ਤੁਹਾਡਾ ਭਵਿੱਖ, ਤੁਹਾਡਾ ਫ਼ੈਸਲਾ!
ਕੀ ਤੁਸੀਂ ਫ਼ੈਸਲਾ ਕਰ ਸਕਦੇ ਹੋ ਕਿ ਤੁਹਾਡਾ ਭਵਿੱਖ ਕਿਹੋ ਜਿਹਾ ਹੋਵੇਗਾ? ਕਈ ਲੋਕ ਮੰਨਦੇ ਹਨ ਕਿ ਜ਼ਿੰਦਗੀ ਵਿਚ ਜੋ ਕੁਝ ਹੁੰਦਾ ਹੈ, ਉਸ ʼਤੇ ਉਨ੍ਹਾਂ ਦਾ ਕੋਈ ਜ਼ੋਰ ਨਹੀਂ ਚੱਲਦਾ। ਇਹ ਤਾਂ ਸਭ ਕਿਸਮਤ ਦੀ ਖੇਡ ਹੈ। ਜਦੋਂ ਉਹ ਜ਼ਿੰਦਗੀ ਵਿਚ ਅਸਫ਼ਲ ਹੋ ਜਾਂਦੇ ਹਨ, ਤਾਂ ਉਹ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਇਹ ਤਾਂ ਉਨ੍ਹਾਂ ਦੀ ਕਿਸਮਤ ਵਿਚ ਲਿਖਿਆ ਸੀ। ਉਹ ਕਹਿੰਦੇ ਹਨ: “ਮੇਰੀ ਕਿਸਮਤ ਵਿਚ ਤਾਂ ਸਫ਼ਲ ਹੋਣਾ ਲਿਖਿਆ ਹੀ ਨਹੀਂ ਸੀ!”
ਕਈਆਂ ਨੂੰ ਜ਼ੁਲਮ ਅਤੇ ਅਨਿਆਂ ਨਾਲ ਭਰੀ ਇਸ ਦੁਨੀਆਂ ਵਿੱਚੋਂ ਨਿਕਲਣ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ। ਇਸ ਲਈ ਉਹ ਨਿਰਾਸ਼ ਹੋ ਜਾਂਦੇ ਹਨ। ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਯੁੱਧ, ਅਪਰਾਧ, ਕੁਦਰਤੀ ਆਫ਼ਤਾਂ ਅਤੇ ਬੀਮਾਰੀਆਂ ਕਰਕੇ ਵਾਰ-ਵਾਰ ਉਨ੍ਹਾਂ ਦੀਆਂ ਯੋਜਨਾਵਾਂ ਅਸਫ਼ਲ ਹੋ ਜਾਂਦੀਆਂ ਹਨ। ਉਹ ਸੋਚਦੇ ਹਨ: ‘ਕਿਸੇ ਚੀਜ਼ ਦਾ ਕੋਈ ਫ਼ਾਇਦਾ ਨਹੀਂ?’
ਇਹ ਸੱਚ ਹੈ ਕਿ ਹਾਲਾਤਾਂ ਦੇ ਬਦਲਣ ਕਰਕੇ ਤੁਹਾਡੀਆਂ ਯੋਜਨਾਵਾਂ ʼਤੇ ਡੂੰਘਾ ਅਸਰ ਪੈ ਸਕਦਾ ਹੈ। (ਉਪਦੇਸ਼ਕ ਦੀ ਪੋਥੀ 9:11) ਪਰ ਜਦੋਂ ਭਵਿੱਖ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਖ਼ੁਦ ਫ਼ੈਸਲਾ ਕਰ ਸਕਦੇ ਹੋ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਤੁਹਾਡਾ ਭਵਿੱਖ ਤੁਹਾਡੇ ਫ਼ੈਸਲਿਆਂ ʼਤੇ ਨਿਰਭਰ ਕਰਦਾ ਹੈ। ਆਓ ਦੇਖੀਏ ਕਿ ਬਾਈਬਲ ਕੀ ਕਹਿੰਦੀ ਹੈ।
ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਪ੍ਰਾਚੀਨ ਇਜ਼ਰਾਈਲ ਕੌਮ ਦੇ ਆਗੂ ਮੂਸਾ ਨੇ ਲੋਕਾਂ ਨੂੰ ਯਹੋਵਾਹ ਦੇ ਇਹ ਸ਼ਬਦ ਕਹੇ: “ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ।”—ਬਿਵਸਥਾ ਸਾਰ 30:15, 19, 20.
“ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ।”—ਬਿਵਸਥਾ ਸਾਰ 30:19
ਹਾਂ! ਰੱਬ ਨੇ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਇਆ ਅਤੇ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਣ ਦਾ ਮੌਕਾ ਦਿੱਤਾ। ਪਰ ਇਹ ਖ਼ੁਸ਼ੀਆਂ ਭਰੀ ਜ਼ਿੰਦਗੀ ਉਨ੍ਹਾਂ ਨੂੰ ਆਪਣੇ ਆਪ ਨਹੀਂ ਮਿਲ ਜਾਣੀ ਸੀ। ਇਹ ਪਾਉਣ ਲਈ ਉਨ੍ਹਾਂ ਨੂੰ ‘ਜੀਵਨ ਨੂੰ ਚੁਣਨਾ’ ਪੈਣਾ ਸੀ। ਪਰ ਕਿੱਦਾਂ? ‘ਰੱਬ ਨਾਲ ਪ੍ਰੇਮ ਕਰ ਕੇ, ਉਸ ਦੀ ਆਵਾਜ਼ ਸੁਣ ਕੇ ਅਤੇ ਉਸ ਦੇ ਅੰਗ ਸੰਗ ਰਹਿ ਕੇ।’
ਅੱਜ ਤੁਹਾਡੇ ਸਾਮ੍ਹਣੇ ਵੀ ਇੱਦਾਂ ਦੀ ਚੋਣ ਕਰਨ ਦਾ ਮੌਕਾ ਹੈ। ਤੁਹਾਡਾ ਭਵਿੱਖ ਤੁਹਾਡੇ ਫ਼ੈਸਲੇ ʼਤੇ ਨਿਰਭਰ ਕਰਦਾ ਹੈ। ਰੱਬ ਨੂੰ ਪਿਆਰ ਕਰਨ, ਉਸ ਦੀ ਆਵਾਜ਼ ਸੁਣਨ ਅਤੇ ਉਸ ਦੇ ਅੰਗ-ਸੰਗ ਰਹਿਣ ਦਾ ਫ਼ੈਸਲਾ ਕਰ ਕੇ ਤੁਸੀਂ ਬਾਗ਼ ਵਰਗੀ ਧਰਤੀ ʼਤੇ ਸਦਾ ਦੀ ਜ਼ਿੰਦਗੀ ਪਾਉਣ ਦੀ ਚੋਣ ਕਰ ਰਹੇ ਹੋਵੋਗੇ। ਪਰ ਇਹ ਸਾਰੇ ਕਦਮ ਚੁੱਕਣ ਵਿਚ ਕੀ ਕੁਝ ਸ਼ਾਮਲ ਹੈ?
ਰੱਬ ਨੂੰ ਪਿਆਰ ਕਰਨ ਦਾ ਫ਼ੈਸਲਾ ਕਰੋ
ਪਿਆਰ ਰੱਬ ਦਾ ਮੁੱਖ ਗੁਣ ਹੈ। ਯੂਹੰਨਾ ਰਸੂਲ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ: “ਪਰਮੇਸ਼ੁਰ ਪਿਆਰ ਹੈ।” (1 ਯੂਹੰਨਾ 4:8) ਇਸ ਕਰਕੇ ਜਦੋਂ ਯਿਸੂ ਨੂੰ ਪੁੱਛਿਆ ਗਿਆ ਕਿ ਸਭ ਤੋਂ ਵੱਡਾ ਹੁਕਮ ਕਿਹੜਾ ਹੈ, ਤਾਂ ਉਸ ਨੇ ਕਿਹਾ: “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।” (ਮੱਤੀ 22:37) ਰੱਬ ਨਾਲ ਮਜ਼ਬੂਤ ਰਿਸ਼ਤਾ ਜੋੜਨ ਦਾ ਆਧਾਰ ਪਿਆਰ ਹੋਣਾ ਚਾਹੀਦਾ ਹੈ, ਨਾ ਕਿ ਅੰਨ੍ਹਾ ਵਿਸ਼ਵਾਸ ਤੇ ਨਾ ਹੀ ਡਰ। ਪਰ ਸਾਨੂੰ ਰੱਬ ਨੂੰ ਪਿਆਰ ਕਰਨ ਦਾ ਫ਼ੈਸਲਾ ਕਿਉਂ ਕਰਨਾ ਚਾਹੀਦਾ ਹੈ?
