ਸੰਸਾਰ ਉੱਤੇ ਨਜ਼ਰ
ਅਮਰੀਕਾ
ਨਿਊ ਯਾਰਕ ਟਾਈਮਜ਼ ਅਖ਼ਬਾਰ ਨੇ ਲਿਖਿਆ: ‘ਕੰਪਨੀਆਂ ਦੇ ਮਾਲਕਾਂ ਨੂੰ ਸਿਗਰਟ ਪੀਣ ਵਾਲੇ ਵਿਅਕਤੀ ’ਤੇ ਸਿਗਰਟ ਨਾ ਪੀਣ ਵਾਲੇ ਵਿਅਕਤੀ ਨਾਲੋਂ ਹਰ ਸਾਲ 5,816 ਅਮਰੀਕੀ ਡਾਲਰ (ਲਗਭਗ ਸਾਢੇ ਤਿੰਨ ਲੱਖ ਰੁਪਏ) ਜ਼ਿਆਦਾ ਖ਼ਰਚਣੇ ਪੈਂਦੇ ਹਨ।’ ਓਹੀਓ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਦੁਆਰਾ ਇਕੱਠੀ ਕੀਤੀ ਗਈ ਜਾਣਕਾਰੀ ਮੁਤਾਬਕ ਵਾਧੂ ਖ਼ਰਚੇ ਦੇ ਕਾਰਨ ਹਨ: ਕੰਮ ਦੌਰਾਨ ਸਿਗਰਟ ਪੀਣ ਲਈ ਛੁੱਟੀ, ਸਿਹਤ-ਸੰਭਾਲ ਸੰਬੰਧੀ ਖ਼ਰਚੇ ਅਤੇ ਕੰਮ ਤੋਂ ਗ਼ੈਰ-ਹਾਜ਼ਰੀ। ਨਾਲੇ ਸਿਗਰਟ ਪੀਣੀ ਛੱਡਣ ਕਰਕੇ ਸਿਹਤ ਉੱਤੇ ਜੋ ਅਸਰ ਪੈਂਦਾ ਹੈ, ਉਸ ਕਰਕੇ ਉਨ੍ਹਾਂ ਤੋਂ ਚੰਗੀ ਤਰ੍ਹਾਂ ਕੰਮ ਨਹੀਂ ਹੁੰਦਾ ਜਾਂ ਪੂਰਾ ਨਹੀਂ ਹੁੰਦਾ।
ਇਟਲੀ
“ਪਾਦਰੀ ਅਤੇ ਚਰਚ ਜਾਣ ਵਾਲੇ ਲੋਕ ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਹਨ। ਇਸ ਕਰਕੇ ਲੋਕਾਂ ਦਾ ਕੈਥੋਲਿਕ ਧਰਮ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ।”—ਪੋਪ ਫ਼ਰਾਂਸਿਸ।
ਮਲੇਸ਼ੀਆ
ਮਲੇਸ਼ੀਆ ਸਰਕਾਰ ਨੇ ਸਮਗਲਿੰਗ ਕੀਤੇ ਜਾ ਰਹੇ 1,000 ਤੋਂ ਜ਼ਿਆਦਾ ਹਾਥੀ-ਦੰਦ ਫੜੇ ਜਿਨ੍ਹਾਂ ਦਾ ਭਾਰ 24 ਟਨ ਸੀ। ਇਨ੍ਹਾਂ ਦੰਦਾਂ ਨੂੰ ਮਹਾਗਨੀ ਲੱਕੜਾਂ ਵਿਚਕਾਰ ਲੁਕਾ ਕੇ ਰੱਖਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਕਦੇ ਇੰਨਾ ਜ਼ਿਆਦਾ ਮਾਲ ਨਹੀਂ ਫੜਿਆ ਗਿਆ। ਇਹ ਮਾਲ ਟੋਗੋ ਤੋਂ ਚੀਨ ਭੇਜਿਆ ਜਾ ਰਿਹਾ ਸੀ।
ਅਫ਼ਰੀਕਾ
ਵਿਸ਼ਵ ਸਿਹਤ ਸੰਗਠਨ ਦੀ 2012 ਦੀ ਰਿਪੋਰਟ ਮੁਤਾਬਕ ਪਿਛਲੇ ਕੁਝ ਸਾਲਾਂ ਦੌਰਾਨ 63 ਪ੍ਰਤਿਸ਼ਤ ਮੌਤਾਂ ਇਕ-ਦੂਜੇ ਤੋਂ ਫੈਲਣ ਵਾਲੀਆਂ ਬੀਮਾਰੀਆਂ ਨਾਲ ਹੋਈਆਂ ਜਿਵੇਂ ਕਿ ਐੱਚ. ਆਈ. ਵੀ./ਏਡਜ਼, ਦਸਤ ਰੋਗ, ਮਲੇਰੀਆ, ਟੀ. ਬੀ. ਤੇ ਬੱਚਿਆਂ ਨੂੰ ਲੱਗਣ ਵਾਲੀਆਂ ਬੀਮਾਰੀਆਂ।
ਆਸਟ੍ਰੇਲੀਆ
ਸਮਾਰਟ-ਫ਼ੋਨ, ਟੈਬਲੇਟ, ਕੰਪਿਊਟਰ ਵਗੈਰਾ ’ਤੇ ਪਾਈਆਂ ਜੂਏ ਦੀਆਂ ਖੇਡਾਂ ਬੱਚਿਆਂ ਵਿਚ ਮਸ਼ਹੂਰ ਹੋ ਗਈਆਂ ਹਨ। ਇਹ ਖੇਡਾਂ ਅਸਲੀ ਜੂਆ ਖੇਡਣ ਵਾਂਗ ਹੁੰਦੀਆਂ ਹਨ, ਪਰ ਇਨ੍ਹਾਂ ਨੂੰ ਜਿੱਤਣਾ ਆਸਾਨ ਹੁੰਦਾ ਹੈ। ਸਰਕਾਰ ਨੇ ਇਸ ਖ਼ਿਲਾਫ਼ ਚੇਤਾਵਨੀ ਦਿੱਤੀ ਹੈ ਕਿ ਇਹ ਖੇਡਾਂ ਖੇਡਣ ਨਾਲ ਬੱਚਿਆਂ ਨੂੰ “ਜੂਏ ਦੀ ਆਦਤ ਪੈ ਸਕਦੀ ਹੈ ਜੋ ਭਵਿੱਖ ਵਿਚ ਛੱਡਣੀ ਮੁਸ਼ਕਲ ਹੋ ਸਕਦੀ ਹੈ।” (g14 02-E)