Skip to content

Skip to table of contents

ਕੀ ਮੈਨੂੰ ਮੋਬਾਇਲ ਫ਼ੋਨ ਦੀ ਜ਼ਰੂਰਤ ਹੈ?

ਕੀ ਮੈਨੂੰ ਮੋਬਾਇਲ ਫ਼ੋਨ ਦੀ ਜ਼ਰੂਰਤ ਹੈ?

ਨੌਜਵਾਨ ਪੁੱਛਦੇ ਹਨ . . .

ਕੀ ਮੈਨੂੰ ਮੋਬਾਇਲ ਫ਼ੋਨ ਦੀ ਜ਼ਰੂਰਤ ਹੈ?

“ਜਦੋਂ ਮੇਰੇ ਕੋਲ ਮੋਬਾਇਲ ਫ਼ੋਨ ਨਹੀਂ ਹੁੰਦਾ, ਤਾਂ ਮੈਂ ਬਹੁਤ ਘਬਰਾ ਜਾਂਦੀ ਹਾਂ ਅਤੇ ਚਿੜਚਿੜੀ ਹੋ ਜਾਂਦੀ ਹਾਂ।”​—ਅਨੀਤਾ। *

ਕਈਆਂ ਦੇਸ਼ਾਂ ਵਿਚ ਅੱਜ-ਕੱਲ੍ਹ ਮੋਬਾਇਲ ਫ਼ੋਨ ਬਹੁਤ ਮਸ਼ਹੂਰ ਹੋ ਰਹੇ ਹਨ। ਵਰਤਣ ਲਈ ਇਹ ਬਹੁਤ ਸੁਖਾਲੇ ਹਨ। ਇਨ੍ਹਾਂ ਦੇ ਜ਼ਰੀਏ ਤੁਹਾਡੇ ਦੋਸਤ-ਮਿੱਤਰ ਅਤੇ ਮਾਪੇ ਤੁਹਾਨੂੰ ਜਦੋਂ ਮਰਜ਼ੀ ਅਤੇ ਕਿਤੇ ਵੀ ਤੁਹਾਡੇ ਨਾਲ ਗੱਲ ਕਰ ਸਕਦੇ ਹਨ। ਤੁਸੀਂ ਵੀ ਉਨ੍ਹਾਂ ਨਾਲ ਜਦੋਂ ਮਰਜ਼ੀ ਗੱਲ ਕਰ ਸਕਦੇ ਹੋ। ਮੋਬਾਇਲ ਫ਼ੋਨਾਂ ਦੇ ਕਈ ਮਾਡਲਾਂ ਤੇ ਤੁਸੀਂ ਦੂਸਰਿਆਂ ਨੂੰ ਛੋਟੇ-ਛੋਟੇ ਸੰਦੇਸ਼ ਟਾਈਪ ਕਰ ਕੇ ਟੈਕਸਟ ਮੈਸਿਜ ਭੇਜ ਸਕਦੇ ਹੋ। ਲੰਡਨ ਦੀ ਅਖ਼ਬਾਰ ਦ ਟਾਈਮਜ਼ ਕਹਿੰਦੀ ਹੈ: “ਅੱਜ-ਕੱਲ੍ਹ ਇਹ ਨੌਜਵਾਨਾਂ ਦਾ ਮੁੱਖ ਜ਼ਰੀਆ ਬਣ ਗਿਆ ਹੈ ਜਿਸ ਰਾਹੀਂ ਉਹ ਜਦੋਂ ਜੀਅ ਕੀਤਾ ਦੂਸਰਿਆਂ ਨਾਲ ਗੱਲ ਕਰ ਸਕਦੇ ਹਨ।” ਅਜਿਹੇ ਮੋਬਾਇਲ ਫ਼ੋਨ ਵੀ ਹਨ ਜਿਨ੍ਹਾਂ ਰਾਹੀਂ ਤੁਸੀਂ ਇੰਟਰਨੈੱਟ ਵੈੱਬ ਸਾਈਟਾਂ ਤੇ ਜਾ ਸਕਦੇ ਹੋ ਅਤੇ ਈ-ਮੇਲ ਭੇਜ ਸਕਦੇ ਹੋ।

ਹੋ ਸਕਦਾ ਹੈ ਕਿ ਤੁਹਾਡੇ ਕੋਲ ਪਹਿਲਾਂ ਹੀ ਮੋਬਾਇਲ ਫ਼ੋਨ ਹੈ ਜਾਂ ਸ਼ਾਇਦ ਤੁਸੀਂ ਮੋਬਾਇਲ ਫ਼ੋਨ ਖ਼ਰੀਦਣ ਬਾਰੇ ਸੋਚ ਰਹੇ ਹੋ। ਪਰ ਇਸ ਕਹਾਵਤ ਵੱਲ ਧਿਆਨ ਦੇਣਾ ਚੰਗਾ ਹੋਵੇਗਾ ਕਿ “ਹਰੇਕ ਸਿੱਕੇ ਦੇ ਦੋ ਪਾਸੇ ਹੁੰਦੇ ਹਨ।” ਮੋਬਾਇਲ ਫ਼ੋਨ ਦੇ ਕੁਝ ਫ਼ਾਇਦੇ ਤਾਂ ਜ਼ਰੂਰ ਹੁੰਦੇ ਹਨ। ਪਰ ਤੁਹਾਨੂੰ ਸਿੱਕੇ ਦੇ ਦੂਸਰੇ ਪਾਸੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਯਾਨੀ ਮੋਬਾਇਲ ਫ਼ੋਨ ਦੇ ਖ਼ਤਰਿਆਂ ਬਾਰੇ ਵੀ ਪਤਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਜਦ ਤੁਸੀਂ ਮੋਬਾਇਲ ਫ਼ੋਨ ਖ਼ਰੀਦੋਗੇ, ਤਾਂ ਤੁਸੀਂ ਇਸ ਨੂੰ ਸਮਝਦਾਰੀ ਨਾਲ ਵਰਤ ਸਕੋਗੇ।

