Skip to content

Skip to table of contents

ਕੀ ਇਹ ਚੰਗਾ ਜੀਵਨ-ਸਾਥੀ ਬਣੇਗਾ?

ਕੀ ਇਹ ਚੰਗਾ ਜੀਵਨ-ਸਾਥੀ ਬਣੇਗਾ?

ਨੌਜਵਾਨ ਪੁੱਛਦੇ ਹਨ . . .

ਕੀ ਇਹ ਚੰਗਾ ਜੀਵਨ-ਸਾਥੀ ਬਣੇਗਾ?

ਕੁਝ ਮਿੰਟ ਕੱਢ ਕੇ ਹੇਠ ਦਿੱਤੇ ਸਵਾਲਾਂ ਦੇ ਜਵਾਬ ਦਿਓ:

ਤੁਸੀਂ ਆਪਣੇ ਜੀਵਨ-ਸਾਥੀ ਵਿਚ ਕਿਹੜੇ ਗੁਣ ਦੇਖਣਾ ਚਾਹੁੰਦੇ ਹੋ? ਹੇਠਾਂ ਦਿੱਤੀ ਗਈ ਸੂਚੀ ਵਿੱਚੋਂ ਉਨ੍ਹਾਂ ਚਾਰ ਗੁਣਾਂ ਤੇਦਾ ਨਿਸ਼ਾਨ ਲਗਾਓ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਜ਼ਰੂਰੀ ਸਮਝਦੇ ਹੋ।

........... ਸੋਹਣਾ-ਸੁਨੱਖਾ

........... ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਵਾਲਾ

........... ਦੋਸਤਾਨਾ ਸੁਭਾਅ ਵਾਲਾ

........... ਭਰੋਸੇਯੋਗ

........... ਸਾਰਿਆਂ ਨੂੰ ਪਸੰਦ

........... ਨੇਕ

........... ਮਜ਼ਾਕੀਆ

........... ਮਿਹਨਤੀ

ਕੀ ਤੁਹਾਡਾ ਦਿਲ ਕਦੇ ਕਿਸੇ ਤੇ ਆਇਆ ਹੈ? ਇਸ ਸੂਚੀ ਵਿਚ ਉਸ ਗੁਣ ਤੇਦਾ ਨਿਸ਼ਾਨ ਲਗਾਓ ਜੋ ਤੁਹਾਨੂੰ ਉਸ ਵਿਅਕਤੀ ਵਿਚ ਸਭ ਤੋਂ ਚੰਗਾ ਲੱਗਾ ਸੀ।

ਉੱ ਪਰ ਦੱਸੇ ਗਏ ਕਿਸੇ ਵੀ ਗੁਣ ਵਿਚ ਕੋਈ ਖ਼ਰਾਬੀ ਨਹੀਂ। ਇਨ੍ਹਾਂ ਸਾਰਿਆਂ ਗੁਣਾਂ ਵਿਚ ਆਪੋ-ਆਪਣੀ ਖੂਬੀ ਹੈ। ਪਰ ਤੁਸੀਂ ਸ਼ਾਇਦ ਸਹਿਮਤ ਹੋਵੋਗੇ ਕਿ ਅੱਲੜ੍ਹ ਉਮਰ ਵਿਚ ਜਦ ਕਿਸੇ ਤੇ ਦਿਲ ਆ ਜਾਂਦਾ ਹੈ, ਤਾਂ ਅਕਸਰ ਇਨਸਾਨ ਉਨ੍ਹਾਂ ਗੁਣਾਂ ਵੱਲ ਹੀ ਖਿੱਚਿਆ ਜਾਂਦਾ ਹੈ ਜੋ ਉੱਪਰੋਂ-ਉੱਪਰੋਂ ਨਜ਼ਰ  ਆਉਂਦੇ ਹਨ। ਇਨ੍ਹਾਂ ਗੁਣਾਂ ਦਾ ਜ਼ਿਕਰ ਖੱਬੇ ਪਾਸੇ ਕੀਤਾ ਗਿਆ ਹੈ।

