Skip to content

Skip to table of contents

‘ਸਾਰੇ ਸੋਗੀਆਂ ਨੂੰ ਦਿਲਾਸਾ ਦਿਓ’

‘ਸਾਰੇ ਸੋਗੀਆਂ ਨੂੰ ਦਿਲਾਸਾ ਦਿਓ’

‘ਸਾਰੇ ਸੋਗੀਆਂ ਨੂੰ ਦਿਲਾਸਾ ਦਿਓ’

‘ਯਹੋਵਾਹ ਨੇ ਮੈਨੂੰ ਮਸਹ ਕੀਤਾ ਭਈ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ।’—ਯਸਾ. 61:1, 2.

1. ਯਿਸੂ ਨੇ ਸੋਗੀਆਂ ਲਈ ਕੀ ਕੀਤਾ ਅਤੇ ਕਿਉਂ?

ਯਿਸੂ ਮਸੀਹ ਨੇ ਕਿਹਾ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।” (ਯੂਹੰ. 4:34) ਪਰਮੇਸ਼ੁਰ ਦਾ ਕੰਮ ਕਰਦਿਆਂ ਯਿਸੂ ਨੇ ਆਪਣੇ ਪਿਤਾ ਦੇ ਸ਼ਾਨਦਾਰ ਗੁਣਾਂ ਨੂੰ ਜ਼ਾਹਰ ਕੀਤਾ। ਉਨ੍ਹਾਂ ਵਿੱਚੋਂ ਇਕ ਗੁਣ ਸੀ ਲੋਕਾਂ ਲਈ ਯਹੋਵਾਹ ਦਾ ਪਿਆਰ। (1 ਯੂਹੰ. 4:7-10) ਯਹੋਵਾਹ ਕਈ ਤਰੀਕਿਆਂ ਨਾਲ ਆਪਣਾ ਪਿਆਰ ਜ਼ਾਹਰ ਕਰਦਾ ਹੈ। ਉਨ੍ਹਾਂ ਵਿੱਚੋਂ ਇਕ ਤਰੀਕੇ ਬਾਰੇ ਗੱਲ ਕਰਦੇ ਹੋਏ ਪੌਲੁਸ ਰਸੂਲ ਨੇ ਯਹੋਵਾਹ ਨੂੰ “ਸਰਬ ਦਿਲਾਸੇ ਦਾ ਪਰਮੇਸ਼ੁਰ” ਕਿਹਾ ਜਿਸ ਤੋਂ ਉਸ ਦਾ ਪਿਆਰ ਜ਼ਾਹਰ ਹੁੰਦਾ ਹੈ। (2 ਕੁਰਿੰ. 1:3) ਇਸ ਤਰ੍ਹਾਂ ਦਾ ਪਿਆਰ ਯਿਸੂ ਨੇ ਉਦੋਂ ਦਿਖਾਇਆ ਜਦੋਂ ਉਸ ਨੇ ਉਹੀ ਕੀਤਾ ਜੋ ਯਸਾਯਾਹ ਦੀ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ। (ਯਸਾਯਾਹ 61:1, 2 ਪੜ੍ਹੋ।) ਯਿਸੂ ਨੇ ਨਾਸਰਤ ਦੇ ਸਭਾ ਘਰ ਵਿਚ ਇਸ ਭਵਿੱਖਬਾਣੀ ਦੀਆਂ ਗੱਲਾਂ ਪੜ੍ਹੀਆਂ ਅਤੇ ਆਪਣੇ ਉੱਤੇ ਲਾਗੂ ਕੀਤੀਆਂ। (ਲੂਕਾ 4:16-21) ਆਪਣੀ ਸੇਵਕਾਈ ਦੌਰਾਨ ਯਿਸੂ ਨੇ ਪਿਆਰ ਨਾਲ ਸੋਗੀਆਂ ਯਾਨੀ ਦੁਖੀਆਂ ਨੂੰ ਦਿਲਾਸਾ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਹੌਸਲਾ ਅਤੇ ਮਨ ਦੀ ਸ਼ਾਂਤੀ ਮਿਲੀ।

2, 3. ਦਿਲਾਸਾ ਦੇਣ ਦੇ ਮਾਮਲੇ ਵਿਚ ਮਸੀਹ ਦੇ ਚੇਲਿਆਂ ਨੂੰ ਉਸ ਦੀ ਰੀਸ ਕਰਨ ਦੀ ਕਿਉਂ ਲੋੜ ਹੈ?

2 ਯਿਸੂ ਦੇ ਸਾਰੇ ਚੇਲਿਆਂ ਨੂੰ ਉਸ ਦੀ ਰੀਸ ਕਰ ਕੇ ਦੁਖੀਆਂ ਨੂੰ ਦਿਲਾਸਾ ਦੇਣਾ ਚਾਹੀਦਾ ਹੈ। (1 ਕੁਰਿੰ. 10:33) ਪੌਲੁਸ ਨੇ ਕਿਹਾ: “ਇੱਕ ਦੂਏ ਨੂੰ ਤਸੱਲੀ ਦਿਓ ਅਤੇ ਇੱਕ ਦੂਏ ਦੀ ਉੱਨਤੀ ਕਰੋ।” (1 ਥੱਸ. 5:11) ਸਾਨੂੰ ਦੂਸਰਿਆਂ ਨੂੰ ਖ਼ਾਸਕਰ ਇਸ ਲਈ ਦਿਲਾਸਾ ਦੇਣ ਦੀ ਲੋੜ ਹੈ ਕਿਉਂਕਿ ਇਸ ਵੇਲੇ ਮਨੁੱਖਜਾਤੀ ‘ਭੈੜੇ ਸਮਿਆਂ’ ਵਿੱਚੋਂ ਗੁਜ਼ਰ ਰਹੀ ਹੈ। (2 ਤਿਮੋ. 3:1) ਦੁਨੀਆਂ ਭਰ ਵਿਚ ਜ਼ਿਆਦਾ ਤੋਂ ਜ਼ਿਆਦਾ ਨੇਕਦਿਲ ਲੋਕਾਂ ਦਾ ਵਾਹ ਅਜਿਹੇ ਲੋਕਾਂ ਨਾਲ ਪੈਂਦਾ ਹੈ ਜਿਨ੍ਹਾਂ ਦੀਆਂ ਗੱਲਾਂ ਅਤੇ ਕੰਮਾਂ ਕਾਰਨ ਉਹ ਦੁਖੀ ਤੇ ਉਦਾਸ ਹੋ ਜਾਂਦੇ ਹਨ।

