Skip to content

Skip to table of contents

ਅਸਲੀ ਖ਼ੁਸ਼ੀ ਪਾਉਣ ਵਿਚ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ

ਅਸਲੀ ਖ਼ੁਸ਼ੀ ਪਾਉਣ ਵਿਚ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ

ਅਸਲੀ ਖ਼ੁਸ਼ੀ ਪਾਉਣ ਵਿਚ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ

ਭਾਵੇਂ ਬਾਈਬਲ ਕੋਈ ਡਾਕਟਰੀ ਕਿਤਾਬ ਨਹੀਂ ਹੈ, ਪਰ ਇਸ ਵਿਚ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਸਾਡੇ ਜਜ਼ਬਾਤਾਂ ਦਾ ਸਾਡੇ ਮਨ ਅਤੇ ਸਰੀਰ ਤੇ ਚੰਗਾ ਜਾਂ ਬੁਰਾ ਅਸਰ ਪੈ ਸਕਦਾ ਹੈ। ਬਾਈਬਲ ਕਹਿੰਦੀ ਹੈ: “ਖੁਸ਼ ਦਿਲੀ ਦਵਾ ਵਾਂਙੁ ਚੰਗਾ ਕਰਦੀ ਹੈ, ਪਰ ਉਦਾਸ ਆਤਮਾ ਹੱਡੀਆਂ ਨੂੰ ਸੁਕਾਉਂਦਾ ਹੈ।” ਅੱਗੇ ਅਸੀਂ ਪੜ੍ਹਦੇ ਹਾਂ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” (ਕਹਾਉਤਾਂ 17:22; 24:10) ਜਦ ਅਸੀਂ ਨਿਰਾਸ਼ ਹੋ ਜਾਂਦੇ ਹਾਂ, ਤਦ ਅਸੀਂ ਕਮਜ਼ੋਰ ਮਹਿਸੂਸ ਕਰ ਸਕਦੇ ਹਾਂ। ਸਾਡੇ ਵਿਚ ਨਾ ਹੀ ਆਪਣੇ ਆਪ ਨੂੰ ਸੁਧਾਰਨ ਅਤੇ ਨਾ ਹੀ ਕਿਸੇ ਤੋਂ ਮਦਦ ਮੰਗਣ ਦੀ ਹਿੰਮਤ ਹੁੰਦੀ ਹੈ।

ਨਿਰਾਸ਼ਾ ਦਾ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਉੱਤੇ ਵੀ ਅਸਰ ਪੈ ਸਕਦਾ ਹੈ। ਜਿਹੜੇ ਲੋਕ ਆਪਣੇ ਆਪ ਨੂੰ ਬੇਕਾਰ ਸਮਝਦੇ ਹਨ, ਉਹ ਅਕਸਰ ਸੋਚਦੇ ਹਨ ਕਿ ਉਹ ਕਦੇ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰ ਸਕਦੇ ਅਤੇ ਨਾ ਹੀ ਪਰਮੇਸ਼ੁਰ ਉਨ੍ਹਾਂ ਨੂੰ ਕਦੇ ਮਨਜ਼ੂਰ ਕਰੇਗਾ। ਸਿਮੋਨ, ਜਿਸ ਦਾ ਪਹਿਲੇ ਲੇਖ ਵਿਚ ਜ਼ਿਕਰ ਕੀਤਾ ਸੀ, ਸੋਚਦੀ ਸੀ ਕਿ “ਪਰਮੇਸ਼ੁਰ ਉਸ ਤੋਂ ਕਦੇ ਖ਼ੁਸ਼ ਹੋ ਹੀ ਨਹੀਂ ਸਕਦਾ।” ਪਰ ਜਦ ਅਸੀਂ ਪਰਮੇਸ਼ੁਰ ਦਾ ਬਚਨ, ਬਾਈਬਲ ਪੜ੍ਹ ਕੇ ਦੇਖਦੇ ਹਾਂ, ਤਦ ਸਾਨੂੰ ਅਹਿਸਾਸ ਹੁੰਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਸਾਰਿਆਂ ਤੋਂ ਖ਼ੁਸ਼ ਹੁੰਦਾ ਹੈ ਜੋ ਉਸ ਨੂੰ ਖ਼ੁਸ਼ ਕਰਨ ਦਾ ਜਤਨ ਕਰਦੇ ਹਨ।