ਲੇਕਿਨ ਜਿਉਂ-ਜਿਉਂ ਤੁਸੀਂ ਵੱਡੇ ਹੁੰਦੇ ਹੋ ਤੁਸੀਂ ਇਸ ਮਾਮਲੇ ਬਾਰੇ ਜ਼ਿਆਦਾ ਗਹਿਰਾਈ ਨਾਲ ਸੋਚਦੇ ਹੋ। ਉਦੋਂ ਤੁਸੀਂ ਆਪਣੇ ਜੀਵਨ-ਸਾਥੀ ਵਿਚ ਉਹ ਗੁਣ ਲੱਭਣ ਦੀ ਕੋਸ਼ਿਸ਼ ਕਰੋਗੇ ਜੋ ਸੱਜੇ ਪਾਸੇ ਦਿੱਤੇ ਗਏ ਹਨ। ਮਿਸਾਲ ਲਈ, ਤੁਸੀਂ ਸਮਝ ਜਾਂਦੇ ਹੋ ਕਿ ਗੁਆਂਢ ਵਿਚ ਸਭ ਤੋਂ ਖੂਬਸੂਰਤ ਕੁੜੀ ਸ਼ਾਇਦ ਭਰੋਸੇਯੋਗ ਨਾ ਹੋਵੇ ਜਾਂ ਜਿਹੜਾ ਮੁੰਡਾ ਸਾਰਿਆਂ ਨੂੰ ਪਸੰਦ ਹੈ ਉਸ ਦਾ ਚਾਲ-ਚਲਣ ਸ਼ਾਇਦ ਚੰਗਾ ਨਾ ਹੋਵੇ। ‘ਜੁਆਨੀ ਦੀ ਉਮਰ’ ਵਿਚ ਤੁਹਾਡੀਆਂ ਕਾਮ ਇੱਛਾਵਾਂ ਵਧ ਜਾਂਦੀਆਂ ਹਨ। ਇਸ ਲਈ ਚੰਗਾ ਹੋਵੇਗਾ ਜੇ ਤੁਸੀਂ ਇਸ ਸਮੇਂ ਦੇ ਲੰਘ ਜਾਣ ਤੋਂ ਬਾਅਦ ਹੀ ਜੀਵਨ-ਸਾਥੀ ਭਾਲਣ ਦੀ ਕੋਸ਼ਿਸ਼ ਕਰੋ। ਕਿਉਂਕਿ ਸਿਰਫ਼ ਉਦੋਂ ਹੀ ਤੁਸੀਂ ਉੱਪਰੋਂ-ਉੱਪਰੋਂ ਨਜ਼ਰ ਆਉਣ ਵਾਲੇ ਗੁਣਾਂ ਦੀ ਬਜਾਇ ਵਿਅਕਤੀ ਦੇ ਅੰਦਰਲੇ ਗੁਣਾਂ ਵੱਲ ਧਿਆਨ ਦੇ ਸਕੋਗੇ।—1 ਕੁਰਿੰਥੀਆਂ 7:36.

ਕੀ ਕੋਈ ਵੀ ਚੱਲੂ?

ਹੋ ਸਕਦਾ ਹੈ ਕਿ ਚੜ੍ਹਦੀ ਜਵਾਨੀ ਵਿਚ ਕਈਆਂ ਵੱਲ ਤੁਹਾਡਾ ਧਿਆਨ ਖਿੱਚਿਆ ਜਾਵੇ। ਪਰ ਯਾਦ ਰੱਖੋ ਕਿ ਤੁਸੀਂ ਇਕ ਜੀਵਨ-ਸਾਥੀ ਲੱਭ ਰਹੇ ਹੋ। ਇਸ ਲਈ ਇਹ ਨਾ ਸੋਚੋ ਕਿ ਇਨ੍ਹਾਂ ਵਿੱਚੋਂ ਕੋਈ ਵੀ ਚੱਲੂ। ਤੁਸੀਂ ਅਜਿਹਾ ਜੀਵਨ-ਸਾਥੀ ਪਾਉਣਾ ਚਾਹੁੰਦੇ ਹੋ ਜੋ ਤੁਹਾਡੇ ਤੇ ਚੰਗਾ ਅਸਰ ਪਾਵੇਗਾ ਅਤੇ ਜਿਸ ਦੀ ਤੁਸੀਂ ਵੀ ਬਿਹਤਰ ਇਨਸਾਨ ਬਣਨ ਵਿਚ ਮਦਦ ਕਰ ਸਕੋਗੇ। (ਮੱਤੀ 19:4-6) ਪਰ ਕਿੱਦਾਂ ਮਿਲੇਗਾ ਅਜਿਹਾ ਵਿਅਕਤੀ? ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਤੁਹਾਨੂੰ ਖ਼ੁਦ ‘ਸ਼ੀਸ਼ੇ ਵਿੱਚ ਵੇਖਣ’ ਯਾਨੀ ਆਪਣੇ ਆਪ ਦੀ ਜਾਂਚ ਕਰਨ ਦੀ ਲੋੜ ਹੈ।—ਯਾਕੂਬ 1:23-25.