‘ਖ਼ਰਚ ਦਾ ਲੇਖਾ ਕਰੋ’

ਯਿਸੂ ਨੇ ਇਹ ਵਧੀਆ ਸਿਧਾਂਤ ਪੇਸ਼ ਕੀਤਾ ਸੀ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ‘ਖ਼ਰਚ ਦਾ ਲੇਖਾ ਕਰ’ ਲੈਣਾ ਚਾਹੀਦਾ ਹੈ। (ਲੂਕਾ 14:28) ਕੀ ਇਹ ਸਿਧਾਂਤ ਮੋਬਾਇਲ ਫ਼ੋਨਾਂ ਤੇ ਲਾਗੂ ਕੀਤਾ ਜਾ ਸਕਦਾ ਹੈ? ਜ਼ਰੂਰ ਕੀਤਾ ਜਾ ਸਕਦਾ ਹੈ। ਸੱਚ ਹੈ ਕਿ ਤੁਸੀਂ ਬਹੁਤ ਹੀ ਸਸਤਾ ਫ਼ੋਨ ਲੈ ਸਕਦੇ ਹੋ ਜਾਂ ਸ਼ਾਇਦ ਤੁਹਾਨੂੰ ਫ਼ੋਨ ਮੁਫ਼ਤ ਵਿਚ ਹੀ ਮਿਲ ਜਾਵੇ। ਲੇਕਿਨ, 17 ਸਾਲਾਂ ਦੀ ਹੀਨਾ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ “ਫ਼ੋਨ ਦਾ ਬਹੁਤ ਜ਼ਿਆਦਾ ਬਿਲ ਆ ਸਕਦਾ ਹੈ।” ਇਸ ਦੇ ਨਾਲ-ਨਾਲ ਜ਼ਿਆਦਾ ਸਹੂਲਤਾਂ ਵਾਲੇ ਨਵੇਂ ਤੋਂ ਨਵੇਂ ਮਾਡਲ ਬਾਜ਼ਾਰ ਵਿਚ ਆ ਰਹੇ ਹਨ ਅਤੇ ਤੁਸੀਂ ਇਨ੍ਹਾਂ ਮਹਿੰਗੇ-ਮਹਿੰਗੇ ਫ਼ੋਨਾਂ ਨੂੰ ਖ਼ਰੀਦਣ ਦਾ ਲਗਾਤਾਰ ਦਬਾਅ ਮਹਿਸੂਸ ਕਰ ਸਕਦੇ ਹੋ। ਸੰਜੇ ਨਾਂ ਦਾ ਇਕ ਮੁੰਡਾ ਕਹਿੰਦਾ ਹੈ: “ਮੈਂ ਪਾਰਟ-ਟਾਈਮ ਨੌਕਰੀ ਕਰ ਕੇ ਹਰ ਸਾਲ ਨਵਾਂ-ਤੋਂ-ਨਵਾਂ ਫ਼ੋਨ ਲੈਣ ਲਈ ਪੈਸੇ ਜੋੜਦਾ ਹਾਂ।” ਕਈ ਹੋਰ ਨੌਜਵਾਨ ਵੀ ਇਸੇ ਤਰ੍ਹਾਂ ਕਰਦੇ ਹਨ। *

ਭਾਵੇਂ ਕਿ ਤੁਹਾਡੇ ਮਾਪੇ ਤੁਹਾਡੇ ਮੋਬਾਇਲ ਫ਼ੋਨ ਦਾ ਬਿਲ ਭਰਨ ਲਈ ਰਾਜ਼ੀ ਹਨ, ਫਿਰ ਵੀ ਇਸ ਦੇ ਖ਼ਰਚੇ ਨੂੰ ਸਮਝਣਾ ਜ਼ਰੂਰੀ ਹੈ। ਜਪਾਨ ਵਿਚ ਇਕ ਮਸੀਹੀ ਸਫ਼ਰੀ ਨਿਗਾਹਬਾਨ ਕਹਿੰਦਾ ਹੈ: “ਕੁਝ ਮਾਵਾਂ ਆਪਣੇ ਬੱਚਿਆਂ ਦੇ ਫ਼ੋਨ ਦਾ ਬਿਲ ਭਰਨ ਲਈ ਜ਼ਿਆਦਾ ਘੰਟੇ ਕੰਮ ਕਰ ਰਹੀਆਂ ਹਨ, ਭਾਵੇਂ ਉਨ੍ਹਾਂ ਦੇ ਬੱਚਿਆਂ ਨੂੰ ਫ਼ੋਨ ਦੇਣ ਦੀ ਜ਼ਰੂਰਤ ਹੀ ਨਹੀਂ ਸੀ।” ਕੀ ਤੁਸੀਂ ਆਪਣੇ ਮਾਪਿਆਂ ਉੱਤੇ ਅਜਿਹਾ ਬੋਝ ਪਾਉਣਾ ਚਾਹੋਗੇ?

