Skip to content

Skip to table of contents

ਕੁਆਰੇ ਰਹਿਣਾ ਇਕ ਦਾਤ ਹੈ

ਕੁਆਰੇ ਰਹਿਣਾ ਇਕ ਦਾਤ ਹੈ

ਕੁਆਰੇ ਰਹਿਣਾ ਇਕ ਦਾਤ ਹੈ

“ਜਿਹੜਾ ਕਬੂਲ ਕਰ ਸੱਕਦਾ ਹੈ ਉਹ ਕਬੂਲ ਕਰੇ।”—ਮੱਤੀ 19:12.

1, 2. (ੳ) ਯਿਸੂ, ਪੌਲੁਸ ਅਤੇ ਦੂਸਰੇ ਕੁਆਰੇਪਣ ਨੂੰ ਕਿਵੇਂ ਵਿਚਾਰਦੇ ਸਨ? (ਅ) ਕੁਝ ਸ਼ਾਇਦ ਕੁਆਰੇਪਣ ਨੂੰ ਦਾਤ ਕਿਉਂ ਨਾ ਸਮਝਣ?

ਵਿਆਹ ਮਨੁੱਖਜਾਤੀ ਨੂੰ ਪਰਮੇਸ਼ੁਰ ਤੋਂ ਮਿਲੀ ਇਕ ਅਨਮੋਲ ਦਾਤ ਹੈ। (ਕਹਾ. 19:14) ਫਿਰ ਵੀ ਕਈ ਅਣਵਿਆਹੇ ਮਸੀਹੀ ਖ਼ੁਸ਼ੀਆਂ ਭਰੀ ਸੰਤੁਸ਼ਟ ਜ਼ਿੰਦਗੀ ਜੀਉਂਦੇ ਹਨ। 95 ਸਾਲਾਂ ਦੇ ਭਰਾ ਹੈਰੋਲਡ ਨੇ ਕਦੇ ਵਿਆਹ ਨਹੀਂ ਕਰਵਾਇਆ। ਉਹ ਕਹਿੰਦਾ ਹੈ: “ਭਾਵੇਂ ਕਿ ਦੂਜਿਆਂ ਨਾਲ ਹੁੰਦਿਆਂ ਅਤੇ ਪਰਾਹੁਣਚਾਰੀ ਕਰਦਿਆਂ ਮੈਂ ਖ਼ੁਸ਼ ਹੁੰਦਾ ਹਾਂ, ਪਰ ਜਦੋਂ ਮੈਂ ਇਕੱਲਾ ਹੁੰਦਾ ਹਾਂ, ਤਾਂ ਮੈਨੂੰ ਕਦੇ ਵੀ ਇਕੱਲਾਪਣ ਮਹਿਸੂਸ ਨਹੀਂ ਹੁੰਦਾ। ਮੇਰੇ ਖ਼ਿਆਲ ਨਾਲ ਮੇਰੇ ਲਈ ਕੁਆਰੇ ਰਹਿਣਾ ਸੱਚ-ਮੁੱਚ ਇਕ ਦਾਤ ਹੈ।”

2 ਦਰਅਸਲ ਯਿਸੂ ਮਸੀਹ ਅਤੇ ਪੌਲੁਸ ਰਸੂਲ ਨੇ ਕੁਆਰੇ ਰਹਿਣ ਬਾਰੇ ਗੱਲ ਕੀਤੀ ਸੀ। ਪੌਲੁਸ ਨੇ ਤਾਂ ਇਸ ਨੂੰ ਵਿਆਹ ਦੀ ਤਰ੍ਹਾਂ ਇਕ ਦਾਤ ਵੀ ਕਿਹਾ ਸੀ। (ਮੱਤੀ 19:11, 12; 1 ਕੁਰਿੰਥੀਆਂ 7:7 ਪੜ੍ਹੋ।) ਪਰ ਮੰਨਣਯੋਗ ਗੱਲ ਇਹ ਹੈ ਕਿ ਜੇ ਕਿਸੇ ਦਾ ਅਜੇ ਵਿਆਹ ਨਹੀਂ ਹੋਇਆ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੇ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਹੈ। ਕਦੇ-ਕਦੇ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਹਨ ਕਿ ਚੰਗਾ ਜੀਵਨ-ਸਾਥੀ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਜਾਂ ਵਿਆਹ ਤੋਂ ਕਈ ਸਾਲਾਂ ਬਾਅਦ ਤਲਾਕ ਜਾਂ ਆਪਣੇ ਜੀਵਨ-ਸਾਥੀ ਦੀ ਮੌਤ ਕਾਰਨ ਅਚਾਨਕ ਕੁਝ ਇਕੱਲੇ ਰਹਿ ਜਾਂਦੇ ਹਨ। ਤਾਂ ਫਿਰ ਕਿਸ ਅਰਥ ਵਿਚ ਕੁਆਰੇ ਜਾਂ ਇਕੱਲੇ ਰਹਿਣਾ ਇਕ ਦਾਤ ਹੋ ਸਕਦੀ ਹੈ? ਅਤੇ ਕੁਆਰੇ ਜਾਂ ਇਕੱਲੇ ਮਸੀਹੀ ਆਪਣੇ ਇਸ ਹਾਲਾਤ ਦੀ ਚੰਗੀ ਵਰਤੋਂ ਕਿਵੇਂ ਕਰ ਸਕਦੇ ਹਨ?

ਅਨੋਖੀ ਦਾਤ

3. ਵਿਆਹ ਨਾ ਕਰਾਉਣ ਵਾਲੇ ਮਸੀਹੀਆਂ ਨੂੰ ਅਕਸਰ ਕਿਹੜੇ ਫ਼ਾਇਦੇ ਹੁੰਦੇ ਹਨ?

3 ਕੁਆਰੇ ਵਿਅਕਤੀ ਕੋਲ ਅਕਸਰ ਵਿਆਹੇ ਵਿਅਕਤੀ ਨਾਲੋਂ ਜ਼ਿਆਦਾ ਸਮਾਂ ਅਤੇ ਆਜ਼ਾਦੀ ਹੁੰਦੀ ਹੈ। (1 ਕੁਰਿੰ. 7:32-35) ਇਨ੍ਹਾਂ ਫ਼ਾਇਦਿਆਂ ਕਰਕੇ ਉਹ ਸ਼ਾਇਦ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾ ਸਕੇ, ਜ਼ਿਆਦਾ ਤੋਂ ਜ਼ਿਆਦਾ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾ ਸਕੇ ਅਤੇ ਯਹੋਵਾਹ ਦੇ ਹੋਰ ਨੇੜੇ ਆ ਸਕੇ। ਇਸ ਲਈ ਕਈ ਮਸੀਹੀਆਂ ਨੇ ਕੁਆਰੇ ਰਹਿਣ ਦੇ ਫ਼ਾਇਦਿਆਂ ਨੂੰ ਦੇਖਿਆ ਹੈ ਅਤੇ ਘੱਟੋ-ਘੱਟ ਕੁਝ ਸਮੇਂ ਲਈ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਹੈ। ਦੂਸਰਿਆਂ ਨੇ ਪਹਿਲਾਂ-ਪਹਿਲਾਂ ਕੁਆਰੇ ਜਾਂ ਇਕੱਲੇ ਰਹਿਣ ਦਾ ਇਰਾਦਾ ਨਹੀਂ ਸੀ ਕੀਤਾ, ਪਰ ਜਦੋਂ ਉਨ੍ਹਾਂ ਦੇ ਹਾਲਾਤ ਬਦਲ ਗਏ, ਤਾਂ ਉਨ੍ਹਾਂ ਨੇ ਪ੍ਰਾਰਥਨਾ ਸਹਿਤ ਆਪਣੀ ਸਥਿਤੀ ਬਾਰੇ ਸੋਚਿਆ ਅਤੇ ਦੇਖਿਆ ਕਿ ਯਹੋਵਾਹ ਦੀ ਮਦਦ ਨਾਲ ਉਹ ਆਪਣੇ ਬਦਲੇ ਹਾਲਾਤਾਂ ਨੂੰ ਕਬੂਲ ਕਰ ਸਕਦੇ ਹਨ ਅਤੇ ਇਕੱਲੇ ਰਹਿ ਸਕਦੇ ਹਨ।

4. ਕੁਆਰੇ ਮਸੀਹੀ ਪਰਮੇਸ਼ੁਰ ਦੀ ਕਲੀਸਿਯਾ ਦਾ ਬਹੁਮੁੱਲਾ ਹਿੱਸਾ ਕਿਉਂ ਹਨ?

