Skip to content

Skip to table of contents

ਮਾਰੀਆਂ-ਕੁੱਟੀਆਂ ਔਰਤਾਂ ਲਈ ਮਦਦ

ਮਾਰੀਆਂ-ਕੁੱਟੀਆਂ ਔਰਤਾਂ ਲਈ ਮਦਦ

ਮਾਰੀਆਂ-ਕੁੱਟੀਆਂ ਔਰਤਾਂ ਲਈ ਮਦਦ

ਉਨ੍ਹਾਂ ਔਰਤਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਜੋ ਹਿੰਸਾ ਦੀਆਂ ਸ਼ਿਕਾਰ ਹਨ? ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਨ੍ਹਾਂ ਦੀ ਹਾਲਤ ਚੰਗੀ ਤਰ੍ਹਾਂ ਸਮਝੀ ਜਾਵੇ। ਉਨ੍ਹਾਂ ਦੇ ਜ਼ਖ਼ਮ ਅਕਸਰ ਸਰੀਰਕ ਹੀ ਨਹੀਂ ਹੁੰਦੇ। ਆਮ ਕਰਕੇ ਉਨ੍ਹਾਂ ਨੂੰ ਗਾਲ਼ਾਂ ਅਤੇ ਧਮਕੀਆਂ ਸੁਣਨੀਆਂ ਪੈਂਦੀਆਂ ਹਨ ਜਿਨ੍ਹਾਂ ਕਰਕੇ ਉਹ ਨਿਕੰਮੀਆਂ ਅਤੇ ਬੇਬੱਸ ਮਹਿਸੂਸ ਕਰਦੀਆਂ ਹਨ।

ਅਸੀਂ ਪਹਿਲੇ ਲੇਖ ਵਿਚ ਰੌਕਸਾਨਾ ਦੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਸੀ। ਕਦੀ-ਕਦੀ ਉਸ ਦਾ ਪਤੀ ਲਫ਼ਜ਼ਾਂ ਨੂੰ ਹਥਿਆਰਾਂ ਵਜੋਂ ਵਰਤਦਾ ਹੈ। ਉਹ ਦੱਸਦੀ ਹੈ ਕਿ “ਉਹ ਮੈਨੂੰ ਬੁਰਾ-ਭਲਾ ਕਹਿ ਕੇ ਮੇਰਾ ਅਪਮਾਨ ਕਰਦਾ ਹੈ। ਉਹ ਕਹਿੰਦਾ ਹੈ ਕਿ ‘ਤੂੰ ਤਾਂ ਪੜ੍ਹੀ-ਲਿਖੀ ਵੀ ਨਹੀਂ ਹੈਂ। ਮੇਰੇ ਬਿਨਾਂ ਤੂੰ ਬੱਚਿਆਂ ਦੀ ਦੇਖ-ਭਾਲ ਕਿਸ ਤਰ੍ਹਾਂ ਕਰ ਸਕੇਂਗੀ? ਤੂੰ ਆਲਸੀ ਅਤੇ ਨਿਕੰਮੀ ਮਾਂ ਹੈਂ। ਤੈਨੂੰ ਕੀ ਲੱਗਦਾ ਕਿ ਜੇ ਤੂੰ ਮੈਨੂੰ ਛੱਡ ਕੇ ਚਲੀ ਗਈ ਤਾਂ ਸਰਕਾਰ ਤੈਨੂੰ ਬੱਚੇ ਰੱਖ ਲੈਣ ਦੇਵੇਗੀ?’”

ਰੌਕਸਾਨਾ ਦਾ ਪਤੀ ਪੈਸੇ ਉੱਤੇ ਮੁੱਠੀ ਮੀਚ ਕੇ ਰੱਖਦਾ ਹੈ। ਉਹ ਉਸ ਨੂੰ ਬਾਹਰ ਨਹੀਂ ਜਾਣ ਦਿੰਦਾ, ਅਤੇ ਦਿਨ ਵਿਚ ਵਾਰ-ਵਾਰ ਟੈਲੀਫ਼ੋਨ ਕਰ ਕੇ ਪੁੱਛਦਾ ਹੈ ਕਿ ਉਹ ਕੀ ਕਰ ਰਹੀ ਹੈ। ਜੇ ਉਹ ਕਦੀ ਆਪਣੀ ਪਸੰਦ ਬਾਰੇ ਗੱਲ ਕਰ ਵੀ ਦੇਵੇ ਤਾਂ ਉਸ ਦਾ ਪਤੀ ਗੁੱਸੇ ਵਿਚ ਲਾਲ-ਪੀਲਾ ਹੋ ਜਾਂਦਾ ਹੈ। ਇਸ ਕਰਕੇ ਰੌਕਸਾਨਾ ਨੇ ਚੁੱਪ ਰਹਿਣਾ ਸਿੱਖ ਲਿਆ ਹੈ।

