Skip to content

Skip to table of contents

ਸਿਹਤਮੰਦ ਮਾਵਾਂ, ਸਿਹਤਮੰਦ ਬੱਚੇ

ਸਿਹਤਮੰਦ ਮਾਵਾਂ, ਸਿਹਤਮੰਦ ਬੱਚੇ

ਸਿਹਤਮੰਦ ਮਾਵਾਂ, ਸਿਹਤਮੰਦ ਬੱਚੇ

ਇਕ ਸੰਤੁਸ਼ਟ ਤੇ ਸਿਹਤਮੰਦ ਨਵ-ਜੰਮਿਆ ਬੱਚਾ ਆਪਣੀ ਮਾਂ ਦੀ ਗੋਦ ਵਿਚ ਬੜੇ ਆਰਾਮ ਨਾਲ ਸੌਂ ਰਿਹਾ ਹੈ। ਉਸ ਦੇ ਪਿਤਾ ਨੂੰ ਵੀ ਬੜਾ ਮਾਣ ਹੁੰਦਾ ਹੈ। ਹਰ ਸਾਲ ਕਈ ਲੱਖਾਂ ਪਰਿਵਾਰਾਂ ਦੀ ਇਹੀ ਖ਼ੁਸ਼ੀ ਭਰੀ ਕਹਾਣੀ ਹੁੰਦੀ ਹੈ। ਇਸ ਲਈ ਬੱਚਿਆਂ ਦੇ ਜਨਮ ਨੂੰ ਆਮ ਗੱਲ ਸਮਝਿਆ ਜਾਂਦਾ ਹੈ। ਵੈਸੇ, ਬੱਚੇ ਦਾ ਜਨਮ ਕੁਦਰਤੀ ਗੱਲ ਹੈ, ਤਾਂ ਫਿਰ ਫ਼ਿਕਰ ਕਰਨ ਦੀ ਕੀ ਲੋੜ ਹੈ?

ਇਹ ਸੱਚ ਹੈ ਕਿ ਆਮ ਕਰਕੇ ਬੱਚੇ ਦਾ ਜਨਮ ਠੀਕ-ਠਾਕ ਹੋ ਜਾਂਦਾ ਹੈ, ਪਰ ਹਰ ਮਾਮਲੇ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਲੇਕਿਨ ਮਾਪੇ ਬਣਨ ਤੋਂ ਪਹਿਲਾਂ ਕਈ ਸਮਝਦਾਰ ਲੋਕ ਸਾਵਧਾਨੀ ਵਰਤਦੇ ਹਨ ਤਾਂਕਿ ਬੇਲੋੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਮਿਸਾਲ ਲਈ, ਉਹ ਇਸ ਬਾਰੇ ਜਾਣਕਾਰੀ ਲੈਂਦੇ ਹਨ ਕਿ ਜਨਮ ਵੇਲੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ, ਉਹ ਬੱਚੇ ਦੇ ਜਨਮ ਤੋਂ ਪਹਿਲਾਂ ਡਾਕਟਰਾਂ-ਨਰਸਾਂ ਦੀ ਸਲਾਹ ਲੈਂਦੇ ਹਨ ਅਤੇ ਕੁਝ ਕਦਮ ਚੁੱਕਦੇ ਹਨ ਤਾਂਕਿ ਜਣੇਪੇ ਤੋਂ ਪਹਿਲਾਂ ਅਤੇ ਜਣੇਪੇ ਦੌਰਾਨ ਜ਼ਿਆਦਾ ਖ਼ਤਰੇ ਨਾ ਹੋਣ। ਆਓ ਆਪਾਂ ਇਨ੍ਹਾਂ ਕੁਝ ਗੱਲਾਂ ਉੱਤੇ ਗੌਰ ਕਰੀਏ।

ਜਣੇਪੇ ਨਾਲ ਸੰਬੰਧਿਤ ਮੁਸ਼ਕਲਾਂ ਦੇ ਕਾਰਨ

ਮਾਂ ਅਤੇ ਬੱਚੇ ਲਈ ਖ਼ਤਰੇ ਦਾ ਇਕ ਕਾਰਨ ਹੋ ਸਕਦਾ ਹੈ ਕਿ ਗਰਭ-ਅਵਸਥਾ ਦੌਰਾਨ ਦੋਹਾਂ ਦੀ ਇੰਨੀ ਚੰਗੀ ਤਰ੍ਹਾਂ ਦੇਖ-ਭਾਲ ਨਹੀਂ ਹੁੰਦੀ। ਡਾਕਟਰ ਚੂਨ ਕਾਮ-ਲਾਓ ਹਾਂਗ-ਕਾਂਗ ਦੇ ਪ੍ਰਿੰਸ ਆਫ਼ ਵੇਲਜ਼ ਹਸਪਤਾਲ ਵਿਚ ਨਵ-ਜੰਮੇ ਬੱਚਿਆਂ ਦੀ ਦੇਖ-ਭਾਲ ਕਰਨ ਵਾਲੇ ਵਿਭਾਗ ਦਾ ਸਲਾਹਕਾਰ ਹੈ। ਉਸ ਨੇ ਕਿਹਾ: “ਜੇ ਗਰਭ-ਅਵਸਥਾ ਦੌਰਾਨ ਮਾਂ-ਬੱਚੇ ਦੀ ਦੇਖ-ਰੇਖ ਨਾ ਕੀਤੀ ਜਾਵੇ, ਤਾਂ ਬਹੁਤ ਖ਼ਤਰਾ ਹੋ ਸਕਦਾ ਹੈ।” ਉਸ ਨੇ ਇਹ ਵੀ ਕਿਹਾ ਕਿ “ਇਹ ਮਾਵਾਂ ਸੋਚਦੀਆਂ ਹਨ ਕਿ ਉਨ੍ਹਾਂ ਦੇ ਬੱਚੇ ਸਿਹਤਮੰਦ ਤੇ ਗੋਲਮਟੋਲ ਹੋਣਗੇ, ਪਰ ਅਸਲੀਅਤ ਇਹ ਹੈ ਕਿ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ।”

ਮਾਵਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਸੰਬੰਧ ਵਿਚ ਇਕ ਡਾਕਟਰੀ ਰਸਾਲਾ ਕਹਿੰਦਾ ਹੈ ਕਿ ਜ਼ਿਆਦਾ ਲਹੂ ਵਹਿਣ, ਬੱਚੇ ਦੇ ਬਾਹਰ ਆਉਣ ਵਿਚ ਕੋਈ ਰੁਕਾਵਟ, ਇਨਫ਼ੈਕਸ਼ਨ ਅਤੇ ਹਾਈ ਬਲੱਡ ਪ੍ਰੈਸ਼ਰ “ਮੁੱਖ ਕਾਰਨ ਹਨ ਜਿਨ੍ਹਾਂ ਕਰਕੇ ਮਾਵਾਂ ਦੀ ਜਾਨ ਚਲੀ ਜਾਂਦੀ ਹੈ।” ਪਰ ਰਸਾਲਾ ਅੱਗੇ ਕਹਿੰਦਾ ਹੈ ਕਿ ਅੱਜ-ਕੱਲ੍ਹ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾ ਸਕਦਾ ਹੈ ਅਤੇ ਜ਼ਿਆਦਾਤਰ ਮਾਮਲਿਆਂ ਵਿਚ “ਚੰਗੀ ਤਰ੍ਹਾਂ ਇਲਾਜ ਕਰਨ ਲਈ . . . ਹਸਪਤਾਲਾਂ ਨੂੰ ਨਵੀਆਂ ਤੋਂ ਨਵੀਆਂ ਮਸ਼ੀਨਾਂ ਦੀ ਲੋੜ ਨਹੀਂ ਹੈ।”—ਜਰਨਲ ਆਫ਼ ਦ ਅਮੈਰੀਕਨ ਮੈਡੀਕਲ ਵਿਮਿੰਜ਼ ਐਸੋਸੀਏਸ਼ਨ।

ਡਾਕਟਰੀ ਸਹੂਲਤਾਂ ਉਪਲਬਧ ਹੋਣ ਕਾਰਨ ਕਈ ਬੱਚਿਆਂ ਦੀ ਵੀ ਮਦਦ ਹੋ ਸਕਦੀ ਹੈ। ਯੂ. ਐੱਨ. ਕ੍ਰੋਨੀਕਲ ਅਖ਼ਬਾਰ ਦੱਸਦੀ ਹੈ ਕਿ ਕਈ ਤਰ੍ਹਾਂ ਦਾ ਇਲਾਜ ਹੈ ਜੋ “ਸੌਖਿਆਂ ਹੀ ਕੀਤਾ ਜਾ ਸਕਦਾ ਹੈ ਅਤੇ ਜਿਸ ਨੂੰ ਮੁਹੱਈਆ ਕਰਾਉਣ ਲਈ ਮਹਿੰਗੀਆਂ-ਮਹਿੰਗੀਆਂ ਮਸ਼ੀਨਾਂ ਦੀ ਲੋੜ ਨਹੀਂ ਪੈਂਦੀ।” ਜੇ ਮਾਵਾਂ ਅਜਿਹਾ ਇਲਾਜ ਕਰਾਉਣ, ਤਾਂ “ਤਿੰਨ ਨਵ-ਜੰਮੇ ਬੱਚਿਆਂ ਵਿੱਚੋਂ ਦੋ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।” ਫ਼ਿਲਪੀਨ ਨਿਊਜ਼ ਏਜੰਸੀ ਅਫ਼ਸੋਸ ਪ੍ਰਗਟਾਉਂਦੀ ਹੋਈ ਕਹਿੰਦੀ ਹੈ ਕਿ ਕਈਆਂ ਮਾਵਾਂ ਨੂੰ ਨਾ ਇਨ੍ਹਾਂ ਸਹੂਲਤਾਂ ਬਾਰੇ ਪਤਾ ਹੁੰਦਾ ਹੈ ਅਤੇ ਨਾ ਹੀ ਉਹ ਆਪਣੀ ਚੰਗੀ ਤਰ੍ਹਾਂ ਦੇਖ-ਭਾਲ ਕਰਦੀਆਂ ਹਨ।

