Skip to content

Skip to table of contents

ਆਧੁਨਿਕ ਯੂਨਾਨੀ ਭਾਸ਼ਾ ਵਿਚ ਬਾਈਬਲ ਮਿਲਣ ਤਕ ਦਾ ਸਫ਼ਰ

ਆਧੁਨਿਕ ਯੂਨਾਨੀ ਭਾਸ਼ਾ ਵਿਚ ਬਾਈਬਲ ਮਿਲਣ ਤਕ ਦਾ ਸਫ਼ਰ

ਆਧੁਨਿਕ ਯੂਨਾਨੀ ਭਾਸ਼ਾ ਵਿਚ ਬਾਈਬਲ ਮਿਲਣ ਤਕ ਦਾ ਸਫ਼ਰ

ਯੂਨਾਨ ਦੇਸ਼ ਨੂੰ ਖੁੱਲ੍ਹੇ ਖ਼ਿਆਲਾਂ ਵਾਲਾ ਦੇਸ਼ ਕਿਹਾ ਗਿਆ ਹੈ। ਤਾਂ ਫਿਰ, ਤੁਸੀਂ ਇਹ ਜਾਣ ਕੇ ਸ਼ਾਇਦ ਹੈਰਾਨ ਹੋਵੋ ਕਿ ਆਮ ਯੂਨਾਨੀ ਭਾਸ਼ਾ ਵਿਚ ਬਾਈਬਲ ਦਾ ਤਰਜਮਾ ਕਰਨ ਲਈ ਕਿੰਨਾ ਲੰਬਾ ਅਤੇ ਔਖਾ ਸਫ਼ਰ ਤੈਅ ਕਰਨਾ ਪਿਆ ਹੋਣਾ। ਪਰ ਕੌਣ ਹੈ ਜੋ ਨਹੀਂ ਚਾਹੁੰਦਾ ਕਿ ਸੌਖੀ ਯੂਨਾਨੀ ਭਾਸ਼ਾ ਵਿਚ ਬਾਈਬਲ ਹੋਵੇ? ਅਜਿਹੇ ਤਰਜਮੇ ਨੂੰ ਕਿਉਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ?

ਤੁਸੀਂ ਸ਼ਾਇਦ ਸੋਚੋ ਕਿ ਯੂਨਾਨੀ ਬੋਲਣ ਵਾਲੇ ਲੋਕ ਤਾਂ ਬੜੇ ਭਾਗਾਂ ਵਾਲੇ ਹਨ ਕਿਉਂਕਿ ਪਵਿੱਤਰ ਬਾਈਬਲ ਦਾ ਕਾਫ਼ੀ ਹਿੱਸਾ ਪਹਿਲਾਂ ਉਨ੍ਹਾਂ ਦੀ ਭਾਸ਼ਾ ਵਿਚ ਲਿਖਿਆ ਗਿਆ ਸੀ। ਪਰ ਆਧੁਨਿਕ ਯੂਨਾਨੀ ਭਾਸ਼ਾ ਉਸ ਯੂਨਾਨੀ ਭਾਸ਼ਾ ਤੋਂ ਕਾਫ਼ੀ ਵੱਖਰੀ ਹੈ ਜੋ ਇਬਰਾਨੀ ਸ਼ਾਸਤਰਾਂ ਤੋਂ ਅਨੁਵਾਦ ਕੀਤੇ ਗਏ ਸੈਪਟੁਜਿੰਟ ਵਿਚ ਪਾਈ ਜਾਂਦੀ ਹੈ। ਇਹ ਉਸ ਭਾਸ਼ਾ ਤੋਂ ਵੀ ਕਾਫ਼ੀ ਵੱਖਰੀ ਹੈ ਜੋ ਅਸੀਂ ਮਸੀਹੀ ਯੂਨਾਨੀ ਸ਼ਾਸਤਰਾਂ ਵਿਚ ਵਰਤੀ ਦੇਖਦੇ ਹਾਂ। ਦਰਅਸਲ, ਪਿਛਲੀਆਂ ਛੇ ਸਦੀਆਂ ਤੋਂ ਯੂਨਾਨੀ ਭਾਸ਼ਾ ਬੋਲਣ ਵਾਲੇ ਬਹੁਤ ਸਾਰੇ ਲੋਕਾਂ ਲਈ ਬਾਈਬਲ ਵਿਚ ਵਰਤੀ ਯੂਨਾਨੀ ਭਾਸ਼ਾ ਇੱਦਾਂ ਦੀ ਭਾਸ਼ਾ ਰਹੀ ਹੈ ਜਿਸ ਨੂੰ ਉਹ ਜਾਣਦੇ ਹੀ ਨਹੀਂ ਸਨ। ਪੁਰਾਣੇ ਸ਼ਬਦਾਂ ਦੀ ਥਾਂ ਨਵੇਂ ਸ਼ਬਦ ਵਰਤੇ ਗਏ ਹਨ ਅਤੇ ਸ਼ਬਦਾਂ ਤੋਂ ਇਲਾਵਾ, ਵਿਆਕਰਣ ਤੇ ਵਾਕ-ਰਚਨਾ ਵੀ ਬਦਲ ਗਏ ਹਨ।