3 ਬਾਈਬਲ ਵਿਚ ਜਿਵੇਂ ਭਵਿੱਖਬਾਣੀ ਕੀਤੀ ਗਈ ਸੀ, ਇਸ ਦੁਸ਼ਟ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਕਈ ਲੋਕ “ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ। ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ। ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ” ਹਨ। ਇਹੋ ਜਿਹਾ ਰਵੱਈਆ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੁਣ ਦਿਖਾਈ ਦੇ ਰਿਹਾ ਹੈ ਕਿਉਂਕਿ ‘ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾ ਰਹੇ ਹਨ।’—2 ਤਿਮੋ. 3:2-4, 13.

4. ਅੱਜ ਦੁਨੀਆਂ ਦੇ ਹਾਲਾਤ ਕਿਹੋ ਜਿਹੇ ਹਨ?

4 ਇਸ ਕਾਰਨ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਪਰਮੇਸ਼ੁਰ ਦਾ ਬਚਨ ਸਾਨੂੰ ਸਾਫ਼ ਦੱਸਦਾ ਹੈ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰ. 5:19) ਸ਼ਤਾਨ ਇਸ ‘ਸਾਰੇ ਸੰਸਾਰ’ ਦੇ ਰਾਜਨੀਤੀ, ਧਰਮ ਅਤੇ ਵਪਾਰ ਵਰਗੇ ਜ਼ਰੀਏ ਵਰਤ ਕੇ ਆਪਣੀ ਸੋਚ ਨੂੰ ਲੋਕਾਂ ਵਿਚ ਫੈਲਾਉਂਦਾ ਹੈ। ਇਸ ਲਈ ਕੋਈ ਸ਼ੱਕ ਨਹੀਂ ਕਿ ਸ਼ਤਾਨ ਨੂੰ “ਜਗਤ ਦਾ ਸਰਦਾਰ” ਅਤੇ ‘ਇਸ ਜੁੱਗ ਦਾ ਈਸ਼ੁਰ’ ਕਿਹਾ ਗਿਆ ਹੈ। (ਯੂਹੰ. 14:30; 2 ਕੁਰਿੰ. 4:4) ਸਾਰੀ ਦੁਨੀਆਂ ਵਿਚ ਹਾਲਾਤ ਵਿਗੜਦੇ ਜਾ ਰਹੇ ਹਨ ਕਿਉਂਕਿ ਸ਼ਤਾਨ ਬਹੁਤ ਗੁੱਸੇ ਵਿਚ ਹੈ ਅਤੇ ਉਹ ਜਾਣਦਾ ਹੈ ਕਿ ਉਸ ਕੋਲ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ। ਇਸ ਤੋਂ ਬਾਅਦ ਯਹੋਵਾਹ ਉਸ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। (ਪਰ. 12:12) ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਪਰਮੇਸ਼ੁਰ, ਸ਼ਤਾਨ ਅਤੇ ਉਸ ਦੀ ਬੁਰੀ ਦੁਨੀਆਂ ਨੂੰ ਹੋਰ ਬਰਦਾਸ਼ਤ ਨਹੀਂ ਕਰੇਗਾ ਤੇ ਇਹ ਵੀ ਸਾਬਤ ਹੋ ਜਾਵੇਗਾ ਕਿ ਰਾਜ ਕਰਨ ਦਾ ਹੱਕ ਸਿਰਫ਼ ਯਹੋਵਾਹ ਕੋਲ ਹੈ!—ਉਤ., ਅਧਿ. 3; ਅੱਯੂ., ਅਧਿ. 2.

ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਧਰਤੀ ’ਤੇ ਹੋ ਰਿਹਾ ਹੈ

5. ਇਨ੍ਹਾਂ ਆਖ਼ਰੀ ਦਿਨਾਂ ਵਿਚ ਪ੍ਰਚਾਰ ਬਾਰੇ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਹੈ?

5 ਅੱਜ ਦੁਨੀਆਂ ਦੇ ਇਸ ਮੁਸ਼ਕਲ ਦੌਰ ਵਿਚ ਯਿਸੂ ਦੀਆਂ ਉਹ ਗੱਲਾਂ ਪੂਰੀਆਂ ਹੋ ਰਹੀਆਂ ਹਨ ਜਿਨ੍ਹਾਂ ਬਾਰੇ ਉਸ ਨੇ ਭਵਿੱਖਬਾਣੀ ਕੀਤੀ ਸੀ। ਉਸ ਨੇ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦੇਣ ਦਾ ਇਹ ਕੰਮ ਦੁਨੀਆਂ ਭਰ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੁਣ ਵਧ-ਚੜ੍ਹ ਕੇ ਕੀਤਾ ਜਾ ਰਿਹਾ ਹੈ। ਅੱਜ 1,07,000 ਤੋਂ ਜ਼ਿਆਦਾ ਕਲੀਸਿਯਾਵਾਂ ਵਿਚ 75 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ ਰਹੇ ਹਨ। ਯਿਸੂ ਵੀ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਦਾ ਅਤੇ ਸਿਖਾਉਂਦਾ ਸੀ। (ਮੱਤੀ 4:17) ਅੱਜ ਸਾਡੇ ਪ੍ਰਚਾਰ ਰਾਹੀਂ ਦੁਖੀਆਂ ਨੂੰ ਦਿਲਾਸਾ ਮਿਲ ਰਿਹਾ ਹੈ। ਹਾਲ ਹੀ ਦੇ ਦੋ ਸਾਲਾਂ ਵਿਚ ਕੁੱਲ 5,70,601 ਜਣਿਆਂ ਨੇ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲਿਆ!