ਸੋ ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਘਰੇਲੂ ਹਿੰਸਾ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਮਦਦ ਕਰਨ ਵਾਸਤੇ ਪਹਿਲਾਂ ਹਮਦਰਦੀ ਨਾਲ ਸੁਣੋ। ਯਾਦ ਰੱਖੋ ਕਿ ਆਮ ਤੌਰ ਤੇ ਔਰਤ ਲਈ ਆਪਣੀ ਬੀਤੀ ਦੱਸਣੀ ਬੜੀ ਮੁਸ਼ਕਲ ਹੁੰਦੀ ਹੈ। ਉਸ ਨੂੰ ਕਾਹਲੀ ਕਰਨ ਨੂੰ ਨਾ ਕਹੋ, ਕਿਉਂ ਜੋ ਤੁਹਾਡਾ ਟੀਚਾ ਉਸ ਨੂੰ ਸਹਾਰਾ ਦੇਣਾ ਹੋਣਾ ਚਾਹੀਦਾ ਹੈ।

ਕੁਝ ਮਾਰੀਆਂ-ਕੁੱਟੀਆਂ ਔਰਤਾਂ ਨੂੰ ਸਰਕਾਰ ਕੋਲੋਂ ਮਦਦ ਮੰਗਣ ਦੀ ਜ਼ਰੂਰਤ ਪੈ ਸਕਦੀ ਹੈ। ਕਦੀ-ਕਦੀ ਔਖੀ ਘੜੀ ਦੇ ਵੇਲੇ, ਸ਼ਾਇਦ ਜਦੋਂ ਪੁਲਸ ਘਰ ਸੱਦੀ ਜਾਵੇ, ਮਰਦ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਸਕਦਾ ਹੈ। ਇਹ ਵੀ ਸੱਚ ਹੈ ਕਿ ਜਦ ਉਹ ਘੜੀ ਲੰਘ ਜਾਂਦੀ ਹੈ ਤਾਂ ਉਹ ਫਿਰ ਤੋਂ ਮਾਰਨਾ-ਕੁੱਟਣਾ ਸ਼ੁਰੂ ਕਰ ਦਿੰਦਾ ਹੈ।

ਤਾਂ ਫਿਰ ਕੀ ਇਸ ਤਰ੍ਹਾਂ ਦਾ ਦੁੱਖ ਸਹਾਰ ਰਹੀ ਔਰਤ ਨੂੰ ਆਪਣੇ ਪਤੀ ਤੋਂ ਜੁਦਾ ਹੋ ਜਾਣਾ ਚਾਹੀਦਾ ਹੈ? ਬਾਈਬਲ ਵਿਚ ਪਤੀ-ਪਤਨੀ ਦੇ ਤੋੜ-ਵਿਛੋੜ ਨੂੰ ਮਾਮੂਲੀ ਜਿਹੀ ਗੱਲ ਨਹੀਂ ਸਮਝਿਆ ਜਾਂਦਾ। ਪਰ ਇਸ ਦੇ ਨਾਲੋ-ਨਾਲ ਬਾਈਬਲ ਅਜਿਹੀ ਪਤਨੀ ਨੂੰ ਮਜਬੂਰ ਵੀ ਨਹੀਂ ਕਰਦੀ ਕਿ ਉਹ ਅਜਿਹੇ ਆਦਮੀ ਨਾਲ ਰਹੇ ਜਿਸ ਤੋਂ ਉਸ ਦੀ ਸਹਿਤ ਅਤੇ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਪੌਲੁਸ ਰਸੂਲ ਨੇ ਲਿਖਿਆ ਸੀ ਕਿ “ਜੇ ਉਹ ਅੱਡ ਹੋਵੇ ਵੀ ਤਾਂ ਅਣਵਿਆਹੀ ਰਹੇ ਅਥਵਾ ਆਪਣੇ ਪਤੀ ਨਾਲ ਸੁਲ੍ਹਾ ਕਰ ਲਵੇ।” (1 ਕੁਰਿੰਥੀਆਂ 7:10-16) ਬਾਈਬਲ ਡਾਢੀਆਂ ਹਾਲਾਤਾਂ ਕਰਕੇ ਅਲਹਿਦਗੀ ਨੂੰ ਮਨ੍ਹਾ ਨਹੀਂ ਕਰਦੀ, ਇਸ ਲਈ ਅੱਡ ਹੋਣ ਜਾਂ ਨਾ ਹੋਣ ਦਾ ਫ਼ੈਸਲਾ ਔਰਤ ਨੂੰ ਖ਼ੁਦ ਕਰਨਾ ਚਾਹੀਦਾ ਹੈ। (ਗਲਾਤੀਆਂ 6:5) ਕਿਸੇ ਨੂੰ ਵੀ ਤੀਵੀਂ ਨੂੰ ਆਪਣੇ ਪਤੀ ਨੂੰ ਛੱਡਣ ਲਈ ਮਨਾਉਣਾ ਨਹੀਂ ਚਾਹੀਦਾ, ਅਤੇ ਨਾ ਹੀ ਔਰਤ ਨੂੰ ਮਜਬੂਰ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਮੁੱਕੇਬਾਜ਼ ਪਤੀ ਨਾਲ ਰਹੇ ਜਦ ਉਸ ਦੀ ਸਹਿਤ ਅਤੇ ਜਾਨ ਨੂੰ ਖ਼ਤਰਾ ਹੈ ਅਤੇ ਜਦ ਉਸ ਦਾ ਪਤੀ ਉਸ ਨੂੰ ਪਰਮੇਸ਼ੁਰ ਦੀ ਭਗਤੀ ਨਹੀਂ ਕਰਨ ਦਿੰਦਾ।

