ਕੀ ਤੁਸੀਂ ਦੇਣ ਦੀ ਖ਼ੁਸ਼ੀ ਮਾਣਦੇ ਹੋ?
ਕੀ ਤੁਸੀਂ ਦੇਣ ਦੀ ਖ਼ੁਸ਼ੀ ਮਾਣਦੇ ਹੋ?
ਇਕ ਵਫ਼ਾਦਾਰ ਭੈਣ ਲਗਭਗ 50 ਸਾਲਾਂ ਤੋਂ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਹੀ ਸੀ। ਬੁਢਾਪੇ ਕਰਕੇ ਉਹ ਬਹੁਤ ਕਮਜ਼ੋਰ ਹੋ ਚੁੱਕੀ ਸੀ, ਫਿਰ ਵੀ ਉਹ ਨਵੇਂ ਬਣੇ ਕਿੰਗਡਮ ਹਾਲ ਜਾਣਾ ਚਾਹੁੰਦੀ ਸੀ। ਉਹ ਇਕ ਭਰਾ ਦੀ ਮਦਦ ਨਾਲ ਹੌਲੀ-ਹੌਲੀ ਤੁਰ ਕੇ ਹਾਲ ਵਿਚ ਪਹੁੰਚੀ ਤੇ ਸਿੱਧੀ ਦਾਨ-ਪੇਟੀ ਵੱਲ ਚਲੀ ਗਈ। ਉਸ ਨੇ ਪੇਟੀ ਵਿਚ ਕੁਝ ਰਕਮ ਪਾਈ ਜੋ ਉਸ ਨੇ ਇਸੇ ਮਕਸਦ ਲਈ ਜੋੜ ਕੇ ਰੱਖੀ ਸੀ। ਹਾਲਾਂਕਿ ਉਹ ਹਾਲ ਦੀ ਉਸਾਰੀ ਵਿਚ ਹੱਥ ਨਹੀਂ ਵਟਾ ਸਕੀ, ਪਰ ਉਹ ਇਸ ਕੰਮ ਵਿਚ ਯੋਗਦਾਨ ਪਾਉਣਾ ਚਾਹੁੰਦੀ ਸੀ।
ਇਸ ਭੈਣ ਦੀ ਮਿਸਾਲ ਤੋਂ ਸਾਨੂੰ ਉਸ “ਕੰਗਾਲ ਵਿਧਵਾ” ਦੀ ਯਾਦ ਆਉਂਦੀ ਹੈ ਜਿਸ ਨੂੰ ਯਿਸੂ ਨੇ ਹੈਕਲ ਦੇ ਖ਼ਜ਼ਾਨੇ ਵਿਚ ਦੋ ਦਮੜੀਆਂ ਪਾਉਂਦੇ ਦੇਖਿਆ ਸੀ। ਬਾਈਬਲ ਸਾਨੂੰ ਉਸ ਦੇ ਹਾਲਾਤਾਂ ਬਾਰੇ ਤਾਂ ਨਹੀਂ ਦੱਸਦੀ, ਪਰ ਉਸ ਜ਼ਮਾਨੇ ਵਿਚ ਪਤੀ ਤੋਂ ਬਿਨਾਂ ਔਰਤ ਲਈ ਆਪਣਾ ਗੁਜ਼ਾਰਾ ਤੋਰਨਾ ਸ਼ਾਇਦ ਬਹੁਤ ਮੁਸ਼ਕਲ ਹੁੰਦਾ ਹੋਣਾ। ਯਿਸੂ ਨੂੰ ਉਸ ਤੇ ਬੜਾ ਤਰਸ ਆਇਆ ਕਿਉਂਕਿ ਉਹ ਉਸ ਦੀ ਹਾਲਤ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਆਪਣੇ ਚੇਲਿਆਂ ਨੂੰ ਉਸ ਔਰਤ ਦੀ ਮਿਸਾਲ ਦਿੰਦਿਆਂ ਯਿਸੂ ਨੇ ਕਿਹਾ ਕਿ ਉਸ ਔਰਤ ਦਾ ਇਹ ਛੋਟਾ ਜਿਹਾ ਦਾਨ ਹੀ ਉਸ ਦੀ “ਸਾਰੀ ਪੂੰਜੀ” ਸੀ।—ਮਰਕੁਸ 12:41-44.