ਜਣੇਪੇ ਤੋਂ ਪਹਿਲਾਂ ਮਾਂ ਅਤੇ ਬੱਚੇ ਲਈ ਸਭ ਤੋਂ ਵਧੀਆ ਦੇਖ-ਭਾਲ

ਯੂ. ਐੱਨ. ਕ੍ਰੋਨੀਕਲ ਅਖ਼ਬਾਰ ਦੱਸਦੀ ਹੈ ਕਿ “ਜਿੰਨੀ ਸਿਹਤਮੰਦ ਮਾਂ ਹੋਵੇਗੀ, ਉੱਨਾ ਸਿਹਤਮੰਦ ਬੱਚਾ ਹੋਵੇਗਾ।” ਅਖ਼ਬਾਰ ਨੇ ਇਹ ਵੀ ਕਿਹਾ ਕਿ ਜੇ ਗਰਭ-ਅਵਸਥਾ ਦੌਰਾਨ, ਜਣੇਪੇ ਵੇਲੇ ਅਤੇ ਜਣੇਪੇ ਤੋਂ ਤੁਰੰਤ ਬਾਅਦ ਮਾਂ ਨੂੰ ਘੱਟ ਜਾਂ ਬਿਲਕੁਲ ਹੀ ਡਾਕਟਰੀ ਸਹਾਇਤਾ ਨਾ ਮਿਲੇ, ਤਾਂ ਉਸ ਦੇ ਬੱਚੇ ਨੂੰ ਵੀ ਸਹਾਇਤਾ ਨਹੀਂ ਮਿਲੇਗੀ।

ਕੁਝ ਦੇਸ਼ਾਂ ਵਿਚ ਗਰਭਵਤੀ ਮਾਂ ਲਈ ਡਾਕਟਰੀ ਮਦਦ ਪ੍ਰਾਪਤ ਕਰਨੀ ਔਖੀ ਹੋ ਸਕਦੀ ਹੈ। ਇਸ ਵਾਸਤੇ ਸ਼ਾਇਦ ਉਸ ਨੂੰ ਦੂਰ ਜਾਣਾ ਪਵੇ ਜਾਂ ਸ਼ਾਇਦ ਉਸ ਕੋਲ ਇਲਾਜ ਵਾਸਤੇ ਖ਼ਰਚਾ ਨਾ ਹੋਵੇ। ਫਿਰ ਵੀ, ਜੇ ਹੋ ਸਕੇ, ਤਾਂ ਮਾਂ ਨੂੰ ਥੋੜ੍ਹੀ-ਬਹੁਤੀ ਡਾਕਟਰੀ ਮਦਦ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਉਨ੍ਹਾਂ ਔਰਤਾਂ ਲਈ ਜ਼ਰੂਰੀ ਹੈ ਜੋ ਪਵਿੱਤਰ ਬਾਈਬਲ ਦੀ ਸਿੱਖਿਆ ਦੇ ਮੁਤਾਬਕ ਚੱਲਦੀਆਂ ਹਨ ਜਿਸ ਵਿਚ ਦੱਸਿਆ ਗਿਆ ਹੈ ਕਿ ਜ਼ਿੰਦਗੀ ਪਵਿੱਤਰ ਹੈ, ਚਾਹੇ ਇਹ ਕਿਸੇ ਅਣਜੰਮੇ ਬੱਚੇ ਦੀ ਕਿਉਂ ਨਾ ਹੋਵੇ।—ਕੂਚ 21:22, 23; * ਬਿਵਸਥਾ ਸਾਰ 22:8.

ਕੀ ਡਾਕਟਰੀ ਸਹਾਇਤਾ ਲੈਣ ਦਾ ਇਹ ਮਤਲਬ ਹੈ ਕਿ ਤੁਸੀਂ ਹਰ ਹਫ਼ਤੇ ਡਾਕਟਰ ਕੋਲ ਜਾਓ? ਨਹੀਂ, ਜ਼ਰੂਰੀ ਨਹੀਂ। ਵਿਸ਼ਵ ਸਿਹਤ ਸੰਗਠਨ (WHO) ਨੇ ਗਰਭ-ਅਵਸਥਾ ਅਤੇ ਜਣੇਪੇ ਵੇਲੇ ਹੋਣ ਵਾਲੀਆਂ ਕੁਝ ਆਮ ਮੁਸ਼ਕਲਾਂ ਬਾਰੇ ਕਿਹਾ ਕਿ “ਜਿਹੜੀਆਂ ਔਰਤਾਂ ਗਰਭ-ਅਵਸਥਾ ਦੌਰਾਨ ਸਿਰਫ਼ ਚਾਰ ਵਾਰੀ ਡਾਕਟਰ ਕੋਲ ਗਈਆਂ” ਸਨ, ਉਹ “ਉਨ੍ਹਾਂ ਔਰਤਾਂ ਜਿੰਨੀਆਂ ਸਿਹਤਮੰਦ ਸਨ ਜਿਹੜੀਆਂ 12 ਵਾਰ ਡਾਕਟਰ ਕੋਲ ਗਈਆਂ ਸਨ।”

ਡਾਕਟਰ ਕੀ ਕਰ ਸਕਦੇ

ਮਾਂ ਅਤੇ ਉਸ ਦੇ ਅਣਜੰਮੇ ਬੱਚੇ ਦੀ ਮਦਦ ਕਰਨ ਲਈ ਡਾਕਟਰ-ਨਰਸਾਂ ਅਜਿਹੇ ਕੁਝ ਕਦਮ ਚੁੱਕਦੇ ਹਨ:

◼ ਉਹ ਮਾਂ ਦੇ ਸਾਰੇ ਮੈਡੀਕਲ ਰਿਕਾਰਡ ਦੇਖਦੇ ਹਨ ਅਤੇ ਉਸ ਦਾ ਮੁਆਇਨਾ ਕਰ ਕੇ ਦੇਖਦੇ ਹਨ ਕਿ ਜਣੇਪੇ ਵੇਲੇ ਕਿਹੜੀ ਸਮੱਸਿਆ ਆ ਸਕਦੀ ਹੈ ਅਤੇ ਮਾਂ ਤੇ ਬੱਚੇ ਨੂੰ ਖ਼ਤਰੇ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ।

