Skip to content

Skip to table of contents

ਯਹੋਵਾਹ ਦੀ ਸੇਵਾ ਵਿਚ ਆਪਣੇ ਆਨੰਦ ਨੂੰ ਬਣਾਈ ਰੱਖੋ

ਯਹੋਵਾਹ ਦੀ ਸੇਵਾ ਵਿਚ ਆਪਣੇ ਆਨੰਦ ਨੂੰ ਬਣਾਈ ਰੱਖੋ

ਯਹੋਵਾਹ ਦੀ ਸੇਵਾ ਵਿਚ ਆਪਣੇ ਆਨੰਦ ਨੂੰ ਬਣਾਈ ਰੱਖੋ

“ਪ੍ਰਭੁ ਵਿੱਚ ਸਦਾ ਅਨੰਦ ਕਰੋ। ਫੇਰ ਕਹਿੰਦਾ ਹਾਂ, ਅਨੰਦ ਕਰੋ।”​—ਫ਼ਿਲਿੱਪੀਆਂ 4:4.

1, 2. ਸਭ ਕੁਝ ਬਰਬਾਦ ਹੋ ਜਾਣ ਦੇ ਬਾਵਜੂਦ ਵੀ ਇਕ ਭਰਾ ਤੇ ਉਸ ਦੇ ਪਰਿਵਾਰ ਨੇ ਆਪਣੇ ਆਨੰਦ ਨੂੰ ਕਿਵੇਂ ਬਣਾਈ ਰੱਖਿਆ?

ਸੀਅਰਾ ਲਿਓਨ ਵਿਚ ਰਹਿਣ ਵਾਲੇ 70 ਸਾਲਾਂ ਦੇ ਇਕ ਮਸੀਹੀ, ਜੇਮਜ਼ ਨੇ ਸਾਰੀ ਉਮਰ ਬਹੁਤ ਮਿਹਨਤ ਕੀਤੀ। ਜ਼ਰਾ ਉਸ ਦੀ ਖ਼ੁਸ਼ੀ ਦਾ ਅੰਦਾਜ਼ਾ ਲਾਓ ਜਦੋਂ ਉਹ ਆਪਣੀ ਕਮਾਈ ਵਿੱਚੋਂ ਪੈਸਾ-ਪੈਸਾ ਜੋੜ ਕੇ ਅਖ਼ੀਰ ਚਾਰ ਕਮਰਿਆਂ ਵਾਲਾ ਇਕ ਸਾਦਾ ਜਿਹਾ ਘਰ ਖ਼ਰੀਦ ਸਕਿਆ! ਪਰ ਜਦੋਂ ਜੇਮਜ਼ ਤੇ ਉਸ ਦੇ ਪਰਿਵਾਰ ਨੇ ਉਸ ਘਰ ਵਿਚ ਰਹਿਣਾ ਸ਼ੁਰੂ ਕੀਤਾ, ਤਾਂ ਉਸ ਤੋਂ ਕੁਝ ਸਮੇਂ ਬਾਅਦ ਉਸ ਦੇਸ਼ ਵਿਚ ਘਰੇਲੂ ਯੁੱਧ ਸ਼ੁਰੂ ਹੋ ਗਿਆ। ਲੜਾਈ ਵਿਚ ਉਨ੍ਹਾਂ ਦਾ ਘਰ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਉਹ ਆਪਣਾ ਘਰ ਗੁਆ ਬੈਠੇ ਪਰ ਉਨ੍ਹਾਂ ਨੇ ਆਪਣਾ ਆਨੰਦ ਨਹੀਂ ਗੁਆਇਆ। ਕਿਉਂ ਨਹੀਂ?

2 ਜੇਮਜ਼ ਤੇ ਉਸ ਦੇ ਪਰਿਵਾਰ ਨੇ ਆਪਣੇ ਨੁਕਸਾਨ ਉੱਤੇ ਰੋਣ ਦੀ ਬਜਾਇ ਉਨ੍ਹਾਂ ਚੀਜ਼ਾਂ ਉੱਤੇ ਧਿਆਨ ਲਾਇਆ ਜੋ ਉਨ੍ਹਾਂ ਕੋਲ ਬਚ ਗਈਆਂ ਸਨ। ਜੇਮਜ਼ ਦੱਸਦਾ ਹੈ: “ਦਹਿਸ਼ਤ ਦੇ ਉਸ ਦੌਰ ਵਿਚ ਵੀ ਅਸੀਂ ਸਭਾਵਾਂ ਕਰਦੇ ਰਹੇ, ਬਾਈਬਲ ਪੜ੍ਹਦੇ ਰਹੇ, ਮਿਲ ਕੇ ਪ੍ਰਾਰਥਨਾ ਕਰਦੇ ਰਹੇ ਅਤੇ ਜੋ ਵੀ ਸਾਡੇ ਕੋਲ ਥੋੜ੍ਹਾ-ਬਹੁਤਾ ਸੀ, ਉਹ ਅਸੀਂ ਦੂਸਰਿਆਂ ਨਾਲ ਵੰਡਿਆ। ਅਸੀਂ ਆਪਣੇ ਆਨੰਦ ਨੂੰ ਇਸ ਕਰਕੇ ਬਣਾਈ ਰੱਖ ਸਕੇ ਕਿਉਂਕਿ ਅਸੀਂ ਆਪਣਾ ਧਿਆਨ ਯਹੋਵਾਹ ਨਾਲ ਆਪਣੇ ਕੀਮਤੀ ਰਿਸ਼ਤੇ ਉੱਤੇ ਲਾਇਆ।” ਉਨ੍ਹਾਂ ਕੋਲ ਜਿਹੜੀਆਂ ਵੀ ਚੰਗੀਆਂ ਚੀਜ਼ਾਂ ਸਨ, ਖ਼ਾਸ ਕਰਕੇ ਯਹੋਵਾਹ ਨਾਲ ਇਕ ਨਜ਼ਦੀਕੀ ਰਿਸ਼ਤਾ, ਉਸ ਵਿਚ ਖ਼ੁਸ਼ ਰਹਿ ਕੇ ਇਹ ਵਫ਼ਾਦਾਰ ਮਸੀਹੀ ‘ਅਨੰਦ ਕਰਦੇ ਰਹੇ।’ (2 ਕੁਰਿੰਥੀਆਂ 13:11) ਭਾਵੇਂ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਆਸਾਨ ਨਹੀਂ ਸੀ, ਪਰ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨ ਵਿਚ ਆਨੰਦ ਮਨਾਉਣਾ ਨਹੀਂ ਛੱਡਿਆ।

3. ਪਹਿਲੀ ਸਦੀ ਦੇ ਕੁਝ ਮਸੀਹੀਆਂ ਨੇ ਆਪਣੇ ਆਨੰਦ ਨੂੰ ਕਿਵੇਂ ਬਣਾਈ ਰੱਖਿਆ?

3 ਪਹਿਲੀ ਸਦੀ ਦੇ ਮਸੀਹੀਆਂ ਨੇ ਵੀ ਜੇਮਜ਼ ਤੇ ਉਸ ਦੇ ਪਰਿਵਾਰ ਵਾਂਗ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਸੀ। ਪਰ ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਇਹ ਲਿਖਿਆ: “ਤੁਸੀਂ . . . ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਨਾਲ ਮੰਨ ਲਿਆ।” (ਟੇਢੇ ਟਾਈਪ ਸਾਡੇ।) ਫਿਰ ਪੌਲੁਸ ਨੇ ਉਨ੍ਹਾਂ ਦੇ ਆਨੰਦ ਦਾ ਕਾਰਨ ਦੱਸਿਆ: “ਇਹ ਜਾਣ ਕੇ ਭਈ ਸਾਡਾ ਇੱਕ ਧਨ ਇਸ ਨਾਲੋਂ ਉੱਤਮ ਅਤੇ ਅਟੱਲ ਹੈ।” (ਇਬਰਾਨੀਆਂ 10:34) ਜੀ ਹਾਂ, ਪਹਿਲੀ ਸਦੀ ਦੇ ਉਨ੍ਹਾਂ ਮਸੀਹੀਆਂ ਨੂੰ ਪੱਕੀ ਆਸ਼ਾ ਸੀ। ਉਹ ਪੂਰੇ ਭਰੋਸੇ ਨਾਲ ਅਜਿਹੀ ਚੀਜ਼ ਦੇ ਮਿਲਣ ਦੀ ਉਡੀਕ ਕਰ ਰਹੇ ਸਨ ਜਿਸ ਨੂੰ ਕੋਈ ਲੁੱਟ ਨਹੀਂ ਸਕਦਾ ਸੀ—ਪਰਮੇਸ਼ੁਰ ਦੇ ਸਵਰਗੀ ਰਾਜ ਵਿਚ “ਜੀਵਨ ਦਾ ਮੁਕਟ” ਜੋ ਕਦੀ ਨਾਸ਼ ਨਹੀਂ ਹੋਵੇਗਾ। (ਪਰਕਾਸ਼ ਦੀ ਪੋਥੀ 2:10) ਅੱਜ ਭਾਵੇਂ ਸਾਡੀ ਮਸੀਹੀ ਆਸ਼ਾ ਸਵਰਗੀ ਹੈ ਜਾਂ ਜ਼ਮੀਨੀ, ਇਹ ਆਸ਼ਾ ਮੁਸ਼ਕਲਾਂ ਵਿਚ ਵੀ ਆਪਣੇ ਆਨੰਦ ਨੂੰ ਬਣਾਈ ਰੱਖਣ ਵਿਚ ਸਾਡੀ ਮਦਦ ਕਰ ਸਕਦੀ ਹੈ।

‘ਆਸਾ ਵਿੱਚ ਅਨੰਦ ਕਰੋ’

4, 5. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ “ਆਸਾ ਵਿੱਚ ਅਨੰਦ” ਕਰਨ ਦੀ ਪੌਲੁਸ ਦੀ ਸਲਾਹ ਰੋਮੀਆਂ ਨੂੰ ਵੇਲੇ ਸਿਰ ਦਿੱਤੀ ਗਈ ਸੀ? (ਅ) ਕਿਹੜੇ ਕਾਰਨਾਂ ਕਰਕੇ ਇਕ ਮਸੀਹੀ ਆਪਣੀ ਆਸ਼ਾ ਨੂੰ ਭੁੱਲ ਸਕਦਾ ਹੈ?