6. ਵਧ-ਚੜ੍ਹ ਕੇ ਹੋ ਰਹੇ ਪ੍ਰਚਾਰ ਬਾਰੇ ਤੁਸੀਂ ਕੀ ਸੋਚਦੇ ਹੋ?

6 ਯਹੋਵਾਹ ਦੇ ਗਵਾਹ 500 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਸਾਹਿੱਤ ਦਾ ਤਰਜਮਾ ਕਰਦੇ ਹਨ ਤੇ ਇਸ ਨੂੰ ਵੰਡਦੇ ਹਨ। ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਪ੍ਰਚਾਰ ਦਾ ਕੰਮ ਕਿੰਨੇ ਵੱਡੇ ਪੱਧਰ ’ਤੇ ਹੋ ਰਿਹਾ ਹੈ। ਜੇ ਸਾਰੇ ਮਨੁੱਖੀ ਇਤਿਹਾਸ ਉੱਤੇ ਨਜ਼ਰ ਮਾਰੀ ਜਾਵੇ, ਤਾਂ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ! ਭਾਵੇਂ ਕਿ ਪੂਰੀ ਦੁਨੀਆਂ ਸ਼ਤਾਨ ਦੀ ਮੁੱਠੀ ਵਿਚ ਹੈ, ਫਿਰ ਵੀ ਯਹੋਵਾਹ ਦੇ ਲੋਕ ਉਸ ਦੀ ਸੇਵਾ ਜੋਸ਼ ਨਾਲ ਕਰ ਰਹੇ ਹਨ ਤੇ ਇਸ ਕੰਮ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਅਤੇ ਮਦਦ ਤੋਂ ਬਗੈਰ ਸ਼ਤਾਨ ਦੀ ਦੁਨੀਆਂ ਵਿਚ ਇਹ ਸਭ ਹੋਣਾ ਨਾਮੁਮਕਿਨ ਹੈ। ਸਾਰੀ ਧਰਤੀ ਉੱਤੇ ਖ਼ੁਸ਼ ਖ਼ਬਰੀ ਦੇ ਕੀਤੇ ਜਾ ਰਹੇ ਪ੍ਰਚਾਰ ਕਾਰਨ ਬਾਈਬਲ ਤੋਂ ਨਾ ਸਿਰਫ਼ ਸਾਡੇ ਭੈਣਾਂ-ਭਰਾਵਾਂ ਨੂੰ ਦਿਲਾਸਾ ਮਿਲਿਆ ਹੈ, ਸਗੋਂ ਰਾਜ ਦਾ ਸੰਦੇਸ਼ ਕਬੂਲ ਕਰਨ ਵਾਲੇ ਦੁਖੀ ਲੋਕ ਵੀ ਦਿਲਾਸਾ ਲੈ ਸਕਦੇ ਹਨ।

ਭੈਣਾਂ-ਭਰਾਵਾਂ ਨੂੰ ਦਿਲਾਸਾ ਦੇਣਾ

7. (ੳ) ਇਸ ਵੇਲੇ ਅਸੀਂ ਯਹੋਵਾਹ ਤੋਂ ਉਮੀਦ ਕਿਉਂ ਨਹੀਂ ਰੱਖਦੇ ਕਿ ਉਹ ਸਾਡੇ ਦੁੱਖਾਂ ਨੂੰ ਖ਼ਤਮ ਕਰੇ? (ਅ) ਅਸੀਂ ਕਿਵੇਂ ਜਾਣਦੇ ਹਾਂ ਕਿ ਸਾਡੇ ਲਈ ਸਤਾਹਟਾਂ ਅਤੇ ਅਜ਼ਮਾਇਸ਼ਾਂ ਨੂੰ ਸਹਿਣਾ ਮੁਮਕਿਨ ਹੈ?

7 ਇਸ ਦੁੱਖਾਂ ਨਾਲ ਭਰੀ ਦੁਨੀਆਂ ਵਿਚ ਸਾਨੂੰ ਕੁਝ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ ਜਿਨ੍ਹਾਂ ਕਾਰਨ ਅਸੀਂ ਦੁਖੀ ਹੁੰਦੇ ਹਾਂ। ਪਰ ਸਾਨੂੰ ਪਰਮੇਸ਼ੁਰ ਤੋਂ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਉਹ ਇਸ ਦੁਨੀਆਂ ਦਾ ਨਾਸ਼ ਕਰਨ ਤੋਂ ਪਹਿਲਾਂ ਸਾਡੇ ਦੁੱਖਾਂ ਨੂੰ ਖ਼ਤਮ ਕਰੇ। ਉਸ ਦਿਨ ਦੀ ਉਡੀਕ ਕਰਦੇ ਹੋਏ ਸਤਾਹਟਾਂ ਕਾਰਨ ਸਾਡੀ ਨਿਹਚਾ ਪਰਖੀ ਜਾਵੇਗੀ ਕਿ ਕੀ ਅਸੀਂ ਯਹੋਵਾਹ ਦੇ ਵਫ਼ਾਦਾਰ ਹਾਂ ਜਾਂ ਨਹੀਂ ਅਤੇ ਉਸ ਦੀ ਹਕੂਮਤ ਦਾ ਪੱਖ ਲੈਂਦੇ ਹਾਂ ਜਾਂ ਨਹੀਂ। (2 ਤਿਮੋ. 3:12) ਆਪਣੇ ਸਵਰਗੀ ਪਿਤਾ ਤੋਂ ਮਦਦ ਅਤੇ ਦਿਲਾਸਾ ਲੈ ਕੇ ਅਸੀਂ ਪੁਰਾਣੇ ਸਮੇਂ ਦੇ ਥੱਸਲੁਨੀਕਾ ਦੇ ਮਸਹ ਕੀਤੇ ਹੋਏ ਮਸੀਹੀਆਂ ਵਾਂਗ ਬਣ ਸਕਦੇ ਹਾਂ ਜਿਨ੍ਹਾਂ ਨੇ ਧੀਰਜ ਅਤੇ ਨਿਹਚਾ ਨਾਲ ਸਤਾਹਟਾਂ ਅਤੇ ਅਜ਼ਮਾਇਸ਼ਾਂ ਸਹੀਆਂ।—2 ਥੱਸਲੁਨੀਕੀਆਂ 1:3-5 ਪੜ੍ਹੋ।