ਤੀਜੀ ਤੋਂ ਸੋਲ੍ਹਵੀਂ ਸਦੀ ਤਕ ਕੁਝ ਯੂਨਾਨੀ ਹੱਥ-ਲਿਖਤਾਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ ਕਿ ਸੈਪਟੁਜਿੰਟ ਦਾ ਆਧੁਨਿਕ ਯੂਨਾਨੀ ਭਾਸ਼ਾ ਵਿਚ ਤਰਜਮਾ ਕਰਨ ਦਾ ਜਤਨ ਕੀਤਾ ਗਿਆ ਸੀ। ਤੀਜੀ ਸਦੀ ਵਿਚ, ਨਵੇਂ ਸੀਸਰਿਯਾ ਦੇ ਬਿਸ਼ਪ ਗ੍ਰੈਗੋਰੀ (ਲਗਭਗ 213-270 ਸਾ.ਯੁ.) ਨੇ ਸੈਪਟੁਜਿੰਟ ਤਰਜਮੇ ਵਿੱਚੋਂ ਉਪਦੇਸ਼ਕ ਦੀ ਪੋਥੀ ਨੂੰ ਸੌਖੀ ਯੂਨਾਨੀ ਭਾਸ਼ਾ ਵਿਚ ਅਨੁਵਾਦ ਕੀਤਾ ਸੀ। ਗਿਆਰਵੀਂ ਸਦੀ ਵਿਚ ਮਕਦੂਨਿਯਾ ਵਿਚ ਰਹਿੰਦੇ ਟੋਬਾਈਅਸ ਬੈਨ ਅਲੀਅਜ਼ਰ ਨਾਂ ਦੇ ਇਕ ਯਹੂਦੀ ਆਦਮੀ ਨੇ ਸੈਪਟੁਜਿੰਟ ਦੀਆਂ ਪਹਿਲੀਆਂ ਪੰਜ ਕਿਤਾਬਾਂ ਯਾਨੀ ਪੈਂਟਾਟਯੂਕ ਦਾ ਕੁਝ ਹਿੱਸਾ ਆਮ ਬੋਲੀ ਜਾਂਦੀ ਯੂਨਾਨੀ ਭਾਸ਼ਾ ਵਿਚ ਅਨੁਵਾਦ ਕੀਤਾ ਸੀ। ਉਸ ਨੇ ਇਬਰਾਨੀ ਅੱਖਰ ਵੀ ਇਸਤੇਮਾਲ ਕੀਤੇ ਤਾਂਕਿ ਯੂਨਾਨੀ ਬੋਲਣ ਵਾਲੇ ਮਕਦੂਨੀ ਯਹੂਦੀ ਇਸ ਤਰਜਮੇ ਨੂੰ ਇਬਰਾਨੀ ਵਿਚ ਪੜ੍ਹ ਸਕਣ। ਸਾਲ 1547 ਨੂੰ ਕਾਂਸਟੈਂਟੀਨੋਪਲ ਸ਼ਹਿਰ ਵਿਚ ਇਸ ਤਰ੍ਹਾਂ ਦਾ ਪੂਰਾ ਪੈਂਟਾਟਯੂਕ ਛਾਪਿਆ ਗਿਆ ਸੀ।

ਹਨੇਰੇ ਵਿਚ ਰੌਸ਼ਨੀ ਦੀ ਕਿਰਨ

ਪੰਦਰਵੀਂ ਸਦੀ ਵਿਚ ਬਿਜ਼ੰਤੀਨੀ ਸਾਮਰਾਜ ਦੇ ਯੂਨਾਨੀ ਬੋਲਣ ਵਾਲੇ ਲੋਕਾਂ ਦੇ ਇਲਾਕੇ ਤੁਰਕੀ ਹਮਲਾਵਰਾਂ ਦੇ ਹੱਥੀਂ ਆ ਗਏ। ਉਸ ਵੇਲੇ ਜ਼ਿਆਦਾਤਰ ਲੋਕ ਪੜ੍ਹ-ਲਿਖ ਨਹੀਂ ਸਕਦੇ ਸਨ। ਭਾਵੇਂ ਕਿ ਤੁਰਕੀ ਸਾਮਰਾਜ ਅਧੀਨ ਆਰਥੋਡਾਕਸ ਚਰਚ ਉੱਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲੱਗੀ ਸੀ, ਫਿਰ ਵੀ ਚਰਚ ਨੇ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਨੇ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਨਾ ਹੀ ਲੋਕਾਂ ਨੂੰ ਬਾਈਬਲ ਦੀ ਕੋਈ ਸਿੱਖਿਆ ਦਿੱਤੀ ਜਿਸ ਕਰਕੇ ਲੋਕ ਗ਼ਰੀਬ ਅਤੇ ਅਨਪੜ੍ਹ ਹੁੰਦੇ ਗਏ। ਇਕ ਯੂਨਾਨੀ ਲਿਖਾਰੀ ਨੇ ਕਿਹਾ: “ਆਰਥੋਡਾਕਸ ਚਰਚ ਦਾ ਸਿਰਫ਼ ਇੱਕੋ ਇਰਾਦਾ ਸੀ। ਪਾਦਰੀ ਬੱਸ ਆਪਣੇ ਮੈਂਬਰਾਂ ਨੂੰ ਇਸਲਾਮ ਅਤੇ ਰੋਮਨ ਕੈਥੋਲਿਕ ਧਰਮਾਂ ਦੇ ਅਸਰਾਂ ਤੋਂ ਬਚਾਉਣਾ ਚਾਹੁੰਦੇ ਸਨ। ਨਤੀਜੇ ਵਜੋਂ, ਲੋਕ ਯੂਨਾਨੀ ਭਾਸ਼ਾ ਪੜ੍ਹਨੀ-ਲਿਖਣੀ ਨਹੀਂ ਸਿੱਖ ਸਕੇ।” ਇਸ ਬੁਰੇ ਮਾਹੌਲ ਵਿਚ ਬਾਈਬਲ ਨੂੰ ਪਿਆਰ ਕਰਨ ਵਾਲੇ ਲੋਕ ਜ਼ਬੂਰਾਂ ਦੀ ਪੋਥੀ ਤੋਂ ਦੁਖੀ ਇਨਸਾਨਾਂ ਨੂੰ ਰਾਹਤ ਅਤੇ ਦਿਲਾਸਾ ਦੇਣਾ ਚਾਹੁੰਦੇ ਸਨ। ਇਸ ਲਈ, 1543 ਤੋਂ ਲੈ ਕੇ 1835 ਤਕ ਸੌਖੀ ਯੂਨਾਨੀ ਵਿਚ 18 ਤਰਜਮੇ ਕੀਤੇ ਗਏ ਸਨ।

