“ਸਾਡੀ ਕੰਪਨੀ ਨੂੰ ਤੁਹਾਡੀ ਲੋੜ ਨਹੀਂ”
“ਸਾਡੀ ਕੰਪਨੀ ਨੂੰ ਤੁਹਾਡੀ ਲੋੜ ਨਹੀਂ”
ਕੰਪਨੀ ਦੇ ਮੈਨੇਜਰ ਉਸ ਨੂੰ ਮਿਹਨਤੀ ਮਹਿੰਦਰ ਕਹਿੰਦੇ ਸਨ। * ਉਸ ਨੇ ਪਿਛਲੇ ਛੇ ਸਾਲਾਂ ਤੋਂ ਕੰਪਨੀ ਨੂੰ ਲੱਖਾਂ ਦਾ ਫ਼ਾਇਦਾ ਪਹੁੰਚਾਇਆ। ਸੋ ਜਦ ਮਹਿੰਦਰ ਨੂੰ ਮੈਨੇਜਰ ਦੇ ਦਫ਼ਤਰ ਵਿਚ ਬੁਲਾਇਆ ਗਿਆ, ਤਾਂ ਉਸ ਨੇ ਸੋਚਿਆ ਕਿ ਉਸ ਦੀ ਤਨਖ਼ਾਹ ਵਧੇਗੀ ਜਾਂ ਉਸ ਨੂੰ ਪ੍ਰੋਮੋਸ਼ਨ ਮਿਲੇਗੀ। ਇਸ ਦੇ ਉਲਟ ਮੈਨੇਜਰ ਨੇ ਝੱਟ ਕਹਿ ਦਿੱਤਾ, “ਸਾਡੀ ਕੰਪਨੀ ਨੂੰ ਤੁਹਾਡੀ ਲੋੜ ਨਹੀਂ।”
ਮਹਿੰਦਰ ਇਹ ਗੱਲ ਸੁਣ ਕੇ ਹੱਕਾ-ਬੱਕਾ ਰਹਿ ਗਿਆ। ਉਸ ਨੇ ਕਿਹਾ: “ਮੈਂ ਚੰਗੇ ਪੈਸੇ ਕਮਾ ਰਿਹਾ ਸੀ ਅਤੇ ਮੇਰਾ ਕੰਮ ਠੀਕ-ਠਾਕ ਚੱਲ ਰਿਹਾ ਸੀ, ਪਰ ਇਕ ਪਲ ਵਿਚ ਸਾਰਾ ਕੁਝ ਬਦਲ ਗਿਆ।” ਬਾਅਦ ਵਿਚ ਜਦ ਮਹਿੰਦਰ ਨੇ ਆਪਣੀ ਘਰਵਾਲੀ ਚੰਨੀ ਨੂੰ ਦੱਸਿਆ, ਤਾਂ ਉਹ ਵੀ ਹੈਰਾਨ ਰਹਿ ਗਈ। ਉਹ ਦੱਸਦੀ ਹੈ: “ਇਹ ਸੁਣ ਕੇ ਮੇਰੀ ਤਾਂ ਜਾਨ ਹੀ ਨਿਕਲ ਗਈ। ਮੈਂ ਸੋਚਿਆ, ‘ਹੁਣ ਕੀ ਕਰਾਂਗੇ?’”
ਜੋ ਮਹਿੰਦਰ ਨਾਲ ਹੋਇਆ, ਉਹ ਹੋਰਨਾਂ ਲੱਖਾਂ ਲੋਕਾਂ ਨਾਲ ਵੀ ਹੋਇਆ ਹੈ ਜਿਵੇਂ ਅਸੀਂ ਹੇਠਾਂ ਦਿੱਤੇ ਗ੍ਰਾਫ਼ ਤੋਂ ਦੇਖ ਸਕਦੇ ਹਾਂ। ਪਰ ਇਹ ਅੰਕੜੇ ਇਹ ਨਹੀਂ ਦਿਖਾਉਂਦੇ ਕਿ ਬੇਰੋਜ਼ਗਾਰੀ ਦਾ ਜਜ਼ਬਾਤਾਂ ਉੱਤੇ ਕੀ ਅਸਰ ਪੈਂਦਾ ਹੈ। ਰਾਹੁਲ ਦੀ ਮਿਸਾਲ ਲੈ ਲਓ। ਉਹ ਪੀਰੂ ਦਾ ਵਾਸੀ ਸੀ, ਪਰ 18 ਸਾਲਾਂ ਤੋਂ ਨਿਊਯਾਰਕ ਸਿਟੀ ਦੇ ਇਕ ਮਸ਼ਹੂਰ ਹੋਟਲ ਵਿਚ ਕੰਮ ਕਰ ਰਿਹਾ ਸੀ ਜਦ ਉਸ ਨੂੰ ਕੰਮ ਤੋਂ ਜਵਾਬ ਮਿਲ ਗਿਆ। ਰਾਹੁਲ ਨੇ ਹੋਰ ਕੰਮ ਲੱਭਣ ਦੀ ਲੱਖ ਕੋਸ਼ਿਸ਼ ਕੀਤੀ, ਪਰ ਉਸ ਨੂੰ ਕੋਈ ਵੀ ਕੰਮ ਨਾ ਮਿਲਿਆ। ਉਹ ਦੱਸਦਾ ਹੈ: “ਮੈਂ ਲਗਭਗ 30 ਸਾਲਾਂ ਤੋਂ ਆਪਣਾ ਘਰ ਚਲਾ ਰਿਹਾ ਸੀ, ਪਰ ਹੁਣ ਮੈਂ ਕਿਸੇ ਕੰਮ ਦਾ ਨਹੀਂ ਰਹਿ ਗਿਆ।”