4 ਕੁਆਰੇ ਮਸੀਹੀ ਜਾਣਦੇ ਹਨ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਜਾਂ ਉਸ ਦੀ ਸੰਸਥਾ ਵਿਚ ਬਹੁਮੁੱਲੇ ਗਿਣੇ ਜਾਣ ਲਈ ਜ਼ਰੂਰੀ ਨਹੀਂ ਕਿ ਵਿਆਹ ਕਰਾਇਆ ਜਾਵੇ। ਯਹੋਵਾਹ ਸਾਨੂੰ ਇਕੱਲੇ-ਇਕੱਲੇ ਨੂੰ ਪਿਆਰ ਕਰਦਾ ਹੈ। (ਮੱਤੀ 10:29-31) ਕੋਈ ਵੀ ਇਨਸਾਨ ਤੇ ਚੀਜ਼ ਯਹੋਵਾਹ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਨਹੀਂ ਰੋਕ ਸਕਦੀ। (ਰੋਮੀ. 8:38, 39) ਭਾਵੇਂ ਅਸੀਂ ਵਿਆਹੇ ਹੋਏ ਹਾਂ ਜਾਂ ਕੁਆਰੇ, ਅਸੀਂ ਸਾਰੇ ਹੀ ਪਰਮੇਸ਼ੁਰ ਦੀ ਕਲੀਸਿਯਾ ਦਾ ਬਹੁਮੁੱਲਾ ਹਿੱਸਾ ਹਾਂ।

5. ਕੁਆਰੇ ਰਹਿਣ ਦਾ ਪੂਰਾ ਫ਼ਾਇਦਾ ਲੈਣ ਲਈ ਕੀ ਕਰਨ ਦੀ ਲੋੜ ਹੈ?

5 ਫਿਰ ਵੀ ਜਿਸ ਤਰ੍ਹਾਂ ਸੰਗੀਤ ਜਾਂ ਖੇਡਣ ਦੀ ਕਲਾ ਪੈਦਾ ਕਰਨ ਲਈ ਜਤਨ ਕਰਨਾ ਪੈਂਦਾ ਹੈ, ਉਸੇ ਤਰ੍ਹਾਂ ਤੁਹਾਨੂੰ ਕੁਆਰੇ ਰਹਿਣ ਲਈ ਜਤਨ ਕਰਨ ਦੀ ਲੋੜ ਹੈ ਤਾਂਕਿ ਤੁਸੀਂ ਦੇਖ ਸਕੋ ਕਿ ਇਸ ਦਾ ਕਿੰਨਾ ਫ਼ਾਇਦਾ ਹੋ ਸਕਦਾ ਹੈ। ਇਸ ਲਈ ਅੱਜ ਕੁਆਰੇ ਮਸੀਹੀ ਆਪਣੀ ਇਸ ਸਥਿਤੀ ਦਾ ਚੰਗਾ ਇਸਤੇਮਾਲ ਕਿਵੇਂ ਕਰ ਸਕਦੇ ਹਨ, ਭਾਵੇਂ ਉਹ ਭਰਾ ਹਨ ਜਾਂ ਭੈਣਾਂ, ਜਵਾਨ ਜਾਂ ਵੱਡੀ ਉਮਰ ਦੇ, ਉਨ੍ਹਾਂ ਦਾ ਕੁਆਰੇ ਰਹਿਣ ਦਾ ਇਰਾਦਾ ਹੈ ਜਾਂ ਹਾਲਾਤਾਂ ਕਾਰਨ ਕੁਆਰੇ ਹਨ? ਆਓ ਆਪਾਂ ਮੁਢਲੀ ਮਸੀਹੀ ਕਲੀਸਿਯਾ ਵਿੱਚੋਂ ਕੁਝ ਉਤਸ਼ਾਹ ਦੇਣ ਵਾਲੀਆਂ ਮਿਸਾਲਾਂ ਉੱਤੇ ਗੌਰ ਕਰੀਏ ਅਤੇ ਦੇਖੀਏ ਕਿ ਅਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ।

ਜਵਾਨੀ ਵਿਚ ਕੁਆਰੇ ਰਹਿਣਾ

6, 7. (ੳ) ਫ਼ਿਲਿੱਪੁਸ ਦੀਆਂ ਕੁਆਰੀਆਂ ਕੁੜੀਆਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਕਿਹੜਾ ਸਨਮਾਨ ਮਿਲਿਆ? (ਅ) ਕਿਨ੍ਹਾਂ ਤਰੀਕਿਆਂ ਨਾਲ ਤਿਮੋਥਿਉਸ ਨੇ ਆਪਣੇ ਕੁਆਰੇਪਣ ਦੇ ਸਾਲਾਂ ਦਾ ਚੰਗਾ ਇਸਤੇਮਾਲ ਕੀਤਾ ਅਤੇ ਜਵਾਨੀ ਵਿਚ ਖ਼ੁਸ਼ੀ ਨਾਲ ਸੇਵਾ ਕਰਨ ਦਾ ਉਸ ਨੂੰ ਕੀ ਮੇਵਾ ਮਿਲਿਆ?

6 ਪ੍ਰਚਾਰਕ ਫ਼ਿਲਿੱਪੁਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜੋ ਆਪਣੇ ਪਿਤਾ ਵਾਂਗ ਜੋਸ਼ ਨਾਲ ਪ੍ਰਚਾਰ ਕਰਦੀਆਂ ਸਨ। (ਰਸੂ. 21:8, 9) ਅਗੰਮ ਵਾਕ ਕਰਨਾ ਪਵਿੱਤਰ ਸ਼ਕਤੀ ਦੀਆਂ ਚਮਤਕਾਰੀ ਦਾਤਾਂ ਵਿੱਚੋਂ ਇਕ ਸੀ ਅਤੇ ਇਨ੍ਹਾਂ ਕੁੜੀਆਂ ਨੇ ਯੋਏਲ 2:28, 29 ਦੀ ਪੂਰਤੀ ਵਿਚ ਉਸ ਦਾਤ ਨੂੰ ਵਰਤਿਆ।

