Skip to content

Skip to table of contents

ਜੌਨ ਮਿਲਟਨ ਦੀ ਗੁਆਚੀ ਹੋਈ ਕਿਤਾਬ

ਜੌਨ ਮਿਲਟਨ ਦੀ ਗੁਆਚੀ ਹੋਈ ਕਿਤਾਬ

ਜੌਨ ਮਿਲਟਨ ਦੀ ਗੁਆਚੀ ਹੋਈ ਕਿਤਾਬ

ਬਹੁਤ ਘੱਟ ਹੀ ਅਜਿਹੇ ਲੇਖਕ ਹੋਣਗੇ ਜਿਨ੍ਹਾਂ ਨੇ ਦੁਨੀਆਂ ਉੱਤੇ ਇੰਨਾ ਪ੍ਰਭਾਵ ਪਾਇਆ ਹੋਵੇ ਜਿੰਨਾ ਅੰਗ੍ਰੇਜ਼ ਕਵੀ ਜੌਨ ਮਿਲਟਨ ਨੇ ਪਾਇਆ ਸੀ। ਉਸ ਦੀ ਇਕ ਮਹਾਨ ਕਵਿਤਾ ਸੀ ਫਿਰਦੌਸ ਉੱਜੜ ਗਿਆ (ਅੰਗ੍ਰੇਜ਼ੀ)। ਮਿਲਟਨ ਦੀ ਜੀਵਨੀ ਲਿਖਣ ਵਾਲੇ ਇਕ ਲੇਖਕ ਨੇ ਕਿਹਾ ਕਿ ਮਿਲਟਨ ਨੂੰ “ਕਈਆਂ ਨੇ ਪਿਆਰ ਕੀਤਾ, ਕੁਝ ਲੋਕਾਂ ਨੇ ਉਸ ਨਾਲ ਨਫ਼ਰਤ ਕੀਤੀ, ਪਰ ਬਹੁਤ ਘੱਟ ਲੋਕਾਂ ਨੇ ਉਸ ਨੂੰ ਨਜ਼ਰਅੰਦਾਜ਼ ਕੀਤਾ।” ਅੰਗ੍ਰੇਜ਼ੀ ਸਾਹਿੱਤ ਅਤੇ ਸਭਿਆਚਾਰ ਅੱਜ ਤਕ ਉਸ ਦੇ ਰਚੇ ਸਾਹਿੱਤ ਦੇ ਰਿਣੀ ਹਨ।

ਜੌਨ ਮਿਲਟਨ ਇੰਨਾ ਵੱਡਾ ਪ੍ਰਭਾਵ ਕਿਉਂ ਪਾ ਸਕਿਆ ਸੀ? ਮਸੀਹੀ ਸਿੱਖਿਆ ਬਾਰੇ ਉਸ ਦੀ ਕਿਤਾਬ ਇੰਨੇ ਵਾਦ-ਵਿਵਾਦ ਦਾ ਵਿਸ਼ਾ ਕਿਉਂ ਬਣ ਗਈ ਸੀ ਕਿ ਉਸ ਨੂੰ 150 ਸਾਲਾਂ ਤਕ ਛਾਪਿਆ ਹੀ ਨਹੀਂ ਗਿਆ?

ਜ਼ਿੰਦਗੀ ਦਾ ਸਫ਼ਰ

ਜੌਨ ਮਿਲਟਨ ਦਾ ਜਨਮ 1608 ਵਿਚ ਲੰਡਨ ਦੇ ਇਕ ਅਮੀਰ ਘਰਾਣੇ ਵਿਚ ਹੋਇਆ ਸੀ। ਉਸ ਨੇ ਲਿਖਿਆ: “ਬਚਪਨ ਤੋਂ ਹੀ ਮੇਰੇ ਪਿਤਾ ਜੀ ਨੇ ਮੈਨੂੰ ਵੱਖ-ਵੱਖ ਕਿਤਾਬਾਂ ਦਾ ਅਧਿਐਨ ਕਰਨਾ ਸਿਖਾਇਆ ਸੀ। 12 ਸਾਲ ਦੀ ਉਮਰ ਤੋਂ ਹੀ ਮੈਨੂੰ ਆਪਣੀ ਪੜ੍ਹਾਈ ਵਿਚ ਇੰਨੀ ਰੁਚੀ ਹੁੰਦੀ ਸੀ ਕਿ ਮੈਂ ਅੱਧੀ-ਅੱਧੀ ਰਾਤ ਤਕ ਪੜ੍ਹਦਾ ਰਹਿੰਦਾ ਸੀ।” ਮਿਲਟਨ ਪੜ੍ਹਾਈ ਵਿਚ ਬਹੁਤ ਹੀ ਹੁਸ਼ਿਆਰ ਸੀ ਅਤੇ 1632 ਵਿਚ ਉਸ ਨੇ ਕੇਮਬ੍ਰਿਜ ਯੂਨੀਵਰਸਿਟੀ ਤੋਂ ਮਾਸਟਰ-ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਹ ਇਤਿਹਾਸ ਅਤੇ ਸਨਾਤਨ ਲਾਤੀਨੀ ਤੇ ਯੂਨਾਨੀ ਲੇਖਕਾਂ ਦਾ ਸਾਹਿੱਤ ਪੜ੍ਹਨ ਵਿਚ ਲੀਨ ਰਿਹਾ।

