Skip to content

Skip to table of contents

ਕੀ ਤੁਸੀਂ ਹਮੇਸ਼ਾ ਲਈ ਜੀਣਾ ਚਾਹੁੰਦੇ ਹੋ?

ਕੀ ਤੁਸੀਂ ਹਮੇਸ਼ਾ ਲਈ ਜੀਣਾ ਚਾਹੁੰਦੇ ਹੋ?

ਕੀ ਤੁਸੀਂ ਹਮੇਸ਼ਾ ਲਈ ਜੀਣਾ ਚਾਹੁੰਦੇ ਹੋ?

“ਮੈਂ ਮਰਨ ਤੋਂ ਨਹੀਂ ਡਰਦੀ,” ਜਪਾਨ ਦੀ ਇਕ ਬਿਰਧ ਤੀਵੀਂ ਨੇ ਕਿਹਾ। “ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਮੈਨੂੰ ਇਨ੍ਹਾਂ ਫੁੱਲਾਂ ਤੋਂ ਵਿਛੜਨਾ ਪਵੇਗਾ।” ਉਸ ਨਾਲ ਗੱਲ ਕਰ ਰਹੀ ਮਸੀਹੀ ਤੀਵੀਂ ਉਸ ਦੇ ਦੁੱਖ ਨੂੰ ਸਮਝ ਸਕਦੀ ਸੀ ਕਿਉਂਕਿ ਉਸ ਤੀਵੀਂ ਨੇ ਆਪਣੇ ਘਰ ਬਹੁਤ ਹੀ ਸੋਹਣੀ ਬਗ਼ੀਚੀ ਲਾਈ ਹੋਈ ਸੀ। ਬਹੁਤ ਸਾਰੇ ਲੋਕ ਜੋ ਕਹਿੰਦੇ ਹਨ ਕਿ ਉਹ ਮਰਨ ਤੋਂ ਨਹੀਂ ਡਰਦੇ, ਉਹ ਅਸਲ ਵਿਚ ਕੁਦਰਤ ਦੀ ਸੁੰਦਰਤਾ ਦੀ ਬਹੁਤ ਕਦਰ ਕਰਦੇ ਹਨ ਤੇ ਉਹ ਸ਼ਾਇਦ ਇਨ੍ਹਾਂ ਦਾ ਆਨੰਦ ਮਾਣਨ ਲਈ ਹਮੇਸ਼ਾ ਲਈ ਜੀਣਾ ਚਾਹੁੰਦੇ ਹਨ।

ਹਮੇਸ਼ਾ ਲਈ ਜੀਣਾ? ਬਹੁਤ ਸਾਰੇ ਲੋਕ ਇਸ ਵਿਚਾਰ ਨੂੰ ਨਕਾਰਦੇ ਹਨ। ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਹਮੇਸ਼ਾ ਲਈ ਜੀਣ ਵਿਚ ਕੋਈ ਦਿਲਚਸਪੀ ਨਹੀਂ ਹੈ। ਲੋਕ ਇਸ ਤਰ੍ਹਾਂ ਕਿਉਂ ਸੋਚਦੇ ਹਨ?

ਕੀ ਅਨੰਤ ਜ਼ਿੰਦਗੀ ਅਕਾਊ ਹੋਵੇਗੀ?

