Skip to content

Skip to table of contents

ਬੁੜ-ਬੁੜ ਕਰਨ ਤੋਂ ਬਚੋ

ਬੁੜ-ਬੁੜ ਕਰਨ ਤੋਂ ਬਚੋ

ਬੁੜ-ਬੁੜ ਕਰਨ ਤੋਂ ਬਚੋ

‘ਤੁਸੀਂ ਸੱਭੇ ਕੰਮ ਬੁੜ ਬੁੜ ਕਰਨ ਤੋਂ ਬਿਨਾ ਕਰੋ।’—ਫ਼ਿਲਿੱਪੀਆਂ 2:14.

1, 2. ਪੌਲੁਸ ਰਸੂਲ ਨੇ ਫ਼ਿਲਿੱਪੈ ਤੇ ਕੁਰਿੰਥੁਸ ਦੇ ਮਸੀਹੀਆਂ ਨੂੰ ਕਿਹੜੀ ਸਲਾਹ ਦਿੱਤੀ ਸੀ ਅਤੇ ਕਿਉਂ?

ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਲਿਖਦੇ ਸਮੇਂ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ ਸੀ। ਉਸ ਨੇ ਉਨ੍ਹਾਂ ਦੀ ਦਰਿਆ-ਦਿਲੀ, ਗਰਮਜੋਸ਼ੀ ਅਤੇ ਚੰਗੇ ਕੰਮਾਂ ਦੀ ਤਾਰੀਫ਼ ਕੀਤੀ। ਫਿਰ ਵੀ, ਪੌਲੁਸ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਉਹ ‘ਸੱਭੇ ਕੰਮ ਬੁੜ ਬੁੜ ਕਰਨ ਤੋਂ ਬਿਨਾ’ ਕਰਨ। (ਫ਼ਿਲਿੱਪੀਆਂ 2:14) ਪੌਲੁਸ ਨੇ ਇਹ ਸਲਾਹ ਕਿਉਂ ਦਿੱਤੀ ਸੀ?

2 ਪੌਲੁਸ ਜਾਣਦਾ ਸੀ ਕਿ ਬੁੜ-ਬੁੜ ਕਰਨ ਦੇ ਬੁਰੇ ਨਤੀਜੇ ਨਿਕਲ ਸਕਦੇ ਸਨ। ਕੁਝ ਸਾਲ ਪਹਿਲਾਂ ਉਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਬੁੜਬੁੜਾਉਣ ਦੇ ਖ਼ਤਰਿਆਂ ਬਾਰੇ ਯਾਦ ਕਰਾਇਆ ਸੀ। ਪੌਲੁਸ ਨੇ ਕਿਹਾ ਕਿ ਜਦ ਇਸਰਾਏਲੀ ਉਜਾੜ ਵਿਚ ਸਨ, ਤਾਂ ਉਨ੍ਹਾਂ ਨੇ ਵਾਰ-ਵਾਰ ਯਹੋਵਾਹ ਦਾ ਗੁੱਸਾ ਭੜਕਾਇਆ ਸੀ। ਉਹ ਕਿੱਦਾਂ? ਉਨ੍ਹਾਂ ਨੇ ਗ਼ਲਤ ਚੀਜ਼ਾਂ ਦੀਆਂ ਕਾਮਨਾਵਾਂ ਕੀਤੀਆਂ, ਮੂਰਤੀ-ਪੂਜਾ ਕੀਤੀ, ਹਰਾਮਕਾਰੀ ਕੀਤੀ, ਯਹੋਵਾਹ ਨੂੰ ਪਰਤਾਇਆ ਅਤੇ ਬੁੜ-ਬੁੜ ਕੀਤਾ। ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਇਨ੍ਹਾਂ ਉਦਾਹਰਣਾਂ ਤੋਂ ਸਿੱਖਣ ਦੀ ਸਲਾਹ ਦਿੱਤੀ। ਉਸ ਨੇ ਲਿਖਿਆ: “ਨਾ ਤੁਸੀਂ ਬੁੜ ਬੁੜ ਕਰੋ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਬੁੜ ਬੁੜ ਕੀਤੀ ਅਤੇ ਨਾਸ ਕਰਨ ਵਾਲੇ ਤੋਂ ਨਾਸ ਹੋਏ।”—1 ਕੁਰਿੰਥੀਆਂ 10:6-11.

3. ਅੱਜ ਸਾਨੂੰ ਬੁੜਬੁੜਾਉਣ ਦੇ ਵਿਸ਼ੇ ਉੱਤੇ ਚਰਚਾ ਕਰਨ ਦੀ ਕਿਉਂ ਲੋੜ ਹੈ?

3 ਅੱਜ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਵੀ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਵਰਗੇ ਹਾਂ। ਅਸੀਂ ਜੋਸ਼ ਨਾਲ ਚੰਗੇ ਕੰਮ ਕਰਦੇ ਹਾਂ ਅਤੇ ਸਾਡੇ ਵਿਚ ਪਿਆਰ ਹੈ। (ਯੂਹੰਨਾ 13:34, 35) ਪਰ ਇਹ ਜਾਣਦੇ ਹੋਏ ਕਿ ਬੁੜਬੁੜਾਉਣ ਕਰਕੇ ਪਰਮੇਸ਼ੁਰ ਦੇ ਲੋਕਾਂ ਨੂੰ ਕੀ-ਕੀ ਭੁਗਤਣਾ ਪਿਆ, ਸਾਨੂੰ ਵੀ ਪੌਲੁਸ ਦੀ ਸਲਾਹ ਲਾਗੂ ਕਰਨੀ ਚਾਹੀਦੀ ਹੈ ਕਿ ਅਸੀਂ ‘ਸੱਭੇ ਕੰਮ ਬੁੜ ਬੁੜ ਕਰਨ ਤੋਂ ਬਿਨਾ ਕਰੀਏ।’ ਆਓ ਆਪਾਂ ਬਾਈਬਲ ਵਿੱਚੋਂ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ਵੱਲ ਧਿਆਨ ਦੇਈਏ ਜਿਨ੍ਹਾਂ ਨੂੰ ਬੁੜ-ਬੁੜ ਕਰਨ ਦੀ ਬੁਰੀ ਆਦਤ ਸੀ। ਫਿਰ ਅਸੀਂ ਦੇਖਾਂਗੇ ਕਿ ਅਸੀਂ ਬੁੜ-ਬੁੜ ਜਾਂ ਸ਼ਿਕਾਇਤ ਕਰਨ ਤੋਂ ਕਿਵੇਂ ਬਚ ਸਕਦੇ ਹਾਂ।

ਦੁਸ਼ਟ ਮੰਡਲੀ ਯਹੋਵਾਹ ਵਿਰੁੱਧ ਬੁੜਬੁੜਾਈ

4. ਇਸਰਾਏਲੀਆਂ ਨੇ ਉਜਾੜ ਵਿਚ ਕਿਵੇਂ ਬੁੜ-ਬੁੜ ਕੀਤੀ ਸੀ?