ਮਿਲਟਨ ਕਵੀ ਬਣਨਾ ਚਾਹੁੰਦਾ ਸੀ, ਪਰ ਉਸ ਦੇ ਜ਼ਮਾਨੇ ਦੇ ਇੰਗਲੈਂਡ ਵਿਚ ਸਿਆਸੀ ਸੰਘਰਸ਼ ਚੱਲ ਰਿਹਾ ਸੀ। ਇਸ ਘਰੇਲੂ ਜੰਗ ਵਿਚ ਪਾਰਲੀਮੈਂਟ ਦੇ ਆਗੂ ਓਲੀਵਰ ਕ੍ਰੋਮਵੈੱਲ ਦੀ ਫ਼ੌਜ ਰਾਜੇ ਦੀ ਫ਼ੌਜ ਨਾਲ ਲੜ ਰਹੀ ਸੀ। ਅਦਾਲਤੀ ਮੁਕੱਦਮੇ ਤੋਂ ਬਾਅਦ 1649 ਵਿਚ ਰਾਜਾ ਚਾਰਲਜ਼ ਪਹਿਲੇ ਨੂੰ ਫਾਂਸੀ ਚੜ੍ਹਾ ਦਿੱਤਾ ਗਿਆ। ਮਿਲਟਨ ਨੇ ਬੜੀ ਜੁਗਤੀ ਨਾਲ ਇਸ ਸਜ਼ਾ ਨੂੰ ਸਹੀ ਕਰਾਰ ਦਿੱਤਾ ਜਿਸ ਕਰਕੇ ਉਹ ਕ੍ਰੋਮਵੈੱਲ ਦੀ ਸਰਕਾਰ ਦਾ ਬੁਲਾਰਾ ਬਣ ਗਿਆ। ਦਰਅਸਲ ਇਕ ਕਵੀ ਵਜੋਂ ਮਸ਼ਹੂਰ ਹੋਣ ਤੋਂ ਪਹਿਲਾਂ, ਮਿਲਟਨ ਰਾਜਨੀਤੀ ਤੇ ਨੈਤਿਕ ਮਿਆਰਾਂ ਬਾਰੇ ਟ੍ਰੈਕਟ ਲਿਖ ਕੇ ਪ੍ਰਸਿੱਧ ਹੋ ਗਿਆ ਸੀ।

1660 ਵਿਚ ਚਾਰਲਜ਼ ਦੂਜੇ ਦੀ ਤਾਜਪੋਸ਼ੀ ਨਾਲ ਕ੍ਰੋਮਵੈੱਲ ਦੀ ਸਰਕਾਰ ਪਲਟਾ ਦਿੱਤੀ ਗਈ। ਹੁਣ ਮਿਲਟਨ ਦੀ ਜਾਨ ਖ਼ਤਰੇ ਵਿਚ ਸੀ ਕਿਉਂਕਿ ਉਸ ਨੇ ਕ੍ਰੋਮਵੈੱਲ ਦਾ ਸਾਥ ਦਿੱਤਾ ਸੀ। ਮਿਲਟਨ ਦੇ ਕਈ ਜਾਨੀ ਦੁਸ਼ਮਣ ਹੋਣ ਕਾਰਨ ਉਸ ਨੂੰ ਕੁਝ ਸਮੇਂ ਲਈ ਲੁਕ ਕੇ ਰਹਿਣਾ ਪਿਆ, ਪਰ ਅਸਰ-ਰਸੂਖ਼ ਰੱਖਣ ਵਾਲੇ ਦੋਸਤਾਂ ਦੀ ਮਦਦ ਨਾਲ ਉਹ ਦੀ ਜਾਨ ਬਚ ਗਈ। ਇਸ ਸਾਰੇ ਸਮੇਂ ਦੌਰਾਨ ਧਾਰਮਿਕ ਗੱਲਾਂ ਵਿਚ ਉਸ ਦੀ ਰੁਚੀ ਘਟੀ ਨਹੀਂ ਸੀ।

ਬਾਈਬਲ ਦਾ ਮਾਪਦੰਡ

ਛੋਟੇ ਹੁੰਦਿਆਂ ਧਾਰਮਿਕ ਗੱਲਾਂ ਵਿਚ ਆਪਣੀ ਰੁਚੀ ਬਾਰੇ ਮਿਲਟਨ ਨੇ ਲਿਖਿਆ: ‘ਨਿਆਣੀ ਉਮਰ ਤੋਂ ਹੀ ਮੈਂ ਬਾਈਬਲ ਦੇ ਨਵੇਂ ਤੇ ਪੁਰਾਣੇ ਨੇਮ ਦਾ ਯੂਨਾਨੀ ਤੇ ਇਬਰਾਨੀ ਭਾਸ਼ਾਵਾਂ ਵਿਚ ਅਧਿਐਨ ਕਰਨ ਲੱਗ ਪਿਆ ਸੀ।’ ਮਿਲਟਨ ਸਮਝ ਗਿਆ ਸੀ ਕਿ ਨੈਤਿਕ ਅਤੇ ਭਗਤੀ ਦੇ ਮਾਮਲਿਆਂ ਸੰਬੰਧੀ ਬਾਈਬਲ ਤੋਂ ਹੀ ਸਹੀ ਸੇਧ ਮਿਲ ਸਕਦੀ ਹੈ। ਪਰ ਉਸ ਜ਼ਮਾਨੇ ਦੀਆਂ ਧਾਰਮਿਕ ਕਿਤਾਬਾਂ ਪੜ੍ਹਨ ਤੋਂ ਬਾਅਦ ਉਹ ਬਹੁਤ ਨਿਰਾਸ਼ ਹੋਇਆ। ਉਸ ਨੇ ਲਿਖਿਆ: “ਮੈਂ ਜਾਣਦਾ ਹਾਂ ਕਿ ਮੇਰੇ ਵਿਸ਼ਵਾਸਾਂ ਤੇ ਚੰਗੇ ਭਵਿੱਖ ਦੀ ਮੇਰੀ ਉਮੀਦ ਦੀ ਨੀਂਹ ਇਨ੍ਹਾਂ ਧਾਰਮਿਕ ਕਿਤਾਬਾਂ ਤੇ ਨਹੀਂ ਧਰੀ ਜਾ ਸਕਦੀ।” ਮਿਲਟਨ “ਬਾਈਬਲ ਨੂੰ ਸਹੀ ਮਾਪਦੰਡ” ਮੰਨ ਕੇ ਆਪਣੇ ਵਿਸ਼ਵਾਸਾਂ ਨੂੰ ਬਾਈਬਲ ਤੇ ਆਧਾਰਿਤ ਕਰਨਾ ਚਾਹੁੰਦਾ ਸੀ ਜਿਸ ਕਰਕੇ ਉਸ ਨੇ ਕੁਝ ਮੁੱਖ ਸਿਰਲੇਖਾਂ ਹੇਠ ਬਾਈਬਲ ਦੇ ਖ਼ਾਸ ਹਵਾਲੇ ਲਿਖਣੇ ਸ਼ੁਰੂ ਕੀਤੇ ਅਤੇ ਉਹ ਆਪਣੀਆਂ ਕਿਤਾਬਾਂ ਵਿਚ ਇਸ ਸੂਚੀ ਤੋਂ ਹਵਾਲੇ ਦੇਣ ਲੱਗ ਪਿਆ।