ਕੀ ਮੁੱਕੇਬਾਜ਼ ਮਰਦਾਂ ਲਈ ਕੋਈ ਆਸ ਹੈ?

ਤੀਵੀਂ ਨੂੰ ਕੁੱਟਣਾ ਬਾਈਬਲ ਦੇ ਸਿਧਾਂਤਾਂ ਦੀ ਘੋਰ ਉਲੰਘਣਾ ਹੈ। ਅਫ਼ਸੀਆਂ 4:29, 31 ਵਿਚ ਅਸੀਂ ਪੜ੍ਹਦੇ ਹਾਂ: “ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ। . . . ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।”

ਕੋਈ ਵੀ ਪਤੀ ਜੋ ਮਸੀਹ ਦਾ ਚੇਲਾ ਹੋਣ ਦਾ ਦਾਅਵਾ ਕਰਦਾ ਹੈ ਇਹ ਨਹੀਂ ਕਹਿ ਸਕਦਾ ਕਿ ਉਹ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ ਜੇ ਉਹ ਉਸ ਨੂੰ ਗਾਲ਼ਾਂ ਕੱਢਦਾ ਅਤੇ ਕੁੱਟਦਾ-ਮਾਰਦਾ ਹੈ। ਜੇ ਉਹ ਆਪਣੀ ਪਤਨੀ ਨਾਲ ਭੈੜਾ ਸਲੂਕ ਕਰਦਾ ਹੈ ਤਾਂ ਉਸ ਦੇ ਬਾਕੀ ਦੇ ਚੰਗੇ ਕੰਮਾਂ ਦਾ ਕੀ ਫ਼ਾਇਦਾ ਹੈ? ਇਕ “ਮੁੱਕੇਬਾਜ਼” ਨੂੰ ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰੀ ਨਹੀਂ ਸੌਂਪੀ ਜਾ ਸਕਦੀ ਕਿਉਂਕਿ ਉਹ ਇਸ ਦੇ ਕਾਬਲ ਨਹੀਂ ਹੈ। (1 ਤਿਮੋਥਿਉਸ 3:3; 1 ਕੁਰਿੰਥੀਆਂ 13:1-3) ਯਕੀਨਨ ਕੋਈ ਵੀ ਮਸੀਹੀ ਜੋ ਤੋਬਾ ਕੀਤੇ ਬਗੈਰ ਵਾਰ-ਵਾਰ ਆਪਣਾ ਗੁੱਸਾ ਕੱਢਦਾ ਰਹਿੰਦਾ ਹੈ, ਉਹ ਮਸੀਹੀ ਕਲੀਸਿਯਾ ਵਿੱਚੋਂ ਛੇਕਿਆ ਜਾ ਸਕਦਾ ਹੈ।​—ਗਲਾਤੀਆਂ 5:19-21; 2 ਯੂਹੰਨਾ 9, 10.

