Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜਦੋਂ ਯਿਸੂ ਮਸੀਹ ਨੇ 12 ਰਸੂਲਾਂ ਨੂੰ ਪ੍ਰਚਾਰ ਕਰਨ ਲਈ ਭੇਜਿਆ, ਤਾਂ ਕੀ ਉਨ੍ਹਾਂ ਨੂੰ ਲਾਠੀਆਂ ਲੈ ਕੇ ਅਤੇ ਜੁੱਤੀਆਂ ਪੈਰੀਂ ਪਾ ਕੇ ਜਾਣ ਲਈ ਕਿਹਾ ਗਿਆ ਸੀ?

ਕੁਝ ਕਹਿੰਦੇ ਹਨ ਕਿ ਯਿਸੂ ਵੱਲੋਂ ਰਸੂਲਾਂ ਨੂੰ ਭੇਜਣ ਬਾਰੇ ਇੰਜੀਲਾਂ ਵਿਚ ਦਰਜ ਤਿੰਨ ਬਿਰਤਾਂਤ ਇਕ-ਦੂਜੇ ਨਾਲ ਮੇਲ ਨਹੀਂ ਖਾਂਦੇ। ਪਰ ਇਨ੍ਹਾਂ ਤਿੰਨਾਂ ਬਿਰਤਾਂਤਾਂ ਦੀ ਤੁਲਨਾ ਕਰਨ ਨਾਲ ਅਸੀਂ ਇਕ ਦਿਲਚਸਪ ਸਿੱਟੇ ਉੱਤੇ ਪਹੁੰਚ ਸਕਦੇ ਹਾਂ। ਆਓ ਪਹਿਲਾਂ ਮਰਕੁਸ ਅਤੇ ਲੂਕਾ ਦੇ ਲਿਖੇ ਸ਼ਬਦਾਂ ਦੀ ਤੁਲਨਾ ਕਰੀਏ। ਮਰਕੁਸ ਦਾ ਬਿਰਤਾਂਤ ਕਹਿੰਦਾ ਹੈ: “[ਯਿਸੂ ਨੇ] ਉਨ੍ਹਾਂ ਨੂੰ ਹੁਕਮ ਦਿੱਤਾ ਭਈ ਰਾਹ ਦੇ ਲਈ ਲਾਠੀ ਬਿਨਾ ਹੋਰ ਕੁਝ ਨਾ ਲਓ, ਨਾ ਰੋਟੀ, ਨਾ ਝੋਲਾ, ਨਾ ਕੁਝ ਨਕਦੀ ਆਪਣੇ ਕਮਰ ਕੱਸੇ ਵਿੱਚ। ਪਰ ਜੁੱਤੀ ਪਾਓ ਅਤੇ ਦੋ ਕੁੜਤੇ ਨਾ ਪਹਿਨੋ।” (ਮਰ. 6:7-9) ਲੂਕਾ ਨੇ ਲਿਖਿਆ: “ਤੁਸੀਂ ਰਾਹ ਦੇ ਲਈ ਕੁਝ ਨਾ ਲਓ, ਨਾ ਲਾਠੀ, ਨਾ ਝੋਲਾ, ਨਾ ਰੋਟੀ, ਨਾ ਰੁਪਿਆ, ਨਾ ਦੋ ਕੁੜਤੇ ਰੱਖੋ।” (ਲੂਕਾ 9:1-3) ਇਨ੍ਹਾਂ ਆਇਤਾਂ ਵਿਚ ਸਾਨੂੰ ਫ਼ਰਕ ਲੱਗਦਾ ਹੈ। ਮਰਕੁਸ ਦੇ ਅਨੁਸਾਰ ਰਸੂਲਾਂ ਨੂੰ ਲਾਠੀ ਲੈ ਕੇ ਅਤੇ ਪੈਰੀਂ ਜੁੱਤੀ ਪਾ ਕੇ ਜਾਣ ਲਈ ਕਿਹਾ ਗਿਆ ਸੀ, ਪਰ ਲੂਕਾ ਦਾ ਬਿਰਤਾਂਤ ਦੱਸਦਾ ਹੈ ਕਿ ਉਨ੍ਹਾਂ ਨੇ ਕੁਝ ਵੀ ਨਹੀਂ ਸੀ ਲੈ ਕੇ ਜਾਣਾ, ਇੱਥੋਂ ਤਕ ਕਿ ਲਾਠੀ ਵੀ ਨਹੀਂ। ਮਰਕੁਸ ਦੇ ਉਲਟ ਲੂਕਾ ਜੁੱਤੀਆਂ ਦਾ ਕੋਈ ਜ਼ਿਕਰ ਨਹੀਂ ਕਰਦਾ।