ਜੌਨ ਮਿਲਟਨ ਨੂੰ ਅੱਜ ਉਸ ਦੀ ਕਵਿਤਾ ਫਿਰਦੌਸ ਉੱਜੜ ਗਿਆ (ਅੰਗ੍ਰੇਜ਼ੀ) ਲਈ ਯਾਦ ਕੀਤਾ ਜਾਂਦਾ ਹੈ। ਇਸ ਵਿਚ ਉਸ ਨੇ ਲਿਖਿਆ ਸੀ ਕਿ ਮੁਕੰਮਲ ਇਨਸਾਨ ਪਾਪੀ ਕਿਵੇਂ ਬਣ ਗਿਆ। (ਉਤਪਤ ਦਾ ਤੀਜਾ ਅਧਿਆਇ) ਇਹ ਕਵਿਤਾ ਪਹਿਲੀ ਵਾਰ 1667 ਵਿਚ ਛਾਪੀ ਗਈ ਸੀ। ਇਸ ਸਦਕਾ ਮਿਲਟਨ ਖ਼ਾਸਕਰ ਅੰਗ੍ਰੇਜ਼ੀ ਬੋਲਣ ਵਾਲੇ ਦੇਸ਼ਾਂ ਵਿਚ ਮਸ਼ਹੂਰ ਹੋਇਆ ਸੀ। ਬਾਅਦ ਵਿਚ ਉਸ ਨੇ ਇਸੇ ਕਵਿਤਾ ਦਾ ਦੂਜਾ ਹਿੱਸਾ ਧਰਤੀ ਮੁੜ ਬਣੀ ਫਿਰਦੌਸ (ਅੰਗ੍ਰੇਜ਼ੀ) ਲਿਖਿਆ ਸੀ। ਇਨ੍ਹਾਂ ਕਵਿਤਾਵਾਂ ਦੇ ਜ਼ਰੀਏ ਮਿਲਟਨ ਨੇ ਇਨਸਾਨਾਂ ਲਈ ਪਰਮੇਸ਼ੁਰ ਦਾ ਮੁਢਲਾ ਮਕਸਦ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਇਹ ਮਕਸਦ ਯਿਸੂ ਮਸੀਹ ਰਾਹੀਂ ਪੂਰਾ ਕੀਤਾ ਜਾਵੇਗਾ ਜਦ ਲੋਕਾਂ ਨੂੰ ਬਾਗ਼ ਵਰਗੀ ਸੋਹਣੀ ਧਰਤੀ ਤੇ ਹਮੇਸ਼ਾ ਦੀ ਜ਼ਿੰਦਗੀ ਦਿੱਤੀ ਜਾਵੇਗੀ। ਮਿਸਾਲ ਲਈ, ਕਵਿਤਾ ਦੇ ਦੂਜੇ ਹਿੱਸੇ ਵਿਚ ਮਹਾਂ ਦੂਤ ਮੀਕਾਏਲ ਉਸ ਸਮੇਂ ਬਾਰੇ ਦੱਸਦਾ ਹੈ ਜਦ ਮਸੀਹ ‘ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਅਸੀਸ ਵਜੋਂ ਹਰ ਸੁਖ ਦੇਵੇਗਾ, ਚਾਹੇ ਉਹ ਸਵਰਗ ਵਿਚ ਹੋਣ ਜਾਂ ਧਰਤੀ ਤੇ, ਕਿਉਂਕਿ ਉਸ ਵੇਲੇ ਧਰਤੀ ਅਦਨ ਦੇ ਬਾਗ਼ ਨਾਲੋਂ ਵੀ ਜ਼ਿਆਦਾ ਸੋਹਣੀ ਬਣ ਚੁੱਕੀ ਹੋਵੇਗੀ।’