ਕੰਗਾਲ ਵਿਧਵਾ ਨੇ ਇਹ ਕੁਰਬਾਨੀ ਕਿਉਂ ਕੀਤੀ ਸੀ? ਕਿਉਂਕਿ ਉਹ ਯਰੂਸ਼ਲਮ ਦੀ ਹੈਕਲ ਵਿਚ ਪੂਜੇ ਜਾਂਦੇ ਪਰਮੇਸ਼ੁਰ ਯਹੋਵਾਹ ਦੀ ਸੱਚੀ ਭਗਤਣ ਸੀ। ਹਾਲਾਂਕਿ ਉਹ ਜ਼ਿਆਦਾ ਕੁਝ ਨਹੀਂ ਕਰ ਸਕਦੀ ਸੀ, ਫਿਰ ਵੀ ਉਹ ਪਵਿੱਤਰ ਭਗਤੀ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੀ ਸੀ। ਆਪਣੀ ਹੈਸੀਅਤ ਅਨੁਸਾਰ ਯੋਗਦਾਨ ਦੇ ਕੇ ਉਸ ਨੂੰ ਸੱਚ-ਮੁੱਚ ਖ਼ੁਸ਼ੀ ਹੋਈ ਹੋਵੇਗੀ।
ਯਹੋਵਾਹ ਦੇ ਕੰਮ ਵਿਚ ਯੋਗਦਾਨ ਪਾਉਣਾ
ਦਾਨ ਕਰਨਾ ਹਮੇਸ਼ਾ ਸੱਚੀ ਭਗਤੀ ਦਾ ਇਕ ਅਹਿਮ ਹਿੱਸਾ ਰਿਹਾ ਹੈ ਤੇ ਇਸ ਤੋਂ ਦਾਨੀਆਂ ਨੂੰ ਹਮੇਸ਼ਾ ਖ਼ੁਸ਼ੀ ਮਿਲੀ ਹੈ। (1 ਇਤਹਾਸ 29:9) ਪ੍ਰਾਚੀਨ ਇਸਰਾਏਲ ਵਿਚ ਦਾਨ ਨਾਲ ਨਾ ਸਿਰਫ਼ ਮੰਦਰ ਨੂੰ ਸ਼ਿੰਗਾਰਿਆ ਜਾਂਦਾ ਸੀ, ਸਗੋਂ ਯਹੋਵਾਹ ਦੀ ਭਗਤੀ ਨਾਲ ਸੰਬੰਧਿਤ ਹਰ ਰੋਜ਼ ਦੀਆਂ ਲੋੜਾਂ ਵੀ ਪੂਰੀਆਂ ਕੀਤੀਆਂ ਜਾਂਦੀਆਂ ਸਨ। ਬਿਵਸਥਾ ਅਨੁਸਾਰ ਇਸਰਾਏਲੀਆਂ ਤੋਂ ਮੰਗ ਕੀਤੀ ਗਈ ਸੀ ਕਿ ਉਹ ਆਪਣੀ ਉਪਜ ਦਾ ਦਸਵਾਂ ਹਿੱਸਾ ਹੈਕਲ ਵਿਚ ਸੇਵਾ ਕਰ ਰਹੇ ਲੇਵੀਆਂ ਨੂੰ ਦੇਣ। ਪਰ ਲੇਵੀਆਂ ਨੇ ਵੀ ਇਸ ਦਸਵੇਂ ਹਿੱਸੇ ਦਾ ਦਸਵਾਂ ਹਿੱਸਾ ਯਹੋਵਾਹ ਲਈ ਭੇਟ ਚੜ੍ਹਾਉਣਾ ਹੁੰਦਾ ਸੀ।—ਗਿਣਤੀ 18:21-29.
ਹਾਲਾਂਕਿ ਬਿਵਸਥਾ ਨੇਮ ਦੀਆਂ ਮੰਗਾਂ ਤੋਂ ਮਸੀਹੀ ਆਜ਼ਾਦ ਸਨ, ਪਰ ਸੱਚੀ ਭਗਤੀ ਲਈ ਦਾਨ ਦੇਣ ਦਾ ਸਿਧਾਂਤ ਅਜੇ ਵੀ ਪਰਮੇਸ਼ੁਰ ਦੇ ਸੇਵਕਾਂ ਤੇ ਲਾਗੂ ਹੁੰਦਾ ਸੀ। ਗਲਾਤੀਆਂ 5:1) ਇਸ ਤੋਂ ਇਲਾਵਾ, ਪਹਿਲੀ ਸਦੀ ਦੇ ਮਸੀਹੀ ਆਪਣੇ ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਖ਼ੁਸ਼ੀ-ਖ਼ੁਸ਼ੀ ਦਾਨ ਦਿੰਦੇ ਸਨ। (ਰਸੂਲਾਂ ਦੇ ਕਰਤੱਬ 2:45, 46) ਪੌਲੁਸ ਰਸੂਲ ਨੇ ਮਸੀਹੀਆਂ ਨੂੰ ਚੇਤੇ ਕਰਾਇਆ ਕਿ ਜਿਵੇਂ ਪਰਮੇਸ਼ੁਰ ਨੇ ਖੁੱਲ੍ਹੇ ਦਿਲ ਨਾਲ ਉਨ੍ਹਾਂ ਨੂੰ ਚੰਗੀਆਂ ਚੀਜ਼ਾਂ ਦਿੱਤੀਆਂ ਹਨ, ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਦੂਜਿਆਂ ਪ੍ਰਤੀ ਖੁੱਲ੍ਹ-ਦਿਲੇ ਹੋਣਾ ਚਾਹੀਦਾ ਹੈ। ਉਸ ਨੇ ਲਿਖਿਆ: “ਜਿਹੜੇ ਇਸ ਜੁੱਗ ਵਿੱਚ ਧਨਵਾਨ ਹਨ ਓਹਨਾਂ ਨੂੰ ਉਪਦੇਸ਼ ਕਰ ਭਈ ਗਰਬ ਨਾ ਕਰਨ ਅਤੇ ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ। ਨਾਲੇ ਇਹ ਭਈ ਓਹ ਪਰਉਪਕਾਰੀ ਅਤੇ ਸ਼ੁਭ ਕਰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ ਹੋਣ। ਅਤੇ ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰਨ ਭਈ ਓਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਸਲ ਜੀਵਨ ਹੈ।” (1 ਤਿਮੋਥਿਉਸ 6:17-19; 2 ਕੁਰਿੰਥੀਆਂ 9:11) ਦਰਅਸਲ, ਪੌਲੁਸ ਨੇ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਖ਼ੁਦ ਅਨੁਭਵ ਕੀਤਾ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.
