Skip to content

Skip to table of contents

ਬਾਈਬਲ—ਇਕ ਸੱਚੀ ਕਿਤਾਬ

ਬਾਈਬਲ—ਇਕ ਸੱਚੀ ਕਿਤਾਬ

ਇਤਿਹਾਸ ਦੌਰਾਨ ਬਹੁਤ ਸਾਰੇ ਪਿਛੋਕੜਾਂ ਦੇ ਲੋਕ ਇਹ ਮੰਨਦੇ ਆਏ ਹਨ ਕਿ ਬਾਈਬਲ ਇਕ ਸੱਚੀ ਕਿਤਾਬ ਹੈ। ਅੱਜ ਲੱਖਾਂ ਹੀ ਲੋਕ ਇਸ ਦੀਆਂ ਸਿੱਖਿਆਵਾਂ ʼਤੇ ਚੱਲਦੇ ਹਨ। ਪਰ ਕਈ ਲੋਕ ਸੋਚਦੇ ਹਨ ਕਿ ਬਾਈਬਲ ਇਕ ਪੁਰਾਣੀ ਅਤੇ ਮਨਘੜਤ ਕਿਤਾਬ ਹੈ। ਤੁਸੀਂ ਕੀ ਸੋਚਦੇ? ਕੀ ਬਾਈਬਲ ਵਿੱਚੋਂ ਸੱਚਾਈ ਮਿਲ ਸਕਦੀ ਹੈ?

ਅਸੀਂ ਬਾਈਬਲ ʼਤੇ ਭਰੋਸਾ ਕਿਉਂ ਕਰ ਸਕਦੇ ਹਾਂ?

ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਬਾਈਬਲ ਦੀਆਂ ਗੱਲਾਂ ਸੱਚੀਆਂ ਹਨ ਜਾਂ ਨਹੀਂ? ਆਓ ਇਕ ਮਿਸਾਲ ਦੇਖੀਏ, ਜੇ ਤੁਹਾਡਾ ਕੋਈ ਦੋਸਤ ਤੁਹਾਡੇ ਨਾਲ ਸਾਲਾਂ ਤੋਂ ਸੱਚ ਬੋਲਦਾ ਆਇਆ ਹੋਵੇ, ਤਾਂ ਤੁਸੀਂ ਜ਼ਰੂਰ ਉਸ ਨੂੰ ਭਰੋਸੇ ਦੇ ਲਾਇਕ ਸਮਝੋਗੇ। ਕੀ ਬਾਈਬਲ ਇਕ ਭਰੋਸੇਯੋਗ ਦੋਸਤ ਵਾਂਗ ਹਮੇਸ਼ਾ ਸੱਚਾਈ ਦੱਸਦੀ ਹੈ? ਆਓ ਆਪਾਂ ਕੁਝ ਮਿਸਾਲਾਂ ਦੇਖੀਏ।

ਸੱਚਾਈ ਬਿਆਨ ਕਰਨ ਵਾਲੇ ਲਿਖਾਰੀ

ਬਾਈਬਲ ਦੇ ਲਿਖਾਰੀ ਬਹੁਤ ਈਮਾਨਦਾਰ ਸਨ। ਉਨ੍ਹਾਂ ਨੇ ਅਕਸਰ ਆਪਣੀਆਂ ਗ਼ਲਤੀਆਂ ਅਤੇ ਕਮੀਆਂ-ਕਮਜ਼ੋਰੀਆਂ ਬਾਰੇ ਲਿਖਿਆ। ਮਿਸਾਲ ਲਈ, ਯੂਨਾਹ ਨਾਂ ਦੇ ਨਬੀ ਨੇ ਲਿਖਿਆ ਕਿ ਉਸ ਨੇ ਰੱਬ ਦਾ ਕਹਿਣਾ ਨਹੀਂ ਮੰਨਿਆ। (ਯੂਨਾਹ 1:1-3) ਉਸ ਨੇ ਆਪਣੀ ਕਿਤਾਬ ਦੇ ਅਖ਼ੀਰ ਵਿਚ ਦੱਸਿਆ ਕਿ ਰੱਬ ਨੇ ਉਸ ਨੂੰ ਸਖ਼ਤੀ ਨਾਲ ਤਾੜਿਆ, ਪਰ ਇਹ ਨਹੀਂ ਦੱਸਿਆ ਕਿ ਆਪਣੀ ਸੋਚ ਸੁਧਾਰਨ ਲਈ ਉਸ ਨੇ ਕੀ ਕੁਝ ਕੀਤਾ ਸੀ। (ਯੂਨਾਹ 4:1, 4, 10, 11) ਬਾਈਬਲ ਦੇ ਲਿਖਾਰੀਆਂ ਦੀ ਈਮਾਨਦਾਰੀ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਕਿ ਉਹ ਸੱਚਾਈ ਬਿਆਨ ਕਰਨ।

