ਪਰਮੇਸ਼ੁਰ ਦੀ ਸਰਕਾਰ ਅਧੀਨ ਇਨਸਾਫ਼
ਪਰਮੇਸ਼ੁਰ ਦੀ ਸਰਕਾਰ ਅਧੀਨ ਇਨਸਾਫ਼
ਬਾਈਬਲ ਦੀ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਇਸ ਦੁਨੀਆਂ ਦੀ ਥਾਂ ਪਰਮੇਸ਼ੁਰ ਇਕ ਨਵੀਂ ਦੁਨੀਆਂ ਲਿਆਉਣ ਵਾਲਾ ਹੈ। ਇਸ ਤੋਂ ਇਲਾਵਾ, ਉਸ ਨਵੀਂ ਦੁਨੀਆਂ ਵਿਚ ਸਿਰਫ਼ ਇਕ ਹੀ ਸਰਕਾਰ ਹੋਵੇਗੀ ਯਾਨੀ ਪਰਮੇਸ਼ੁਰ ਦਾ ਰਾਜ ਜਿਸ ਦਾ ਰਾਜਾ ਯਿਸੂ ਮਸੀਹ ਹੈ। (ਪ੍ਰਕਾਸ਼ ਦੀ ਕਿਤਾਬ 11:15) ਪਰਮੇਸ਼ੁਰ ਦਾ ਰਾਜ ਬੇਇਨਸਾਫ਼ੀ ਨੂੰ ਖ਼ਤਮ ਕਿਵੇਂ ਕਰੇਗਾ? ਉਹ ਇਸ ਤਰ੍ਹਾਂ ਦੋ ਤਰੀਕਿਆਂ ਨਾਲ ਕਰੇਗਾ।
1. ਪਰਮੇਸ਼ੁਰ ਦਾ ਰਾਜ ਨਿਕੰਮੀਆਂ ਤੇ ਅਨਿਆਈ ਸਰਕਾਰਾਂ ਨੂੰ ਖ਼ਤਮ ਕਰੇਗਾ। ਦਾਨੀਏਲ 2:44 ਵਿਚ ਲਿਖਿਆ ਹੈ: “ਉਨ੍ਹਾਂ ਰਾਜਿਆਂ [ਸਰਕਾਰਾਂ] ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ . . . ਉਹ ਏਹਨਾਂ ਸਾਰੀਆਂ [ਮਨੁੱਖੀ] ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”
2. ਪਰਮੇਸ਼ੁਰ ਦਾ ਰਾਜ ਦੁਸ਼ਟਾਂ ਨੂੰ ਨਾਸ਼ ਕਰੇਗਾ ਅਤੇ ਨੇਕ ਲੋਕਾਂ ਨੂੰ ਬਚਾਵੇਗਾ। ਜ਼ਬੂਰਾਂ ਦੀ ਪੋਥੀ 37:10 ਦੱਸਦਾ ਹੈ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ।” ਆਇਤ 28 ਵਿਚ ਦੱਸਿਆ ਗਿਆ ਹੈ: “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੋੜੀ ਰੱਛਿਆ ਹੁੰਦੀ ਹੈ।”
ਉਹ ‘ਭਗਤ’ ਯਾਨੀ ਵਫ਼ਾਦਾਰ ਲੋਕ ਯਿਸੂ ਵੱਲੋਂ ਕੀਤੀ ਪ੍ਰਾਰਥਨਾ ਦੀ ਪੂਰਤੀ ਦੇਖਣਗੇ। ਉਸ ਨੇ ਕਿਹਾ ਸੀ: “ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:10) ਧਰਤੀ ਲਈ ਪਰਮੇਸ਼ੁਰ ਦੀ ਇੱਛਾ ਕੀ ਹੈ?
ਜਦੋਂ ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਆਵੇਗਾ, ਤਾਂ . . .
ਭ੍ਰਿਸ਼ਟਾਚਾਰ ਅਤੇ ਜ਼ੁਲਮ ਖ਼ਤਮ ਕੀਤੇ ਜਾਣਗੇ। ਯਿਸੂ ਮਸੀਹ ਬਾਰੇ ਇਬਰਾਨੀਆਂ 1:9 ਕਹਿੰਦਾ ਹੈ: “ਤੈਨੂੰ ਧਾਰਮਿਕਤਾ ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਹੈ।” ਨਿਆਈ ਰਾਜਾ ਹੋਣ ਕਰਕੇ ਯਿਸੂ ‘ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।’—ਜ਼ਬੂਰਾਂ ਦੀ ਪੋਥੀ 72:12-14.