“ਸਮਾਂ ਬਰਬਾਦ ਕਰਦਾ ਹੈ”

ਕਈ ਜੋ ਸ਼ੁਰੂ-ਸ਼ੁਰੂ ਵਿਚ ਫ਼ੋਨ ਤੇ ਥੋੜ੍ਹਾ ਹੀ ਸਮਾਂ ਲਗਾਉਂਦੇ ਸਨ, ਬਾਅਦ ਵਿਚ ਇਹ ਦੇਖਦੇ ਹਨ ਕਿ ਉਹ ਇਸ ਤੇ ਕੁਝ ਜ਼ਿਆਦਾ ਹੀ ਸਮਾਂ ਲੱਗਾ ਰਹੇ ਹਨ। ਉਨ੍ਹਾਂ ਨੂੰ ਜ਼ਿਆਦਾ ਜ਼ਰੂਰੀ ਕੰਮਾਂ ਲਈ ਵੀ ਸਮਾਂ ਨਹੀਂ ਮਿਲਦਾ। ਮੀਕਾ ਪਹਿਲਾਂ ਰੋਟੀ ਵੇਲੇ ਆਪਣੇ ਪਰਿਵਾਰ ਨਾਲ ਗੱਲਾਂ-ਬਾਤਾਂ ਕਰਦੀ ਹੁੰਦੀ ਸੀ। ਪਰ ਉਹ ਕਹਿੰਦੀ ਹੈ: “ਹੁਣ ਅਸੀਂ ਰੋਟੀ ਖਾ ਕੇ ਆਪਣੇ-ਆਪਣੇ ਫ਼ੋਨ ਲੈ ਕੇ ਆਪਣੇ-ਆਪਣੇ ਕਮਰਿਆਂ ਨੂੰ ਚੱਲੇ ਜਾਂਦੇ ਹਾਂ।”

ਲੰਡਨ ਦੀ ਅਖ਼ਬਾਰ ਦ ਗਾਰਡੀਅਨ ਕਹਿੰਦੀ ਹੈ: “16 ਤੋਂ 20 ਸਾਲਾਂ ਦੀ ਉਮਰ ਦੇ ਇਕ-ਤਿਹਾਈ ਨੌਜਵਾਨ ਚਿੱਠੀ ਲਿਖਣ ਜਾਂ ਈ-ਮੇਲ ਘੱਲਣ ਦੀ ਬਜਾਇ ਆਪਣੇ ਫ਼ੋਨ ਤੇ ਟੈਕਸਟ ਮੈਸਿਜ ਭੇਜਣਾ ਜ਼ਿਆਦਾ ਪਸੰਦ ਕਰਦੇ ਹਨ।” ਫ਼ੋਨ ਤੇ ਕਿਸੇ ਨਾਲ ਗੱਲ ਕਰਨ ਨਾਲੋਂ ਟੈਕਸਟ ਮੈਸਿਜ ਭੇਜਣਾ ਜ਼ਿਆਦਾ ਸਸਤਾ ਹੈ, ਪਰ ਇਸ ਨੂੰ ਟਾਈਪ ਕਰਨ ਲਈ ਜ਼ਿਆਦਾ ਵਕਤ ਲੱਗਦਾ ਹੈ। ਮੀਨਾ ਕਹਿੰਦੀ ਹੈ: “ਜੇ ਕੋਈ ਮੈਨੂੰ ‘ਗੁਡ ਨਾਈਟ’ ਮੈਸਿਜ ਭੇਜਦਾ ਹੈ, ਤਾਂ ਮੈਂ ਵੀ ਉਸ ਨੂੰ ‘ਗੁਡ ਨਾਈਟ’ ਮੈਸਿਜ ਵਾਪਸ ਭੇਜ ਦਿੰਦੀ ਹਾਂ। ਫਿਰ ਇੱਦਾਂ ਹੀ ਇਕ ਦੂਸਰੇ ਨੂੰ ਫਜ਼ੂਲ ਮੈਸਿਜ ਭੇਜਦੇ-ਭੇਜਦੇ ਘੰਟਾ ਕੁ ਲੰਘ ਜਾਂਦਾ ਹੈ।”