4 ਪੌਲੁਸ ਰਸੂਲ ਨੇ ਰੋਮ ਵਿਚ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਅਨੰਤ ਜ਼ਿੰਦਗੀ ਦੀ “ਆਸਾ ਵਿੱਚ ਅਨੰਦ” ਕਰਨ ਲਈ ਉਤਸ਼ਾਹ ਦਿੱਤਾ। (ਰੋਮੀਆਂ 12:12) ਇਹ ਸਲਾਹ ਰੋਮ ਦੇ ਮਸੀਹੀਆਂ ਨੂੰ ਵੇਲੇ ਸਿਰ ਦਿੱਤੀ ਗਈ ਸੀ। ਪੌਲੁਸ ਦੁਆਰਾ ਉਨ੍ਹਾਂ ਨੂੰ ਚਿੱਠੀ ਲਿਖਣ ਤੋਂ ਦਸਾਂ ਸਾਲਾਂ ਦੇ ਅੰਦਰ-ਅੰਦਰ ਹੀ ਉਨ੍ਹਾਂ ਨੂੰ ਬੜੀ ਬੇਰਹਿਮੀ ਨਾਲ ਸਤਾਇਆ ਗਿਆ ਅਤੇ ਸਮਰਾਟ ਨੀਰੋ ਦੇ ਹੁਕਮ ਦੇ ਅਨੁਸਾਰ ਕੁਝ ਮਸੀਹੀਆਂ ਨੂੰ ਤਸੀਹੇ ਦੇ-ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ। ਉਨ੍ਹਾਂ ਮਸੀਹੀਆਂ ਨੂੰ ਪੂਰੀ ਨਿਹਚਾ ਸੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਵਾਅਦਾ ਕੀਤਾ ਹੋਇਆ ਜੀਵਨ ਦਾ ਮੁਕਟ ਜ਼ਰੂਰ ਦੇਵੇਗਾ ਅਤੇ ਇਸੇ ਗੱਲ ਨੇ ਦੁੱਖਾਂ ਵਿਚ ਉਨ੍ਹਾਂ ਨੂੰ ਸੰਭਾਲੀ ਰੱਖਿਆ। ਅੱਜ ਸਾਡੇ ਬਾਰੇ ਕੀ?

5 ਮਸੀਹੀ ਹੋਣ ਕਰਕੇ ਅਸੀਂ ਆਪਣੇ ਉੱਤੇ ਸਤਾਹਟ ਆਉਣ ਦੀ ਆਸ ਰੱਖਦੇ ਹਾਂ। (2 ਤਿਮੋਥਿਉਸ 3:12) ਇਸ ਤੋਂ ਇਲਾਵਾ ਸਾਨੂੰ ਪਤਾ ਹੈ ਕਿ “ਸਮਾਂ ਅਤੇ ਅਣਚਿਤਵੀ ਘਟਨਾ” ਕਦੀ ਵੀ ਸਾਡੇ ਨਾਲ ਵਾਪਰ ਸਕਦੀ ਹੈ। (ਉਪਦੇਸ਼ਕ ਦੀ ਪੋਥੀ 9:11, ਨਿ ਵ) ਸਾਡੇ ਕਿਸੇ ਅਜ਼ੀਜ਼ ਦੀ ਦੁਰਘਟਨਾ ਵਿਚ ਜਾਨ ਜਾ ਸਕਦੀ ਹੈ। ਕੋਈ ਗੰਭੀਰ ਬੀਮਾਰੀ ਸਾਡੇ ਮਾਤਾ ਜਾਂ ਪਿਤਾ ਜਾਂ ਦੋਸਤ ਦੀ ਜਾਨ ਲੈ ਸਕਦੀ ਹੈ। ਜੇ ਅਸੀਂ ਆਪਣੀ ਰਾਜ ਦੀ ਆਸ਼ਾ ਨੂੰ ਹਮੇਸ਼ਾ ਯਾਦ ਨਹੀਂ ਰੱਖਦੇ, ਤਾਂ ਅਸੀਂ ਅਜ਼ਮਾਇਸ਼ਾਂ ਵਿਚ ਅਧਿਆਤਮਿਕ ਤੌਰ ਤੇ ਕਮਜ਼ੋਰ ਪੈ ਸਕਦੇ ਹਾਂ। ਇਸ ਲਈ ਸਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹਨ, ‘ਕੀ ਮੈਂ “ਆਸਾ ਵਿੱਚ ਅਨੰਦ” ਕਰਦਾ ਹਾਂ? ਮੈਂ ਇਸ ਉੱਤੇ ਮਨਨ ਕਰਨ ਲਈ ਕਿੰਨਾ ਕੁ ਸਮਾਂ ਕੱਢਦਾ ਹਾਂ? ਕੀ ਫਿਰਦੌਸ ਮੇਰੇ ਲਈ ਸਿਰਫ਼ ਸੁਪਨਾ ਹੀ ਤਾਂ ਨਹੀਂ ਹੈ? ਕੀ ਮੈਂ ਫਿਰਦੌਸ ਵਿਚ ਹੋਣ ਦੀ ਕਲਪਨਾ ਕਰਦਾ ਹਾਂ? ਕੀ ਮੈਂ ਅੱਜ ਵੀ ਉੱਨੀ ਹੀ ਉਤਸੁਕਤਾ ਨਾਲ ਇਸ ਮੌਜੂਦਾ ਰੀਤੀ-ਵਿਵਸਥਾ ਦੇ ਅੰਤ ਦੀ ਉਡੀਕ ਕਰਦਾ ਹਾਂ ਜਿੰਨੀ ਉਤਸੁਕਤਾ ਨਾਲ ਮੈਂ ਸੱਚਾਈ ਸਿੱਖਣ ਵੇਲੇ ਕਰਦਾ ਸੀ?’ ਇਸ ਆਖ਼ਰੀ ਸਵਾਲ ਉੱਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਕਿਉਂ? ਕਿਉਂਕਿ ਜੇ ਅਸੀਂ ਤੰਦਰੁਸਤ ਹਾਂ, ਚੰਗਾ ਖ਼ਾਸਾ ਪੈਸਾ ਕਮਾਉਂਦੇ ਹਾਂ, ਅਤੇ ਦੁਨੀਆਂ ਦੇ ਉਸ ਹਿੱਸੇ ਵਿਚ ਰਹਿੰਦੇ ਹਾਂ ਜਿਹੜਾ ਲੜਾਈਆਂ, ਭੋਜਨ ਦੀ ਕਮੀ ਜਾਂ ਕੁਦਰਤੀ ਆਫ਼ਤਾਂ ਦੀ ਮਾਰ ਹੇਠ ਨਹੀਂ ਹੈ, ਤਾਂ ਅਸੀਂ ਪਰਮੇਸ਼ੁਰ ਦੇ ਨਵੇਂ ਸੰਸਾਰ ਦੇ ਆਉਣ ਦੀ ਲੋੜ ਨੂੰ ਭੁੱਲ ਸਕਦੇ ਹਾਂ।

6. (ੳ) ਜਦੋਂ ਪੌਲੁਸ ਅਤੇ ਸੀਲਾਸ ਉੱਤੇ ਬਿਪਤਾ ਆਈ, ਤਾਂ ਉਨ੍ਹਾਂ ਨੇ ਕਿਸ ਗੱਲ ਉੱਤੇ ਆਪਣਾ ਧਿਆਨ ਲਾਇਆ? (ਅ) ਅੱਜ ਪੌਲੁਸ ਅਤੇ ਸੀਲਾਸ ਦੀ ਮਿਸਾਲ ਸਾਨੂੰ ਕਿਵੇਂ ਉਤਸ਼ਾਹ ਦੇ ਸਕਦੀ ਹੈ?