7 ਨੌਜਵਾਨ ਤਿਮੋਥਿਉਸ ਨੇ ਆਪਣੇ ਕੁਆਰੇਪਣ ਦਾ ਚੰਗਾ ਇਸਤੇਮਾਲ ਕੀਤਾ। ਛੋਟੇ ਹੁੰਦਿਆਂ ਤੋਂ ਹੀ ਉਸ ਨੂੰ ਉਸ ਦੀ ਮਾਂ ਯੂਨੀਕਾ ਅਤੇ ਉਸ ਦੀ ਨਾਨੀ ਲੋਇਸ ਨੇ “ਪਵਿੱਤਰ ਲਿਖਤਾਂ” ਸਿਖਾਈਆਂ ਸਨ। (2 ਤਿਮੋ. 1:5; 3:14, 15) ਪਰ ਹੋ ਸਕਦਾ ਹੈ ਕਿ ਉਨ੍ਹਾਂ ਨੇ ਲਗਭਗ 47 ਈਸਵੀ ਵਿਚ ਮਸੀਹੀ ਧਰਮ ਅਪਣਾਇਆ ਸੀ ਜਦੋਂ ਪੌਲੁਸ ਨੇ ਪਹਿਲੀ ਵਾਰ ਉਨ੍ਹਾਂ ਦੇ ਸ਼ਹਿਰ ਲੁਸਤ੍ਰਾ ਦਾ ਦੌਰਾ ਕੀਤਾ ਸੀ। ਦੋ ਸਾਲਾਂ ਬਾਅਦ ਪੌਲੁਸ ਜਦੋਂ ਦੂਜੀ ਵਾਰ ਉੱਥੇ ਗਿਆ, ਉਦੋਂ ਤਿਮੋਥਿਉਸ ਸ਼ਾਇਦ 19-20 ਸਾਲਾਂ ਦਾ ਸੀ। ਉਮਰ ਅਤੇ ਸੱਚਾਈ ਵਿਚ ਨਿਆਣਾ ਹੋਣ ਦੇ ਬਾਵਜੂਦ ਲੁਸਤ੍ਰਾ ਅਤੇ ਨੇੜੇ ਦੀ ਇਕੋਨਿਯੁਮ ਕਲੀਸਿਯਾ ਦੇ ਮਸੀਹੀ ਬਜ਼ੁਰਗਾਂ ਨੇ ਉਸ ਬਾਰੇ ਚੰਗੀ ਰਿਪੋਰਟ ਦਿੱਤੀ ਸੀ। (ਰਸੂ. 16:1, 2) ਇਸ ਲਈ ਪੌਲੁਸ ਨੇ ਤਿਮੋਥਿਉਸ ਨੂੰ ਆਪਣੇ ਨਾਲ ਸਫ਼ਰ ਕਰਨ ਦਾ ਸੱਦਾ ਦਿੱਤਾ। (1 ਤਿਮੋ. 1:18; 4:14) ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਤਿਮੋਥਿਉਸ ਨੇ ਕਦੇ ਵਿਆਹ ਨਹੀਂ ਕੀਤਾ। ਪਰ ਅਸੀਂ ਜਾਣਦੇ ਹਾਂ ਕਿ ਜਵਾਨੀ ਵਿਚ ਉਸ ਨੇ ਖ਼ੁਸ਼ੀ ਨਾਲ ਪੌਲੁਸ ਦਾ ਸੱਦਾ ਸਵੀਕਾਰ ਕੀਤਾ ਅਤੇ ਉਸ ਤੋਂ ਬਾਅਦ ਕਈ ਸਾਲਾਂ ਤਾਈਂ ਉਸ ਨੇ ਕੁਆਰਾ ਰਹਿ ਕੇ ਮਿਸ਼ਨਰੀ ਅਤੇ ਨਿਗਾਹਬਾਨ ਵਜੋਂ ਸੇਵਾ ਕੀਤੀ।—ਫ਼ਿਲਿ. 2:20-22.

8. ਸੱਚਾਈ ਵਿਚ ਟੀਚੇ ਰੱਖਣ ਲਈ ਕਿਹੜੀ ਗੱਲ ਨੇ ਯੂਹੰਨਾ ਉਰਫ਼ ਮਰਕੁਸ ਦੀ ਮਦਦ ਕੀਤੀ ਅਤੇ ਇਸ ਕਾਰਨ ਉਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

8 ਯੂਹੰਨਾ ਉਰਫ਼ ਮਰਕੁਸ ਨੇ ਵੀ ਜਵਾਨੀ ਵਿਚ ਆਪਣੇ ਕੁਆਰੇਪਣ ਦੇ ਸਾਲਾਂ ਦਾ ਚੰਗਾ ਇਸਤੇਮਾਲ ਕੀਤਾ। ਉਹ ਅਤੇ ਉਸ ਦੀ ਮਾਤਾ ਮਰਿਯਮ ਤੇ ਉਸ ਦਾ ਰਿਸ਼ਤੇਦਾਰ ਬਰਨਬਾਸ ਯਰੂਸ਼ਲਮ ਕਲੀਸਿਯਾ ਦੇ ਮੁਢਲੇ ਮੈਂਬਰ ਸਨ। ਮਰਕੁਸ ਦਾ ਪਰਿਵਾਰ ਸ਼ਾਇਦ ਰੱਜਿਆ-ਪੁੱਜਿਆ ਸੀ ਕਿਉਂਕਿ ਸ਼ਹਿਰ ਵਿਚ ਉਨ੍ਹਾਂ ਦਾ ਆਪਣਾ ਘਰ ਸੀ ਅਤੇ ਇਕ ਨੌਕਰਾਣੀ ਸੀ। (ਰਸੂ. 12:12, 13) ਪਰ ਇਹ ਸਭ ਹੋਣ ਦੇ ਬਾਵਜੂਦ ਮਰਕੁਸ ਨੌਜਵਾਨ ਹੁੰਦਿਆਂ ਹੋਇਆਂ ਵੀ ਐਸ਼ੋ-ਆਰਾਮ ਦੀ ਜ਼ਿੰਦਗੀ ਨਹੀਂ ਜੀਉਂਦਾ ਸੀ ਜਾਂ ਆਪਣੇ ਬਾਰੇ ਹੀ ਨਹੀਂ ਸੋਚਦਾ ਸੀ। ਨਾ ਹੀ ਉਸ ਨੇ ਸੋਚਿਆ ਕਿ ਉਹ ਆਪਣਾ ਪਰਿਵਾਰ ਬਣਾਵੇਗਾ ਅਤੇ ਇਕ ਜਗ੍ਹਾ ਰਹਿ ਕੇ ਸੁਖ-ਸਹੂਲਤਾਂ ਭਰੀ ਜ਼ਿੰਦਗੀ ਜੀਵੇਗਾ। ਰਸੂਲਾਂ ਨਾਲ ਸੰਗਤ ਕਰ ਕੇ ਉਸ ਵਿਚ ਮਿਸ਼ਨਰੀ ਸੇਵਾ ਕਰਨ ਦੀ ਇੱਛਾ ਪੈਦਾ ਹੋਈ। ਇਸ ਲਈ ਉਹ ਖ਼ੁਸ਼ੀ-ਖ਼ੁਸ਼ੀ ਪੌਲੁਸ ਅਤੇ ਬਰਨਬਾਸ ਨਾਲ ਪਹਿਲੇ ਮਿਸ਼ਨਰੀ ਦੌਰੇ ਤੇ ਗਿਆ ਅਤੇ ਉਨ੍ਹਾਂ ਦੀ ਸੇਵਾ ਕੀਤੀ। (ਰਸੂ. 13:5) ਬਾਅਦ ਵਿਚ ਉਹ ਬਰਨਬਾਸ ਨਾਲ ਦੌਰੇ ਤੇ ਗਿਆ ਅਤੇ ਫੇਰ ਅਸੀਂ ਦੇਖਦੇ ਹਾਂ ਕਿ ਉਹ ਬਾਬਲ ਵਿਚ ਪਤਰਸ ਨਾਲ ਸੇਵਾ ਕਰ ਰਿਹਾ ਸੀ। (ਰਸੂ. 15:39; 1 ਪਤ. 5:13) ਅਸੀਂ ਨਹੀਂ ਜਾਣਦੇ ਕਿ ਮਰਕੁਸ ਕਿੰਨੀ ਦੇਰ ਕੁਆਰਾ ਰਿਹਾ। ਪਰ ਉਸ ਵੇਲੇ ਸਾਰਿਆਂ ਨੂੰ ਪਤਾ ਸੀ ਕਿ ਮਰਕੁਸ ਦੂਜਿਆਂ ਦੀ ਟਹਿਲ ਕਰਨ ਅਤੇ ਪਰਮੇਸ਼ੁਰ ਦੀ ਸੇਵਾ ਵਧ-ਚੜ੍ਹ ਕੇ ਕਰਨ ਲਈ ਤਿਆਰ-ਬਰ-ਤਿਆਰ ਰਹਿੰਦਾ ਸੀ।