ਕੀ ਮੁੱਕੇਬਾਜ਼ ਮਰਦ ਆਪਣੇ ਆਪ ਨੂੰ ਬਦਲ ਸਕਦੇ ਹਨ? ਇਸ ਤਰ੍ਹਾਂ ਕਰਨ ਵਿਚ ਕੁਝ ਆਦਮੀ ਕਾਮਯਾਬ ਹੋਏ ਹਨ। ਪਰ ਅਕਸਰ ਇਕ ਹਿੰਸਕ ਮਰਦ ਸਿਰਫ਼ ਉਦੋਂ ਹੀ ਬਦਲਦਾ ਹੈ ਜਦੋਂ (1) ਉਹ ਕਬੂਲ ਕਰਦਾ ਹੈ ਕਿ ਉਸ ਦਾ ਚਾਲ-ਚਲਣ ਗ਼ਲਤ ਹੈ, (2) ਉਹ ਬਦਲਣਾ ਚਾਹੁੰਦਾ ਹੈ, ਅਤੇ (3) ਉਹ ਮਦਦ ਭਾਲਦਾ ਹੈ। ਯਹੋਵਾਹ ਦੇ ਗਵਾਹਾਂ ਨੇ ਦੇਖਿਆ ਹੈ ਕਿ ਇਸ ਤਰ੍ਹਾਂ ਕਰਨ ਵਿਚ ਬਾਈਬਲ ਵੱਡੀ ਮਦਦ ਕਰ ਸਕਦੀ ਹੈ। ਦਿਲਚਸਪੀ ਰੱਖਣ ਵਾਲੇ ਕਈਆਂ ਲੋਕਾਂ ਨੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਕੇ ਪਰਮੇਸ਼ੁਰ ਦੇ ਜੀ ਨੂੰ ਖ਼ੁਸ਼ ਕਰਨ ਦੀ ਡਾਢੀ ਆਸ ਰੱਖੀ ਹੈ। ਬਾਈਬਲ ਦੇ ਇਨ੍ਹਾਂ ਨਵੇਂ ਵਿਦਿਆਰਥੀਆਂ ਨੇ ਸਿੱਖਿਆ ਹੈ ਕਿ ਯਹੋਵਾਹ ਪਰਮੇਸ਼ੁਰ “ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ।” (ਭਜਨ 11:5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਇਕ ਮੁੱਕੇਬਾਜ਼ ਦੇ ਚਾਲ-ਚਲਣ ਨੂੰ ਬਦਲਣ ਵਿਚ ਕੁੱਟਣ-ਮਾਰਨ ਨੂੰ ਛੱਡਣ ਤੋਂ ਇਲਾਵਾ ਹੋਰ ਬਹੁਤ ਕੁਝ ਸ਼ਾਮਲ ਹੈ। ਉਸ ਨੂੰ ਆਪਣੀ ਪਤਨੀ ਬਾਰੇ ਆਪਣੀ ਸੋਚਣੀ ਵੀ ਬਿਲਕੁਲ ਬਦਲਣੀ ਪੈਣੀ ਹੈ।

ਜਦੋਂ ਇਕ ਆਦਮੀ ਪਰਮੇਸ਼ੁਰ ਬਾਰੇ ਜਾਣ ਲੈਂਦਾ ਹੈ ਤਾਂ ਉਹ ਆਪਣੀ ਬੀਵੀ ਨੂੰ ਨੌਕਰ ਸਮਝਣ ਦੀ ਬਜਾਇ ਉਸ ਨੂੰ ਆਪਣੀ “ਸਹਾਇਕਣ” ਸਮਝਣ ਲੱਗਦਾ ਹੈ ਅਤੇ ਉਸ ਨੂੰ ਆਪਣੇ ਪੈਰ ਦੀ ਜੁੱਤੀ ਸਮਝਣ ਦੀ ਬਜਾਇ ਉਸ ਦਾ “ਆਦਰ” ਕਰਦਾ ਹੈ। (ਉਤਪਤ 2:18; 1 ਪਤਰਸ 3:7) ਉਹ ਦਇਆ ਕਰਨੀ ਅਤੇ ਆਪਣੀ ਪਤਨੀ ਦੀ ਗੱਲ ਸੁਣਨੀ ਸਿੱਖਦਾ ਹੈ। (ਉਤਪਤ 21:12; ਉਪਦੇਸ਼ਕ ਦੀ ਪੋਥੀ 4:1) ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਕੇ ਬਹੁਤ ਸਾਰੇ ਜੋੜਿਆਂ ਦੀ ਮਦਦ ਹੋ ਚੁੱਕੀ ਹੈ। ਇਕ ਮਸੀਹੀ ਘਰਾਣੇ ਵਿਚ ਰੋਅਬ ਜਮਾਉਣ ਵਾਲੇ ਜ਼ਾਲਮ ਮਰਦ ਲਈ ਕੋਈ ਜਗ੍ਹਾ ਨਹੀਂ ਹੈ।​—ਅਫ਼ਸੀਆਂ 5:25, 28, 29.

