ਸੰਸਾਰ ਉੱਤੇ ਨਜ਼ਰ
ਮੱਧ ਪੂਰਬੀ ਦੇਸ਼ਾਂ ’ਤੇ ਇਕ ਨਜ਼ਰ
ਮੱਧ ਪੂਰਬੀ ਦੇਸ਼ ਕਦੇ ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਦੇ ਘਰ ਹੁੰਦੇ ਸਨ ਤੇ ਅੱਜ ਇਹ ਬਹੁਤ ਸਾਰੀਆਂ ਪੁਰਾਣੀਆਂ ਲੱਭਤਾਂ ਦੇ ਭੰਡਾਰ ਹਨ।
ਵਾਈਨ ਬਣਾਉਣ ਵਾਲੇ ਕਨਾਨੀ
2013 ਵਿਚ ਮੌਜੂਦਾ ਇਜ਼ਰਾਈਲ ਵਿਚ ਪੁਰਾਤੱਤਵ ਵਿਗਿਆਨੀਆਂ ਨੂੰ ਕਨਾਨੀਆਂ ਦਾ ਇਕ ਬਹੁਤ ਵੱਡਾ ਵਾਈਨ ਦਾ ਭੰਡਾਰ ਮਿਲਿਆ ਹੈ ਜੋ ਤਕਰੀਬਨ 3,700 ਸਾਲ ਪੁਰਾਣਾ ਹੈ। ਇਸ ਭੰਡਾਰ ਵਿਚ 40 ਵੱਡੇ-ਵੱਡੇ ਮਟਕੇ ਮਿਲੇ ਹਨ ਜਿਨ੍ਹਾਂ ਵਿਚ ਅੱਜ ਦੇ ਜ਼ਮਾਨੇ ਦੀਆਂ 3,000 ਸ਼ਰਾਬ ਦੀਆਂ ਬੋਤਲਾਂ ਪਾਈਆਂ ਜਾ ਸਕਦੀਆਂ ਹਨ। ਇਕ ਪੁਰਾਤੱਤਵ ਵਿਗਿਆਨੀ, ਜਿਸ ਨੇ ਮਟਕਿਆਂ ਵਿਚ ਸ਼ਰਾਬ ਦੀ ਰਹਿੰਦ-ਖੂੰਦ ਦੀ ਜਾਂਚ ਕੀਤੀ, ਨੇ ਕਿਹਾ ਕਿ ਕਨਾਨੀ ਬਹੁਤ ਧਿਆਨ ਨਾਲ ਵਾਈਨ ਬਣਾਉਂਦੇ ਸਨ। ਉਹ ਦੱਸਦਾ ਹੈ: “ਹਰ ਮਟਕੇ ਦੀ ਸ਼ਰਾਬ ਬਣਾਉਣ ਵੇਲੇ ਉਹ ਧਿਆਨ ਨਾਲ ਇੱਕੋ ਨੁਸਖਾ ਵਰਤਦੇ ਸਨ।”
ਕੀ ਤੁਸੀਂ ਜਾਣਦੇ ਹੋ? ਬਾਈਬਲ ਦੱਸਦੀ ਹੈ ਕਿ ਪੁਰਾਣੇ ਜ਼ਮਾਨੇ ਦੇ ਇਜ਼ਰਾਈਲ ਵਿਚ “ਚੰਗੀ ਮੈ” ਬਣਾਈ ਜਾਂਦੀ ਸੀ ਤੇ ਵੱਡੇ-ਵੱਡੇ ਮਟਕਿਆਂ ਵਿਚ ਸਾਂਭ ਕੇ ਰੱਖੀ ਜਾਂਦੀ ਸੀ।
ਜਨ-ਸੰਖਿਆ ਵਿਚ ਤੇਜ਼ੀ ਨਾਲ ਵਾਧਾ
ਗਾਰਡੀਅਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਮਿਸਰ ਵਿਚ 2010 ਦੇ ਮੁਕਾਬਲੇ 2012 ਵਿਚ 5,60,000 ਜ਼ਿਆਦਾ ਬੱਚਿਆਂ ਨੇ ਜਨਮ ਲਿਆ। ਮਿਸਰ ਦੀ ਰਿਸਰਚ ਕੰਪਨੀ ਬਸੀਰਾ ਵਿਚ ਕੰਮ ਕਰਦੇ ਮੇਜਡ ਓਸਮਾਨ ਨੇ ਕਿਹਾ, “ਮਿਸਰ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਜਨਮ-ਦਰ ਹੈ।” ਕੁਝ ਮਾਹਰ ਕਹਿੰਦੇ ਹਨ, ਜੇ ਇਹ ਦਰ ਇਸੇ ਤਰ੍ਹਾਂ ਵਧਦੀ ਗਈ, ਤਾਂ ਦੇਸ਼ ਵਿਚ ਪਾਣੀ, ਬਿਜਲੀ ਅਤੇ ਖਾਣੇ ਦੀ ਬਹੁਤ ਕਮੀ ਹੋ ਜਾਵੇਗੀ।
ਕੀ ਤੁਸੀਂ ਜਾਣਦੇ ਹੋ? ਬਾਈਬਲ ਦੇ ਅਨੁਸਾਰ ਰੱਬ ਦਾ ਮਕਸਦ ਹੈ ਕਿ “ਧਰਤੀ ਨੂੰ” ਇਨਸਾਨਾਂ ਨਾਲ ਇਕ ਹੱਦ ਤਕ ‘ਭਰਿਆ’ ਜਾਵੇ ਅਤੇ ਸਾਰਿਆਂ ਲਈ ਬਹੁਤ ਸਾਰਾ ਖਾਣ-ਪੀਣ ਨੂੰ ਹੋਵੇ।
ਸਿੱਕਿਆਂ ਦਾ ਖ਼ਜ਼ਾਨਾ ਮਿਲਿਆ
ਇਜ਼ਰਾਈਲ ਵਿਚ ਇਕ ਹਾਈਵੇ ਦੇ ਨੇੜੇ 100 ਤੋਂ ਜ਼ਿਆਦਾ ਕਾਂਸੀ ਦੇ ਸਿੱਕੇ ਮਿਲੇ ਜਿਨ੍ਹਾਂ ਉੱਤੇ “ਚੌਥਾ ਸਾਲ” ਲਿਖਿਆ ਹੋਇਆ ਸੀ। ਇਹ ਸਾਲ ਰੋਮੀਆਂ (69-70 ਈਸਵੀ) ਖ਼ਿਲਾਫ਼ ਯਹੂਦੀਆਂ ਦੀ ਬਗਾਵਤ ਦੇ ਚੌਥੇ ਸਾਲ ਨੂੰ ਸੰਕੇਤ ਕਰਦਾ ਹੈ ਜਿਸ ਕਾਰਨ ਯਰੂਸ਼ਲਮ ਦਾ ਨਾਸ਼ ਹੋਇਆ ਸੀ। ਖੁਦਾਈ ਦਾ ਇਕ ਡਾਇਰੈਕਟਰ ਪੈਬਲੋ ਬੈੱਟਸੇਰ ਕਹਿੰਦਾ ਹੈ, “ਜ਼ਾਹਰ ਹੈ ਕਿ ਕਿਸੇ ਨੂੰ ਡਰ ਸੀ ਕਿ ਅੰਤ ਆ ਰਿਹਾ ਸੀ। ਸ਼ਾਇਦ ਉਸ ਨੇ ਰੋਮੀ ਫ਼ੌਜ ਨੂੰ ਆਉਂਦੇ ਦੇਖਿਆ ਸੀ। ਉਸ ਨੇ ਆਪਣਾ ਧਨ ਇਸ ਆਸ ਨਾਲ ਲੁਕਾ ਦਿੱਤਾ ਕਿ ਉਹ ਬਾਅਦ ਵਿਚ ਉਸ ਨੂੰ ਕੱਢ ਲਵੇਗਾ।”
ਕੀ ਤੁਸੀਂ ਜਾਣਦੇ ਹੋ? 33 ਈਸਵੀ ਵਿਚ ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਰੋਮੀ ਯਰੂਸ਼ਲਮ ਨੂੰ ਘੇਰ ਲੈਣਗੇ। ਉਸ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ ਸੁਰੱਖਿਆ ਲਈ ਪਹਾੜਾਂ ਨੂੰ ਭੱਜ ਜਾਣ।