ਪਰਮੇਸ਼ੁਰ ਸੱਚ-ਮੁੱਚ ਪਰਵਾਹ ਕਰਦਾ ਹੈ

ਬਾਈਬਲ ਸਾਨੂੰ ਦੱਸਦੀ ਹੈ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” ਯਹੋਵਾਹ “ਟੁੱਟੇ ਅਤੇ ਆਜਿਜ਼ ਦਿਲ” ਵੱਲੋਂ ਮੂੰਹ ਨਹੀਂ ਮੋੜਦਾ। ਇਸ ਦੀ ਬਜਾਇ ਉਹ ਵਾਅਦਾ ਕਰਦਾ ਹੈ: ‘ਜਿਹ ਦਾ ਆਤਮਾ ਕੁਚਲਿਆ ਤੇ ਅੱਝਾ ਹੈ, ਮੈਂ ਉਨ੍ਹਾਂ ਦੇ ਆਤਮਾ ਨੂੰ ਜਿਵਾਵਾਂਗਾ, ਕੁਚਲਿਆਂ ਹੋਇਆਂ ਦੇ ਦਿਲ ਨੂੰ ਜਿਵਾਵਾਂਗਾ।’—ਜ਼ਬੂਰਾਂ ਦੀ ਪੋਥੀ 34:18; 51:17; ਯਸਾਯਾਹ 57:15.

ਇਕ ਵਾਰ ਪਰਮੇਸ਼ੁਰ ਦੇ ਪੁੱਤਰ ਯਿਸੂ ਨੂੰ ਆਪਣੇ ਚੇਲਿਆਂ ਨੂੰ ਇਹ ਗੱਲ ਸਮਝਾਉਣ ਦੀ ਲੋੜ ਪਈ ਕਿ ਪਰਮੇਸ਼ੁਰ ਆਪਣੇ ਸੇਵਕਾਂ ਵਿਚ ਚੰਗੇ ਗੁਣ ਦੇਖਦਾ ਹੈ। ਉਸ ਨੇ ਇਕ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਭਾਵੇਂ ਇਨਸਾਨ ਛੋਟੀ ਜਿਹੀ ਚਿੜੀ ਨੂੰ ਮਾਮੂਲੀ ਸਮਝਣ, ਪਰ ਪਰਮੇਸ਼ੁਰ ਨੂੰ ਖ਼ਬਰ ਹੁੰਦੀ ਹੈ ਜਦ ਉਹ ਜ਼ਮੀਨ ਤੇ ਡਿੱਗਦੀ ਹੈ। ਉਸ ਨੇ ਅੱਗੇ ਇਹ ਵੀ ਦੱਸਿਆ ਕਿ ਪਰਮੇਸ਼ੁਰ ਇਨਸਾਨਾਂ ਬਾਰੇ ਛੋਟੀਆਂ-ਛੋਟੀਆਂ ਗੱਲਾਂ ਜਾਣਦਾ ਹੈ, ਉਸ ਨੇ ਤਾਂ ਉਨ੍ਹਾਂ ਦੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਫਿਰ ਯਿਸੂ ਨੇ ਆਪਣੀ ਗੱਲ ਨੂੰ ਖ਼ਤਮ ਕਰਦੇ ਹੋਏ ਕਿਹਾ: “ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਮੱਤੀ 10:29-31) * ਯਿਸੂ ਨੇ ਇਸ ਗੱਲ ਵੱਲ ਸੰਕੇਤ ਕੀਤਾ ਸੀ ਕਿ ਇਕ ਨਿਹਚਾਵਾਨ ਇਨਸਾਨ ਆਪਣੇ ਬਾਰੇ ਭਾਵੇਂ ਜੋ ਮਰਜ਼ੀ ਸੋਚੇ, ਪਰ ਪਰਮੇਸ਼ੁਰ ਉਸ ਨੂੰ ਕੀਮਤੀ ਸਮਝਦਾ ਹੈ। ਪਤਰਸ ਰਸੂਲ ਸਾਨੂੰ ਯਾਦ ਕਰਾਉਂਦਾ ਹੈ ਕਿ “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.