◼ ਉਹ ਸ਼ਾਇਦ ਲਹੂ ਅਤੇ ਪਿਸ਼ਾਬ ਨੂੰ ਚੈੱਕ ਕਰ ਕੇ ਦੇਖਣ ਕਿ ਮਾਂ Rh ਪਾਜ਼ਟਿਵ ਹੈ ਜਾਂ ਨੈਗੇਟਿਵ (ਯਾਨੀ ਮਾਂ ਜਾਂ ਬੱਚੇ ਦੇ ਖ਼ੂਨ ਦਾ ਗਰੁੱਪ ਵੱਖੋ-ਵੱਖਰਾ ਹੈ ਕਿ ਨਹੀਂ)। ਨਾਲੇ ਉਹ ਅਨੀਮੀਆ, ਇਨਫ਼ੈਕਸ਼ਨ ਅਤੇ ਹੋਰ ਬੀਮਾਰੀਆਂ ਬਾਰੇ ਵੀ ਪਤਾ ਕਰਦੇ ਹਨ। ਮਿਸਾਲ ਲਈ, ਸ਼ੱਕਰ ਰੋਗ, ਰੂਬੈਲਾ (ਇਕ ਤਰ੍ਹਾਂ ਦਾ ਖਸਰਾ), ਜਿਨਸੀ ਰੋਗ ਅਤੇ ਗੁਰਦਿਆਂ ਦੀ ਬੀਮਾਰੀ ਜਿਸ ਕਰਕੇ ਬਲੱਡ ਪ੍ਰੈਸ਼ਰ ਵਧ ਸਕਦਾ ਹੈ।

◼ ਉਹ ਮਾਂ ਨੂੰ ਸ਼ਾਇਦ ਸਲਾਹ ਦੇਣ ਕਿ ਫਲੂ ਅਤੇ ਟੈਟਨਸ ਦੇ ਟੀਕੇ ਲੁਆਵੇ ਅਤੇ ਪਤਾ ਕਰੇ ਕਿ ਉਸ ਦਾ Rh ਪਾਜ਼ਟਿਵ ਹੈ ਜਾਂ ਨੈਗੇਟਿਵ।

◼ ਉਹ ਸ਼ਾਇਦ ਇਹ ਵੀ ਸਲਾਹ ਦੇਣ ਕਿ ਮਾਂ ਵਿਟਾਮਿਨ ਲਵੇ, ਖ਼ਾਸ ਕਰਕੇ ਫੋਲਿਕ ਐਸਿਡ।

ਜਦੋਂ ਡਾਕਟਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਸੇ ਤੀਵੀਂ ਨੂੰ ਕਿਹੜੇ ਖ਼ਤਰੇ ਹੋ ਸਕਦੇ ਹਨ ਅਤੇ ਇਨ੍ਹਾਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕਦੇ ਹਨ ਜਾਂ ਇਵੇਂ ਕਰਨ ਲਈ ਮਾਂ ਦੀ ਮਦਦ ਕਰਦੇ ਹਨ, ਤਾਂ ਮਾਂ-ਬੱਚੇ ਦੋਹਾਂ ਲਈ ਚੰਗਾ ਹੋ ਸਕਦਾ ਹੈ।

ਜੰਮਣ ਪੀੜਾਂ ਅਤੇ ਜਣੇਪੇ ਵੇਲੇ ਖ਼ਤਰੇ ਘਟਾਉਣੇ

ਜੋਈ ਪੁਮਾਪੀ, ਜੋ WHO ਦੇ ਪਰਿਵਾਰਕ ਅਤੇ ਸਮਾਜਕ ਸਿਹਤ ਵਿਭਾਗ ਦੀ ਸਹਾਇਕ ਡਾਇਰੈਕਟਰ-ਜਨਰਲ ਹੁੰਦੀ ਸੀ, ਨੇ ਕਿਹਾ ਕਿ “ਗਰਭਵਤੀ ਔਰਤ ਲਈ ਸਭ ਤੋਂ ਖ਼ਤਰਨਾਕ ਸਮਾਂ ਉਹ ਹੁੰਦਾ ਹੈ ਜਦੋਂ ਉਸ ਨੂੰ ਜੰਮਣ ਪੀੜਾਂ ਲੱਗਦੀਆਂ ਹਨ ਅਤੇ ਬੱਚੇ ਨੂੰ ਜਨਮ ਦੇਣ ਲੱਗਦੀ ਹੈ।” ਇਸ ਨਾਜ਼ੁਕ ਸਮੇਂ ਆਉਣ ਵਾਲੀਆਂ ਗੰਭੀਰ ਸਮੱਸਿਆਵਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਉਨ੍ਹਾਂ ਨੂੰ ਵੀ ਜੋ ਜਾਨ-ਲੇਵਾ ਸਾਬਤ ਹੋ ਸਕਦੀਆਂ ਹਨ? ਦਰਅਸਲ ਜਿਹੜੇ ਕਦਮ ਚੁੱਕਣ ਦੀ ਲੋੜ ਹੈ, ਉਹ ਬਹੁਤ ਸੌਖੇ ਹਨ, ਪਰ ਜ਼ਰੂਰੀ ਹੈ ਕਿ ਇਹ ਕਦਮ ਸਮੱਸਿਆਵਾਂ ਪੈਦਾ ਹੋਣ ਤੋਂ ਪਹਿਲਾਂ-ਪਹਿਲਾਂ ਚੁੱਕੇ ਜਾਣ। * ਇਹ ਖ਼ਾਸ ਕਰਕੇ ਉਨ੍ਹਾਂ ਮਾਵਾਂ ਲਈ ਜ਼ਰੂਰੀ ਹੈ ਜੋ ਲਹੂ ਚੜ੍ਹਾ ਕੇ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਨਹੀਂ ਜਾਣਾ ਚਾਹੁੰਦੀਆਂ ਜਾਂ ਲਹੂ ਦੁਆਰਾ ਫੈਲੀਆਂ ਬੀਮਾਰੀਆਂ ਤੋਂ ਬਚਣਾ ਚਾਹੁੰਦੀਆਂ ਹਨ।—ਰਸੂਲਾਂ ਦੇ ਕਰਤੱਬ 15:20, 28, 29.