8. ਬਾਈਬਲ ਤੋਂ ਕਿਹੜਾ ਸਬੂਤ ਮਿਲਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਦਿਲਾਸਾ ਦਿੰਦਾ ਹੈ?

8 ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਦਿਲਾਸਾ ਦਿੰਦਾ ਹੈ। ਮਿਸਾਲ ਲਈ, ਜਦੋਂ ਦੁਸ਼ਟ ਰਾਣੀ ਈਜ਼ਬਲ ਨੇ ਏਲੀਯਾਹ ਨਬੀ ਨੂੰ ਮਾਰਨ ਦੀ ਧਮਕੀ ਦਿੱਤੀ ਸੀ, ਤਾਂ ਨਬੀ ਹਿੰਮਤ ਹਾਰ ਕੇ ਭੱਜ ਗਿਆ। ਉਸ ਨੇ ਇਹ ਵੀ ਕਿਹਾ ਕਿ ਉਹ ਮਰਨਾ ਚਾਹੁੰਦਾ ਸੀ। ਪਰ ਯਹੋਵਾਹ ਨੇ ਏਲੀਯਾਹ ਨੂੰ ਝਿੜਕਣ ਦੀ ਬਜਾਇ ਉਸ ਨੂੰ ਦਿਲਾਸਾ ਦਿੱਤਾ ਅਤੇ ਨਬੀ ਵਜੋਂ ਆਪਣਾ ਕੰਮ ਪੂਰਾ ਕਰਦੇ ਰਹਿਣ ਲਈ ਵੀ ਹਿੰਮਤ ਦਿੱਤੀ। (1 ਰਾਜ. 19:1-21) ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਦੇ ਤਜਰਬੇ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਦਿਲਾਸਾ ਦਿੰਦਾ ਹੈ। ਮਿਸਾਲ ਲਈ, ਅਸੀਂ ਉਸ ਸਮੇਂ ਬਾਰੇ ਪੜ੍ਹਦੇ ਹਾਂ ਜਦੋਂ ‘ਸਾਰੇ ਯਹੂਦਿਯਾ ਅਤੇ ਗਲੀਲ ਅਤੇ ਸਾਮਰਿਯਾ ਵਿੱਚ ਕਲੀਸਿਯਾ ਨੇ ਸੁਖ ਪਾਇਆ ਅਤੇ ਬਣਦੀ ਗਈ ਅਤੇ ਪ੍ਰਭੁ ਦੇ ਭੌ ਅਤੇ ਪਵਿੱਤਰ ਸ਼ਕਤੀ ਦੀ ਤਸੱਲੀ ਵਿੱਚ ਚੱਲਦਿਆਂ ਹੋਇਆਂ ਵਧਦੀ ਜਾਂਦੀ ਸੀ।’ (ਰਸੂ. 9:31) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਵੀ ‘ਪਵਿੱਤਰ ਸ਼ਕਤੀ ਦੀ ਤਸੱਲੀ’ ਮਿਲਦੀ ਹੈ!

9. ਯਿਸੂ ਬਾਰੇ ਸਿੱਖਣ ਨਾਲ ਸਾਨੂੰ ਕਿਉਂ ਦਿਲਾਸਾ ਮਿਲ ਸਕਦਾ ਹੈ?

9 ਯਿਸੂ ਮਸੀਹ ਬਾਰੇ ਸਿੱਖ ਕੇ ਅਤੇ ਉਸ ਦੀ ਪੈੜ ਤੇ ਚੱਲ ਕੇ ਸਾਨੂੰ ਮਸੀਹੀਆਂ ਨੂੰ ਦਿਲਾਸਾ ਮਿਲਿਆ ਹੈ। ਯਿਸੂ ਨੇ ਕਿਹਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” (ਮੱਤੀ 11:28-30) ਜਦੋਂ ਅਸੀਂ ਸਿੱਖਦੇ ਹਾਂ ਕਿ ਯਿਸੂ ਲੋਕਾਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਇਆ ਅਤੇ ਫਿਰ ਉਸ ਦੀ ਚੰਗੀ ਮਿਸਾਲ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਸ ਨਾਲ ਸਾਨੂੰ ਆਪਣਾ ਦੁੱਖ ਹੌਲਾ ਕਰਨ ਵਿਚ ਕਾਫ਼ੀ ਮਦਦ ਮਿਲ ਸਕਦੀ ਹੈ।

10, 11. ਕਲੀਸਿਯਾ ਵਿਚ ਕੌਣ ਦਿਲਾਸਾ ਦੇ ਸਕਦਾ ਹੈ?