ਆਪਣੇ ਬਾਰੇ ਸਹੀ ਨਜ਼ਰੀਆ ਰੱਖੋ

ਪਰਮੇਸ਼ੁਰ ਦੇ ਬਚਨ ਵਿਚ ਸਾਨੂੰ ਸਲਾਹ ਦਿੱਤੀ ਗਈ ਹੈ ਕਿ ਅਸੀਂ ਆਪਣੇ ਆਪ ਬਾਰੇ ਸਹੀ ਨਜ਼ਰੀਆ ਰੱਖੀਏ। ਪੌਲੁਸ ਰਸੂਲ ਨੇ ਲਿਖਿਆ: “ਮੈਂ ਤਾਂ ਓਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ ਸਗੋਂ ਸੁਰਤ ਨਾਲ ਸਮਝੇ ਜਿੱਕੁਰ ਪਰਮੇਸ਼ੁਰ ਨੇ ਮਿਣ ਕੇ ਹਰੇਕ ਨੂੰ ਨਿਹਚਾ ਵੰਡ ਦਿੱਤੀ ਹੈ।”—ਰੋਮੀਆਂ 12:3.

ਸਾਨੂੰ ਨਾ ਹੀ ਆਪਣੇ ਆਪ ਨੂੰ ਇੰਨਾ ਉੱਚਾ ਸਮਝ ਕੇ ਘਮੰਡੀ ਬਣਨਾ ਚਾਹੀਦਾ ਹੈ ਅਤੇ ਨਾ ਹੀ ਆਪਣੇ ਆਪ ਨੂੰ ਬਿਲਕੁਲ ਨਿਕੰਮਾ ਸਮਝਣਾ ਚਾਹੀਦਾ ਹੈ। ਇਸ ਦੀ ਬਜਾਇ, ਸਾਨੂੰ ਆਪਣੀਆਂ ਕਾਬਲੀਅਤਾਂ ਅਤੇ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਬਾਰੇ ਸਹੀ ਨਜ਼ਰੀਆ ਪੈਦਾ ਕਰਨ ਦੀ ਲੋੜ ਹੈ। ਇਕ ਮਸੀਹੀ ਭੈਣ ਨੇ ਕਿਹਾ: “ਮੈਂ ਨਾ ਹੀ ਇੰਨੀ ਬੁਰੀ ਹਾਂ ਅਤੇ ਨਾ ਹੀ ਦੁਨੀਆਂ ਦੀ ਸਭ ਤੋਂ ਬਿਹਤਰੀਨ ਇਨਸਾਨ। ਦੂਜਿਆਂ ਵਾਂਗ ਮੇਰੇ ਵਿਚ ਵੀ ਚੰਗੇ ਤੇ ਮਾੜੇ ਗੁਣ ਹਨ।”

ਇਹ ਸੱਚ ਹੈ ਕਿ ਸਹੀ ਰਵੱਈਆ ਪੈਦਾ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਜੇ ਅਸੀਂ ਕਈ ਸਾਲਾਂ ਤੋਂ ਆਪਣੇ ਆਪ ਨੂੰ ਘਟੀਆ ਸਮਝਦੇ ਆਏ ਹਾਂ, ਤਾਂ ਇਸ ਤਰ੍ਹਾਂ ਦੀ ਸੋਚਣੀ ਨੂੰ ਬਦਲਣ ਲਈ ਸਾਨੂੰ ਕਾਫ਼ੀ ਮਿਹਨਤ ਕਰਨੀ ਪੈ ਸਕਦੀ ਹੈ। ਪਰ ਪਰਮੇਸ਼ੁਰ ਦੀ ਮਦਦ ਨਾਲ ਅਸੀਂ ਆਪਣੇ ਸੁਭਾਅ ਨੂੰ ਅਤੇ ਜ਼ਿੰਦਗੀ ਬਾਰੇ ਆਪਣੇ ਰਵੱਈਏ ਨੂੰ ਬਦਲ ਸਕਦੇ ਹਾਂ। ਪਰਮੇਸ਼ੁਰ ਦਾ ਬਚਨ ਸਾਨੂੰ ਇਸੇ ਤਰ੍ਹਾਂ ਕਰਨ ਲਈ ਤਾਕੀਦ ਕਰਦਾ ਹੈ: “ਤੁਸੀਂ ਅਗਲੇ ਚਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ। ਅਤੇ ਆਪਣੇ ਮਨ ਦੇ ਸੁਭਾਉ ਵਿੱਚ ਨਵੇਂ ਬਣੋ। ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।”—ਅਫ਼ਸੀਆਂ 4:22-24.

