ਮੁੱਖ ਪੰਨੇ ਤੋਂ
ਜੀਉਣ ਦਾ ਕੀ ਫ਼ਾਇਦਾ?
ਜੇ ਤੁਸੀਂ ਦੀਪਾ * ਨੂੰ ਮਿਲੋ, ਤਾਂ ਉਹ ਇਕ ਹੁਸ਼ਿਆਰ, ਖ਼ੁਸ਼ਮਿਜ਼ਾਜ ਤੇ ਮਿਲਣਸਾਰ ਕੁੜੀ ਹੈ। ਪਰ ਉਹ ਦਿਲ ਦੇ ਧੁਰ ਅੰਦਰੋਂ ਖ਼ੁਦ ਨੂੰ ਕਿਸੇ ਦੇ ਲਾਇਕ ਨਹੀਂ ਸਮਝਦੀ। ਉਹ ਕਹਿੰਦੀ ਹੈ: “ਮੇਰੇ ਮਨ ਵਿਚ ਰੋਜ਼ ਖ਼ਿਆਲ ਆਉਂਦਾ ਕਿ ਮੈਂ ਮਰ ਜਾਵਾਂ। ਮੇਰੇ ਮਰਨ ਨਾਲ ਧਰਤੀ ਦਾ ਭਾਰ ਹੌਲਾ ਹੋ ਜਾਵੇਗਾ।”
ਭਾਰਤ ਦੀ ਇਕ ਅਖ਼ਬਾਰ ਮੁਤਾਬਕ “ਹਰ ਘੰਟੇ ਲਗਭਗ 15 ਲੋਕ ਖ਼ੁਦਕੁਸ਼ੀ ਕਰਦੇ ਹਨ। ਸਾਲ 2012 ਵਿਚ 1,35,000 ਲੋਕਾਂ ਨੇ ਆਤਮ-ਹੱਤਿਆ ਕੀਤੀ। ਪਰ ਜਿਨ੍ਹਾਂ ਲੋਕਾਂ ਨੇ ਸਿਰਫ਼ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਇਸ ਗਿਣਤੀ ਵਿਚ ਸ਼ਾਮਲ ਨਹੀਂ ਕੀਤਾ ਗਿਆ।”—ਦ ਹਿੰਦੂ, ਭਾਰਤ।
ਦੀਪਾ ਕਹਿੰਦੀ ਹੈ ਕਿ ਉਹ ਖ਼ੁਦਕੁਸ਼ੀ ਨਹੀਂ ਕਰੇਗੀ। ਫਿਰ ਵੀ ਕਦੇ-ਕਦੇ ਉਸ ਨੂੰ ਲੱਗਦਾ ਹੈ ਕਿ ਜੀਣ ਨਾਲੋਂ ਬਿਹਤਰ ਹੈ ਮਰ ਜਾਣਾ। ਉਹ ਕਹਿੰਦੀ ਹੈ: “ਮੈਂ ਚਾਹੁੰਦੀ ਹਾਂ ਕਿ ਕਾਸ਼ ਮੇਰਾ ਐਕਸੀਡੈਂਟ ਹੋ ਜਾਵੇ ਤੇ ਮੈਂ ਮਰ ਜਾਵਾਂ! ਮੌਤ ਮੇਰੀ ਦੁਸ਼ਮਣ ਨਹੀਂ, ਸਗੋਂ ਦੋਸਤ ਹੈ।”
ਸ਼ਾਇਦ ਕਈ ਲੋਕ ਦੀਪਾ ਦੀਆਂ ਗੱਲਾਂ ਨਾਲ ਸਹਿਮਤ ਹੋਣ ਅਤੇ ਉਨ੍ਹਾਂ ਵਿੱਚੋਂ ਕੁਝ ਨੇ ਆਤਮ-ਹੱਤਿਆ ਕਰਨ ਬਾਰੇ ਸੋਚਿਆ ਹੋਵੇ ਜਾਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਵੇ। ਮਾਹਰ ਦੱਸਦੇ ਹਨ ਕਿ ਜ਼ਿਆਦਾਤਰ ਲੋਕ ਜੋ ਆਪਣੀ ਜ਼ਿੰਦਗੀ ਖ਼ਤਮ ਕਰਨੀ ਚਾਹੁੰਦੇ ਹਨ, ਉਹ ਅਸਲ ਵਿਚ ਮਰਨਾ ਨਹੀਂ ਚਾਹੁੰਦੇ, ਸਗੋਂ ਸਿਰਫ਼ ਆਪਣੇ ਦੁੱਖਾਂ-ਤਕਲੀਫ਼ਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਸੋ ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਉਹ ਮੰਨਦੇ ਹਨ ਕਿ ਉਨ੍ਹਾਂ ਕੋਲ ਜੀਣ ਦੀ ਕੋਈ ਵਜ੍ਹਾ ਨਹੀਂ। ਜਦਕਿ ਉਨ੍ਹਾਂ ਨੂੰ ਜਾਣਨ ਦੀ ਲੋੜ ਹੈ ਕਿ ਉਨ੍ਹਾਂ ਕੋਲ ਜ਼ਿੰਦਗੀ ਜੀਉਣ ਦੇ ਕਾਰਨ ਹਨ।
ਜੀਉਣ ਦਾ ਕੀ ਫ਼ਾਇਦਾ? ਜੀਉਂਦੇ ਰਹਿਣ ਦੇ ਤਿੰਨ ਕਾਰਨਾਂ ’ਤੇ ਗੌਰ ਕਰੋ। (g14 04-E)
^ ਪੈਰਾ 3 ਨਾਂ ਬਦਲੇ ਗਏ ਹਨ।