ਮਸੀਹੀ ਸਿੱਖਿਆ ਬਾਰੇ ਕਿਤਾਬ

ਕਈ ਸਾਲਾਂ ਤੋਂ ਮਿਲਟਨ ਮਸੀਹੀ ਰਹਿਣੀ-ਬਹਿਣੀ ਅਤੇ ਸਿੱਖਿਆ ਬਾਰੇ ਇਕ ਕਿਤਾਬ ਲਿਖਣੀ ਚਾਹੁੰਦਾ ਸੀ। ਭਾਵੇਂ ਉਹ 1652 ਵਿਚ ਪੂਰੀ ਤਰ੍ਹਾਂ ਅੰਨ੍ਹਾ ਹੋ ਗਿਆ ਸੀ, ਫਿਰ ਵੀ ਉਸ ਨੇ ਆਪਣੀ ਮੌਤ (1674) ਤੋਂ ਪਹਿਲਾਂ ਆਪਣੇ ਸੈਕਟਰੀਆਂ ਦੀ ਮਦਦ ਨਾਲ ਇਹ ਕਿਤਾਬ ਪੂਰੀ ਕਰ ਲਈ ਸੀ। ਮਿਲਟਨ ਦੀ ਇਹ ਕਿਤਾਬ ਸਿਰਫ਼ ਬਾਈਬਲ ਤੇ ਹੀ ਆਧਾਰਿਤ ਸੀ। ਇਸ ਦੇ ਮੁਖਬੰਧ ਵਿਚ ਉਸ ਨੇ ਲਿਖਿਆ: ‘ਭਾਵੇਂ ਮਸੀਹੀ ਸਿੱਖਿਆ ਬਾਈਬਲ ਤੇ ਆਧਾਰਿਤ ਹੈ, ਪਰ ਇਸ ਵਿਸ਼ੇ ਤੇ ਲਿਖਣ ਵਾਲੇ ਜ਼ਿਆਦਾਤਰ ਲੇਖਕਾਂ ਨੇ ਆਪਣੀਆਂ ਕਿਤਾਬਾਂ ਦੇ ਹਾਸ਼ੀਏ ਵਿਚ ਬਾਈਬਲ ਦੇ ਮਾੜੇ-ਮੋਟੇ ਹਵਾਲੇ ਹੀ ਲਿਖੇ ਹਨ। ਪਰ ਮੈਂ ਪੂਰੀ ਬਾਈਬਲ ਤੋਂ ਹਵਾਲੇ ਲੈ-ਲੈ ਕੇ ਆਪਣੀ ਕਿਤਾਬ ਦੇ ਹਰ ਸਫ਼ੇ ਨੂੰ ਭਰਨ ਦੀ ਕੋਸ਼ਿਸ਼ ਕੀਤੀ ਹੈ।’ ਆਪਣੀ ਗੱਲ ਦੇ ਸਬੂਤ ਵਜੋਂ ਮਿਲਟਨ ਨੇ ਮਸੀਹੀ ਸਿੱਖਿਆ ਬਾਰੇ ਆਪਣੀ ਕਿਤਾਬ ਵਿਚ ਬਾਈਬਲ ਵਿੱਚੋਂ 9,000 ਤੋਂ ਜ਼ਿਆਦਾ ਹਵਾਲੇ ਦਿੱਤੇ ਹਨ।

ਭਾਵੇਂ ਮਿਲਟਨ ਪਹਿਲਾਂ-ਪਹਿਲਾਂ ਸਾਰਿਆਂ ਨੂੰ ਆਪਣੇ ਖ਼ਿਆਲ ਦੱਸਣ ਤੋਂ ਨਹੀਂ ਕਤਰਾਉਂਦਾ ਸੀ, ਪਰ ਉਸ ਨੇ ਆਪਣੀ ਇਹ ਕਿਤਾਬ ਛਪਵਾਉਣ ਤੋਂ ਆਪਣੇ ਆਪ ਨੂੰ ਰੋਕੀ ਰੱਖਿਆ। ਕਿਉਂ? ਉਹ ਜਾਣਦਾ ਸੀ ਕਿ ਜੋ ਕੁਝ ਉਸ ਨੇ ਲਿਖਿਆ, ਉਹ ਚਰਚ ਦੀਆਂ ਸਿੱਖਿਆਵਾਂ ਤੋਂ ਬਹੁਤ ਵੱਖਰਾ ਸੀ। ਇਸ ਤੋਂ ਇਲਾਵਾ, ਰਾਜੇ ਦੀ ਤਾਜਪੋਸ਼ੀ ਦੇ ਸਮੇਂ ਤੋਂ ਸਰਕਾਰ ਮਿਲਟਨ ਨੂੰ ਪਸੰਦ ਨਹੀਂ ਕਰਦੀ ਸੀ। ਹੋ ਸਕਦਾ ਹੈ ਕਿ ਉਹ ਮਾਹੌਲ ਦੇ ਸ਼ਾਂਤ ਹੋਣ ਦੀ ਉਡੀਕ ਕਰ ਰਿਹਾ ਸੀ। ਮਿਲਟਨ ਦੀ ਮੌਤ ਤੋਂ ਬਾਅਦ ਉਸ ਦਾ ਸੈਕਟਰੀ ਕਿਤਾਬ ਦੇ ਲਾਤੀਨੀ ਖਰੜੇ ਨੂੰ ਛਪਵਾਉਣ ਲਈ ਇਕ ਛਾਪਖਾਨੇ ਦੇ ਮਾਲਕ ਕੋਲ ਲੈ ਗਿਆ, ਪਰ ਉਸ ਨੇ ਉਸ ਨੂੰ ਛਾਪਣ ਤੋਂ ਇਨਕਾਰ ਕਰ ਦਿੱਤਾ। ਫਿਰ ਇੰਗਲੈਂਡ ਦੇ ਸਟੇਟ ਸੈਕਟਰੀ ਨੇ ਉਸ ਖਰੜੇ ਨੂੰ ਜ਼ਬਤ ਕਰ ਕੇ ਕਿਤੇ ਰੱਖ ਦਿੱਤਾ। ਅਗਲੇ 150 ਸਾਲਾਂ ਲਈ ਉਹ ਇੱਦਾਂ ਹੀ ਪਿਆ ਰਿਹਾ।

