ਕਾਬਲ ਆਗੂ ਦੀ ਭਾਲ
ਕਾਬਲ ਆਗੂ ਦੀ ਭਾਲ
“ਚਲੇ ਜਾਓ, ਮੈਂ ਕਹਿੰਦਾ, ਹੁਣ ਸਾਨੂੰ ਤੁਹਾਡੀ ਲੋੜ ਨਹੀਂ। ਰੱਬ ਦੇ ਵਾਸਤੇ, ਚਲੇ ਜਾਓ!”—ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰ ਲੀਓਪੋਲਡ ਏਮਰੀ ਨੇ ਓਲੀਵਰ ਕ੍ਰੋਮਵੈੱਲ ਦੇ ਹਵਾਲੇ ਨਾਲ ਇਹ ਸ਼ਬਦ ਕਹੇ ਸਨ।
ਦੂਸਰਾ ਵਿਸ਼ਵ ਯੁੱਧ ਅੱਠਾਂ ਮਹੀਨਿਆਂ ਤੋਂ ਦੁਨੀਆਂ ਉੱਤੇ ਕਹਿਰ ਢਾਹ ਰਿਹਾ ਸੀ ਤੇ ਬਰਤਾਨੀਆ ਅਤੇ ਇਸ ਦੇ ਮਿੱਤਰ ਦੇਸ਼ਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਸੀ। ਲੀਓਪੋਲਡ ਏਮਰੀ ਅਤੇ ਦੂਸਰੇ ਮੰਤਰੀ ਚਾਹੁੰਦੇ ਸਨ ਕਿ ਦੇਸ਼ ਦੀ ਵਾਗਡੋਰ ਕੋਈ ਹੋਰ ਸੰਭਾਲੇ। ਇਸ ਲਈ 7 ਮਈ 1940 ਨੂੰ ਲੋਕ ਸਭਾ ਵਿਚ ਸ਼੍ਰੀਮਾਨ ਏਮਰੀ ਨੇ ਪ੍ਰਧਾਨ ਮੰਤਰੀ ਨੈਵਲ ਚੇਂਬਰਲਨ ਨੂੰ ਉੱਪਰ ਦਿੱਤੇ ਸ਼ਬਦ ਕਹੇ ਸਨ। ਤਿੰਨ ਦਿਨਾਂ ਬਾਅਦ, ਸ਼੍ਰੀਮਾਨ ਚੇਂਬਰਲਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਉਸ ਦੀ ਜਗ੍ਹਾ ਵਿੰਸਟਨ ਚਰਚਿਲ ਨੇ ਅਹੁਦਾ ਸੰਭਾਲ ਲਿਆ।
ਮਨੁੱਖਜਾਤੀ ਨੂੰ ਹਮੇਸ਼ਾ ਤੋਂ ਹੀ ਆਗੂਆਂ ਦੀ ਲੋੜ ਰਹੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਵੀ ਆਗੂ ਚੱਲੇਗਾ। ਪਰਿਵਾਰ ਵਿਚ ਵੀ ਪਤਨੀ ਤੇ ਬੱਚੇ ਤਾਂ ਹੀ ਖ਼ੁਸ਼ ਰਹਿਣਗੇ ਜੇ ਪਿਤਾ ਚੰਗੀ ਸੇਧ ਦੇਣ ਦੇ ਕਾਬਲ ਹੋਵੇ। ਤਾਂ ਫਿਰ ਕਲਪਨਾ ਕਰੋ ਕਿ ਦੇਸ਼ ਜਾਂ ਦੁਨੀਆਂ ਨੂੰ ਸੇਧ ਦੇਣ ਵਾਲਾ ਆਗੂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ! ਪਰ ਕਾਬਲ ਆਗੂ ਰੋਜ਼-ਰੋਜ਼ ਨਹੀਂ ਜੰਮਦੇ।
ਇਸ ਕਰਕੇ ਹਜ਼ਾਰਾਂ ਸਾਲਾਂ ਤੋਂ ਅਣਗਿਣਤ ਲੋਕਾਂ ਨੂੰ ਗੱਦੀ ਤੇ ਬਿਠਾਇਆ ਗਿਆ, ਕ੍ਰਾਂਤੀਆਂ-ਬਗਾਵਤਾਂ ਹੋਈਆਂ, ਚੋਣਾਂ ਹੋਈਆਂ, ਕਤਲ ਹੋਏ ਤੇ ਸਰਕਾਰਾਂ ਬਦਲੀਆਂ। ਰਾਜੇ-ਮਹਾਰਾਜੇ, ਰਾਜਕੁਮਾਰ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸੈਕਟਰੀ-ਜਨਰਲ ਤੇ ਤਾਨਾਸ਼ਾਹ ਆਉਂਦੇ-ਜਾਂਦੇ ਰਹੇ। ਅਣਕਿਆਸੀਆਂ ਤਬਦੀਲੀਆਂ ਨੇ ਸ਼ਕਤੀਸ਼ਾਲੀ ਸ਼ਾਸਕਾਂ ਨੂੰ ਗੱਦੀਓਂ ਲਾਹ ਮਾਰਿਆ। (ਸਫ਼ਾ 5 ਉੱਤੇ “ਅਚਾਨਕ ਸੱਤਾ ਹੱਥੋਂ ਨਿੱਕਲ ਗਈ” ਨਾਮਕ ਡੱਬੀ ਦੇਖੋ।) ਪਰ ਦੁਨੀਆਂ ਅਜੇ ਵੀ ਕਾਬਲ ਆਗੂ ਦੀ ਭਾਲ ਕਰ ਰਹੀ ਹੈ।
“ਸਾਨੂੰ ਇਨ੍ਹਾਂ ਨਾਲ ਹੀ ਕੰਮ ਚਲਾਉਣਾ ਪਉ”—ਕੀ ਹੋਰ ਕੋਈ ਚਾਰਾ ਨਹੀਂ?