ਯਿਸੂ ਇਸ ਮੌਕੇ ਉੱਤੇ ਜਿਹੜੀ ਗੱਲ ਸਮਝਾਉਣੀ ਚਾਹੁੰਦਾ ਸੀ, ਉਸ ਨੂੰ ਸਮਝਣ ਲਈ ਤਿੰਨਾਂ ਇੰਜੀਲਾਂ ਵਿਚ ਦਿੱਤੇ ਇੱਕੋ ਜਿਹੇ ਸ਼ਬਦਾਂ ਵੱਲ ਧਿਆਨ ਦਿਓ। ਉੱਪਰ ਦੱਸੇ ਬਿਰਤਾਂਤਾਂ ਅਤੇ ਮੱਤੀ 10:5-10 ਵਿਚ ਰਸੂਲਾਂ ਨੂੰ “ਦੋ ਕੁੜਤੇ” ਨਾ ਪਹਿਨਣ ਜਾਂ ਨਾ ਰੱਖਣ ਲਈ ਕਿਹਾ ਗਿਆ ਸੀ। ਸਪੱਸ਼ਟ ਹੈ ਕਿ ਹਰ ਰਸੂਲ ਨੇ ਇਕ-ਇਕ ਕੁੜਤਾ ਪਹਿਨਿਆ ਹੋਇਆ ਸੀ। ਇਸ ਲਈ ਉਨ੍ਹਾਂ ਨੇ ਸਫ਼ਰ ਵਾਸਤੇ ਇਕ ਹੋਰ ਕੁੜਤਾ ਨਹੀਂ ਲੈ ਕੇ ਜਾਣਾ ਸੀ। ਮਰਕੁਸ ਨੇ ‘ਜੁੱਤੀਆਂ ਪਾਉਣ’ ਦੀ ਲੋੜ ਬਾਰੇ ਦੱਸਿਆ ਜੋ ਰਸੂਲਾਂ ਨੇ ਪਹਿਲਾਂ ਹੀ ਪਾਈਆਂ ਹੋਈਆਂ ਸਨ। ਉਨ੍ਹਾਂ ਨੇ ਜੁੱਤੀਆਂ ਦਾ ਨਵਾਂ ਜੋੜਾ ਆਪਣੇ ਨਾਲ ਨਹੀਂ ਲੈ ਕੇ ਜਾਣਾ ਸੀ। ਲਾਠੀਆਂ ਬਾਰੇ ਕੀ? ਦ ਜੂਇਸ਼ ਐਨਸਾਈਕਲੋਪੀਡੀਆ ਕਹਿੰਦਾ ਹੈ: “ਜਾਪਦਾ ਹੈ ਕਿ ਪੁਰਾਣੇ ਸਮੇਂ ਦੇ ਇਬਰਾਨੀਆਂ ਵਿਚ ਆਪਣੇ ਨਾਲ ਲਾਠੀ ਲੈ ਜਾਣ ਦਾ ਵੀ ਰਿਵਾਜ ਸੀ।” (ਉਤ. 32:10) ਮਰਕੁਸ ਨੇ ਕਿਹਾ ਕਿ ਰਸੂਲਾਂ ਨੇ ਆਪਣੇ ਨਾਲ ਲਾਠੀ ਤੋਂ ਸਿਵਾਇ ‘ਰਾਹ ਦੇ ਲਈ ਕੁਝ ਨਹੀਂ ਲੈਣਾ’ ਸੀ ਜਦੋਂ ਯਿਸੂ ਨੇ ਹੁਕਮ ਦਿੱਤਾ ਸੀ। ਇਸ ਲਈ ਇੰਜੀਲਾਂ ਦੇ ਲਿਖਾਰੀ ਯਿਸੂ ਦੀ ਹਿਦਾਇਤ ਉੱਤੇ ਜ਼ੋਰ ਦੇ ਰਹੇ ਸਨ ਕਿ ਵਾਧੂ ਚੀਜ਼ਾਂ ਇਕੱਠੀਆਂ ਕਰਨ ਦੁਆਰਾ ਉਹ ਜਾਣ ਵਿਚ ਦੇਰੀ ਨਾ ਕਰਨ।