6 ਪੌਲੁਸ ਨੇ ਰੋਮੀਆਂ ਨੂੰ ਅੱਗੇ ਸਲਾਹ ਦਿੱਤੀ ਕਿ ਉਹ ‘ਬਿਪਤਾ ਵਿੱਚ ਧੀਰਜ ਕਰਨ।’ (ਰੋਮੀਆਂ 12:12) ਪੌਲੁਸ ਬਿਪਤਾਵਾਂ ਤੋਂ ਅਣਜਾਣ ਨਹੀਂ ਸੀ। ਇਕ ਵਾਰ ਉਸ ਨੇ ਦਰਸ਼ਣ ਵਿਚ ਇਕ ਆਦਮੀ ਨੂੰ ਦੇਖਿਆ ਜਿਸ ਨੇ ਉਸ ਨੂੰ “ਮਕਦੂਨਿਯਾ ਵਿੱਚ ਉਤਰ ਕੇ” ਯਹੋਵਾਹ ਬਾਰੇ ਸਿੱਖਣ ਵਿਚ ਉੱਥੇ ਦੇ ਲੋਕਾਂ ਦੀ ਮਦਦ ਕਰਨ ਲਈ ਬੁਲਾਇਆ। (ਰਸੂਲਾਂ ਦੇ ਕਰਤੱਬ 16:9) ਇਸ ਤੇ ਪੌਲੁਸ ਆਪਣੇ ਨਾਲ ਲੂਕਾ, ਸੀਲਾਸ ਅਤੇ ਤਿਮੋਥਿਉਸ ਨੂੰ ਲੈ ਕੇ ਯੂਰਪ ਨੂੰ ਚੱਲ ਪਿਆ। ਉੱਥੇ ਕਿਹੜੀ ਚੀਜ਼ ਇਨ੍ਹਾਂ ਜੋਸ਼ੀਲੇ ਮਿਸ਼ਨਰੀਆਂ ਦੀ ਉਡੀਕ ਕਰ ਰਹੀ ਸੀ? ਬਿਪਤਾ! ਜਦੋਂ ਪੌਲੁਸ ਤੇ ਸੀਲਾਸ ਨੇ ਮਕਦੂਨਿਯਾ ਦੇ ਸ਼ਹਿਰ ਫ਼ਿਲਿੱਪੈ ਵਿਚ ਪ੍ਰਚਾਰ ਕੀਤਾ, ਤਾਂ ਉਨ੍ਹਾਂ ਨੂੰ ਕੋਰੜੇ ਮਾਰੇ ਗਏ ਅਤੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਇਸ ਤੋਂ ਪਤਾ ਚੱਲਦਾ ਹੈ ਕਿ ਫ਼ਿਲਿੱਪੈ ਦੇ ਕੁਝ ਲੋਕ ਰਾਜ ਦੇ ਸੰਦੇਸ਼ ਨੂੰ ਬਿਲਕੁਲ ਵੀ ਸੁਣਨਾ ਨਹੀਂ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਬਹੁਤ ਹੀ ਕਠੋਰਤਾ ਨਾਲ ਮਿਸ਼ਨਰੀਆਂ ਦਾ ਵਿਰੋਧ ਵੀ ਕੀਤਾ। ਕੀ ਇੰਨਾ ਸਭ ਕੁਝ ਹੋਣ ਕਰਕੇ ਇਨ੍ਹਾਂ ਜੋਸ਼ੀਲੇ ਮਿਸ਼ਨਰੀਆਂ ਦਾ ਆਨੰਦ ਖ਼ਤਮ ਹੋ ਗਿਆ? ਨਹੀਂ। ਕੁੱਟੇ ਜਾਣ ਤੇ ਜੇਲ੍ਹ ਵਿਚ ਸੁੱਟੇ ਜਾਣ ਤੋਂ ਬਾਅਦ, “ਅੱਧੀਕੁ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ੁਰ ਦਾ ਭਜਨ ਗਾਉਂਦੇ ਸਨ।” (ਰਸੂਲਾਂ ਦੇ ਕਰਤੱਬ 16:25, 26, ਟੇਢੇ ਟਾਈਪ ਸਾਡੇ।) ਪੌਲੁਸ ਤੇ ਸੀਲਾਸ ਨੂੰ ਕੁੱਟ ਖਾਣ ਵਿਚ ਕੋਈ ਮਜ਼ਾ ਨਹੀਂ ਆਇਆ, ਪਰ ਉਨ੍ਹਾਂ ਦੋਵਾਂ ਮਿਸ਼ਨਰੀਆਂ ਨੇ ਆਪਣੇ ਦਰਦ ਉੱਤੇ ਧਿਆਨ ਨਹੀਂ ਲਾਇਆ। ਉਨ੍ਹਾਂ ਨੇ ਆਪਣਾ ਧਿਆਨ ਯਹੋਵਾਹ ਅਤੇ ਉਸ ਦੀਆਂ ਬਰਕਤਾਂ ਉੱਤੇ ਲਾਇਆ। ਆਨੰਦ ਨਾਲ ‘ਬਿਪਤਾ ਵਿੱਚ ਧੀਰਜ ਕਰਨ’ ਦੁਆਰਾ ਪੌਲੁਸ ਤੇ ਸੀਲਾਸ ਨੇ ਫ਼ਿਲਿੱਪੈ ਅਤੇ ਹੋਰ ਦੂਸਰੀਆਂ ਥਾਵਾਂ ਦੇ ਆਪਣੇ ਭਰਾਵਾਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ।

7. ਸਾਨੂੰ ਪ੍ਰਾਰਥਨਾ ਵਿਚ ਪਰਮੇਸ਼ੁਰ ਦਾ ਧੰਨਵਾਦ ਵੀ ਕਿਉਂ ਕਰਨਾ ਚਾਹੀਦਾ ਹੈ?

7 ਪੌਲੁਸ ਨੇ ਲਿਖਿਆ: “ਪ੍ਰਾਰਥਨਾ ਲਗਾਤਾਰ ਕਰਦੇ ਰਹੋ।” (ਰੋਮੀਆਂ 12:12) ਜਦੋਂ ਤੁਸੀਂ ਚਿੰਤਾਵਾਂ ਨਾਲ ਘਿਰੇ ਹੁੰਦੇ ਹੋ, ਤਾਂ ਕੀ ਤੁਸੀਂ ਪ੍ਰਾਰਥਨਾ ਕਰਦੇ ਹੋ? ਤੁਸੀਂ ਕਿਸ ਬਾਰੇ ਪ੍ਰਾਰਥਨਾ ਕਰਦੇ ਹੋ? ਤੁਸੀਂ ਸ਼ਾਇਦ ਯਹੋਵਾਹ ਨੂੰ ਆਪਣੀ ਕੋਈ ਖ਼ਾਸ ਸਮੱਸਿਆ ਦੱਸ ਕੇ ਉਸ ਦੀ ਮਦਦ ਲਈ ਪ੍ਰਾਰਥਨਾ ਕਰਦੇ ਹੋਵੋਗੇ। ਪਰ ਤੁਸੀਂ ਪ੍ਰਾਰਥਨਾ ਵਿਚ ਬਰਕਤਾਂ ਦੇਣ ਲਈ ਯਹੋਵਾਹ ਦਾ ਧੰਨਵਾਦ ਵੀ ਕਰ ਸਕਦੇ ਹੋ। ਜਦੋਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ, ਤਾਂ ਯਹੋਵਾਹ ਵੱਲੋਂ ਦਿੱਤੀਆਂ ਚੰਗੀਆਂ ਚੀਜ਼ਾਂ ਬਾਰੇ ਸੋਚਣ ਨਾਲ ਅਸੀਂ “ਆਸਾ ਵਿੱਚ ਅਨੰਦ” ਕਰ ਸਕਾਂਗੇ। ਦਾਊਦ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਦੁੱਖ ਝੱਲੇ, ਪਰ ਉਸ ਨੇ ਲਿਖਿਆ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ, ਤੇਰਾ ਸ਼ਰੀਕ ਕੋਈ ਨਹੀਂ ਹੈ! ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ।” (ਜ਼ਬੂਰ 40:5) ਜੇ ਦਾਊਦ ਵਾਂਗ ਅਸੀਂ ਵੀ ਯਹੋਵਾਹ ਦੀਆਂ ਬਰਕਤਾਂ ਉੱਤੇ ਹਮੇਸ਼ਾ ਮਨਨ ਕਰੀਏ, ਤਾਂ ਸਾਨੂੰ ਵੀ ਜ਼ਰੂਰ ਆਨੰਦ ਮਿਲੇਗਾ।

ਇਕ ਚੰਗਾ ਨਜ਼ਰੀਆ ਰੱਖੋ

8. ਜਦੋਂ ਕਿਸੇ ਮਸੀਹੀ ਉੱਤੇ ਸਤਾਹਟਾਂ ਆਉਂਦੀਆਂ ਹਨ, ਤਾਂ ਕਿਹੜੀ ਚੀਜ਼ ਉਸ ਦੀ ਖ਼ੁਸ਼ ਰਹਿਣ ਵਿਚ ਮਦਦ ਕਰਦੀ ਹੈ?