(ਅੱਜ ਮਸੀਹੀਆਂ ਵੱਲੋਂ ਦਿੱਤਾ ਜਾਂਦਾ ਦਾਨ
ਅੱਜ ਯਹੋਵਾਹ ਦੇ ਸੇਵਕ ਆਪਣੇ ਮਾਲ-ਧਨ ਨਾਲ ਇਕ-ਦੂਜੇ ਦੀ ਮਦਦ ਕਰਦੇ ਹਨ ਅਤੇ ਪਰਮੇਸ਼ੁਰ ਦੇ ਕੰਮ ਵਿਚ ਯੋਗਦਾਨ ਪਾਉਂਦੇ ਹਨ। ਗ਼ਰੀਬ ਭੈਣ-ਭਰਾ ਵੀ ਆਪਣੀ ਹੈਸੀਅਤ ਅਨੁਸਾਰ ਦਾਨ ਦਿੰਦੇ ਹਨ। ਇਸ ਦਾਨ ਦੀ ਚੰਗੀ ਵਰਤੋਂ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਆਪਣੇ ਆਪ ਨੂੰ ਯਹੋਵਾਹ ਅੱਗੇ ਜਵਾਬਦੇਹ ਸਮਝਦਾ ਹੈ। (ਮੱਤੀ 24:45) ਇਹ ਦਾਨ ਬ੍ਰਾਂਚ ਆਫ਼ਿਸ ਚਲਾਉਣ, ਬਾਈਬਲਾਂ ਅਤੇ ਬਾਈਬਲ-ਆਧਾਰਿਤ ਸਾਹਿੱਤ ਦਾ ਅਨੁਵਾਦ ਕਰਨ ਤੇ ਛਾਪਣ, ਵੱਡੇ-ਵੱਡੇ ਮਸੀਹੀ ਇਕੱਠਾਂ ਦਾ ਪ੍ਰਬੰਧ ਕਰਨ, ਸਫ਼ਰੀ ਨਿਗਾਹਬਾਨਾਂ ਤੇ ਮਿਸ਼ਨਰੀਆਂ ਨੂੰ ਸਿਖਲਾਈ ਦੇਣ ਤੇ ਉਨ੍ਹਾਂ ਨੂੰ ਦੂਜੀਆਂ ਥਾਵਾਂ ਤੇ ਭੇਜਣ, ਬਿਪਤਾ ਦੇ ਸਮੇਂ ਭੈਣ-ਭਰਾਵਾਂ ਨੂੰ ਰਾਹਤ ਸਾਮੱਗਰੀ ਪਹੁੰਚਾਉਣ ਅਤੇ ਹੋਰ ਕਈ ਜ਼ਰੂਰੀ ਕੰਮਾਂ ਲਈ ਵਰਤਿਆ ਜਾਂਦਾ ਹੈ। ਆਓ ਆਪਾਂ ਅਜਿਹੇ ਹੀ ਇਕ ਕੰਮ ਵੱਲ ਧਿਆਨ ਦੇਈਏ—ਭਗਤੀ ਦੀਆਂ ਥਾਵਾਂ ਬਣਾਉਣ ਲਈ ਦਿੱਤੀ ਜਾਂਦੀ ਮਦਦ।
ਅਧਿਆਤਮਿਕ ਸਿੱਖਿਆ ਅਤੇ ਆਪਣੇ ਭੈਣਾਂ-ਭਰਾਵਾਂ ਦੀ ਸੰਗਤ ਤੋਂ ਲਾਭ ਹਾਸਲ ਕਰਨ ਲਈ ਯਹੋਵਾਹ ਦੇ ਗਵਾਹ ਆਪਣੇ ਕਿੰਗਡਮ ਹਾਲਾਂ ਵਿਚ ਹਫ਼ਤੇ ਵਿਚ ਕਈ ਵਾਰ ਇਕੱਠੇ ਹੁੰਦੇ ਹਨ। ਪਰ ਕਈ ਗ਼ਰੀਬ ਦੇਸ਼ਾਂ ਵਿਚ ਗਵਾਹ ਆਰਥਿਕ ਮਦਦ ਤੋਂ ਬਿਨਾਂ ਕਿੰਗਡਮ ਹਾਲ ਬਣਾਉਣ ਦੇ ਕਾਬਲ ਨਹੀਂ ਹਨ। ਇਸ ਲਈ, 1999 ਵਿਚ ਯਹੋਵਾਹ ਦੇ ਗਵਾਹਾਂ ਨੇ ਅਮੀਰ ਦੇਸ਼ਾਂ ਤੋਂ ਆਏ ਪੈਸਿਆਂ ਦੀ ਮਦਦ ਨਾਲ ਗ਼ਰੀਬ ਦੇਸ਼ਾਂ ਵਿਚ ਕਿੰਗਡਮ ਹਾਲ ਬਣਾਉਣ ਦਾ ਪ੍ਰੋਗ੍ਰਾਮ ਸ਼ੁਰੂ ਕੀਤਾ। ਇਸ ਤੋਂ ਇਲਾਵਾ, ਹਜ਼ਾਰਾਂ ਸਵੈ-ਸੇਵਕ ਆਪਣਾ ਸਮਾਂ ਤੇ ਹੁਨਰ ਵਰਤ ਕੇ ਇਨ੍ਹਾਂ ਦੇਸ਼ਾਂ ਦੇ ਦੂਰ-ਦੁਰੇਡੇ ਇਲਾਕਿਆਂ ਵਿਚ ਉਸਾਰੀ ਦਾ ਕੰਮ ਕਰਦੇ ਹਨ।