ਕੁਝ ਸੋਚਦੇ ਹਨ ਕਿ ਉਹ ਹਮੇਸ਼ਾ ਜੀ ਕੇ ਬੋਰ ਹੋ ਜਾਣਗੇ। ਉਹ ਰੀਟਾਇਰ ਹੋ ਚੁੱਕੇ ਲੋਕਾਂ ਦੀ ਉਦਾਹਰਣ ਦਿੰਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਨੀਰਸ ਹੁੰਦੀ ਹੈ ਅਤੇ ਟੀ.ਵੀ. ਦੇਖਣ ਤੋਂ ਸਿਵਾਇ ਉਨ੍ਹਾਂ ਕੋਲ ਹੋਰ ਕੋਈ ਕੰਮ ਨਹੀਂ ਹੁੰਦਾ। ਜੇ ਤੁਸੀਂ ਵੀ ਇਸ ਤਰ੍ਹਾਂ ਸੋਚਦੇ ਹੋ, ਤਾਂ ਜ਼ਰਾ ਖਗੋਲ-ਵਿਗਿਆਨੀ ਰੌਬਰਟ ਜੈਸਟ੍ਰੋ ਦੀ ਗੱਲ ਵੱਲ ਧਿਆਨ ਦਿਓ। ਉਸ ਨੂੰ ਇਕ ਵਾਰ ਪੁੱਛਿਆ ਗਿਆ ਕਿ ਕੀ ਅਨੰਤ ਜ਼ਿੰਦਗੀ ਇਕ ਬਰਕਤ ਹੋਵੇਗੀ ਜਾਂ ਸਰਾਪ। ਜੈਸਟ੍ਰੋ ਨੇ ਜਵਾਬ ਦਿੱਤਾ: “ਅਨੰਤ ਜ਼ਿੰਦਗੀ ਉਨ੍ਹਾਂ ਲਈ ਬਰਕਤ ਹੋਵੇਗੀ ਜਿਨ੍ਹਾਂ ਵਿਚ ਕੁਝ-ਨਾ-ਕੁਝ ਸਿੱਖਦੇ ਰਹਿਣ ਦੀ ਜਿਗਿਆਸਾ ਹੈ। ਉਨ੍ਹਾਂ ਨੂੰ ਇਹ ਸੋਚ ਕੇ ਬਹੁਤ ਚੰਗਾ ਲੱਗੇਗਾ ਕਿ ਉਹ ਹਮੇਸ਼ਾ ਗਿਆਨ ਲੈਂਦੇ ਰਹਿ ਸਕਣਗੇ। ਪਰ ਉਨ੍ਹਾਂ ਲੋਕਾਂ ਲਈ ਅਨੰਤ ਜ਼ਿੰਦਗੀ ਇਕ ਸਰਾਪ ਹੋਵੇਗੀ ਜਿਹੜੇ ਸੋਚਦੇ ਹਨ ਕਿ ਉਹ ਸਭ ਕੁਝ ਜਾਣਦੇ ਹਨ ਅਤੇ ਉਨ੍ਹਾਂ ਨੂੰ ਹੋਰ ਸਿੱਖਣ ਦੀ ਲੋੜ ਨਹੀਂ। ਉਨ੍ਹਾਂ ਕੋਲ ਆਪਣਾ ਸਮਾਂ ਕੱਟਣ ਲਈ ਕੋਈ ਕੰਮ ਨਹੀਂ ਹੋਵੇਗਾ।”

ਤੁਸੀਂ ਅਨੰਤ ਜ਼ਿੰਦਗੀ ਨੂੰ ਬੋਰ ਸਮਝਦੇ ਹੋ ਜਾਂ ਨਹੀਂ, ਇਹ ਤੁਹਾਡੇ ਰਵੱਈਏ ਉੱਤੇ ਨਿਰਭਰ ਕਰਦਾ ਹੈ। ਜੇ ਤੁਹਾਡੇ ਅੰਦਰ “ਕੁਝ-ਨਾ-ਕੁਝ ਸਿੱਖਦੇ ਰਹਿਣ ਦੀ ਜਿਗਿਆਸਾ ਹੈ,” ਤਾਂ ਜ਼ਰਾ ਸੋਚੋ ਤੁਸੀਂ ਕਲਾ, ਸੰਗੀਤ, ਇਮਾਰਤਸਾਜ਼ੀ, ਬਾਗ਼ਬਾਨੀ ਤੇ ਹੋਰ ਦਿਲਚਸਪ ਖੇਤਰਾਂ ਵਿਚ ਕੀ ਕੁਝ ਨਹੀਂ ਕਰ ਸਕੋਗੇ! ਧਰਤੀ ਉੱਤੇ ਹਮੇਸ਼ਾ ਲਈ ਜੀਣ ਕਰਕੇ ਤੁਹਾਡੇ ਕੋਲ ਵੱਖੋ-ਵੱਖਰੇ ਖੇਤਰਾਂ ਵਿਚ ਮੁਹਾਰਤ ਹਾਸਲ ਕਰਨ ਦੇ ਵਧੀਆ ਮੌਕੇ ਹੋਣਗੇ।