ਅੱਗੋਂ ਮੱਤੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਜਿਸ ਨੇ ਇਸ ਮੌਕੇ ਉੱਤੇ ਯਿਸੂ ਦੇ ਹੁਕਮ ਨੂੰ ਸੁਣਿਆ ਸੀ ਅਤੇ ਇਸ ਬਾਰੇ ਲਿਖਿਆ। ਯਿਸੂ ਨੇ ਕਿਹਾ: ‘ਨਾ ਸੋਨਾ, ਨਾ ਚਾਂਦੀ, ਨਾ ਤਾਂਬਾ ਆਪਣੇ ਕਮਰ ਕੱਸੇ ਵਿੱਚ ਲਓ ਅਤੇ ਨਾ ਰਾਹ ਦੇ ਲਈ ਝੋਲਾ ਨਾ ਦੋ ਕੁੜਤੇ ਨਾ ਜੁੱਤੀ ਅਤੇ ਨਾ ਲਾਠੀ ਲਓ ਕਿਉਂ ਜੋ ਕਾਮਾ ਆਪਣੇ ਭੋਜਨ ਦਾ ਹੱਕਦਾਰ ਹੈ।’ (ਮੱਤੀ 10:9, 10) ਪਰ ਰਸੂਲਾਂ ਨੇ ਜੋ ਜੁੱਤੀਆਂ ਪਹਿਨੀਆਂ ਹੋਈਆਂ ਸਨ ਅਤੇ ਜੋ ਲਾਠਆਂ ਹੱਥਾਂ ਵਿਚ ਫੜੀਆਂ ਹੋਈਆਂ ਸਨ ਉਨ੍ਹਾਂ ਬਾਰੇ ਕੀ? ਯਿਸੂ ਉਨ੍ਹਾਂ ਨੂੰ ਇਹ ਨਹੀਂ ਕਹਿ ਰਿਹਾ ਸੀ ਕਿ ਜੋ ਚੀਜ਼ਾਂ ਉਨ੍ਹਾਂ ਕੋਲ ਪਹਿਲਾਂ ਹੀ ਸਨ ਉਨ੍ਹਾਂ ਨੂੰ ਉਹ ਸੁੱਟ ਦੇਣ, ਪਰ ਉਹ ਉਨ੍ਹਾਂ ਨੂੰ ਇਹ ਕਹਿ ਰਿਹਾ ਸੀ ਕਿ ਇਹੋ ਜਿਹੀਆਂ ਵਾਧੂ ਚੀਜ਼ਾਂ ਹਾਸਲ ਕਰਨ ਵਿਚ ਉਹ ਸਮਾਂ ਬਰਬਾਦ ਨਾ ਕਰਨ। ਉਸ ਨੇ ਉਨ੍ਹਾਂ ਨੂੰ ਚੀਜ਼ਾਂ ਨਾ ਲੈ ਜਾਣ ਦਾ ਹੁਕਮ ਕਿਉਂ ਦਿੱਤਾ ਸੀ? ਕਿਉਂਕਿ “ਕਾਮਾ ਆਪਣੇ ਭੋਜਨ ਦਾ ਹੱਕਦਾਰ ਹੈ।” ਯਿਸੂ ਦੇ ਹੁਕਮ ਦਾ ਇਹ ਸਾਰ ਸੀ ਜੋ ਪਹਾੜੀ ਉਪਦੇਸ਼ ਵਿਚ ਦਿੱਤੀ ਉਸ ਦੀ ਇਸ ਹੱਲਾਸ਼ੇਰੀ ਨਾਲ ਮੇਲ ਖਾਂਦਾ ਸੀ ਕਿ ਉਹ ਇਹ ਚਿੰਤਾ ਨਾ ਕਰਨ ਕਿ ਉਹ ਕੀ ਖਾਣਗੇ, ਪੀਣਗੇ ਜਾਂ ਪਹਿਨਣਗੇ।—ਮੱਤੀ 6:25-32.