‘ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ।’ (ਇਬਰਾਨੀਆਂ 4:12) ਇਸ ਕਰਕੇ ਜੋ ਬੁੱਧ ਬਾਈਬਲ ਵਿਚ ਹੈ ਉਹ ਪਤੀ-ਪਤਨੀਆਂ ਦੀ ਮਦਦ ਕਰ ਸਕਦੀ ਹੈ ਕਿ ਉਹ ਜਾਣਨ ਕਿ ਉਨ੍ਹਾਂ ਦੇ ਰਿਸ਼ਤੇ ਵਿਚ ਕਿਹੋ ਜਿਹੇ ਮਸਲੇ ਹਨ ਅਤੇ ਉਹ ਉਨ੍ਹਾਂ ਬਾਰੇ ਕੀ ਕੁਝ ਕਰ ਸਕਦੇ ਹਨ। ਇਸ ਤੋਂ ਇਲਾਵਾ ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਭਵਿੱਖ ਵਿਚ ਯਹੋਵਾਹ ਦੇ ਸਵਰਗੀ ਰਾਜੇ ਅਧੀਨ ਅਜਿਹਾ ਸੰਸਾਰ ਹੋਵੇਗਾ ਜਿਸ ਵਿਚ ਕੋਈ ਹਿੰਸਾ ਨਹੀਂ ਹੋਵੇਗੀ ਅਤੇ ਸਭ ਲੋਕ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੱਲਣਗੇ। ਇਸ ਪੱਕੀ ਉਮੀਦ ਤੋਂ ਸਾਨੂੰ ਬੜਾ ਦਿਲਾਸਾ ਮਿਲਦਾ ਹੈ। ਬਾਈਬਲ ਕਹਿੰਦੀ ਹੈ: “ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ।”​—ਜ਼ਬੂਰ 72:12, 14.

[ਸਫ਼ਾ 12 ਉੱਤੇ ਸੁਰਖੀ]

ਇਕ ਮਸੀਹੀ ਘਰਾਣੇ ਵਿਚ ਰੋਅਬ ਜਮਾਉਣ ਵਾਲੇ ਜ਼ਾਲਮ ਮਰਦ ਲਈ ਕੋਈ ਜਗ੍ਹਾ ਨਹੀਂ ਹੈ

[ਸਫ਼ਾ 8 ਉੱਤੇ ਡੱਬੀ]

ਗ਼ਲਤਫ਼ਹਿਮੀਆਂ ਦੂਰ ਕਰਨੀਆਂ

ਔਰਤਾਂ ਦਾ ਆਪਣਾ ਕਸੂਰ ਹੈ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਕੁੱਟਦੇ-ਮਾਰਦੇ ਹਨ।