ਹਮੇਸ਼ਾ-ਹਮੇਸ਼ਾ ਲਈ ਦੂਸਰਿਆਂ ਨਾਲ ਪਿਆਰ ਕਰਨ ਅਤੇ ਉਨ੍ਹਾਂ ਦਾ ਪਿਆਰ ਪਾਉਣ ਨਾਲ ਅਨੰਤ ਜ਼ਿੰਦਗੀ ਖ਼ੁਸ਼ੀਆਂ ਭਰੀ ਹੋਵੇਗੀ। ਪਰਮੇਸ਼ੁਰ ਨੇ ਸਾਡੇ ਅੰਦਰ ਪਿਆਰ ਕਰਨ ਦੀ ਕਾਬਲੀਅਤ ਪਾਈ ਹੈ ਅਤੇ ਅਸੀਂ ਦੂਸਰਿਆਂ ਦਾ ਪਿਆਰ ਪਾ ਕੇ ਖ਼ੁਸ਼ ਹੁੰਦੇ ਹਾਂ। ਦੂਜਿਆਂ ਨਾਲ ਸੱਚਾ ਪਿਆਰ ਕਰ ਕੇ ਸੰਤੁਸ਼ਟੀ ਮਿਲਦੀ ਹੈ ਜੋ ਸਮੇਂ ਦੇ ਬੀਤਣ ਨਾਲ ਘੱਟਦੀ ਨਹੀਂ। ਹਮੇਸ਼ਾ ਜੀਉਂਦੇ ਰਹਿਣ ਕਰਕੇ ਨਾ ਕੇਵਲ ਇਨਸਾਨਾਂ ਨਾਲ ਸਾਡਾ ਪਿਆਰ ਵਧੇਗਾ, ਸਗੋਂ ਪਰਮੇਸ਼ੁਰ ਨਾਲ ਵੀ ਸਾਡਾ ਪਿਆਰ ਵਧਦਾ ਜਾਵੇਗਾ। ਪੌਲੁਸ ਰਸੂਲ ਨੇ ਕਿਹਾ: “ਜੇ ਕੋਈ ਪਰਮੇਸ਼ੁਰ ਨਾਲ ਪ੍ਰੇਮ ਰੱਖੇ ਤਾਂ ਉਹ ਉਸ ਤੋਂ ਜਾਣਿਆ ਜਾਂਦਾ ਹੈ।” (1 ਕੁਰਿੰਥੀਆਂ 8:3) ਇਹ ਕਿੰਨੀ ਵਧੀਆ ਗੱਲ ਹੈ ਕਿ ਅਸੀਂ ਦੁਨੀਆਂ ਦੇ ਰਾਜਾ ਯਹੋਵਾਹ ਨੂੰ ਜਾਣਾਂਗੇ ਅਤੇ ਉਹ ਸਾਨੂੰ ਜਾਣੇਗਾ! ਇਸ ਤੋਂ ਇਲਾਵਾ, ਆਪਣੇ ਪਿਆਰੇ ਸਿਰਜਣਹਾਰ ਬਾਰੇ ਜਾਣਨ ਦੀ ਕੋਈ ਹੱਦ ਨਹੀਂ ਹੋਵੇਗੀ। ਤਾਂ ਫਿਰ ਅਨੰਤ ਜ਼ਿੰਦਗੀ ਅਕਾਊ ਅਤੇ ਵਿਅਰਥ ਕਿਵੇਂ ਹੋ ਸਕਦੀ ਹੈ?