4 “ਬੁੜ ਬੁੜ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਮਤਲਬ ‘ਸ਼ਿਕਾਇਤ ਕਰਨੀ, ਗਿਲਾ ਕਰਨਾ ਜਾਂ ਗੁੱਸੇ ਨਾਲ ਬੋਲਣਾ’ ਵੀ ਹੋ ਸਕਦਾ ਹੈ। ਬਾਈਬਲ ਵਿਚ ਇਹ ਇਬਰਾਨੀ ਸ਼ਬਦ ਇਸਰਾਏਲੀਆਂ ਦੇ ਸੰਬੰਧ ਵਿਚ ਵਰਤਿਆ ਗਿਆ ਹੈ ਜਦੋਂ ਉਹ 40 ਸਾਲ ਉਜਾੜ ਵਿਚ ਘੁੰਮ ਰਹੇ ਸਨ। ਉਦੋਂ ਇਸਰਾਏਲੀ ਬੁੜ-ਬੁੜ ਕਰਦੇ ਰਹੇ ਕਿ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਔਖੀ ਸੀ। ਮਿਸਾਲ ਲਈ, ਮਿਸਰ ਦੀ ਗ਼ੁਲਾਮੀ ਤੋਂ ਛੁਡਾਏ ਜਾਣ ਤੋਂ ਕੁਝ ਹੀ ਹਫ਼ਤੇ ਬਾਅਦ “ਇਸਰਾਏਲੀਆਂ ਦੀ ਸਾਰੀ ਮੰਡਲੀ ਮੂਸਾ ਅਤੇ ਹਾਰੂਨ ਨਾਲ . . . ਕੁੜ੍ਹਣ ਲੱਗੀ।” ਇਸਰਾਏਲੀਆਂ ਨੇ ਖਾਣੇ ਬਾਰੇ ਸ਼ਿਕਾਇਤ ਕਰਦੇ ਹੋਏ ਕਿਹਾ: “ਸਾਨੂੰ ਮਿਸਰ ਦੇਸ ਵਿੱਚ ਯਹੋਵਾਹ ਦੇ ਹੱਥੋਂ ਕਿਉਂ ਨਾ ਮਰ ਜਾਣ ਦਿੱਤਾ ਜਦ ਅਸੀਂ ਮਾਸ ਦੀਆਂ ਤੌੜੀਆਂ ਕੋਲ ਬੈਠਦੇ ਅਤੇ ਰੱਜ ਕੇ ਰੋਟੀ ਖਾਂਦੇ ਸਾਂ? ਪਰ ਤੁਸੀਂ ਸਾਨੂੰ ਏਸ ਉਜਾੜ ਵਿੱਚ ਕੱਢ ਲਿਆਏ ਹੋ ਤਾਂ ਜੋ ਤੁਸੀਂ ਏਸ ਸਾਰੀ ਸਭਾ ਨੂੰ ਭੁੱਖ ਨਾਲ ਮਾਰ ਸੁੱਟੋ।”—ਕੂਚ 16:1-3.

5. ਜਦ ਇਸਰਾਏਲੀ ਬੁੜਬੁੜਾਏ, ਤਾਂ ਉਹ ਅਸਲ ਵਿਚ ਕਿਸ ਦੇ ਖ਼ਿਲਾਫ਼ ਬੋਲ ਰਹੇ ਸਨ?

5 ਦਰਅਸਲ ਯਹੋਵਾਹ ਨੇ ਉਜਾੜ ਵਿਚ ਇਸਰਾਏਲੀਆਂ ਦੀ ਹਰ ਲੋੜ ਪੂਰੀ ਕੀਤੀ ਤੇ ਉਨ੍ਹਾਂ ਲਈ ਅੰਨ-ਪਾਣੀ ਦਾ ਪ੍ਰਬੰਧ ਕੀਤਾ ਸੀ। ਇਸਰਾਏਲੀ ਭੁੱਖੇ ਨਹੀਂ ਮਰਨ ਵਾਲੇ ਸਨ। ਪਰ ਯਹੋਵਾਹ ਦੇ ਪ੍ਰਬੰਧਾਂ ਦੀ ਕਦਰ ਨਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਹਾਲਤ ਉੱਤੇ ਰੋਣਾ-ਧੋਣਾ ਸ਼ੁਰੂ ਕਰ ਦਿੱਤਾ। ਭਾਵੇਂ ਉਹ ਮੂਸਾ ਅਤੇ ਹਾਰੂਨ ਅੱਗੇ ਸ਼ਿਕਾਇਤ ਕਰ ਰਹੇ ਸਨ, ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਉਸ ਦੇ ਖ਼ਿਲਾਫ਼ ਬੋਲ ਰਹੇ ਸਨ। ਮੂਸਾ ਨੇ ਇਸਰਾਏਲੀਆਂ ਨੂੰ ਕਿਹਾ: “ਯਹੋਵਾਹ ਤੁਹਾਡਾ ਕੁੜ੍ਹਣਾ ਸੁਣਦਾ ਹੈ ਜਿਹੜਾ ਤੁਸੀਂ ਉਸ ਉੱਤੇ ਕੁੜ੍ਹਦੇ ਹੋ ਪਰ ਅਸੀਂ ਕੀ ਹਾਂ? ਤੁਹਾਡਾ ਕੁੜ੍ਹਣਾ ਸਾਡੇ ਉੱਤੇ ਨਹੀਂ ਸਗੋਂ ਯਹੋਵਾਹ ਉੱਤੇ ਹੈ।”—ਕੂਚ 16:4-8.

6, 7. ਗਿਣਤੀ 14:1-3 ਅਨੁਸਾਰ ਇਸਰਾਏਲੀ ਕਿਵੇਂ ਬਦਲ ਗਏ ਸਨ?