ਜੇ ਅਸੀਂ ਆਪਣੇ “ਮਨ ਦੇ ਸੁਭਾਉ” ਨੂੰ ਬਦਲਣ ਦਾ ਜਤਨ ਕਰੀਏ, ਤਾਂ ਅਸੀਂ ਆਪਣੇ ਆਪ ਨੂੰ ਘਟੀਆ ਸਮਝਣ ਦੀ ਬਜਾਇ ਆਪਣੇ ਬਾਰੇ ਸਹੀ ਨਜ਼ਰੀਆ ਰੱਖਾਂਗੇ। ਪਹਿਲੇ ਲੇਖ ਵਿਚ ਜ਼ਿਕਰ ਕੀਤੀ ਗਈ ਲੀਨਾ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜਿੰਨਾ ਚਿਰ ਉਹ ਇਸ ਸੋਚ ਨੂੰ ਆਪਣੇ ਮਨੋਂ ਨਹੀਂ ਕੱਢਦੀ ਕਿ ਉਸ ਨਾਲ ਕੋਈ ਵੀ ਪਿਆਰ ਨਹੀਂ ਕਰ ਸਕਦਾ ਜਾਂ ਕੋਈ ਉਸ ਦੀ ਮਦਦ ਨਹੀਂ ਕਰ ਸਕਦਾ, ਉੱਨਾ ਚਿਰ ਉਸ ਦਾ ਆਪਣੇ ਬਾਰੇ ਰਵੱਈਆ ਨਹੀਂ ਬਦਲੇਗਾ। ਤਾਂ ਫਿਰ ਲੀਨਾ, ਸਿਮੋਨ ਅਤੇ ਹੋਰਨਾਂ ਨੂੰ ਬਾਈਬਲ ਦੀ ਕਿਹੜੀ ਸਲਾਹ ਤੋਂ ਆਪਣੇ ਆਪ ਨੂੰ ਬਦਲਣ ਦੀ ਪ੍ਰੇਰਣਾ ਮਿਲੀ ਹੈ?

ਬਾਈਬਲ ਦੀ ਸਲਾਹ ਲਾਗੂ ਕਰ ਕੇ ਖ਼ੁਸ਼ੀ ਪਾਓ

“ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ।” (ਜ਼ਬੂਰਾਂ ਦੀ ਪੋਥੀ 55:22) ਅਸਲੀ ਖ਼ੁਸ਼ੀ ਪਾਉਣ ਲਈ ਸਭ ਤੋਂ ਅਹਿਮ ਗੱਲ ਹੈ ਪ੍ਰਾਰਥਨਾ ਕਰਨੀ। ਸਿਮੋਨ ਦੱਸਦੀ ਹੈ: “ਜਦ ਵੀ ਮੈਂ ਨਿਰਾਸ਼ ਮਹਿਸੂਸ ਕਰਦੀ ਹਾਂ, ਤਦ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਉਸ ਤੋਂ ਮਦਦ ਮੰਗਦੀ ਹਾਂ। ਮੇਰੇ ਤੇ ਕਦੀ ਇਹੋ ਜਿਹੀ ਘੜੀ ਨਹੀਂ ਆਈ ਜਦ ਯਹੋਵਾਹ ਨੇ ਮੈਨੂੰ ਤਾਕਤ ਤੇ ਸੇਧ ਨਾ ਦਿੱਤੀ ਹੋਵੇ।” ਜ਼ਬੂਰਾਂ ਦਾ ਲਿਖਾਰੀ ਸਾਨੂੰ ਆਪਣਾ ਭਾਰ ਯਹੋਵਾਹ ਤੇ ਸੁੱਟਣ ਲਈ ਕਹਿੰਦਾ ਹੈ। ਇਸ ਤਾਕੀਦ ਦੁਆਰਾ ਉਹ ਸਾਨੂੰ ਯਾਦ ਦਿਲਾ ਰਿਹਾ ਹੈ ਕਿ ਯਹੋਵਾਹ ਨੂੰ ਸਾਡੀ ਚਿੰਤਾ ਹੈ ਅਤੇ ਉਹ ਸਾਡੀ ਨਿੱਜੀ ਤੌਰ ਤੇ ਮਦਦ ਕਰਨ ਲਈ ਤਿਆਰ ਹੈ। ਸੰਨ 33 ਦੀ ਪਸਾਹ ਦੀ ਰਾਤ ਨੂੰ ਯਿਸੂ ਦੇ ਚੇਲੇ ਕਾਫ਼ੀ ਦੁਖੀ ਸਨ ਕਿਉਂਕਿ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਉਨ੍ਹਾਂ ਤੋਂ ਜੁਦਾ ਹੋਣ ਵਾਲਾ ਸੀ। ਯਿਸੂ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਅਤੇ ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ: “ਮੰਗੋ ਤਾਂ ਤੁਸੀਂ ਲਓਗੇ ਭਈ ਤੁਹਾਡਾ ਅਨੰਦ ਪੂਰਾ ਹੋਵੇ।”—ਯੂਹੰਨਾ 16:23, 24.

“ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਯਿਸੂ ਨੇ ਇਹ ਵੀ ਸਿਖਾਇਆ ਸੀ ਕਿ ਜੇ ਅਸੀਂ ਦੂਸਰਿਆਂ ਨੂੰ ਖੁੱਲ੍ਹੇ ਦਿਲ ਨਾਲ ਦੇਈਏ, ਤਾਂ ਇਸ ਤੋਂ ਵੀ ਸਾਨੂੰ ਬਹੁਤ ਖ਼ੁਸ਼ੀ ਮਿਲੇਗੀ। ਜੇ ਅਸੀਂ ਬਾਈਬਲ ਦੀ ਇਸ ਸਲਾਹ ਤੇ ਚੱਲਾਂਗੇ, ਤਾਂ ਅਸੀਂ ਆਪਣੀਆਂ ਕਮਜ਼ੋਰੀਆਂ ਬਾਰੇ ਸੋਚਣ ਦੀ ਬਜਾਇ ਹੋਰਾਂ ਦੀਆਂ ਲੋੜਾਂ ਵੱਲ ਧਿਆਨ ਦੇਵਾਂਗੇ। ਜਦ ਅਸੀਂ ਦੂਸਰਿਆਂ ਦੀ ਮਦਦ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਉਹ ਸਾਡੀ ਕਿੰਨੀ ਕਦਰ ਕਰਦੇ ਹਨ, ਤਦ ਸਾਨੂੰ ਸੰਤੁਸ਼ਟੀ ਮਿਲਦੀ ਹੈ। ਲੀਨਾ ਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਆਪਣੇ ਗੁਆਂਢੀਆਂ ਨੂੰ ਬਾਕਾਇਦਾ ਬਾਈਬਲ ਦੀ ਖ਼ੁਸ਼ ਖ਼ਬਰੀ ਸੁਣਾਉਣ ਨਾਲ ਉਸ ਦੀ ਦੋ ਤਰੀਕਿਆਂ ਨਾਲ ਮਦਦ ਹੋਈ ਹੈ। ਉਹ ਕਹਿੰਦੀ ਹੈ: “ਪਹਿਲਾਂ ਤਾਂ ਮੈਨੂੰ ਉਹ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ ਜਿਸ ਬਾਰੇ ਯਿਸੂ ਨੇ ਗੱਲ ਕੀਤੀ ਸੀ। ਅਤੇ ਇਸ ਦੇ ਨਾਲ-ਨਾਲ ਜਦ ਲੋਕ ਚੰਗੀ ਤਰ੍ਹਾਂ ਮੇਰੀ ਗੱਲ ਸੁਣਦੇ ਹਨ, ਤਦ ਮੇਰਾ ਦਿਲ ਬਹੁਤ ਖ਼ੁਸ਼ ਹੁੰਦਾ ਹੈ।” ਜੇ ਅਸੀਂ ਖ਼ੁਸ਼ੀ-ਖ਼ੁਸ਼ੀ ਹੋਰਾਂ ਦੀ ਮਦਦ ਕਰਨ ਲਈ ਸਮਾਂ ਕੱਢਦੇ ਹਾਂ, ਤਾਂ ਅਸੀਂ ਆਪਣੀ ਜ਼ਿੰਦਗੀ ਵਿਚ ਕਹਾਉਤਾਂ 11:25 ਦੇ ਸ਼ਬਦ ਪੂਰੇ ਹੁੰਦੇ ਦੇਖਾਂਗੇ: “ਜੋ ਸਿੰਜਦਾ ਹੈ ਉਹ ਆਪ ਵੀ ਸਿੰਜਿਆ ਜਾਵੇਗਾ।”