ਅਜਿਹੀਆਂ ਮਾਵਾਂ ਨੂੰ ਪਤਾ ਕਰਨਾ ਚਾਹੀਦਾ ਹੈ ਕਿ ਜਿਹੜੇ ਡਾਕਟਰ ਜਾਂ ਨਰਸਾਂ ਉਨ੍ਹਾਂ ਦੀ ਦੇਖ-ਭਾਲ ਕਰਨਗੀਆਂ, ਉਹ ਲਹੂ ਤੋਂ ਬਗੈਰ ਦੂਸਰੇ ਇਲਾਜਾਂ ਤੋਂ ਵਾਕਫ਼ ਹਨ ਅਤੇ ਅਜਿਹੇ ਇਲਾਜ ਕਰਨ ਦਾ ਉਨ੍ਹਾਂ ਨੂੰ ਤਜਰਬਾ ਹੈ। ਇਹ ਵੀ ਜ਼ਰੂਰੀ ਹੈ ਕਿ ਮਾਪੇ ਹਸਪਤਾਲ ਤੋਂ ਪਤਾ ਕਰਨ ਕਿ ਉਹ ਅਜਿਹੇ ਤਰੀਕੇ ਨਾਲ ਇਲਾਜ ਕਰਨ ਲਈ ਤਿਆਰ ਹਨ ਕਿ ਨਹੀਂ। * ਡਾਕਟਰ ਕੋਲੋਂ ਇਹ ਦੋ ਸਵਾਲ ਪੁੱਛੇ ਜਾ ਸਕਦੇ ਹਨ: 1. ਜੇ ਮਾਂ ਜਾਂ ਬੱਚੇ ਦਾ ਕਾਫ਼ੀ ਲਹੂ ਵਹਿ ਜਾਵੇ ਜਾਂ ਕੋਈ ਹੋਰ ਮੁਸ਼ਕਲ ਖੜ੍ਹੀ ਹੋ ਜਾਵੇ, ਤਾਂ ਤੁਸੀਂ ਕੀ ਕਰੋਗੇ? 2. ਜੇ ਜਨਮ ਦੇਣ ਵੇਲੇ ਤੁਸੀਂ ਇੱਥੇ ਨਹੀਂ ਹੋ, ਤਾਂ ਤੁਸੀਂ ਕਿਹੜੇ ਇੰਤਜ਼ਾਮ ਕਰੋਗੇ ਤਾਂਕਿ ਦੂਸਰੇ ਡਾਕਟਰਾਂ ਨੂੰ ਪਤਾ ਹੋਵੇ ਕਿ ਮੈਂ ਕੀ ਚਾਹੁੰਦੀ ਹਾਂ?

ਮਾਂ ਲਈ ਇਹ ਵੀ ਅਕਲਮੰਦੀ ਦੀ ਗੱਲ ਹੋਵੇਗੀ ਕਿ ਉਹ ਜੰਮਣ ਪੀੜਾਂ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਨਾਲ ਆਪਣੇ ਲਹੂ ਦੇ ਸੈੱਲਾਂ ਦੀ ਮਾਤਰਾ ਵਧਾਵੇ। ਲਹੂ ਦੀ ਕਮੀ ਨੂੰ ਪੂਰਾ ਕਰਨ ਲਈ ਡਾਕਟਰ ਸ਼ਾਇਦ ਸਲਾਹ ਦੇਵੇ ਕਿ ਉਹ ਫੋਲਿਕ ਐਸਿਡ, ਵਿਟਾਮਿਨ ਬੀ ਅਤੇ ਲੋਹੇ ਵਾਲੀਆਂ ਗੋਲੀਆਂ ਖਾਵੇ।

ਡਾਕਟਰ ਕੁਝ ਹੋਰ ਗੱਲਾਂ ਵੱਲ ਵੀ ਧਿਆਨ ਦੇਵੇਗਾ। ਮਿਸਾਲ ਲਈ, ਕੀ ਮਾਂ ਨੂੰ ਕੋਈ ਸਿਹਤ ਸਮੱਸਿਆ ਹੈ ਜਿਸ ਦਾ ਸ਼ਾਇਦ ਇਲਾਜ ਕਰਨ ਦੀ ਲੋੜ ਹੈ? ਕੀ ਉਸ ਨੂੰ ਜ਼ਿਆਦਾ ਸਮੇਂ ਲਈ ਖੜ੍ਹੇ ਰਹਿਣ ਤੋਂ ਬਚਣਾ ਚਾਹੀਦਾ ਹੈ? ਕੀ ਉਸ ਨੂੰ ਜ਼ਿਆਦਾ ਆਰਾਮ ਕਰਨਾ ਚਾਹੀਦਾ ਹੈ? ਕੀ ਉਸ ਨੂੰ ਆਪਣਾ ਭਾਰ ਵਧਾਉਣਾ ਜਾਂ ਘਟਾਉਣਾ ਚਾਹੀਦਾ ਹੈ ਜਾਂ ਉਸ ਨੂੰ ਹੋਰ ਕਸਰਤ ਕਰਨ ਦੀ ਲੋੜ ਹੈ? ਕੀ ਉਸ ਨੂੰ ਸਰੀਰ ਦੀ ਸਫ਼ਾਈ ਦੇ ਨਾਲ-ਨਾਲ ਆਪਣੇ ਦੰਦਾਂ ਦੀ ਸਫ਼ਾਈ ਵੱਲ ਧਿਆਨ ਦੇਣ ਦੀ ਲੋੜ ਹੈ?