ਬਹੁਤ ਸਾਰੇ ਮੁੱਕੇਬਾਜ਼ ਮਰਦ ਆਪਣਾ ਕਸੂਰ ਨਹੀਂ ਮੰਨਦੇ ਅਤੇ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਪਤਨੀਆਂ ਹੀ ਉਨ੍ਹਾਂ ਨੂੰ ਭੜਕਾਉਂਦੀਆਂ ਹਨ। ਕੁਝ ਦੋਸਤ ਅਤੇ ਰਿਸ਼ਤੇਦਾਰ ਵੀ ਸ਼ਾਇਦ ਮੰਨਣ ਲੱਗ ਪੈਣ ਕਿ ਇਹ ਤੀਵੀਂ ਝਗੜਾਲੂ ਹੈ ਅਤੇ ਕਿ ਇਹ ਕੋਈ ਵੱਡੀ ਗੱਲ ਨਹੀਂ ਕਿ ਕਦੇ-ਕਦੇ ਉਸ ਦਾ ਪਤੀ ਉਸ ਨੂੰ ਦੋ ਠੋਕ ਦਿੰਦਾ ਹੈ। ਪਰ ਇਸ ਸੋਚਣੀ ਦਾ ਤਾਂ ਮਤਲਬ ਇਹ ਹੋਇਆ ਕਿ ਜਿਸ ਨੇ ਹਮਲਾ ਕੀਤਾ ਉਹ ਸਹੀ ਹੈ ਅਤੇ ਜਿਸ ਉੱਤੇ ਹਮਲਾ ਕੀਤਾ ਗਿਆ ਉਹ ਗ਼ਲਤ ਹੈ। ਦਰਅਸਲ ਕੁੱਟੀਆਂ-ਮਾਰੀਆਂ ਔਰਤਾਂ ਅਕਸਰ ਆਪਣੇ ਪਤੀ ਨੂੰ ਸ਼ਾਂਤ ਰੱਖਣ ਦੀ ਬੜੀ ਕੋਸ਼ਿਸ਼ ਕਰਦੀਆਂ ਹਨ। ਸੱਚ ਤਾਂ ਇਹ ਹੈ ਕਿ ਆਪਣੀ ਪਤਨੀ ਨੂੰ ਕੁੱਟਣਾ-ਮਾਰਨਾ ਹਰ ਹਾਲਤ ਵਿਚ ਗ਼ਲਤ ਹੈ। ਮੁੱਕੇਬਾਜ਼ ਦਾ ਮਾਨਸਿਕ ਹੁਲੀਆ ਨਾਮਕ ਅੰਗ੍ਰੇਜ਼ੀ ਦੀ ਕਿਤਾਬ ਵਿਚ ਲਿਖਿਆ ਹੈ: “ਆਪਣੀਆਂ ਪਤਨੀਆਂ ਉੱਤੇ ਹਮਲਾ ਕਰਨ ਲਈ ਜਿਨ੍ਹਾਂ ਆਦਮੀਆਂ ਨੂੰ ਅਦਾਲਤ ਇਲਾਜ ਕਰਵਾਉਣ ਲਈ ਭੇਜਦੀ ਹੈ, ਉਹ ਹਿੰਸਾ ਦੇ ਆਦੀ ਹਨ। ਉਹ ਆਪਣੇ ਗੁੱਸੇ ਨੂੰ ਠੰਢਾ ਕਰਨ ਲਈ ਅਤੇ ਆਪਣੀ ਉਦਾਸੀ ਦੂਰ ਕਰਨ ਲਈ ਆਪਣੀਆਂ ਪਤਨੀਆਂ ਨੂੰ ਮਾਰਦੇ-ਕੁੱਟਦੇ ਹਨ। ਉਨ੍ਹਾਂ ਲਈ ਇਹ ਲੜਾਈ-ਝਗੜੇ ਦਾ ਹੱਲ ਹੈ ਅਤੇ ਇਸ ਨਾਲ ਮਾਨਸਿਕ ਤਣਾਅ ਘੱਟਦਾ ਹੈ। . . . ਉਹ ਅਕਸਰ ਆਪਣਾ ਕਸੂਰ ਕਬੂਲ ਨਹੀਂ ਕਰ ਸਕਦੇ ਅਤੇ ਉਨ੍ਹਾਂ ਲਈ ਇਹ ਸਮੱਸਿਆ ਕੋਈ ਮਾਮੂਲੀ ਜਿਹੀ ਗੱਲ ਹੈ।”