ਜ਼ਿੰਦਗੀ—ਛੋਟੀ ਅਤੇ ਅਨਮੋਲ

ਕੁਝ ਲੋਕ ਕਹਿੰਦੇ ਹਨ ਕਿ ਜ਼ਿੰਦਗੀ ਛੋਟੀ ਹੈ, ਇਸੇ ਕਰਕੇ ਇਹ ਇੰਨੀ ਅਨਮੋਲ ਹੈ। ਉਹ ਇਸ ਦੀ ਤੁਲਨਾ ਸੋਨੇ ਨਾਲ ਕਰਦੇ ਹਨ। ਸੋਨਾ ਬਹੁਤ ਘੱਟ ਪਾਇਆ ਜਾਂਦਾ ਹੈ। ਜੇ ਹਰ ਥਾਂ ਸੋਨਾ ਹੀ ਸੋਨਾ ਹੋਵੇ, ਤਾਂ ਇਸ ਦੀ ਕੋਈ ਕੀਮਤ ਨਹੀਂ ਰਹੇਗੀ। ਪਰ ਕੀ ਸੋਨੇ ਦੀ ਬਹੁਤਾਤ ਹੋਣ ਨਾਲ ਸੋਨੇ ਦੀ ਸੁੰਦਰਤਾ ਘੱਟ ਜਾਵੇਗੀ? ਨਹੀਂ! ਲੋਕ ਫਿਰ ਵੀ ਇਸ ਦੀ ਸੁੰਦਰਤਾ ਦੀ ਕਦਰ ਕਰਨਗੇ। ਇਹੀ ਗੱਲ ਜ਼ਿੰਦਗੀ ਬਾਰੇ ਸੱਚ ਹੈ।

ਅਸੀਂ ਅਨੰਤ ਜ਼ਿੰਦਗੀ ਦੀ ਤੁਲਨਾ ਹਵਾ ਦੀ ਬਹੁਤਾਤ ਨਾਲ ਕਰ ਸਕਦੇ ਹਾਂ। ਸਮੁੰਦਰ ਵਿਚ ਖ਼ਰਾਬ ਹੋਈ ਪਣਡੁੱਬੀ ਦੇ ਚਾਲਕ ਹਵਾ ਨੂੰ ਖ਼ਾਸ ਤੌਰ ਤੇ ਅਨਮੋਲ ਸਮਝਣਗੇ। ਬਚਾਏ ਜਾਣ ਤੋਂ ਬਾਅਦ, ਕੀ ਉਹ ਪਾਣੀ ਤੋਂ ਬਾਹਰ ਆ ਕੇ ਬੁੜ ਬੁੜਾਉਣਗੇ ਕਿ ਹਰ ਪਾਸੇ ਇੰਨੀ ਜ਼ਿਆਦਾ ਹਵਾ ਕਿਉਂ ਹੈ? ਨਹੀਂ, ਸਗੋਂ ਉਹ ਹਵਾ ਦੀ ਕਦਰ ਕਰਨਗੇ।

ਇਨ੍ਹਾਂ ਚਾਲਕਾਂ ਵਾਂਗ, ਅਸੀਂ ਵੀ ਬਚਾਏ ਜਾ ਸਕਦੇ ਹਾਂ, ਪਰ ਕੁਝ ਸਾਲ ਜੀਣ ਦੀ ਬਜਾਇ ਅਸੀਂ ਹਮੇਸ਼ਾ ਲਈ ਜੀਣ ਦੀ ਆਸ ਰੱਖ ਸਕਦੇ ਹਾਂ। ਪੌਲੁਸ ਰਸੂਲ ਨੇ ਲਿਖਿਆ: “ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।” (ਰੋਮੀਆਂ 6:23) ਯਿਸੂ ਦੀ ਕੁਰਬਾਨੀ ਰਾਹੀਂ ਪਰਮੇਸ਼ੁਰ ਨਾਮੁਕੰਮਲਤਾ ਅਤੇ ਮੌਤ ਨੂੰ ਖ਼ਤਮ ਕਰ ਦੇਵੇਗਾ ਅਤੇ ਆਗਿਆਕਾਰ ਮਨੁੱਖਜਾਤੀ ਨੂੰ ਤੋਹਫ਼ੇ ਵਿਚ ਅਨੰਤ ਜ਼ਿੰਦਗੀ ਦੇਵੇਗਾ। ਸਾਨੂੰ ਅਜਿਹੇ ਵਧੀਆ ਪ੍ਰਬੰਧ ਲਈ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ!

ਤੁਹਾਡੇ ਪਰਿਵਾਰ ਦੇ ਮੈਂਬਰਾਂ ਬਾਰੇ ਕੀ?