ਉਸਾਰੀ ਦੌਰਾਨ ਇਨ੍ਹਾਂ ਇਲਾਕਿਆਂ ਦੇ ਗਵਾਹ ਉਸਾਰੀ ਤੇ ਮੁਰੰਮਤ ਕਰਨ ਦੇ ਹੁਨਰ ਸਿੱਖਦੇ ਹਨ। ਕਿੰਗਡਮ ਹਾਲ ਫ਼ੰਡ ਦੀ ਮਦਦ ਨਾਲ ਜ਼ਰੂਰੀ ਸਾਮਾਨ ਖ਼ਰੀਦਿਆ ਜਾਂਦਾ ਹੈ। ਇਨ੍ਹਾਂ ਨਵੇਂ ਹਾਲਾਂ ਨੂੰ ਵਰਤਣ ਵਾਲੇ ਗਵਾਹ ਆਪਣੇ ਸੰਗੀ ਭੈਣ-ਭਰਾਵਾਂ ਦੇ ਬਹੁਤ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਇਸ ਕੰਮ ਲਈ ਆਪਣਾ ਸਮਾਂ ਤੇ ਪੈਸਾ ਦਾਨ ਕੀਤਾ। ਨਵੇਂ ਹਾਲਾਂ ਨੂੰ ਚੰਗੀ ਹਾਲਤ ਵਿਚ ਰੱਖਣ ਤੇ ਹੋਰ ਹਾਲਾਂ ਦੀ ਉਸਾਰੀ ਵਿਚ ਮਦਦ ਕਰਨ ਲਈ ਇਹ ਗਵਾਹ ਵੀ ਹਰ ਮਹੀਨੇ ਦਾਨ ਦਿੰਦੇ ਹਨ।ਕਿੰਗਡਮ ਹਾਲ ਸਥਾਨਕ ਤਰੀਕੇ ਅਤੇ ਸਾਮੱਗਰੀ ਵਰਤ ਕੇ ਬਣਾਏ ਜਾਂਦੇ ਹਨ। ਹਾਲਾਂਕਿ ਇਹ ਹਾਲ ਆਲੀਸ਼ਾਨ ਨਹੀਂ ਹੁੰਦੇ, ਪਰ ਇਹ ਦੇਖਣ ਨੂੰ ਸੋਹਣੇ, ਸਭਾਵਾਂ ਕਰਨ ਲਈ ਢੁਕਵੇਂ ਤੇ ਆਰਾਮਦਾਇਕ ਹਨ। ਜਦੋਂ 1999 ਵਿਚ ਇਹ ਪ੍ਰੋਗ੍ਰਾਮ ਸ਼ੁਰੂ ਕੀਤਾ ਗਿਆ ਸੀ, ਤਾਂ ਉਸ ਵੇਲੇ ਤਕਰੀਬਨ 40 ਗ਼ਰੀਬ ਦੇਸ਼ਾਂ ਵਿਚ ਕਿੰਗਡਮ ਹਾਲ ਬਣਾਉਣ ਦੀ ਯੋਜਨਾ ਸੀ। ਉਦੋਂ ਤੋਂ ਲੈ ਕੇ ਹੁਣ ਤਕ ਉਸਾਰੀ ਪ੍ਰੋਗ੍ਰਾਮ ਵਿਚ 116 ਦੇਸ਼ ਸ਼ਾਮਲ ਕੀਤੇ ਗਏ ਹਨ ਜਿਸ ਦਾ ਮਤਲਬ ਹੈ ਕਿ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਅੱਧੇ ਨਾਲੋਂ ਜ਼ਿਆਦਾ ਕਲੀਸਿਯਾਵਾਂ ਇਸ ਪ੍ਰਾਜੈਕਟ ਅਧੀਨ ਆਉਂਦੀਆਂ ਹਨ। ਪਿਛਲੇ ਪੰਜ ਸਾਲਾਂ ਵਿਚ ਇਸ ਪ੍ਰੋਗ੍ਰਾਮ ਅਧੀਨ 9,000 ਤੋਂ ਜ਼ਿਆਦਾ ਕਿੰਗਡਮ ਹਾਲ ਬਣਾਏ ਗਏ ਹਨ। ਇਸ ਦਾ ਮਤਲਬ ਹੈ ਕਿ ਹਰ ਰੋਜ਼ ਔਸਤਨ ਪੰਜ ਨਾਲੋਂ ਜ਼ਿਆਦਾ ਕਿੰਗਡਮ ਹਾਲ ਬਣਾਏ ਜਾਂਦੇ ਹਨ! ਫਿਰ ਵੀ ਇਨ੍ਹਾਂ 116 ਦੇਸ਼ਾਂ ਵਿਚ 14,500 ਨਵੇਂ ਕਿੰਗਡਮ ਹਾਲ ਬਣਾਉਣੇ ਬਾਕੀ ਹਨ। ਉਮੀਦ ਹੈ ਕਿ ਯਹੋਵਾਹ ਦੀ ਕਿਰਪਾ ਨਾਲ ਅਤੇ ਦੁਨੀਆਂ ਭਰ ਵਿਚ ਗਵਾਹਾਂ ਦੀ ਖੁੱਲ੍ਹ-ਦਿਲੀ ਕਰਕੇ ਇਹ ਲੋੜ ਪੂਰੀ ਕਰਨ ਲਈ ਕਾਫ਼ੀ ਫ਼ੰਡ ਹੋਵੇਗਾ।—ਜ਼ਬੂਰਾਂ ਦੀ ਪੋਥੀ 127:1.