ਅਧਿਐਨ ਦਿਖਾਉਂਦੇ ਹਨ ਕਿ ਜੇ ਮਾਂ ਦੇ ਮਸੂੜਿਆਂ ਨੂੰ ਸੋਜ ਜਾਂ ਦੰਦਾਂ ਨੂੰ ਕੋਈ ਹੋਰ ਰੋਗ ਲੱਗਾ ਹੈ, ਤਾਂ ਇਸ ਦੇ ਨਤੀਜੇ ਵਜੋਂ ਉਸ ਨੂੰ ਇਕ ਗੰਭੀਰ ਬੀਮਾਰੀ ਯਾਨੀ ਪ੍ਰੀ-ਇਕਲੈਂਪਸੀਆ ਹੋ ਸਕਦੀ ਹੈ। ਇਸ ਹਾਲਤ ਵਿਚ ਬਲੱਡ ਪ੍ਰੈਸ਼ਰ ਬਹੁਤ ਜਲਦੀ ਵਧ ਜਾਂਦਾ, ਸਿਰ ਵਿਚ ਬਹੁਤ ਦਰਦ ਹੁੰਦਾ ਅਤੇ ਸਰੀਰ ਦੇ ਟਿਸ਼ੂਆਂ ਵਿਚ ਪਾਣੀ ਭਰ ਜਾਂਦਾ ਹੈ। * ਇਸ ਗੰਭੀਰ ਹਾਲਤ ਕਰਕੇ ਬੱਚੇ ਦਾ ਸਮੇਂ ਤੋਂ ਪਹਿਲਾਂ ਜਨਮ ਹੋ ਸਕਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਇਸ ਹਾਲਤ ਕਰਕੇ ਕਈ ਮਾਵਾਂ ਅਤੇ ਬੱਚਿਆਂ ਦੀ ਮੌਤ ਹੋਈ ਹੈ, ਖ਼ਾਸ ਕਰਕੇ ਗ਼ਰੀਬ ਦੇਸ਼ਾਂ ਵਿਚ।

ਕੋਈ ਸ਼ੱਕ ਨਹੀਂ ਕਿ ਚੰਗਾ ਡਾਕਟਰ ਮੁਆਇਨਾ ਕਰਦਿਆਂ ਮਾਂ ਵਿਚ ਪਾਏ ਜਾਂਦੇ ਇਨਫ਼ੈਕਸ਼ਨ ਦੇ ਕਿਸੇ ਵੀ ਲੱਛਣ ਵੱਲ ਧਿਆਨ ਦੇਵੇਗਾ। ਜੇ ਮਾਂ ਨੂੰ ਸਮੇਂ ਤੋਂ ਪਹਿਲਾਂ ਹੀ ਜੰਮਣ ਪੀੜਾਂ ਲੱਗ ਜਾਂਦੀਆਂ ਹਨ, ਤਾਂ ਡਾਕਟਰ ਉਸ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਹੋਣ ਦੀ ਸਲਾਹ ਦੇਵੇਗਾ ਜਿਸ ਨਾਲ ਮਾਂ-ਬੱਚੇ ਦੀ ਜਾਨ ਬਚ ਸਕਦੀ ਹੈ।

ਡਾਕਟਰ ਕਾਜ਼ੀ ਮੋਨੀਰੂਲ ਇਸਲਾਮ, ਜੋ WHO ਦੇ ਸੁਰੱਖਿਅਤ ਜਣੇਪਾ ਵਿਭਾਗ ਦਾ ਡਾਇਰੈਕਟਰ ਹੈ, ਨੇ ਕਿਹਾ: “ਮਾਂ ਜ਼ਿੰਦਗੀ ਦੇਣ ਲਈ ਮੌਤ ਨੂੰ ਗਲੇ ਲਗਾਉਣ ਲਈ ਤਿਆਰ ਹੁੰਦੀ ਹੈ।” ਲੇਕਿਨ ਜੇ ਗਰਭ-ਅਵਸਥਾ ਦੌਰਾਨ, ਜਣੇਪੇ ਵੇਲੇ ਅਤੇ ਜਣੇਪੇ ਤੋਂ ਤੁਰੰਤ ਬਾਅਦ ਮਾਂ-ਬੱਚੇ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾਵੇ, ਤਾਂ ਕਈ ਮੁਸ਼ਕਲਾਂ ਨੂੰ ਹੀ ਨਹੀਂ, ਪਰ ਮੌਤ ਨੂੰ ਵੀ ਟਾਲ਼ਿਆ ਜਾ ਸਕਦਾ ਹੈ। ਦਰਅਸਲ, ਜੇ ਤੁਸੀਂ ਇਕ ਸਿਹਤਮੰਦ ਬੱਚਾ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਸਿਹਤਮੰਦ ਮਾਂ ਹੋਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (g09-E 11)