8 ਯਿਸੂ ਨੇ ਆਪਣੇ ਚੇਲਿਆਂ ਨੂੰ ਹੌਸਲਾ ਦਿੱਤਾ ਸੀ ਕਿ ਜਦੋਂ ਉਹ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ, ਤਾਂ ਉਹ ਚੰਗਾ ਨਜ਼ਰੀਆ ਰੱਖਣ। ਉਸ ਨੇ ਕਿਹਾ: “ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ।” (ਮੱਤੀ 5:11) ਸਾਡੇ ਕੋਲ ਅਜਿਹੇ ਹਾਲਾਤਾਂ ਵਿਚ ਖ਼ੁਸ਼ ਹੋਣ ਦੇ ਕਿਹੜੇ ਕਾਰਨ ਹਨ? ਜੇ ਅਸੀਂ ਵਿਰੋਧ ਦਾ ਸਾਮ੍ਹਣਾ ਕਰ ਪਾਉਂਦੇ ਹਾਂ, ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਦੀ ਪਵਿੱਤਰ ਆਤਮਾ ਸਾਡੇ ਉੱਤੇ ਹੈ। ਪਤਰਸ ਰਸੂਲ ਨੇ ਆਪਣੇ ਸੰਗੀ ਮਸੀਹੀਆਂ ਨੂੰ ਕਿਹਾ ਸੀ: “ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ ਇਸ ਲਈ ਜੋ ਤੇਜ ਦਾ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ।” (1 ਪਤਰਸ 4:13, 14) ਇਸੇ ਤਰ੍ਹਾਂ ਯਹੋਵਾਹ ਆਪਣੀ ਪਵਿੱਤਰ ਆਤਮਾ ਦੁਆਰਾ ਪਰਤਾਵਿਆਂ ਦਾ ਸਾਮ੍ਹਣਾ ਕਰਨ ਅਤੇ ਆਪਣੇ ਆਨੰਦ ਨੂੰ ਬਣਾਈ ਰੱਖਣ ਵਿਚ ਸਾਡੀ ਵੀ ਮਦਦ ਕਰੇਗਾ।

9. ਜਦੋਂ ਕੁਝ ਭਰਾਵਾਂ ਨੂੰ ਉਨ੍ਹਾਂ ਦੀ ਨਿਹਚਾ ਕਰਕੇ ਜੇਲ੍ਹ ਵਿਚ ਸੁੱਟਿਆ ਗਿਆ ਸੀ, ਤਾਂ ਉੱਥੇ ਕਿਸ ਚੀਜ਼ ਨੇ ਆਨੰਦ ਮਨਾਉਣ ਵਿਚ ਉਨ੍ਹਾਂ ਦੀ ਮਦਦ ਕੀਤੀ?

9 ਜਦੋਂ ਅਸੀਂ ਬਹੁਤ ਹੀ ਦੁਖਦਾਈ ਹਾਲਾਤਾਂ ਵਿਚ ਵੀ ਹੁੰਦੇ ਹਾਂ, ਤਦ ਵੀ ਅਸੀਂ ਆਨੰਦ ਮਨਾ ਸਕਦੇ ਹਾਂ। ਅਡੌਲਫ਼ ਨਾਂ ਦੇ ਇਕ ਮਸੀਹੀ ਨੇ ਇਸ ਗੱਲ ਨੂੰ ਸੱਚ ਪਾਇਆ। ਉਹ ਉਸ ਦੇਸ਼ ਵਿਚ ਰਹਿੰਦਾ ਹੈ ਜਿੱਥੇ ਯਹੋਵਾਹ ਦੇ ਗਵਾਹਾਂ ਦੇ ਕੰਮ ਤੇ ਬਹੁਤ ਸਾਲਾਂ ਤੋਂ ਪਾਬੰਦੀ ਲੱਗੀ ਹੋਈ ਸੀ। ਅਡੌਲਫ਼ ਅਤੇ ਉਸ ਦੇ ਸਾਥੀਆਂ ਨੂੰ ਗਿਰਫ਼ਤਾਰ ਕਰ ਕੇ ਜੇਲ੍ਹ ਵਿਚ ਲੰਬੇ ਸਮੇਂ ਦੀਆਂ ਸਜ਼ਾਵਾਂ ਦੇ ਦਿੱਤੀਆਂ ਗਈਆਂ ਸਨ ਕਿਉਂਕਿ ਉਨ੍ਹਾਂ ਨੇ ਆਪਣੇ ਬਾਈਬਲ ਆਧਾਰਿਤ ਵਿਸ਼ਵਾਸ ਨੂੰ ਤਿਆਗਣ ਤੋਂ ਇਨਕਾਰ ਕੀਤਾ ਸੀ। ਜੇਲ੍ਹ ਦੀ ਜ਼ਿੰਦਗੀ ਸੌਖੀ ਨਹੀਂ ਸੀ, ਪਰ ਪੌਲੁਸ ਅਤੇ ਸੀਲਾਸ ਵਾਂਗ ਅਡੌਲਫ਼ ਅਤੇ ਉਸ ਦੇ ਸਾਥੀਆਂ ਨੇ ਕਈ ਕਾਰਨਾਂ ਕਰਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੇਖਿਆ ਕਿ ਜੇਲ੍ਹ ਵਿਚ ਹੋਏ ਤਜਰਬੇ ਕਰਕੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਈ ਤੇ ਉਨ੍ਹਾਂ ਵਿਚ ਖੁੱਲ੍ਹਦਿਲੀ, ਹਮਦਰਦੀ ਅਤੇ ਭਰੱਪਣ ਦੇ ਪ੍ਰੇਮ ਵਰਗੇ ਹੋਰ ਕਈ ਚੰਗੇ ਮਸੀਹੀ ਗੁਣ ਪੈਦਾ ਹੋਏ। ਉਦਾਹਰਣ ਲਈ ਜਦੋਂ ਕਿਸੇ ਨੂੰ ਘਰੋਂ ਕੋਈ ਪੈਕਟ ਮਿਲਦਾ ਸੀ, ਤਾਂ ਉਹ ਉਸ ਵਿਚਲੀਆਂ ਚੀਜ਼ਾਂ ਨੂੰ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਵੰਡਦਾ ਸੀ ਜਿਹੜੇ ਇਨ੍ਹਾਂ ਵਾਧੂ ਖਾਣ-ਪੀਣ ਦੀਆਂ ਚੀਜ਼ਾਂ ਨੂੰ ‘ਹਰੇਕ ਚੰਗੇ ਦਾਨ ਅਤੇ ਪੂਰਨ ਦਾਤ’ ਦੇ ਅਸਲੀ ਸੋਮੇ ਯਹੋਵਾਹ ਵੱਲੋਂ ਵਰਦਾਨ ਸਮਝਦੇ ਸਨ। ਇਸ ਤਰ੍ਹਾਂ ਵੰਡ ਕੇ ਖਾਣ ਨਾਲ ਸਾਰਿਆਂ ਨੂੰ ਖ਼ੁਸ਼ੀ ਮਿਲੀ। ਇਸ ਤਰ੍ਹਾਂ, ਜਦ ਕਿ ਉਨ੍ਹਾਂ ਦੀ ਨਿਹਚਾ ਨੂੰ ਤੋੜਨ ਲਈ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟਿਆ ਗਿਆ ਸੀ, ਪਰ ਉੱਥੇ ਉਨ੍ਹਾਂ ਦੀ ਅਧਿਆਤਮਿਕਤਾ ਹੋਰ ਵੀ ਮਜ਼ਬੂਤ ਹੋਈ!​—ਯਾਕੂਬ 1:17; ਰਸੂਲਾਂ ਦੇ ਕਰਤੱਬ 20:35.

10, 11. ਇਕ ਭੈਣ ਨੇ ਪੁੱਛ-ਗਿੱਛ ਅਤੇ ਉਸ ਤੋਂ ਬਾਅਦ ਜੇਲ੍ਹ ਦੀ ਲੰਬੀ ਸਜ਼ਾ ਨੂੰ ਕਿੱਦਾਂ ਸਹਾਰਿਆ?

10 ਐਲਾ ਵੀ ਅਜਿਹੇ ਇਕ ਦੇਸ਼ ਵਿਚ ਰਹਿੰਦੀ ਹੈ ਜਿੱਥੇ ਰਾਜ ਦੇ ਕੰਮਾਂ ਉੱਤੇ ਕਈ ਸਾਲਾਂ ਤੋਂ ਪਾਬੰਦੀ ਲੱਗੀ ਹੋਈ ਸੀ। ਉਸ ਨੂੰ ਦੂਜਿਆਂ ਨਾਲ ਆਪਣੀ ਮਸੀਹੀ ਆਸ਼ਾ ਸਾਂਝੀ ਕਰਨ ਦੇ ਦੋਸ਼ ਵਿਚ ਗਿਰਫ਼ਤਾਰ ਕਰ ਲਿਆ ਗਿਆ। ਅੱਠਾਂ ਮਹੀਨਿਆਂ ਤਕ ਉਸ ਕੋਲੋਂ ਦਿਨ-ਰਾਤ ਪੁੱਛ-ਗਿੱਛ ਹੁੰਦੀ ਰਹੀ। ਜਦੋਂ ਅਖ਼ੀਰ ਵਿਚ ਉਸ ਤੇ ਮੁਕੱਦਮਾ ਚਲਾਇਆ ਗਿਆ, ਤਾਂ ਉਸ ਨੂੰ 10 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਗਈ। ਜਿਸ ਜੇਲ੍ਹ ਵਿਚ ਉਸ ਨੂੰ ਬੰਦ ਕੀਤਾ ਗਿਆ ਸੀ, ਉਸ ਵਿਚ ਯਹੋਵਾਹ ਦਾ ਕੋਈ ਵੀ ਉਪਾਸਕ ਨਹੀਂ ਸੀ। ਉਸ ਵੇਲੇ ਐਲਾ ਦੀ ਉਮਰ ਸਿਰਫ਼ 24 ਸਾਲ ਦੀ ਸੀ।