ਫ਼ਾਇਦੇਮੰਦ ਸੱਚਾਈਆਂ

ਕੀ ਬਾਈਬਲ ਰੋਜ਼ਮੱਰਾ ਦੀ ਜ਼ਿੰਦਗੀ ਬਾਰੇ ਹਮੇਸ਼ਾ ਸਹੀ ਸਲਾਹ ਦਿੰਦੀ ਹੈ? ਬਿਲਕੁਲ! ਗੌਰ ਕਰੋ ਕਿ ਦੂਸਰਿਆਂ ਨਾਲ ਵਧੀਆ ਰਿਸ਼ਤਾ ਬਣਾਈ ਰੱਖਣ ਲਈ ਬਾਈਬਲ ਕੀ ਸਲਾਹ ਦਿੰਦੀ ਹੈ: “ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।” (ਮੱਤੀ 7:12) “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” (ਕਹਾਉਤਾਂ 15:1) ਬਿਨਾਂ ਸ਼ੱਕ ਬਾਈਬਲ ਦੀਆਂ ਸੱਚਾਈਆਂ ਅੱਜ ਵੀ ਉੱਨੀਆਂ ਫ਼ਾਇਦੇਮੰਦ ਹਨ ਜਿੰਨੀਆਂ ਇਹ ਲਿਖੇ ਜਾਣ ਵੇਲੇ ਸਨ।

ਇਤਿਹਾਸਕ ਤੌਰ ʼਤੇ ਸੱਚ

ਸਾਲਾਂ ਤੋਂ ਹੋਈਆਂ ਪੁਰਾਤੱਤਵੀ ਖੋਜਾਂ ਤੋਂ ਇਹ ਗੱਲ ਸਾਬਤ ਹੋਈ ਹੈ ਕਿ ਬਾਈਬਲ ਵਿਚ ਲੋਕਾਂ, ਥਾਵਾਂ ਅਤੇ ਘਟਨਾਵਾਂ ਬਾਰੇ ਜੋ ਜਾਣਕਾਰੀ ਦਿੱਤੀ ਗਈ ਹੈ, ਉਹ ਸੋਲਾਂ ਆਨੇ ਸੱਚ ਹੈ। ਮਿਸਾਲ ਲਈ, ਆਓ ਬਾਈਬਲ ਵਿੱਚੋਂ ਇਕ ਛੋਟੀ ਜਿਹੀ ਗੱਲ ਦੇ ਸੱਚ ਦਾ ਹੋਣ ਦਾ ਸਬੂਤ ਦੇਖੀਏ। ਬਾਈਬਲ ਦੱਸਦੀ ਹੈ ਕਿ ਨਹਮਯਾਹ ਦੇ ਦਿਨਾਂ ਵਿਚ ਯਰੂਸ਼ਲਮ ਵਿਚ ਰਹਿਣ ਵਾਲੇ ਸੂਰ ਸ਼ਹਿਰ ਦੇ ਲੋਕ (ਸੂਰ ਸ਼ਹਿਰ ਤੋਂ ਫੈਨੀਕੀ ਲੋਕ) “ਮੱਛੀ ਅਤੇ ਨਾਨਾ ਪਰਕਾਰ ਦਾ ਸੌਦਾ ਯਰੂਸ਼ਲਮ ਵਿੱਚ ਲਿਆ ਕੇ ਵੇਚਦੇ ਸਨ।”—ਨਹਮਯਾਹ 13:16.