ਕਾਲੀਪੋਸ ਸ਼ਹਿਰ ਦੇ ਇਕ ਯੂਨਾਨੀ ਮੱਠਵਾਸੀ ਮੈਕਸਮਸ ਕਾਲੀਪੋਲੀਟੀਸ ਨੇ 1630 ਵਿਚ ਬਾਈਬਲ ਦੇ ਯੂਨਾਨੀ ਹਿੱਸੇ ਦਾ ਪਹਿਲਾ ਯੂਨਾਨੀ ਤਰਜਮਾ ਕੀਤਾ ਸੀ। ਇਹ ਕੰਮ ਕਾਂਸਟੈਂਟੀਨੋਪਲ ਦੇ ਮੁੱਖ ਬਿਸ਼ਪ ਸਿਰਲ ਲੂਕਾਰਸ ਦੀ ਨਿਗਰਾਨੀ ਹੇਠ ਕੀਤਾ ਗਿਆ ਸੀ ਜੋ ਆਰਥੋਡਾਕਸ ਚਰਚ ਨੂੰ ਸੁਧਾਰਨਾ ਚਾਹੁੰਦਾ ਸੀ। ਪਰ ਚਰਚ ਵਿਚ ਲੂਕਾਰਸ ਦੇ ਵਿਰੋਧੀ ਵੀ ਸਨ ਜੋ ਕਿਸੇ ਤਰ੍ਹਾਂ ਦਾ ਕੋਈ ਸੁਧਾਰ ਨਹੀਂ ਚਾਹੁੰਦੇ ਸਨ ਅਤੇ ਨਾ ਹੀ ਉਹ ਸੌਖੀ ਯੂਨਾਨੀ ਵਿਚ ਬਾਈਬਲ ਦੇ ਕਿਸੇ ਤਰਜਮੇ ਨਾਲ ਸਹਿਮਤ ਸਨ। * ਲੂਕਾਰਸ ਨੂੰ ਗੱਦਾਰ ਸਮਝ ਕੇ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਫਿਰ ਵੀ, 1638 ਵਿਚ ਮੈਕਸਮਸ ਦੁਆਰਾ ਕੀਤੇ ਤਰਜਮੇ ਦੀਆਂ ਲਗਭਗ 1,500 ਕਾਪੀਆਂ ਛਾਪੀਆਂ ਗਈਆਂ ਸਨ। ਇਸ ਤੋਂ 34 ਸਾਲਾਂ ਬਾਅਦ, ਇਸ ਤਰਜਮੇ ਬਾਰੇ ਯਰੂਸ਼ਲਮ ਵਿਚ ਇਕ ਆਰਥੋਡਾਕਸ ਸਭਾ ਨੇ ਐਲਾਨ ਕੀਤਾ ਕਿ ਬਾਈਬਲ ਨੂੰ “ਆਮ ਲੋਕ ਨਹੀਂ ਪੜ੍ਹ ਸਕਦੇ, ਸਗੋਂ ਉਹੀ ਲੋਕ ਪੜ੍ਹ ਸਕਦੇ ਹਨ ਜੋ ਗਹਿਰੀਆਂ ਸੱਚਾਈਆਂ ਦੀ ਤਲਾਸ਼ ਕਰ ਰਹੇ ਹਨ।” ਕਹਿਣ ਦਾ ਮਤਲਬ ਕਿ ਸਿਰਫ਼ ਪੜ੍ਹੇ-ਲਿਖੇ ਪਾਦਰੀ ਹੀ ਬਾਈਬਲ ਪੜ੍ਹ ਸਕਦੇ ਸਨ।

ਸਾਲ 1703 ਵਿਚ, ਲੈਸਵੋਸ ਟਾਪੂ ਦੇ ਸਰਾਫੀਮ ਨਾਂ ਦੇ ਯੂਨਾਨੀ ਮੱਠਵਾਸੀ ਨੇ ਲੰਡਨ ਵਿਚ ਮੈਕਸਮਸ ਦੇ ਤਰਜਮੇ ਦਾ ਸੋਧਿਆ ਹੋਇਆ ਤਰਜਮਾ ਛਾਪਣ ਦੀ ਕੋਸ਼ਿਸ਼ ਕੀਤੀ। ਜਦੋਂ ਅੰਗ੍ਰੇਜ਼ੀ ਸਰਕਾਰ ਇਸ ਤਰਜਮੇ ਨੂੰ ਛਾਪਣ ਲਈ ਪੈਸੇ ਦੇਣ ਦੇ ਆਪਣੇ ਵਾਅਦੇ ਤੋਂ ਮੁਕਰ ਗਈ, ਤਾਂ ਉਹ ਨੇ ਆਪਣੇ ਹੀ ਪੈਸਿਆਂ ਨਾਲ ਇਹ ਤਰਜਮਾ ਛਾਪਿਆ। ਇਸ ਦੀ ਭੂਮਿਕਾ ਵਿਚ ਸਰਾਫੀਮ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ “ਹਰੇਕ ਸੱਚੇ ਮਸੀਹੀ” ਨੂੰ ਬਾਈਬਲ ਪੜ੍ਹਨੀ ਚਾਹੀਦੀ ਹੈ। ਉਸ ਨੇ ਚਰਚ ਦੇ ਵੱਡੇ-ਵੱਡੇ ਪਾਦਰੀਆਂ ਤੇ ਇਲਜ਼ਾਮ ਲਾਇਆ ਕਿ ‘ਉਹ ਆਮ ਲੋਕਾਂ ਦੀਆਂ ਅੱਖਾਂ ਉੱਤੇ ਪੜ੍ਹਦਾ ਪਾ ਕੇ ਆਪਣੇ ਗ਼ਲਤ ਕੰਮਾਂ ਨੂੰ ਲੁਕੋ ਕੇ ਰੱਖਣਾ ਚਾਹੁੰਦੇ ਸਨ।’ ਉਸ ਦੇ ਆਰਥੋਡਾਕਸ ਵਿਰੋਧੀਆਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਇਸ ਲਈ ਉਨ੍ਹਾਂ ਨੇ ਉਸ ਨੂੰ ਰੂਸ ਵਿਚ ਗਿਰਫ਼ਤਾਰ ਕਰਾ ਕੇ ਸਾਇਬੇਰੀਆ ਨੂੰ ਭੇਜ ਦਿੱਤਾ ਜਿੱਥੇ 1735 ਵਿਚ ਉਹ ਮਰ ਗਿਆ।