“ਗਰੀਬ [ਜਾਂ ਦੁਖੀ ਇਨਸਾਨ] ਦਾ ਜੀਵਨ ਇਕ ਸੰਘਰਸ਼ ਹੁੰਦਾ ਹੈ, ਪਰ ਖੁਸ਼ ਮਨ ਮਨੁੱਖ ਹਮੇਸ਼ਾ ਮਜ਼ੇ ਕਰਦਾ ਹੈ।” (ਕਹਾਉਤਾਂ 15:15, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਬਾਰੇ ਤੇ ਆਪਣੇ ਹਾਲਾਤਾਂ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਦੇ ਹਾਂ। ਅਸੀਂ ਜਾਂ ਤਾਂ ਉਨ੍ਹਾਂ ਵਾਂਗ ਬਣ ਸਕਦੇ ਹਾਂ ਜਿਨ੍ਹਾਂ ਨੂੰ ਆਪਣੇ ਬਾਰੇ ਸਾਰਾ ਕੁਝ ਹਮੇਸ਼ਾ ਬੁਰਾ ਹੀ ਨਜ਼ਰ ਆਉਂਦਾ ਹੈ ਤੇ ਦੁਖੀ ਰਹਿੰਦੇ ਹਨ। ਜਾਂ ਫਿਰ ਅਸੀਂ ਸਹੀ ਨਜ਼ਰੀਆ ਰੱਖ ਕੇ “ਖੁਸ਼ ਮਨ” ਵਾਲੇ ਬਣ ਸਕਦੇ ਹਾਂ ਤੇ ਜ਼ਿੰਦਗੀ ਦਾ ਮਜ਼ਾ ਲੈ ਸਕਦੇ ਹਾਂ। ਸਿਮੋਨ ਕਹਿੰਦੀ ਹੈ: “ਮੈਂ ਸਹੀ ਰਵੱਈਆ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਬਾਈਬਲ ਦਾ ਅਧਿਐਨ ਕਰਨ ਅਤੇ ਪ੍ਰਚਾਰ ਕਰਨ ਵਿਚ ਰੁੱਝੀ ਰਹਿੰਦੀ ਹਾਂ ਅਤੇ ਬਾਕਾਇਦਾ ਪ੍ਰਾਰਥਨਾ ਕਰਦੀ ਹਾਂ। ਮੈਂ ਹਮੇਸ਼ਾ ਖ਼ੁਸ਼ਦਿਲ ਲੋਕਾਂ ਨਾਲ ਮਿਲਣ-ਗਿਲਣ ਅਤੇ ਹੋਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹਾਂ।” ਇਸ ਤਰ੍ਹਾਂ ਦਾ ਰਵੱਈਆ ਰੱਖਣ ਨਾਲ ਅਸੀਂ ਸੱਚ-ਮੁੱਚ ਖ਼ੁਸ਼ ਹੋ ਸਕਦੇ ਹਾਂ ਜਿਵੇਂ ਬਾਈਬਲ ਕਹਿੰਦੀ ਹੈ: “ਹੇ ਧਰਮੀਓ, ਯਹੋਵਾਹ ਵਿੱਚ ਅਨੰਦ ਹੋਵੋ ਅਤੇ ਖੁਸ਼ੀ ਮਨਾਓ, ਹੇ ਸਾਰੇ ਸਿੱਧੇ ਦਿਲੋ, ਜੈ ਕਾਰਾ ਗਜਾਓ!”—ਜ਼ਬੂਰਾਂ ਦੀ ਪੋਥੀ 32:11.

“ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾਉਤਾਂ 17:17) ਕਿਸੇ ਅਜ਼ੀਜ਼, ਦੋਸਤ ਜਾਂ ਭਰੋਸੇਮੰਦ ਸਲਾਹਕਾਰ ਨਾਲ ਆਪਣੇ ਜਜ਼ਬਾਤ ਸਾਂਝੇ ਕਰ ਕੇ ਅਸੀਂ ਆਪਣੇ ਬਾਰੇ ਗ਼ਲਤ ਵਿਚਾਰਾਂ ਨੂੰ ਮਨੋ ਕੱਢ ਸਕਦੇ ਹਾਂ। ਦੂਸਰਿਆਂ ਨਾਲ ਗੱਲ ਕਰਨ ਨਾਲ ਆਪਣੇ ਆਪ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਹੋਵੇਗੀ। ਸਿਮੋਨ ਕਬੂਲ ਕਰਦੀ ਹੈ: “ਹੋਰਾਂ ਨਾਲ ਦਿਲ ਖੋਲ੍ਹ ਕੇ ਗੱਲ ਕਰਨ ਨਾਲ ਕਾਫ਼ੀ ਮਦਦ ਹੁੰਦੀ ਹੈ।” ਇਸ ਤਰ੍ਹਾਂ ਕਰਨ ਨਾਲ ਅਸੀਂ ਇਸ ਹਵਾਲੇ ਦੀ ਸੱਚਾਈ ਨੂੰ ਅਨੁਭਵ ਕਰਾਂਗੇ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।”—ਕਹਾਉਤਾਂ 12:25.

ਤੁਸੀਂ ਕੀ ਕਰ ਸਕਦੇ ਹੋ

ਅਸੀਂ ਨਿਰਾਸ਼ਾ ਤੇ ਕਾਬੂ ਪਾਉਣ ਅਤੇ ਖ਼ੁਸ਼ੀ ਹਾਸਲ ਕਰਨ ਸੰਬੰਧੀ ਬਾਈਬਲ ਵਿੱਚੋਂ ਸਿਰਫ਼ ਕੁਝ ਹੀ ਗੱਲਾਂ ਵੱਲ ਧਿਆਨ ਦਿੱਤਾ ਹੈ। ਜੇ ਤੁਸੀਂ ਆਪਣੇ ਆਪ ਨੂੰ ਘਟੀਆ ਸਮਝਦੇ ਹੋ, ਤਾਂ ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਬਚਨ, ਬਾਈਬਲ ਦੀ ਚੰਗੀ ਤਰ੍ਹਾਂ ਪੜ੍ਹਾਈ ਕਰੋ। ਆਪਣੇ ਆਪ ਬਾਰੇ ਅਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਬਾਰੇ ਸਹੀ ਨਜ਼ਰੀਆ ਰੱਖਣਾ ਸਿੱਖੋ। ਉਮੀਦ ਹੈ ਕਿ ਤੁਸੀਂ ਪਰਮੇਸ਼ੁਰ ਦੇ ਬਚਨ ਵਿਚ ਪਾਈ ਗਈ ਸਲਾਹ ਨੂੰ ਲਾਗੂ ਕਰ ਕੇ ਆਪਣੀ ਜ਼ਿੰਦਗੀ ਵਿਚ ਖ਼ੁਸ਼ੀ ਪਾਓਗੇ।

[ਫੁਟਨੋਟ]

^ ਪੈਰਾ 6 ਇਸ ਹਵਾਲੇ ਦੀ ਹੋਰ ਚਰਚਾ ਸਫ਼ੇ 22 ਅਤੇ 23 ਤੇ ਕੀਤੀ ਗਈ ਹੈ।

[ਸਫ਼ੇ 7 ਉੱਤੇ ਤਸਵੀਰ]

ਬਾਈਬਲ ਦੀ ਸਲਾਹ ਲਾਗੂ ਕਰਨ ਨਾਲ ਖ਼ੁਸ਼ੀ ਮਿਲਦੀ ਹੈ