ਆਪਣੇ ਆਪ ਦੀ ਜਾਂਚ ਕਰਨ ਲਈ ਇਹ ਸਵਾਲ ਪੁੱਛੋ:

ਮੇਰੇ ਵਿਚ ਕਿਹੜੀਆਂ ਖੂਬੀਆਂ ਹਨ?

..........................

ਮੇਰੇ ਵਿਚ ਕਿਹੜੀਆਂ ਕਮੀਆਂ-ਕਮਜ਼ੋਰੀਆਂ ਹਨ?

..........................

ਮੇਰੀਆਂ ਭਾਵਾਤਮਕ ਤੇ ਅਧਿਆਤਮਿਕ ਜ਼ਰੂਰਤਾਂ ਕੀ ਹਨ?

..........................

ਆਪਣੇ ਆਪ ਦੀ ਜਾਂਚ ਕਰਨੀ ਕੋਈ ਸੌਖੀ ਗੱਲ ਨਹੀਂ, ਪਰ ਅਜਿਹੇ ਸਵਾਲ ਪੁੱਛਣ ਨਾਲ ਤੁਸੀਂ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਸਮਝ ਪਾਓਗੇ। * ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਜਾਣੋਗੇ ਉੱਨਾ ਹੀ ਤੁਹਾਡੇ ਲਈ ਚੰਗਾ ਹੋਵੇਗਾ ਕਿਉਂਕਿ ਇੱਦਾਂ ਕਰਨ ਨਾਲ ਹੀ ਤੁਸੀਂ ਅਜਿਹਾ ਜੀਵਨ-ਸਾਥੀ ਲੱਭ ਸਕੋਗੇ ਜੋ ਤੁਹਾਡੀਆਂ ਕਮੀਆਂ-ਕਮਜ਼ੋਰੀਆਂ ਨੂੰ ਹੱਲਾਸ਼ੇਰੀ ਦੇਣ ਦੀ ਬਜਾਇ ਚੰਗੇ ਗੁਣ ਪੈਦਾ ਕਰਨ ਵਿਚ ਤੁਹਾਡੀ ਮਦਦ ਕਰੇਗਾ। ਪਰ ਉਦੋਂ ਕੀ ਜਦ ਤੁਹਾਨੂੰ ਲੱਗੇ ਕਿ ਤੁਸੀਂ ਅਜਿਹਾ ਸਾਥੀ ਲੱਭ ਲਿਆ ਹੈ ਜੋ ਤੁਹਾਡੇ ਲਈ ਬਿਲਕੁਲ ਸਹੀ ਹੈ?

ਕੀ ਸਾਡੀ ਗੱਲ ਬਣੇਗੀ?

ਤੁਸੀਂ ਇਸ ਸਵਾਲ ਦਾ ਸਹੀ-ਸਹੀ ਜਵਾਬ ਤਦ ਹੀ ਦੇ ਪਾਓਗੇ ਜੇ ਤੁਸੀਂ ਆਪਣੇ ਬੁਆਏ-ਫ੍ਰੈਂਡ ਜਾਂ ਗਰਲ-ਫ੍ਰੈਂਡ ਨੂੰ ਦਿਲ ਦੀ ਬਜਾਇ ਦਿਮਾਗ਼ ਨਾਲ ਪਰਖੋਗੇ। ਪਰ ਸਾਵਧਾਨ ਰਹੋ! ਸਿਰਫ਼ ਉਨ੍ਹਾਂ ਗੱਲਾਂ ਵੱਲ ਧਿਆਨ ਨਾ ਦਿਓ ਜੋ ਤੁਸੀਂ ਉਸ ਵਿਚ ਦੇਖਣੀਆਂ ਚਾਹੁੰਦੇ ਹੋ। ਕਾਹਲੀ ਨਾ ਕਰੋ। ਉਸ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੋ।