9, 10. ਵਧ-ਚੜ੍ਹ ਕੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਅੱਜ ਕੁਆਰੇ ਨੌਜਵਾਨ ਮਸੀਹੀਆਂ ਕੋਲ ਕਿਹੜੇ ਮੌਕੇ ਹਨ? ਉਦਾਹਰਣ ਦਿਓ।

9 ਅੱਜ ਕਲੀਸਿਯਾ ਵਿਚ ਕਈ ਨੌਜਵਾਨ ਆਪਣੇ ਕੁਆਰੇਪਣ ਦੇ ਸਾਲਾਂ ਨੂੰ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਸੇਵਾ ਵਧ-ਚੜ੍ਹ ਕੇ ਕਰਨ ਵਿਚ ਗੁਜ਼ਾਰਦੇ ਹਨ। ਉਹ ਮਰਕੁਸ ਅਤੇ ਤਿਮੋਥਿਉਸ ਦੀ ਤਰ੍ਹਾਂ ਜਾਣਦੇ ਹਨ ਕਿ ਕੁਆਰੇ ਹੋਣ ਕਾਰਨ ਉਹ ਬਿਨਾਂ ਧਿਆਨ ਭਟਕੇ ‘ਪ੍ਰਭੁ ਦੀ ਸੇਵਾ ਵਿੱਚ ਲੱਗੇ ਰਹਿ’ ਸਕਦੇ ਹਨ। (1 ਕੁਰਿੰ. 7:35) ਇਸ ਤਰ੍ਹਾਂ ਕਰਨ ਦਾ ਸੱਚ-ਮੁੱਚ ਬਹੁਤ ਫ਼ਾਇਦਾ ਹੁੰਦਾ ਹੈ। ਸਾਨੂੰ ਪਾਇਨੀਅਰਿੰਗ ਕਰਨ, ਜ਼ਿਆਦਾ ਲੋੜ ਵਾਲੀਆਂ ਥਾਵਾਂ ਤੇ ਪ੍ਰਚਾਰ ਕਰਨ, ਕੋਈ ਹੋਰ ਭਾਸ਼ਾ ਸਿੱਖਣ, ਕਿੰਗਡਮ ਹਾਲ ਜਾਂ ਬ੍ਰਾਂਚ ਆਫ਼ਿਸ ਬਣਾਉਣ ਵਿਚ ਮਦਦ ਕਰਨ, ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਜਾਣ ਅਤੇ ਬੈਥਲ ਵਿਚ ਸੇਵਾ ਕਰਨ ਦੇ ਮੌਕੇ ਮਿਲਦੇ ਹਨ। ਜੇ ਤੁਸੀਂ ਹਾਲੇ ਜਵਾਨ ਅਤੇ ਅਣਵਿਆਹੇ ਹੋ, ਤਾਂ ਕੀ ਤੁਸੀਂ ਇਨ੍ਹਾਂ ਮੌਕਿਆਂ ਦਾ ਫ਼ਾਇਦਾ ਉਠਾ ਰਹੇ ਹੋ?

10 ਮਾਰਕ ਨਾਂ ਦੇ ਭਰਾ ਨੇ 18-19 ਸਾਲਾਂ ਦੀ ਉਮਰ ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ ਸੀ। ਬਾਅਦ ਵਿਚ ਉਹ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਗਿਆ ਅਤੇ ਦੁਨੀਆਂ ਭਰ ਵਿਚ ਵੱਖੋ-ਵੱਖਰੇ ਤਰੀਕਿਆਂ ਨਾਲ ਸੇਵਾ ਕੀਤੀ। ਆਪਣੀ 25 ਸਾਲਾਂ ਦੀ ਫੁੱਲ-ਟਾਈਮ ਸੇਵਾ ਉੱਤੇ ਝਾਤ ਮਾਰਦਿਆਂ ਉਹ ਕਹਿੰਦਾ ਹੈ: “ਮੈਂ ਕਲੀਸਿਯਾ ਵਿਚ ਹਰ ਕਿਸੇ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਉਨ੍ਹਾਂ ਨਾਲ ਪ੍ਰਚਾਰ ਕਰਦਾ ਸੀ, ਉਨ੍ਹਾਂ ਦੇ ਘਰ ਮਿਲਣ ਜਾਂਦਾ ਸੀ, ਉਨ੍ਹਾਂ ਨੂੰ ਆਪਣੇ ਘਰ ਖਾਣੇ ਤੇ ਬੁਲਾਉਂਦਾ ਸੀ ਅਤੇ ਭੈਣਾਂ-ਭਰਾਵਾਂ ਨਾਲ ਸੰਗਤ ਕਰਨ ਦਾ ਇੰਤਜ਼ਾਮ ਕਰਦਾ ਸੀ ਜਿਸ ਤੋਂ ਇਕ-ਦੂਜੇ ਨੂੰ ਹੌਸਲਾ ਮਿਲਦਾ ਸੀ। ਇਹ ਸਭ ਕੁਝ ਕਰਨ ਨਾਲ ਮੈਨੂੰ ਬਹੁਤ ਖ਼ੁਸ਼ੀ ਮਿਲੀ।” ਮਾਰਕ ਦੀ ਇਸ ਟਿੱਪਣੀ ਤੋਂ ਪਤਾ ਲੱਗਦਾ ਹੈ ਕਿ ਜ਼ਿੰਦਗੀ ਵਿਚ ਵੱਡੀ ਖ਼ੁਸ਼ੀ ਦੇਣ ਨਾਲ ਮਿਲਦੀ ਹੈ ਅਤੇ ਪਵਿੱਤਰ ਸੇਵਾ ਵਿਚ ਜ਼ਿੰਦਗੀ ਲਾਉਣ ਨਾਲ ਦੂਜਿਆਂ ਨੂੰ ਕੁਝ ਨਾ ਕੁਝ ਦੇਣ ਦੇ ਕਈ ਮੌਕੇ ਮਿਲਦੇ ਹਨ। (ਰਸੂ. 20:35) ਇਸ ਤਰ੍ਹਾਂ ਨੌਜਵਾਨੋ ਤੁਹਾਡੇ ਲਈ ਅੱਜ ਪ੍ਰਭੂ ਦੇ ਕੰਮ ਵਿਚ ਕਾਫ਼ੀ ਕੁਝ ਕਰਨ ਨੂੰ ਹੈ, ਭਾਵੇਂ ਤੁਹਾਡੀਆਂ ਜੋ ਮਰਜ਼ੀ ਰੁਚੀਆਂ, ਹੁਨਰ ਜਾਂ ਜ਼ਿੰਦਗੀ ਵਿਚ ਤਜਰਬਾ ਹੋਵੇ।—1 ਕੁਰਿੰ. 15:58.

11. ਵਿਆਹ ਕਰਾਉਣ ਵਿਚ ਜਲਦਬਾਜ਼ੀ ਨਾ ਕਰਨ ਦੇ ਕਿਹੜੇ ਕੁਝ ਫ਼ਾਇਦੇ ਹਨ?