ਜੇ ਮੋਬਾਇਲ ਫ਼ੋਨ ਵਰਤਣ ਵਾਲੇ ਲੋਕ ਇਸ ਗੱਲ ਦਾ ਹਿਸਾਬ-ਕਿਤਾਬ ਰੱਖਣ ਕਿ ਉਹ ਇਕ ਮਹੀਨੇ ਵਿਚ ਕਿੰਨਾ ਕੁ ਸਮਾਂ ਫ਼ੋਨ ਤੇ ਗੁਜ਼ਾਰਦੇ ਹਨ, ਤਾਂ ਉਹ ਸ਼ਾਇਦ ਨਤੀਜਾ ਦੇਖ ਕੇ ਬਹੁਤ ਹੀ ਹੈਰਾਨ ਹੋਣਗੇ। ਤਾਨੀਆ ਨਾਂ ਦੀ 19 ਸਾਲਾਂ ਦੀ ਕੁੜੀ ਕਹਿੰਦੀ ਹੈ: “ਕਈਆਂ ਲੋਕਾਂ ਲਈ ਮੋਬਾਇਲ ਫ਼ੋਨ ਸਮਾਂ ਬਚਾਉਣ ਦੀ ਬਜਾਇ ਸਮਾਂ ਬਰਬਾਦ ਕਰਦਾ ਹੈ।” ਭਾਵੇਂ ਸਾਨੂੰ ਫ਼ੋਨ ਦੀ ਜ਼ਰੂਰਤ ਹੋਵੋ, ਫਿਰ ਵੀ ਸਾਨੂੰ ਉਸ ਨੂੰ ਵਰਤਣ ਵਿਚ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਅੰਜਲੀ ਨਾਂ ਦੀ ਇਕ ਕੁੜੀ ਕਹਿੰਦੀ ਹੈ: “ਇਹ ਕਾਫ਼ੀ ਆਮ ਗੱਲ ਹੈ ਕਿ ਮਸੀਹੀ ਸੰਮੇਲਨਾਂ ਵਿਚ ਕਈ ਨੌਜਵਾਨ ਇਕ ਦੂਸਰੇ ਨੂੰ ਫ਼ੋਨ ਤੇ ਫਜ਼ੂਲ ਮੈਸਿਜ ਭੇਜਦੇ ਰਹਿੰਦੇ ਹਨ।” ਕਈ ਨੌਜਵਾਨ ਪ੍ਰਚਾਰ ਕਰਦੇ ਸਮੇਂ ਵੀ ਇਸ ਤਰ੍ਹਾਂ ਕਰਦੇ ਹਨ। ਬਾਈਬਲ ਸਲਾਹ ਦਿੰਦੀ ਹੈ ਕਿ ਮਸੀਹੀਆਂ ਨੂੰ ਰੂਹਾਨੀ ਕੰਮਾਂ ਲਈ ਸਮਾਂ ਕੱਢਣਾ ਚਾਹੀਦਾ ਹੈ। (ਅਫ਼ਸੀਆਂ 5:16) ਇਹ ਕਿੰਨੀ ਅਫ਼ਸੋਸ ਦੀ ਗੱਲ ਹੁੰਦੀ ਹੈ ਜਦੋਂ ਰੂਹਾਨੀ ਕੰਮਾਂ ਲਈ ਅਲੱਗ ਰੱਖੇ ਗਏ ਕੀਮਤੀ ਵਕਤ ਨੂੰ ਫ਼ੋਨ ਤੇ ਗੱਲਾਂ ਕਰਨ ਵਿਚ ਬਰਬਾਦ ਕੀਤਾ ਜਾਂਦਾ ਹੈ!

ਚੋਰੀ-ਛੁਪੇ ਗੱਲ-ਬਾਤ ਕਰਨੀ

ਆਸ਼ਾ ਇਕ ਹੋਰ ਖ਼ਤਰੇ ਬਾਰੇ ਦੱਸਦੀ ਹੈ: “ਮੋਬਾਇਲ ਫ਼ੋਨ ਦੀ ਲਾਈਨ ਘਰ ਦੇ ਫ਼ੋਨ ਤੋਂ ਵੱਖਰੀ ਹੁੰਦੀ ਹੈ, ਇਸ ਲਈ ਖ਼ਤਰਾ ਇਹ ਪੈਦਾ ਹੋ ਸਕਦਾ ਹੈ ਕਿ ਮਾਪਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਨ੍ਹਾਂ ਦੇ ਬੱਚੇ ਕਦੋਂ ਜਾਂ ਕਿਸ ਨਾਲ ਗੱਲ ਕਰ ਰਹੇ ਹਨ।” ਇਸ ਤਰ੍ਹਾਂ ਕੁਝ ਮੁੰਡੇ-ਕੁੜੀਆਂ ਮੋਬਾਇਲ ਫ਼ੋਨ ਤੇ ਇਕ ਦੂਸਰੇ ਨਾਲ ਚੋਰੀ-ਛੁਪੇ ਗੱਲ-ਬਾਤ ਕਰਦੇ ਹਨ। ਕਈ ਨੌਜਵਾਨ ਲਾਪਰਵਾਹ ਹੋ ਗਏ ਹਨ ਅਤੇ ਉਨ੍ਹਾਂ ਨੇ ਨੈਤਿਕ ਮਿਆਰਾਂ ਨੂੰ ਅਣਗੌਲਿਆਂ ਕੀਤਾ ਹੈ ਜੋ ਉਹ ਆਮ ਤੌਰ ਤੇ ਕਦੇ ਨਾ ਕਰਦੇ। ਇਹ ਕਿਵੇਂ?