ਕਿੰਗਡਮ ਹਾਲਾਂ ਕਾਰਨ ਵਾਧਾ
ਕਿੰਗਡਮ ਹਾਲਾਂ ਦੀ ਉਸਾਰੀ ਦਾ ਸਥਾਨਕ ਗਵਾਹਾਂ ਅਤੇ ਪ੍ਰਚਾਰ ਦੇ ਕੰਮ ਤੇ ਕੀ ਅਸਰ ਪਿਆ? ਕਈ ਥਾਵਾਂ ਤੇ ਨਵੇਂ ਕਿੰਗਡਮ ਹਾਲ ਬਣਨ ਨਾਲ ਸਭਾਵਾਂ ਵਿਚ ਲੋਕਾਂ ਦੀ ਗਿਣਤੀ ਵਧੀ ਹੈ। ਇਸ ਦੀ ਇਕ ਮਿਸਾਲ ਅਸੀਂ ਬੁਰੁੰਡੀ ਦੀ ਰਿਪੋਰਟ ਤੋਂ ਦੇਖ ਸਕਦੇ ਹਾਂ: “ਨਵਾਂ ਕਿੰਗਡਮ ਹਾਲ ਬਣ ਕੇ ਤਿਆਰ ਹੁੰਦਿਆਂ ਹੀ ਇਹ ਲੋਕਾਂ ਨਾਲ ਭਰ ਜਾਂਦਾ ਹੈ। ਮਿਸਾਲ ਲਈ, ਇਕ ਕਿੰਗਡਮ ਹਾਲ ਅਜਿਹੀ ਕਲੀਸਿਯਾ ਲਈ ਬਣਾਇਆ ਗਿਆ ਸੀ ਜਿਸ ਦੀਆਂ ਸਭਾਵਾਂ ਵਿਚ ਔਸਤਨ 100 ਲੋਕ ਹਾਜ਼ਰ ਹੁੰਦੇ ਸਨ। ਨਵੇਂ ਕਿੰਗਡਮ ਹਾਲ ਵਿਚ 150 ਲੋਕ ਆਰਾਮ ਨਾਲ ਬੈਠ ਸਕਦੇ ਸਨ। ਪਰ ਕਿੰਗਡਮ ਹਾਲ ਤਿਆਰ ਹੁੰਦਿਆਂ ਹੀ ਸਭਾਵਾਂ ਵਿਚ 250 ਲੋਕ ਆਉਣ ਲੱਗ ਪਏ।”
ਇਹ ਵਾਧਾ ਕਿਉਂ ਹੁੰਦਾ ਹੈ? ਕਈ ਭੈਣ-ਭਰਾਵਾਂ ਕੋਲ ਸਭਾਵਾਂ ਕਰਨ ਲਈ ਢੁਕਵੀਂ ਥਾਂ ਨਾ ਹੋਣ ਕਰਕੇ ਉਹ ਜਾਂ ਤਾਂ ਕਿਸੇ ਦਰਖ਼ਤ ਥੱਲੇ ਜਾਂ ਕਿਸੇ ਖੇਤ ਵਿਚ ਸਭਾਵਾਂ ਕਰਦੇ ਹਨ ਜਿਸ ਕਰਕੇ ਲੋਕ ਕਦੇ-ਕਦੇ ਉਨ੍ਹਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਨ। ਇਕ ਦੇਸ਼ ਵਿਚ ਛੋਟੇ-ਛੋਟੇ ਧਾਰਮਿਕ
ਗਰੁੱਪਾਂ ਕਾਰਨ ਨਸਲੀ ਦੰਗੇ ਹੁੰਦੇ ਹਨ, ਇਸ ਲਈ ਉੱਥੇ ਦਾ ਕਾਨੂੰਨ ਹੈ ਕਿ ਸਾਰੀਆਂ ਧਾਰਮਿਕ ਸਭਾਵਾਂ ਕਿਸੇ ਧਾਰਮਿਕ ਸਥਾਨ ਦੇ ਅੰਦਰ ਹੋਣੀਆਂ ਚਾਹੀਦੀਆਂ ਹਨ।ਆਪਣੇ ਹਾਲ ਹੋਣ ਨਾਲ ਯਹੋਵਾਹ ਦੇ ਗਵਾਹ ਲੋਕਾਂ ਨੂੰ ਦਿਖਾਉਂਦੇ ਹਨ ਕਿ ਉਹ ਕਿਸੇ ਪਾਦਰੀ ਦੇ ਚੇਲੇ ਨਹੀਂ ਹਨ। ਜ਼ਿਮਬਾਬਵੇ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੇ ਲਿਖਿਆ: “ਪਹਿਲਾਂ ਭੈਣ-ਭਰਾ ਕਿਸੇ ਘਰ ਵਿਚ ਸਭਾਵਾਂ ਕਰਦੇ ਸਨ ਤੇ ਉੱਥੇ ਦੇ ਲੋਕ ਕਲੀਸਿਯਾ ਨੂੰ ਘਰ ਦੇ ਮਾਲਕ ਦੇ ਨਾਂ ਨਾਲ ਜਾਣਦੇ ਸਨ। ਉਹ ਭੈਣ-ਭਰਾਵਾਂ ਨੂੰ ਸ਼੍ਰੀਮਾਨ ਫਲਾਣਾ-ਫਲਾਣਾ ਦੇ ਗਿਰਜੇ ਦੇ ਲੋਕ ਕਹਿ ਕੇ ਬੁਲਾਉਂਦੇ ਸਨ। ਪਰ ਹੁਣ ਲੋਕਾਂ ਦੀ ਇਹ ਸੋਚਣੀ ਬਦਲ ਰਹੀ ਹੈ ਕਿਉਂਕਿ ਉਹ ਹਾਲ ਉੱਤੇ ਲੱਗੇ ਸਾਈਨ ਬੋਰਡ ਤੇ ਇਹ ਸਪੱਸ਼ਟ ਸ਼ਬਦ ਪੜ੍ਹਦੇ ਹਨ ‘ਯਹੋਵਾਹ ਦੇ ਗਵਾਹਾਂ ਦਾ ਕਿੰਗਡਮ ਹਾਲ।’”
ਖ਼ੁਸ਼ੀ ਨਾਲ ਦੇਣ ਵਾਲੇ
ਪੌਲੁਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰਥੀਆਂ 9:7) ਕੁਝ ਲੋਕ ਬ੍ਰਾਂਚ ਆਫ਼ਿਸ ਨੂੰ ਵੱਡੀ ਰਕਮ ਦਾਨ ਵਜੋਂ ਭੇਜਦੇ ਹਨ। ਇਹ ਸੱਚ ਹੈ ਕਿ ਇਸ ਨਾਲ ਬਹੁਤ ਮਦਦ ਹੁੰਦੀ ਹੈ। ਪਰ ਯਹੋਵਾਹ ਦੇ ਗਵਾਹਾਂ ਦੇ ਕੰਮ ਲਈ ਕੀਤੇ ਦਾਨ ਦਾ ਜ਼ਿਆਦਾਤਰ ਹਿੱਸਾ ਕਿੰਗਡਮ ਹਾਲ ਵਿਚ ਰੱਖੀਆਂ ਦਾਨ-ਪੇਟੀਆਂ ਤੋਂ ਆਉਂਦਾ ਹੈ। ਦਾਨ ਚਾਹੇ ਘੱਟ ਹੋਵੇ ਜਾਂ ਬਹੁਤਾ, ਸਾਰੇ ਹੀ ਦਾਨ ਮਹੱਤਵਪੂਰਣ ਹਨ ਤੇ ਇਨ੍ਹਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾਂਦਾ। ਤੁਸੀਂ ਯਾਦ ਕਰ ਸਕਦੇ ਹੋ ਕਿ ਯਿਸੂ ਨੇ ਇਕ ਗ਼ਰੀਬ ਵਿਧਵਾ ਨੂੰ ਦੋ ਦਮੜੀਆਂ ਦਾਨ ਕਰਦੇ ਦੇਖਿਆ ਸੀ। ਯਹੋਵਾਹ ਅਤੇ ਦੂਤਾਂ ਨੇ ਵੀ ਉਸ ਨੂੰ ਦੇਖਿਆ ਸੀ। ਅਸੀਂ ਉਸ ਦਾ ਨਾਂ ਤਾਂ ਨਹੀਂ ਜਾਣਦੇ, ਪਰ ਯਹੋਵਾਹ ਨੇ ਉਸ ਦੀ ਇਸ ਨਿਰਸੁਆਰਥ ਕਰਨੀ ਨੂੰ ਹਮੇਸ਼ਾ ਲਈ ਬਾਈਬਲ ਵਿਚ ਦਰਜ ਕਰਵਾ ਦਿੱਤਾ।
ਕਿੰਗਡਮ ਹਾਲਾਂ ਦੀ ਉਸਾਰੀ ਤੋਂ ਇਲਾਵਾ, ਸਾਡੇ ਵੱਲੋਂ ਕੀਤੇ ਜਾਂਦੇ ਦਾਨ ਨੂੰ ਰਾਜ ਦੇ ਹੋਰ ਜ਼ਰੂਰੀ ਕੰਮਾਂ ਲਈ ਵੀ ਵਰਤਿਆ ਜਾਂਦਾ ਹੈ। ਇਸ ਤਰੀਕੇ ਨਾਲ ਯੋਗਦਾਨ ਪਾ ਕੇ ਸਾਨੂੰ ਖ਼ੁਸ਼ੀ ਹੁੰਦੀ ਹੈ ਤੇ ਅਸੀਂ ‘ਪਰਮੇਸ਼ੁਰ ਦਾ ਬਹੁਤ ਧੰਨਵਾਦ’ ਕਰਦੇ ਹਾਂ। (2 ਕੁਰਿੰਥੀਆਂ 9:12) ਬੇਨਿਨ ਵਿਚ ਸਾਡੇ ਭਰਾਵਾਂ ਨੇ ਕਿਹਾ: “ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਦਿੱਤੀ ਆਰਥਿਕ ਮਦਦ ਲਈ ਅਸੀਂ ਹਰ ਰੋਜ਼ ਪ੍ਰਾਰਥਨਾ ਕਰ ਕੇ ਵਾਰ-ਵਾਰ ਯਹੋਵਾਹ ਦਾ ਧੰਨਵਾਦ ਕਰਦੇ ਹਾਂ।” ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਰਾਜ ਦੇ ਕੰਮ ਨੂੰ ਅੱਗੇ ਵਧਾਉਣ ਲਈ ਦਾਨ ਦੇਣ ਨਾਲ ਸਾਨੂੰ ਸਾਰਿਆਂ ਨੂੰ ਵੀ ਬਹੁਤ ਖ਼ੁਸ਼ੀ ਹੁੰਦੀ ਹੈ!
[ਡੱਬੀ/ਸਫ਼ੇ 22, 23 ਉੱਤੇ ਤਸਵੀਰ]
ਕੁਝ ਲੋਕ ਇਨ੍ਹਾਂ ਤਰੀਕਿਆਂ ਨਾਲ ਦਾਨ ਦੇਣਾ ਪਸੰਦ ਕਰਦੇ ਹਨ
ਦੁਨੀਆਂ ਭਰ ਵਿਚ ਕੀਤੇ ਜਾਂਦੇ ਰਾਜ ਦੇ ਕੰਮ ਲਈ ਦਾਨ
ਕਈ ਲੋਕ ਦਾਨ ਦੇਣ ਲਈ ਕੁਝ ਪੈਸਾ ਵੱਖਰਾ ਰੱਖਦੇ ਹਨ। ਉਹ ਇਹ ਪੈਸਾ ਦਾਨ-ਪੇਟੀਆਂ ਵਿਚ ਪਾਉਂਦੇ ਹਨ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਹੈ: “ਦੁਨੀਆਂ ਭਰ ਵਿਚ ਕੀਤੇ ਜਾਂਦੇ ਰਾਜ ਦੇ ਕੰਮਾਂ ਲਈ ਦਾਨ—ਮੱਤੀ 24:14.”