11 ਭਾਵੇਂ ਕਿ ਜ਼ਿਆਦਾਤਰ ਨੌਜਵਾਨ ਇਕ ਨਾ ਇਕ ਦਿਨ ਵਿਆਹ ਕਰਾਉਣਾ ਚਾਹੁੰਦੇ ਹਨ, ਫਿਰ ਵੀ ਉਨ੍ਹਾਂ ਨੂੰ ਵਿਆਹ ਕਰਾਉਣ ਵਿਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਪੌਲੁਸ ਨੇ ਨੌਜਵਾਨਾਂ ਨੂੰ ਜੁਆਨੀ ਦੀ ਉਹ ਉਮਰ ਲੰਘ ਜਾਣ ਤਕ ਉਡੀਕ ਕਰਨ ਲਈ ਕਿਹਾ ਜਦੋਂ ਕਾਮੁਕ ਇੱਛਾਵਾਂ ਜ਼ਬਰਦਸਤ ਹੁੰਦੀਆਂ ਹਨ। (1 ਕੁਰਿੰ. 7:36) ਆਪਣੇ ਆਪ ਨੂੰ ਸਮਝਣ ਅਤੇ ਜ਼ਿੰਦਗੀ ਵਿਚ ਤਜਰਬਾ ਹਾਸਲ ਕਰਨ ਲਈ ਸਮਾਂ ਲੱਗਦਾ ਹੈ ਜੋ ਕਿ ਸਹੀ ਜੀਵਨ-ਸਾਥੀ ਚੁਣਨ ਲਈ ਲੋੜੀਂਦਾ ਹੈ। ਵਿਆਹ ਦੀ ਸੌਂਹ ਖਾਣੀ ਬਹੁਤ ਗੰਭੀਰ ਫ਼ੈਸਲਾ ਹੈ ਜੋ ਕਿ ਉਮਰ ਭਰ ਲਈ ਨਿਭਾਉਣੀ ਚਾਹੀਦੀ ਹੈ।—ਉਪ. 5:2-5.

ਇਕੱਲੇ ਰਹਿ ਗਏ ਭੈਣ-ਭਰਾ

12. (ੳ) ਵਿਧਵਾ ਆੱਨਾ ਨੇ ਆਪਣੇ ਬਦਲੇ ਹਾਲਾਤਾਂ ਨਾਲ ਕਿਵੇਂ ਸਿੱਝਿਆ? (ਅ) ਉਸ ਨੂੰ ਕਿਹੜਾ ਸਨਮਾਨ ਮਿਲਿਆ?

12 ਲੂਕਾ ਦੀ ਇੰਜੀਲ ਵਿਚ ਜ਼ਿਕਰ ਕੀਤੀ ਆੱਨਾ ਬਹੁਤ ਦੁਖੀ ਹੋਈ ਹੋਣੀ ਜਦੋਂ ਵਿਆਹ ਤੋਂ ਸਿਰਫ਼ ਸੱਤ ਸਾਲਾਂ ਬਾਅਦ ਉਸ ਦੇ ਪਤੀ ਦੀ ਅਚਾਨਕ ਮੌਤ ਹੋ ਗਈ। ਸਾਨੂੰ ਪਤਾ ਨਹੀਂ ਹੈ ਕਿ ਉਹ ਦੇ ਕੋਈ ਬੱਚਾ ਸੀ ਕਿ ਨਹੀਂ ਜਾਂ ਉਸ ਨੇ ਕਦੇ ਦੁਬਾਰਾ ਵਿਆਹ ਕਰਨ ਬਾਰੇ ਸੋਚਿਆ ਸੀ ਕਿ ਨਹੀਂ। ਪਰ ਬਾਈਬਲ ਕਹਿੰਦੀ ਹੈ ਕਿ 84 ਸਾਲਾਂ ਦੀ ਉਮਰ ਤੇ ਆੱਨਾ ਹਾਲੇ ਵੀ ਵਿਧਵਾ ਸੀ। ਬਾਈਬਲ ਉਸ ਬਾਰੇ ਜੋ ਵੀ ਕਹਿੰਦੀ ਹੈ, ਉਸ ਤੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਆੱਨਾ ਨੇ ਆਪਣੇ ਬਦਲੇ ਹਾਲਾਤਾਂ ਨੂੰ ਯਹੋਵਾਹ ਦੇ ਹੋਰ ਕਰੀਬ ਆਉਣ ਲਈ ਵਰਤਿਆ। ਉਹ “ਹੈਕਲ ਨੂੰ ਨਾ ਛੱਡਦੀ ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ।” (ਲੂਕਾ 2:36, 37) ਇਸ ਲਈ ਉਸ ਨੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿੱਤੀ। ਇਸ ਤਰ੍ਹਾਂ ਕਰਨ ਲਈ ਉਸ ਨੂੰ ਪੱਕਾ ਇਰਾਦਾ ਅਤੇ ਜਤਨ ਕਰਨ ਦੀ ਲੋੜ ਸੀ, ਪਰ ਇਸ ਕਾਰਨ ਉਸ ਨੂੰ ਬਹੁਤ ਵੱਡੀ ਬਰਕਤ ਮਿਲੀ। ਉਸ ਨੂੰ ਨੰਨ੍ਹੇ ਯਿਸੂ ਨੂੰ ਦੇਖਣ ਅਤੇ ਉਸ ਛੁਟਕਾਰੇ ਬਾਰੇ ਦੂਜਿਆਂ ਨੂੰ ਦੱਸਣ ਦਾ ਸਨਮਾਨ ਮਿਲਿਆ ਜੋ ਇਸ ਮਸੀਹਾ ਰਾਹੀਂ ਮਿਲਣਾ ਸੀ।—ਲੂਕਾ 2:38.

13. (ੳ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਦੋਰਕਸ ਕਲੀਸਿਯਾ ਵਿਚ ਜੋਸ਼ ਨਾਲ ਸੇਵਾ ਕਰਦੀ ਸੀ? (ਅ) ਦੋਰਕਸ ਨੂੰ ਆਪਣੀ ਭਲਿਆਈ ਅਤੇ ਦਰਿਆ-ਦਿਲੀ ਦਾ ਕੀ ਫਲ ਮਿਲਿਆ?

13 ਦੋਰਕਸ ਜਾਂ ਤਬਿਥਾ ਨਾਂ ਦੀ ਔਰਤ ਯਾੱਪਾ ਵਿੱਚ ਰਹਿੰਦੀ ਸੀ ਜੋ ਯਰੂਸ਼ਲਮ ਦੀ ਪ੍ਰਾਚੀਨ ਉੱਤਰ-ਪੱਛਮੀ ਬੰਦਰਗਾਹ ਤੇ ਸਥਿਤ ਸੀ। ਬਾਈਬਲ ਉਸ ਦੇ ਪਤੀ ਦਾ ਕੋਈ ਜ਼ਿਕਰ ਨਹੀਂ ਕਰਦੀ, ਇਸ ਲਈ ਲੱਗਦਾ ਹੈ ਕਿ ਉਹ ਉਸ ਵੇਲੇ ਕੁਆਰੀ ਸੀ। ਦੋਰਕਸ “ਸ਼ੁਭ ਕਰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ।” ਉਸ ਨੇ ਲੋੜਵੰਦ ਵਿਧਵਾਵਾਂ ਅਤੇ ਹੋਰਨਾਂ ਲਈ ਕਈ ਕੱਪੜੇ ਬਣਾਏ ਜਿਸ ਕਰਕੇ ਦੂਸਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ। ਇਸ ਲਈ ਜਦੋਂ ਉਹ ਅਚਾਨਕ ਬੀਮਾਰ ਹੋ ਗਈ ਤੇ ਮਰ ਗਈ, ਤਾਂ ਸਾਰੀ ਕਲੀਸਿਯਾ ਨੇ ਪਤਰਸ ਨੂੰ ਸੱਦਾ ਘੱਲ ਕੇ ਬੁਲਾਇਆ ਅਤੇ ਆਪਣੀ ਪਿਆਰੀ ਭੈਣ ਨੂੰ ਜ਼ਿੰਦਾ ਕਰਨ ਲਈ ਤਰਲੇ ਕੀਤੇ। ਉਸ ਦੇ ਜ਼ਿੰਦਾ ਹੋਣ ਦੀ ਖ਼ਬਰ ਸਾਰੇ ਯਾੱਪਾ ਵਿਚ ਫੈਲ ਗਈ ਜਿਸ ਕਰਕੇ ਬਹੁਤ ਸਾਰੇ ਲੋਕ ਮਸੀਹੀ ਬਣ ਗਏ। (ਰਸੂ. 9:36-42) ਦੋਰਕਸ ਨੇ ਆਪ ਵੀ ਸ਼ਾਇਦ ਆਪਣੀ ਦਰਿਆ-ਦਿਲੀ ਦੇ ਜ਼ਰੀਏ ਇਨ੍ਹਾਂ ਵਿੱਚੋਂ ਕੁਝ ਜਣਿਆਂ ਦੀ ਮਦਦ ਕੀਤੀ ਹੋਵੇਗੀ।

14. ਕਿਸ ਗੱਲ ਕਾਰਨ ਕੁਆਰੇ ਜਾਂ ਇਕੱਲੇ ਮਸੀਹੀ ਯਹੋਵਾਹ ਦੇ ਹੋਰ ਕਰੀਬ ਹੁੰਦੇ ਹਨ?