ਕੁਝ ਲੋਕ ਸੋਚਦੇ ਹਨ: ‘ਮੇਰੇ ਘਰਦਿਆਂ ਤੇ ਦੋਸਤਾਂ-ਮਿੱਤਰਾਂ ਬਾਰੇ ਕੀ? ਜੇ ਉਹ ਮੇਰੇ ਨਾਲ ਨਹੀਂ ਹੋਣਗੇ, ਤਾਂ ਅਨੰਤ ਜ਼ਿੰਦਗੀ ਦਾ ਮੈਨੂੰ ਕੀ ਫ਼ਾਇਦਾ।’ ਸ਼ਾਇਦ ਤੁਸੀਂ ਬਾਈਬਲ ਦਾ ਗਿਆਨ ਲਿਆ ਹੈ ਅਤੇ ਧਰਤੀ ਉੱਤੇ ਫਿਰਦੌਸ ਵਿਚ ਹਮੇਸ਼ਾ ਲਈ ਜੀਣ ਦੀ ਆਸ ਬਾਰੇ ਸਿੱਖਿਆ ਹੋਵੇਗਾ। (ਯੂਹੰਨਾ 3:16; 17:3) ਇਹ ਚਾਹਤ ਰੱਖਣੀ ਕੁਦਰਤੀ ਹੈ ਕਿ ਤੁਹਾਡੇ ਨਾਲ ਤੁਹਾਡਾ ਪਰਿਵਾਰ, ਦੋਸਤ-ਮਿੱਤਰ ਤੇ ਹੋਰ ਅਜ਼ੀਜ਼ ਵੀ ਉੱਥੇ ਹੋਣ ਤਾਂਕਿ ਤੁਸੀਂ ਇਕੱਠੇ ਮਿਲ ਕੇ ਪਰਮੇਸ਼ੁਰ ਦੇ ਨਵੇਂ ਧਰਮੀ ਸੰਸਾਰ ਵਿਚ ਖ਼ੁਸ਼ੀਆਂ ਦਾ ਆਨੰਦ ਮਾਣ ਸਕੋ।—2 ਪਤਰਸ 3:13.

ਪਰ ਜੇ ਤੁਹਾਡੇ ਮਿੱਤਰ ਤੇ ਪਰਿਵਾਰ ਦੇ ਮੈਂਬਰ ਫਿਰਦੌਸ ਵਿਚ ਹਮੇਸ਼ਾ ਜੀਣ ਵਿਚ ਕੋਈ ਦਿਲਚਸਪੀ ਨਹੀਂ ਦਿਖਾਉਂਦੇ, ਤਾਂ ਤੁਸੀਂ ਕੀ ਕਰ ਸਕਦੇ ਹੋ? ਨਿਰਾਸ਼ ਨਾ ਹੋਵੋ। ਤੁਸੀਂ ਬਾਈਬਲ ਦਾ ਸਹੀ ਗਿਆਨ ਲੈਂਦੇ ਰਹੋ ਅਤੇ ਇਸ ਤੇ ਅਮਲ ਕਰਦੇ ਰਹੋ। ਪੌਲੁਸ ਰਸੂਲ ਨੇ ਲਿਖਿਆ: “ਕੀ ਪਤਨੀ ਆਪਣੇ ਪਤੀ ਦੀ ਮੁਕਤੀ ਦਾ ਕਾਰਨ ਨਹੀਂ ਬਣ ਸਕਦੀ ਹੈ? ਕੀ ਪਤੀ ਆਪਣੀ ਪਤਨੀ ਦੀ ਮੁਕਤੀ ਦਾ ਕਾਰਨ ਨਹੀਂ ਬਣ ਸਕਦਾ?” (1 ਕੁਰਿੰਥੀਆਂ 7:16, ਪਵਿੱਤਰ ਬਾਈਬਲ ਨਵਾਂ ਅਨੁਵਾਦ) ਲੋਕ ਬਦਲ ਸਕਦੇ ਹਨ। ਉਦਾਹਰਣ ਲਈ ਇਕ ਆਦਮੀ ਮਸੀਹੀ ਧਰਮ ਦਾ ਵਿਰੋਧ ਕਰਦਾ ਹੁੰਦਾ ਸੀ। ਫਿਰ ਉਹ ਬਦਲ ਗਿਆ ਅਤੇ ਬਾਅਦ ਵਿਚ ਮਸੀਹੀ ਕਲੀਸਿਯਾ ਦਾ ਬਜ਼ੁਰਗ ਬਣ ਗਿਆ। ਉਹ ਕਹਿੰਦਾ ਹੈ: “ਮੈਂ ਆਪਣੇ ਪਰਿਵਾਰ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਮੇਰੇ ਵਿਰੋਧ ਕਰਨ ਦੇ ਬਾਵਜੂਦ ਵੀ ਬਾਈਬਲ ਦੇ ਸਿਧਾਂਤਾਂ ਉੱਤੇ ਵਫ਼ਾਦਾਰੀ ਨਾਲ ਚੱਲਦੇ ਰਹੇ।”