ਉਸ ਸਮੇਂ ਦੇ ਯੂਨਾਨੀ ਲੋਕਾਂ ਦੀ ਰੂਹਾਨੀ ਭੁੱਖ ਦੇ ਸੰਬੰਧ ਵਿਚ ਇਕ ਯੂਨਾਨੀ ਪਾਦਰੀ ਨੇ ਮੈਕਸਮਸ ਦੇ ਤਰਜਮੇ ਦੇ ਇਕ ਹੋਰ ਬਾਅਦ ਦੇ ਸੋਧੇ ਤਰਜਮੇ ਬਾਰੇ ਕਿਹਾ: ‘ਯੂਨਾਨੀ ਲੋਕਾਂ ਨੇ ਇਸ ਪਵਿੱਤਰ ਬਾਈਬਲ ਨੂੰ ਬੜੀ ਸ਼ਰਧਾ ਨਾਲ ਦਿਲੋਂ ਕਬੂਲ ਕੀਤਾ। ਉਨ੍ਹਾਂ ਨੇ ਇਸ ਨੂੰ ਪੜ੍ਹਿਆ। ਇਸ ਤਰ੍ਹਾਂ ਲੱਗਦਾ ਸੀ ਕਿ ਉਨ੍ਹਾਂ ਦੇ ਦੁੱਖ ਦੂਰ ਹੋ ਗਏ ਜਿਸ ਕਾਰਨ ਰੱਬ ਵਿਚ ਉਨ੍ਹਾਂ ਦੀ ਨਿਹਚਾ ਹੋਰ ਵੀ ਮਜ਼ਬੂਤ ਹੋ ਗਈ।’ ਪਰ, ਉਨ੍ਹਾਂ ਦੇ ਧਾਰਮਿਕ ਆਗੂ ਡਰਦੇ ਸਨ ਕਿ ਜੇ ਲੋਕ ਬਾਈਬਲ ਸਮਝਣ ਲੱਗ ਪਏ, ਤਾਂ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਪਾਦਰੀਆਂ ਦੇ ਵਿਸ਼ਵਾਸ ਤੇ ਕੰਮ ਬਾਈਬਲ ਦੇ ਅਨੁਸਾਰ ਨਹੀਂ ਸਨ। ਇਸ ਲਈ, 1823 ਵਿਚ ਅਤੇ ਫਿਰ 1836 ਵਿਚ ਕਾਂਸਟੈਂਟੀਨੋਪਲ ਦੇ ਬਿਸ਼ਪਾਂ ਨੇ ਫ਼ਰਮਾਨ ਜਾਰੀ ਕੀਤਾ ਕਿ ਬਾਈਬਲ ਦੇ ਅਜਿਹੇ ਸਾਰੇ ਤਰਜਮੇ ਸਾੜ ਦਿੱਤੇ ਜਾਣ।

ਇਕ ਬਹਾਦਰ ਅਨੁਵਾਦਕ

ਸਖ਼ਤ ਵਿਰੋਧਤਾ ਦੇ ਬਾਵਜੂਦ, ਇਕ ਅਜਿਹਾ ਆਦਮੀ ਸਾਮ੍ਹਣੇ ਆਇਆ ਜਿਸ ਨੇ ਆਧੁਨਿਕ ਯੂਨਾਨੀ ਭਾਸ਼ਾ ਵਿਚ ਬਾਈਬਲ ਦਾ ਤਰਜਮਾ ਕਰਨ ਵਿਚ ਵੱਡਾ ਹਿੱਸਾ ਲਿਆ ਕਿਉਂਕਿ ਲੋਕ ਬਾਈਬਲ ਦਾ ਗਿਆਨ ਲੈਣ ਲਈ ਤਰਸਦੇ ਸਨ। ਇਸ ਬਹਾਦਰ ਬੰਦੇ ਦਾ ਨਾਂ ਸੀ ਨੇਔਫੀਟੌਸ ਵੌਮਵੌਸ। ਉਹ ਇਕ ਪ੍ਰਸਿੱਧ ਭਾਸ਼ਾ-ਵਿਗਿਆਨੀ ਤੇ ਬਾਈਬਲ ਦਾ ਵਿਦਵਾਨ ਵੀ ਸੀ ਜਿਸ ਨੂੰ ‘ਕੌਮ ਦਾ ਇਕ ਸਿੱਖਿਅਕ’ ਮੰਨਿਆ ਜਾਂਦਾ ਸੀ।

ਵੌਮਵੌਸ ਮੰਨਦਾ ਸੀ ਕਿ ਆਰਥੋਡਾਕਸ ਚਰਚ ਲੋਕਾਂ ਨੂੰ ਅਧਿਆਤਮਿਕ ਹਨੇਰੇ ਵਿਚ ਰੱਖਣ ਦਾ ਜ਼ਿੰਮੇਵਾਰ ਸੀ। ਉਸ ਨੂੰ ਪੱਕਾ ਵਿਸ਼ਵਾਸ ਸੀ ਕਿ ਲੋਕਾਂ ਨੂੰ ਰੂਹਾਨੀ ਚਾਨਣ ਦੇਣ ਲਈ ਉਸ ਸਮੇਂ ਦੀ ਸੌਖੀ ਯੂਨਾਨੀ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕੀਤਾ ਜਾਣਾ ਜ਼ਰੂਰੀ ਸੀ। ਸਾਲ 1831 ਵਿਚ, ਉਸ ਨੇ ਹੋਰਨਾਂ ਵਿਦਵਾਨਾਂ ਦੀ ਮਦਦ ਨਾਲ ਉਸ ਸਮੇਂ ਦੀ ਲਿਖਤੀ ਯੂਨਾਨੀ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰਨਾ ਸ਼ੁਰੂ ਕੀਤਾ। ਇਹ ਪੂਰਾ ਤਰਜਮਾ 1850 ਵਿਚ ਛਾਪਿਆ ਗਿਆ। ਕਿਉਂਕਿ ਗ੍ਰੀਕ ਆਰਥੋਡਾਕਸ ਚਰਚ ਉਸ ਦੀ ਮਦਦ ਕਰਨ ਲਈ ਤਿਆਰ ਨਹੀਂ ਸੀ, ਇਸ ਲਈ ਉਸ ਨੇ ਆਪਣੇ ਤਰਜਮੇ ਦੀ ਛਪਾਈ ਤੇ ਵੰਡਾਈ ਲਈ ਬ੍ਰਿਟਿਸ਼ ਐਂਡ ਫੌਰਿਨ ਬਾਈਬਲ ਸੋਸਾਇਟੀ ਦੀ ਸਹਾਇਤਾ ਲਈ। ਚਰਚ ਨੇ ਉਸ ਨੂੰ “ਇਕ ਪ੍ਰੋਟੈਸਟੈਂਟ” ਕਹਿ ਕੇ ਚਰਚ ਵਿੱਚੋਂ ਬਾਹਰ ਕੱਢ ਦਿੱਤਾ।