ਲੰਡਨ ਦੀ ਅਖ਼ਬਾਰ ਦ ਡੇਲੀ ਟੈਲੀਗ੍ਰਾਫ਼ ਕਹਿੰਦੀ ਹੈ: “ਟੈਕਸਟ ਮੈਸਿਜ ਭੇਜਣ ਦਾ ਮਤਲਬ ਇਹ ਹੈ ਕਿ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗਦਾ ਕਿ [ਨੌਜਵਾਨ] ਕੀ ਕਰ ਰਹੇ ਹਨ।” ਜਦ ਤੁਸੀਂ ਦੂਸਰੇ ਵਿਅਕਤੀ ਨੂੰ ਦੇਖ ਜਾਂ ਸੁਣ ਨਹੀਂ ਸਕਦੇ ਹੋ, ਤਾਂ ਇਹ ਤੁਹਾਡੇ ਰਵੱਈਏ ਉੱਤੇ ਅਸਰ ਪਾ ਸਕਦਾ ਹੈ। ਟੀਮੋ ਕਹਿੰਦਾ ਹੈ: “ਕਈ ਮਹਿਸੂਸ ਕਰਦੇ ਹਨ ਕਿ ਟੈਕਸਟ ਮੈਸਿਜ ਰਾਹੀਂ ਕਿਸੇ ਨਾਲ ਗੱਲ-ਬਾਤ ਕਰਨ ਨਾਲ ਕੁਝ ਹੱਦ ਤਕ ਦੂਰੀ ਬਣੀ ਰਹਿੰਦੀ ਹੈ। ਮੈਸਿਜ ਵਿਚ ਕੁਝ ਲੋਕ ਅਜਿਹੀਆਂ ਗੱਲਾਂ ਲਿਖਦੇ ਹਨ ਜੋ ਉਹ ਆਮ੍ਹੋ-ਸਾਮ੍ਹਣੇ ਹੁੰਦੇ ਹੋਏ ਕਹਿਣ ਦੀ ਕਦੇ ਹਿੰਮਤ ਨਾ ਕਰਦੇ।”

ਜਦੋਂ 17 ਸਾਲਾਂ ਦੀ ਕਿਰਨ ਨੇ ਮੋਬਾਇਲ ਫ਼ੋਨ ਲਿਆ, ਤਾਂ ਉਸ ਨੇ ਆਪਣੇ ਕਈਆਂ ਦੋਸਤ-ਮਿੱਤਰਾਂ ਨੂੰ ਆਪਣਾ ਫ਼ੋਨ ਨੰਬਰ ਦੇ ਦਿੱਤਾ। ਥੋੜ੍ਹੀ ਹੀ ਦੇਰ ਬਾਅਦ ਉਹ ਆਪਣੀ ਹੀ ਕਲੀਸਿਯਾ ਦੇ ਇਕ ਮੁੰਡੇ ਨੂੰ ਹਰ ਰੋਜ਼ ਮੈਸਿਜ ਭੇਜਣ ਲੱਗ ਪਈ। ਕਿਰਨ ਕਹਿੰਦੀ ਹੈ: “ਪਹਿਲਾਂ ਤਾਂ ਅਸੀਂ ਸਿਰਫ਼ ਆਮ ਗੱਲਾਂ ਕਰਦੇ ਸੀ, ਪਰ ਫਿਰ ਅਸੀਂ ਇਕ ਦੂਸਰੇ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸਣ ਲੱਗ ਪਏ। ਅਸੀਂ ਫ਼ੋਨ ਰਾਹੀਂ ਆਪਣੀ ਛੋਟੀ ਜਿਹੀ ਦੁਨੀਆਂ ਬਣਾ ਲਈ ਸੀ।”

ਇਸ ਤੋਂ ਪਹਿਲਾਂ ਕਿ ਗੱਲ ਬਹੁਤ ਅੱਗੇ ਵਧ ਜਾਂਦੀ, ਉਸ ਦੇ ਮਾਪਿਆਂ ਤੇ ਮਸੀਹੀ ਬਜ਼ੁਰਗਾਂ ਨੇ ਉਸ ਦੀ ਸੰਭਲ ਜਾਣ ਵਿਚ ਮਦਦ ਕੀਤੀ। ਉਹ ਹੁਣ ਸਵੀਕਾਰ ਕਰਦੀ ਹੈ: “ਭਾਵੇਂ ਮੈਨੂੰ ਮੋਬਾਇਲ ਫ਼ੋਨ ਦੇਣ ਤੋਂ ਪਹਿਲਾਂ, ਮੇਰੇ ਮਾਪਿਆਂ ਨੇ ਮੁੰਡਿਆਂ ਨਾਲ ਗੱਲ-ਬਾਤ ਕਰਨ ਬਾਰੇ ਮੈਨੂੰ ਬਹੁਤ ਸਮਝਾਇਆ ਸੀ, ਫਿਰ ਵੀ ਮੈਂ ਉਸ ਮੁੰਡੇ ਨੂੰ ਹਰ ਰੋਜ਼ ਮੈਸਿਜ ਭੇਜਦੀ ਹੁੰਦੀ ਸੀ। ਮੈਂ ਫ਼ੋਨ ਦੀ ਬਹੁਤ ਹੀ ਗ਼ਲਤ ਵਰਤੋਂ ਕੀਤੀ।” *

ਬਾਈਬਲ ਸਾਨੂੰ ਆਪਣਾ ‘ਅੰਤਹਕਰਨ ਸ਼ੁੱਧ ਰੱਖਣ’ ਦੀ ਤਾਕੀਦ ਕਰਦੀ ਹੈ। (1 ਪਤਰਸ 3:16) ਇਸ ਦਾ ਕੀ ਮਤਲਬ ਹੈ? ਜੀਤ ਨਾਂ ਦਾ ਮੁੰਡਾ ਸਮਝਾਉਂਦਾ ਹੈ ਕਿ ਮੋਬਾਇਲ ਫ਼ੋਨ ਵਰਤਦੇ ਸਮੇਂ ਸਾਡੀਆਂ ਗੱਲਾਂ ਜਾਂ ਸਾਡੇ ਟਾਈਪ ਕੀਤੇ ਸੰਦੇਸ਼ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਕਿ ਜੇ ਕਿਤੇ ਕੋਈ ਇਸ ਨੂੰ ਸੁਣ ਜਾਂ ਪੜ੍ਹ ਵੀ ਲਵੇ, ਤਾਂ ਸਾਨੂੰ ‘ਲੱਜਿਆਵਾਨ ਨਹੀਂ ਹੋਣਾ ਪਵੇਗਾ।’ ਹਮੇਸ਼ਾ ਯਾਦ ਰੱਖੋ ਕਿ ਸਾਡੇ ਸਵਰਗੀ ਪਿਤਾ ਤੋਂ ਕੋਈ ਗੱਲ ਛੁਪਾਈ ਨਹੀਂ ਜਾ ਸਕਦੀ। ਬਾਈਬਲ ਸਮਝਾਉਂਦੀ ਹੈ: “ਸਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ, ਪਰ ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।” (ਇਬਰਾਨੀਆਂ 4:13) ਤਾਂ ਫਿਰ, ਚੋਰੀ-ਛੁਪੇ ਕਿਸੇ ਨਾਲ ਰੋਮਾਂਟਿਕ ਸੰਬੰਧ ਕਾਇਮ ਕਰਨ ਦਾ ਜਤਨ ਕਰਨਾ ਫ਼ਜ਼ੂਲ ਹੋਵੇਗਾ।

ਸੋਚ-ਸਮਝ ਕੇ ਵਰਤੋ

ਜੇ ਤੁਸੀਂ ਮੋਬਾਇਲ ਫ਼ੋਨ ਖ਼ਰੀਦਣ ਬਾਰੇ ਸੋਚ ਰਹੇ ਹੋ, ਤਾਂ ਕਿਉਂ ਨਾ ਪਹਿਲਾਂ ਆਪਣੀਆਂ ਹਾਲਤਾਂ ਬਾਰੇ ਚੰਗੀ ਤਰ੍ਹਾਂ ਸੋਚੋ ਅਤੇ ਜਾਂਚ ਕਰੋ ਕਿ ਤੁਹਾਨੂੰ ਇਸ ਦੀ ਸੱਚ-ਮੁੱਚ ਜ਼ਰੂਰਤ ਹੈ ਜਾਂ ਨਹੀਂ? ਆਪਣੇ ਮਾਪਿਆਂ ਨਾਲ ਇਸ ਬਾਰੇ ਗੱਲ ਕਰੋ। ਕਈ ਨੌਜਵਾਨ ਜੀਨਾ ਵਾਂਗ ਮਹਿਸੂਸ ਕਰਦੇ ਹਨ ਜੋ ਕਹਿੰਦੀ ਹੈ: “ਮੋਬਾਇਲ ਫ਼ੋਨ ਦੀ ਸਹੀ ਵਰਤੋਂ ਕਰਨੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਕਈ ਨੌਜਵਾਨ ਇਸ ਨੂੰ ਸਾਂਭਣ ਦੇ ਕਾਬਲ ਨਹੀਂ ਹਨ।”

ਜੇ ਤੁਸੀਂ ਫ਼ੋਨ ਖ਼ਰੀਦਣ ਦਾ ਫ਼ੈਸਲਾ ਕਰਦੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਵਰਤੋ। ਪਰ ਕਿਵੇਂ? ਆਪਣੇ ਉੱਤੇ ਪਾਬੰਦੀਆਂ ਲਗਾਓ। ਮਿਸਾਲ ਲਈ, ਪਹਿਲਾਂ ਹੀ ਤੈ ਕਰ ਲਓ ਕਿ ਤੁਸੀਂ ਫ਼ੋਨ ਦੀਆਂ ਕਿਹੜੀਆਂ-ਕਿਹੜੀਆਂ ਸਹੂਲਤਾਂ ਵਰਤੋਗੇ ਜਾਂ ਤੁਸੀਂ ਫ਼ੋਨ ਤੇ ਕਿੰਨਾ ਕੁ ਸਮਾਂ ਅਤੇ ਪੈਸਾ ਲਗਾਓਗੇ। ਕਈ ਕੰਪਨੀਆਂ ਫ਼ੋਨ ਕਾਲਾਂ ਦੀ ਪੂਰੀ ਰਿਪੋਰਟ ਸਮੇਂ-ਸਮੇਂ ਤੇ ਭੇਜਦੀਆਂ ਰਹਿੰਦੀਆਂ ਹਨ। ਸ਼ਾਇਦ ਕਦੀ-ਕਦਾਈਂ ਤੁਸੀਂ ਆਪਣੇ ਮਾਪਿਆਂ ਨਾਲ ਬੈਠ ਕੇ ਆਪਣੇ ਫ਼ੋਨ ਦੇ ਬਿਲ ਵੱਲ ਧਿਆਨ ਦੇਣਾ ਚਾਹੋਗੇ। ਫ਼ੋਨ ਦੀ ਵਰਤੋਂ ਨੂੰ ਸੀਮਿਤ ਰੱਖਣ ਲਈ ਕਈ ਅਜਿਹਾ ਮੋਬਾਇਲ ਫ਼ੋਨ ਲੈਂਦੇ ਹਨ ਜਿਸ ਰਾਹੀਂ ਉਹ ਸਿਰਫ਼ ਉੱਨੇ ਸਮੇਂ ਤਕ ਫ਼ੋਨ ਇਸਤੇਮਾਲ ਕਰ ਸਕਦੇ ਹਨ ਜਿੰਨੇ ਸਮੇਂ ਲਈ ਉਨ੍ਹਾਂ ਨੇ ਪਹਿਲਾਂ ਹੀ ਪੈਸੇ ਭਰੇ ਹੁੰਦੇ ਹਨ।