ਯਹੋਵਾਹ ਇਨਸਾਨਾਂ ਨੂੰ ਇੱਦਾਂ ਪਿਆਰ ਕਰਦਾ ਹੈ ਜਿਵੇਂ ਪਿਆਰ ਕਰਨ ਵਾਲੇ ਮਾਪੇ ਆਪਣੇ ਬੱਚਿਆਂ ਨੂੰ ਕਰਦੇ ਹਨ। ਭਾਵੇਂ ਮਾਪੇ ਨਾਮੁਕੰਮਲ ਹਨ, ਪਰ ਪਿਆਰ ਹੋਣ ਕਰਕੇ ਉਹ ਬੱਚਿਆਂ ਨੂੰ ਹਿਦਾਇਤਾਂ ਦਿੰਦੇ ਹਨ, ਹੱਲਾਸ਼ੇਰੀ ਦਿੰਦੇ ਹਨ, ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਅਨੁਸ਼ਾਸਨ ਦਿੰਦੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਬੱਚੇ ਖ਼ੁਸ਼ ਰਹਿਣ ਅਤੇ ਸਫ਼ਲ ਹੋਣ। ਮਾਪੇ ਬੱਚਿਆਂ ਤੋਂ ਕੀ ਚਾਹੁੰਦੇ ਹਨ? ਉਹ ਚਾਹੁੰਦੇ ਹਨ ਕਿ ਬੱਚੇ ਉਨ੍ਹਾਂ ਨੂੰ ਪਿਆਰ ਕਰਨ ਅਤੇ ਸਿਖਾਈਆਂ ਗੱਲਾਂ ਨੂੰ ਦਿਲੋਂ ਲਾਗੂ ਕਰਨ। ਤਾਂ ਫਿਰ ਕੀ ਸਾਡੇ ਸਵਰਗ ਵਿਚ ਰਹਿਣ ਵਾਲੇ ਮੁਕੰਮਲ ਪਿਤਾ ਦੀ ਸਾਡੇ ਤੋਂ ਇਹ ਆਸ ਰੱਖਣੀ ਵਾਜਬ ਨਹੀਂ ਹੈ ਕਿ ਅਸੀਂ ਉਨ੍ਹਾਂ ਸਾਰੇ ਕੰਮਾਂ ਲਈ ਦਿਖਾਈਏ ਜੋ ਉਸ ਨੇ ਸਾਡੇ ਲਈ ਕੀਤੇ ਹਨ?
ਉਸ ਦੀ ਆਵਾਜ਼ ਸੁਣੋ
ਜਿਨ੍ਹਾਂ ਭਾਸ਼ਾਵਾਂ ਵਿਚ ਬਾਈਬਲ ਲਿਖੀ ਗਈ ਸੀ, ਉਨ੍ਹਾਂ ਵਿਚ “ਸੁਣੋ” ਸ਼ਬਦ ਦਾ ਅਕਸਰ ਮਤਲਬ ਹੁੰਦਾ ਸੀ, “ਕਹਿਣਾ ਮੰਨਣਾ।” ਜਦੋਂ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ: “ਆਪਣੇ ਮਾਪਿਆਂ ਦੀ ਸੁਣੋ,” ਤਾਂ ਕੀ ਸਾਡਾ ਵੀ ਇਹੀ ਮਤਲਬ ਨਹੀਂ ਹੁੰਦਾ? ਇਸ ਲਈ ਰੱਬ ਦੀ ਆਵਾਜ਼ ਸੁਣਨ ਦਾ ਮਤਲਬ ਹੈ, ਉਸ ਦੀਆਂ ਗੱਲਾਂ ਸੁਣਨੀਆਂ ਅਤੇ ਉਸ ਦਾ ਕਹਿਣਾ ਮੰਨਣਾ। ਅਸੀਂ ਸਿੱਧੇ-ਸਿੱਧੇ ਤਾਂ ਰੱਬ ਦੀ ਆਵਾਜ਼ ਨਹੀਂ ਸੁਣ ਸਕਦੇ, ਪਰ ਅਸੀਂ ਉਸ ਦੇ ਬਚਨ ਬਾਈਬਲ ਨੂੰ ਪੜ੍ਹ ਕੇ ਅਤੇ ਇਸ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਉਸ ਦੀ ਆਵਾਜ਼ ਸੁਣ ਸਕਦੇ ਹਾਂ।—1 ਯੂਹੰਨਾ 5:3.