ਪਰਮੇਸ਼ੁਰ ਤੁਹਾਡੀ ਅਤੇ ਤੁਹਾਡੇ ਪਿਆਰਿਆਂ ਦੀ ਜ਼ਿੰਦਗੀ ਨੂੰ ਬਹੁਤ ਕੀਮਤੀ ਸਮਝਦਾ ਹੈ। ਅਸਲ ਵਿਚ, “ਪ੍ਰਭੁ . . . ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਤੇ ਤੁਹਾਡੇ ਅਜ਼ੀਜ਼ ਹਮੇਸ਼ਾ ਲਈ ਜੀਣ। ਉਹ ਸਾਡੇ ਨਾਲ ਜਿੰਨਾ ਪਿਆਰ ਕਰਦਾ ਹੈ, ਉੱਨਾ ਕੋਈ ਇਨਸਾਨ ਸਾਡੇ ਨਾਲ ਨਹੀਂ ਕਰ ਸਕਦਾ। (ਯਸਾਯਾਹ 49:15) ਤਾਂ ਫਿਰ ਕਿਉਂ ਨਹੀਂ ਤੁਸੀਂ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਜੋੜਦੇ? ਫਿਰ ਤੁਸੀਂ ਆਪਣੇ ਅਜ਼ੀਜ਼ਾਂ ਦੀ ਵੀ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਵਿਚ ਮਦਦ ਕਰ ਸਕੋਗੇ। ਭਾਵੇਂ ਅੱਜ ਉਹ ਹਮੇਸ਼ਾ ਲਈ ਜੀਣ ਦੀ ਇੱਛਾ ਨਹੀਂ ਰੱਖਦੇ, ਪਰ ਉਹ ਸ਼ਾਇਦ ਤੁਹਾਨੂੰ ਬਾਈਬਲ ਦੇ ਸਹੀ ਗਿਆਨ ਤੇ ਚੱਲਦਾ ਦੇਖ ਕੇ ਆਪਣਾ ਰਵੱਈਆ ਬਦਲ ਲੈਣ।

ਸਾਡੇ ਉਨ੍ਹਾਂ ਪਿਆਰਿਆਂ ਬਾਰੇ ਕੀ ਜਿਹੜੇ ਮਰ ਗਏ ਹਨ? ਬਾਈਬਲ ਵਿਚ ਦੱਸਿਆ ਗਿਆ ਹੈ ਕਿ ਮਰੇ ਹੋਏ ਕਰੋੜਾਂ ਲੋਕਾਂ ਨੂੰ ਮੁੜ ਜੀਉਂਦਾ ਕਰ ਕੇ ਉਨ੍ਹਾਂ ਨੂੰ ਧਰਤੀ ਉੱਤੇ ਜੀਣ ਦਾ ਮੌਕਾ ਦਿੱਤਾ ਜਾਵੇਗਾ। ਯਿਸੂ ਮਸੀਹ ਨੇ ਵਾਅਦਾ ਕੀਤਾ ਸੀ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ . . . ਨਿੱਕਲ ਆਉਣਗੇ।” (ਯੂਹੰਨਾ 5:28, 29) ਜਿਨ੍ਹਾਂ ਨੂੰ ਜੀਉਂਦੇ-ਜੀ ਪਰਮੇਸ਼ੁਰ ਬਾਰੇ ਸਿੱਖਣ ਦਾ ਮੌਕਾ ਨਹੀਂ ਮਿਲਿਆ, ਉਨ੍ਹਾਂ ਨੂੰ ਵੀ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਕਿਉਂਕਿ ਬਾਈਬਲ ਕਹਿੰਦੀ ਹੈ: “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਉਹ ਦਿਨ ਕਿੰਨਾ ਖ਼ੁਸ਼ੀਆਂ ਭਰਿਆ ਹੋਵੇਗਾ ਜਿਸ ਦਿਨ ਅਸੀਂ ਮੁੜ ਜੀਉਂਦੇ ਹੋਏ ਲੋਕਾਂ ਦਾ ਸੁਆਗਤ ਕਰਾਂਗੇ!