6 ਇਸ ਤੋਂ ਥੋੜ੍ਹੀ ਦੇਰ ਬਾਅਦ ਇਸਰਾਏਲੀ ਫਿਰ ਬੁੜਬੁੜਾਏ। ਮੂਸਾ ਨੇ 12 ਬੰਦਿਆਂ ਨੂੰ ਵਾਅਦਾ ਕੀਤੇ ਹੋਏ ਕਨਾਨ ਦੇਸ਼ ਦੀ ਜਾਸੂਸੀ ਕਰਨ ਲਈ ਭੇਜਿਆ ਸੀ। ਉਨ੍ਹਾਂ ਵਿੱਚੋਂ ਦਸਾਂ ਨੇ ਬੁਰੀ ਖ਼ਬਰ ਲਿਆਂਦੀ। ਇਸ ਦਾ ਨਤੀਜਾ ਕੀ ਨਿਕਲਿਆ? “ਸਾਰੇ ਇਸਰਾਏਲੀ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਬੁੜ ਬੁੜਾਏ ਅਤੇ ਸਾਰੀ ਮੰਡਲੀ ਨੇ ਉਨ੍ਹਾਂ ਨੂੰ ਆਖਿਆ, ਚੰਗਾ ਹੀ ਹੁੰਦਾ ਜੇ ਅਸੀਂ ਮਿਸਰ ਦੇਸ ਵਿੱਚ ਮਰ ਜਾਂਦੇ ਅਥਵਾ ਏਸ ਉਜਾੜ ਵਿੱਚ ਮਰ ਮੁੱਕਦੇ! ਯਹੋਵਾਹ ਸਾਨੂੰ ਕਾਹਨੂੰ ਏਸ ਦੇਸ ਵਿੱਚ ਲਿਆਇਆ ਭਈ ਅਸੀਂ ਤੇਗ ਨਾਲ ਡਿੱਗੀਏ ਅਤੇ ਸਾਡੀਆਂ ਤੀਵੀਆਂ ਅਤੇ ਸਾਡੇ ਨਿਆਣੇ ਲੁੱਟ ਦਾ ਮਾਲ ਹੋਣ? ਕੀ ਸਾਡੇ ਲਈ ਚੰਗਾ ਨਹੀਂ ਕਿ ਅਸੀਂ ਮਿਸਰ ਨੂੰ ਮੁੜ ਜਾਈਏ?”—ਗਿਣਤੀ 14:1-3.

7 ਇਸਰਾਏਲੀ ਕਿੰਨੇ ਬਦਲ ਗਏ ਸਨ! ਪਹਿਲਾਂ ਉਹ ਮਿਸਰ ਤੋਂ ਛੁਡਾਏ ਜਾਣ ਅਤੇ ਲਾਲ ਸਮੁੰਦਰ ਪਾਰ ਕਰਾਉਣ ਲਈ ਯਹੋਵਾਹ ਦੇ ਇੰਨੇ ਧੰਨਵਾਦੀ ਸਨ ਕਿ ਉਨ੍ਹਾਂ ਨੇ ਯਹੋਵਾਹ ਦੇ ਜਸ ਗਾਏ। (ਕੂਚ 15:1-21) ਪਰ ਉਜਾੜ ਵਿਚ ਥੋੜ੍ਹੀ ਤਕਲੀਫ਼ ਹੋਣ ਕਰਕੇ ਅਤੇ ਕਨਾਨੀ ਲੋਕਾਂ ਤੋਂ ਡਰਨ ਕਰਕੇ ਪਰਮੇਸ਼ੁਰ ਦੇ ਲੋਕ ਬੁੜਬੁੜਾਉਣ ਲੱਗ ਪਏ। ਆਜ਼ਾਦੀ ਲਈ ਪਰਮੇਸ਼ੁਰ ਦਾ ਧੰਨਵਾਦ ਕਰਨ ਦੀ ਬਜਾਇ ਉਨ੍ਹਾਂ ਨੇ ਆਪਣੀਆਂ ਮੁਸੀਬਤਾਂ ਦਾ ਸਾਰਾ ਕਸੂਰ ਉਸ ਦੇ ਮੱਥੇ ਲਾਇਆ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਯਹੋਵਾਹ ਦੇ ਪ੍ਰਬੰਧਾਂ ਦੀ ਕਦਰ ਨਹੀਂ ਕੀਤੀ। ਇਸੇ ਲਈ ਯਹੋਵਾਹ ਨੇ ਕਿਹਾ: “ਕਦ ਤੀਕ ਮੈਂ ਏਸ ਦੁਸ਼ਟ ਮੰਡਲੀ ਨੂੰ ਝੱਲਾਂ ਜਿਹੜੀ ਮੇਰੇ ਵਿਰੁੱਧ ਬੁੜ ਬੁੜਾਉਂਦੀ ਹੈ?”—ਗਿਣਤੀ 14:27; 21:5.

ਪਹਿਲੀ ਸਦੀ ਵਿਚ ਲੋਕ ਬੁੜਬੁੜਾਏ

8, 9. ਪਹਿਲੀ ਸਦੀ ਵਿਚ ਬੁੜ-ਬੁੜ ਕਰਨ ਵਾਲੇ ਲੋਕਾਂ ਦੀਆਂ ਕੁਝ ਮਿਸਾਲਾਂ ਦਿਓ।

8 ਉੱਪਰ ਦਿੱਤੀਆਂ ਉਦਾਹਰਣਾਂ ਵਿਚ ਇਸਰਾਏਲੀ ਸਾਰਿਆਂ ਦੇ ਸਾਮ੍ਹਣੇ ਖੁੱਲ੍ਹ ਕੇ ਸ਼ਿਕਾਇਤ ਕਰਦੇ ਸਨ। ਪਰ ਜਦ 32 ਈ. ਵਿਚ ਯਿਸੂ ਮਸੀਹ ਡੇਰਿਆਂ ਦਾ ਪਰਬ ਮਨਾਉਣ ਲਈ ਯਰੂਸ਼ਲਮ ਗਿਆ, ਤਾਂ ‘ਲੋਕਾਂ ਵਿੱਚ ਉਹ ਦੇ ਵਿਖੇ ਬਹੁਤ ਚਰਚਾ ਹੋ ਰਹੀ ਸੀ, ਪਰ ਕੋਈ ਉਹ ਦੀ ਗੱਲ ਖੋਲ੍ਹ ਕੇ ਨਹੀਂ ਕਰਦਾ ਸੀ।’ (ਯੂਹੰਨਾ 7:12, 13, 32) ਲੋਕ ਉਸ ਬਾਰੇ ਘੁਸਰ-ਮੁਸਰ ਕਰ ਰਹੇ ਸਨ। ਕਈ ਕਹਿ ਰਹੇ ਸਨ ਕਿ ਉਹ ਚੰਗਾ ਬੰਦਾ ਸੀ ਅਤੇ ਦੂਸਰੇ ਕਹਿ ਰਹੇ ਸਨ ਕਿ ਉਹ ਮਾੜਾ ਸੀ।

