ਦੂਜਿਆਂ ਦੀਆਂ ਖੂਬੀਆਂ ਦੇਖੋ
ਸਮੱਸਿਆ ਦੀ ਜੜ੍ਹ
ਘਮੰਡ ਨੂੰ ਪੱਖਪਾਤ ਵਿਚ ਬਦਲਦਿਆਂ ਦੇਰ ਨਹੀਂ ਲੱਗਦੀ। ਇਕ ਘਮੰਡੀ ਇਨਸਾਨ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਬਿਹਤਰ ਸਮਝਦਾ ਹੈ। ਇਹ ਸੋਚ ਸੌਖਿਆਂ ਹੀ ਕਿਸੇ ’ਤੇ ਵੀ ਹਾਵੀ ਹੋ ਸਕਦੀ ਹੈ। ਇਕ ਮਸ਼ਹੂਰ ਕਿਤਾਬ ਕਹਿੰਦੀ ਹੈ, “ਲਗਭਗ ਹਰ ਸਮਾਜ ਦੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਤੌਰ-ਤਰੀਕੇ, ਖਾਣਾ-ਪੀਣਾ, ਪਹਿਰਾਵਾ, ਆਦਤਾਂ, ਅਸੂਲ ਵਗੈਰਾ ਦੂਜੇ ਸਮਾਜ ਦੇ ਲੋਕਾਂ ਨਾਲੋਂ ਬਿਹਤਰ ਹਨ।” ਅਸੀਂ ਕੀ ਕਰ ਸਕਦੇ ਹਾਂ ਤਾਂਕਿ ਕਿਤੇ ਸਾਡੀ ਸੋਚ ਵੀ ਇੱਦਾਂ ਦੀ ਨਾ ਹੋ ਜਾਵੇ?
ਬਾਈਬਲ ਦਾ ਅਸੂਲ
“ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।”—ਫ਼ਿਲਿੱਪੀਆਂ 2:3.
ਇਸ ਦਾ ਕੀ ਮਤਲਬ ਹੈ? ਜੇ ਅਸੀਂ ਘਮੰਡੀ ਨਹੀਂ ਬਣਨਾ ਚਾਹੁੰਦੇ, ਤਾਂ ਸਾਨੂੰ ਆਪਣੇ ਆਪ ਵਿਚ ਨਿਮਰਤਾ ਦਾ ਗੁਣ ਪੈਦਾ ਕਰਨ ਦੀ ਲੋੜ ਹੈ। ਇਕ ਨਿਮਰ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਦੂਸਰੇ ਜਣੇ ਕਿਸੇ-ਨਾ-ਕਿਸੇ ਮਾਅਨੇ ਵਿਚ ਉਸ ਨਾਲੋਂ ਬਿਹਤਰ ਹਨ। ਇੱਦਾਂ ਦਾ ਕੋਈ ਵੀ ਸਮਾਜ ਨਹੀਂ ਜਿਸ ਦੇ ਲੋਕਾਂ ਵਿਚ ਸਿਰਫ਼ ਖੂਬੀਆਂ ਹੀ ਖੂਬੀਆਂ ਹੋਣ ਅਤੇ ਕੋਈ ਵੀ ਕਮੀ ਨਾ ਹੋਵੇ।
ਜ਼ਰਾ ਸਟੀਫ਼ਨ ਦੀ ਮਿਸਾਲ ’ਤੇ ਗੌਰ ਕਰੋ। ਉਹ ਇੱਦਾਂ ਦੇ ਦੇਸ਼ ਵਿਚ ਜੰਮਿਆਂ-ਪਲਿਆ ਜਿੱਥੇ ਕਮਿਊਨਿਸਟ ਪਾਰਟੀ ਦਾ ਰਾਜ ਸੀ। ਇਸ ਕਰਕੇ ਉਹ ਗ਼ੈਰ-ਕਮਿਊਨਿਸਟ ਦੇਸ਼ ਦੇ ਲੋਕਾਂ ਨਾਲ ਨਫ਼ਰਤ ਕਰਦਾ ਸੀ। ਪਰ ਹੁਣ ਉਹ ਪੱਖਪਾਤ ਨਹੀਂ ਕਰਦਾ। ਉਹ ਕਹਿੰਦਾ ਹੈ, “ਜੇ ਅਸੀਂ ਦੂਜਿਆਂ ਨੂੰ ਖ਼ੁਦ ਤੋਂ ਬਿਹਤਰ ਸਮਝਾਂਗੇ, ਤਾਂ ਅਸੀਂ ਆਪਣੇ ਮਨ ਵਿੱਚੋਂ ਪੱਖਪਾਤ ਕੱਢ ਸਕਾਂਗੇ। ਇੱਦਾਂ ਨਹੀਂ
ਹੈ ਕਿ ਸਾਨੂੰ ਸਾਰਾ ਕੁਝ ਪਤਾ ਹੈ ਤੇ ਦੂਸਰਿਆਂ ਨੂੰ ਕੁਝ ਵੀ ਨਹੀਂ ਪਤਾ। ਸਾਰਿਆਂ ਵਿਚ ਕੋਈ-ਨਾ-ਕੋਈ ਖੂਬੀ ਹੁੰਦੀ ਹੈ।”ਤੁਸੀਂ ਕੀ ਕਰ ਸਕਦੇ ਹੋ?
