ਬਿਨਾਂ ਖੋਲ੍ਹੇ ਪੋਥੀ ਪੜ੍ਹੀ ਗਈ
1970 ਵਿਚ ਏਨ ਗਦੀ ਵਿਚ ਮਿਲੇ ਜਲੇ-ਸੜੇ ਟੁਕੜੇ ਨੂੰ ਪੜ੍ਹਿਆ ਨਹੀਂ ਜਾ ਸਕਦਾ ਸੀ। 3-ਡੀ ਸਕੈਨ ਨਾਲ ਪਤਾ ਲੱਗਾ ਕਿ ਇਸ ਪੋਥੀ ਵਿਚ ਲੇਵੀਆਂ ਦੀ ਕਿਤਾਬ ਦੀਆਂ ਕੁਝ ਆਇਤਾਂ ਹਨ ਜਿਸ ਵਿਚ ਪਰਮੇਸ਼ੁਰ ਦਾ ਨਾਂ ਵੀ ਹੈ
1970 ਵਿਚ ਪੁਰਾਤੱਤਵ-ਵਿਗਿਆਨੀਆਂ ਨੂੰ ਮ੍ਰਿਤ ਸਾਗਰ ਦੇ ਪੱਛਮੀ ਕਿਨਾਰੇ ਦੇ ਨੇੜੇ ਇਜ਼ਰਾਈਲ ਦੇ ਏਨ ਗਦੀ ਇਲਾਕੇ ਵਿਚ ਇਕ ਸੜੀ ਹੋਈ ਪੋਥੀ ਮਿਲੀ। ਉਨ੍ਹਾਂ ਨੂੰ ਇਹ ਪੋਥੀ ਸਭਾ ਘਰ ਦੀ ਖੁਦਾਈ ਕਰਦਿਆਂ ਮਿਲੀ ਜਿਸ ਨੂੰ ਸਾੜ ਦਿੱਤਾ ਗਿਆ ਸੀ ਜਦੋਂ ਪਿੰਡ ਨੂੰ ਤਬਾਹ ਕੀਤਾ ਗਿਆ ਸੀ। ਲੱਗਦਾ ਹੈ ਕਿ ਪਿੰਡ 500 ਤੋਂ 550 ਈਸਵੀ ਦੇ ਵਿਚ-ਵਿਚ ਤਬਾਹ ਕੀਤਾ ਗਿਆ ਸੀ। ਪੋਥੀ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਇਸ ਨੂੰ ਪੜ੍ਹਿਆ ਨਹੀਂ ਜਾ ਸਕਦਾ ਸੀ। ਜੇ ਇਸ ਨੂੰ ਖੋਲ੍ਹਿਆ ਜਾਂਦਾ, ਤਾਂ ਇਹ ਖ਼ਰਾਬ ਹੋ ਜਾਣੀ ਸੀ। ਪਰ 3-ਡੀ ਸਕੈਨ ਦੀ ਮਦਦ ਨਾਲ ਬਿਨਾਂ ਖੋਲ੍ਹੇ ਦੇਖਿਆ ਗਿਆ ਕਿ ਇਸ ’ਤੇ ਕੀ ਲਿਖਿਆ ਹੋਇਆ ਹੈ। ਸਕੈਨ ਕਰ ਕੇ ਕੰਪਿਊਟਰ ਰਾਹੀਂ ਤਸਵੀਰਾਂ ਬਣਾਈਆਂ ਗਈਆਂ ਅਤੇ ਪੋਥੀ ਵਿਚ ਲਿਖੀਆਂ ਗੱਲਾਂ ਪੜ੍ਹੀਆਂ ਜਾ ਸਕੀਆਂ।