10 ਭੈਣਾਂ-ਭਰਾਵਾਂ ਤੋਂ ਵੀ ਸਾਨੂੰ ਦਿਲਾਸਾ ਮਿਲ ਸਕਦਾ ਹੈ। ਮਿਸਾਲ ਲਈ, ਧਿਆਨ ਦਿਓ ਕਿ ਬਜ਼ੁਰਗ ਕਲੀਸਿਯਾ ਵਿਚ ਕਮਜ਼ੋਰ ਨਿਹਚਾ ਵਾਲੇ ਭੈਣ-ਭਰਾਵਾਂ ਦੀ ਕਿਵੇਂ ਮਦਦ ਕਰਦੇ ਹਨ। ਚੇਲੇ ਯਾਕੂਬ ਨੇ ਲਿਖਿਆ: ‘ਕੀ ਤੁਹਾਡੇ ਵਿੱਚ ਕੋਈ ਮਾਂਦਾ ਹੈ? ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ।’ ਇਸ ਦਾ ਨਤੀਜਾ ਕੀ ਨਿਕਲਦਾ ਹੈ? “ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਓਸ ਬਿਮਾਰ ਨੂੰ ਬਚਾਵੇਗੀ ਅਤੇ [ਯਹੋਵਾਹ] ਉਹ ਨੂੰ ਉਠਾ ਖੜਾ ਕਰੇਗਾ, ਅਤੇ ਜੇ ਉਹ ਨੇ ਪਾਪ ਕੀਤੇ ਹੋਣ ਤਾਂ ਉਹ ਨੂੰ ਮਾਫ਼ ਕੀਤੇ ਜਾਣਗੇ।” (ਯਾਕੂ. 5:14, 15) ਸਿਰਫ਼ ਬਜ਼ੁਰਗ ਹੀ ਨਹੀਂ, ਪਰ ਕਲੀਸਿਯਾ ਦੇ ਦੂਸਰੇ ਮੈਂਬਰ ਵੀ ਦਿਲਾਸਾ ਦੇ ਸਕਦੇ ਹਨ।

11 ਤੀਵੀਆਂ ਨੂੰ ਆਪਣੀਆਂ ਵੱਖੋ-ਵੱਖਰੀਆਂ ਸਮੱਸਿਆਵਾਂ ਬਾਰੇ ਹੋਰਨਾਂ ਤੀਵੀਆਂ ਨਾਲ ਗੱਲ ਕਰਨੀ ਅਕਸਰ ਸੌਖੀ ਲੱਗਦੀ ਹੈ। ਖ਼ਾਸਕਰ ਸਿਆਣੀਆਂ ਅਤੇ ਜ਼ਿਆਦਾ ਤਜਰਬੇਕਾਰ ਭੈਣਾਂ ਆਪਣੇ ਤੋਂ ਛੋਟੀਆਂ ਭੈਣਾਂ ਨੂੰ ਕਾਫ਼ੀ ਵਧੀਆ ਸਲਾਹ ਦੇ ਸਕਦੀਆਂ ਹਨ। ਇਹ ਭੈਣਾਂ ਸ਼ਾਇਦ ਆਪਣੀ ਜ਼ਿੰਦਗੀ ਵਿਚ ਉਹੋ ਜਿਹੇ ਹਾਲਾਤਾਂ ਵਿੱਚੋਂ ਗੁਜ਼ਰੀਆਂ ਹੋਣ ਜਿਨ੍ਹਾਂ ਦਾ ਸਾਮ੍ਹਣਾ ਅੱਜ ਸਾਡੀਆਂ ਭੈਣਾਂ ਕਰ ਰਹੀਆਂ ਹਨ। ਉਨ੍ਹਾਂ ਦੀ ਗੱਲਬਾਤ ਸੁਣ ਕੇ ਅਤੇ ਹਮਦਰਦੀ ਜਤਾ ਕੇ ਉਹ ਜਵਾਨ ਭੈਣਾਂ ਦੀ ਕਾਫ਼ੀ ਮਦਦ ਕਰ ਸਕਦੀਆਂ ਹਨ। (ਤੀਤੁਸ 2:3-5 ਪੜ੍ਹੋ।) ਹਾਂ, ਬਜ਼ੁਰਗ ਅਤੇ ਦੂਸਰੇ ਭੈਣ-ਭਰਾ “ਕਮਦਿਲਿਆਂ” ਯਾਨੀ ਕਮਜ਼ੋਰਾਂ ਨੂੰ “ਦਿਲਾਸਾ” ਦੇ ਸਕਦੇ ਹਨ ਤੇ ਉਨ੍ਹਾਂ ਨੂੰ ਦੇਣਾ ਵੀ ਚਾਹੀਦਾ ਹੈ। (1 ਥੱਸ. 5:14, 15) ਇਹ ਯਾਦ ਰੱਖਣਾ ਚੰਗੀ ਗੱਲ ਹੈ ਕਿ ਪਰਮੇਸ਼ੁਰ ‘ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਭਈ ਅਸੀਂ ਓਹਨਾਂ ਨੂੰ ਹਰ ਬਿਪਤਾ ਵਿੱਚ ਦਿਲਾਸਾ ਦੇਣ ਜੋਗੇ ਹੋਈਏ।’—2 ਕੁਰਿੰ. 1:4.

12. ਮੀਟਿੰਗਾਂ ਵਿਚ ਹਾਜ਼ਰ ਹੋਣਾ ਕਿਉਂ ਜ਼ਰੂਰੀ ਹੈ?