ਇਹ ਨਾ ਭੁੱਲੋ ਕਿ ਕਮੀਆਂ ਤੁਹਾਡੇ ਵਿਚ ਵੀ ਹਨ। ਜਿਨ੍ਹਾਂ ਮਾਮਲਿਆਂ ਵਿਚ ਤੁਸੀਂ ਕਮਜ਼ੋਰ ਹੋ, ਹੋ ਸਕਦਾ ਹੈ ਕਿ ਦੂਸਰਾ ਵਿਅਕਤੀ ਉਸ ਵਿਚ ਤੁਹਾਡੇ ਨਾਲੋਂ ਬਿਹਤਰ ਹੋਵੇ। ਇਹ ਨਾ ਸੋਚੋ ਕਿ ਕਿਸੇ ਸਮਾਜ ਦੇ ਹਰ ਵਿਅਕਤੀ ਵਿਚ ਇੱਕੋ ਜਿਹੀਆਂ ਖ਼ਾਮੀਆਂ ਹੁੰਦੀਆਂ ਹਨ।
ਕਿਸੇ ਸਮਾਜ ਦੇ ਵਿਅਕਤੀ ਬਾਰੇ ਗ਼ਲਤ ਰਾਇ ਕਾਇਮ ਕਰਨ ਤੋਂ ਪਹਿਲਾਂ ਆਪਣੇ ਆਪ ਤੋਂ ਪੁੱਛੋ:
ਜਿਨ੍ਹਾਂ ਮਾਮਲਿਆਂ ਵਿਚ ਤੁਸੀਂ ਕਮਜ਼ੋਰ ਹੋ, ਹੋ ਸਕਦਾ ਹੈ ਕਿ ਉਸ ਵਿਚ ਦੂਸਰੇ ਤੁਹਾਡੇ ਨਾਲੋਂ ਬਿਹਤਰ ਹੋਣ
-
‘ਕੀ ਉਹ ਵਿਅਕਤੀ ਸੱਚ-ਮੁੱਚ ਬੁਰਾ ਹੈ ਜਾਂ ਸਿਰਫ਼ ਮੇਰੇ ਤੋਂ ਅਲੱਗ ਹੈ?’
-
‘ਕੀ ਉਸ ਨੂੰ ਵੀ ਮੇਰੀਆਂ ਕੁਝ ਗੱਲਾਂ ਬੁਰੀਆਂ ਲੱਗਦੀਆਂ ਹੋਣੀਆਂ?’
-
‘ਇੱਦਾਂ ਦੇ ਕਿਹੜੇ ਕੰਮ ਹਨ ਜੋ ਉਹ ਮੇਰੇ ਨਾਲੋਂ ਵਧੀਆ ਕਰਦਾ ਹੈ?’
ਇਨ੍ਹਾਂ ਸਵਾਲਾਂ ’ਤੇ ਸੋਚ-ਵਿਚਾਰ ਕਰਨ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਦੂਸਰੇ ਵਿਅਕਤੀ ਵਿਚ ਵੀ ਬਹੁਤ ਸਾਰੀਆਂ ਖੂਬੀਆਂ ਹਨ ਅਤੇ ਫਿਰ ਤੁਸੀਂ ਉਸ ਨਾਲ ਪੱਖਪਾਤ ਨਹੀਂ ਕਰੋਗੇ।