1823 ਵਿਚ ਇਕ ਕਲਰਕ ਨੂੰ ਮਿਲਟਨ ਦੀ ਕਿਤਾਬ ਦਾ ਕੁਝ ਕਾਗਜ਼ਾਂ ਵਿਚ ਲਪੇਟਿਆ ਹੋਇਆ ਖਰੜਾ ਮਿਲਿਆ। ਉਸ ਸਮੇਂ ਤਕ ਇੰਗਲੈਂਡ ਵਿਚ ਰਾਜਾ ਜੋਰਜ ਚੌਥਾ ਰਾਜ ਕਰ ਰਿਹਾ ਸੀ। ਰਾਜੇ ਨੇ ਹੁਕਮ ਦਿੱਤਾ ਕਿ ਇਸ ਕਿਤਾਬ ਦਾ ਲਾਤੀਨੀ ਤੋਂ ਅੰਗ੍ਰੇਜ਼ੀ ਵਿਚ ਤਰਜਮਾ ਕੀਤਾ ਜਾਵੇ। ਦੋ ਸਾਲ ਬਾਅਦ ਜਦ ਇਸ ਕਿਤਾਬ ਨੂੰ ਅੰਗ੍ਰੇਜ਼ੀ ਵਿਚ ਪ੍ਰਕਾਸ਼ਿਤ ਕੀਤਾ ਗਿਆ, ਤਾਂ ਇਸ ਦੇ ਵਿਚਾਰਾਂ ਕਾਰਨ ਧਰਮ-ਸ਼ਾਸਤਰੀਆਂ ਤੇ ਸਾਹਿੱਤਕਾਰਾਂ ਵਿਚਕਾਰ ਤੂਫ਼ਾਨੀ ਬਹਿਸ ਛਿੜ ਗਈ। ਇਕ ਬਿਸ਼ਪ ਨੇ ਝੱਟ ਕਹਿ ਦਿੱਤਾ ਕਿ ਇਹ ਕਿਤਾਬ ਮਿਲਟਨ ਦੀ ਨਹੀਂ ਹੋ ਸਕਦੀ ਕਿਉਂਕਿ ਮਹਾਨ ਕਵੀ ਮਿਲਟਨ ਚਰਚ ਦੀਆਂ ਸਿੱਖਿਆਵਾਂ ਨੂੰ ਇਸ ਤਰ੍ਹਾਂ ਕਦੇ ਨਹੀਂ ਰੱਦ ਕਰ ਸਕਦਾ ਸੀ। ਪਰ ਕਿਤਾਬ ਦੇ ਅਨੁਵਾਦਕ ਨੇ ਪਹਿਲਾਂ ਹੀ ਤਾੜ ਲਿਆ ਸੀ ਕਿ ਲੋਕ ਇਵੇਂ ਹੀ ਸੋਚਣਗੇ ਜਿਸ ਕਰਕੇ ਉਸ ਨੇ ਇਸ ਐਡੀਸ਼ਨ ਵਿਚ ਸਬੂਤ ਪੇਸ਼ ਕੀਤੇ ਕਿ ਮਿਲਟਨ ਹੀ ਕਿਤਾਬ ਦਾ ਲੇਖਕ ਸੀ। ਕਿਵੇਂ? ਉਸ ਨੇ ਕਈ ਫੁਟਨੋਟਾਂ ਦੇ ਜ਼ਰੀਏ ਮਿਲਟਨ ਦੀ ਕਵਿਤਾ ਫਿਰਦੌਸ ਉੱਜੜ ਗਿਆ ਅਤੇ ਇਸ ਕਿਤਾਬ ਵਿਚ 500 ਸਮਾਨਤਾਵਾਂ ਦਿਖਾਈਆਂ। *