11 ਐਲਾ ਨੂੰ ਆਪਣੀ ਜਵਾਨੀ ਦੀ ਉਮਰ ਜੇਲ੍ਹ ਦੀ ਚਾਰ-ਦੀਵਾਰੀ ਵਿਚ ਕੱਟਣ ਦਾ ਕੋਈ ਸ਼ੌਕ ਨਹੀਂ ਸੀ। ਪਰ ਕਿਉਂਕਿ ਉਹ ਆਪਣੇ ਹਾਲਾਤ ਨੂੰ ਤਾਂ ਬਦਲ ਨਹੀਂ ਸਕਦੀ ਸੀ, ਇਸ ਲਈ ਉਸ ਨੇ ਆਪਣੇ ਨਜ਼ਰੀਏ ਨੂੰ ਬਦਲਣ ਦਾ ਫ਼ੈਸਲਾ ਕੀਤਾ। ਇਸ ਕਰਕੇ ਉਸ ਨੇ ਜੇਲ੍ਹ ਨੂੰ ਆਪਣਾ ਪ੍ਰਚਾਰ ਦਾ ਨਿੱਜੀ ਖੇਤਰ ਬਣਾ ਲਿਆ। ਉਹ ਕਹਿੰਦੀ ਹੈ: “ਉੱਥੇ ਪ੍ਰਚਾਰ ਦਾ ਇੰਨਾ ਕੰਮ ਕਰਨ ਵਾਲਾ ਸੀ ਕਿ ਸਾਲਾਂ ਦਾ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਨਿੱਕਲ ਗਏ।” ਪੰਜਾਂ ਸਾਲਾਂ ਬਾਅਦ ਐਲਾ ਕੋਲੋਂ ਫਿਰ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਕਰਨ ਵਾਲਿਆਂ ਨੇ ਜਦੋਂ ਦੇਖਿਆ ਕਿ ਜੇਲ੍ਹ ਦੀਆਂ ਸਲਾਖਾਂ ਵੀ ਉਸ ਦੀ ਨਿਹਚਾ ਨੂੰ ਤੋੜ ਨਹੀਂ ਸਕੀਆਂ, ਤਾਂ ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਤੈਨੂੰ ਰਿਹਾ ਨਹੀਂ ਕਰ ਸਕਦੇ ਕਿਉਂਕਿ ਤੂੰ ਅਜੇ ਵੀ ਬਦਲੀ ਨਹੀਂ ਹੈ।” “ਪਰ ਮੈਂ ਬਦਲ ਗਈ ਹਾਂ!” ਐਲਾ ਨੇ ਦ੍ਰਿੜ੍ਹਤਾ ਨਾਲ ਜਵਾਬ ਦਿੱਤਾ। “ਮੈਂ ਪਹਿਲਾਂ ਨਾਲੋਂ ਵੀ ਚੜ੍ਹਦੀਆਂ ਕਲਾਂ ਵਿਚ ਹਾਂ ਤੇ ਮੇਰੀ ਨਿਹਚਾ ਪਹਿਲਾਂ ਨਾਲੋਂ ਵੀ ਮਜ਼ਬੂਤ ਹੈ!” ਅਤੇ ਉਸ ਨੇ ਕਿਹਾ: “ਜੇ ਤੁਸੀਂ ਮੈਨੂੰ ਛੱਡਣਾ ਨਹੀਂ ਚਾਹੁੰਦੇ, ਤਾਂ ਮੈਂ ਉਦੋਂ ਤਕ ਜੇਲ੍ਹ ਵਿਚ ਰਹਾਂਗੀ ਜਦੋਂ ਤਕ ਯਹੋਵਾਹ ਮੈਨੂੰ ਰਿਹਾ ਨਹੀਂ ਕਰਾਉਂਦਾ।” ਸਾਢੇ ਪੰਜ ਸਾਲ ਦੀ ਕੈਦ ਵੀ ਐਲਾ ਦੇ ਆਨੰਦ ਨੂੰ ਖ਼ਤਮ ਨਹੀਂ ਕਰ ਸਕੀ! ਉਸ ਨੇ ਹਰ ਹਾਲਤ ਵਿਚ ਖ਼ੁਸ਼ ਰਹਿਣਾ ਸਿੱਖਿਆ। ਕੀ ਤੁਸੀਂ ਉਸ ਦੀ ਉਦਾਹਰਣ ਤੋਂ ਕੁਝ ਸਿੱਖ ਸਕਦੇ ਹੋ?​—ਇਬਰਾਨੀਆਂ 13:5.

12. ਮੁਸ਼ਕਲ ਹਾਲਾਤਾਂ ਵਿਚ ਕਿਹੜੀ ਚੀਜ਼ ਇਕ ਮਸੀਹੀ ਨੂੰ ਮਨ ਦੀ ਸ਼ਾਂਤੀ ਦੇ ਸਕਦੀ ਹੈ?

12 ਇਹ ਨਾ ਸੋਚੋ ਕਿ ਐਲਾ ਕੋਲ ਕੋਈ ਅਸਾਧਾਰਣ ਸ਼ਕਤੀ ਸੀ ਜਿਸ ਕਰਕੇ ਉਹ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਈ। ਸਜ਼ਾ ਹੋਣ ਤੋਂ ਪਹਿਲਾਂ ਕਈ ਮਹੀਨਿਆਂ ਤਕ ਪੁੱਛ-ਗਿੱਛ ਕੀਤੇ ਜਾਣ ਦੇ ਸਮੇਂ ਬਾਰੇ ਦੱਸਦੀ ਹੋਈ ਐਲਾ ਇਹ ਗੱਲ ਮੰਨਦੀ ਹੈ: “ਡਰ ਨਾਲ ਮੇਰੇ ਦੰਦ ਵਜਦੇ ਸਨ ਤੇ ਮੈਂ ਆਪਣੇ ਆਪ ਨੂੰ ਇਕ ਸਹਿਮੀ ਹੋਈ ਚਿੜੀ ਵਾਂਗ ਮਹਿਸੂਸ ਕਰਦੀ ਸੀ।” ਪਰ ਐਲਾ ਯਹੋਵਾਹ ਵਿਚ ਮਜ਼ਬੂਤ ਨਿਹਚਾ ਰੱਖਦੀ ਹੈ। ਉਸ ਨੇ ਉਸ ਵਿਚ ਭਰੋਸਾ ਰੱਖਣਾ ਸਿੱਖਿਆ ਹੈ। (ਕਹਾਉਤਾਂ 3:5-7) ਨਤੀਜੇ ਵਜੋਂ, ਉਹ ਯਹੋਵਾਹ ਦੇ ਹੋਰ ਵੀ ਨੇੜੇ ਆ ਗਈ ਹੈ। ਉਹ ਦੱਸਦੀ ਹੈ: “ਜਦੋਂ ਵੀ ਮੈਂ ਪੁੱਛ-ਗਿੱਛ ਕਰਨ ਵਾਲੇ ਕਮਰੇ ਵਿਚ ਜਾਂਦੀ ਸੀ, ਮੈਂ ਸ਼ਾਂਤੀ ਮਹਿਸੂਸ ਕਰਦੀ ਸੀ। . . . ਸਥਿਤੀ ਜਿੰਨੀ ਜ਼ਿਆਦਾ ਖੌਫ਼ਨਾਕ ਹੁੰਦੀ ਸੀ, ਮੈਂ ਉੱਨੀ ਜ਼ਿਆਦਾ ਸ਼ਾਂਤੀ ਮਹਿਸੂਸ ਕਰਦੀ ਸੀ।” ਯਹੋਵਾਹ ਉਸ ਸ਼ਾਂਤੀ ਦਾ ਸੋਮਾ ਸੀ। ਪੌਲੁਸ ਰਸੂਲ ਨੇ ਕਿਹਾ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”​—ਫ਼ਿਲਿੱਪੀਆਂ 4:6, 7.

13. ਕਿਹੜੀ ਗੱਲ ਸਾਨੂੰ ਭਰੋਸਾ ਦਿੰਦੀ ਹੈ ਕਿ ਜਦੋਂ ਸਾਡੇ ਉੱਤੇ ਬਿਪਤਾਵਾਂ ਆਉਂਦੀਆਂ ਹਨ, ਤਾਂ ਸਾਡੇ ਕੋਲ ਇਨ੍ਹਾਂ ਨੂੰ ਸਹਿਣ ਦੀ ਤਾਕਤ ਹੋਵੇਗੀ?