ਇਸ ਬਾਰੇ ਵੀ ਧਿਆਨ ਨਾਲ ਸੋਚੋ ਕਿ ਤੁਸੀਂ ਕਿਸੇ ਦੇ ਫ਼ੋਨ ਕਾਲ ਜਾਂ ਮੈਸਿਜ ਦਾ ਕਦੋਂ ਅਤੇ ਕਿਵੇਂ ਜਵਾਬ ਦਿਓਗੇ। ਸਮਝਦਾਰੀ ਨਾਲ ਫ਼ੋਨ ਦੀ ਵਰਤੋ ਤੇ ਪਾਬੰਦੀਆਂ ਲਾਓ। ਸ਼ਿੰਦਾ ਸਮਝਾਉਂਦਾ ਹੈ: “ਮੈਂ ਦਿਨ ਵਿਚ ਸਿਰਫ਼ ਇਕ ਵਾਰ ਆਪਣੇ ਮੈਸਿਜ ਦੇਖਦਾ ਹਾਂ ਅਤੇ ਸਿਰਫ਼ ਉਨ੍ਹਾਂ ਦਾ ਹੀ ਜਵਾਬ ਦਿੰਦਾ ਹਾਂ ਜੋ ਜ਼ਰੂਰੀ ਹਨ। ਨਤੀਜਾ ਇਹ ਹੋਇਆ ਹੈ ਕਿ ਮੇਰੇ ਦੋਸਤ-ਮਿੱਤਰ ਹੁਣ ਮੈਨੂੰ ਫ਼ਜ਼ੂਲ ਮੈਸਿਜ ਨਹੀਂ ਭੇਜਦੇ। ਜੇ ਉਨ੍ਹਾਂ ਨੂੰ ਮੇਰੇ ਨਾਲ ਕੋਈ ਬਹੁਤ ਹੀ ਜ਼ਰੂਰੀ ਕੰਮ ਹੋਵੇ, ਤਾਂ ਉਹ ਮੈਨੂੰ ਫ਼ੋਨ ਕਰ ਦਿੰਦੇ ਹਨ।” ਸਾਡੇ ਲਈ ਇਸ ਗੱਲ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ ਕਿ ਅਸੀਂ ਕਿਨ੍ਹਾਂ ਨਾਲ ਗੱਲ-ਬਾਤ ਕਰਦੇ ਹਾਂ। ਸਾਰਿਆਂ ਨੂੰ ਆਪਣਾ ਫ਼ੋਨ ਨੰਬਰ ਨਾ ਦਿਓ। ਚੰਗੀ ਸੰਗਤ ਰੱਖਣ ਦੇ ਸਿਧਾਂਤਾਂ ਨੂੰ ਲਾਗੂ ਕਰੋ।—1 ਕੁਰਿੰਥੀਆਂ 15:33.

ਬਾਈਬਲ ਵਿਚ ਲਿਖਿਆ ਹੈ: “ਹਰੇਕ ਕੰਮ ਦਾ ਇੱਕ ਸਮਾ ਹੈ, . . . ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1, 7) ਯਕੀਨਨ ਮੋਬਾਇਲ ਫ਼ੋਨਾਂ ਲਈ ਵੀ “ਇੱਕ ਚੁੱਪ ਕਰਨ” ਦਾ ਸਮਾਂ ਹੁੰਦਾ ਹੈ। ਜਦੋਂ ਅਸੀਂ ਮਸੀਹੀ ਸਭਾਵਾਂ ਵਿਚ ਹੁੰਦੇ ਹਾਂ ਜਾਂ ਪ੍ਰਚਾਰ ਕਰ ਰਹੇ ਹੁੰਦੇ ਹਾਂ, ਤਾਂ ਇਹ ਪਰਮੇਸ਼ੁਰ ਦੀ ਉਪਾਸਨਾ ਕਰਨ ਦਾ “ਸਮਾ” ਹੁੰਦਾ ਹੈ, ਨਾ ਕਿ ਫ਼ੋਨ ਕਰਨ ਦਾ। ਕਈਆਂ ਹੋਟਲਾਂ ਅਤੇ ਸਿਨਮਿਆਂ ਦੇ ਮੈਨੇਜਰ ਅਕਸਰ ਆਪਣੇ ਗਾਹਕਾਂ ਨੂੰ ਕਹਿੰਦੇ ਹਨ ਕਿ ਉਹ ਆਪਣੇ ਮੋਬਾਇਲ ਫ਼ੋਨ ਨਾ ਵਰਤਣ। ਅਸੀਂ ਉਨ੍ਹਾਂ ਦਾ ਆਦਰ ਕਰ ਕੇ ਅਜਿਹੀਆਂ ਮੰਗਾਂ ਪੂਰੀਆਂ ਕਰਦੇ ਹਾਂ। ਤਾਂ ਫਿਰ, ਵਿਸ਼ਵ ਦੇ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਇਸ ਤੋਂ ਵੀ ਵੱਧ ਇੱਜ਼ਤ ਕੀਤੀ ਜਾਣੀ ਚਾਹੀਦੀ ਹੈ!

