀ।+ ਕਾਇਫ਼ਾ ਉਸ ਸਾਲ ਮਹਾਂ ਪੁਜਾਰੀ ਸੀ।+
14 ਕਾਇਫ਼ਾ ਨੇ ਹੀ ਯਹੂਦੀ ਆਗੂਆਂ ਨੂੰ ਸਲਾਹ ਦਿੱਤੀ ਸੀ ਕਿ ਇਸ ਵਿਚ ਉਨ੍ਹਾਂ ਦਾ ਹੀ ਭਲਾ ਹੈ ਜੇ ਇਕ ਬੰਦਾ ਸਾਰੇ ਲੋਕਾਂ ਦੀ ਖ਼ਾਤਰ ਮਰੇ।+
15 ਹੁਣ ਸ਼ਮਊਨ ਪਤਰਸ ਇਕ ਹੋਰ ਚੇਲੇ ਨਾਲ ਯਿਸੂ ਦੇ ਪਿੱਛੇ-ਪਿੱਛੇ ਆ ਗਿਆ।+ ਉਹ ਚੇਲਾ ਮਹਾਂ ਪੁਜਾਰੀ ਨੂੰ ਜਾਣਦਾ ਸੀ ਅਤੇ ਉਹ ਯਿਸੂ ਨਾਲ ਮਹਾਂ ਪੁਜਾਰੀ ਦੇ ਘਰ ਦੇ ਵਿਹੜੇ ਵਿਚ ਚਲਾ ਗਿਆ,
16 ਪਰ ਪਤਰਸ ਬਾਹਰ ਦਰਵਾਜ਼ੇ* ਕੋਲ ਖੜ੍ਹਾ ਰਿਹਾ। ਇਸ ਲਈ ਉਹ ਚੇਲਾ, ਜਿਹੜਾ ਮਹਾਂ ਪੁਜਾਰੀ ਨੂੰ ਜਾਣਦਾ ਸੀ, ਦਰਵਾਜ਼ੇ ’ਤੇ ਬੈਠੀ ਨੌਕਰਾਣੀ ਨਾਲ ਗੱਲ ਕਰ ਕੇ ਪਤਰਸ ਨੂੰ ਅੰਦਰ ਲੈ ਆਇਆ।
17 ਨੌਕਰਾਣੀ ਨੇ ਪਤਰਸ ਨੂੰ ਕਿਹਾ: “ਕਿਤੇ ਤੂੰ ਵੀ ਉਸ ਆਦਮੀ ਦਾ ਚੇਲਾ ਤਾਂ ਨਹੀਂ?” ਉਸ ਨੇ ਕਿਹਾ: “ਨਹੀਂ-ਨਹੀਂ।”+
18 ਉਸ ਵੇਲੇ ਠੰਢ ਹੋਣ ਕਰਕੇ ਨੌਕਰਾਂ ਤੇ ਮੰਦਰ ਦੇ ਪਹਿਰੇਦਾਰਾਂ ਨੇ ਲੱਕੜ ਦੇ ਕੋਲਿਆਂ ਦੀ ਅੱਗ ਬਾਲ਼ੀ ਹੋਈ ਸੀ ਅਤੇ ਉਹ ਖੜ੍ਹੇ ਅੱਗ ਸੇਕ ਰਹੇ ਸਨ। ਪਤਰਸ ਵੀ ਉਨ੍ਹਾਂ ਨਾਲ ਖੜ੍ਹਾ ਅੱਗ ਸੇਕ ਰਿਹਾ ਸੀ।
19 ਇਸ ਦੌਰਾਨ ਮੁੱਖ ਪੁਜਾਰੀ ਨੇ ਯਿਸੂ ਨੂੰ ਉਸ ਦੇ ਚੇਲਿਆਂ ਬਾਰੇ ਅਤੇ ਉਸ ਦੀਆਂ ਸਿੱਖਿਆਵਾਂ ਬਾਰੇ ਸਵਾਲ ਪੁੱਛੇ।
20 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਮੈਂ ਖੁੱਲ੍ਹੇ-ਆਮ ਲੋਕਾਂ ਨੂੰ ਸਿਖਾਇਆ ਹੈ। ਮੈਂ ਸਭਾ ਘਰਾਂ ਅਤੇ ਮੰਦਰ ਵਿਚ ਸਿਖਾਉਂਦਾ ਹੁੰਦਾ ਸੀ+ ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਹਨ ਅਤੇ ਮੈਂ ਲੁਕ-ਛਿਪ ਕੇ ਕੁਝ ਨਹੀਂ ਕਿਹਾ।