ਹਰ ਮਹੀਨੇ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਇਹ ਦਾਨ ਭੇਜ ਦਿੰਦੀਆਂ ਹਨ। ਜੇ ਕੋਈ ਚਾਹੇ, ਤਾਂ ਉਹ ਆਪ ਪੈਸੇ ਬ੍ਰਾਂਚ ਆਫ਼ਿਸ ਨੂੰ ਭੇਜ ਸਕਦਾ ਹੈ। ਬ੍ਰਾਂਚ ਆਫ਼ਿਸਾਂ ਦੇ ਪਤੇ ਇਸ ਰਸਾਲੇ ਦੇ ਦੂਜੇ ਸਫ਼ੇ ਤੇ ਦਿੱਤੇ ਗਏ ਹਨ। ਚੈੱਕ “Watch Tower” ਦੇ ਨਾਂ ਤੇ ਬਣਾਏ ਜਾਣੇ ਚਾਹੀਦੇ ਹਨ। ਗਹਿਣੇ ਜਾਂ ਹੋਰ ਕੀਮਤੀ ਵਸਤਾਂ ਵੀ ਦਾਨ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਨਾਲ ਇਕ ਛੋਟੀ ਜਿਹੀ ਚਿੱਠੀ ਰਾਹੀਂ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਸ਼ਰਤ-ਰਹਿਤ ਤੋਹਫ਼ੇ ਹਨ।
ਸ਼ਰਤੀਆ ਦਾਨ ਪ੍ਰਬੰਧ
ਇਸ ਖ਼ਾਸ ਪ੍ਰਬੰਧ ਅਧੀਨ ਇਕ ਵਿਅਕਤੀ ਆਪਣੇ ਪੈਸੇ Watch Tower ਦੀ ਅਮਾਨਤ ਦੇ ਤੌਰ ਤੇ ਟ੍ਰੱਸਟ ਵਿਚ ਰਖਵਾ ਸਕਦਾ ਹੈ। ਪਰ ਉਹ ਜਦੋਂ ਚਾਹੇ, ਆਪਣੇ ਪੈਸੇ ਵਾਪਸ ਲੈ ਸਕਦਾ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰ ਕੇ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।
ਦਾਨ ਦੇਣ ਦੇ ਤਰੀਕੇ
ਆਪਣੀ ਇੱਛਾ ਨਾਲ ਰੁਪਏ-ਪੈਸੇ ਦਾਨ ਕਰਨ ਤੋਂ ਇਲਾਵਾ, ਰਾਜ ਦੇ ਵਿਸ਼ਵ-ਵਿਆਪੀ ਪ੍ਰਚਾਰ ਕੰਮ ਲਈ ਦਾਨ ਦੇਣ ਦੇ ਹੋਰ ਵੀ ਕਈ ਤਰੀਕੇ ਹਨ। ਇਨ੍ਹਾਂ ਵਿੱਚੋਂ ਕੁਝ ਤਰੀਕੇ ਹੇਠਾਂ ਦੱਸੇ ਗਏ ਹਨ:
ਬੀਮਾ: Watch Tower ਨੂੰ ਜੀਵਨ ਬੀਮਾ ਪਾਲਸੀ ਜਾਂ ਰੀਟਾਇਰਮੈਂਟ/ਪੈਨਸ਼ਨ ਯੋਜਨਾ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ।
ਬੈਂਕ ਖਾਤੇ: ਸਥਾਨਕ ਬੈਂਕ ਦੇ ਨਿਯਮਾਂ ਮੁਤਾਬਕ ਬੈਂਕ ਖਾਤੇ, ਫ਼ਿਕਸਡ ਡਿਪਾਜ਼ਿਟ ਖਾਤੇ ਜਾਂ ਰੀਟਾਇਰਮੈਂਟ ਖਾਤੇ Watch Tower ਲਈ ਟ੍ਰੱਸਟ ਵਿਚ ਰੱਖੇ ਜਾ ਸਕਦੇ ਹਨ ਜਾਂ Watch Tower ਦੇ ਨਾਂ ਲਿਖਵਾਏ ਜਾ ਸਕਦੇ ਹਨ।
ਸਟਾਕ ਅਤੇ ਬਾਂਡ: ਸਟਾਕ ਅਤੇ ਬਾਂਡ Watch Tower ਨੂੰ ਬਿਨਾਂ ਕਿਸੇ ਸ਼ਰਤ ਦੇ ਤੋਹਫ਼ੇ ਵਜੋਂ ਦਾਨ ਕੀਤੇ ਜਾ ਸਕਦੇ ਹਨ।
ਜ਼ਮੀਨ-ਜਾਇਦਾਦ: ਵਿਕਾਊ ਜ਼ਮੀਨ-ਜਾਇਦਾਦ ਬਿਨਾਂ ਸ਼ਰਤ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਫਿਰ ਦਾਨਕਰਤਾ ਆਪਣਾ ਮਕਾਨ ਇਸ ਸ਼ਰਤ ਤੇ ਦਾਨ ਕਰ ਸਕਦਾ ਹੈ ਕਿ ਉਹ ਆਪਣੇ ਜੀਉਂਦੇ-ਜੀ ਉੱਥੇ ਹੀ ਰਹੇਗਾ। ਇਸ ਮਾਮਲੇ ਵਿਚ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।