ਸ਼ਰਾਬ ਪੀਣ ਕਰਕੇ ਆਦਮੀ ਆਪਣੀ ਪਤਨੀ ਨੂੰ ਕੁੱਟਦਾ ਹੈ।

ਸੱਚ ਹੈ ਕਿ ਕਈ ਆਦਮੀ ਪੀਣ ਤੋਂ ਬਾਅਦ ਜ਼ਿਆਦਾ ਹੀ ਹਿੰਸਕ ਬਣ ਜਾਂਦੇ ਹਨ। ਪਰ ਕੀ ਸਾਰਾ ਕਸੂਰ ਸ਼ਰਾਬ ਦਾ ਹੀ ਹੁੰਦਾ ਹੈ? ਕੈਰਨ ਜੇ. ਵਿਲਸਨ ਨੇ ਆਪਣੀ ਅੰਗ੍ਰੇਜ਼ੀ ਦੀ ਕਿਤਾਬ ਜਦੋਂ ਹਿੰਸਾ ਘਰ ਵਿਚ ਸ਼ੁਰੂ ਹੁੰਦੀ ਹੈ ਵਿਚ ਲਿਖਿਆ: “ਮੁੱਕੇਬਾਜ਼ ਇਨਸਾਨ ਲਈ ਆਪਣੇ ਆਪ ਦੀ ਥਾਂ ਸ਼ਰਾਬ ਨੂੰ ਦੋਸ਼ੀ ਠਹਿਰਾਉਣਾ ਜ਼ਿਆਦਾ ਆਸਾਨ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਸਮਾਜ ਵਿਚ ਜੇਕਰ ਕਿਸੇ ਨੇ ਪੀ ਕੇ ਆਪਣੀ ਘਰ ਵਾਲੀ ਨੂੰ ਕੁੱਟਿਆ-ਮਾਰਿਆ ਹੋਵੇ ਤਾਂ ਇਹ ਗੱਲ ਕਬੂਲ ਕੀਤੀ ਜਾਂਦੀ ਹੈ। ਇਕ ਔਰਤ ਵੀ ਆਪਣੇ ਘਰ ਵਾਲੇ ਨੂੰ ਮੁੱਕੇਬਾਜ਼ ਨਹੀਂ ਗਿਣਦੀ ਪਰ ਕਹਿੰਦੀ ਹੈ ਕਿ ਉਹ ਸ਼ਰਾਬੀ ਹੈ ਅਤੇ ਪੀਂਦਾ ਬਹੁਤ ਹੈ।” ਸ਼੍ਰੀਮਤੀ ਵਿਲਸਨ ਦੇ ਮੁਤਾਬਕ ਅਜਿਹੀ ਸੋਚਣੀ ਇਕ ਔਰਤ ਨੂੰ ਫੋਕੀ ਆਸ ਵਿਚ ਰੱਖਦੀ ਹੈ ਕਿ “ਜੇ ਆਦਮੀ ਪੀਣੀ ਛੱਡ ਦੇਵੇ ਤਾਂ ਘਰ ਵਿੱਚੋਂ ਸਾਰਾ ਦੁਰਵਿਹਾਰ ਦੂਰ ਹੋ ਜਾਵੇਗਾ।”

ਅੱਜ-ਕੱਲ੍ਹ ਕਈਆਂ ਖੋਜਕਾਰਾਂ ਦੇ ਅਨੁਸਾਰ ਸ਼ਰਾਬ ਪੀਣਾ ਅਤੇ ਮਾਰਨਾ-ਕੁੱਟਣਾ ਦੋ ਵੱਖਰੇ ਮਸਲੇ ਹਨ। ਆਖ਼ਰਕਾਰ ਸਾਰੇ ਮਰਦ ਜੋ ਨਸ਼ਾ ਕਰਦੇ ਹਨ ਆਪਣੀ ਪਤਨੀ ਨੂੰ ਕੁੱਟਦੇ-ਮਾਰਦੇ ਤਾਂ ਨਹੀਂ। ਅੰਗ੍ਰੇਜ਼ੀ ਦੀ ਪੁਸਤਕ ਜਦੋਂ ਮਰਦ ਔਰਤਾਂ ਨੂੰ ਕੁੱਟਦੇ-ਮਾਰਦੇ ਹਨ ਦੇ ਲੇਖਕਾਂ ਨੇ ਨੋਟ ਕੀਤਾ: ‘ਕੁੱਟਣਾ-ਮਾਰਨਾ ਇਸ ਲਈ ਚਾਲੂ ਰਹਿੰਦਾ ਹੈ ਕਿਉਂਕਿ ਇਸ ਦੇ ਜ਼ਰੀਏ ਮਰਦ ਕਾਮਯਾਬੀ ਨਾਲ ਔਰਤ ਨੂੰ ਡਰਾ-ਧਮਕਾ ਕੇ ਆਪਣੇ ਵੱਸ ਵਿਚ ਰੱਖ ਸਕਦਾ ਹੈ। ਸ਼ਰਾਬ ਪੀਣੀ ਅਤੇ ਨਸ਼ਾ ਕਰਨਾ ਤਾਂ ਮੁੱਕੇਬਾਜ਼ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ। ਪਰ ਇਸ ਤਰ੍ਹਾਂ ਸੋਚਣਾ ਗ਼ਲਤ ਹੋਵੇਗਾ ਕਿ ਨਸ਼ਾ ਹੀ ਹਿੰਸਾ ਦੀ ਜੜ੍ਹ ਹੈ।’