ਪਹਿਲਾਂ-ਪਹਿਲਾਂ ਸ਼ਾਇਦ ਇੰਜੀਲਾਂ ਦੇ ਬਿਰਤਾਂਤ ਇਕ-ਦੂਜੇ ਦੇ ਉਲਟ ਜਾਪਣ, ਪਰ ਉਹ ਸਾਰੇ ਇੱਕੋ ਗੱਲ ਉੱਤੇ ਜ਼ੋਰ ਦੇ ਰਹੇ ਸਨ। ਰਸੂਲਾਂ ਕੋਲ ਜੋ ਕੁਝ ਸੀ, ਉਨ੍ਹਾਂ ਨੇ ਉਹੀ ਕੁਝ ਆਪਣੇ ਨਾਲ ਲੈ ਕੇ ਜਾਣਾ ਸੀ ਅਤੇ ਕੋਈ ਵੀ ਵਾਧੂ ਚੀਜ਼ ਖ਼ਰੀਦਣ ਜਾਣ ਦੁਆਰਾ ਆਪਣਾ ਧਿਆਨ ਨਹੀਂ ਭਟਕਣ ਦੇਣਾ ਸੀ। ਕਿਉਂ? ਕਿਉਂਕਿ ਯਹੋਵਾਹ ਨੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਸਨ।

ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਉਪਦੇਸ਼ਕ ਦੀ ਪੋਥੀ 2:8 ਵਿਚ ਸੁਲੇਮਾਨ ਨੇ ਕਿਹਾ ਕਿ ਉਸ ਨੂੰ “ਇਕ ਔਰਤ ਕੀ, ਕਈ ਔਰਤਾਂ” ਮਿਲੀਆਂ। ਉਹ ਕਿਨ੍ਹਾਂ ਔਰਤਾਂ ਦੀ ਗੱਲ ਕਰ ਰਿਹਾ ਸੀ?

ਅਸੀਂ ਪੱਕਾ ਨਹੀਂ ਕਹਿ ਸਕਦੇ, ਪਰ ਇਕ ਸੰਭਾਵਨਾ ਇਹ ਹੋ ਸਕਦੀ ਹੈ ਕਿ ਉਹ ਮੰਨੀਆਂ-ਪ੍ਰਮੰਨੀਆਂ ਔਰਤਾਂ ਸਨ ਜੋ ਸੁਲੇਮਾਨ ਨੂੰ ਉਸ ਦੇ ਮਹਿਲ ਵਿਚ ਮਿਲੀਆਂ ਸਨ।

ਸੁਲੇਮਾਨ ਨੇ ਉਪਦੇਸ਼ਕ ਦੀ ਪੋਥੀ ਦੇ ਦੂਜੇ ਅਧਿਆਇ ਵਿਚ ਵੱਖੋ-ਵੱਖਰੇ ਕੰਮਾਂ ਦਾ ਜ਼ਿਕਰ ਕੀਤਾ ਜੋ ਉਸ ਨੇ ਪੂਰੇ ਕੀਤੇ ਸਨ ਅਤੇ ਇਨ੍ਹਾਂ ਵਿਚ ਉਸ ਵੱਲੋਂ ਬਣਾਈਆਂ ਵੱਡੀਆਂ-ਵੱਡੀਆਂ ਇਮਾਰਤਾਂ ਵੀ ਸ਼ਾਮਲ ਸਨ। ਅੱਗੇ ਉਸ ਨੇ ਕਿਹਾ: “ਮੈਂ ਸੋਨਾ ਅਤੇ ਚਾਂਦੀ ਅਤੇ ਪਾਤਸ਼ਾਹਾਂ ਅਤੇ ਸੂਬਿਆਂ ਦੇ ਖਜ਼ਾਨੇ ਆਪਣੇ ਲਈ ਇਕੱਠੇ ਕੀਤੇ। ਮੈਂ ਗਵੱਯੇ ਅਤੇ ਗਾਉਣ ਵਾਲੀਆਂ ਅਤੇ ਆਦਮ ਵੰਸੀਆਂ ਲਈ ਮਨਮੋਹਣੀਆਂ [“ਔਰਤਾਂ,” NW] ਬਹੁਤ ਸਾਰੀਆਂ ਪ੍ਰਾਪਤ ਕੀਤੀਆਂ।”—ਉਪ. 2:8.

