ਪ੍ਰਬੰਧਕ ਸਭਾ ਦੇ ਨਵੇਂ ਮੈਂਬਰ
ਪ੍ਰਬੰਧਕ ਸਭਾ ਦੇ ਨਵੇਂ ਮੈਂਬਰ
ਬੁੱਧਵਾਰ, 24 ਅਗਸਤ 2005 ਨੂੰ ਅਮਰੀਕਾ ਤੇ ਕੈਨੇਡਾ ਦੇ ਬੈਥਲ ਪਰਿਵਾਰਾਂ ਨੇ ਸਵੇਰੇ ਨਾਸ਼ਤੇ ਵੇਲੇ ਇਕ ਦਿਲਚਸਪ ਖ਼ਬਰ ਸੁਣੀ। ਉਨ੍ਹਾਂ ਨੂੰ ਦੱਸਿਆ ਗਿਆ ਕਿ 1 ਸਤੰਬਰ 2005 ਤੋਂ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਵਿਚ ਦੋ ਨਵੇਂ ਮੈਂਬਰ ਸ਼ਾਮਲ ਕੀਤੇ ਜਾਣਗੇ: ਜੈਫਰੀ ਜੈਕਸਨ ਅਤੇ ਐਂਟਨੀ ਮੌਰਿਸ।
ਭਰਾ ਜੈਫਰੀ ਜੈਕਸਨ ਨੇ ਆਸਟ੍ਰੇਲੀਆ ਦੇ ਤਸਮਾਨੀਆ ਟਾਪੂ ਤੇ ਫਰਵਰੀ 1971 ਵਿਚ ਪਾਇਨੀਅਰੀ ਕਰਨੀ ਸ਼ੁਰੂ ਕੀਤੀ ਸੀ। ਜੂਨ 1974 ਵਿਚ ਉਨ੍ਹਾਂ ਨੇ ਜਨੈਟ (ਜੈਨੀ) ਨਾਲ ਸ਼ਾਦੀ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਸਪੈਸ਼ਲ ਪਾਇਨੀਅਰਾਂ ਵਜੋਂ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ 1979 ਤੋਂ ਲੈ ਕੇ 2003 ਤਕ ਦੱਖਣੀ ਸ਼ਾਂਤ ਮਹਾਂਸਾਗਰ ਦੇ ਟੂਵਾਲੂ, ਸਮੋਆ ਅਤੇ ਫ਼ਿਜੀ ਟਾਪੂਆਂ ਉੱਤੇ ਮਿਸ਼ਨਰੀਆਂ ਵਜੋਂ ਸੇਵਾ ਕੀਤੀ। ਉਨ੍ਹਾਂ ਸਾਲਾਂ ਦੌਰਾਨ ਭਰਾ ਤੇ ਭੈਣ ਜੈਕਸਨ ਨੇ ਬਾਈਬਲ ਪ੍ਰਕਾਸ਼ਨਾਂ ਦਾ ਤਰਜਮਾ ਕਰਨ ਵਿਚ ਵੀ ਕਾਫ਼ੀ ਮਦਦ ਕੀਤੀ। ਸਾਲ 1992 ਵਿਚ ਭਰਾ ਜੈਕਸਨ ਸਮੋਆ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਬਣੇ ਤੇ 1996 ਵਿਚ ਫ਼ਿਜੀ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਬਣ ਗਏ। ਫਿਰ ਅਪ੍ਰੈਲ 2003 ਵਿਚ ਉਹ ਤੇ ਜੈਨੀ ਅਮਰੀਕਾ ਦੇ ਬੈਥਲ ਪਰਿਵਾਰ ਦੇ ਮੈਂਬਰ ਬਣ ਗਏ ਤੇ ਉਨ੍ਹਾਂ ਨੇ ਅਨੁਵਾਦ ਵਿਭਾਗ ਵਿਚ ਸੇਵਾ ਕਰਨੀ ਸ਼ੁਰੂ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ ਭਰਾ ਜੈਕਸਨ ਨੂੰ ਪ੍ਰਬੰਧਕ ਸਭਾ ਦੀ ਸਿੱਖਿਆ ਕਮੇਟੀ ਦੇ ਇਕ ਸਹਾਇਕ ਦੇ ਤੌਰ ਤੇ ਨਿਯੁਕਤ ਕੀਤਾ ਗਿਆ।