[ਫੁਟਨੋਟ]

^ ਪੈਰਾ 10 ਮੁਢਲੀ ਇਬਰਾਨੀ ਭਾਸ਼ਾ ਵਿਚ ਇਨ੍ਹਾਂ ਆਇਤਾਂ ਵਿਚ ਮਾਂ ਜਾਂ ਉਸ ਦੇ ਅਣਜੰਮੇ ਬੱਚੇ ਦੀ ਮੌਤ ਦਾ ਜ਼ਿਕਰ ਆਉਂਦਾ ਹੈ।

^ ਪੈਰਾ 21 ਯਹੋਵਾਹ ਦੇ ਗਵਾਹ ਬੱਚੇ ਦੇ ਜਨਮ ਤੋਂ ਪਹਿਲਾਂ ਹਸਪਤਾਲ ਸੰਪਰਕ ਕਮੇਟੀ (HLC) ਨਾਲ ਸਲਾਹ ਕਰ ਸਕਦੇ ਹਨ। ਇਸ ਕਮੇਟੀ ਦੇ ਮੈਂਬਰ ਹਸਪਤਾਲਾਂ ਵਿਚ ਜਾ ਕੇ ਡਾਕਟਰਾਂ ਨਾਲ ਗੱਲ ਕਰਦੇ ਹਨ ਕਿ ਯਹੋਵਾਹ ਦੇ ਗਵਾਹਾਂ ਦਾ ਇਲਾਜ ਕਰਨ ਲਈ ਕਿਹੜੇ ਤਰੀਕੇ ਉਪਲਬਧ ਹਨ ਜਿਨ੍ਹਾਂ ਵਿਚ ਲਹੂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਦੇ ਨਾਲ-ਨਾਲ, ਇਹ ਕਮੇਟੀਆਂ ਅਜਿਹੇ ਕਿਸੇ ਡਾਕਟਰ ਨੂੰ ਲੱਭ ਸਕਦੀਆਂ ਹਨ ਜੋ ਮਰੀਜ਼ ਦੇ ਵਿਸ਼ਵਾਸਾਂ ਦੀ ਕਦਰ ਕਰਦਾ ਹੈ ਅਤੇ ਜਿਸ ਕੋਲ ਖ਼ੂਨ ਤੋਂ ਬਗੈਰ ਇਲਾਜ ਕਰਨ ਦਾ ਤਜਰਬਾ ਹੈ।

^ ਪੈਰਾ 24 ਕੀ ਮਸੂੜਿਆਂ ਦੇ ਰੋਗ ਕਰਕੇ ਪ੍ਰੀ-ਇਕਲੈਂਪਸੀਆ ਹੋਣ ਦਾ ਜ਼ਿਆਦਾ ਖ਼ਤਰਾ ਹੈ? ਡਾਕਟਰਾਂ ਨੂੰ ਪੱਕਾ ਪਤਾ ਨਹੀਂ ਅਤੇ ਇਸ ਬਾਰੇ ਅਜੇ ਹੋਰ ਅਧਿਐਨ ਕਰਨ ਦੀ ਲੋੜ ਹੈ। ਫਿਰ ਵੀ ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਤੁਸੀਂ ਆਪਣੇ ਮਸੂੜਿਆਂ ਅਤੇ ਦੰਦਾਂ ਦੀ ਦੇਖ-ਭਾਲ ਕਰੋ।

[ਸਫ਼ਾ 27 ਉੱਤੇ ਸੁਰਖੀ]

ਅਕਤੂਬਰ 2007 ਵਿਚ ਛਾਪੇ ਅੰਕੜਿਆਂ ਮੁਤਾਬਕ ਗਰਭ-ਅਵਸਥਾ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਹਰ ਮਿੰਟ ਤਕਰੀਬਨ ਇਕ ਔਰਤ ਮਰ ਜਾਂਦੀ ਹੈ ਯਾਨੀ ਹਰ ਸਾਲ 5,36,000 ਔਰਤਾਂ।—ਸੰਯੁਕਤ ਰਾਸ਼ਟਰ ਆਬਾਦੀ ਫ਼ੰਡ

[ਸਫ਼ਾ 28 ਉੱਤੇ ਸੁਰਖੀ]

“ਹਰ ਸਾਲ 33 ਲੱਖ ਬੱਚੇ ਜਣੇਪੇ ਦੌਰਾਨ ਮਰ ਜਾਂਦੇ ਹਨ ਅਤੇ 40 ਲੱਖ ਤੋਂ ਜ਼ਿਆਦਾ ਨਵ-ਜੰਮੇ ਬੱਚੇ 28 ਦਿਨਾਂ ਦੇ ਅੰਦਰ-ਅੰਦਰ ਦਮ ਤੋੜ ਦਿੰਦੇ ਹਨ।”—ਯੂ. ਐੱਨ. ਕ੍ਰੋਨੀਕਲ

[ਸਫ਼ਾ 29 ਉੱਤੇ ਡੱਬੀ]

 ਗਰਭ-ਅਵਸਥਾ ਦੌਰਾਨ ਤਿਆਰੀ

1. ਪਹਿਲਾਂ ਤੋਂ ਹੀ ਪਤਾ ਕਰ ਕੇ ਦੇਖੋ ਕਿ ਤੁਸੀਂ ਕਿਹੜੇ ਹਸਪਤਾਲ, ਕਿਹੜੇ ਡਾਕਟਰ ਜਾਂ ਕਿਹੜੀ ਦਾਈ ਦੀ ਮਦਦ ਲਵੋਗੇ।