ਵੌਮਵੌਸ ਦਾ ਅਨੁਵਾਦ ਕਿੰਗ ਜੇਮਜ਼ ਵਰਯਨ ਤੇ ਆਧਾਰਿਤ ਸੀ ਅਤੇ ਜੋ ਕਮੀਆਂ ਇਸ ਤਰਜਮੇ ਵਿਚ ਸਨ, ਉਹੀ ਕਮੀਆਂ ਉਸ ਦੇ ਤਰਜਮੇ ਵਿਚ ਆ ਗਈਆਂ। ਇਹ ਕਮੀਆਂ ਬਾਈਬਲ ਦੇ ਸੀਮਿਤ ਗਿਆਨ ਤੇ ਭਾਸ਼ਾ ਵਿਗਿਆਨ ਕਰਕੇ ਸਨ। ਪਰ ਕਈ ਸਾਲਾਂ ਤਕ ਲੋਕਾਂ ਕੋਲ ਆਧੁਨਿਕ ਯੂਨਾਨੀ ਵਿਚ ਸਿਰਫ਼ ਇਹੀ ਬਾਈਬਲ ਸੀ। ਦਿਲਚਸਪੀ ਦੀ ਗੱਲ ਹੈ ਕਿ ਇਸ ਵਿਚ ਪਰਮੇਸ਼ੁਰ ਦਾ ਨਾਂ “ਯਹੋਵਾਹ” ਚਾਰ ਵਾਰ ਪਾਇਆ ਜਾਂਦਾ ਹੈ।—ਉਤਪਤ 22:14; ਕੂਚ 6:3; 17:15; ਨਿਆਈਆਂ 6:24.

ਸੌਖਿਆਂ ਹੀ ਸਮਝ ਆਉਣ ਵਾਲੀ ਇਸ ਬਾਈਬਲ ਅਤੇ ਦੂਜੀਆਂ ਬਾਈਬਲਾਂ ਬਾਰੇ ਲੋਕ ਕਿੱਦਾਂ ਮਹਿਸੂਸ ਕਰਦੇ ਸਨ? ਉਹ ਬਹੁਤ ਖ਼ੁਸ਼ ਸਨ! ਯੂਨਾਨ ਦੇ ਇਕ ਟਾਪੂ ਨੇੜੇ ਬਾਈਬਲ ਸੋਸਾਇਟੀ ਦਾ ਇਕ ਬੰਦਾ ਕਿਸ਼ਤੀ ਵਿਚ ਬਾਈਬਲਾਂ ਵੇਚ ਰਿਹਾ ਸੀ। ਉਸ ਕੋਲੋਂ ‘ਬਾਈਬਲ ਲੈਣ ਲਈ ਬੱਚਿਆਂ ਨਾਲ ਭਰੀਆਂ ਇੰਨੀਆਂ ਕਿਸ਼ਤੀਆਂ ਆਈਆਂ ਕਿ ਉਸ ਨੂੰ ਮਜਬੂਰ ਹੋ ਕੇ ਕਪਤਾਨ ਨੂੰ ਹੁਕਮ ਦੇਣਾ ਪਿਆ ਕਿ ਉਹ ਉੱਥੋਂ ਚੱਲ ਪੈਣ, ਨਹੀਂ ਤਾਂ ਉਸ ਕੋਲੋਂ ਸਾਰੀਆਂ ਬਾਈਬਲਾਂ ਇੱਕੋ ਜਗ੍ਹਾ ਖ਼ਤਮ ਹੋ ਜਾਣੀਆਂ ਸਨ! ਪਰ ਵਿਰੋਧੀ ਹੱਥ ਜੋੜ ਕੇ ਨਹੀਂ ਸਨ ਬੈਠੇ।

ਆਰਥੋਡਾਕਸ ਪਾਦਰੀਆਂ ਨੇ ਬਾਈਬਲ ਦੇ ਅਜਿਹੇ ਤਰਜਮਿਆਂ ਬਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ। ਮਿਸਾਲ ਲਈ, ਐਥਿਨਜ਼ ਦੇ ਸ਼ਹਿਰ ਵਿਚ ਲੋਕਾਂ ਤੋਂ ਇਹ ਬਾਈਬਲਾਂ ਜ਼ਬਤ ਕਰ ਲਈਆਂ ਗਈਆਂ। ਸਾਲ 1833 ਵਿਚ, ਕ੍ਰੀਟ ਦੇ ਆਰਥੋਡਾਕਸ ਬਿਸ਼ਪ ਨੇ ਈਸਾਈ ਮੱਠ ਵਿੱਚੋਂ ਲੱਭੇ “ਨਵੇਂ ਨੇਮ” ਦੀਆਂ ਕਾਪੀਆਂ ਸਾੜ ਦਿੱਤੀਆਂ। ਇਕ ਪਾਦਰੀ ਨੇ ਅਤੇ ਲਾਗੇ ਦੇ ਪਿੰਡਾਂ ਦੇ ਲੋਕਾਂ ਨੇ ਵੀ ਬਾਈਬਲ ਦੀਆਂ ਆਪੋ-ਆਪਣੀਆਂ ਕਾਪੀਆਂ ਲੁਕੋ ਲਈਆਂ ਜਦ ਤਕ ਇਹ ਬਿਸ਼ਪ ਟਾਪੂ ਛੱਡ ਕੇ ਚਲਾ ਨਾ ਗਿਆ।

ਕੁਝ ਸਾਲ ਬਾਅਦ, ਕੋਰਫੂ ਦੇ ਟਾਪੂ ਤੇ ਗ੍ਰੀਕ ਆਰਥੋਡਾਕਸ ਚਰਚ ਦੀ ਧਰਮ-ਸਭਾ ਨੇ ਵੌਮਵੌਸ ਦੇ ਅਨੁਵਾਦ ਉੱਤੇ ਪਾਬੰਦੀ ਲਾ ਦਿੱਤੀ। ਇਹ ਅਨੁਵਾਦ ਵੇਚਿਆ ਨਹੀਂ ਜਾ ਸਕਦਾ ਸੀ ਅਤੇ ਜੋ ਵੀ ਕਾਪੀਆਂ ਮਿਲੀਆਂ ਉਨ੍ਹਾਂ ਦਾ ਨਾਸ਼ ਕਰ ਦਿੱਤਾ ਗਿਆ। ਖੀਓਸ, ਸਾਈਰੋਸ ਤੇ ਮਿਕੀਨੋਸ ਦੇ ਟਾਪੂਆਂ ਉੱਤੇ ਸਥਾਨਕ ਪਾਦਰੀਆਂ ਦੀ ਵਿਰੋਧਤਾ ਕਾਰਨ ਬਾਈਬਲਾਂ ਨੂੰ ਜਲਾ ਦਿੱਤਾ ਗਿਆ। ਪਰ ਬਾਈਬਲ ਦੇ ਤਰਜਮੇ ਦੇ ਸੰਬੰਧ ਵਿਚ ਹੋਰ ਵੀ ਰੁਕਾਵਟਾਂ ਆਈਆਂ।