9 ਇਕ ਵਾਰ ਯਿਸੂ ਅਤੇ ਉਸ ਦੇ ਚੇਲੇ ਲੇਵੀ ਉਰਫ਼ ਮੱਤੀ ਨਾਂ ਦੇ ਮਸੂਲੀਏ ਦੇ ਘਰ ਗਏ ਸਨ। “ਫ਼ਰੀਸੀ ਅਰ ਉਨ੍ਹਾਂ ਦੇ ਗ੍ਰੰਥੀ ਉਸ ਦੇ ਚੇਲਿਆਂ ਉੱਤੇ ਬੁੜਬੁੜਾ ਕੇ ਕਹਿਣ ਲੱਗੇ ਭਈ ਤੁਸੀਂ ਕਿਉਂ ਮਸੂਲੀਆਂ ਅਤੇ ਪਾਪੀਆਂ ਨਾਲ ਖਾਂਦੇ ਪੀਂਦੇ ਹੋ?” (ਲੂਕਾ 5:27-30) ਇਸ ਤੋਂ ਕੁਝ ਸਮੇਂ ਬਾਅਦ ਗਲੀਲ ਵਿਚ ‘ਯਹੂਦੀ ਯਿਸੂ ਉੱਤੇ ਬੁੜ ਬੁੜਾਉਣ ਲੱਗੇ ਇਸ ਲਈ ਜੋ ਉਹ ਨੇ ਇਹ ਆਖਿਆ ਸੀ ਭਈ ਜਿਹੜੀ ਰੋਟੀ ਸੁਰਗੋਂ ਉੱਤਰੀ ਉਹ ਮੈਂ ਹਾਂ।’ ਯਿਸੂ ਦੇ ਕੁਝ ਚੇਲਿਆਂ ਨੇ ਵੀ ਉਸ ਦੀ ਗੱਲ ਦਾ ਬੁਰਾ ਮਨਾਇਆ ਅਤੇ ਉਹ ਬੁੜਬੁੜਾਉਣ ਲੱਗ ਪਏ।—ਯੂਹੰਨਾ 6:41, 60, 61.

10, 11. ਯੂਨਾਨੀ-ਯਹੂਦੀ ਕਿਉਂ ਬੁੜਬੁੜਾਏ ਸਨ ਅਤੇ ਰਸੂਲਾਂ ਨੇ ਜਿਸ ਤਰੀਕੇ ਨਾਲ ਉਨ੍ਹਾਂ ਦੀ ਸ਼ਿਕਾਇਤ ਦੂਰ ਕੀਤੀ, ਉਸ ਤੋਂ ਅੱਜ ਬਜ਼ੁਰਗ ਕੀ ਸਿੱਖ ਸਕਦੇ ਹਨ?

10 ਪਰ ਸ਼ਿਕਾਇਤ ਕਰਨੀ ਹਮੇਸ਼ਾ ਗ਼ਲਤ ਨਹੀਂ ਹੁੰਦੀ। ਮਿਸਾਲ ਲਈ, 33 ਈ. ਦੇ ਪੰਤੇਕੁਸਤ ਤੋਂ ਬਾਅਦ ਜਦੋਂ ਯਹੂਦਿਯਾ ਦੇ ਮਸੀਹੀ ਹੋਰ ਥਾਵਾਂ ਤੋਂ ਆਏ ਆਪਣੇ ਨਵੇਂ ਮਸੀਹੀ ਭੈਣ-ਭਰਾਵਾਂ ਦੀ ਖ਼ਾਤਰਦਾਰੀ ਕਰ ਰਹੇ ਸਨ, ਉਦੋਂ ਯੂਨਾਨੀ ਬੋਲਣ ਵਾਲੇ ਯਹੂਦੀ “ਇਬਰਾਨੀਆਂ ਉੱਤੇ ਬੁੜਬੁੜਾਉਣ ਲੱਗੇ ਕਿਉਂ ਜੋ ਦਿਨ ਦਿਨ ਦੀ ਟਹਿਲ ਵਿੱਚ ਉਨ੍ਹਾਂ ਦੀਆਂ ਵਿਧਵਾਂ ਦੀ ਸੁਧ ਨਹੀਂ ਲੈਂਦੇ ਸਨ।”—ਰਸੂਲਾਂ ਦੇ ਕਰਤੱਬ 6:1.

11 ਕੀ ਉਨ੍ਹਾਂ ਦਾ ਬੁੜਬੁੜਾਉਣਾ ਗ਼ਲਤ ਸੀ? ਨਹੀਂ, ਇਹ ਲੋਕ ਉਜਾੜ ਵਿਚ ਘੁੰਮ ਰਹੇ ਇਸਰਾਏਲੀਆਂ ਵਰਗੇ ਨਹੀਂ ਸਨ। ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀ ਆਪਣੀ ਹਾਲਤ ਬਾਰੇ ਕੋਈ ਸ਼ਿਕਾਇਤ ਨਹੀਂ ਕਰ ਰਹੇ ਸਨ, ਸਗੋਂ ਉਨ੍ਹਾਂ ਨੇ ਕੁਝ ਵਿਧਵਾਵਾਂ ਦੀਆਂ ਲੋੜਾਂ ਵੱਲ ਹੋਰਨਾਂ ਦਾ ਧਿਆਨ ਖਿੱਚਿਆ ਸੀ। ਇਸ ਤੋਂ ਇਲਾਵਾ, ਉਹ ਬੁੜਬੁੜਾ ਕੇ ਝਗੜਾ ਸ਼ੁਰੂ ਨਹੀਂ ਕਰਨਾ ਚਾਹੁੰਦੇ ਸਨ ਤੇ ਨਾ ਹੀ ਉਨ੍ਹਾਂ ਨੇ ਯਹੋਵਾਹ ਨੂੰ ਬੁਰਾ-ਭਲਾ ਕਿਹਾ ਸੀ। ਉਨ੍ਹਾਂ ਨੇ ਰਸੂਲਾਂ ਨੂੰ ਸ਼ਿਕਾਇਤ ਕੀਤੀ ਸੀ, ਜਿਨ੍ਹਾਂ ਨੇ ਫ਼ੌਰਨ ਕਦਮ ਚੁੱਕਿਆ ਕਿਉਂਕਿ ਉਨ੍ਹਾਂ ਦੀ ਸ਼ਿਕਾਇਤ ਜਾਇਜ਼ ਸੀ। ਅੱਜ ਕਲੀਸਿਯਾ ਦੇ ਬਜ਼ੁਰਗਾਂ ਲਈ ਇਹ ਕਿੰਨੀ ਵਧੀਆ ਮਿਸਾਲ ਹੈ! ਇਨ੍ਹਾਂ ਜ਼ਿੰਮੇਵਾਰ ਭਰਾਵਾਂ ਨੂੰ ‘ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਨਹੀਂ ਕਰਨਾ’ ਚਾਹੀਦਾ।—ਕਹਾਉਤਾਂ 21:13; ਰਸੂਲਾਂ ਦੇ ਕਰਤੱਬ 6:2-6.

ਬੁੜ-ਬੁੜ ਕਰਨਾ ਸਾਡੇ ਲਈ ਨੁਕਸਾਨਦੇਹ ਹੈ

12, 13. (ੳ) ਬੁੜ-ਬੁੜ ਕਰਨ ਦੇ ਅਸਰਾਂ ਬਾਰੇ ਮਿਸਾਲ ਦੇ ਕੇ ਸਮਝਾਓ। (ਅ) ਅਸੀਂ ਸ਼ਾਇਦ ਕਿਹੜੀਆਂ ਗੱਲਾਂ ਕਰਕੇ ਬੁੜਬੁੜਾਉਣ ਲੱਗ ਪਈਏ?