2. ਆਪਣੇ ਡਾਕਟਰ ਜਾਂ ਦਾਈ ਨੂੰ ਮਿਲਦੇ ਰਹੋ ਤਾਂਕਿ ਤੁਸੀਂ ਦੋਸਤਾਂ ਵਾਂਗ ਉਨ੍ਹਾਂ ਉੱਤੇ ਭਰੋਸਾ ਕਰ ਸਕੋ।

3. ਆਪਣੀ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਰੱਖੋ। ਜੇ ਹੋ ਸਕੇ ਤਾਂ ਢੁਕਵੇਂ ਵਿਟਾਮਿਨ ਖਾਓ, ਪਰ ਦੂਸਰੀਆਂ ਦਵਾਈਆਂ (ਦੁਕਾਨੋਂ ਲਈਆਂ ਦਵਾਈਆਂ ਵੀ) ਸਿਰਫ਼ ਉਦੋਂ ਹੀ ਲਓ ਜੇ ਡਾਕਟਰ ਤੁਹਾਨੂੰ ਕਹੇ। ਬਿਹਤਰ ਹੋਵੇਗਾ ਕਿ ਤੁਸੀਂ ਸ਼ਰਾਬ ਨਾ ਪੀਓ। ਸ਼ਰਾਬ ਦੀ ਦੁਰਵਰਤੋਂ ਅਤੇ ਸ਼ਰਾਬੀਪੁਣੇ ਸੰਬੰਧੀ ਮਦਦ ਕਰਨ ਵਾਲੀ ਨੈਸ਼ਨਲ ਇੰਸਟੀਚਿਊਟ ਨੇ ਕਿਹਾ: “ਬੱਚਿਆਂ ਨੂੰ ਖ਼ਾਸ ਕਰਕੇ ਉਨ੍ਹਾਂ ਮਾਵਾਂ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ ਜੋ ਬਹੁਤ ਪੀਂਦੀਆਂ ਹਨ, ਪਰ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਗਰਭ-ਅਵਸਥਾ ਦੌਰਾਨ ਥੋੜ੍ਹੀ ਕੁ ਸ਼ਰਾਬ ਪੀਣੀ ਵੀ ਠੀਕ ਹੈ ਕਿ ਨਹੀਂ।”

4. ਜੇ ਸਮੇਂ ਤੋਂ ਪਹਿਲਾਂ ਤੁਹਾਨੂੰ ਜੰਮਣ ਪੀੜਾਂ ਲੱਗ ਜਾਂਦੀਆਂ ਹਨ (37ਵੇਂ ਹਫ਼ਤੇ ਤੋਂ ਪਹਿਲਾਂ), ਤਾਂ ਆਪਣੇ ਡਾਕਟਰ ਜਾਂ ਹਸਪਤਾਲ ਨਾਲ ਤੁਰੰਤ ਸੰਪਰਕ ਕਰੋ। ਜਲਦੀ ਕਦਮ ਚੁੱਕਣ ਨਾਲ ਸਮੇਂ ਤੋਂ ਪਹਿਲਾਂ ਬੱਚੇ ਦੇ ਜਨਮ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਸ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। *

5. ਆਪਣੇ ਸਾਰੇ ਨਿੱਜੀ ਫ਼ੈਸਲੇ ਲਿਖ ਕੇ ਰੱਖੋ। ਮਿਸਾਲ ਲਈ, ਕਈਆਂ ਨੇ ਡਿਉਰਬਲ ਪਾਵਰ ਆਫ਼ ਅਟਾਰਨੀ (DPA) ਕਾਰਡ ਪਹਿਲਾਂ ਤੋਂ ਭਰਿਆ ਹੈ। ਤੁਸੀਂ ਖ਼ੁਦ ਦੇਖ ਸਕਦੇ ਹੋ ਕਿ ਤੁਹਾਡੇ ਦੇਸ਼ ਵਿਚ ਕਿਹੜੇ-ਕਿਹੜੇ ਦਸਤਾਵੇਜ਼ਾਂ ਨੂੰ ਕਾਨੂੰਨੀ ਮਾਨਤਾ ਮਿਲੀ ਹੋਈ ਹੈ।

6. ਬੱਚੇ ਦੇ ਜਨਮ ਤੋਂ ਬਾਅਦ ਆਪਣੀ ਅਤੇ ਬੱਚੇ ਦੋਹਾਂ ਦੀ ਸਿਹਤ ਦਾ ਧਿਆਨ ਰੱਖੋ, ਖ਼ਾਸ ਕਰਕੇ ਉਦੋਂ ਜਦੋਂ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਹੈ। ਜੇ ਤੁਹਾਨੂੰ ਕੋਈ ਸਮੱਸਿਆ ਨਜ਼ਰ ਆਉਂਦੀ ਹੈ, ਤਾਂ ਡਾਕਟਰ ਨਾਲ ਫ਼ੌਰਨ ਗੱਲ ਕਰੋ।

[ਫੁਟਨੋਟ]

^ ਪੈਰਾ 41 ਸਮੇਂ ਤੋਂ ਪਹਿਲਾਂ ਜੰਮੇ ਬੱਚਿਆਂ ਨੂੰ ਆਮ ਕਰਕੇ ਖ਼ੂਨ ਚੜ੍ਹਾਇਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਅੰਗ ਚੋਖੇ ਲਾਲ ਸੈੱਲ ਨਹੀਂ ਬਣਾ ਸਕਦੇ।