13 ਐਲਾ ਹੁਣ ਰਿਹਾ ਹੋ ਚੁੱਕੀ ਹੈ ਤੇ ਉਸ ਨੇ ਮੁਸ਼ਕਲਾਂ ਦੇ ਬਾਵਜੂਦ ਵੀ ਆਪਣੇ ਆਨੰਦ ਨੂੰ ਕਾਇਮ ਰੱਖਿਆ। ਉਸ ਨੇ ਆਪਣੀ ਤਾਕਤ ਨਾਲ ਇਹ ਸਭ ਕੁਝ ਸਹਿਣ ਨਹੀਂ ਕੀਤਾ, ਪਰ ਯਹੋਵਾਹ ਵੱਲੋਂ ਮਿਲੀ ਤਾਕਤ ਨਾਲ ਕੀਤਾ। ਪੌਲੁਸ ਰਸੂਲ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ ਜਿਸ ਨੇ ਲਿਖਿਆ: “ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅੱਤ ਅਨੰਦ ਨਾਲ ਅਭਮਾਨ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਸਾਯਾ ਕਰੇ। . . . ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।”​—2 ਕੁਰਿੰਥੀਆਂ 12:9, 10.

14. ਉਦਾਹਰਣ ਦੇ ਕੇ ਸਮਝਾਓ ਕਿ ਇਕ ਮਸੀਹੀ ਮੁਸ਼ਕਲ ਸਥਿਤੀ ਵਿਚ ਵੀ ਕਿਵੇਂ ਸਹੀ ਨਜ਼ਰੀਆ ਰੱਖ ਸਕਦਾ ਹੈ ਅਤੇ ਇਸ ਦੇ ਕੀ ਨਤੀਜੇ ਨਿਕਲ ਸਕਦੇ ਹਨ?

14 ਅੱਜ ਤੁਸੀਂ ਜਿਨ੍ਹਾਂ ਦਬਾਵਾਂ ਦਾ ਸਾਮ੍ਹਣਾ ਕਰ ਰਹੇ ਹੋ, ਉਹ ਸ਼ਾਇਦ ਇਨ੍ਹਾਂ ਤੋਂ ਵੱਖਰੇ ਹੋਣ ਜਿਨ੍ਹਾਂ ਬਾਰੇ ਅਸੀਂ ਹੁਣੇ-ਹੁਣੇ ਚਰਚਾ ਕੀਤੀ ਹੈ। ਪਰ ਦਬਾਅ ਭਾਵੇਂ ਜਿੱਦਾਂ ਦੇ ਮਰਜ਼ੀ ਹੋਣ, ਇਨ੍ਹਾਂ ਨੂੰ ਝੱਲਣਾ ਔਖਾ ਹੁੰਦਾ ਹੈ। ਉਦਾਹਰਣ ਲਈ ਸ਼ਾਇਦ ਤੁਹਾਡਾ ਮਾਲਕ ਤੁਹਾਡੇ ਕੰਮ ਵਿਚ ਕੁਝ ਜ਼ਿਆਦਾ ਹੀ ਨੁਕਸ ਕੱਢਦਾ ਹੋਵੇ—ਸ਼ਾਇਦ ਦੂਸਰੇ ਮੁਲਾਜ਼ਮਾਂ ਦੇ ਕੰਮਾਂ ਨਾਲੋਂ ਕਿਤੇ ਜ਼ਿਆਦਾ ਜਿਹੜੇ ਦੂਸਰੇ ਧਰਮ ਦੇ ਹਨ। ਸ਼ਾਇਦ ਕੋਈ ਦੂਸਰਾ ਕੰਮ ਲੱਭਣਾ ਤੁਹਾਡੇ ਲਈ ਮੁਮਕਿਨ ਨਾ ਹੋਵੇ। ਉਦੋਂ ਤੁਸੀਂ ਆਪਣਾ ਆਨੰਦ ਕਿਵੇਂ ਬਣਾਈ ਰੱਖ ਸਕਦੇ ਹੋ? ਅਡੌਲਫ਼ ਤੇ ਉਸ ਦੇ ਸਾਥੀਆਂ ਨੂੰ ਯਾਦ ਕਰੋ ਜਿਨ੍ਹਾਂ ਨੂੰ ਕੈਦ ਨੇ ਬਹੁਤ ਸਾਰੇ ਅਹਿਮ ਗੁਣ ਸਿਖਾਏ। ਜੇ ਤੁਸੀਂ ਆਪਣੇ ਮਾਲਕ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹੋ—ਭਾਵੇਂ ਉਹ ‘ਕਰੜੇ ਸੁਭਾਉ ਵਾਲਾ’ ਹੈ—ਤਾਂ ਤੁਸੀਂ ਆਪਣੇ ਵਿਚ ਧੀਰਜ ਅਤੇ ਸਹਿਣਸ਼ੀਲਤਾ ਵਰਗੇ ਮਸੀਹੀ ਗੁਣ ਪੈਦਾ ਕਰੋਗੇ। (1 ਪਤਰਸ 2:18) ਇਸ ਤੋਂ ਇਲਾਵਾ, ਤੁਸੀਂ ਇਕ ਵਧੀਆ ਮੁਲਾਜ਼ਮ ਬਣ ਸਕਦੇ ਹੋ ਜਿਸ ਕਰਕੇ ਤੁਹਾਨੂੰ ਬਾਅਦ ਵਿਚ ਕੋਈ ਚੰਗੀ ਨੌਕਰੀ ਮਿਲ ਸਕਦੀ ਹੈ। ਆਓ ਆਪਾਂ ਹੁਣ ਕੁਝ ਹੋਰ ਤਰੀਕਿਆਂ ਬਾਰੇ ਵੀ ਚਰਚਾ ਕਰੀਏ ਜਿਨ੍ਹਾਂ ਦੁਆਰਾ ਅਸੀਂ ਯਹੋਵਾਹ ਦੀ ਸੇਵਾ ਵਿਚ ਆਪਣੇ ਆਨੰਦ ਨੂੰ ਬਣਾਈ ਰੱਖ ਸਕਦੇ ਹਾਂ।

ਸਾਦੀ ਜ਼ਿੰਦਗੀ ਜੀਉਣ ਨਾਲ ਖ਼ੁਸ਼ੀ ਮਿਲਦੀ ਹੈ

15-17. ਇਕ ਜੋੜੇ ਨੂੰ ਤਣਾਅ ਤੋਂ ਛੁਟਕਾਰਾ ਪਾਉਣ ਦਾ ਕਿਹੜਾ ਤਰੀਕਾ ਲੱਭਿਆ ਭਾਵੇਂ ਕਿ ਉਹ ਤਣਾਅ ਦੇ ਕਾਰਨ ਨੂੰ ਦੂਰ ਨਹੀਂ ਕਰ ਸਕਦੇ ਸਨ?

15 ਤੁਸੀਂ ਸ਼ਾਇਦ ਆਪਣੇ ਕੰਮ ਜਾਂ ਕੰਮ ਕਰਨ ਵਾਲੀ ਥਾਂ ਨੂੰ ਨਾ ਬਦਲ ਸਕੋ, ਪਰ ਤੁਸੀਂ ਆਪਣੀ ਜ਼ਿੰਦਗੀ ਦੇ ਦੂਸਰੇ ਪਹਿਲੂਆਂ ਤੇ ਕੁਝ ਕੰਟ੍ਰੋਲ ਰੱਖ ਸਕਦੇ ਹੋ। ਅੱਗੇ ਦਿੱਤੇ ਤਜਰਬੇ ਉੱਤੇ ਗੌਰ ਕਰੋ।

16 ਇਕ ਮਸੀਹੀ ਜੋੜੇ ਨੇ ਕਲੀਸਿਯਾ ਦੇ ਇਕ ਬਜ਼ੁਰਗ ਨੂੰ ਆਪਣੇ ਘਰ ਰੋਟੀ ਲਈ ਬੁਲਾਇਆ। ਸ਼ਾਮ ਵੇਲੇ ਉਸ ਭਰਾ ਤੇ ਉਸ ਦੀ ਪਤਨੀ ਨੇ ਬਜ਼ੁਰਗ ਨੂੰ ਦੱਸਿਆ ਕਿ ਅੱਜ-ਕੱਲ੍ਹ ਉਹ ਜ਼ਿੰਦਗੀ ਦੇ ਦਬਾਵਾਂ ਦੇ ਥੱਲੇ ਬਹੁਤ ਦੱਬੇ ਹੋਏ ਮਹਿਸੂਸ ਕਰਦੇ ਹਨ। ਭਾਵੇਂ ਕਿ ਨੌਕਰੀਆਂ ਵਿਚ ਉਨ੍ਹਾਂ ਦਾ ਸਾਰਾ ਸਮਾਂ ਚਲਾ ਜਾਂਦਾ ਸੀ, ਪਰ ਉਨ੍ਹਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਉਹ ਸੋਚਦੇ ਸਨ ਕਿ ਉਹ ਹੋਰ ਕਿੰਨੀ ਦੇਰ ਤਕ ਇਸ ਦਬਾਅ ਨੂੰ ਸਹਾਰ ਸਕਣਗੇ।