14 ਆੱਨਾ ਅਤੇ ਦੋਰਕਸ ਵਾਂਗ ਕਲੀਸਿਯਾ ਵਿਚ ਕਈ ਆਪਣੀ ਬਾਅਦ ਦੀ ਜ਼ਿੰਦਗੀ ਦੇ ਸਾਲਾਂ ਵਿਚ ਹਾਲੇ ਵੀ ਕੁਆਰੇ ਹਨ ਜਾਂ ਇਕੱਲੇ ਰਹਿ ਗਏ ਹਨ। ਕੁਝ ਨੂੰ ਸ਼ਾਇਦ ਸਹੀ ਜੀਵਨ-ਸਾਥੀ ਨਹੀਂ ਮਿਲਿਆ। ਦੂਸਰਿਆਂ ਦਾ ਤਲਾਕ ਹੋ ਗਿਆ ਹੈ ਜਾਂ ਉਨ੍ਹਾਂ ਦੇ ਪਤੀ ਜਾਂ ਪਤਨੀ ਦੀ ਮੌਤ ਹੋ ਗਈ ਹੈ। ਇਸ ਲਈ ਦਿਲ ਦੀ ਗੱਲ ਸੁਣਨ ਲਈ ਜੀਵਨ-ਸਾਥੀ ਨਾ ਹੋਣ ਕਾਰਨ, ਕੁਆਰੇ ਜਾਂ ਇਕੱਲੇ ਮਸੀਹੀ ਅਕਸਰ ਯਹੋਵਾਹ ਉੱਤੇ ਜ਼ਿਆਦਾ ਭਰੋਸਾ ਰੱਖਣਾ ਸਿੱਖਦੇ ਹਨ। (ਕਹਾ. 16:3) ਸਿਲਵੀਆ ਇਸ ਗੱਲ ਨੂੰ ਬਰਕਤ ਸਮਝਦੀ ਹੈ ਜਿਸ ਨੇ 38 ਤੋਂ ਜ਼ਿਆਦਾ ਸਾਲ ਬੈਥਲ ਵਿਚ ਸੇਵਾ ਕੀਤੀ ਹੈ। ਉਹ ਮੰਨਦੀ ਹੈ: “ਮੈਂ ਹੋਰਨਾਂ ਨੂੰ ਹੌਸਲਾ ਦੇ-ਦੇ ਕੇ ਕਦੇ-ਕਦੇ ਆਪ ਹੀ ਥੱਕ ਜਾਂਦੀ ਹਾਂ। ਮੈਂ ਸੋਚਣ ਲੱਗ ਪੈਂਦੀ ਹਾਂ ਕਿ ਮੈਨੂੰ ਕੌਣ ਹੌਸਲਾ ਦੇਵੇਗਾ?” ਪਰ ਅੱਗੋਂ ਉਹ ਕਹਿੰਦੀ ਹੈ: “ਮੈਨੂੰ ਭਰੋਸਾ ਹੈ ਕਿ ਯਹੋਵਾਹ ਮੇਰੇ ਨਾਲੋਂ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੈਨੂੰ ਕਿਸ ਚੀਜ਼ ਦੀ ਲੋੜ ਹੈ ਜਿਸ ਕਰਕੇ ਮੈਂ ਉਸ ਦੇ ਹੋਰ ਕਰੀਬ ਹੁੰਦੀ ਹਾਂ। ਮੈਨੂੰ ਹਮੇਸ਼ਾ ਹੌਸਲਾ ਮਿਲਦਾ ਹੈ, ਕਦੇ-ਕਦੇ ਅਜਿਹੇ ਜ਼ਰੀਏ ਮਿਲਦਾ ਹੈ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ।” ਜਦੋਂ ਵੀ ਅਸੀਂ ਯਹੋਵਾਹ ਦੇ ਹੋਰ ਨੇੜੇ ਜਾਂਦੇ ਹਾਂ, ਉਹ ਹਮੇਸ਼ਾ ਸਭ ਤੋਂ ਕੋਮਲ ਅਤੇ ਭਰੋਸੇਯੋਗ ਤਰੀਕੇ ਨਾਲ ਸਾਡੀ ਮਦਦ ਕਰਦਾ ਹੈ।

15. ਕੁਆਰੇ ਮਸੀਹੀ ਜ਼ਿਆਦਾ ਤੋਂ ਜ਼ਿਆਦਾ ਪਿਆਰ ਕਿਵੇਂ ਦਿਖਾ ਸਕਦੇ ਹਨ?

15 ਕੁਆਰੇ ਹੋਣ ਕਰਕੇ ਤੁਹਾਡੇ ਕੋਲ ਜ਼ਿਆਦਾ ਲੋਕਾਂ ਨੂੰ ਪਿਆਰ ਦਿਖਾਉਣ ਦਾ ਖ਼ਾਸ ਮੌਕਾ ਹੁੰਦਾ ਹੈ। (2 ਕੁਰਿੰਥੀਆਂ 6:11-13 ਪੜ੍ਹੋ।) ਕੁਆਰੀ ਭੈਣ ਜੋਲੀਨ, ਜਿਸ ਨੇ 34 ਤੋਂ ਜ਼ਿਆਦਾ ਸਾਲ ਫੁੱਲ-ਟਾਈਮ ਸੇਵਾ ਕੀਤੀ ਹੈ, ਕਹਿੰਦੀ ਹੈ: “ਮੈਂ ਨਾ ਸਿਰਫ਼ ਆਪਣੀ ਉਮਰ ਦੇ ਲੋਕਾਂ, ਸਗੋਂ ਹਰ ਉਮਰ ਦੇ ਲੋਕਾਂ ਨੂੰ ਪੱਕੇ ਦੋਸਤ ਬਣਾਉਣ ਲਈ ਸਖ਼ਤ ਜਤਨ ਕੀਤਾ ਹੈ। ਕੁਆਰੇ ਹੋਣ ਕਰਕੇ ਸਾਡੇ ਕੋਲ ਯਹੋਵਾਹ, ਆਪਣੇ ਪਰਿਵਾਰ, ਆਪਣੇ ਭੈਣਾਂ-ਭਰਾਵਾਂ ਅਤੇ ਗੁਆਂਢੀਆਂ ਨੂੰ ਦੇਣ ਦਾ ਚੰਗਾ ਮੌਕਾ ਹੁੰਦਾ ਹੈ। ਜਿੱਦਾਂ-ਜਿੱਦਾਂ ਮੇਰੀ ਉਮਰ ਵਧਦੀ ਜਾ ਰਹੀ ਹੈ, ਮੈਂ ਹੋਰ ਵੀ ਖ਼ੁਸ਼ ਹੁੰਦੀ ਹਾਂ ਕਿ ਕੁਆਰੀ ਹੋਣ ਕਰਕੇ ਮੈਂ ਇਹ ਸਭ ਕੁਝ ਕਰ ਸਕਦੀ ਹਾਂ।” ਕਲੀਸਿਯਾ ਵਿਚ ਬਿਰਧ, ਬੀਮਾਰ, ਇਕੱਲੀ ਮਾਂ ਜਾਂ ਬਾਪ, ਨੌਜਵਾਨ ਅਤੇ ਹੋਰ ਭੈਣ-ਭਰਾ ਇਹੋ ਜਿਹੇ ਮਦਦ ਕਰਨ ਵਾਲੇ ਕੁਆਰੇ ਭੈਣਾਂ-ਭਰਾਵਾਂ ਦੀ ਸੱਚ-ਮੁੱਚ ਕਦਰ ਕਰਦੇ ਹਨ। ਵਾਕਈ, ਜਦੋਂ ਵੀ ਅਸੀਂ ਦੂਜਿਆਂ ਨੂੰ ਪਿਆਰ ਦਿਖਾਉਂਦੇ ਹਾਂ, ਤਾਂ ਸਾਨੂੰ ਚੰਗਾ ਲੱਗਦਾ ਹੈ। ਕੀ ਤੁਸੀਂ ਵੀ ਦੂਜਿਆਂ ਨਾਲ ਪਿਆਰ ਕਰਨ ਲਈ “ਖੁਲ੍ਹੇ ਦਿਲ” ਵਾਲੇ ਹੋ ਸਕਦੇ ਹੋ?