ਇਕ ਰਾਣੀ ਨੇ ਬਾਈਬਲ ਵਿਚ ਦਿਲਚਸਪੀ ਲਈ

ਸੰਨ 1870 ਦੇ ਦਹਾਕੇ ਦੌਰਾਨ, ਯੂਨਾਨ ਦੀ ਰਾਣੀ ਓਲਗਾ ਨੂੰ ਅਹਿਸਾਸ ਹੋਇਆ ਕਿ ਆਮ ਤੌਰ ਤੇ ਯੂਨਾਨੀ ਲੋਕਾਂ ਨੂੰ ਬਾਈਬਲ ਦਾ ਬਹੁਤ ਘੱਟ ਗਿਆਨ ਸੀ। ਉਹ ਮੰਨਦੀ ਸੀ ਕਿ ਬਾਈਬਲ ਦਾ ਗਿਆਨ ਉਸ ਦੀ ਪਰਜਾ ਨੂੰ ਦਿਲਾਸਾ ਤੇ ਸਕੂਨ ਦੇਵੇਗਾ। ਇਸ ਲਈ ਉਸ ਨੇ ਬਾਈਬਲ ਨੂੰ ਵੌਮਵੌਸ ਦੇ ਤਰਜਮੇ ਤੋਂ ਵੀ ਸੌਖੀ ਭਾਸ਼ਾ ਵਿਚ ਅਨੁਵਾਦ ਕਰਾਉਣ ਦੀ ਕੋਸ਼ਿਸ਼ ਕੀਤੀ।

ਐਥਿਨਜ਼ ਦੇ ਆਰਚਬਿਸ਼ਪ ਅਤੇ ਧਰਮ-ਸਭਾ ਦੇ ਮੁਖੀਏ ਪ੍ਰੋਕੋਪੀਉਸ ਨੇ ਰਾਣੀ ਨੂੰ ਏਕਾਂਤ ਵਿਚ ਸਲਾਹ ਦਿੱਤੀ ਕਿ ਉਹ ਇਸ ਕੰਮ ਦੀ ਜ਼ਿੰਮੇਵਾਰੀ ਲਵੇ। ਪਰ ਜਦੋਂ ਰਾਣੀ ਨੇ ਧਰਮ-ਸਭਾ ਤੋਂ ਇਹ ਕੰਮ ਕਰਨ ਦੀ ਇਜਾਜ਼ਤ ਮੰਗੀ, ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਫਿਰ ਵੀ, ਉਸ ਨੇ ਹਿੰਮਤ ਨਹੀਂ ਹਾਰੀ ਤੇ ਦੁਬਾਰਾ ਅਰਜ਼ੀ ਦਿੱਤੀ। ਪਰ 1899 ਵਿਚ ਇਸ ਦਾ ਜਵਾਬ ਵੀ ਨਾਂਹ ਵਿਚ ਸੀ। ਭਾਵੇਂ ਉਸ ਨੂੰ ਧਰਮ-ਸਭਾ ਦੀ ਇਜਾਜ਼ਤ ਨਹੀਂ ਮਿਲੀ, ਉਸ ਨੇ ਆਪ ਪੈਸਾ ਲਾ ਕੇ ਇਸ ਦੀਆਂ ਥੋੜ੍ਹੀਆਂ ਜਿਹੀਆਂ ਕਾਪੀਆਂ ਛਪਾਉਣ ਦਾ ਫ਼ੈਸਲਾ ਕੀਤਾ। ਇਹ ਕੰਮ 1900 ਵਿਚ ਹੋਇਆ ਸੀ।

ਕੱਟੜ ਵਿਰੋਧੀ

ਸਾਲ 1901 ਵਿਚ ਦ ਆਕ੍ਰੋਪੋਲਿਸ ਨਾਂ ਦੇ ਇਕ ਮਸ਼ਹੂਰ ਅਖ਼ਬਾਰ ਨੇ ਮੱਤੀ ਦੀ ਇੰਜੀਲ ਸੌਖੀ ਯੂਨਾਨੀ ਭਾਸ਼ਾ ਵਿਚ ਛਾਪੀ। ਇਸ ਦਾ ਅਨੁਵਾਦਕ ਐਲੇਗਜ਼ੈਂਡਰ ਪਾਲੀਸ ਸੀ ਜੋ ਇੰਗਲੈਂਡ ਦੇ ਲਿਵਰਪੂਲ ਸ਼ਹਿਰ ਵਿਚ ਤਰਜਮਾ ਕਰ ਰਿਹਾ ਸੀ। ਪਾਲੀਸ ਅਤੇ ਉਸ ਦੇ ਸਾਥੀ ‘ਯੂਨਾਨੀ ਲੋਕਾਂ ਨੂੰ ਸਿੱਖਿਆ ਦੇਣੀ’ ਤੇ ‘ਕੌਮ ਨੂੰ ਗ਼ਰੀਬੀ ਤੋਂ ਬਚਾਉਣਾ’ ਚਾਹੁੰਦੇ ਸਨ।

ਪਾਦਰੀ ਬਣਨ ਦੀ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪ੍ਰੋਫ਼ੈਸਰਾਂ ਨੇ ਕਿਹਾ ਕਿ ਇਹ ਅਨੁਵਾਦ ਪਵਿੱਤਰ ਬਾਈਬਲ ਦਾ ਅਪਮਾਨ ਕਰਦਾ ਸੀ ਤੇ ‘ਸਾਡੀ ਕੌਮ ਦੇ ਸਭ ਤੋਂ ਬਹੁਮੁੱਲੀਆਂ ਧਾਰਮਿਕ ਚੀਜ਼ਾਂ ਦਾ ਮਜ਼ਾਕ ਕਰਦਾ’ ਸੀ। ਕਾਂਸਟੈਂਟੀਨੋਪਲ ਦੇ ਬਿਸ਼ਪ ਜੋਆਕਿਮ ਤੀਜੇ ਨੇ ਇਕ ਦਸਤਾਵੇਜ਼ ਵਿਚ ਇਸ ਅਨੁਵਾਦ ਨੂੰ ਮਨਜ਼ੂਰੀ ਨਹੀਂ ਦਿੱਤੀ। ਇਹ ਵਿਵਾਦ ਰਾਜਨੀਤਿਕ ਮਾਮਲਾ ਬਣ ਗਿਆ ਅਤੇ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਚਾਲਬਾਜ਼ੀ ਨਾਲ ਇਸ ਨੂੰ ਇਕ ਮੋਹਰੇ ਦੇ ਤੌਰ ਤੇ ਵਰਤਿਆ।