ਸਕੈਨ ਤੋਂ ਕੀ ਪਤਾ ਲੱਗਾ? ਇਸ ਪੋਥੀ ਵਿਚ ਬਾਈਬਲ ਦੀਆਂ ਗੱਲਾਂ ਹਨ। ਇਸ ਪੋਥੀ ਵਿਚ ਲੇਵੀਆਂ ਦੀ ਕਿਤਾਬ ਦੀਆਂ ਸ਼ੁਰੂ ਦੀਆਂ ਆਇਤਾਂ ਹਨ। ਇਨ੍ਹਾਂ ਆਇਤਾਂ ਵਿਚ ਪਰਮੇਸ਼ੁਰ ਦਾ ਨਾਂ ਇਬਰਾਨੀ ਅੱਖਰਾਂ ਵਿਚ ਲਿਖਿਆ ਗਿਆ ਹੈ ਜਿਸ ਨੂੰ ਟੈਟ੍ਰਾਗ੍ਰਾਮਟਨ ਕਿਹਾ ਜਾਂਦਾ ਹੈ। ਲੱਗਦਾ ਹੈ ਕਿ ਇਹ ਪੋਥੀ 50 ਈਸਵੀ ਅਤੇ 400 ਈਸਵੀ ਵਿਚਕਾਰ ਲਿਖੀ ਗਈ ਸੀ। ਇਸ ਦਾ ਮਤਲਬ ਹੈ ਕਿ ਬਾਈਬਲ ਦੀਆਂ ਇਬਰਾਨੀ ਲਿਖਤਾਂ ਵਿੱਚੋਂ ਇਹ ਪੋਥੀ ਸਭ ਤੋਂ ਪੁਰਾਣੀ ਹੈ ਯਾਨੀ ਪੁਰਾਣੀਆਂ ਮ੍ਰਿਤ ਸਾਗਰ ਪੋਥੀਆਂ (ਕੁਮਰਾਨ) ਨਾਲੋਂ ਵੀ ਪੁਰਾਣੀ। ਦ ਯਰੂਸ਼ਲਮ ਪੋਸਟ ਵਿਚ ਗਿਲ ਜ਼ੋਹਰ ਨੇ ਲਿਖਿਆ: “ਜਦੋਂ ਤਕ ਸਾਨੂੰ ਲੇਵੀਆਂ ਦੀ ਕਿਤਾਬ ਦਾ ਟੁਕੜਾ ਨਹੀਂ ਮਿਲਿਆ ਸੀ, ਉਦੋਂ ਤਕ ਸਭ ਤੋਂ ਪੁਰਾਣੀਆਂ ਹੱਥ-ਲਿਖਤਾਂ ਵਿਚ ਲਗਭਗ 1,000 ਸਾਲ ਦਾ ਵਕਫਾ ਸੀ ਯਾਨੀ 2,000 ਸਾਲ ਪੁਰਾਣੀਆਂ ਮ੍ਰਿਤ ਸਾਗਰ ਪੋਥੀਆਂ ਜੋ ਦੂਸਰੇ ਮੰਦਰ ਦੇ ਜ਼ਮਾਨੇ ਦੀਆਂ ਸਨ ਅਤੇ ਅਲੈਪੋ ਕੋਡੈਕਸ ਜੋ ਲਗਭਗ 930 ਈਸਵੀ ਵਿਚ ਲਿਖਿਆ ਸੀ।” ਮਾਹਰਾਂ ਅਨੁਸਾਰ ਲੇਵੀਆਂ ਦੀ ਇਸ ਪੋਥੀ ਤੋਂ ਪਤਾ ਲੱਗਦਾ ਹੈ ਕਿ ਇਬਰਾਨੀ ਪਾਠ (ਤੌਰਾਤ) “ਹਜ਼ਾਰਾਂ ਸਾਲਾਂ ਦੌਰਾਨ ਵੀ ਨਹੀਂ ਬਦਲਿਆ ਅਤੇ ਨਕਲਨਵੀਸਾਂ ਦੀਆਂ ਗ਼ਲਤੀਆਂ ਕਰਕੇ ਵੀ ਇਸ ਦਾ ਸੰਦੇਸ਼ ਨਹੀਂ ਬਦਲਿਆ ਹੈ।”