12 ਉੱਪਰ ਚਰਚਾ ਕੀਤੀਆਂ ਕਈ ਮਿਸਾਲਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਲੋਕਾਂ ਨੇ ਬੁੜਬੁੜਾ ਕੇ ਆਪਣਾ ਹੀ ਨੁਕਸਾਨ ਕੀਤਾ ਸੀ। ਇਸ ਲਈ ਸਾਨੂੰ ਵੀ ਬੁੜਬੁੜਾਉਣ ਦੇ ਬੁਰੇ ਅਸਰਾਂ ਬਾਰੇ ਸੋਚਣਾ ਚਾਹੀਦਾ ਹੈ। ਇਸ ਦੇ ਬੁਰੇ ਅਸਰਾਂ ਨੂੰ ਸਮਝਣ ਲਈ ਆਓ ਅਸੀਂ ਇਕ ਮਿਸਾਲ ਤੇ ਗੌਰ ਕਰੀਏ। ਕਈ ਧਾਤਾਂ ਨੂੰ ਛੇਤੀ ਜੰਗਾਲ ਲੱਗ ਜਾਂਦਾ ਹੈ। ਜੇ ਜੰਗਾਲ ਨੂੰ ਸ਼ੁਰੂ ਵਿਚ ਹੀ ਸਾਫ਼ ਨਾ ਕੀਤਾ ਜਾਵੇ, ਤਾਂ ਬਾਅਦ ਵਿਚ ਉਹ ਧਾਤ ਕਿਸੇ ਕੰਮ ਦੀ ਨਹੀਂ ਰਹਿੰਦੀ। ਅਣਗਿਣਤ ਕਾਰਾਂ-ਸਕੂਟਰ ਕਬਾੜਾ ਹੋ ਜਾਂਦੇ ਹਨ, ਇਸ ਕਰਕੇ ਨਹੀਂ ਕਿ ਉਨ੍ਹਾਂ ਵਿਚ ਨੁਕਸ ਪੈ ਜਾਂਦਾ ਹੈ, ਸਗੋਂ ਇਸ ਲਈ ਕਿ ਉਹ ਇੰਨੇ ਜੰਗਾਲੇ ਜਾਂਦੇ ਹਨ ਕਿ ਉਨ੍ਹਾਂ ਨੂੰ ਚਲਾਉਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੁੰਦਾ। ਇਸ ਮਿਸਾਲ ਦਾ ਬੁੜਬੁੜਾਉਣ ਨਾਲ ਕੀ ਸੰਬੰਧ ਹੈ?

13 ਠੀਕ ਜਿਵੇਂ ਕਈ ਧਾਤਾਂ ਛੇਤੀ ਹੀ ਜੰਗਾਲੀਆਂ ਜਾਂਦੀਆਂ ਹਨ, ਤਿਵੇਂ ਹੀ ਪਾਪੀ ਇਨਸਾਨਾਂ ਵਿਚ ਬੁੜ-ਬੁੜ ਕਰਨ ਦਾ ਝੁਕਾਅ ਹੁੰਦਾ ਹੈ। ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਤੱਟਵਰਤੀ ਇਲਾਕਿਆਂ ਵਿਚ ਸਿੱਲ੍ਹੀ ਤੇ ਲੂਣੀ ਹਵਾ ਕਰਕੇ ਲੋਹੇ ਨੂੰ ਛੇਤੀ ਜੰਗਾਲ ਲੱਗ ਜਾਂਦਾ ਹੈ, ਤਿਵੇਂ ਮੁਸੀਬਤਾਂ ਕਰਕੇ ਅਸੀਂ ਛੇਤੀ ਹੀ ਬੁੜ-ਬੁੜ ਕਰਨ ਲੱਗ ਜਾਂਦੇ ਹਾਂ। ਤਣਾਅ ਹੋਣ ਕਰਕੇ ਅਸੀਂ ਰਾਈ ਦਾ ਪਹਾੜ ਬਣਾ ਦਿੰਦੇ ਹਾਂ। ਇਨ੍ਹਾਂ ਅੰਤ ਦੇ ਦਿਨਾਂ ਵਿਚ ਜਿਉਂ-ਜਿਉਂ ਹਾਲਾਤ ਵਿਗੜਦੇ ਜਾਣਗੇ, ਸ਼ਿਕਾਇਤ ਕਰਨ ਦੇ ਮੌਕੇ ਵੀ ਵਧਦੇ ਜਾਣਗੇ। (2 ਤਿਮੋਥਿਉਸ 3:1-5) ਹੋ ਸਕਦਾ ਕਿ ਅਸੀਂ ਆਪਣੇ ਹੀ ਮਸੀਹੀ ਭੈਣ-ਭਰਾਵਾਂ ਉੱਤੇ ਬੁੜ-ਬੁੜ ਕਰਨ ਲੱਗ ਪਈਏ। ਅਸੀਂ ਸ਼ਾਇਦ ਛੋਟੀਆਂ-ਛੋਟੀਆਂ ਗੱਲਾਂ ਉੱਤੇ ਗੁੱਸੇ ਹੋ ਜਾਈਏ ਤੇ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਜਾਂ ਕਾਬਲੀਅਤਾਂ ਉੱਤੇ ਜਾਂ ਉਨ੍ਹਾਂ ਨੂੰ ਮਿਲੇ ਸਨਮਾਨਾਂ ਕਾਰਨ ਬੁੜ-ਬੁੜ ਕਰਨਾ ਸ਼ੁਰੂ ਕਰ ਦੇਈਏ।

14, 15. ਜੇ ਅਸੀਂ ਆਪਣੇ ਵਿਚ ਸ਼ਿਕਾਇਤ ਕਰਨ ਦਾ ਝੁਕਾਅ ਦੇਖੀਏ, ਤਾਂ ਸਾਨੂੰ ਇਸ ਉੱਤੇ ਕਾਬੂ ਰੱਖਣ ਲਈ ਕਿਉਂ ਫ਼ੌਰਨ ਕਦਮ ਚੁੱਕਣਾ ਚਾਹੀਦਾ ਹੈ?