ਐਥਿਨਜ਼ ਦੇ ਅਖ਼ਬਾਰਾਂ ਦੇ ਵੱਡੇ-ਵੱਡੇ ਬੰਦੇ ਪਾਲੀਸ ਦੇ ਅਨੁਵਾਦ ਉੱਤੇ ਸ਼ਬਦਾਂ ਦਾ ਵਾਰ ਕਰਨ ਲੱਗ ਪਏ। ਉਹ ਉਸ ਦੇ ਸਮਰਥਕਾਂ ਬਾਰੇ ਕਹਿਣ ਲੱਗੇ ਕਿ ਉਹ “ਨਾਸਤਿਕ” ਤੇ “ਗੱਦਾਰ” ਸਨ ਅਤੇ ਯੂਨਾਨੀ ਸਰਕਾਰ ਨੂੰ ਢਾਹੁਣ ਦੀ ਕੋਸ਼ਿਸ਼ ਕਰਨ ਵਾਲੇ “ਵਿਦੇਸ਼ੀ ਏਜੰਟ” ਸਨ। ਪੰਜ ਤੋਂ ਅੱਠ ਨਵੰਬਰ 1901 ਨੂੰ ਐਥਿਨਜ਼ ਵਿਚ ਗ੍ਰੀਕ ਆਰਥੋਡਾਕਸ ਚਰਚ ਦੇ ਕੱਟੜ ਗਰੁੱਪਾਂ ਨੇ ਵਿਦਿਆਰਥੀਆਂ ਨੂੰ ਦੰਗਾ-ਫ਼ਸਾਦ ਕਰਨ ਲਈ ਉਕਸਾਇਆ। ਉਨ੍ਹਾਂ ਨੇ ਦ ਆਕ੍ਰੋਪੋਲਿਸ ਦੇ ਦਫ਼ਤਰਾਂ ਉੱਤੇ ਹਮਲਾ ਕੀਤਾ, ਰਾਜ ਮਹਿਲ ਦੇ ਵਿਰੁੱਧ ਜਲੂਸ ਕੱਢੇ, ਐਥਿਨਜ਼ ਦੀ ਯੂਨੀਵਰਸਿਟੀ ਉੱਤੇ ਕਬਜ਼ਾ ਕੀਤਾ ਅਤੇ ਸਰਕਾਰ ਤੋਂ ਅਸਤੀਫ਼ਾ ਮੰਗਿਆ। ਫ਼ੌਜ ਨਾਲ ਲੜਾਈ-ਝਗੜੇ ਵਿਚ ਅੱਠ ਲੋਕ ਮਾਰੇ ਗਏ। ਅਗਲੇ ਦਿਨ ਰਾਜੇ ਨੇ ਆਰਚਬਿਸ਼ਪ ਪ੍ਰੋਕੋਪੀਉਸ ਤੋਂ ਅਸਤੀਫ਼ਾ ਮੰਗਿਆ ਅਤੇ ਦੋ ਦਿਨ ਬਾਅਦ ਸਰਕਾਰ ਦੇ ਸਾਰੇ ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ।

ਇਕ ਮਹੀਨੇ ਬਾਅਦ ਵਿਦਿਆਰਥੀਆਂ ਨੇ ਫਿਰ ਜਲੂਸ ਕੱਢੇ ਅਤੇ ਉਨ੍ਹਾਂ ਨੇ ਸਾਰਿਆਂ ਦੇ ਸਾਮ੍ਹਣੇ ਪਾਲੀਸ ਦੇ ਅਨੁਵਾਦ ਦੀ ਇਕ ਕਾਪੀ ਸਾੜੀ। ਉਨ੍ਹਾਂ ਨੇ ਇਸ ਅਨੁਵਾਦ ਨੂੰ ਵੰਡਣ ਦੇ ਖ਼ਿਲਾਫ਼ ਇਕ ਮਤਾ ਪਕਾਇਆ ਅਤੇ ਅਗਾਹਾਂ ਨੂੰ ਬਾਈਬਲ ਦਾ ਕੋਈ ਵੀ ਤਰਜਮਾ ਕਰਨ ਖ਼ਿਲਾਫ਼ ਸਖ਼ਤ ਸਜ਼ਾ ਦੀ ਮੰਗ ਕੀਤੀ। ਇਸ ਤਰ੍ਹਾਂ ਕੱਟੜ ਵਿਰੋਧੀਆਂ ਨੂੰ ਬਹਾਨਾ ਮਿਲ ਗਿਆ ਕਿ ਉਹ ਹੁਣ ਲੋਕਾਂ ਨੂੰ ਆਧੁਨਿਕ ਯੂਨਾਨੀ ਭਾਸ਼ਾ ਵਿਚ ਬਾਈਬਲ ਪੜ੍ਹਨ ਤੋਂ ਰੋਕ ਸਕਦੇ ਸਨ। ਇਹ ਕਿੰਨਾ ਬੁਰਾ ਵਕਤ ਸੀ!

“ਪ੍ਰਭੁ ਦਾ ਬਚਨ ਸਦਾ ਤੀਕ ਕਾਇਮ ਰਹਿੰਦਾ ਹੈ”

ਆਧੁਨਿਕ ਯੂਨਾਨੀ ਬਾਈਬਲ ਤੋਂ 1924 ਵਿਚ ਪਾਬੰਦੀ ਹਟਾ ਦਿੱਤੀ ਗਈ। ਉਸ ਸਮੇਂ ਤੋਂ ਗ੍ਰੀਕ ਆਰਥੋਡਾਕਸ ਚਰਚ ਦੇ ਬਾਈਬਲ ਨੂੰ ਲੋਕਾਂ ਤੋਂ ਦੂਰ ਰੱਖਣ ਦੇ ਜਤਨ ਅਸਫ਼ਲ ਹੋ ਗਏ ਅਤੇ ਉਹ ਪੂਰੀ ਤਰ੍ਹਾਂ ਹਾਰ ਗਿਆ। ਇਸ ਸਮੇਂ ਦੌਰਾਨ, ਯਹੋਵਾਹ ਦੇ ਗਵਾਹ ਯੂਨਾਨ ਦੇਸ਼ ਵਿਚ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇਣ ਵਿਚ ਅੱਗੇ ਵਧੇ ਹਨ ਜਿਵੇਂ ਉਨ੍ਹਾਂ ਨੇ ਹੋਰਨਾਂ ਕਈ ਦੇਸ਼ਾਂ ਵਿਚ ਵੀ ਇਹ ਸਿੱਖਿਆ ਦਿੱਤੀ ਹੈ। ਸਾਲ 1905 ਤੋਂ ਉਨ੍ਹਾਂ ਨੇ ਵੌਮਵੌਸ ਦਾ ਅਨੁਵਾਦ ਵਰਤ ਕੇ ਹਜ਼ਾਰਾਂ ਹੀ ਯੂਨਾਨੀ ਬੋਲਣ ਵਾਲੇ ਲੋਕਾਂ ਨੂੰ ਬਾਈਬਲ ਬਾਰੇ ਗਿਆਨ ਦਿੱਤਾ ਹੈ।