ਮਿਲਟਨ ਦੇ ਵਿਸ਼ਵਾਸ

ਮਿਲਟਨ ਦੇ ਜ਼ਮਾਨੇ ਤਕ ਇੰਗਲੈਂਡ ਕੈਥੋਲਿਕ ਚਰਚ ਤੋਂ ਵੱਖ ਹੋ ਕੇ ਪ੍ਰੋਟੈਸਟੈਂਟ ਧਰਮ ਨੂੰ ਸਵੀਕਾਰ ਕਰ ਚੁੱਕਾ ਸੀ। ਪ੍ਰੋਟੈਸਟੈਂਟ ਚਰਚ ਦੇ ਮੈਂਬਰ ਮੰਨਦੇ ਸਨ ਕਿ ਨੈਤਿਕਤਾ ਤੇ ਭਗਤੀ ਦੇ ਮਾਮਲੇ ਵਿਚ ਫ਼ੈਸਲੇ ਕਰਨ ਦਾ ਪੋਪ ਨੂੰ ਕੋਈ ਹੱਕ ਨਹੀਂ, ਸਗੋਂ ਇਨ੍ਹਾਂ ਮਾਮਲਿਆਂ ਦਾ ਆਧਾਰ ਬਾਈਬਲ ਹੋਣਾ ਚਾਹੀਦਾ ਹੈ। ਪਰ ਮਿਲਟਨ ਨੇ ਆਪਣੀ ਕਿਤਾਬ ਦੇ ਜ਼ਰੀਏ ਦਿਖਾਇਆ ਕਿ ਪ੍ਰੋਟੈਸਟੈਂਟ ਧਰਮ ਦੀਆਂ ਵੀ ਕਈ ਸਿੱਖਿਆਵਾਂ ਅਤੇ ਰਸਮਾਂ ਬਾਈਬਲ ਤੇ ਆਧਾਰਿਤ ਨਹੀਂ ਸਨ। ਉਸ ਨੇ ਬਾਈਬਲ ਤੋਂ ਦਿਖਾਇਆ ਕਿ ਇਨਸਾਨਾਂ ਕੋਲ ਆਪਣੀ ਮਰਜ਼ੀ ਅਨੁਸਾਰ ਜੀਣ ਦੀ ਆਜ਼ਾਦੀ ਹੈ ਅਤੇ ਜੌਨ ਕੈਲਵਿਨ ਦੀ ਇਹ ਸਿੱਖਿਆ ਝੂਠੀ ਸੀ ਕਿ ਇਨਸਾਨ ਦੀ ਕਿਸਮਤ ਲਿਖੀ ਹੋਈ ਹੁੰਦੀ ਹੈ। ਮਿਲਟਨ ਨੂੰ ਪਰਮੇਸ਼ੁਰ ਦੇ ਨਾਂ ਯਹੋਵਾਹ ਦੀ ਵਰਤੋਂ ਕਰਨ ਤੇ ਕੋਈ ਇਤਰਾਜ਼ ਨਹੀਂ ਸੀ। ਇਸ ਦੀ ਬਜਾਇ ਉਸ ਨੇ ਆਪਣੀਆਂ ਲਿਖਤਾਂ ਵਿਚ ਇਸ ਨਾਂ ਨੂੰ ਵਾਰ-ਵਾਰ ਵਰਤਿਆ।

ਮਿਲਟਨ ਨੇ ਬਾਈਬਲ ਤੋਂ ਦਿਖਾਇਆ ਕਿ ਮੌਤ ਤੋਂ ਬਾਅਦ ਇਨਸਾਨ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ। ਉਸ ਵਿੱਚੋਂ ਕੋਈ ਚੀਜ਼ ਨਿਕਲ ਕੇ ਜ਼ਿੰਦਾ ਨਹੀਂ ਰਹਿੰਦੀ। ਉਤਪਤ 2:7 ਦੀ ਗੱਲ ਕਰਦੇ ਹੋਏ ਮਿਲਟਨ ਨੇ ਲਿਖਿਆ: ‘ਜਦ ਆਦਮੀ ਰਚਿਆ ਗਿਆ ਸੀ ਤਾਂ ਕਿਹਾ ਗਿਆ ਸੀ ਕਿ ਉਹ ਜੀਉਂਦੀ ਜਾਨ ਬਣ ਗਿਆ। ਕਈਆਂ ਦੇ ਵਿਸ਼ਵਾਸਾਂ ਤੋਂ ਉਲਟ, ਇਨਸਾਨ ਵਿਚ ਕੋਈ ਅਜਿਹੀ ਚੀਜ਼ ਨਹੀਂ ਜੋ ਮੌਤ ਤੋਂ ਬਾਅਦ ਜ਼ਿੰਦਾ ਰਹਿੰਦੀ ਹੈ।’ ਫਿਰ ਮਿਲਟਨ ਨੇ ਇਕ ਸਵਾਲ ਪੁੱਛਿਆ: “ਮੌਤ ਹੋਣ ਤੇ ਕੀ ਪੂਰਾ ਇਨਸਾਨ ਮਰ ਜਾਂਦਾ ਹੈ ਜਾਂ ਸਿਰਫ਼ ਦੇਹ ਹੀ ਮਰਦੀ ਹੈ?” ਜਵਾਬ ਵਿਚ ਉਸ ਨੇ ਬਾਈਬਲ ਦੇ ਕਈ ਹਵਾਲੇ ਦੇ ਕੇ ਸਮਝਾਇਆ ਕਿ ਇਨਸਾਨ ਦਾ ਕੋਈ ਵੀ ਹਿੱਸਾ ਜ਼ਿੰਦਾ ਨਹੀਂ ਰਹਿੰਦਾ। ਫਿਰ ਉਸ ਨੇ ਕਿਹਾ: ‘ਹਿਜ਼ਕੀਏਲ 18:20 ਵਿਚ ਬਾਈਬਲ ਸਪੱਸ਼ਟ ਦੱਸਦੀ ਹੈ ਕਿ “ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ।”’ ਮਿਲਟਨ ਨੇ ਲੂਕਾ 20:37 ਅਤੇ ਯੂਹੰਨਾ 11:25 ਦੇ ਹਵਾਲੇ ਦੇ ਕੇ ਸਮਝਾਇਆ ਕਿ ਜਿਹੜੇ ਲੋਕ ਮੌਤ ਦੀ ਨੀਂਦ ਸੌਂ ਗਏ ਹਨ, ਉਹ ਦੁਬਾਰਾ ਜ਼ਿੰਦਾ ਕੀਤੇ ਜਾਣਗੇ।