ਕੀ ਬਾਈਬਲ ਦੀ ਇਸ ਆਇਤ ਦੇ ਸੱਚ ਹੋਣ ਦਾ ਕੋਈ ਸਬੂਤ ਹੈ? ਹਾਂਜੀ। ਪੁਰਾਤੱਤਵ ਵਿਗਿਆਨੀਆਂ ਨੂੰ ਇਜ਼ਰਾਈਲ ਵਿਚ ਫੈਨੀਕੇ ਦੀਆਂ ਕੁਝ ਚੀਜ਼ਾਂ ਮਿਲੀਆਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਹ ਦੋ ਕੌਮਾਂ ਆਪਸ ਵਿਚ ਵਪਾਰ ਕਰਦੀਆਂ ਸਨ। ਇਸ ਤੋਂ ਇਲਾਵਾ ਖੁਦਾਈ ਦੌਰਾਨ ਯਰੂਸ਼ਲਮ ਵਿੱਚੋਂ ਭੂਮੱਧ ਸਾਗਰ ਵਿਚ ਪਾਈਆਂ ਜਾਂਦੀਆਂ ਮੱਛੀਆਂ ਦੇ ਅੰਸ਼ ਮਿਲੇ ਹਨ। ਵਿਗਿਆਨੀ ਮੰਨਦੇ ਹਨ ਕਿ ਵਪਾਰੀ ਉਸ ਦੂਰ ਇਲਾਕੇ ਦੇ ਸਮੁੰਦਰੀ ਤਟ ਤੋਂ ਮੱਛੀਆਂ ਇੱਥੇ ਲਿਆਉਂਦੇ ਸਨ। ਇਸ ਸਬੂਤ ʼਤੇ ਗੌਰ ਕਰਨ ਤੋਂ ਬਾਅਦ ਇਕ ਮਾਹਰ ਨੇ ਸਿੱਟਾ ਕੱਢਿਆ: ‘ਨਹਮਯਾਹ 13:16 ਵਿਚ ਦੱਸੀ ਗੱਲ ʼਤੇ ਯਕੀਨ ਕੀਤਾ ਜਾ ਸਕਦਾ ਹੈ ਕਿ ਸੂਰ ਦੇ ਲੋਕ ਯਰੂਸ਼ਲਮ ਵਿਚ ਮੱਛੀਆਂ ਲਿਆ ਕੇ ਵੇਚਦੇ ਸਨ।’

ਵਿਗਿਆਨਕ ਤੌਰ ʼਤੇ ਸੱਚ

ਬਾਈਬਲ ਮੁੱਖ ਤੌਰ ʼਤੇ ਇਕ ਧਾਰਮਿਕ ਅਤੇ ਇਤਿਹਾਸਕ ਕਿਤਾਬ ਹੈ। ਪਰ ਜਦੋਂ ਵਿਗਿਆਨ ਦੀ ਕੋਈ ਗੱਲ ਆਉਂਦੀ ਹੈ, ਤਾਂ ਇਸ ਵਿਚ ਦਿੱਤੀ ਜਾਣਕਾਰੀ ਬਿਲਕੁਲ ਸਹੀ ਸਾਬਤ ਹੁੰਦੀ ਹੈ। ਆਓ ਇਕ ਮਿਸਾਲ ਦੇਖੀਏ।