ਉਮਰ ਭਰ ਲਈ ਕੁਆਰੇ ਰਹਿਣਾ

16. (ੳ) ਯਿਸੂ ਨੇ ਸਾਰੀ ਉਮਰ ਵਿਆਹ ਕਿਉਂ ਨਹੀਂ ਕਰਾਇਆ? (ਅ) ਦੁਬਾਰਾ ਵਿਆਹ ਨਾ ਕਰਾ ਕੇ ਪੌਲੁਸ ਕੀ ਕੁਝ ਕਰ ਸਕਿਆ?

16 ਯਿਸੂ ਨੇ ਵਿਆਹ ਨਹੀਂ ਕਰਾਇਆ। ਉਸ ਨੇ ਸੇਵਕਾਈ ਦੀ ਤਿਆਰੀ ਕਰਨੀ ਸੀ ਅਤੇ ਆਪਣੇ ਇਸ ਕੰਮ ਨੂੰ ਪੂਰਾ ਕਰਨਾ ਸੀ। ਉਹ ਦੂਰ-ਦੂਰ ਦਾ ਸਫ਼ਰ ਕਰਦਾ ਸੀ, ਤੜਕੇ ਤੋਂ ਸ਼ੁਰੂ ਹੋ ਕੇ ਦੇਰ ਰਾਤ ਤਕ ਕੰਮ ਕਰਦਾ ਰਹਿੰਦਾ ਸੀ ਅਤੇ ਆਖ਼ਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਕੁਆਰਾ ਹੋਣ ਕਰਕੇ ਉਹ ਇਹ ਸਭ ਕਰ ਸਕਿਆ। ਪੌਲੁਸ ਰਸੂਲ ਨੇ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕੀਤਾ ਅਤੇ ਪ੍ਰਚਾਰ ਕਰਦਿਆਂ ਵੱਡੀਆਂ-ਵੱਡੀਆਂ ਮੁਸੀਬਤਾਂ ਝੱਲੀਆਂ। (2 ਕੁਰਿੰ. 11:23-27) ਭਾਵੇਂ ਕਿ ਪੌਲੁਸ ਪਹਿਲਾਂ ਸ਼ਾਇਦ ਵਿਆਹਿਆ ਹੋਇਆ ਸੀ, ਪਰ ਰਸੂਲ ਵਜੋਂ ਕੰਮ ਮਿਲਣ ਤੋਂ ਬਾਅਦ ਉਸ ਨੇ ਦੁਬਾਰਾ ਵਿਆਹ ਨਾ ਕਰਾਉਣ ਦਾ ਫ਼ੈਸਲਾ ਕੀਤਾ। (1 ਕੁਰਿੰ. 7:7, 8; 9:5) ਪ੍ਰਚਾਰ ਦੀ ਖ਼ਾਤਰ ਯਿਸੂ ਅਤੇ ਪੌਲੁਸ ਨੇ ਹੋਰਨਾਂ ਨੂੰ ਆਪਣੀ ਮਿਸਾਲ ਉੱਤੇ ਚੱਲਣ ਲਈ ਉਤਸ਼ਾਹਿਤ ਕੀਤਾ। ਪਰ ਦੋਹਾਂ ਵਿੱਚੋਂ ਕਿਸੇ ਨੇ ਵੀ ਇਹ ਮੰਗ ਨਹੀਂ ਰੱਖੀ ਕਿ ਪਰਮੇਸ਼ੁਰ ਦੇ ਸੇਵਕਾਂ ਨੂੰ ਕੁਆਰੇ ਰਹਿਣਾ ਚਾਹੀਦਾ ਹੈ।—1 ਤਿਮੋ. 4:1-3.

17. ਅੱਜ ਕਿਵੇਂ ਕੁਝ ਜਣੇ ਯਿਸੂ ਅਤੇ ਪੌਲੁਸ ਦੀ ਮਿਸਾਲ ਉੱਤੇ ਚੱਲੇ ਹਨ ਅਤੇ ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਅਜਿਹੇ ਬਲੀਦਾਨ ਕਰਨ ਵਾਲਿਆਂ ਦੀ ਯਹੋਵਾਹ ਕਦਰ ਕਰਦਾ ਹੈ?

17 ਅੱਜ ਵੀ ਕੁਝ ਜਣਿਆਂ ਨੇ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਹੈ ਤਾਂਕਿ ਉਹ ਚੰਗੀ ਤਰ੍ਹਾਂ ਪਰਮੇਸ਼ੁਰ ਦੀ ਸੇਵਾ ਕਰ ਸਕਣ। ਪਹਿਲਾਂ ਜ਼ਿਕਰ ਕੀਤੇ ਹੈਰੋਲਡ ਨੇ 56 ਤੋਂ ਜ਼ਿਆਦਾ ਸਾਲ ਬੈਥਲ ਵਿਚ ਸੇਵਾ ਕੀਤੀ ਹੈ। ਉਹ ਕਹਿੰਦਾ ਹੈ, “ਬੈਥਲ ਵਿਚ 10 ਸਾਲ ਸੇਵਾ ਕਰਨ ਦੌਰਾਨ ਮੈਂ ਕਈ ਵਿਆਹੇ ਜੋੜਿਆਂ ਨੂੰ ਬੀਮਾਰੀ ਕਾਰਨ ਜਾਂ ਲੋੜ ਪੈਣ ਤੇ ਬਿਰਧ ਮਾਂ ਜਾਂ ਬਾਪ ਦੀ ਦੇਖ-ਭਾਲ ਕਰਨ ਲਈ ਬੈਥਲ ਛੱਡਦਿਆਂ ਦੇਖਿਆ ਹੈ। ਮੇਰੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ। ਪਰ ਮੈਨੂੰ ਬੈਥਲ ਇੰਨਾ ਪਸੰਦ ਹੈ ਕਿ ਮੈਂ ਇਸ ਸਨਮਾਨ ਨੂੰ ਵਿਆਹ ਕਰਾ ਕੇ ਖ਼ਤਰੇ ਵਿਚ ਨਹੀਂ ਪਾਉਣਾ ਚਾਹੁੰਦਾ ਸੀ।” ਉਸੇ ਤਰ੍ਹਾਂ ਸਾਲਾਂ ਪਹਿਲਾਂ ਲੰਬੇ ਸਮੇਂ ਤੋਂ ਪਾਇਨੀਅਰਿੰਗ ਕਰਦੀ ਮਾਰਗਰਟ ਨੇ ਕਿਹਾ: “ਮੇਰੀ ਜ਼ਿੰਦਗੀ ਵਿਚ ਵਿਆਹ ਕਰਾਉਣ ਦੇ ਕਈ ਮੌਕੇ ਆਏ, ਪਰ ਮੈਂ ਇੰਨੀ ਬਿਜ਼ੀ ਸੀ ਕਿ ਵਿਆਹ ਕਰਾਉਣ ਦੀ ਵਿਹਲ ਹੀ ਨਹੀਂ ਮਿਲੀ। ਇਸ ਦੀ ਬਜਾਇ ਕੁਆਰੀ ਹੋਣ ਕਾਰਨ ਮੇਰੇ ਕੋਲ ਜ਼ਿਆਦਾ ਆਜ਼ਾਦੀ ਹੈ ਜਿਸ ਨੂੰ ਮੈਂ ਪ੍ਰਚਾਰ ਵਿਚ ਰੁੱਝੇ ਰਹਿਣ ਲਈ ਇਸਤੇਮਾਲ ਕਰ ਸਕੀ ਜਿਸ ਕਰਕੇ ਮੈਂ ਬਹੁਤ ਖ਼ੁਸ਼ ਹਾਂ।” ਯਕੀਨਨ, ਯਹੋਵਾਹ ਸੱਚੀ ਭਗਤੀ ਲਈ ਅਜਿਹੇ ਨਿਰਸੁਆਰਥ ਬਲੀਦਾਨ ਕਰਨ ਵਾਲਿਆਂ ਨੂੰ ਕਦੇ ਵੀ ਨਹੀਂ ਭੁੱਲੇਗਾ।—ਯਸਾਯਾਹ 56:4, 5 ਪੜ੍ਹੋ।