ਸਾਰਿਆਂ ਕੋਲ ਖਾਣ ਲਈ ਬਹੁਤ ਹੋਵੇਗਾ। “ਭੋਂ ਨੇ ਆਪਣਾ ਹਾਸਿਲ ਦਿੱਤਾ ਹੈ, ਪਰਮੇਸ਼ੁਰ, ਹਾਂ, ਸਾਡਾ ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ।” (ਜ਼ਬੂਰਾਂ ਦੀ ਪੋਥੀ 67:6) “ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇ।” (ਜ਼ਬੂਰਾਂ ਦੀ ਪੋਥੀ 72:16) ਯਿਸੂ ਨੇ ਚਮਤਕਾਰੀ ਤਰੀਕੇ ਨਾਲ ਹਜ਼ਾਰਾਂ ਨੂੰ ਰੋਟੀ ਖੁਆਈ ਸੀ। ਇਹ ਝਲਕ ਸੀ ਕਿ ਯਿਸੂ ਪਰਮੇਸ਼ੁਰ ਦੇ ਰਾਜ ਵਿਚ ਕੀ ਕਰੇਗਾ।—ਮੱਤੀ 14:15-21; 15:32-38.
ਇਨਸਾਨ ਦੀ ਨਾਕਾਬਲੀਅਤ ਕਰਕੇ ਇਨਸਾਫ਼ ਕਰਨ ਵਿਚ ਰੁਕਾਵਟ ਨਹੀਂ ਆਵੇਗੀ। “ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਪਰਮੇਸ਼ੁਰ ਦੀਆਂ ਨਜ਼ਰਾਂ ਤੋਂ ਲੁਕੀ ਹੋਈ ਨਹੀਂ ਹੈ, ਸਗੋਂ ਹਰ ਚੀਜ਼ ਉਸ ਦੇ ਸਾਮ੍ਹਣੇ ਹੈ ਅਤੇ ਉਹ ਸਭ ਕੁਝ ਦੇਖ ਸਕਦਾ ਹੈ ਅਤੇ ਅਸੀਂ ਉਸ ਨੂੰ ਲੇਖਾ ਦੇਣਾ ਹੈ।” (ਇਬਰਾਨੀਆਂ 4:13) ਯਿਸੂ ਮਸੀਹ ਬਾਰੇ ਅਸੀਂ ਪੜ੍ਹਦੇ ਹਾਂ: “ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ। ਪਰ ਉਹ ਧਰਮ ਨਾਲ ਗਰੀਬਾਂ ਦਾ ਨਿਆਉਂ ਕਰੇਗਾ, ਅਤੇ ਰਾਸਤੀ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ ਦੇਵੇਗਾ, ਉਹ ਧਰਤੀ ਨੂੰ ਆਪਣੇ ਮੂੰਹ ਦੇ ਡੰਡੇ ਨਾਲ ਮਾਰੇਗਾ।”—ਯਸਾਯਾਹ 11:3, 4.
ਪਰਮੇਸ਼ੁਰ ਦਾ ਰਾਜ ਜਲਦੀ ਆਉਣ ਵਾਲਾ ਹੈ!
ਦੁਨੀਆਂ ਦੀ ਵਿਗੜਦੀ ਹਾਲਤ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਅੰਤ ਛੇਤੀ ਹੀ ਹੋਣ ਵਾਲਾ ਹੈ। ਜ਼ਬੂਰਾਂ ਦੀ ਪੋਥੀ 92:7 ਵਿਚ ਲਿਖਿਆ ਹੈ: “ਜਦੋਂ ਦੁਸ਼ਟ ਘਾਹ ਵਾਂਙੁ ਫੁੱਟਦੇ ਹਨ ਅਤੇ ਸਾਰੇ ਬਦਕਾਰ ਫੁੱਲਦੇ ਫਲਦੇ ਹਨ, ਏਹ ਇਸ ਕਰਕੇ ਹੈ ਭਈ ਓਹ ਸਦਾ ਲਈ ਨਾਸ ਹੋ ਜਾਣ।” ਤੁਸੀਂ ਪਰਮੇਸ਼ੁਰ ਦੀ ਮਿਹਰ ਗੁਆਉਣ ਤੋਂ ਕਿਵੇਂ ਬਚ ਸਕਦੇ ਹੋ ਅਤੇ ਉਨ੍ਹਾਂ ਵਿੱਚੋਂ ਕਿਵੇਂ ਹੋ ਸਕਦੇ ਹੋ ਜਿਨ੍ਹਾਂ ਨੂੰ ਉਹ ਬਚਾਵੇਗਾ? ਯਿਸੂ ਮਸੀਹ ਨੇ ਕਿਹਾ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।”—ਯੂਹੰਨਾ 17:3.