ਭਰਾ ਮੌਰਿਸ ਨੇ 1971 ਵਿਚ ਅਮਰੀਕਾ ਵਿਚ ਪਾਇਨੀਅਰੀ ਕਰਨੀ ਸ਼ੁਰੂ ਕੀਤੀ ਸੀ। ਫਿਰ ਉਸੇ ਸਾਲ ਦਸੰਬਰ ਵਿਚ ਉਨ੍ਹਾਂ ਨੇ ਸੂਜ਼ਨ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਨੇ ਆਪਣੇ ਪਹਿਲੇ ਪੁੱਤਰ ਜੈਸੀ ਦੇ ਪੈਦਾ ਹੋਣ ਤਕ ਲਗਭਗ ਚਾਰ ਸਾਲ ਪਾਇਨੀਅਰੀ ਕੀਤੀ। ਤਕਰੀਬਨ ਡੇਢ ਸਾਲ ਬਾਅਦ ਉਨ੍ਹਾਂ ਦੇ ਦੂਜੇ ਪੁੱਤਰ ਪੌਲ ਦਾ ਜਨਮ ਹੋਇਆ। ਭਰਾ ਮੌਰਿਸ ਨੇ 1979 ਵਿਚ ਦੁਬਾਰਾ ਪਾਇਨੀਅਰੀ ਸ਼ੁਰੂ ਕੀਤੀ। ਫਿਰ ਜਦ ਮੁੰਡੇ ਸਕੂਲ ਜਾਣ ਲੱਗ ਪਏ, ਤਾਂ ਸੂਜ਼ਨ ਨੇ ਵੀ ਪਾਇਨੀਅਰੀ ਸ਼ੁਰੂ ਕੀਤੀ। ਇਸ ਪਰਿਵਾਰ ਨੇ ਅਮਰੀਕਾ ਵਿਚ ਰ੍ਹੋਡ ਟਾਪੂ ਅਤੇ ਉੱਤਰੀ ਕੈਰੋਲਾਇਨਾ ਵਿਚ ਸੇਵਾ ਕੀਤੀ ਜਿੱਥੇ ਪ੍ਰਚਾਰਕਾਂ ਦੀ ਲੋੜ ਸੀ। ਉੱਤਰੀ ਕੈਰੋਲਾਇਨਾ ਵਿਚ ਭਰਾ ਮੌਰਿਸ ਨੇ ਸਮੇਂ-ਸਮੇਂ ਤੇ ਸਰਕਟ ਨਿਗਾਹਬਾਨ ਵਜੋਂ ਵੀ ਸੇਵਾ ਕੀਤੀ। ਵੱਡੇ ਹੋਣ ਤੇ ਜੈਸੀ ਤੇ ਪੌਲ ਨੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ 19 ਸਾਲ ਦੀ ਉਮਰ ਤੇ ਉਨ੍ਹਾਂ ਨੂੰ ਅਮਰੀਕਾ ਦੇ ਬੈਥਲ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ। ਉਸ ਸਮੇਂ ਭਰਾ ਮੌਰਿਸ ਪੱਕੇ ਤੌਰ ਤੇ ਸਰਕਟ ਨਿਗਾਹਬਾਨ ਵਜੋਂ ਸੇਵਾ ਕਰਨ ਲੱਗ ਪਏ ਸਨ। ਫਿਰ 2002 ਵਿਚ ਭਰਾ ਤੇ ਭੈਣ ਮੌਰਿਸ ਨੂੰ ਬੈਥਲ ਬੁਲਾਇਆ ਗਿਆ ਤੇ ਉਨ੍ਹਾਂ ਨੇ 1 ਅਗਸਤ ਨੂੰ ਉੱਥੇ ਸੇਵਾ ਕਰਨੀ ਸ਼ੁਰੂ ਕੀਤੀ। ਪਹਿਲਾਂ ਭਰਾ ਮੌਰਿਸ ਨੇ ਪੈਟਰਸਨ ਵਿਚ ਸੇਵਾ ਵਿਭਾਗ ਵਿਚ ਕੰਮ ਕੀਤਾ ਤੇ ਬਾਅਦ ਵਿਚ ਉਨ੍ਹਾਂ ਨੂੰ ਪ੍ਰਬੰਧਕ ਸਭਾ ਦੀ ਸੇਵਾ ਕਮੇਟੀ ਦੇ ਇਕ ਸਹਾਇਕ ਦੇ ਤੌਰ ਤੇ ਨਿਯੁਕਤ ਕੀਤਾ ਗਿਆ।
ਇਨ੍ਹਾਂ ਦੋ ਨਵੇਂ ਮੈਂਬਰਾਂ ਤੋਂ ਇਲਾਵਾ ਪ੍ਰਬੰਧਕ ਸਭਾ ਦੇ ਦੂਸਰੇ ਮੈਂਬਰ ਇਹ ਹਨ: ਕੈਰੀ ਬਾਰਬਰ, ਜੌਨ ਬਾਰ, ਸੈਮੂਏਲ ਹਰਡ, ਸਟੀਵਨ ਲੈੱਟ, ਗੇਰਟ ਲੋਸ਼, ਥੀਓਡੋਰ ਜੈਰਸ, ਗਾਈ ਪੀਅਰਸ, ਐਲਬਰਟ ਸ਼੍ਰੋਡਰ, ਡੇਵਿਡ ਸਪਲੇਨ ਅਤੇ ਡੈਨਿਏਲ ਸਿਡਲਿਕ। ਇਹ ਸਾਰੇ ਭਰਾ ਮਸਹ ਕੀਤੇ ਹੋਏ ਮਸੀਹੀ ਹਨ।