ਜਦੋਂ ਕਿਸੇ ਜ਼ਰੂਰੀ ਫ਼ੋਨ ਕਾਲ ਦੇ ਆਉਣ ਦੀ ਆਸ ਨਹੀਂ ਹੁੰਦੀ ਹੈ, ਤਾਂ ਕਈ ਲੋਕ ਜ਼ਰੂਰੀ ਕੰਮ ਕਰਦੇ ਸਮੇਂ ਆਪਣੇ ਫ਼ੋਨ ਬੰਦ ਕਰ ਦਿੰਦੇ ਹਨ ਜਾਂ ਉਨ੍ਹਾਂ ਨੂੰ ਸਾਈਲੰਟ ਮੋਡ ਤੇ ਲਾ ਦਿੰਦੇ ਹਨ। ਕਈ ਆਪਣੇ ਨਾਲ ਫ਼ੋਨ ਲੈ ਕੇ ਹੀ ਨਹੀਂ ਜਾਂਦੇ ਕਿਉਂਕਿ ਉਹ ਜਾਣਦੇ ਹਨ ਕਿ ਜ਼ਿਆਦਾਤਰ ਮੈਸਿਜਾਂ ਦਾ ਬਾਅਦ ਵਿਚ ਵੀ ਜਵਾਬ ਦਿੱਤਾ ਜਾ ਸਕਦਾ ਹੈ।

ਜੇ ਤੁਸੀਂ ਮੋਬਾਇਲ ਫ਼ੋਨ ਲੈਣ ਦਾ ਫ਼ੈਸਲਾ ਕਰ ਲਿਆ ਹੈ, ਤਾਂ ਆਪਣਾ ਇਰਾਦਾ ਪੱਕਾ ਕਰੋ ਕਿ ਤੁਸੀਂ ਇਸ ਨੂੰ ਸੋਚ-ਸਮਝ ਕੇ ਵਰਤੋਗੇ। ਇਸ ਤਰ੍ਹਾਂ ਕਰਨ ਲਈ ਤੁਹਾਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਕਿਹੜੀਆਂ ਗੱਲਾਂ ਜ਼ਿਆਦਾ ਜ਼ਰੂਰੀ ਹਨ। ਬਾਈਬਲ ਸਲਾਹ ਦਿੰਦੀ ਹੈ: “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ।” (ਅਫ਼ਸੀਆਂ 5:15) ਤਾਂ ਫਿਰ, ਜੇਕਰ ਤੁਸੀਂ ਮੋਬਾਇਲ ਫ਼ੋਨ ਲੈਣ ਦਾ ਫ਼ੈਸਲਾ ਕਰਦੇ ਹੋ, ਤਾਂ ਇਸ ਨੂੰ ਬੁੱਧੀਮਤਾ ਨਾਲ ਵਰਤਣ ਦਾ ਪੱਕਾ ਇਰਾਦਾ ਕਰੋ। (g02 10/22)

[ਫੁਟਨੋਟ]

^ ਪੈਰਾ 3 ਕੁਝ ਨਾਂ ਬਦਲ ਦਿੱਤੇ ਗਏ ਹਨ।

^ ਪੈਰਾ 7 ਪੜ੍ਹਾਈ ਦੇ ਨਾਲ-ਨਾਲ ਨੌਕਰੀ ਕਰਨ ਬਾਰੇ ਜਾਣਕਾਰੀ ਲਈ ਹਿੰਦੀ ਦੇ 8 ਅਕਤੂਬਰ 1997 ਦੇ ਜਾਗਰੂਕ ਬਣੋ! ਰਸਾਲੇ ਵਿਚ “ਨੌਜਵਾਨ ਪੁੱਛਦੇ ਹਨ—ਪੈਸਾ ਬਣਾਉਣ ਵਿਚ ਕੀ ਹਰਜ਼ ਹੈ?” ਲੇਖ ਦੇਖੋ।

^ ਪੈਰਾ 18 ਕਿਸੇ ਮੁੰਡੇ ਜਾਂ ਕੁੜੀ ਨਾਲ ਫ਼ੋਨ ਤੇ ਬਾਕਾਇਦਾ ਗੱਲ ਕਰਨੀ ਜਾਂ ਉਸ ਨੂੰ ਬਾਕਾਇਦਾ ਮੈਸਿਜ ਭੇਜਣੇ ਇਕ ਕਿਸਮ ਦੀ ਡੇਟਿੰਗ ਹੈ। ਅੰਗ੍ਰੇਜ਼ੀ ਦੇ 22 ਅਗਸਤ 1992 ਦੇ ਜਾਗਰੂਕ ਬਣੋ! ਰਸਾਲੇ ਵਿਚ “ਨੌਜਵਾਨ ਪੁੱਛਦੇ ਹਨ—ਇਕ ਦੂਸਰੇ ਨਾਲ ਗੱਲ ਕਰਨ ਵਿਚ ਕੀ ਬੁਰਾਈ ਹੈ?” ਨਾਂ ਦਾ ਲੇਖ ਦੇਖੋ।

[ਸਫ਼ੇ 16 ਉੱਤੇ ਤਸਵੀਰਾਂ]

ਕਈ ਮੁੰਡੇ-ਕੁੜੀਆਂ ਮੋਬਾਇਲ ਫ਼ੋਨ ਰਾਹੀਂ ਚੋਰੀ-ਛੁਪੇ ਰੋਮਾਂਟਿਕ ਸੰਬੰਧ ਕਾਇਮ ਕਰਦੇ ਹਨ