21 ਤੂੰ ਮੈਨੂੰ ਕਿਉਂ ਪੁੱਛ ਰਿਹਾ ਹੈਂ? ਉਨ੍ਹਾਂ ਨੂੰ ਪੁੱਛ ਜਿਨ੍ਹਾਂ ਨੇ ਮੇਰੀਆਂ ਗੱਲਾਂ ਸੁਣੀਆਂ ਹਨ। ਦੇਖ! ਉਹ ਜਾਣਦੇ ਹਨ ਕਿ ਮੈਂ ਕੀ ਕਿਹਾ ਸੀ।”
22 ਜਦੋਂ ਉਸ ਨੇ ਇਹ ਗੱਲਾਂ ਕਹੀਆਂ, ਤਾਂ ਉੱਥੇ ਖੜ੍ਹੇ ਇਕ ਪਹਿਰੇਦਾਰ ਨੇ ਯਿਸੂ ਦੇ ਮੂੰਹ ’ਤੇ ਚਪੇੜ ਮਾਰ+ ਕੇ ਕਿਹਾ: “ਕੀ ਮੁੱਖ ਪੁਜਾਰੀ ਨੂੰ ਇੱਦਾਂ ਜਵਾਬ ਦੇਈਦਾ?”
23 ਯਿਸੂ ਨੇ ਉਸ ਨੂੰ ਕਿਹਾ: “ਜੇ ਮੈਂ ਕੁਝ ਗ਼ਲਤ ਕਿਹਾ, ਤਾਂ ਮੈਨੂੰ ਦੱਸ ਕਿ ਮੈਂ ਕੀ ਗ਼ਲਤ ਕਿਹਾ; ਪਰ ਜੇ ਮੈਂ ਸਹੀ ਕਿਹਾ, ਤਾਂ ਤੂੰ ਮੈਨੂੰ ਕਿਉਂ ਮਾਰਿਆ?”
24 ਅੰਨਾਸ ਨੇ ਉਸ ਨੂੰ ਬੱਝੇ ਹੋਏ ਨੂੰ ਮਹਾਂ ਪੁਜਾਰੀ ਕਾਇਫ਼ਾ ਕੋਲ ਘੱਲ ਦਿੱਤਾ।+
25 ਸ਼ਮਊਨ ਪਤਰਸ ਉੱਥੇ ਖੜ੍ਹਾ ਅੱਗ ਸੇਕ ਰਿਹਾ ਸੀ। ਫਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਕਿਤੇ ਤੂੰ ਵੀ ਉਸ ਦਾ ਚੇਲਾ ਤਾਂ ਨਹੀਂ?” ਪਤਰਸ ਨੇ ਮੁੱਕਰਦੇ ਹੋਏ ਕਿਹਾ: “ਨਹੀਂ, ਮੈਂ ਨਹੀਂ ਹਾਂ।”+
26 ਉੱਥੇ ਮਹਾਂ ਪੁਜਾਰੀ ਦਾ ਇਕ ਨੌਕਰ ਸੀ ਜਿਹੜਾ ਉਸ ਆਦਮੀ ਦਾ ਰਿਸ਼ਤੇਦਾਰ ਸੀ ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ।+ ਉਸ ਨੌਕਰ ਨੇ ਕਿਹਾ: “ਕੀ ਮੈਂ ਤੈਨੂੰ ਉਸ ਨਾਲ ਬਾਗ਼ ਵਿਚ ਨਹੀਂ ਦੇਖਿਆ ਸੀ?”