ਬਹੁਤ ਸਾਰੇ ਲੋਕ ਜ਼ਰੂਰੀ ਗੱਲਾਂ ਵੱਲ ਧਿਆਨ ਦੇਣ ਦੀ ਬਜਾਇ ਆਪਣੇ ਬੁਆਏ-ਫ੍ਰੈਂਡ ਜਾਂ ਗਰਲ-ਫ੍ਰੈਂਡ ਦਾ ਸਿਰਫ਼ ਬਾਹਰਲਾ ਰੂਪ ਹੀ ਦੇਖਦੇ ਹਨ। ਉਹ ਇਕਦਮ ਉਨ੍ਹਾਂ ਗੱਲਾਂ ਵੱਲ ਖਿੱਚੇ ਜਾਂਦੇ ਹਨ ਜੋ ਉਹ ਦੋਵੇਂ ਪਸੰਦ ਕਰਦੇ ਹਨ। ਉਹ ਝੱਟ ਕਹਿਣਗੇ: ‘ਹਰ ਗੱਲ ਵਿਚ ਸਾਡੀ ਪਸੰਦ ਤੇ ਨਾਪਸੰਦ ਇੱਕੋ ਜਿਹੀ ਹੈ।’ ‘ਅਸੀਂ ਦੋਵੇਂ ਇੱਕੋ ਜਿਹੇ ਗਾਣੇ ਪਸੰਦ ਕਰਦੇ ਹਾਂ।’ ‘ਅਸੀਂ ਇੱਕੋ ਜਿਹੇ ਕੰਮ ਕਰਨੇ ਪਸੰਦ ਕਰਦੇ ਹਾਂ।’ ਪਰ ਜਿਵੇਂ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਜੇ ਤੁਸੀਂ ਜਵਾਨੀ ਦੀ ਉਮਰੋਂ ਲੰਘ ਚੁੱਕੇ ਹੋ, ਤਾਂ ਤੁਸੀਂ ਉਸ ਵਿਅਕਤੀ ਦੇ ਦੋਵੇਂ ਚੰਗੇ-ਮਾੜੇ ਗੁਣ ਜਾਣਨ ਦੀ ਕੋਸ਼ਿਸ਼ ਕਰੋਗੇ। ਤੁਸੀਂ ਉਸ ਦੇ “ਅੰਦਰਲੇ ਗੁਣਾਂ” ਨੂੰ ਜਾਣਨ ਦੀ ਕੋਸ਼ਿਸ਼ ਕਰੋਗੇ।—1 ਪਤਰਸ 3:4, ਪਵਿੱਤਰ ਬਾਈਬਲ ਨਵਾਂ ਅਨੁਵਾਦ; ਅਫ਼ਸੀਆਂ 3:16.

ਮਿਸਾਲ ਲਈ, ਇਹ ਦੇਖਣ ਦੀ ਬਜਾਇ ਕਿ ਤੁਸੀਂ ਕਿਨ੍ਹਾਂ ਗੱਲਾਂ ਵਿਚ ਸਹਿਮਤ ਹੋ, ਇਹ ਦੇਖੋ ਕਿ ਉਦੋਂ ਕੀ ਹੁੰਦਾ ਹੈ ਜਦ ਤੁਸੀਂ ਕਿਸੇ ਗੱਲ ਤੇ ਸਹਿਮਤ ਨਹੀਂ ਹੁੰਦੇ। ਕਹਿਣ ਦਾ ਭਾਵ ਹੈ ਕਿ ਉਹ ਵਿਅਕਤੀ ਕੀ ਕਰਦਾ ਹੈ ਜਦ ਉਸ ਦੀ ਤੇ ਤੁਹਾਡੀ ਰਾਇ ਵੱਖਰੀ ਹੁੰਦੀ ਹੈ? ਕੀ ਉਹ ਆਪਣੀ ਮਰਜ਼ੀ ਕਰਨ ਦੀ ਜ਼ਿੱਦ ਕਰਦਾ ਹੈ? ਕੀ ਉਹ ਗੁੱਸੇ ਹੋ ਜਾਂਦਾ ਹੈ ਜਾਂ ਤੁਹਾਨੂੰ ਬੁਰਾ-ਭਲਾ ਕਹਿੰਦਾ ਹੈ? (ਗਲਾਤੀਆਂ 5:19, 20; ਕੁਲੁੱਸੀਆਂ 3:8) ਜਾਂ ਫਿਰ ਕੀ ਉਹ ਸਮਝ ਤੋਂ ਕੰਮ ਲੈਂਦਾ ਹੈ? ਜਦ ਆਪੋ-ਆਪਣੀ ਪਸੰਦ ਦੀ ਗੱਲ ਆਉਂਦੀ ਹੈ ਅਤੇ ਤੁਹਾਡੇ ਦੋਹਾਂ ਵਿੱਚੋਂ ਕੋਈ ਗ਼ਲਤ ਨਹੀਂ ਹੈ, ਤਾਂ ਕੀ ਉਹ ਸ਼ਾਂਤੀ ਬਣਾਈ ਰੱਖਣ ਲਈ ਤੁਹਾਡੀ ਮੰਨਣ ਲਈ ਤਿਆਰ ਹੁੰਦਾ ਹੈ?—ਯਾਕੂਬ 3:17.