ਮਿਲਟਨ ਦੀ ਕਿਤਾਬ ਦੇ ਕਿਹੜੇ ਵਿਸ਼ੇ ਤੇ ਸਭ ਤੋਂ ਜ਼ਿਆਦਾ ਬਹਿਸ ਹੋਈ? ਮਿਲਟਨ ਨੇ ਬੜੇ ਸਾਧਾਰਣ ਤਰੀਕੇ ਨਾਲ ਸਮਝਾਇਆ ਸੀ ਕਿ ਪਰਮੇਸ਼ੁਰ ਦਾ ਪੁੱਤਰ ਯਿਸੂ ਮਸੀਹ ਆਪਣੇ ਪਿਤਾ ਦੇ ਬਰਾਬਰ ਨਹੀਂ, ਸਗੋਂ ਉਸ ਦੇ ਅਧੀਨ ਹੈ। ਯੂਹੰਨਾ 17:3 ਅਤੇ ਯੂਹੰਨਾ 20:17 ਦੇ ਹਵਾਲੇ ਦੇਣ ਤੋਂ ਬਾਅਦ ਮਿਲਟਨ ਨੇ ਪੁੱਛਿਆ: “ਜੇਕਰ ਪਿਤਾ ਮਸੀਹ ਦਾ ਪਰਮੇਸ਼ੁਰ ਅਤੇ ਸਾਡਾ ਪਰਮੇਸ਼ੁਰ ਹੈ ਅਤੇ ਜੇਕਰ ਇੱਕੋ-ਇਕ ਸੱਚਾ ਵਾਹਿਦ ਪਰਮੇਸ਼ੁਰ ਹੈ, ਤਾਂ ਫਿਰ ਪਿਤਾ ਤੋਂ ਸਿਵਾਇ ਹੋਰ ਕੌਣ ਪਰਮੇਸ਼ੁਰ ਹੋ ਸਕਦਾ ਹੈ?”

ਮਿਲਟਨ ਨੇ ਅੱਗੇ ਇਹ ਵੀ ਕਿਹਾ: “ਪੁੱਤਰ ਅਤੇ ਉਸ ਦੇ ਰਸੂਲਾਂ ਦੀਆਂ ਕਹੀਆਂ ਤੇ ਲਿਖੀਆਂ ਗੱਲਾਂ ਇਸ ਮਾਮਲੇ ਵਿਚ ਮੇਲ ਖਾਂਦੀਆਂ ਸਨ ਕਿ ਪਿਤਾ ਪੁੱਤਰ ਨਾਲੋਂ ਵੱਡਾ ਹੈ।” (ਯੂਹੰਨਾ 14:28) “ਵੈਸੇ ਮਸੀਹ ਨੇ ਮੱਤੀ 26:39 ਵਿਚ ਆਪ ਕਿਹਾ ਸੀ: ਹੇ ਮੇਰੇ ਪਿਤਾ, ਜੇ ਹੋ ਸੱਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ। . . . ਜੇ ਉਹ ਖ਼ੁਦ ਪਰਮੇਸ਼ੁਰ ਹੈ, ਤਾਂ ਉਸ ਨੇ ਪਿਤਾ ਨੂੰ ਦੁਆ ਕਿਉਂ ਕੀਤੀ, ਆਪਣੇ ਆਪ ਨੂੰ ਕਿਉਂ ਨਹੀਂ ਦੁਆ ਕੀਤੀ? ਜੇ ਉਹ ਆਦਮੀ ਹੋਣ ਦੇ ਨਾਲ-ਨਾਲ ਸਰਬਸ਼ਕਤੀਮਾਨ ਪਰਮੇਸ਼ੁਰ ਵੀ ਹੈ, ਤਾਂ ਉਸ ਨੂੰ ਪ੍ਰਾਰਥਨਾ ਕਰਨ ਦੀ ਕੀ ਲੋੜ ਸੀ ਕਿਉਂਕਿ ਉਸ ਕੋਲ ਤਾਂ ਸਭ ਕੁਝ ਕਰਨ ਦੀ ਤਾਕਤ ਸੀ? . . . ਪਰ ਪੁੱਤਰ ਨੇ ਹਰ ਥਾਂ ਪਿਤਾ ਨੂੰ ਸਤਿਕਾਰਿਆ ਤੇ ਪੂਜਿਆ ਅਤੇ ਉਸ ਨੇ ਸਾਨੂੰ ਵੀ ਇਸੇ ਤਰ੍ਹਾਂ ਕਰਨਾ ਸਿਖਾਇਆ।”