27 ਪਰ ਪਤਰਸ ਦੁਬਾਰਾ ਮੁੱਕਰ ਗਿਆ ਅਤੇ ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ।+
28 ਫਿਰ ਉਹ ਯਿਸੂ ਨੂੰ ਕਾਇਫ਼ਾ ਦੇ ਘਰੋਂ ਰਾਜਪਾਲ ਦੇ ਘਰ ਲੈ ਗਏ।+ ਇਹ ਸਵੇਰ ਦਾ ਸਮਾਂ ਸੀ। ਪਰ ਉਹ ਆਪ ਰਾਜਪਾਲ ਦੇ ਘਰ ਅੰਦਰ ਨਹੀਂ ਗਏ ਤਾਂਕਿ ਉਹ ਭ੍ਰਿਸ਼ਟ ਨਾ ਹੋ ਜਾਣ+ ਪਰ ਪਸਾਹ ਦਾ ਖਾਣਾ ਖਾ ਸਕਣ।
29 ਇਸ ਲਈ ਪਿਲਾਤੁਸ ਨੇ ਉਨ੍ਹਾਂ ਕੋਲ ਬਾਹਰ ਆ ਕੇ ਪੁੱਛਿਆ: “ਤੁਸੀਂ ਇਸ ਆਦਮੀ ਨੂੰ ਕਿਸ ਜੁਰਮ ਕਰਕੇ ਇੱਥੇ ਲੈ ਕੇ ਆਏ ਹੋ?”
30 ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਜੇ ਇਸ ਨੇ ਕੋਈ ਜੁਰਮ ਨਾ ਕੀਤਾ ਹੁੰਦਾ, ਤਾਂ ਅਸੀਂ ਇਸ ਨੂੰ ਤੇਰੇ ਹਵਾਲੇ ਨਾ ਕਰਦੇ।”
31 ਇਸ ਲਈ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਇਸ ਨੂੰ ਲੈ ਜਾਓ ਅਤੇ ਤੁਸੀਂ ਆਪੇ ਆਪਣੇ ਕਾਨੂੰਨ ਅਨੁਸਾਰ ਇਸ ਦਾ ਫ਼ੈਸਲਾ ਕਰੋ।”+ ਯਹੂਦੀ ਆਗੂਆਂ ਨੇ ਉਸ ਨੂੰ ਕਿਹਾ: “ਸਾਡੇ ਕੋਲ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ।”+
32 ਇਹ ਇਸ ਕਰਕੇ ਹੋਇਆ ਤਾਂਕਿ ਯਿਸੂ ਦੀ ਉਹ ਗੱਲ ਪੂਰੀ ਹੋਵੇ ਜੋ ਉਸ ਨੇ ਇਹ ਦੱਸਣ ਲਈ ਕਹੀ ਸੀ ਕਿ ਉਸ ਨੇ ਕਿਹੋ ਜਿਹੀ ਮੌਤ ਮਰਨਾ ਸੀ।+
33 ਇਸ ਲਈ ਪਿਲਾਤੁਸ ਫਿਰ ਘਰ ਚਲਾ ਗਿਆ ਅਤੇ ਯਿਸੂ ਨੂੰ ਬੁਲਾ ਕੇ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?”+
34 ਯਿਸੂ ਨੇ ਜਵਾਬ ਦਿੱਤਾ: “ਕੀ ਤੂੰ ਇਹ ਗੱਲ ਆਪਣੇ ਵੱਲੋਂ ਕਹਿ ਰਿਹਾ ਹੈਂ ਜਾਂ ਕੀ ਦੂਸਰਿਆਂ ਨੇ ਤੈਨੂੰ ਮੇਰੇ ਬਾਰੇ ਦੱਸਿਆ ਹੈ?”
35 ਪਿਲਾਤੁਸ ਨੇ ਜਵਾਬ ਦਿੱਤਾ: “ਤੈਨੂੰ ਕੀ ਲੱਗਦਾ, ਮੈਂ ਯਹੂਦੀ ਹਾਂ? ਤੇਰੀ ਹੀ ਕੌਮ ਦੇ ਲੋਕਾਂ ਅਤੇ ਮੁੱਖ ਪੁਜਾਰੀਆਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ। ਤੂੰ ਕੀਤਾ ਕੀ ਹੈ?”