ਜ਼ਰਾ ਇਨ੍ਹਾਂ ਗੱਲਾਂ ਬਾਰੇ ਵੀ ਸੋਚੋ: ਕੀ ਉਹ ਵਿਅਕਤੀ ਚਲਾਕ ਜਾਂ ਈਰਖਾਲੂ ਹੈ? ਕੀ ਉਹ ਤੁਹਾਡੇ ਉੱਤੇ ਪੂਰਾ ਕੰਟ੍ਰੋਲ ਰੱਖਣਾ ਚਾਹੁੰਦਾ ਹੈ? ਕੀ ਉਹ ਤੁਹਾਡੇ ਆਉਣ-ਜਾਣ ਅਤੇ ਉੱਠਣ-ਬੈਠਣ ਦੀ ਪੂਰੀ ਖ਼ਬਰ ਰੱਖਣੀ ਚਾਹੁੰਦਾ ਹੈ? ਵੀਹਾਂ ਸਾਲਾਂ ਦੀ ਨੀਕੌਲ ਨੇ ਕਿਹਾ: “ਕੰਟ੍ਰੋਲ ਰੱਖਣ ਤੇ ਈਰਖਾ ਕਰਨ ਵਾਲਾ ਸੁਭਾਅ ਖ਼ਤਰੇ ਦਾ ਐਲਾਨ ਕਰਦਾ ਹੈ। ਮੈਂ ਅਕਸਰ ਅਜਿਹੇ ਜੋੜਿਆਂ ਬਾਰੇ ਸੁਣਦੀ ਹਾਂ ਜੋ ਇਸ ਗੱਲ ਤੇ ਲੜਦੇ-ਝਗੜਦੇ ਰਹਿੰਦੇ ਹਨ ਕਿ ਉਨ੍ਹਾਂ ਵਿੱਚੋਂ ਇਕ ਨੇ ਦੂਜੇ ਨੂੰ ਫ਼ੋਨ ਕਰ ਕੇ ਦੱਸਿਆ ਨਹੀਂ ਕਿ ਉਹ ਕਿੱਥੇ ਸੀ ਅਤੇ ਕੀ ਕਰ ਰਿਹਾ ਸੀ। ਇਸ ਕਾਰਨ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ।”

ਤੁਹਾਡੇ ਬੁਆਏ-ਫ੍ਰੈਂਡ ਜਾਂ ਗਰਲ-ਫ੍ਰੈਂਡ ਬਾਰੇ ਦੂਸਰੇ ਕੀ ਸੋਚਦੇ ਹਨ? ਸ਼ਾਇਦ ਤੁਸੀਂ ਉਨ੍ਹਾਂ ਦੀ ਕਲੀਸਿਯਾ ਦੇ ਸਮਝਦਾਰ ਭੈਣਾਂ-ਭਰਾਵਾਂ ਨਾਲ ਗੱਲ ਕਰਨੀ ਚਾਹੋ ਜੋ ਉਸ ਨੂੰ ਕੁਝ ਸਮੇਂ ਤੋਂ ਜਾਣਦੇ ਹਨ। ਉਹ ਤੁਹਾਨੂੰ ਦੱਸ ਦੇਣਗੇ ਕਿ ਉਸ ਦਾ “ਨੇਕਨਾਮ” ਹੈ ਕਿ ਨਹੀਂ।—ਰਸੂਲਾਂ ਦੇ ਕਰਤੱਬ 16:1, 2. *