ਅਨੰਤ ਜ਼ਿੰਦਗੀ ਦੀ ਸੋਹਣੀ ਆਸ

ਜੇ ਤੁਸੀਂ ਇਸ ਦੁਨੀਆਂ ਵਿਚ ਇੰਨੇ ਸਾਰੇ ਦੁੱਖਾਂ-ਤਕਲੀਫ਼ਾਂ ਦੇ ਬਾਵਜੂਦ ਖ਼ੁਸ਼ ਅਤੇ ਸੰਤੁਸ਼ਟ ਰਹਿ ਸਕਦੇ ਹੋ, ਤਾਂ ਤੁਸੀਂ ਜ਼ਰੂਰ ਧਰਤੀ ਉੱਤੇ ਸੋਹਣੇ ਹਾਲਾਤਾਂ ਵਿਚ ਅਨੰਤ ਜ਼ਿੰਦਗੀ ਦਾ ਆਨੰਦ ਮਾਣੋਗੇ। ਇਕ ਵਾਰ ਜਦੋਂ ਇਕ ਯਹੋਵਾਹ ਦੀ ਗਵਾਹ ਨੇ ਇਕ ਤੀਵੀਂ ਨੂੰ ਅਨੰਤ ਜ਼ਿੰਦਗੀ ਦੇ ਫ਼ਾਇਦਿਆਂ ਬਾਰੇ ਦੱਸਿਆ, ਤਾਂ ਉਸ ਤੀਵੀਂ ਨੇ ਕਿਹਾ: “ਮੈਂ ਹਮੇਸ਼ਾ ਲਈ ਜੀਣਾ ਨਹੀਂ ਚਾਹੁੰਦੀ। ਇਹ 70-80 ਦੀ ਜ਼ਿੰਦਗੀ ਮੇਰੇ ਲਈ ਕਾਫ਼ੀ ਹੈ।” ਉਸ ਵੇਲੇ ਮਸੀਹੀ ਕਲੀਸਿਯਾ ਦਾ ਇਕ ਬਜ਼ੁਰਗ ਵੀ ਉੱਥੇ ਸੀ। ਉਸ ਬਜ਼ੁਰਗ ਨੇ ਉਸ ਨੂੰ ਪੁੱਛਿਆ: “ਕੀ ਤੁਸੀਂ ਕਦੀ ਸੋਚਿਆ ਕਿ ਤੁਹਾਡੀ ਮੌਤ ਤੋਂ ਬਾਅਦ ਤੁਹਾਡੇ ਬੱਚਿਆਂ ਉੱਤੇ ਕੀ ਬੀਤੇਗੀ?” ਉਸ ਤੀਵੀਂ ਦੀਆਂ ਅੱਖਾਂ ਭਰ ਆਈਆਂ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਮਾਂ ਦਾ ਸਾਇਆ ਉਨ੍ਹਾਂ ਦੇ ਉੱਪਰੋਂ ਉੱਠ ਜਾਣ ਤੇ ਉਸ ਦੇ ਬੱਚਿਆਂ ਨੂੰ ਕਿੰਨਾ ਦੁੱਖ ਹੋਵੇਗਾ। ਉਸ ਤੀਵੀਂ ਨੇ ਮੰਨਿਆ: “ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਿੰਨੀ ਖ਼ੁਦਗਰਜ਼ ਸੀ ਅਤੇ ਮੈਨੂੰ ਸਮਝ ਆ ਗਈ ਕਿ ਅਨੰਤ ਜ਼ਿੰਦਗੀ ਦੀ ਉਮੀਦ ਸੁਆਰਥੀ ਉਮੀਦ ਨਹੀਂ ਹੈ, ਸਗੋਂ ਅਸੀਂ ਦੂਸਰਿਆਂ ਲਈ ਜੀਣਾ ਚਾਹੁੰਦੇ ਹਾਂ।”