ਆਪਣੇ ਹਾਲਾਤਾਂ ਦਾ ਵਧੀਆ ਇਸਤੇਮਾਲ ਕਰੋ

18. ਕੁਆਰੇ ਮਸੀਹੀਆਂ ਨੂੰ ਦੂਸਰੇ ਕਿਵੇਂ ਹੌਸਲਾ ਅਤੇ ਮਦਦ ਦੇ ਸਕਦੇ ਹਨ?

18 ਯਹੋਵਾਹ ਦੀ ਸੇਵਾ ਵਿਚ ਤਨ-ਮਨ ਲਾਉਣ ਵਾਲੇ ਸਾਰੇ ਕੁਆਰੇ ਮਸੀਹੀਆਂ ਦੀ ਸਾਨੂੰ ਦਿਲੋਂ ਤਾਰੀਫ਼ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ। ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਕਿਉਂਕਿ ਉਨ੍ਹਾਂ ਵਿਚ ਚੰਗੇ ਗੁਣ ਹਨ ਅਤੇ ਉਹ ਕਲੀਸਿਯਾ ਵਿਚ ਬਹੁਤ ਯੋਗਦਾਨ ਪਾਉਂਦੇ ਹਨ। ਉਹ ਕਦੇ ਵੀ ਇਕੱਲੇ ਮਹਿਸੂਸ ਨਹੀਂ ਕਰਨਗੇ ਜੇ ਅਸੀਂ ਸੱਚ-ਮੁੱਚ ਉਨ੍ਹਾਂ ਦੇ “ਭਾਈ ਅਤੇ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ” ਬਣੀਏ।—ਮਰਕੁਸ 10:28-30 ਪੜ੍ਹੋ।

19. ਤੁਸੀਂ ਆਪਣੇ ਕੁਆਰੇਪਣ ਦੀ ਸਭ ਤੋਂ ਵਧੀਆ ਵਰਤੋਂ ਕਿਵੇਂ ਕਰ ਸਕਦੇ ਹੋ?

19 ਭਾਵੇਂ ਤੁਸੀਂ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਹੈ ਜਾਂ ਹਾਲਾਤਾਂ ਕਾਰਨ ਤੁਸੀਂ ਕੁਆਰੇ ਹੋ, ਸਾਨੂੰ ਉਮੀਦ ਹੈ ਕਿ ਬਾਈਬਲ ਵਿਚਲੀਆਂ ਅਤੇ ਆਧੁਨਿਕ ਮਿਸਾਲਾਂ ਤੁਹਾਨੂੰ ਯਕੀਨ ਦਿਵਾਉਣਗੀਆਂ ਕਿ ਤੁਸੀਂ ਖ਼ੁਸ਼ੀਆਂ ਭਰੀ ਤੇ ਵਧੀਆ ਜ਼ਿੰਦਗੀ ਜੀ ਸਕਦੇ ਹੋ। ਅਸੀਂ ਕੁਝ ਤੋਹਫ਼ਿਆਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ ਜਦਕਿ ਕੁਝ ਬਾਰੇ ਅਸੀਂ ਸੋਚਿਆ ਵੀ ਨਹੀਂ ਹੁੰਦਾ। ਕੁਝ ਤੋਹਫ਼ਿਆਂ ਦੀ ਅਸੀਂ ਤੁਰੰਤ ਕਦਰ ਕਰਦੇ ਹਾਂ ਜਦਕਿ ਕੁਝ ਦੀ ਕਦਰ ਸਮਾਂ ਬੀਤ ਜਾਣ ਤੋਂ ਬਾਅਦ ਕਰਦੇ ਹਾਂ। ਇਸ ਲਈ ਸਾਡੇ ਰਵੱਈਏ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਤੁਸੀਂ ਆਪਣੇ ਕੁਆਰੇਪਣ ਦਾ ਚੰਗਾ ਇਸਤੇਮਾਲ ਕਰਨ ਲਈ ਕੀ ਕਰ ਸਕਦੇ ਹੋ? ਯਹੋਵਾਹ ਦੇ ਹੋਰ ਕਰੀਬ ਆਓ, ਪਰਮੇਸ਼ੁਰ ਦੀ ਸੇਵਾ ਵਿਚ ਵਧ-ਚੜ੍ਹ ਕੇ ਹਿੱਸਾ ਲਓ ਅਤੇ ਦੂਜਿਆਂ ਨਾਲ ਖੁੱਲ੍ਹੇ ਦਿਲ ਨਾਲ ਪਿਆਰ ਕਰੋ। ਵਿਆਹ ਦੀ ਤਰ੍ਹਾਂ ਕੁਆਰੇ ਰਹਿਣਾ ਵੀ ਫਲਦਾਇਕ ਹੋ ਸਕਦਾ ਹੈ ਜਦੋਂ ਅਸੀਂ ਇਸ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖਦੇ ਹਾਂ ਅਤੇ ਇਸ ਦਾਤ ਦੀ ਅਕਲ ਨਾਲ ਵਰਤੋਂ ਕਰਦੇ ਹਾਂ।

ਕੀ ਤੁਹਾਨੂੰ ਯਾਦ ਹੈ?

• ਕੁਆਰਾਪਣ ਕਿਨ੍ਹਾਂ ਤਰੀਕਿਆਂ ਨਾਲ ਦਾਤ ਸਾਬਤ ਹੋ ਸਕਦਾ ਹੈ?

• ਜਵਾਨੀ ਵਿਚ ਕੁਆਰੇ ਰਹਿਣਾ ਕਿਵੇਂ ਇਕ ਬਰਕਤ ਸਾਬਤ ਹੋ ਸਕਦਾ ਹੈ?

• ਕੁਆਰੇ ਮਸੀਹੀਆਂ ਕੋਲ ਯਹੋਵਾਹ ਦੇ ਹੋਰ ਕਰੀਬ ਹੋਣ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਿਆਰ ਕਰਨ ਦੇ ਕਿਹੜੇ ਮੌਕੇ ਹਨ?

[ਸਵਾਲ]

[ਸਫ਼ਾ 18 ਉੱਤੇ ਤਸਵੀਰਾਂ]

ਕੀ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਮਿਲਦੇ ਮੌਕਿਆਂ ਦਾ ਫ਼ਾਇਦਾ ਉਠਾ ਰਹੇ ਹੋ?