ਕਈ ਟਿੱਪਣੀਕਾਰ ਮੰਨਦੇ ਹਨ ਕਿ ਸੁਲੇਮਾਨ ਵੱਲੋਂ ਜ਼ਿਕਰ ਕੀਤੀਆਂ “ਔਰਤਾਂ” ਉਸ ਦੀ ਜ਼ਿੰਦਗੀ ਦੇ ਬਾਅਦ ਦੇ ਸਾਲਾਂ ਵਿਚ ਬਣੀਆਂ ਉਸ ਦੀਆਂ ਬਹੁਤ ਸਾਰੀਆਂ ਵਿਦੇਸ਼ੀ ਤੀਵੀਆਂ ਅਤੇ ਰਖੇਲਾਂ ਸਨ ਜਿਨ੍ਹਾਂ ਨੇ ਉਸ ਨੂੰ ਆਪਣੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲਾ ਲਿਆ। (1 ਰਾਜ. 11:1-4) ਪਰ ਇਹ ਗੱਲ ਸਹੀ ਨਹੀਂ ਲੱਗਦੀ। ਜਦੋਂ ਸੁਲੇਮਾਨ ਨੇ ਇਹ ਸ਼ਬਦ ਲਿਖੇ ਸਨ, ਉਸ ਵੇਲੇ ਉਹ ਇਨ੍ਹਾਂ “ਔਰਤਾਂ” ਨੂੰ ਪਹਿਲਾਂ ਹੀ ਜਾਣਦਾ ਸੀ। ਇਸ ਸਮੇਂ ਦੌਰਾਨ ਉਸ ਉੱਤੇ ਹਾਲੇ ਵੀ ਯਹੋਵਾਹ ਦੀ ਮਿਹਰ ਸੀ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਬਾਈਬਲ ਦੀਆਂ ਕਿਤਾਬਾਂ ਲਿਖਣ ਲਈ ਪ੍ਰੇਰਿਤ ਕੀਤਾ ਸੀ। ਇਹ ਗੱਲ ਉਸ ਦੀ ਬਾਅਦ ਦੀ ਜ਼ਿੰਦਗੀ ਨਾਲ ਮੇਲ ਨਹੀਂ ਖਾਂਦੀ ਜਦੋਂ ਉਸ ਨੇ ਸੈਂਕੜੇ ਹੀ ਵਿਦੇਸ਼ੀ ਤੀਵੀਆਂ ਵਿਆਹ ਲਈਆਂ ਸਨ ਅਤੇ ਰਖੇਲਾਂ ਰੱਖੀਆਂ ਸਨ ਤੇ ਝੂਠੀ ਭਗਤੀ ਕਰਨ ਲੱਗ ਪਿਆ ਸੀ।

ਉਪਦੇਸ਼ਕ ਦੀ ਪੋਥੀ ਵਿਚ ਸੁਲੇਮਾਨ ਨੇ ਕਿਹਾ ਕਿ ਉਹ “ਮਨ ਭਾਉਂਦੀਆਂ ਗੱਲਾਂ ਦੀ ਭਾਲ ਵਿੱਚ ਰਿਹਾ ਅਤੇ ਜੋ ਕੁਝ ਲਿੱਖਿਆ ਗਿਆ ਸਿੱਧਾ ਅਰ ਸਚਿਆਈ ਦੀਆਂ ਗੱਲਾਂ ਸੀ।” (ਉਪ. 12:10) ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ “ਵਹੁਟੀ,” “ਰਾਣੀ” ਅਤੇ ਰਖੇਲ ਲਈ ਕਿਹੜੇ ਸ਼ਬਦ ਵਰਤਣੇ ਸਨ ਕਿਉਂਕਿ ਉਸ ਨੇ ਇਹ ਸ਼ਬਦ ਆਪਣੀਆਂ ਲਿਖਤਾਂ ਵਿਚ ਵਰਤੇ ਸਨ। (ਕਹਾ. 5:18; 12:4; 18:22; ਉਪ. 9:9; ਸਰੇ. 6:8, 9) ਪਰ ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਉਪਦੇਸ਼ਕ ਦੀ ਪੋਥੀ 2:8 ਵਿਚ ਇਹ ਸ਼ਬਦ ਨਹੀਂ ਵਰਤੇ ਗਏ।