ਜੇ ਗੱਲ ਨਾ ਬਣੇ

ਉਦੋਂ ਕੀ ਜੇ ਤੁਹਾਨੂੰ ਲੱਗੇ ਕਿ ਉਹ ਵਿਅਕਤੀ ਚੰਗਾ ਜੀਵਨ-ਸਾਥੀ ਨਹੀਂ ਬਣੇਗਾ? ਜੇ ਤੁਹਾਡੀ ਨਾ ਬਣੇ, ਤਾਂ ਰਿਸ਼ਤੇ ਨੂੰ ਅੱਗੇ ਵਧਾਉਣ ਨਾਲੋਂ ਉੱਥੇ ਹੀ ਰੋਕ ਦੇਣਾ ਸਭ ਤੋਂ ਅਕਲਮੰਦੀ ਦੀ ਗੱਲ ਹੋਵੇਗੀ। ਬਾਈਬਲ ਕਹਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।”—ਕਹਾਉਤਾਂ 22:3.

ਸਮੇਂ ਦੇ ਬੀਤਣ ਨਾਲ ਸ਼ਾਇਦ ਤੁਹਾਡੀ ਗੱਲ ਕਿਸੇ ਹੋਰ ਨਾਲ ਚੱਲ ਪਵੇ। ਬਿਨਾਂ ਸ਼ੱਕ, ਇਸ ਵਾਰ ਤੁਸੀਂ ਅੱਗੇ ਨਾਲੋਂ ਜ਼ਿਆਦਾ ਸਾਵਧਾਨ ਹੋਵੋਗੇ ਅਤੇ ਸੋਚ-ਸਮਝ ਕੇ ਕਦਮ ਚੁੱਕੋਗੇ। ਹੋ ਸਕਦਾ ਹੈ ਕਿ ਉਦੋਂ ਤੁਸੀਂ ਪੂਰੇ ਹੋਸ਼-ਹਵਾਸ ਨਾਲ ਕਹਿ ਸਕੋ: ‘ਹਾਂ, ਇਹੀ ਚੰਗਾ ਜੀਵਨ-ਸਾਥੀ ਬਣੇਗਾ!’ (g 5/07)

“ਨੌਜਵਾਨ ਪੁੱਛਦੇ ਹਨ . . .” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 25 ਹੋਰ ਜਾਣਕਾਰੀ ਲਈ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਮਕ ਕਿਤਾਬ ਦਾ ਦੂਜਾ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

^ ਪੈਰਾ 31 ਸਫ਼ੇ 17-18 ਦੀ ਡੱਬੀ ਵਿਚ ਦਿੱਤੇ ਸਵਾਲਾਂ ਤੇ ਵੀ ਗੌਰ ਕਰੋ।

ਇਸ ਬਾਰੇ ਸੋਚੋ

◼ ਚੰਗਾ ਜੀਵਨ-ਸਾਥੀ ਬਣਨ ਲਈ ਤੁਹਾਡੇ ਵਿਚ ਕਿਹੜੇ ਚੰਗੇ ਗੁਣ ਹਨ?

◼ ਆਪਣੇ ਜੀਵਨ-ਸਾਥੀ ਵਿਚ ਤੁਸੀਂ ਕਿਹੋ ਜਿਹੇ ਗੁਣ ਦੇਖਣਾ ਚਾਹੁੰਦੇ ਹੋ?

◼ ਆਪਣੇ ਬੁਆਏ-ਫ੍ਰੈਂਡ ਜਾਂ ਗਰਲ-ਫ੍ਰੈਂਡ ਦੇ ਸੁਭਾਅ, ਚਾਲ-ਚਲਣ ਅਤੇ ਨੇਕਨਾਮੀ ਬਾਰੇ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ?

[ਸਫ਼ਾ 17 ਉੱਤੇ ਡੱਬੀ]

ਕੀ ਉਹ ਚੰਗਾ ਪਤੀ ਬਣੇਗਾ?

ਆਮ ਗੱਲਾਂ

ਉਹ ਆਪਣਾ ਅਧਿਕਾਰ ਕਿਵੇਂ ਚਲਾਉਂਦਾ ਹੈ?—ਮੱਤੀ 20:25, 26.

ਉਹ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦਾ ਹੈ?—1 ਤਿਮੋਥਿਉਸ 4:15.

ਕੀ ਉਹ ਆਪਣੇ ਟੀਚੇ ਹਾਸਲ ਕਰਨ ਲਈ ਮਿਹਨਤ ਕਰ ਰਿਹਾ ਹੈ?—1 ਕੁਰਿੰਥੀਆਂ 9:26, 27.