ਬਹੁਤ ਸਾਰੇ ਲੋਕਾਂ ਨੇ ਤਾਂ ਇਹ ਉਮੀਦ ਹੀ ਛੱਡ ਦਿੱਤੀ ਹੈ ਕਿ ਕੋਈ ਕਾਬਲ ਆਗੂ ਸ਼ਾਸਨ ਕਰੇਗਾ। ਕੁਝ ਦੇਸ਼ਾਂ ਵਿਚ ਚੋਣਾਂ ਸਮੇਂ ਸਰਕਾਰ ਪ੍ਰਤੀ ਲੋਕਾਂ ਦੀ ਬੇਦਿਲੀ ਅਤੇ ਨਿਰਾਸ਼ਾ ਦਿਖਾਈ ਦਿੰਦੀ ਹੈ। ਅਫ਼ਰੀਕਾ ਵਿਚ ਪੱਤਰਕਾਰ ਜੈੱਫ ਹਿੱਲ ਨੇ ਕਿਹਾ: “ਜਦੋਂ ਲੋਕ ਆਪਣੇ ਹਾਲਾਤ ਬਦਲਣ ਵਿਚ ਬੇਵੱਸ ਮਹਿਸੂਸ ਕਰਦੇ ਹਨ, ਤਾਂ ਉਹ [ਵੋਟ ਪਾਉਣ] ਨਹੀਂ ਆਉਂਦੇ। . . . ਅਫ਼ਰੀਕਾ ਵਿਚ ਜਦੋਂ ਲੋਕ ਵੋਟ ਨਹੀਂ ਪਾਉਂਦੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਮੌਜੂਦਾ ਸਰਕਾਰ ਨਾਲ ਖ਼ੁਸ਼ ਹਨ। ਇਹ ਲੋਕਾਂ ਦੇ ਅੰਦਰੋਂ ਉੱਠੀ ਮਦਦ ਲਈ ਪੁਕਾਰ ਹੈ ਕਿ ਕੋਈ
ਉਨ੍ਹਾਂ ਦੀ ਸਾਰ ਨਹੀਂ ਲੈਂਦਾ।” ਇਸੇ ਤਰ੍ਹਾਂ ਅਮਰੀਕਾ ਵਿਚ ਇਕ ਅਖ਼ਬਾਰ ਦੇ ਕਾਲਮਨਵੀਸ ਨੇ ਹੋਣ ਵਾਲੀਆਂ ਚੋਣਾਂ ਬਾਰੇ ਲਿਖਿਆ: “ਕਾਸ਼ ਕੋਈ ਕਾਬਲ ਆਗੂ ਚੋਣ ਲੜਦਾ।” ਉਸ ਨੇ ਅੱਗੇ ਕਿਹਾ: “ਪਰ ਇਹੋ-ਜਿਹਾ ਕੋਈ ਆਗੂ ਹੈ ਹੀ ਨਹੀਂ। ਕਦੀ ਕੋਈ ਕਾਬਲ ਆਗੂ ਹੁੰਦਾ ਹੀ ਨਹੀਂ। ਜੋ ਹਨ, ਸਾਨੂੰ ਇਨ੍ਹਾਂ ਨਾਲ ਹੀ ਕੰਮ ਚਲਾਉਣਾ ਪਉ।”ਕੀ ਨਾਕਾਬਲ ਆਗੂਆਂ ਨਾਲ ‘ਕੰਮ ਚਲਾਉਣ’ ਤੋਂ ਸਿਵਾਇ ਮਨੁੱਖਜਾਤੀ ਕੋਲ ਹੋਰ ਕੋਈ ਚਾਰਾ ਨਹੀਂ? ਇਨਸਾਨੀ ਆਗੂ ਆਪਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਪਾਏ ਹਨ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਕਦੀ ਕੋਈ ਕਾਬਲ ਆਗੂ ਨਹੀਂ ਮਿਲੇਗਾ? ਨਹੀਂ। ਇਕ ਉੱਚੇ-ਸੁੱਚੇ ਗੁਣਾਂ ਵਾਲਾ ਆਗੂ ਹੈ। ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਇਹ ਆਗੂ ਕੌਣ ਹੈ ਅਤੇ ਉਹ ਆਪਣੇ ਰਾਜ ਵਿਚ ਕਰੋੜਾਂ ਲੋਕਾਂ ਨੂੰ ਤੇ ਤੁਹਾਨੂੰ ਵੀ ਕਿਵੇਂ ਖ਼ੁਸ਼ਹਾਲ ਬਣਾਵੇਗਾ।
[ਸਫ਼ੇ 3 ਉੱਤੇ ਤਸਵੀਰ]
ਉੱਪਰ ਖੱਬੇ: ਨੈਵਲ ਚੇਂਬਰਲਨ
ਉੱਪਰ ਸੱਜੇ: ਲੀਓਪੋਲਡ ਏਮਰੀ
ਥੱਲੇ: ਵਿੰਸਟਨ ਚਰਚਿਲ
[ਸਫ਼ੇ 3 ਉੱਤੇ ਤਸਵੀਰ]
ਚੇਂਬਰਲਨ: Photo by Jimmy Sime/Central Press/Getty Images; ਏਮਰੀ: Photo by Kurt Hutton/Picture Post/Getty Images; ਚਰਚਿਲ: The Trustees of the Imperial War Museum (MH 26392)