36 ਯਿਸੂ ਨੇ ਜਵਾਬ ਦਿੱਤਾ:+ “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।+ ਜੇ ਮੇਰਾ ਰਾਜ ਇਸ ਦੁਨੀਆਂ ਦਾ ਹੁੰਦਾ, ਤਾਂ ਮੇਰੇ ਸੇਵਾਦਾਰ ਲੜਦੇ ਤਾਂਕਿ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ।+ ਪਰ ਸੱਚ ਤਾਂ ਇਹ ਹੈ ਕਿ ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।”
37 ਇਸ ਲਈ ਪਿਲਾਤੁਸ ਨੇ ਉਸ ਨੂੰ ਪੁੱਛਿਆ: “ਤਾਂ ਫਿਰ ਕੀ ਤੂੰ ਰਾਜਾ ਹੈਂ?” ਯਿਸੂ ਨੇ ਜਵਾਬ ਦਿੱਤਾ: “ਤੂੰ ਆਪੇ ਕਹਿ ਰਿਹਾ ਹੈਂ ਕਿ ਮੈਂ ਰਾਜਾ ਹਾਂ।+ ਮੈਂ ਇਸ ਕਰਕੇ ਜਨਮ ਲਿਆ ਅਤੇ ਦੁਨੀਆਂ ਵਿਚ ਆਇਆ ਤਾਂਕਿ ਸੱਚਾਈ ਬਾਰੇ ਗਵਾਹੀ ਦੇ ਸਕਾਂ।+ ਜਿਹੜਾ ਵੀ ਸੱਚਾਈ ਵੱਲ ਹੈ, ਉਹ ਮੇਰੀ ਗੱਲ ਸੁਣਦਾ ਹੈ।”
38 ਪਿਲਾਤੁਸ ਨੇ ਉਸ ਨੂੰ ਕਿਹਾ: “ਸੱਚਾਈ? ਇਹ ਕੀ ਹੁੰਦੀ?”
ਇਹ ਕਹਿਣ ਤੋਂ ਬਾਅਦ ਉਸ ਨੇ ਦੁਬਾਰਾ ਯਹੂਦੀ ਆਗੂਆਂ ਕੋਲ ਬਾਹਰ ਆ ਕੇ ਕਿਹਾ: “ਮੈਨੂੰ ਇਸ ਆਦਮੀ ਵਿਚ ਕੋਈ ਦੋਸ਼ ਨਹੀਂ ਲੱਭਾ।+
39 ਨਾਲੇ ਤੁਹਾਡੀ ਰੀਤ ਹੈ ਕਿ ਮੈਂ ਪਸਾਹ ਦੇ ਤਿਉਹਾਰ ’ਤੇ ਤੁਹਾਡੇ ਲਈ ਇਕ ਕੈਦੀ ਨੂੰ ਰਿਹਾ ਕਰਾਂ।+ ਇਸ ਲਈ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਰਿਹਾ ਕਰਾਂ?”
40 ਉਹ ਦੁਬਾਰਾ ਉੱਚੀ-ਉੱਚੀ ਕਹਿਣ ਲੱਗੇ: “ਇਸ ਆਦਮੀ ਨੂੰ ਨਹੀਂ, ਪਰ ਬਰਬਾਸ ਨੂੰ ਰਿਹਾ ਕਰ!” ਇਹ ਬਰਬਾਸ ਇਕ ਲੁਟੇਰਾ ਸੀ।+
ਫੁਟਨੋਟ
^ ਜਾਂ, “ਸਰਦੀਆਂ ਵਿਚ ਵਗਣ ਵਾਲੀ ਕਿਦਰੋਨ ਨਦੀ।”
^ ਫ਼ੌਜ ਦੇ ਸੈਨਾਪਤੀ ਅਧੀਨ 1,000 ਫ਼ੌਜੀ ਹੁੰਦੇ ਸਨ।
^ ਜਾਂ, “ਗਿਰਫ਼ਤਾਰ ਕਰ ਕੇ।”
^ ਜਾਂ, “ਲਾਂਘੇ।”