12 ਦਿਲਾਸਾ ਪਾਉਣ ਦਾ ਵਧੀਆ ਤਰੀਕਾ ਹੈ ਕਿ ਅਸੀਂ ਮੀਟਿੰਗਾਂ ਵਿਚ ਹਾਜ਼ਰ ਹੋਈਏ ਜਿੱਥੇ ਬਾਈਬਲ ਦੀਆਂ ਗੱਲਾਂ ਸੁਣ ਕੇ ਸਾਨੂੰ ਹੌਸਲਾ ਮਿਲਦਾ ਹੈ। ਅਸੀਂ ਪੜ੍ਹਦੇ ਹਾਂ ਕਿ ਯਹੂਦਾ ਅਤੇ ਸੀਲਾਸ ਨੇ “ਭਾਈਆਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਉਪਦੇਸ਼ ਦੇ ਕੇ ਤਕੜੇ ਕੀਤਾ।” (ਰਸੂ. 15:32) ਮੀਟਿੰਗਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਕਲੀਸਿਯਾ ਦੇ ਭੈਣ-ਭਰਾ ਆਪਸ ਵਿਚ ਹੌਸਲੇ ਭਰੀਆਂ ਗੱਲਾਂ ਕਰਦੇ ਹਨ। ਇਸ ਲਈ ਜੇ ਅਸੀਂ ਕਿਸੇ ਕਾਰਨ ਦੁਖੀ ਹਾਂ, ਤਾਂ ਆਓ ਆਪਾਂ ਦੂਜਿਆਂ ਤੋਂ ਦੂਰ-ਦੂਰ ਨਾ ਰਹੀਏ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡਾ ਦੁੱਖ ਦੂਰ ਨਹੀਂ ਹੋਣਾ। (ਕਹਾ. 18:1) ਇਸ ਦੇ ਉਲਟ ਪੌਲੁਸ ਰਸੂਲ ਦੀ ਸਲਾਹ ਅਨੁਸਾਰ ਚੱਲਣਾ ਵਧੀਆ ਗੱਲ ਹੈ: “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।”—ਇਬ. 10:24, 25.

ਪਰਮੇਸ਼ੁਰ ਦੇ ਬਚਨ ਤੋਂ ਦਿਲਾਸਾ ਪਾਓ

13, 14. ਦੱਸੋ ਕਿ ਬਾਈਬਲ ਸਾਨੂੰ ਕਿਵੇਂ ਦਿਲਾਸਾ ਦੇ ਸਕਦੀ ਹੈ।

13 ਭਾਵੇਂ ਅਸੀਂ ਬਪਤਿਸਮਾ ਲਿਆ ਹੋਇਆ ਹੈ ਜਾਂ ਹੁਣੇ-ਹੁਣੇ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸਿੱਖਣਾ ਸ਼ੁਰੂ ਕੀਤਾ ਹੈ, ਅਸੀਂ ਸਾਰੇ ਹੀ ਪਰਮੇਸ਼ੁਰ ਦੇ ਬਚਨ ਤੋਂ ਦਿਲਾਸਾ ਪਾ ਸਕਦੇ ਹਾਂ। ਪੌਲੁਸ ਨੇ ਲਿਖਿਆ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀ. 15:4) ਬਾਈਬਲ ਸਾਨੂੰ ਦਿਲਾਸਾ ਦੇ ਸਕਦੀ ਹੈ ਅਤੇ ਸਾਨੂੰ “ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ” ਕਰ ਸਕਦੀ ਹੈ। (2 ਤਿਮੋ. 3:16, 17) ਪਰਮੇਸ਼ੁਰ ਦੇ ਮਕਸਦਾਂ ਬਾਰੇ ਸੱਚਾਈ ਜਾਣਨ ਅਤੇ ਭਵਿੱਖ ਬਾਰੇ ਪੱਕੀ ਉਮੀਦ ਮਿਲਣ ਨਾਲ ਵੀ ਸਾਨੂੰ ਬਹੁਤ ਦਿਲਾਸਾ ਮਿਲੇਗਾ। ਇਸ ਲਈ ਆਓ ਆਪਾਂ ਪਰਮੇਸ਼ੁਰ ਦੇ ਬਚਨ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਪੂਰਾ ਲਾਹਾ ਲਈਏ ਜਿਨ੍ਹਾਂ ਤੋਂ ਸਾਨੂੰ ਸਿਰਫ਼ ਦਿਲਾਸਾ ਹੀ ਨਹੀਂ, ਸਗੋਂ ਕਈ ਤਰੀਕਿਆਂ ਨਾਲ ਫ਼ਾਇਦਾ ਵੀ ਮਿਲ ਸਕਦਾ ਹੈ।

14 ਯਿਸੂ ਨੇ ਦੂਜਿਆਂ ਨੂੰ ਸਿੱਖਿਆ ਅਤੇ ਦਿਲਾਸਾ ਦੇਣ ਲਈ ਸ਼ਾਸਤਰਾਂ ਨੂੰ ਵਰਤ ਕੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਮਿਸਾਲ ਲਈ, ਜੀ ਉੱਠਣ ਤੋਂ ਬਾਅਦ ਇਕ ਵਾਰ ਉਸ ਨੇ ਆਪਣੇ ਦੋ ਚੇਲਿਆਂ ਨੂੰ ਦਰਸ਼ਣ ਦੇ ਕੇ ‘ਪੁਸਤਕਾਂ ਦਾ ਅਰਥ ਖੋਲ੍ਹ ਕੇ’ ਸਮਝਾਇਆ। ਜਦੋਂ ਉਹ ਉਨ੍ਹਾਂ ਨਾਲ ਗੱਲਾਂ ਕਰ ਰਿਹਾ ਸੀ, ਤਾਂ ਇਨ੍ਹਾਂ ਗੱਲਾਂ ਨੇ ਧੁਰ ਅੰਦਰ ਤਕ ਉਨ੍ਹਾਂ ਦੇ ਦਿਲਾਂ ਨੂੰ ਛੂਹਿਆ। (ਲੂਕਾ 24:32) ਯਿਸੂ ਦੀ ਵਧੀਆ ਮਿਸਾਲ ਉੱਤੇ ਚੱਲਦੇ ਹੋਏ ਪੌਲੁਸ ਰਸੂਲ ਨੇ ‘ਪੋਥੀਆਂ ਤੋਂ ਵਿਚਾਰ ਕੀਤਾ।’ (ਰਸੂ. 17:2, ERV) ਬਰਿਯਾ ਵਿਚ ਉਸ ਦੀ ਗੱਲ ਸੁਣਨ ਵਾਲਿਆਂ ਨੇ “ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ।” (ਰਸੂ. 17:10, 11) ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਰੋਜ਼ ਬਾਈਬਲ ਪੜ੍ਹੀਏ ਅਤੇ ਫਿਰ ਇਸ ਤੋਂ ਅਤੇ ਮਸੀਹੀ ਪ੍ਰਕਾਸ਼ਨਾਂ ਤੋਂ ਫ਼ਾਇਦਾ ਉਠਾਈਏ ਜੋ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਸਾਨੂੰ ਦਿਲਾਸਾ ਤੇ ਉਮੀਦ ਦੇਣ ਲਈ ਤਿਆਰ ਕੀਤੇ ਗਏ ਹਨ!