ਜਿਸ ਇਬਰਾਨੀ ਸ਼ਬਦ ਦਾ ਤਰਜਮਾ ‘ਔਰਤ, ਔਰਤਾਂ’ ਕੀਤਾ ਗਿਆ ਹੈ, ਉਸ ਸ਼ਬਦ ਦੀ ਇਹ ਮਿਸਾਲ (ਇਕ-ਵਚਨ ਅਤੇ ਬਹੁ-ਵਚਨ ਦੇ ਰੂਪ ਵਿਚ) ਬਾਈਬਲ ਵਿਚ ਸਿਰਫ਼ ਇੱਕੋ ਵਾਰ ਪਾਈ ਜਾਂਦੀ ਹੈ। ਵਿਦਵਾਨ ਕਹਿੰਦੇ ਹਨ ਕਿ ਇਸ ਦਾ ਮਤਲਬ ਸਪੱਸ਼ਟ ਨਹੀਂ ਹੈ। ਬਾਈਬਲ ਦੇ ਕਈ ਅਨੁਵਾਦਕ ਮੰਨਦੇ ਹਨ ਕਿ ਉਪਦੇਸ਼ਕ ਦੀ ਪੋਥੀ 2:8 ਵਿਚਲੇ ਸ਼ਬਦ ਔਰਤਾਂ ਨੂੰ ਦਰਸਾਉਂਦੇ ਹਨ ਜੋ ਪਹਿਲਾਂ ਇਕ-ਵਚਨ ਹਨ ਅਤੇ ਫਿਰ ਬਹੁ-ਵਚਨ ਜਾਂ ਬਹੁਤ ਜ਼ਿਆਦਾ ਮਾਣ ਦੇਣ ਲਈ ਵਰਤੇ ਗਏ ਹਨ ਜੋ ਸਿਰਫ਼ ਉੱਚ ਦਰਜੇ ਦੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ। ਅਨੁਵਾਦ ਕੀਤੇ ਗਏ ਸ਼ਬਦ ‘ਔਰਤ, ਔਰਤਾਂ’ ਇਹ ਭਾਵ ਰੱਖਦੇ ਹਨ।

ਸੁਲੇਮਾਨ ਇੰਨਾ ਜ਼ਿਆਦਾ ਮਸ਼ਹੂਰ ਸੀ ਕਿ ਅਮੀਰ ਦੇਸ਼ ਸ਼ਬਾ ਦੀ ਰਾਣੀ ਨੇ ਉਸ ਬਾਰੇ ਸੁਣਿਆ, ਉਸ ਨੂੰ ਮਿਲਣ ਆਈ ਅਤੇ ਉਸ ਤੋਂ ਬਹੁਤ ਪ੍ਰਭਾਵਿਤ ਹੋਈ। (1 ਰਾਜ. 10:1, 2) ਇਕ ਸੰਭਵ ਮਤਲਬ ਇਹ ਹੋ ਸਕਦਾ ਹੈ ਜਦੋਂ ਸੁਲੇਮਾਨ ਨੇ ਕਿਹਾ ਕਿ “ਇਕ ਔਰਤ ਕੀ, ਕਈ ਔਰਤਾਂ” ਮਿਲੀਆਂ। ਉਹ ਸ਼ਾਇਦ ਉਨ੍ਹਾਂ ਪ੍ਰਸਿੱਧ ਔਰਤਾਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਉਹ ਕਈ ਸਾਲਾਂ ਦੌਰਾਨ ਆਪਣੇ ਮਹਿਲ ਵਿਚ ਮਿਲਿਆ ਸੀ ਜਦੋਂ ਹਾਲੇ ਪਰਮੇਸ਼ੁਰ ਦੀ ਮਿਹਰ ਉਸ ਉੱਤੇ ਸੀ।