ਰਾਹੁਲ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਨੌਕਰੀ ਨਾ ਹੋਣ ਕਰਕੇ ਪੈਸਿਆਂ ਦੀ ਤੰਗੀ ਤੋਂ ਇਲਾਵਾ ਹੋਰ ਵੀ ਪਰੇਸ਼ਾਨੀਆਂ ਖੜ੍ਹੀਆਂ ਹੁੰਦੀਆਂ ਹਨ। ਬੇਰੋਜ਼ਗਾਰ ਲੋਕ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ। ਦਿਲ ਨੂੰ ਬਹੁਤ ਸੱਟ ਲੱਗਦੀ ਹੈ। ਰੈਨੇ ਦਾ ਪਤੀ ਮੈਥਿਊ ਤਿੰਨ ਤੋਂ ਜ਼ਿਆਦਾ ਸਾਲਾਂ ਤਾਈਂ ਬੇਰੋਜ਼ਗਾਰ ਸੀ। ਉਹ ਕਹਿੰਦੀ ਹੈ: “ਮੈਂ ਆਪਣੇ ਆਪ ਨੂੰ ਬੇਕਾਰ ਸਮਝਣ ਲੱਗ ਪਈ। ਜੇ ਤੁਹਾਡੇ ਕੋਲ ਕੁਝ ਨਹੀਂ, ਤਾਂ ਲੋਕ ਤੁਹਾਨੂੰ ਕੁਝ ਨਹੀਂ ਸਮਝਦੇ ਅਤੇ ਅਖ਼ੀਰ ਵਿਚ ਤੁਸੀਂ ਵੀ ਉਨ੍ਹਾਂ ਵਾਂਗ ਸੋਚਣ ਲੱਗ ਪੈਂਦੇ ਹੋ।”
ਦਿਲ ਨੂੰ ਸੱਟ ਲੱਗਣ ਦੇ ਨਾਲ-ਨਾਲ ਹਰ ਬੇਰੋਜ਼ਗਾਰ ਵਿਅਕਤੀ ਨੂੰ ਘੱਟ ਪੈਸਿਆਂ ਨਾਲ ਗੁਜ਼ਾਰਾ ਕਰਨਾ ਸਿੱਖਣਾ ਪੈਂਦਾ ਹੈ। ਮਹਿੰਦਰ ਦੱਸਦਾ ਹੈ: “ਜਦ ਸਾਡੇ ਕੋਲ ਪੈਸੇ ਹੁੰਦੇ ਸੀ, ਤਾਂ ਅਸੀਂ ਖ਼ਰਚਾ ਘਟਾਉਣ ਬਾਰੇ ਕਦੇ ਸੋਚਿਆ ਨਹੀਂ। ਸਾਡਾ ਖ਼ਰਚਾ ਤਾਂ ਉੱਨਾ ਹੀ ਹੁੰਦਾ ਸੀ, ਪਰ ਨੌਕਰੀ ਨਹੀਂ ਸੀ ਜਿਸ ਕਰਕੇ ਜ਼ਿੰਦਗੀ ਸਾਦੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਿਹਾ।”
ਕੰਮ ਲੱਭਣ ਦੇ ਨਾਲ-ਨਾਲ ਤੁਹਾਨੂੰ ਮਨ ਦੇ ਕਸ਼ਟ ਅਤੇ ਚਿੰਤਾਵਾਂ ਦਾ ਸਾਮ੍ਹਣਾ ਕਰਨਾ ਪਵੇਗਾ। ਤੁਹਾਨੂੰ ਸ਼ਾਇਦ ਘੱਟ ਪੈਸਿਆਂ ਨਾਲ ਵੀ ਗੁਜ਼ਾਰਾ ਕਰਨਾ ਪਵੇ। ਆਓ ਪਹਿਲਾਂ ਦੇਖੀਏ ਕਿ ਚਿੰਤਾ ’ਤੇ ਕਾਬੂ ਪਾਉਣ ਲਈ ਤੁਸੀਂ ਕਿਹੜੇ ਦੋ ਕਦਮ ਚੁੱਕ ਸਕਦੇ ਹੋ। (g10-E 07)
[ਫੁਟਨੋਟ]
^ ਪੈਰਾ 2 ਇਸ ਲੇਖ ਦੀ ਲੜੀ ਵਿਚ ਕੁਝ ਨਾਂ ਬਦਲੇ ਗਏ ਹਨ।
[ਸਫ਼ਾ 3 ਉੱਤੇ ਗ੍ਰਾਫ]
(ਪੂਰੀ ਤਰ੍ਹਾਂ ਫੋਰਮੈਟ ਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)
2008 ਵਿਚ ਤਿੰਨ ਦੇਸ਼ਾਂ ਵਿਚ ਬੇਰੋਜ਼ਗਾਰ ਲੋਕਾਂ ਦੀ ਗਿਣਤੀ
ਜਪਾਨ 26,50,000
ਸਪੇਨ 25,90,000
ਅਮਰੀਕਾ 89,24,000