14 ਸਾਡੇ ਗੁੱਸੇ ਦਾ ਕਾਰਨ ਭਾਵੇਂ ਜੋ ਵੀ ਹੋਵੇ, ਪਰ ਜੇ ਅਸੀਂ ਹਰ ਗੱਲ ਦੀ ਸ਼ਿਕਾਇਤ ਕਰਨ ਲੱਗ ਪਈਏ, ਤਾਂ ਅਸੀਂ ਕਿਸੇ ਵੀ ਗੱਲੋਂ ਖ਼ੁਸ਼ ਨਹੀਂ ਹੋਵਾਂਗੇ ਅਤੇ ਬੁੜ-ਬੁੜ ਕਰਨਾ ਸਾਡੀ ਆਦਤ ਬਣ ਜਾਵੇਗਾ। ਬੁੜ-ਬੁੜ ਕਰਨ ਦੀ ਆਦਤ ਸਾਡੀ ਨਿਹਚਾ ਨੂੰ ਇਸ ਹੱਦ ਤਕ ਢਾਹ ਸਕਦੀ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਹੀ ਛੱਡ ਦੇਈਏ। ਜਦ ਇਸਰਾਏਲੀਆਂ ਨੇ ਉਜਾੜ ਵਿਚ ਆਪਣੀ ਹਾਲਤ ਬਾਰੇ ਬੁੜ-ਬੁੜ ਕੀਤਾ ਸੀ, ਤਾਂ ਉਨ੍ਹਾਂ ਨੇ ਯਹੋਵਾਹ ਨੂੰ ਉਲਾਹਮਾ ਦਿੱਤਾ ਸੀ। (ਕੂਚ 16:8) ਆਓ ਆਪਾਂ ਕਦੇ ਵੀ ਇਹ ਗ਼ਲਤੀ ਨਾ ਕਰੀਏ!

15 ਧਾਤ ਨੂੰ ਜੰਗਾਲ ਤੋਂ ਬਚਾਉਣ ਲਈ ਜੰਗਾਲ ਖਾਧੇ ਹਿੱਸੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਇਸ ਨੂੰ ਰੰਗ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਜੇ ਅਸੀਂ ਆਪਣੇ ਵਿਚ ਸ਼ਿਕਾਇਤ ਕਰਨ ਦਾ ਝੁਕਾਅ ਦੇਖੀਏ, ਤਾਂ ਸਾਨੂੰ ਇਸ ਉੱਤੇ ਕਾਬੂ ਪਾਉਣ ਲਈ ਫ਼ੌਰਨ ਕਦਮ ਚੁੱਕਣੇ ਚਾਹੀਦੇ ਹਨ। ਅਸੀਂ ਬੁੜਬੁੜਾਉਣ ਦੀ ਆਦਤ ਉੱਤੇ ਕਿਵੇਂ ਕਾਬੂ ਰੱਖ ਸਕਦੇ ਹਾਂ?

ਯਹੋਵਾਹ ਦਾ ਨਜ਼ਰੀਆ ਅਪਣਾਓ

16. ਅਸੀਂ ਬੁੜਬੁੜਾਉਣ ਤੋਂ ਕਿਵੇਂ ਬਚ ਸਕਦੇ ਹਾਂ?

16 ਬੁੜ-ਬੁੜ ਕਰਨ ਨਾਲ ਅਸੀਂ ਯਹੋਵਾਹ ਦੇ ਗਵਾਹ ਹੋਣ ਕਰਕੇ ਮਿਲੀਆਂ ਬਰਕਤਾਂ ਬਾਰੇ ਸੋਚਣ ਦੀ ਬਜਾਇ, ਆਪਣੇ ਦੁੱਖਾਂ ਵੱਲ ਜ਼ਿਆਦਾ ਧਿਆਨ ਲਾਉਂਦੇ ਹਾਂ। ਜੇ ਅਸੀਂ ਇਸ ਤਰ੍ਹਾਂ ਕਰਨ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਵੱਲੋਂ ਮਿਲੀਆਂ ਬਰਕਤਾਂ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ। ਮਿਸਾਲ ਲਈ, ਸਾਨੂੰ ਯਹੋਵਾਹ ਦੇ ਨਾਂ ਦੀ ਗਵਾਹੀ ਦੇਣ ਦਾ ਸਨਮਾਨ ਮਿਲਿਆ ਹੈ। (ਯਸਾਯਾਹ 43:10) ਅਸੀਂ ਪਰਮੇਸ਼ੁਰ ਨਾਲ ਦੋਸਤੀ ਕੀਤੀ ਹੈ ਅਤੇ ਜਦ ਜੀ ਚਾਹੇ ਅਸੀਂ “ਪ੍ਰਾਰਥਨਾ ਦੇ ਸੁਣਨ ਵਾਲੇ” ਨਾਲ ਗੱਲ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 65:2; ਯਾਕੂਬ 4:8) ਅਸੀਂ ਜਾਣਦੇ ਹਾਂ ਕਿ ਸ਼ਤਾਨ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਉੱਤੇ ਸਵਾਲ ਖੜ੍ਹਾ ਕੀਤਾ ਹੈ ਅਤੇ ਸਾਨੂੰ ਇਸ ਗੱਲ ਦਾ ਫ਼ਖ਼ਰ ਹੈ ਕਿ ਸਾਨੂੰ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਨ ਦਾ ਮੌਕਾ ਮਿਲਿਆ ਹੈ। (ਕਹਾਉਤਾਂ 27:11) ਸਾਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਸਨਮਾਨ ਵੀ ਮਿਲਿਆ ਹੈ। (ਮੱਤੀ 24:14) ਯਿਸੂ ਮਸੀਹ ਦੇ ਬਲੀਦਾਨ ਉੱਤੇ ਨਿਹਚਾ ਕਰ ਕੇ ਸਾਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ। (ਯੂਹੰਨਾ 3:16) ਸਾਨੂੰ ਜੋ ਮਰਜ਼ੀ ਦੁੱਖ ਸਹਿਣੇ ਪੈਂਦੇ ਹਨ, ਪਰ ਸਾਡੀ ਝੋਲੀ ਇਨ੍ਹਾਂ ਬਰਕਤਾਂ ਨਾਲ ਭਰੀ ਹੋਈ ਹੈ।

17. ਸਾਨੂੰ ਉਦੋਂ ਵੀ ਯਹੋਵਾਹ ਦਾ ਨਜ਼ਰੀਆ ਕਿਉਂ ਅਪਣਾਉਣਾ ਚਾਹੀਦਾ ਹੈ ਜਦ ਸਾਡੇ ਕੋਲ ਸ਼ਿਕਾਇਤ ਕਰਨ ਦਾ ਜਾਇਜ਼ ਕਾਰਨ ਹੁੰਦਾ ਹੈ?

17 ਆਓ ਆਪਾਂ ਯਹੋਵਾਹ ਦਾ ਨਜ਼ਰੀਆ ਅਪਣਾਉਣ ਦੀ ਕੋਸ਼ਿਸ਼ ਕਰੀਏ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ।” (ਜ਼ਬੂਰਾਂ ਦੀ ਪੋਥੀ 25:4) ਜੇ ਸਾਡੇ ਕੋਲ ਸ਼ਿਕਾਇਤ ਕਰਨ ਦਾ ਕੋਈ ਜਾਇਜ਼ ਕਾਰਨ ਹੈ, ਤਾਂ ਯਹੋਵਾਹ ਇਸ ਬਾਰੇ ਪਹਿਲਾਂ ਹੀ ਜਾਣਦਾ ਹੈ। ਉਹ ਚਾਹੇ ਤਾਂ ਸਮੱਸਿਆ ਨੂੰ ਫ਼ੌਰਨ ਹੱਲ ਕਰ ਸਕਦਾ ਹੈ। ਪਰ ਕਈ ਵਾਰ ਉਹ ਇੱਦਾਂ ਕਿਉਂ ਨਹੀਂ ਕਰਦਾ? ਹੋ ਸਕਦਾ ਹੈ ਕਿ ਉਹ ਸਾਡੇ ਵਿਚ ਧੀਰਜ, ਸਬਰ ਅਤੇ ਨਿਹਚਾ ਵਰਗੇ ਗੁਣ ਪੈਦਾ ਕਰਨੇ ਚਾਹੁੰਦਾ ਹੈ।—ਯਾਕੂਬ 1:2-4.