ਯਿਸੂ ਨੇ ਇਕ ਮੌਕੇ ʼਤੇ ਰੱਬ ਦੀ ਆਵਾਜ਼ ਸੁਣਨ ਦੀ ਅਹਿਮੀਅਤ ਬਾਰੇ ਦੱਸਦਿਆਂ ਕਿਹਾ: “ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।” (ਮੱਤੀ 4:4) ਸਾਡੇ ਲਈ ਖਾਣਾ ਬੇਹੱਦ ਜ਼ਰੂਰੀ ਹੈ, ਪਰ ਉਸ ਤੋਂ ਕਿਤੇ ਜ਼ਿਆਦਾ ਰੱਬ ਦਾ ਗਿਆਨ ਲੈਣਾ ਜ਼ਰੂਰੀ ਹੈ। ਕਿਉਂ? ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਪੋਥੀ 7:12) ਪਰਮੇਸ਼ੁਰ ਦਾ ਗਿਆਨ ਅਤੇ ਬੁੱਧ ਅੱਜ ਸਾਡੀ ਰਾਖੀ ਕਰ ਸਕਦੇ ਹਨ ਅਤੇ ਬੁੱਧੀ ਭਰੇ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ ਜਿਨ੍ਹਾਂ ਕਰਕੇ ਸਾਨੂੰ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ।
ਉਸ ਦੇ ਅੰਗ-ਸੰਗ ਰਹੋ
ਪਿਛਲੇ ਲੇਖ ਵਿਚ ਦਿੱਤੀ ਗਈ ਯਿਸੂ ਦੀ ਮਿਸਾਲ ਨੂੰ ਯਾਦ ਕਰੋ। ਉਸ ਨੇ ਕਿਹਾ ਸੀ: “ਭੀੜਾ ਦਰਵਾਜ਼ਾ ਅਤੇ ਤੰਗ ਰਾਹ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦਾ ਹੈ ਅਤੇ ਥੋੜ੍ਹੇ ਹੀ ਲੋਕ ਇਸ ਨੂੰ ਲੱਭਦੇ ਹਨ।” (ਮੱਤੀ 7:13, 14) ਇਸ ਤੰਗ ਰਾਹ ʼਤੇ ਯਾਨੀ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਇਕ ਮਾਹਰ ਗਾਈਡ ਦੀ ਸੇਧ ਨਾਲ ਸਾਨੂੰ ਜ਼ਰੂਰ ਫ਼ਾਇਦਾ ਹੋਵੇਗਾ। ਜੇ ਅਸੀਂ ਉਸ ਦੀ ਸੇਧ ਵਿਚ ਚੱਲਾਂਗੇ, ਤਾਂ ਅਸੀਂ ਆਪਣੀ ਮੰਜ਼ਲ ਯਾਨੀ ਸਦਾ ਦੀ ਜ਼ਿੰਦਗੀ ਪਾ ਸਕਾਂਗੇ। ਇਸ ਲਈ ਸਾਡੇ ਕੋਲ ਰੱਬ ਦੇ ਨੇੜੇ ਰਹਿਣ ਦਾ ਵਧੀਆ ਕਾਰਨ ਹੈ। (ਜ਼ਬੂਰਾਂ ਦੀ ਪੋਥੀ 16:8) ਅਸੀਂ ਰੱਬ ਦੇ ਨੇੜੇ ਕਿਵੇਂ ਰਹਿ ਸਕਦੇ ਹਾਂ?