ਬਾਈਬਲ ਵਿਚ ਲਗਭਗ 3,500 ਸਾਲ ਪਹਿਲਾਂ ਅੱਯੂਬ ਨਾਂ ਦੀ ਕਿਤਾਬ ਵਿਚ ਦੱਸਿਆ ਗਿਆ ਸੀ ਕਿ ਧਰਤੀ “ਬਿਨਾਂ ਸਹਾਰੇ” ਦੇ ਲਟਕਦੀ ਹੈ। (ਅੱਯੂਬ 26:7) ਇਹ ਉਸ ਸਮੇਂ ਦੀਆਂ ਮਨਘੜਤ ਕਹਾਣੀਆਂ ਤੋਂ ਬਿਲਕੁਲ ਉਲਟ ਸੀ ਜਿਨ੍ਹਾਂ ਮੁਤਾਬਕ ਧਰਤੀ ਪਾਣੀ ʼਤੇ ਤੈਰਦੀ ਸੀ ਜਾਂ ਇਕ ਵੱਡੇ ਕੱਛੂ ʼਤੇ ਟਿਕੀ ਹੋਈ ਸੀ। ਅੱਯੂਬ ਦੀ ਕਿਤਾਬ ਲਿਖੇ ਜਾਣ ਤੋਂ ਲਗਭਗ 1,100 ਸਾਲ ਬਾਅਦ ਵੀ ਲੋਕ ਇਸ ਗੱਲ ʼਤੇ ਯਕੀਨ ਨਹੀਂ ਕਰਦੇ ਸਨ ਕਿ ਧਰਤੀ ਬਿਨਾਂ ਕਿਸੇ ਸਹਾਰੇ ਦੇ ਹਵਾ ਵਿਚ ਲਟਕ ਸਕਦੀ ਹੈ। ਅੱਜ ਤੋਂ ਸਿਰਫ਼ 300 ਸਾਲ ਪਹਿਲਾਂ ਯਾਨੀ 1687 ਵਿਚ ਆਈਜ਼ਕ ਨਿਊਟਨ ਨੇ ਗੁਰੂਤਾ ਸ਼ਕਤੀ ਦੀ ਖੋਜ ਕੀਤੀ ਅਤੇ ਸਮਝਾਇਆ ਕਿ ਧਰਤੀ ਆਪਣੇ ਘੇਰੇ ਵਿਚ ਇਕ ਅਦਿੱਖ ਬਲ ਦੇ ਸਹਾਰੇ ਟਿਕੀ ਹੋਈ ਹੈ। ਇਸ ਖੋਜ ਤੋਂ ਉਹੀ ਗੱਲ ਸਾਬਤ ਹੋਈ ਜੋ ਬਾਈਬਲ ਵਿਚ 3,000 ਤੋਂ ਜ਼ਿਆਦਾ ਸਾਲ ਪਹਿਲਾਂ ਲਿਖੀ ਗਈ ਸੀ।

ਸੱਚੀਆਂ ਭਵਿੱਖਬਾਣੀਆਂ

ਬਾਈਬਲ ਦੀਆਂ ਭਵਿੱਖਬਾਣੀਆਂ ਕਿੰਨੀਆਂ ਕੁ ਸੱਚ ਹਨ? ਆਓ ਆਪਾਂ ਬਾਬਲ ਸ਼ਹਿਰ ਦੇ ਨਾਸ਼ ਬਾਰੇ ਕੀਤੀ ਯਸਾਯਾਹ ਦੀ ਭਵਿੱਖਬਾਣੀ ʼਤੇ ਗੌਰ ਕਰੀਏ।

ਭਵਿੱਖਬਾਣੀ: ਅੱਠਵੀਂ ਸਦੀ ਈਸਵੀ ਪੂਰਵ ਵਿਚ ਬਾਈਬਲ ਦੇ ਲਿਖਾਰੀ ਨੇ ਭਵਿੱਖਬਾਣੀ ਕੀਤੀ ਕਿ ਬਾਬਲ, ਜਿਸ ਨੇ ਬਾਅਦ ਵਿਚ ਇਕ ਸ਼ਕਤੀਸ਼ਾਲੀ ਸਾਮਰਾਜ ਦੀ ਰਾਜਧਾਨੀ ਬਣਨਾ ਸੀ, ਦਾ ਨਾਸ਼ ਕੀਤਾ ਜਾਵੇਗਾ ਅਤੇ ਬਾਅਦ ਵਿਚ ਇਹ ਹਮੇਸ਼ਾ ਲਈ ਵਿਰਾਨ ਹੋ ਜਾਵੇਗਾ। (ਯਸਾਯਾਹ 13:17-20) ਯਸਾਯਾਹ ਨੇ ਇਹ ਵੀ ਦੱਸਿਆ ਕਿ ਇਹ ਸਾਰਾ ਕੁਝ ਖੋਰੁਸ ਨਾਂ ਦਾ ਆਦਮੀ ਕਰੇਗਾ। ਉਸ ਨੇ ਦੱਸਿਆ ਕਿ ਖੋਰੁਸ ਦਰਿਆ ਨੂੰ “ਸੁਕਾ” ਦੇਵੇਗਾ ਅਤੇ ਸ਼ਹਿਰ ਦੇ ਦਰਵਾਜ਼ੇ ਖੁੱਲ੍ਹੇ ਛੱਡ ਦਿੱਤੇ ਜਾਣਗੇ।—ਯਸਾਯਾਹ 44:27–45:1.