ਉਹ ਕਿਨ੍ਹਾਂ ਨਾਲ ਉੱਠਦਾ-ਬੈਠਦਾ ਹੈ?—ਕਹਾਉਤਾਂ 13:20.

ਪੈਸਿਆਂ ਬਾਰੇ ਉਸ ਦਾ ਕੀ ਰਵੱਈਆ ਹੈ?—ਇਬਰਾਨੀਆਂ 13:5, 6.

ਉਹ ਕਿਹੋ ਜਿਹੀਆਂ ਫ਼ਿਲਮਾਂ ਤੇ ਗਾਣੇ ਵਗੈਰਾ ਪਸੰਦ ਕਰਦਾ ਹੈ?—ਜ਼ਬੂਰਾਂ ਦੀ ਪੋਥੀ 97:10.

ਉਸ ਦੇ ਪਹਿਰਾਵੇ ਤੋਂ ਉਸ ਬਾਰੇ ਕੀ ਪਤਾ ਲੱਗਦਾ ਹੈ?—2 ਕੁਰਿੰਥੀਆਂ 6:3.

ਉਹ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰਦਾ ਹੈ?—1 ਯੂਹੰਨਾ 5:3.

ਖੂਬੀਆਂ

ਕੀ ਉਹ ਮਿਹਨਤੀ ਹੈ?—ਕਹਾਉਤਾਂ 6:9-11.

ਕੀ ਉਹ ਸੋਚ-ਸਮਝ ਕੇ ਪੈਸੇ ਖ਼ਰਚਦਾ ਹੈ?—ਲੂਕਾ 14:28.

ਕੀ ਉਸ ਦਾ ਨੇਕਨਾਮ ਹੈ?—ਰਸੂਲਾਂ ਦੇ ਕਰਤੱਬ 16:1, 2.

ਕੀ ਉਹ ਆਪਣੇ ਮਾਪਿਆਂ ਦੀ ਇੱਜ਼ਤ ਕਰਦਾ ਹੈ?—ਕੂਚ 20:12.

ਕੀ ਉਹ ਦੂਸਰਿਆਂ ਦੀ ਮਦਦ ਕਰਦਾ ਹੈ?—ਫ਼ਿਲਿੱਪੀਆਂ 2:4.

ਖ਼ਤਰੇ

ਕੀ ਉਸ ਨੂੰ ਝੱਟ ਗੁੱਸਾ ਚੜ੍ਹ ਜਾਂਦਾ ਹੈ?—ਕਹਾਉਤਾਂ 22:24.

ਕੀ ਉਹ ਤੁਹਾਨੂੰ ਅਨੈਤਿਕ ਕੰਮਾਂ ਵੱਲ ਖਿੱਚਦਾ ਹੈ?—ਗਲਾਤੀਆਂ 5:19.

ਕੀ ਉਹ ਦੂਸਰਿਆਂ ਤੇ ਹੱਥ ਚੁੱਕਦਾ ਜਾਂ ਉਨ੍ਹਾਂ ਨੂੰ ਬੁਰਾ-ਭਲਾ ਕਹਿੰਦਾ ਹੈ?—ਅਫ਼ਸੀਆਂ 4:31.

ਜ਼ਿੰਦਗੀ ਦਾ ਮਜ਼ਾ ਲੈਣ ਲਈ ਕੀ ਉਹ ਸ਼ਰਾਬ ਪੀਣੀ ਜ਼ਰੂਰੀ ਸਮਝਦਾ ਹੈ?—ਕਹਾਉਤਾਂ 20:1.

ਕੀ ਉਹ ਦੂਸਰਿਆਂ ਤੋਂ ਜਲ਼ਦਾ ਅਤੇ ਸਿਰਫ਼ ਆਪਣੇ ਹੀ ਬਾਰੇ ਸੋਚਦਾ ਹੈ?—1 ਕੁਰਿੰਥੀਆਂ 13:4, 5.

[ਸਫ਼ਾ 18 ਉੱਤੇ ਡੱਬੀ]

ਕੀ ਉਹ ਚੰਗੀ ਪਤਨੀ ਬਣੇਗੀ?