17 ਜਦੋਂ ਉਨ੍ਹਾਂ ਨੇ ਬਜ਼ੁਰਗ ਕੋਲੋਂ ਸਲਾਹ ਮੰਗੀ, ਤਾਂ ਬਜ਼ੁਰਗ ਨੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ: “ਆਪਣੀ ਜ਼ਿੰਦਗੀ ਨੂੰ ਸਾਦਾ ਬਣਾਓ।” ਕਿੱਦਾਂ? ਉਹ ਦੋਵੇਂ ਪਤੀ-ਪਤਨੀ ਰੋਜ਼ ਕੰਮ ਤੇ ਆਉਣ-ਜਾਣ ਲਈ ਤਕਰੀਬਨ ਤਿੰਨ ਘੰਟੇ ਬਿਤਾਉਂਦੇ ਸਨ। ਬਜ਼ੁਰਗ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜਿੱਥੇ ਉਹ ਕੰਮ ਕਰਦੇ ਹਨ, ਉਸ ਦੇ ਲਾਗੇ ਕਿਤੇ ਰਹਿਣ ਬਾਰੇ ਸੋਚਣ, ਤਾਂਕਿ ਉਹ ਰੋਜ਼ ਕੰਮ ਤੇ ਆਉਣ-ਜਾਣ ਦੇ ਸਮੇਂ ਨੂੰ ਘਟਾ ਸਕਣ। ਜੋ ਸਮਾਂ ਬਚੇਗਾ, ਉਸ ਵਿਚ ਉਹ ਦੂਜੇ ਜ਼ਰੂਰੀ ਕੰਮ ਕਰ ਸਕਦੇ ਹਨ ਜਾਂ ਫਿਰ ਆਰਾਮ ਕਰ ਸਕਦੇ ਹਨ। ਜੇ ਜ਼ਿੰਦਗੀ ਦੇ ਦਬਾਅ ਤੁਹਾਡੇ ਆਨੰਦ ਨੂੰ ਘੱਟ ਕਰ ਰਹੇ ਹਨ, ਤਾਂ ਕਿਉਂ ਨਹੀਂ ਤੁਸੀਂ ਤਬਦੀਲੀਆਂ ਕਰਦੇ ਤਾਂਕਿ ਤੁਹਾਨੂੰ ਕੁਝ ਰਾਹਤ ਮਿਲ ਸਕੇ?

18. ਫ਼ੈਸਲੇ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨਾ ਕਿਉਂ ਜ਼ਰੂਰੀ ਹੈ?

18 ਦਬਾਅ ਘਟਾਉਣ ਦਾ ਦੂਸਰਾ ਤਰੀਕਾ ਹੈ ਫ਼ੈਸਲਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨਾ। ਉਦਾਹਰਣ ਲਈ ਇਕ ਮਸੀਹੀ ਨੇ ਘਰ ਬਣਾਉਣ ਦਾ ਫ਼ੈਸਲਾ ਕੀਤਾ। ਉਸ ਨੇ ਇਸ ਦੇ ਲਈ ਇਕ ਬਹੁਤ ਗੁੰਝਲਦਾਰ ਨਕਸ਼ਾ ਚੁਣਿਆ ਭਾਵੇਂ ਉਸ ਨੇ ਪਹਿਲਾਂ ਕਦੀ ਘਰ ਨਹੀਂ ਬਣਾਇਆ ਸੀ। ਹੁਣ ਉਸ ਨੂੰ ਪਤਾ ਲੱਗਾ ਕਿ ਉਹ ਬਹੁਤ ਸਾਰੀਆਂ ਬੇਲੋੜੀਆਂ ਸਮੱਸਿਆਵਾਂ ਤੋਂ ਬਚ ਸਕਦਾ ਸੀ ਜੇ ਉਹ ਆਪਣੇ ਘਰ ਦਾ ਨਕਸ਼ਾ ਚੁਣਨ ਤੋਂ ਪਹਿਲਾਂ “ਵੇਖ ਭਾਲ ਕੇ ਚੱਲਦਾ।” (ਕਹਾਉਤਾਂ 14:15) ਇਕ ਹੋਰ ਮਸੀਹੀ ਨੇ ਆਪਣੇ ਸੰਗੀ ਮਸੀਹੀ ਨੂੰ ਕਰਜ਼ਾ ਦਿਵਾਉਣ ਵਾਸਤੇ ਆਪਣੀ ਜ਼ਮਾਨਤ ਦਿੱਤੀ। ਇਕਰਾਰਨਾਮੇ ਅਨੁਸਾਰ ਜੇ ਕਰਜ਼ਾ ਲੈਣ ਵਾਲਾ ਕਰਜ਼ਾ ਵਾਪਸ ਨਹੀਂ ਕਰਦਾ, ਤਾਂ ਜ਼ਮਾਨਤ ਦੇਣ ਵਾਲਾ ਕਰਜ਼ਾ ਵਾਪਸ ਕਰੇਗਾ। ਪਹਿਲਾਂ-ਪਹਿਲ ਤਾਂ ਸਭ ਠੀਕ ਚੱਲਦਾ ਰਿਹਾ, ਪਰ ਬਾਅਦ ਵਿਚ ਕਰਜ਼ਾ ਲੈਣ ਵਾਲਾ ਪੈਸੇ ਵਾਪਸ ਦੇਣ ਤੋਂ ਮੁਕਰਨ ਲੱਗ ਪਿਆ। ਇਸ ਤੇ ਕਰਜ਼ਾ ਦੇਣ ਵਾਲੇ ਨੂੰ ਚਿੰਤਾ ਲੱਗ ਗਈ ਤੇ ਉਸ ਨੇ ਜ਼ਮਾਨਤੀ ਨੂੰ ਪੈਸੇ ਵਾਪਸ ਕਰਨ ਲਈ ਕਿਹਾ।। ਇਸ ਨਾਲ ਉਸ ਜ਼ਮਾਨਤੀ ਉੱਤੇ ਬਹੁਤ ਜ਼ਿਆਦਾ ਬੋਝ ਪੈ ਗਿਆ। ਕਰਜ਼ੇ ਦੀ ਜ਼ਮਾਨਤ ਦੇਣ ਤੋਂ ਪਹਿਲਾਂ ਹੀ ਜੇ ਉਹ ਸਾਰੀਆਂ ਗੱਲਾਂ ਉੱਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਦਾ, ਤਾਂ ਕੀ ਉਹ ਇਸ ਮੁਸ਼ਕਲ ਤੋਂ ਬਚ ਨਹੀਂ ਸਕਦਾ ਸੀ?​—ਕਹਾਉਤਾਂ 17:18.

19. ਕਿਹੜੇ ਕੁਝ ਤਰੀਕਿਆਂ ਨਾਲ ਅਸੀਂ ਆਪਣੀਆਂ ਜ਼ਿੰਦਗੀਆਂ ਵਿਚ ਤਣਾਅ ਨੂੰ ਘੱਟ ਕਰ ਸਕਦੇ ਹਾਂ?

19 ਜਦੋਂ ਅਸੀਂ ਥੱਕ ਜਾਂਦੇ ਹਾਂ, ਤਾਂ ਆਓ ਆਪਾਂ ਕਦੀ ਇਹ ਨਾ ਸੋਚੀਏ ਕਿ ਅਸੀਂ ਬਾਈਬਲ ਅਧਿਐਨ ਕਰਨਾ ਛੱਡ ਕੇ ਅਤੇ ਖੇਤਰ ਸੇਵਕਾਈ ਅਤੇ ਸਭਾਵਾਂ ਵਿਚ ਜਾਣਾ ਛੱਡ ਕੇ ਆਪਣੇ ਦਬਾਵਾਂ ਨੂੰ ਘੱਟ ਕਰ ਸਕਦੇ ਹਾਂ ਅਤੇ ਆਪਣੇ ਆਨੰਦ ਨੂੰ ਦੁਬਾਰਾ ਪ੍ਰਾਪਤ ਕਰ ਸਕਦੇ ਹਾਂ। ਕਿਉਂਕਿ ਇਨ੍ਹਾਂ ਦੁਆਰਾ ਹੀ ਤਾਂ ਯਹੋਵਾਹ ਦੀ ਪਵਿੱਤਰ ਆਤਮਾ ਸਾਨੂੰ ਮਿਲਦੀ ਹੈ ਜਿਸ ਦਾ ਇਕ ਫਲ ਆਨੰਦ ਹੈ। (ਗਲਾਤੀਆਂ 5:22) ਮਸੀਹੀ ਕੰਮਾਂ ਤੋਂ ਹਮੇਸ਼ਾ ਸਾਨੂੰ ਤਾਜ਼ਗੀ ਮਿਲਦੀ ਹੈ ਤੇ ਇਸ ਨਾਲ ਸਾਨੂੰ ਜ਼ਿਆਦਾ ਥਕਾਨ ਨਹੀਂ ਹੁੰਦੀ। (ਮੱਤੀ 11:28-30) ਅਧਿਆਤਮਿਕ ਕੰਮ ਨਹੀਂ, ਸਗੋਂ ਅਕਸਰ ਸਾਡੀ ਨੌਕਰੀ ਜਾਂ ਮਨੋਰੰਜਨ ਸਾਨੂੰ ਥਕਾਉਂਦੇ ਹਨ। ਹਰ ਰੋਜ਼ ਸਹੀ ਸਮੇਂ ਤੇ ਸੌਣ ਨਾਲ ਸਾਨੂੰ ਤਾਜ਼ਾ ਦਮ ਹੋਣ ਵਿਚ ਮਦਦ ਮਿਲੇਗੀ। ਥੋੜ੍ਹਾ ਜਿਹਾ ਜ਼ਿਆਦਾ ਆਰਾਮ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਐੱਨ. ਐੱਚ. ਨੌਰ ਜਿਹੜੇ ਆਪਣੀ ਮੌਤ ਤਕ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਰਹੇ, ਮਿਸ਼ਨਰੀਆਂ ਨੂੰ ਕਿਹਾ ਕਰਦੇ ਸਨ: “ਜਦੋਂ ਤੁਸੀਂ ਨਿਰਾਸ਼ ਹੋ ਜਾਂਦੇ ਹੋ, ਤਾਂ ਸਭ ਤੋਂ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਆਰਾਮ ਕਰੋ। ਤੁਹਾਨੂੰ ਇਹ ਦੇਖ ਕੇ ਹੈਰਾਨੀ ਹੋਵੇਗੀ ਕਿ ਰਾਤ ਨੂੰ ਚੰਗੀ ਨੀਂਦ ਲੈਣ ਤੋਂ ਬਾਅਦ ਤੁਹਾਨੂੰ ਕੋਈ ਵੀ ਸਮੱਸਿਆ ਇੰਨੀ ਮੁਸ਼ਕਲ ਨਹੀਂ ਲੱਗੇਗੀ!”