ਪੂਰਤੀ: ਯਸਾਯਾਹ ਦੇ ਭਵਿੱਖਬਾਣੀ ਕਰਨ ਤੋਂ ਲਗਭਗ 200 ਸਾਲ ਬਾਅਦ ਇਕ ਫ਼ਾਰਸੀ ਰਾਜੇ ਨੇ ਬਾਬਲ ʼਤੇ ਹਮਲਾ ਕੀਤਾ। ਉਸ ਦਾ ਨਾਂ ਕੀ ਸੀ? ਖੋਰੁਸ। ਬਾਬਲ ਇਕ ਮਜ਼ਬੂਤ ਸ਼ਹਿਰ ਸੀ ਤੇ ਇਸ ਅੰਦਰ ਦਾਖ਼ਲ ਹੋਣਾ ਬਹੁਤ ਔਖਾ ਸੀ। ਸ਼ਹਿਰ ਦੇ ਵਿਚ ਅਤੇ ਆਲੇ-ਦੁਆਲੇ ਫ਼ਰਾਤ ਦਰਿਆ ਵਹਿੰਦਾ ਸੀ ਜਿਸ ਕਰਕੇ ਖੋਰੁਸ ਨੇ ਪਾਣੀ ਦਾ ਰੁਖ ਮੋੜਨ ਦਾ ਫ਼ੈਸਲਾ ਕੀਤਾ। ਖੋਰੁਸ ਦੇ ਆਦਮੀਆਂ ਨੇ ਨਹਿਰ ਪੁੱਟ ਕੇ ਪਾਣੀ ਦਾ ਰੁੱਖ ਦਲਦਲੀ ਜ਼ਮੀਨ ਵੱਲ ਮੋੜ ਦਿੱਤਾ। ਇਸ ਕਰਕੇ ਸ਼ਹਿਰ ਦੁਆਲੇ ਦਰਿਆ ਦਾ ਪਾਣੀ ਪੱਟਾਂ ਤਕ ਘੱਟ ਗਿਆ ਤੇ ਫ਼ੌਜੀ ਤੁਰ ਕੇ ਦਰਿਆ ਪਾਰ ਕਰ ਸਕੇ। ਹੈਰਾਨੀ ਦੀ ਗੱਲ ਹੈ ਕਿ ਬਾਬਲੀਆਂ ਨੇ ਦਰਿਆ ਵੱਲ ਪੈਂਦੇ ਸ਼ਹਿਰ ਦੇ ਦਰਵਾਜ਼ੇ ਖੁੱਲ੍ਹੇ ਛੱਡ ਦਿੱਤੇ ਸਨ। ਖੋਰੁਸ ਦੀ ਫ਼ੌਜ ਸ਼ਹਿਰ ਵਿਚ ਦਾਖ਼ਲ ਹੋ ਗਈ ਅਤੇ ਇਸ ʼਤੇ ਜਿੱਤ ਹਾਸਲ ਕੀਤੀ।

ਹਾਲੇ ਇਸ ਭਵਿੱਖਬਾਣੀ ਦਾ ਇਕ ਹਿੱਸਾ ਪੂਰਾ ਹੋਣਾ ਬਾਕੀ ਸੀ। ਕੀ ਬਾਬਲ ਕਦੇ ਫਿਰ ਤੋਂ ਵਸਾਇਆ ਗਿਆ? ਕੁਝ ਸਦੀਆਂ ਤਕ ਲੋਕ ਉੱਥੇ ਵੱਸਦੇ ਰਹੇ। ਪਰ ਅੱਜ ਇਰਾਕ ਦੇ ਬਗਦਾਦ ਸ਼ਹਿਰ ਦੇ ਨੇੜੇ ਬਾਬਲ ਉਜਾੜ ਪਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੀ ਭਵਿੱਖਬਾਣੀ ਪੂਰੀ ਹੋਈ ਹੈ। ਜੀ ਹਾਂ, ਬਾਈਬਲ ਉਦੋਂ ਵੀ ਸੱਚੀ ਸਾਬਤ ਹੁੰਦੀ ਹੈ ਜਦੋਂ ਇਹ ਭਵਿੱਖ ਬਾਰੇ ਦੱਸਦੀ ਹੈ।