ਹਰ ਰੋਜ਼ ਸਾਨੂੰ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ ਅਤੇ ਹੋਰ ਕਈ ਕੰਮ ਹੁੰਦੇ ਹਨ ਜੋ ਅਸੀਂ ਕਰਨੇ ਚਾਹੁੰਦੇ ਹਾਂ। ਇਨ੍ਹਾਂ ਕੰਮਾਂ ਕਰਕੇ ਅਸੀਂ ਇੰਨੇ ਜ਼ਿਆਦਾ ਰੁੱਝ ਜਾਂਦੇ ਹਾਂ ਕਿ ਸਾਡੇ ਕੋਲ ਰੱਬ ਦੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨ ਦਾ ਜਾਂ ਤਾਂ ਬਿਲਕੁਲ ਸਮਾਂ ਨਹੀਂ ਬਚਦਾ ਜਾਂ ਬਹੁਤ ਘੱਟ ਬਚਦਾ ਹੈ। ਇਸ ਲਈ ਬਾਈਬਲ ਸਾਨੂੰ ਯਾਦ ਕਰਾਉਂਦੀ ਹੈ: “ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ। ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ ਕਿਉਂਕਿ ਜ਼ਮਾਨਾ ਖ਼ਰਾਬ ਹੈ।” (ਅਫ਼ਸੀਆਂ 5:15, 16) ਜੇ ਅਸੀਂ ਆਪਣੀ ਜ਼ਿੰਦਗੀ ਵਿਚ ਰੱਬ ਨਾਲ ਆਪਣੇ ਰਿਸ਼ਤੇ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੰਦੇ ਹਾਂ, ਤਾਂ ਅਸੀਂ ਰੱਬ ਦੇ ਨੇੜੇ ਜਾ ਸਕਦੇ ਹਾਂ।—ਮੱਤੀ 6:33.
ਫ਼ੈਸਲਾ ਤੁਹਾਡਾ ਹੈ
ਭਾਵੇਂ ਤੁਸੀਂ ਆਪਣਾ ਅਤੀਤ ਨਹੀਂ ਬਦਲ ਸਕਦੇ, ਪਰ ਤੁਸੀਂ ਹੁਣ ਅਜਿਹੇ ਫ਼ੈਸਲੇ ਕਰ ਸਕਦੇ ਹੋ ਜਿਸ ਕਰਕੇ ਤੁਹਾਡਾ, ਤੁਹਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਭਵਿੱਖ ਵਧੀਆ ਹੋ ਸਕਦਾ ਹੈ। ਬਾਈਬਲ ਦੱਸਦੀ ਹੈ ਕਿ ਸਾਡਾ ਪਿਤਾ, ਯਹੋਵਾਹ ਪਰਮੇਸ਼ੁਰ, ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਅਤੇ ਸਾਨੂੰ ਦੱਸਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਮੀਕਾਹ ਨਾਂ ਦੇ ਨਬੀ ਦੇ ਸ਼ਬਦਾਂ ਵੱਲ ਧਿਆਨ ਦਿਓ:
“ਹੇ ਆਦਮੀ, ਉਹ ਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ, ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ।”—ਮੀਕਾਹ 6:8.
ਕੀ ਤੁਸੀਂ ਯਹੋਵਾਹ ਦੇ ਨਾਲ-ਨਾਲ ਚੱਲਣ ਦਾ ਸੱਦਾ ਸਵੀਕਾਰ ਕਰੋਗੇ ਅਤੇ ਹਮੇਸ਼ਾ ਮਿਲਣ ਵਾਲੀਆਂ ਬਰਕਤਾਂ ਲਓਗੇ ਜੋ ਉਸ ਨੇ ਇਹ ਸੱਦਾ ਸਵੀਕਾਰ ਕਰਨ ਵਾਲਿਆਂ ਲਈ ਰੱਖੀਆਂ ਹਨ? ਫ਼ੈਸਲਾ ਤੁਹਾਡਾ ਹੈ!