ਮੁੱਕੇਬਾਜ਼ ਮਰਦ ਸਾਰਿਆਂ ਨਾਲ ਹਿੰਸਕ ਹਨ।

ਅਕਸਰ ਇਸ ਤਰ੍ਹਾਂ ਦਾ ਮਰਦ ਬਾਕੀਆਂ ਨਾਲ ਚੰਗੀ ਤਰ੍ਹਾਂ ਪੇਸ਼ ਆ ਸਕਦਾ ਹੈ। ਦੂਸਰਿਆਂ ਦੇ ਸਾਮ੍ਹਣੇ ਉਹ ਇੰਨਾ ਚੰਗਾ ਨਜ਼ਰ ਆਉਂਦਾ ਹੈ ਕਿ ਕੋਈ ਮੰਨ ਵੀ ਨਹੀਂ ਸਕਦਾ ਕਿ ਉਹ ਭੈੜਾ ਸਲੂਕ ਕਰ ਸਕਦਾ ਹੈ। ਇਸ ਕਰਕੇ ਪਰਿਵਾਰ ਦੇ ਦੋਸਤ ਅਤੇ ਰਿਸ਼ਤੇਦਾਰ ਔਰਤ ਦੀ ਗੱਲ ਦਾ ਇਤਬਾਰ ਹੀ ਨਹੀਂ ਕਰਦੇ। ਪਰ ਸੱਚ ਤਾਂ ਇਹ ਹੈ ਕਿ ਮੁੱਕੇਬਾਜ਼ ਪਤੀ ਆਪਣੀ ਪਤਨੀ ਨੂੰ ਦਬਾ ਕੇ ਰੱਖਣ ਲਈ ਉਸ ਨਾਲ ਭੈੜਾ ਸਲੂਕ ਕਰਦਾ ਹੈ।

ਔਰਤਾਂ ਨੂੰ ਭੈੜੇ ਸਲੂਕ ਨਾਲ ਕੋਈ ਇਤਰਾਜ਼ ਨਹੀਂ।

ਇਹ ਖ਼ਿਆਲ ਸ਼ਾਇਦ ਉਨ੍ਹਾਂ ਲੋਕਾਂ ਦੇ ਮਨ ਵਿਚ ਆਵੇ ਜੋ ਉਨ੍ਹਾਂ ਔਰਤਾਂ ਦੀ ਬੇਬੱਸੀ ਨੂੰ ਨਹੀਂ ਸਮਝ ਸਕਦੇ ਜਿਨ੍ਹਾਂ ਕੋਲ ਬਚ ਨਿਕਲਣ ਦੀ ਕੋਈ ਜਗ੍ਹਾ ਨਹੀਂ ਹੈ। ਇਕ-ਦੋ ਹਫ਼ਤੇ ਲਈ ਕੋਈ ਔਰਤ ਕਿਸੇ ਦੇ ਘਰ ਰਹਿ ਲਵੇਗੀ ਪਰ ਉਸ ਤੋਂ ਬਾਅਦ ਉਹ ਬੇਚਾਰੀ ਕਿੱਥੇ ਜਾ ਸਕਦੀ ਹੈ? ਆਪਣੇ ਬੱਚਿਆਂ ਦੀ ਦੇਖ-ਭਾਲ ਕਰਦੀ ਹੋਈ ਨੌਕਰੀ ਲੱਭਣੀ ਅਤੇ ਕਰਾਇਆ ਭਰਨ ਦੀ ਸੋਚ ਵੀ ਔਰਤ ਦਾ ਹੌਸਲਾ ਹਰਾ ਸਕਦੀ ਹੈ। ਕਾਨੂੰਨ ਵੀ ਬੱਚੇ ਲੈ ਕੇ ਘਰੋਂ ਨਿਕਲਣ ਤੋਂ ਔਰਤ ਨੂੰ ਮਨ੍ਹਾ ਕਰ ਸਕਦਾ ਹੈ। ਕਈ ਔਰਤਾਂ ਜੋ ਬਚ ਕੇ ਨਿਕਲ ਵੀ ਗਈਆਂ ਸਨ ਬਾਅਦ ਵਿਚ ਫੜੀਆਂ ਗਈਆਂ ਸਨ ਅਤੇ ਚਾਹੇ ਪਿਆਰ ਨਾਲ ਜਾਂ ਮਜਬੂਰ ਕਰ ਕੇ ਘਰ ਵਾਪਸ ਲਿਆਈਆਂ ਗਈਆਂ ਸਨ। ਲੋਕ ਸ਼ਾਇਦ ਗ਼ਲਤੀ ਨਾਲ ਸੋਚਣ ਕਿ ਅਜਿਹੀ ਔਰਤ ਨੂੰ ਭੈੜੇ ਸਲੂਕ ਨਾਲ ਕੋਈ ਇਤਰਾਜ਼ ਨਹੀਂ ਹੈ।