ਦੂਜਿਆਂ ਨੂੰ ਦਿਲਾਸਾ ਦੇਣ ਦੇ ਹੋਰ ਤਰੀਕੇ

15, 16. ਭੈਣਾਂ-ਭਰਾਵਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਅਸੀਂ ਕੀ ਕੁਝ ਕਰ ਸਕਦੇ ਹਾਂ?

15 ਅਸੀਂ ਕਈ ਵੱਖੋ-ਵੱਖਰੇ ਤਰੀਕਿਆਂ ਨਾਲ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਦਿਲਾਸਾ ਦੇ ਸਕਦੇ ਹਾਂ। ਮਿਸਾਲ ਲਈ, ਅਸੀਂ ਬਜ਼ੁਰਗ ਜਾਂ ਬੀਮਾਰ ਭੈਣਾਂ-ਭਰਾਵਾਂ ਲਈ ਕੁਝ ਸੌਦੇ ਪੱਤੇ ਖ਼ਰੀਦ ਸਕਦੇ ਹਾਂ। ਅਸੀਂ ਹੋਰਨਾਂ ਦੇ ਘਰ ਦੇ ਕੰਮਾਂ ਵਿਚ ਹੱਥ ਵਟਾ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। (ਫ਼ਿਲਿ. 2:4) ਸ਼ਾਇਦ ਅਸੀਂ ਭੈਣਾਂ-ਭਰਾਵਾਂ ਦੇ ਚੰਗੇ ਗੁਣਾਂ ਦੀ ਤਾਰੀਫ਼ ਕਰ ਸਕਦੇ ਹਾਂ ਜਿਵੇਂ ਕਿ ਉਨ੍ਹਾਂ ਦਾ ਪਿਆਰ, ਉਨ੍ਹਾਂ ਦੇ ਸੋਚਣ ਦਾ ਵਧੀਆ ਢੰਗ, ਹਿੰਮਤ ਅਤੇ ਨਿਹਚਾ।

16 ਬਜ਼ੁਰਗ ਭੈਣਾਂ-ਭਰਾਵਾਂ ਨੂੰ ਦਿਲਾਸਾ ਦੇਣ ਲਈ ਅਸੀਂ ਉਨ੍ਹਾਂ ਨੂੰ ਜਾ ਕੇ ਮਿਲ ਸਕਦੇ ਹਾਂ ਤੇ ਜਦੋਂ ਉਹ ਸਾਨੂੰ ਯਹੋਵਾਹ ਦੀ ਸੇਵਾ ਵਿਚ ਮਿਲੇ ਆਪਣੇ ਤਜਰਬਿਆਂ ਅਤੇ ਬਰਕਤਾਂ ਬਾਰੇ ਦੱਸਦੇ ਹਨ, ਤਾਂ ਅਸੀਂ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਸਕਦੇ ਹਾਂ। ਇਹ ਗੱਲਾਂ ਸੁਣ ਕੇ ਸਾਨੂੰ ਹਿੰਮਤ ਤੇ ਦਿਲਾਸਾ ਮਿਲ ਸਕਦਾ ਹੈ! ਅਸੀਂ ਉਨ੍ਹਾਂ ਨਾਲ ਬਾਈਬਲ ਜਾਂ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿੱਚੋਂ ਪੜ੍ਹ ਸਕਦੇ ਹਾਂ। ਅਸੀਂ ਸ਼ਾਇਦ ਉਨ੍ਹਾਂ ਨਾਲ ਉਸ ਹਫ਼ਤੇ ਦੇ ਪਹਿਰਾਬੁਰਜ ਅਧਿਐਨ ਦੇ ਲੇਖ ਜਾਂ ਕਲੀਸਿਯਾ ਬਾਈਬਲ ਸਟੱਡੀ ਦੌਰਾਨ ਪੜ੍ਹੀ ਜਾਣ ਵਾਲੀ ਜਾਣਕਾਰੀ ਉੱਤੇ ਗੌਰ ਕਰ ਸਕਦੇ ਹਾਂ। ਅਸੀਂ ਉਨ੍ਹਾਂ ਨਾਲ ਬਾਈਬਲ ’ਤੇ ਆਧਾਰਿਤ ਕੋਈ ਡੀ.ਵੀ.ਡੀ. ਦੇਖ ਸਕਦੇ ਹਾਂ ਜਾਂ ਫਿਰ ਅਸੀਂ ਆਪਣੇ ਪ੍ਰਕਾਸ਼ਨਾਂ ਵਿੱਚੋਂ ਕੁਝ ਹੌਸਲਾ ਦੇਣ ਵਾਲੇ ਤਜਰਬੇ ਪੜ੍ਹ ਜਾਂ ਦੱਸ ਸਕਦੇ ਹਾਂ।

17, 18. ਯਹੋਵਾਹ ਦੇ ਵਫ਼ਾਦਾਰ ਸੇਵਕਾਂ ਵਜੋਂ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਨੂੰ ਸਹਾਰਾ ਤੇ ਦਿਲਾਸਾ ਦੇਵੇਗਾ?