ਆਮ ਗੱਲਾਂ

ਉਹ ਪਰਿਵਾਰ ਤੇ ਕਲੀਸਿਯਾ ਵਿਚ ਅਧੀਨਗੀ ਕਿਵੇਂ ਦਿਖਾਉਂਦੀ ਹੈ?—ਅਫ਼ਸੀਆਂ 5:21, 22.

ਉਸ ਦੇ ਪਹਿਰਾਵੇ ਤੋਂ ਉਸ ਬਾਰੇ ਕੀ ਪਤਾ ਲੱਗਦਾ ਹੈ?—1 ਪਤਰਸ 3:3, 4.

ਉਹ ਕਿਨ੍ਹਾਂ ਨਾਲ ਉੱਠਦੀ-ਬੈਠਦੀ ਹੈ?—ਕਹਾਉਤਾਂ 13:20.

ਪੈਸਿਆਂ ਬਾਰੇ ਉਸ ਦਾ ਕੀ ਰਵੱਈਆ ਹੈ?—1 ਯੂਹੰਨਾ 2:15-17.

ਉਹ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੀ ਹੈ?—1 ਤਿਮੋਥਿਉਸ 4:15.

ਕੀ ਉਹ ਆਪਣੇ ਟੀਚੇ ਹਾਸਲ ਕਰਨ ਵਿਚ ਮਿਹਨਤ ਕਰ ਰਹੀ ਹੈ?—1 ਕੁਰਿੰਥੀਆਂ 9:26, 27.

ਉਹ ਕਿਹੋ ਜਿਹੀਆਂ ਫ਼ਿਲਮਾਂ ਤੇ ਗਾਣੇ ਵਗੈਰਾ ਪਸੰਦ ਕਰਦੀ ਹੈ?—ਜ਼ਬੂਰਾਂ ਦੀ ਪੋਥੀ 97:10.

ਉਹ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰਦੀ ਹੈ?—1 ਯੂਹੰਨਾ 5:3.

ਖੂਬੀਆਂ

ਕੀ ਉਹ ਮਿਹਨਤੀ ਹੈ?—ਕਹਾਉਤਾਂ 31:17, 19, 21, 22, 27.

ਕੀ ਉਹ ਸੋਚ-ਸਮਝ ਕੇ ਪੈਸੇ ਖ਼ਰਚਦੀ ਹੈ?—ਕਹਾਉਤਾਂ 31:16, 18.

ਕੀ ਉਸ ਦਾ ਨੇਕਨਾਮ ਹੈ?—ਰੂਥ 4:11.

ਕੀ ਉਹ ਆਪਣੇ ਮਾਪਿਆਂ ਦੀ ਇੱਜ਼ਤ ਕਰਦੀ ਹੈ?—ਕੂਚ 20:12.

ਕੀ ਉਹ ਦੂਸਰਿਆਂ ਦੀ ਮਦਦ ਕਰਦੀ ਹੈ?—ਕਹਾਉਤਾਂ 31:20.

ਖ਼ਤਰੇ

ਕੀ ਉਹ ਝਗੜਾਲੂ ਹੈ?—ਕਹਾਉਤਾਂ 21:19.

ਕੀ ਉਹ ਤੁਹਾਨੂੰ ਅਨੈਤਿਕ ਕੰਮਾਂ ਵੱਲ ਖਿੱਚਦੀ ਹੈ?—ਗਲਾਤੀਆਂ 5:19.

ਕੀ ਉਹ ਦੂਸਰਿਆਂ ਤੇ ਹੱਥ ਚੁੱਕਦੀ ਜਾਂ ਉਨ੍ਹਾਂ ਨੂੰ ਬੁਰਾ-ਭਲਾ ਕਹਿੰਦੀ ਹੈ?—ਅਫ਼ਸੀਆਂ 4:31.

ਜ਼ਿੰਦਗੀ ਦਾ ਮਜ਼ਾ ਲੈਣ ਲਈ ਕੀ ਉਹ ਸ਼ਰਾਬ ਪੀਣੀ ਜ਼ਰੂਰੀ ਸਮਝਦੀ ਹੈ?—ਕਹਾਉਤਾਂ 20:1.

ਕੀ ਉਹ ਦੂਸਰਿਆਂ ਤੋਂ ਜਲ਼ਦੀ ਅਤੇ ਸਿਰਫ਼ ਆਪਣੇ ਹੀ ਬਾਰੇ ਸੋਚਦੀ ਹੈ?—1 ਕੁਰਿੰਥੀਆਂ 13:4, 5.