20. (ੳ) ਕੁਝ ਤਰੀਕਿਆਂ ਬਾਰੇ ਸੰਖੇਪ ਵਿਚ ਦੱਸੋ ਜਿਨ੍ਹਾਂ ਦੁਆਰਾ ਅਸੀਂ ਆਪਣੇ ਆਨੰਦ ਨੂੰ ਬਣਾਈ ਰੱਖ ਸਕਦੇ ਹਾਂ। (ਅ) ਆਨੰਦ ਮਨਾਉਣ ਦੇ ਤੁਸੀਂ ਕਿਹੜੇ ਕਾਰਨ ਦੱਸ ਸਕਦੇ ਹੋ? (ਸਫ਼ਾ 17 ਉੱਤੇ ਡੱਬੀ ਦੇਖੋ।)

20 ਮਸੀਹੀਆਂ ਕੋਲ “ਪਰਮਧੰਨ” ਜਾਂ ਖ਼ੁਸ਼ਦਿਲ ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਵਿਸ਼ੇਸ਼ ਸਨਮਾਨ ਹੈ। (1 ਤਿਮੋਥਿਉਸ 1:11) ਜਿਵੇਂ ਕਿ ਅਸੀਂ ਦੇਖਿਆ ਹੈ, ਗੰਭੀਰ ਸਮੱਸਿਆਵਾਂ ਆਉਣ ਦੇ ਬਾਵਜੂਦ ਵੀ ਅਸੀਂ ਆਪਣੇ ਆਨੰਦ ਨੂੰ ਬਣਾਈ ਰੱਖ ਸਕਦੇ ਹਾਂ। ਆਓ ਆਪਾਂ ਰਾਜ ਦੀ ਆਸ਼ਾ ਨੂੰ ਹਮੇਸ਼ਾ ਯਾਦ ਰੱਖੀਏ, ਲੋੜ ਪੈਣ ਤੇ ਆਪਣੇ ਨਜ਼ਰੀਏ ਨੂੰ ਬਦਲੀਏ ਅਤੇ ਆਪਣੀ ਜ਼ਿੰਦਗੀ ਨੂੰ ਸਾਦਾ ਬਣਾਈਏ। ਫਿਰ ਅਸੀਂ ਹਰ ਹਾਲਤ ਵਿਚ ਪੌਲੁਸ ਦੇ ਸ਼ਬਦਾਂ ਦਾ ਹੁੰਗਾਰਾ ਭਰਾਂਗੇ: “ਪ੍ਰਭੁ ਵਿੱਚ ਸਦਾ ਅਨੰਦ ਕਰੋ। ਫੇਰ ਕਹਿੰਦਾ ਹਾਂ, ਅਨੰਦ ਕਰੋ।”​—ਫ਼ਿਲਿੱਪੀਆਂ 4:4.

ਇਨ੍ਹਾਂ ਸਵਾਲਾਂ ਉੱਤੇ ਧਿਆਨ ਨਾਲ ਸੋਚ-ਵਿਚਾਰ ਕਰੋ:

• ਮਸੀਹੀਆਂ ਨੂੰ ਰਾਜ ਦੀ ਆਸ਼ਾ ਨੂੰ ਹਮੇਸ਼ਾ ਯਾਦ ਕਿਉਂ ਰੱਖਣਾ ਚਾਹੀਦਾ ਹੈ?

• ਮੁਸ਼ਕਲ ਹਾਲਾਤਾਂ ਵਿਚ ਆਪਣੇ ਆਨੰਦ ਨੂੰ ਕਾਇਮ ਰੱਖਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?

• ਸਾਨੂੰ ਆਪਣੀਆਂ ਜ਼ਿੰਦਗੀਆਂ ਨੂੰ ਸਾਦਾ ਬਣਾਉਣ ਦੀ ਕਿਉਂ ਕੋਸ਼ਿਸ਼ ਕਰਨੀ ਚਾਹੀਦੀ ਹੈ?

• ਕੁਝ ਵਿਅਕਤੀਆਂ ਨੇ ਕਿਹੜੇ ਖੇਤਰਾਂ ਵਿਚ ਆਪਣੀ ਜ਼ਿੰਦਗੀ ਨੂੰ ਸਾਦਾ ਬਣਾਇਆ ਹੈ?

[ਸਵਾਲ]

[ਸਫ਼ੇ 17 ਉੱਤੇ ਡੱਬੀ/​ਤਸਵੀਰਾਂ]

ਆਨੰਦ ਮਨਾਉਣ ਦੇ ਹੋਰ ਕਾਰਨ

ਮਸੀਹੀ ਹੋਣ ਦੇ ਨਾਤੇ ਸਾਡੇ ਕੋਲ ਆਨੰਦ ਮਨਾਉਣ ਦੇ ਬਹੁਤ ਸਾਰੇ ਕਾਰਨ ਹਨ। ਅੱਗੇ ਦੱਸੇ ਗਏ ਕਾਰਨਾਂ ਉੱਤੇ ਵਿਚਾਰ ਕਰੋ:

1. ਅਸੀਂ ਯਹੋਵਾਹ ਨੂੰ ਜਾਣਦੇ ਹਾਂ।

2. ਅਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਸੱਚਾਈ ਦਾ ਗਿਆਨ ਲਿਆ ਹੈ।

3. ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਨ ਨਾਲ ਸਾਡੇ ਪਾਪ ਮਾਫ਼ ਹੋ ਸਕਦੇ ਹਨ।

4. ਪਰਮੇਸ਼ੁਰ ਦਾ ਰਾਜ ਸ਼ਾਸਨ ਕਰ ਰਿਹਾ ਹੈ ਅਤੇ ਜਲਦੀ ਹੀ ਅਸੀਂ ਇਕ ਨਵਾਂ ਸੰਸਾਰ ਦੇਖਾਂਗੇ!

5. ਯਹੋਵਾਹ ਸਾਨੂੰ ਅਧਿਆਤਮਿਕ ਫਿਰਦੌਸ ਵਿਚ ਲੈ ਕੇ ਆਇਆ ਹੈ।

6. ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਚੰਗੀ ਸੰਗਤੀ ਦਾ ਆਨੰਦ ਮਾਣਦੇ ਹਾਂ।

7. ਸਾਡੇ ਕੋਲ ਪ੍ਰਚਾਰ ਕਰਨ ਦਾ ਵਿਸ਼ੇਸ਼-ਸਨਮਾਨ ਹੈ।

8. ਅਸੀਂ ਜੀਉਂਦੇ ਹਾਂ ਤੇ ਸਾਡੇ ਸਰੀਰ ਵਿਚ ਤਾਕਤ ਹੈ।

ਤੁਸੀਂ ਹੋਰ ਕਿੰਨੇ ਕਾਰਨ ਦੱਸ ਸਕਦੇ ਹੋ ਜਿਨ੍ਹਾਂ ਕਰਕੇ ਤੁਹਾਨੂੰ ਆਨੰਦ ਮਿਲ ਸਕਦਾ ਹੈ?

[ਸਫ਼ੇ 13 ਉੱਤੇ ਤਸਵੀਰ]

ਪੌਲੁਸ ਤੇ ਸੀਲਾਸ ਨੇ ਜੇਲ੍ਹ ਵਿਚ ਵੀ ਆਨੰਦ ਮਨਾਇਆ

[ਸਫ਼ੇ 15 ਉੱਤੇ ਤਸਵੀਰਾਂ]

ਕੀ ਤੁਸੀਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਖ਼ੁਸ਼ੀਆਂ ਭਰੀ ਜ਼ਿੰਦਗੀ ਪ੍ਰਾਪਤ ਕਰਨ ਦੀ ਆਸ਼ਾ ਨੂੰ ਹਮੇਸ਼ਾ ਯਾਦ ਰੱਖਦੇ ਹੋ?