18, 19. ਉਦਾਹਰਣ ਦੇ ਕੇ ਸਮਝਾਓ ਕਿ ਬਿਨਾਂ ਸ਼ਿਕਾਇਤ ਕੀਤਿਆਂ ਔਖਿਆਈਆਂ ਸਹਾਰਨ ਦੇ ਕੀ ਚੰਗੇ ਫ਼ਾਇਦੇ ਹੋ ਸਕਦੇ ਹਨ।

18 ਬਿਨਾਂ ਸ਼ਿਕਾਇਤ ਕੀਤਿਆਂ ਔਖਿਆਈਆਂ ਸਹਾਰਨ ਨਾਲ ਅਸੀਂ ਬਿਹਤਰ ਇਨਸਾਨ ਹੀ ਨਹੀਂ ਬਣਦੇ, ਸਗੋਂ ਦੂਸਰੇ ਵੀ ਸਾਡੇ ਚਾਲ-ਚਲਣ ਤੋਂ ਪ੍ਰਭਾਵਿਤ ਹੋ ਸਕਦੇ ਹਨ। ਸਾਲ 2003 ਵਿਚ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਸਮੂਹ ਨੇ ਹੰਗਰੀ ਵਿਚ ਹੋ ਰਹੇ ਸੰਮੇਲਨ ਵਿਚ ਜਾਣ ਲਈ ਬਸ ਕੀਤੀ ਸੀ। ਬਸ ਡ੍ਰਾਈਵਰ ਯਹੋਵਾਹ ਦਾ ਗਵਾਹ ਨਹੀਂ ਸੀ ਅਤੇ ਦਸ ਦਿਨਾਂ ਤਕ ਗਵਾਹਾਂ ਨਾਲ ਰਹਿਣ ਦੇ ਖ਼ਿਆਲ ਤੋਂ ਉਹ ਚਿੜਿਆ ਹੋਇਆ ਸੀ। ਪਰ ਦਸ ਦਿਨਾਂ ਬਾਅਦ ਗਵਾਹਾਂ ਬਾਰੇ ਉਸ ਦਾ ਮਨ ਬਦਲ ਗਿਆ ਸੀ। ਕਿਉਂ?

19 ਸਫ਼ਰ ਦੌਰਾਨ ਗਵਾਹਾਂ ਨੂੰ ਕਾਫ਼ੀ ਮੁਸ਼ਕਲਾਂ ਸਹਿਣੀਆਂ ਪਈਆਂ, ਪਰ ਉਨ੍ਹਾਂ ਨੇ ਕਦੀ ਸ਼ਿਕਾਇਤ ਨਹੀਂ ਕੀਤੀ। ਡ੍ਰਾਈਵਰ ਨੇ ਕਿਹਾ ਕਿ ਇਹ ਗਵਾਹ ਸਭ ਤੋਂ ਵਧੀਆ ਸਵਾਰੀਆਂ ਸਨ! ਉਸ ਨੇ ਵਾਅਦਾ ਕੀਤਾ ਕਿ ਅਗਲੀ ਵਾਰ ਜਦ ਗਵਾਹ ਉਸ ਦੇ ਘਰ ਆਉਣਗੇ, ਤਾਂ ਉਹ ਉਨ੍ਹਾਂ ਨੂੰ ਅੰਦਰ ਬੁਲਾ ਕੇ ਉਨ੍ਹਾਂ ਦੀ ਗੱਲ ਸੁਣੇਗਾ। ਗਵਾਹਾਂ ਦੁਆਰਾ ਬੁੜ-ਬੁੜ ਨਾ ਕਰਨ ਕਰਕੇ ਡ੍ਰਾਈਵਰ ਉੱਤੇ ਕਿੰਨਾ ਚੰਗਾ ਪ੍ਰਭਾਵ ਪਿਆ!

ਮਾਫ਼ ਕਰਨ ਨਾਲ ਏਕਤਾ ਵਧਦੀ ਹੈ

20. ਸਾਨੂੰ ਇਕ-ਦੂਜੇ ਨੂੰ ਮਾਫ਼ ਕਿਉਂ ਕਰ ਦੇਣਾ ਚਾਹੀਦਾ ਹੈ?

20 ਜੇ ਕਿਸੇ ਭੈਣ ਜਾਂ ਭਰਾ ਨੇ ਕੁਝ ਅਜਿਹਾ ਕੀਤਾ ਜਾਂ ਕਿਹਾ ਹੈ ਜਿਸ ਤੋਂ ਸਾਨੂੰ ਠੇਸ ਪਹੁੰਚੀ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ? ਜੇ ਮਾਮਲਾ ਗੰਭੀਰ ਹੈ, ਤਾਂ ਸਾਨੂੰ ਮੱਤੀ 18:15-17 ਵਿਚ ਯਿਸੂ ਦੇ ਸ਼ਬਦਾਂ ਉੱਤੇ ਚੱਲਣਾ ਚਾਹੀਦਾ ਹੈ। ਪਰ ਜੇ ਮਾਮੂਲੀ ਜਿਹੀ ਗੱਲ ਹੈ, ਤਾਂ ਸਾਨੂੰ ਇੱਦਾਂ ਕਰਨ ਦੀ ਲੋੜ ਨਹੀਂ। ਕਿਉਂ ਨਾ ਤੁਸੀਂ ਉਸ ਨੂੰ ਮਾਫ਼ ਕਰ ਦਿਓ? ਪੌਲੁਸ ਨੇ ਲਿਖਿਆ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ। ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।” (ਕੁਲੁੱਸੀਆਂ 3:13, 14) ਕੀ ਅਸੀਂ ਦਿਲੋਂ ਮਾਫ਼ ਕਰਨ ਲਈ ਤਿਆਰ ਹਾਂ? ਅਸੀਂ ਆਪ ਯਹੋਵਾਹ ਦੇ ਖ਼ਿਲਾਫ਼ ਕਿੰਨੇ ਸਾਰੇ ਪਾਪ ਕਰਦੇ ਹਾਂ, ਪਰ ਫਿਰ ਵੀ ਉਹ ਦਇਆ ਕਰ ਕੇ ਸਾਨੂੰ ਵਾਰ-ਵਾਰ ਮਾਫ਼ ਕਰ ਦਿੰਦਾ ਹੈ।

21. ਕਿਸੇ ਦੀ ਬੁੜ-ਬੁੜ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ?