ਕੀ ਤੁਸੀਂ ਇਹ ਅਨਮੋਲ ਸਿੱਖਿਆ ਲੈਣੀ ਚਾਹੁੰਦੇ ਹੋ? ਜੇ ਹਾਂ, ਤਾਂ ਕਿਉਂ ਨਾ ਪਹਿਲਾਂ ਜ਼ਿਕਰ ਕੀਤੇ ਗਏ ਹਾਇਡੀ, ਡੋਰਥੀ ਅਤੇ ਫੀਰੋਦੀਨ ਵਾਂਗ ਯਹੋਵਾਹ ਦੇ ਗਵਾਹਾਂ ਨਾਲ ਗੱਲ ਕਰੋ? ਉਹ ਖ਼ੁਸ਼ ਹੋ ਕੇ ਤੁਹਾਡੇ ਸਵਾਲਾਂ ਦੇ ਜਵਾਬ ਮੁਫ਼ਤ ਵਿਚ ਦੇਣਗੇ।
(g12-E 05)
[ਸਫ਼ਾ 15 ਉੱਤੇ ਡੱਬੀ/ਤਸਵੀਰ]
ਬੀਮਾਰੀ ਤੋਂ ਦੁਖੀ
ਅਮਰੀਕਾ ਵਿਚ ਰਹਿਣ ਵਾਲੀ ਐਮਿਲੀ ਨੂੰ ਸੱਤ ਸਾਲ ਦੀ ਉਮਰ ਵਿਚ ਲਹੂ ਦਾ ਕੈਂਸਰ ਹੋ ਗਿਆ। ਐਮਿਲੀ ਦੀਆਂ ਸਹੇਲੀਆਂ ਨੂੰ ਤਾਂ ਕਦੇ-ਕਦਾਈਂ ਹੀ ਜ਼ੁਕਾਮ ਜਾਂ ਫਲੂ ਹੁੰਦਾ ਹੈ, ਪਰ ਕਈ ਸਾਲਾਂ ਤੋਂ ਐਮਿਲੀ ਨੂੰ ਆਪਣਾ ਇਲਾਜ ਕਰਾਉਣਾ ਪੈ ਰਿਹਾ ਹੈ ਜਿਸ ਵਿਚ ਕੀਮੋਥੈਰੇਪੀ ਦਾ ਇਲਾਜ ਵੀ ਸ਼ਾਮਲ ਹੈ। ਉਹ ਕਹਿੰਦੀ ਹੈ: “ਇਹ ਬੀਮਾਰੀ ਬਹੁਤ ਡਰਾਉਣੀ ਹੈ!”
ਭਾਵੇਂ ਉਹ ਜ਼ਿੰਦਗੀ ਵਿਚ ਇਸ ਬੀਮਾਰੀ ਤੋਂ ਦੁਖੀ ਹੈ, ਫਿਰ ਵੀ ਐਮਿਲੀ ਨੇ ਉਮੀਦ ਦਾ ਪੱਲਾ ਨਹੀਂ ਛੱਡਿਆ। ਉਹ ਉਸ ਸਮੇਂ ਦੀ ਉਡੀਕ ਕਰਦੀ ਹੈ ਜਦੋਂ ਪਰਮੇਸ਼ੁਰ ਦੇ ਰਾਜ ਅਧੀਨ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਐਮਿਲੀ ਕਹਿੰਦੀ ਹੈ: “ਮੇਰਾ ਮਨਪਸੰਦ ਹਵਾਲਾ ਮਰਕੁਸ 12:30 ਹੈ: ‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਸਮਝ ਨਾਲ ਅਤੇ ਆਪਣੀ ਪੂਰੀ ਸ਼ਕਤੀ ਨਾਲ ਪਿਆਰ ਕਰ।’ ਜਦੋਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹਾਂ, ਤਾਂ ਉਹ ਮੈਨੂੰ ਤਾਕਤ ਦਿੰਦਾ ਹੈ। ਮੈਂ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿ ਉਸ ਨੇ ਮੈਨੂੰ ਮੇਰਾ ਪਰਿਵਾਰ, ਮੰਡਲੀ ਦੇ ਭੈਣ-ਭਰਾ ਅਤੇ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਜੀਉਣ ਦੀ ਉਮੀਦ ਦਿੱਤੀ ਹੈ। ਇਸ ਉਮੀਦ ਨੇ ਹੁਣ ਤਕ ਮੈਨੂੰ ਸੰਭਾਲੀ ਰੱਖਿਆ ਹੈ।”
[ਸਫ਼ੇ 14, 15 ਉੱਤੇ ਤਸਵੀਰਾਂ]
ਪਰਮੇਸ਼ੁਰ ਦੇ ਰਾਜ ਅਧੀਨ ਸਾਰੀ ਮਨੁੱਖਜਾਤੀ ਭਰਪੂਰ ਖਾਣੇ ਦੇ ਨਾਲ-ਨਾਲ ਪੱਖਪਾਤ ਤੋਂ ਬਗੈਰ ਇਨਸਾਫ਼ ਤੇ ਜ਼ਿੰਦਗੀ ਦਾ ਆਨੰਦ ਮਾਣੇਗੀ