ਕੁਝ ਲੋਕ ਸੋਚਦੇ ਹਨ ਕਿ ਦੂਸਰਿਆਂ ਨੂੰ ਉਨ੍ਹਾਂ ਦੇ ਜੀਣ-ਮਰਨ ਦਾ ਕੋਈ ਫ਼ਰਕ ਨਹੀਂ ਪੈਂਦਾ। ਪਰ ਸਾਡੇ ਸਿਰਜਣਹਾਰ ਉੱਤੇ ਜ਼ਰੂਰ ਇਸ ਦਾ ਅਸਰ ਪੈਂਦਾ ਹੈ। ਉਹ ਕਹਿੰਦਾ ਹੈ: “ਮੈਨੂੰ ਆਪਣੀ ਜਾਨ ਦੀ ਸਹੁੰ, ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖ਼ੁਸ਼ੀ ਨਹੀਂ, ਸਗੋਂ ਇਸ ਵਿੱਚ ਹੈ, ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ, ਅਤੇ ਜੀਉਂਦਾ ਰਹੇ।” (ਹਿਜ਼ਕੀਏਲ 33:11) ਜੇ ਯਹੋਵਾਹ ਬੁਰੇ ਲੋਕਾਂ ਦੀ ਜ਼ਿੰਦਗੀ ਦੀ ਇੰਨੀ ਪਰਵਾਹ ਕਰਦਾ ਹੈ, ਤਾਂ ਜ਼ਰਾ ਸੋਚੋ ਉਹ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਦੀ ਕਿੰਨੀ ਜ਼ਿਆਦਾ ਪਰਵਾਹ ਕਰਦਾ ਹੋਵੇਗਾ ਜੋ ਉਸ ਨੂੰ ਪਿਆਰ ਕਰਦੇ ਹਨ।

ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੂੰ ਯਹੋਵਾਹ ਦੇ ਪਿਆਰ ਤੇ ਪਰਵਾਹ ਉੱਤੇ ਪੂਰਾ ਭਰੋਸਾ ਸੀ। ਦਾਊਦ ਨੇ ਇਕ ਵਾਰ ਕਿਹਾ ਸੀ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।” (ਜ਼ਬੂਰਾਂ ਦੀ ਪੋਥੀ 27:10) ਦਾਊਦ ਨੂੰ ਆਪਣੇ ਮਾਪਿਆਂ ਦੇ ਪਿਆਰ ਉੱਤੇ ਪੂਰਾ ਭਰੋਸਾ ਸੀ। ਪਰ ਜੇ ਉਸ ਦੇ ਮਾਪੇ—ਉਸ ਦੇ ਸਭ ਤੋਂ ਨੇੜੇ ਦੇ ਰਿਸ਼ਤੇਦਾਰ—ਵੀ ਉਸ ਨੂੰ ਛੱਡ ਦਿੰਦੇ, ਉਹ ਜਾਣਦਾ ਸੀ ਕਿ ਪਰਮੇਸ਼ੁਰ ਉਸ ਨੂੰ ਨਹੀਂ ਛੱਡੇਗਾ। ਉਹ ਸਾਡੇ ਨਾਲ ਪਿਆਰ ਕਰਦਾ ਹੈ, ਇਸ ਲਈ ਯਹੋਵਾਹ ਸਾਨੂੰ ਅਨੰਤ ਜ਼ਿੰਦਗੀ ਦਾ ਤੋਹਫ਼ਾ ਅਤੇ ਉਸ ਨਾਲ ਪੱਕੀ ਦੋਸਤੀ ਕਰਨ ਦਾ ਮੌਕਾ ਦੇਣਾ ਚਾਹੁੰਦਾ ਹੈ। (ਯਾਕੂਬ 2:23) ਕੀ ਸਾਨੂੰ ਇਨ੍ਹਾਂ ਬੇਸ਼ਕੀਮਤੀ ਤੋਹਫ਼ਿਆਂ ਨੂੰ ਕਬੂਲ ਨਹੀਂ ਕਰਨਾ ਚਾਹੀਦਾ?

[ਸਫ਼ੇ 7 ਉੱਤੇ ਤਸਵੀਰ]

ਪਰਮੇਸ਼ੁਰ ਅਤੇ ਗੁਆਂਢੀ ਲਈ ਪਿਆਰ ਅਨੰਤ ਜ਼ਿੰਦਗੀ ਨੂੰ ਮਕਸਦ ਭਰਿਆ ਬਣਾਵੇਗਾ