17 ਜੇ ਅਸੀਂ ਦੇਖਦੇ ਹਾਂ ਕਿ ਯਹੋਵਾਹ ਦੇ ਕਿਸੇ ਭਗਤ ਨੂੰ ਦਿਲਾਸੇ ਦੀ ਲੋੜ ਹੈ, ਤਾਂ ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਉਸ ਦਾ ਜ਼ਿਕਰ ਕਰ ਸਕਦੇ ਹਾਂ। (ਰੋਮੀ. 15:30; ਕੁਲੁ. 4:12) ਜਦੋਂ ਅਸੀਂ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਸਿੱਝਦੇ ਹਾਂ ਅਤੇ ਦੂਸਰਿਆਂ ਨੂੰ ਦਿਲਾਸਾ ਦਿੰਦੇ ਹਾਂ, ਤਾਂ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਰਗੀ ਨਿਹਚਾ ਅਤੇ ਭਰੋਸਾ ਰੱਖ ਸਕਦੇ ਹਾਂ ਜਿਸ ਨੇ ਗਾਇਆ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” (ਜ਼ਬੂ. 55:22) ਦਰਅਸਲ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਯਾਨੀ ਸਾਨੂੰ ਦਿਲਾਸਾ ਦੇਣ ਅਤੇ ਸਹਾਰਾ ਦੇਣ ਲਈ ਹਮੇਸ਼ਾ ਤਿਆਰ ਹੈ।

18 ਪਰਮੇਸ਼ੁਰ ਨੇ ਪੁਰਾਣੇ ਜ਼ਮਾਨੇ ਦੇ ਆਪਣੇ ਭਗਤਾਂ ਨੂੰ ਕਿਹਾ ਸੀ: “ਮੈਂ, ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ।” (ਯਸਾ. 51:12) ਯਹੋਵਾਹ ਸਾਨੂੰ ਵੀ ਦਿਲਾਸਾ ਦੇਵੇਗਾ ਅਤੇ ਜਦੋਂ ਅਸੀਂ ਦੁਖੀਆਂ ਨੂੰ ਦਿਲਾਸਾ ਦਿੰਦੇ ਹਾਂ, ਤਾਂ ਉਹ ਸਾਡੇ ਕੰਮਾਂ ’ਤੇ ਬਰਕਤ ਪਾਵੇਗਾ। ਭਾਵੇਂ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ਉੱਤੇ ਰਹਿਣ ਦੀ ਹੈ, ਸਾਨੂੰ ਸਾਰਿਆਂ ਨੂੰ ਹੀ ਪੌਲੁਸ ਦੇ ਸ਼ਬਦਾਂ ਤੋਂ ਦਿਲਾਸਾ ਮਿਲ ਸਕਦਾ ਹੈ ਜੋ ਉਸ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਕਹੇ ਸਨ: “ਹੁਣ ਸਾਡਾ ਪ੍ਰਭੁ ਯਿਸੂ ਮਸੀਹ ਆਪ ਅਤੇ ਸਾਡਾ ਪਿਤਾ ਪਰਮੇਸ਼ੁਰ ਜਿਹ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਕਿਰਪਾ ਕਰ ਕੇ ਸਾਨੂੰ ਸਦੀਪਕਾਲ ਦੀ ਤਸੱਲੀ ਅਤੇ ਭਲੀ ਆਸਾ ਦਿੱਤੀ। ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਓਹਨਾਂ ਨੂੰ ਹਰੇਕ ਸ਼ੁਭ ਕਰਮ ਅਤੇ ਬਚਨ ਵਿੱਚ ਦ੍ਰਿੜ੍ਹ ਕਰੇ।”—2 ਥੱਸ. 2:16, 17.

ਕੀ ਤੁਹਾਨੂੰ ਯਾਦ ਹੈ?

• ਦੁਖੀਆਂ ਨੂੰ ਦਿਲਾਸਾ ਦੇਣ ਦਾ ਕੰਮ ਕਿੰਨੇ ਕੁ ਵੱਡੇ ਪੱਧਰ ਤੇ ਹੋ ਰਿਹਾ ਹੈ?

• ਦੂਜਿਆਂ ਨੂੰ ਦਿਲਾਸਾ ਦੇਣ ਲਈ ਅਸੀਂ ਕੀ ਕੁਝ ਕਰ ਸਕਦੇ ਹਾਂ?

• ਬਾਈਬਲ ਤੋਂ ਕਿਹੜਾ ਸਬੂਤ ਮਿਲਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਦਿਲਾਸਾ ਦਿੰਦਾ ਹੈ?

[ਸਵਾਲ]

[ਸਫ਼ਾ 28 ਉੱਤੇ ਤਸਵੀਰ]

ਕੀ ਤੁਸੀਂ ਦੁਖੀਆਂ ਨੂੰ ਦਿਲਾਸਾ ਦਿੰਦੇ ਹੋ?

[ਸਫ਼ਾ 30 ਉੱਤੇ ਤਸਵੀਰ]

ਛੋਟੇ-ਵੱਡੇ ਇਕ ਦੂਜੇ ਨੂੰ ਹੌਸਲਾ ਦੇ ਸਕਦੇ ਹਨ