ਮਿਲਟਨ ਦੀਆਂ ਕਮੀਆਂ-ਕਮਜ਼ੋਰੀਆਂ

ਜੌਨ ਮਿਲਟਨ ਨੇ ਸੱਚਾਈ ਦੀ ਤਲਾਸ਼ ਕੀਤੀ। ਇਸ ਦੇ ਬਾਵਜੂਦ ਉਹ ਵੀ ਇਨਸਾਨੀ ਕਮੀਆਂ-ਕਮਜ਼ੋਰੀਆਂ ਦਾ ਸ਼ਿਕਾਰ ਸੀ। ਇਸ ਕਰਕੇ ਹੋ ਸਕਦਾ ਹੈ ਕਿ ਉਸ ਦੇ ਕੁਝ ਵਿਚਾਰ ਉਸ ਦੇ ਮਾੜੇ ਤਜਰਬਿਆਂ ਕਾਰਨ ਬਾਈਬਲ ਨਾਲ ਮੇਲ ਨਹੀਂ ਖਾਂਦੇ ਸਨ। ਮਿਸਾਲ ਲਈ, ਉਸ ਦਾ ਵਿਆਹ ਸ਼ਾਹੀ ਘਰਾਣੇ ਦੇ ਇਕ ਜ਼ਮੀਂਦਾਰ ਦੀ ਬੇਟੀ ਨਾਲ ਹੋਇਆ ਸੀ, ਪਰ ਸ਼ਾਦੀ ਤੋਂ ਥੋੜ੍ਹੇ ਹੀ ਸਮੇਂ ਬਾਅਦ ਉਸ ਦੀ ਵਹੁਟੀ ਉਸ ਨੂੰ ਛੱਡ ਕੇ ਤਿੰਨ ਸਾਲਾਂ ਤਕ ਪੇਕੇ ਚਲੀ ਗਈ। ਜੁਦਾਈ ਦੇ ਉਸ ਸਮੇਂ ਦੌਰਾਨ ਮਿਲਟਨ ਨੇ ਤਲਾਕ ਲੈਣ ਸੰਬੰਧੀ ਕਈ ਟ੍ਰੈਕਟ ਲਿਖੇ ਸਨ। ਯਿਸੂ ਮਸੀਹ ਨੇ ਕਿਹਾ ਸੀ ਕਿ ਤਲਾਕ ਲੈਣ ਦਾ ਆਧਾਰ ਸਿਰਫ਼ ਹਰਾਮਕਾਰੀ ਹੀ ਹੋ ਸਕਦਾ ਹੈ। (ਮੱਤੀ 19:9) ਲੇਕਿਨ, ਮਿਲਟਨ ਦੀ ਸਮਝ ਮੁਤਾਬਕ ਜੇ ਮੀਆਂ-ਬੀਬੀ ਦੀ ਆਪਸ ਵਿਚ ਨਾ ਬਣਦੀ ਹੋਵੇ, ਤਾਂ ਤਲਾਕ ਲੈਣਾ ਗ਼ਲਤ ਨਹੀਂ ਸੀ। ਮਸੀਹੀ ਸਿੱਖਿਆ ਬਾਰੇ ਆਪਣੀ ਕਿਤਾਬ ਵਿਚ ਵੀ ਮਿਲਟਨ ਨੇ ਇਸੇ ਵਿਚਾਰ ਦੀ ਪੁਸ਼ਟੀ ਕੀਤੀ ਸੀ।

ਮਿਲਟਨ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਮਸੀਹੀ ਸਿੱਖਿਆ ਬਾਰੇ ਉਸ ਦੀ ਕਿਤਾਬ ਵਿਚ ਬਾਈਬਲ ਦੀਆਂ ਕਈ ਮਹੱਤਵਪੂਰਣ ਸਿੱਖਿਆਵਾਂ ਸਹੀ ਤਰੀਕੇ ਨਾਲ ਸਮਝਾਈਆਂ ਗਈਆਂ ਹਨ। ਅੱਜ ਵੀ ਉਸ ਦੀ ਇਹ ਕਿਤਾਬ ਪਾਠਕਾਂ ਨੂੰ ਬਾਈਬਲ ਦੇ ਮਾਪਦੰਡ ਮੁਤਾਬਕ ਆਪਣੇ ਵਿਸ਼ਵਾਸਾਂ ਨੂੰ ਜਾਂਚਣ ਲਈ ਮਜਬੂਰ ਕਰਦੀ ਹੈ।

[ਫੁਟਨੋਟ]

^ ਪੈਰਾ 14 ਯੇਲ ਯੂਨੀਵਰਸਿਟੀ ਨੇ 1973 ਵਿਚ ਮਿਲਟਨ ਦੀ ਇਸ ਕਿਤਾਬ ਦਾ ਨਵਾਂ ਤਰਜਮਾ ਛਪਵਾਇਆ ਜੋ ਪਹਿਲਾਂ ਨਾਲੋਂ ਵੀ ਜ਼ਿਆਦਾ ਉਸ ਦੇ ਮੁਢਲੇ ਲਾਤੀਨੀ ਖਰੜੇ ਨਾਲ ਮਿਲਦਾ-ਜੁਲਦਾ ਹੈ।

[ਸਫ਼ਾ 11 ਉੱਤੇ ਤਸਵੀਰ]

ਮਿਲਟਨ ਧਿਆਨ ਨਾਲ ਬਾਈਬਲ ਦੀ ਸਟੱਡੀ ਕਰਦਾ ਸੀ

[ਕ੍ਰੈਡਿਟ ਲਾਈਨ]

Courtesy of The Early Modern Web at Oxford

[ਸਫ਼ਾ 12 ਉੱਤੇ ਤਸਵੀਰ]

“ਫਿਰਦੌਸ ਉੱਜੜ ਗਿਆ” ਨਾਂ ਦੀ ਕਵਿਤਾ ਨੇ ਮਿਲਟਨ ਨੂੰ ਪ੍ਰਸਿੱਧ ਕਰ ਦਿੱਤਾ

[ਕ੍ਰੈਡਿਟ ਲਾਈਨ]

Courtesy of The Early Modern Web at Oxford

[ਸਫ਼ਾ 12 ਉੱਤੇ ਤਸਵੀਰ]

ਮਿਲਟਨ ਦੀ ਆਖ਼ਰੀ ਕਿਤਾਬ 150 ਸਾਲਾਂ ਤਕ ਗੁਆਚੀ ਰਹੀ

[ਕ੍ਰੈਡਿਟ ਲਾਈਨ]

Image courtesy of Rare Books and Special Collections, Thomas Cooper Library, University of South Carolina

[ਸਫ਼ਾ 11 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Image courtesy of Rare Books and Special Collections, Thomas Cooper Library, University of South Carolina