ਗਿਫ਼ਟ ਐਨਯੂਟੀ: ਇਸ ਪ੍ਰਬੰਧ ਅਧੀਨ ਵਿਅਕਤੀ ਆਪਣਾ ਪੈਸਾ ਜਾਂ ਸਟਾਕ ਤੇ ਬਾਂਡਸ Watch Tower ਦੇ ਨਾਂ ਲਿਖਵਾ ਦਿੰਦਾ ਹੈ। ਇਸ ਦੇ ਬਦਲੇ ਵਿਚ ਉਸ ਨੂੰ ਜਾਂ ਉਸ ਵੱਲੋਂ ਨਿਯੁਕਤ ਕੀਤੇ ਗਏ ਵਿਅਕਤੀ ਨੂੰ ਜ਼ਿੰਦਗੀ ਭਰ ਲਈ ਹਰ ਸਾਲ ਇਕ ਬੱਝਵੀਂ ਰਕਮ ਦਿੱਤੀ ਜਾਵੇਗੀ। ਜਿਸ ਸਾਲ ਇਹ ਪ੍ਰਬੰਧ ਸ਼ੁਰੂ ਹੋਵੇਗਾ, ਉਸੇ ਸਾਲ ਤੋਂ ਦਾਨ ਦੇਣ ਵਾਲੇ ਨੂੰ ਇਨਕਮ ਟੈਕਸ ਵਿਚ ਛੋਟ ਮਿਲਣੀ ਸ਼ੁਰੂ ਹੋ ਜਾਵੇਗੀ।
ਵਸੀਅਤ ਅਤੇ ਟ੍ਰੱਸਟ: ਕਾਨੂੰਨੀ ਵਸੀਅਤ ਰਾਹੀਂ ਜ਼ਮੀਨ-ਜਾਇਦਾਦ ਜਾਂ ਪੈਸੇ Watch Tower ਦੇ ਨਾਂ ਲਿਖਵਾਏ ਜਾ ਸਕਦੇ ਹਨ ਜਾਂ Watch Tower ਨੂੰ ਟ੍ਰੱਸਟ ਦੇ ਇਕਰਾਰਨਾਮੇ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ। ਕੁਝ ਦੇਸ਼ਾਂ ਵਿਚ ਕਿਸੇ ਧਾਰਮਿਕ ਸੰਗਠਨ ਨੂੰ ਪੈਸੇ ਦਾਨ ਕਰਨ ਵਾਲੇ ਟ੍ਰੱਸਟ ਨੂੰ ਟੈਕਸ ਵਿਚ ਛੋਟ ਮਿਲ ਸਕਦੀ ਹੈ, ਪਰ ਭਾਰਤ ਵਿਚ ਛੋਟ ਨਹੀਂ ਮਿਲਦੀ।
ਇਨ੍ਹਾਂ ਤਰੀਕਿਆਂ ਨਾਲ ਦਾਨ ਕਰਨ ਲਈ ਇਕ ਵਿਅਕਤੀ ਨੂੰ ਸੋਚ-ਸਮਝ ਕੇ ਯੋਜਨਾ ਬਣਾਉਣੀ ਪਵੇਗੀ। ਜਿਹੜੇ ਵਿਅਕਤੀ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਕੰਮ ਵਿਚ ਇਨ੍ਹਾਂ ਤਰੀਕਿਆਂ ਨਾਲ ਮਦਦ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾਵਾਂ ਵਿਚ Charitable Planning to Benefit Kingdom Service Worldwide ਨਾਮਕ ਬਰੋਸ਼ਰ ਤਿਆਰ ਕੀਤਾ ਗਿਆ ਹੈ। ਇਸ ਬਰੋਸ਼ਰ ਵਿਚ ਵੱਖ-ਵੱਖ ਤਰੀਕਿਆਂ ਨਾਲ ਦਾਨ ਕਰਨ ਜਾਂ ਵਸੀਅਤ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਬਰੋਸ਼ਰ ਨੂੰ ਪੜ੍ਹਨ ਮਗਰੋਂ ਅਤੇ ਆਪਣੇ ਵਕੀਲਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਦਾਨ ਦੇ ਕੇ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਰਾਜ ਦੇ ਕੰਮਾਂ ਵਿਚ ਮਦਦ ਕੀਤੀ ਹੈ ਤੇ ਨਾਲੋ-ਨਾਲ ਉਨ੍ਹਾਂ ਨੂੰ ਟੈਕਸ ਵਿਚ ਛੋਟ ਮਿਲੀ ਹੈ।
ਹੋਰ ਜਾਣਕਾਰੀ ਲਈ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਜਾਂ ਹੇਠਾਂ ਦਿੱਤੇ ਗਏ ਪਤੇ ਤੇ ਲਿਖੋ ਜਾਂ ਟੈਲੀਫ਼ੋਨ ਕਰੋ।
Jehovah’s Witnesses,
Post Box 6440,
Yelahanka,
Bangalore 560 064, Karnataka.
Telephone: (080) 28468072
[ਸਫ਼ੇ 20, 21 ਉੱਤੇ ਤਸਵੀਰ]
ਸਭਾਵਾਂ ਲਈ ਯਹੋਵਾਹ ਦੇ ਗਵਾਹਾਂ ਦੀਆਂ ਪੁਰਾਣੀਆਂ ਤੇ ਨਵੀਆਂ ਥਾਵਾਂ
ਜ਼ੈਂਬੀਆ
ਮੱਧ ਅਫ਼ਰੀਕਨ ਗਣਰਾਜ