21 ਗੱਲ ਭਾਵੇਂ ਛੋਟੀ ਹੋਵੇ ਜਾਂ ਵੱਡੀ, ਪਰ ਬੁੜ-ਬੁੜ ਕਰਨ ਨਾਲ ਕੁਝ ਨਹੀਂ ਸੁਲਝਦਾ। ਬੁੜਬੁੜਾਉਣਾ ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਮਤਲਬ ਗੁੱਸੇ ਨਾਲ ਬੋਲਣਾ ਵੀ ਹੋ ਸਕਦਾ ਹੈ। ਸਾਨੂੰ ਅਜਿਹੇ ਵਿਅਕਤੀ ਨਾਲ ਉੱਠਣਾ-ਬੈਠਣਾ ਚੰਗਾ ਨਹੀਂ ਲੱਗਦਾ ਜੋ ਹਰ ਗੱਲ ਤੇ ਬੁੜਬੁੜਾਉਂਦਾ ਰਹੇ ਤੇ ਅਸੀਂ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ, ਜੇ ਅਸੀਂ ਬੁੜ-ਬੁੜ ਕਰੀਏ ਜਾਂ ਗੁੱਸੇ ਨਾਲ ਬੋਲੀਏ, ਤਾਂ ਦੂਸਰੇ ਲੋਕ ਵੀ ਸਾਡੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨਗੇ! ਗੁੱਸੇ ਨਾਲ ਬੋਲ ਕੇ ਅਸੀਂ ਦੂਸਰਿਆਂ ਦਾ ਧਿਆਨ ਤਾਂ ਖਿੱਚਾਂਗੇ, ਪਰ ਉਨ੍ਹਾਂ ਦਾ ਦਿਲ ਨਹੀਂ ਜਿੱਤ ਸਕਾਂਗੇ।

22. ਇਕ ਕੁੜੀ ਨੇ ਯਹੋਵਾਹ ਦੇ ਗਵਾਹਾਂ ਬਾਰੇ ਕੀ ਕਿਹਾ ਸੀ?

22 ਇਕ-ਦੂਜੇ ਨੂੰ ਮਾਫ਼ ਕਰਨ ਨਾਲ ਏਕਤਾ ਵਧਦੀ ਹੈ ਅਤੇ ਯਹੋਵਾਹ ਦੇ ਲੋਕਾਂ ਨੂੰ ਆਪਣੀ ਏਕਤਾ ਬਹੁਤ ਪਿਆਰੀ ਹੈ। (ਜ਼ਬੂਰਾਂ ਦੀ ਪੋਥੀ 133:1-3) ਇਕ ਯੂਰਪੀ ਦੇਸ਼ ਵਿਚ ਇਕ 17 ਸਾਲਾ ਕੈਥੋਲਿਕ ਕੁੜੀ ਨੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਲਿਖਿਆ: “ਸਿਰਫ਼ ਤੁਹਾਡੀ ਹੀ ਸੰਸਥਾ ਵਿਚ ਨਫ਼ਰਤ, ਲਾਲਚ, ਪੱਖਪਾਤ, ਖ਼ੁਦਗਰਜ਼ੀ ਜਾਂ ਫੁੱਟ ਨਹੀਂ ਹੈ।”

23. ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

23 ਜੇ ਅਸੀਂ ਉਨ੍ਹਾਂ ਸਾਰੀਆਂ ਬਰਕਤਾਂ ਦੀ ਕਦਰ ਕਰਾਂਗੇ ਜੋ ਸਾਨੂੰ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਨਾਲ ਮਿਲਦੀਆਂ ਹਨ, ਤਾਂ ਸਾਡੇ ਵਿਚ ਏਕਤਾ ਬਣੀ ਰਹੇਗੀ ਅਤੇ ਅਸੀਂ ਬੁੜ-ਬੁੜ ਕਰਨ ਤੋਂ ਬਚੇ ਰਹਾਂਗੇ। ਪਰ ਇਕ-ਦੂਜੇ ਉੱਤੇ ਬੁੜਬੁੜਾਉਣ ਨਾਲੋਂ ਵੀ ਖ਼ਤਰਨਾਕ ਹੈ ਯਹੋਵਾਹ ਦੇ ਸੰਗਠਨ ਦੇ ਵਿਰੁੱਧ ਬੁੜਬੁੜਾਉਣਾ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਤਰ੍ਹਾਂ ਕਰਨ ਤੋਂ ਬਚਣ ਵਿਚ ਕਿਹੜੇ ਗੁਣ ਸਾਡੀ ਮਦਦ ਕਰਨਗੇ।

ਕੀ ਤੁਹਾਨੂੰ ਯਾਦ ਹੈ?

• ਬੁੜਬੁੜਾਉਣ ਦਾ ਕੀ ਮਤਲਬ ਹੈ?

• ਮਿਸਾਲ ਦੇ ਕੇ ਸਮਝਾਓ ਕਿ ਬੁੜ-ਬੁੜ ਕਰਨ ਦੇ ਕੀ ਬੁਰੇ ਅਸਰ ਹੋ ਸਕਦੇ ਹਨ?

• ਅਸੀਂ ਬੁੜਬੁੜਾਉਣ ਤੋਂ ਕਿਵੇਂ ਬਚ ਸਕਦੇ ਹਾਂ?

• ਦੂਸਰਿਆਂ ਨੂੰ ਮਾਫ਼ ਕਰ ਕੇ ਅਸੀਂ ਬੁੜਬੁੜਾਉਣ ਤੋਂ ਕਿਵੇਂ ਬਚ ਸਕਦੇ ਹਾਂ?

[ਸਵਾਲ]

[ਸਫ਼ਾ 14 ਉੱਤੇ ਤਸਵੀਰ]

ਇਸਰਾਏਲੀ ਯਹੋਵਾਹ ਦੇ ਖ਼ਿਲਾਫ਼ ਬੁੜਬੁੜਾਏ!

[ਸਫ਼ਾ 17 ਉੱਤੇ ਤਸਵੀਰ]

ਕੀ ਤੁਸੀਂ ਯਹੋਵਾਹ ਦਾ ਨਜ਼ਰੀਆ ਅਪਣਾਉਣ ਦੀ ਕੋਸ਼ਿਸ਼ ਕਰਦੇ ਹੋ?

[ਸਫ਼ਾ 18 ਉੱਤੇ ਤਸਵੀਰਾਂ]

ਇਕ-ਦੂਜੇ ਨੂੰ ਮਾਫ਼ ਕਰਨ ਨਾਲ ਏਕਤਾ ਵਧਦੀ ਹੈ