ਸਾਲਾਂ ਦੌਰਾਨ ਕਈਆਂ ਵਿਦਵਾਨਾਂ ਤੇ ਪ੍ਰੋਫ਼ੈਸਰਾਂ ਨੇ ਬਾਈਬਲ ਦਾ ਤਰਜਮਾ ਆਧੁਨਿਕ ਯੂਨਾਨੀ ਵਿਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਪੂਰੀ ਬਾਈਬਲ ਜਾਂ ਇਸ ਦੇ ਕੁਝ ਹਿੱਸਿਆਂ ਦੇ ਯੂਨਾਨੀ ਭਾਸ਼ਾ ਵਿਚ 30 ਤਰਜਮੇ ਹਨ ਜੋ ਆਮ ਲੋਕ ਪੜ੍ਹ ਕੇ ਸਮਝ ਸਕਦੇ ਹਨ। ਇਨ੍ਹਾਂ ਤਰਜਮਿਆਂ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਦਾ ਯੂਨਾਨੀ ਤਰਜਮਾ ਇਕ ਅਨਮੋਲ ਹੀਰਾ ਹੈ ਜੋ 1997 ਵਿਚ ਰਿਲੀਸ ਕੀਤਾ ਗਿਆ ਸੀ। ਇਹ ਤਰਜਮਾ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ। ਇਹ ਉਨ੍ਹਾਂ 1 ਕਰੋੜ 60 ਲੱਖ ਲੋਕਾਂ ਦੇ ਫ਼ਾਇਦੇ ਲਈ ਹੈ ਜੋ ਦੁਨੀਆਂ ਭਰ ਵਿਚ ਯੂਨਾਨੀ ਭਾਸ਼ਾ ਬੋਲਦੇ ਹਨ। ਇਹ ਬਾਈਬਲ ਦਾ ਸਹੀ-ਸਹੀ ਤਰਜਮਾ ਹੈ ਜੋ ਪੜ੍ਹਨ ਅਤੇ ਸਮਝਣ ਲਈ ਸੌਖਾ ਹੈ।

ਆਧੁਨਿਕ ਯੂਨਾਨੀ ਭਾਸ਼ਾ ਵਿਚ ਬਾਈਬਲ ਮਿਲਣ ਤਕ ਦਾ ਇਹ ਸਫ਼ਰ ਇਕ ਜ਼ਰੂਰੀ ਗੱਲ ਵੱਲ ਸਾਡਾ ਧਿਆਨ ਖਿੱਚਦਾ ਹੈ। ਇਹ ਸਾਫ਼-ਸਾਫ਼ ਦਿਖਾਉਂਦਾ ਹੈ ਕਿ ਇਨਸਾਨਾਂ ਦੀ ਵਿਰੋਧਤਾ ਦੇ ਬਾਵਜੂਦ “ਪ੍ਰਭੁ ਦਾ ਬਚਨ ਸਦਾ ਤੀਕ ਕਾਇਮ ਰਹਿੰਦਾ ਹੈ।”—1 ਪਤਰਸ 1:24.

[ਫੁਟਨੋਟ]

^ ਪੈਰਾ 7 ਸਿਰਲ ਲੂਕਾਰਸ ਬਾਰੇ ਹੋਰ ਜਾਣਕਾਰੀ ਲਈ 15 ਫਰਵਰੀ 2000 ਦੇ ਪਹਿਰਾਬੁਰਜ ਦੇ ਸਫ਼ੇ 26-9 ਦੇਖੋ।

[ਸਫ਼ੇ 27 ਉੱਤੇ ਤਸਵੀਰ]

ਸਿਰਲ ਲੂਕਾਰਸ ਨੇ 1630 ਵਿਚ ਬਾਈਬਲ ਦੇ ਯੂਨਾਨੀ ਹਿੱਸੇ ਦੇ ਪਹਿਲੇ ਪੂਰੇ ਯੂਨਾਨੀ ਤਰਜਮੇ ਦੀ ਨਿਗਰਾਨੀ ਕੀਤੀ ਸੀ

[ਕ੍ਰੈਡਿਟ ਲਾਈਨ]

Bib. Publ. Univ. de Genève

[ਸਫ਼ੇ 28 ਉੱਤੇ ਤਸਵੀਰਾਂ]

ਸੌਖੀ ਯੂਨਾਨੀ ਭਾਸ਼ਾ ਵਿਚ ਕੁਝ ਤਰਜਮੇ: ਜ਼ਬੂਰਾਂ ਦੀ ਪੋਥੀ (1) 1828 ਵਿਚ ਇਲਾਰਿੰਨ ਦੁਆਰਾ, (2) 1832 ਵਿਚ ਵੌਮਵੌਸ ਦੁਆਰਾ, (3) 1643 ਵਿਚ ਜੁਲਿਆਨਸ ਦੁਆਰਾ ਛਾਪੀ ਗਈ। “ਪੁਰਾਣਾ ਨੇਮ”: (4) 1840 ਵਿਚ ਵੌਮਵੌਸ ਦੁਆਰਾ ਛਾਪਿਆ ਗਿਆ

ਰਾਣੀ ਓਲਗਾ

[ਕ੍ਰੈਡਿਟ ਲਾਈਨਾਂ]

ਬਾਈਬਲਾਂ: National Library of Greece; ਰਾਣੀ ਓਲਗਾ: Culver Pictures

[ਸਫ਼ੇ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਪਪਾਇਰਸ: Reproduced by kind permission of The Trustees of the Chester Beatty Library, Dublin

[ਸਫ਼ੇ 29 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਪਪਾਇਰਸ: Reproduced by kind permission of The Trustees of the Chester Beatty Library, Dublin