ਯੇਹੂ ਸੱਚੀ ਭਗਤੀ ਦਾ ਹਿਮਾਇਤੀ
ਯੇਹੂ ਸੱਚੀ ਭਗਤੀ ਦਾ ਹਿਮਾਇਤੀ
ਯੇਹੂ ਸੱਚੀ ਭਗਤੀ ਦਾ ਹਿਮਾਇਤੀ ਸੀ। ਇਹ ਕੰਮ ਉਸ ਨੇ ਚੁਸਤੀ-ਫੁਰਤੀ, ਜੋਸ਼ ਅਤੇ ਦਲੇਰੀ ਨਾਲ ਬਿਨਾਂ ਰੁਕੇ ਕੀਤਾ। ਜਿਹੜੇ ਗੁਣ ਯੇਹੂ ਨੇ ਦਿਖਾਏ ਸਨ, ਉਨ੍ਹਾਂ ਨੂੰ ਆਪਣੇ ਵਿਚ ਪੈਦਾ ਕਰਨਾ ਚੰਗੀ ਗੱਲ ਹੋਵੇਗੀ।
ਜਿਸ ਵੇਲੇ ਯੇਹੂ ਨੂੰ ਕੰਮ ਮਿਲਿਆ ਸੀ, ਉਸ ਵੇਲੇ ਇਸਰਾਏਲ ਕੌਮ ਦੀ ਮਾੜੀ ਹਾਲਤ ਸੀ। ਦੇਸ਼ ਉੱਤੇ ਈਜ਼ਬਲ ਦਾ ਬਹੁਤ ਮਾੜਾ ਪ੍ਰਭਾਵ ਸੀ ਜੋ ਅਹਾਬ ਦੀ ਵਿਧਵਾ ਅਤੇ ਰਾਜ ਕਰ ਰਹੇ ਰਾਜੇ ਯੋਰਾਮ ਦੀ ਮਾਤਾ ਸੀ। ਉਸ ਨੇ ਲੋਕਾਂ ਨੂੰ ਯਹੋਵਾਹ ਦੀ ਭਗਤੀ ਦੀ ਬਜਾਇ ਬਆਲ ਦੀ ਪੂਜਾ ਕਰਨ ਲਈ ਉਕਸਾਇਆ, ਪਰਮੇਸ਼ੁਰ ਦੇ ਨਬੀਆਂ ਨੂੰ ਮਰਵਾਇਆ ਅਤੇ ਲੋਕਾਂ ਨੂੰ ਆਪਣੀਆਂ “ਜ਼ਨਾਹਕਾਰੀਆਂ” ਅਤੇ “ਜਾਦੂਗਰੀਆਂ” ਨਾਲ ਵਿਗਾੜਿਆ। (2 ਰਾਜ. 9:22; 1 ਰਾਜ. 18:4, 13) ਯਹੋਵਾਹ ਨੇ ਅਹਾਬ ਦੇ ਘਰਾਣੇ ਨੂੰ ਖ਼ਤਮ ਕਰਨ ਦੀ ਸਜ਼ਾ ਸੁਣਾਈ ਜਿਸ ਵਿਚ ਯੋਰਾਮ ਅਤੇ ਈਜ਼ਬਲ ਵੀ ਸਨ। ਯੇਹੂ ਨੇ ਇਸ ਕੰਮ ਵਿਚ ਅਗਵਾਈ ਕਰਨੀ ਸੀ।
ਬਾਈਬਲ ਵਿਚ ਯੇਹੂ ਦਾ ਪਹਿਲੀ ਵਾਰ ਜ਼ਿਕਰ ਉਦੋਂ ਆਉਂਦਾ ਹੈ ਜਦੋਂ ਉਹ ਫ਼ੌਜ ਦੇ ਸਰਦਾਰਾਂ ਨਾਲ ਬੈਠਾ ਹੋਇਆ ਸੀ। ਉਸ ਵੇਲੇ ਇਸਰਾਏਲੀ ਰਾਮੋਥ-ਗਿਲਆਦ ਵਿਚ ਅਰਾਮੀਆਂ ਨਾਲ ਲੜ ਰਹੇ ਸਨ। ਉਸ ਵੇਲੇ ਯੇਹੂ ਜਾਂ ਤਾਂ ਉੱਚੇ ਅਹੁਦੇ ਵਾਲਾ ਅਫ਼ਸਰ ਸੀ ਜਾਂ ਫਿਰ ਉਹ ਇਸਰਾਏਲੀ ਫ਼ੌਜ ਦਾ ਸੈਨਾਪਤੀ ਸੀ। ਅਲੀਸ਼ਾ ਨਬੀ ਨੇ ਨਬੀਆਂ ਦੇ ਇਕ ਪੁੱਤਰ ਨੂੰ ਯੇਹੂ ਨੂੰ ਰਾਜੇ ਵਜੋਂ ਮਸਹ ਕਰਨ ਅਤੇ ਉਸ ਨੂੰ ਹਿਦਾਇਤ ਦੇਣ ਲਈ ਭੇਜਿਆ ਕਿ ਉਹ ਅਹਾਬ ਦੇ ਧਰਮ-ਤਿਆਗੀ ਘਰਾਣੇ ਦੇ ਹਰ ਆਦਮੀ ਨੂੰ ਮਾਰ ਦੇਵੇ।—2 ਰਾਜ. 8:28; 9:1-10.
ਜਦੋਂ ਯੇਹੂ ਦੇ ਨਾਲ ਦੇ ਸਰਦਾਰਾਂ ਨੇ ਪੁੱਛਿਆ ਕਿ ਨਬੀਆਂ ਦਾ ਪੁੱਤਰ ਉਸ ਨੂੰ ਕਿਉਂ ਮਿਲਣ ਆਇਆ ਸੀ, ਤਾਂ ਯੇਹੂ ਉਨ੍ਹਾਂ ਨੂੰ ਦੱਸਣਾ ਨਹੀਂ ਸੀ ਚਾਹੁੰਦਾ। ਪਰ ਜਦੋਂ ਸਰਦਾਰਾਂ ਨੇ ਉਸ ਉੱਤੇ ਦਬਾਅ ਪਾਇਆ, ਤਾਂ ਉਸ ਨੇ ਉਨ੍ਹਾਂ ਨੂੰ ਸਾਰੀ ਗੱਲ ਦੱਸ ਦਿੱਤੀ ਅਤੇ ਫਿਰ ਯੇਹੂ ਤੇ ਉਸ ਦੇ ਇਨ੍ਹਾਂ ਸਾਥੀਆਂ ਨੇ ਯੋਰਾਮ ਖ਼ਿਲਾਫ਼ ਸਾਜ਼ਸ਼ ਘੜੀ। (2 ਰਾਜ. 9:11-14) ਜਾਪਦਾ ਹੈ ਕਿ ਫ਼ੌਜੀਆਂ ਵਿੱਚੋਂ ਕਈ ਅਹਾਬ ਅਤੇ ਈਜ਼ਬਲ ਦਾ ਵਿਰੋਧ ਕਰ ਰਹੇ ਸਨ। ਗੱਲ ਜੋ ਵੀ ਸੀ, ਯੇਹੂ ਨੇ ਬੜੇ ਧਿਆਨ ਨਾਲ ਸੋਚਿਆ ਹੋਣਾ ਕਿ ਉਹ ਆਪਣਾ ਕੰਮ ਕਿਵੇਂ ਪੂਰਾ ਕਰ ਸਕਦਾ ਸੀ।
ਰਾਜਾ ਯੋਰਾਮ ਇਕ ਯੁੱਧ ਦੌਰਾਨ ਜ਼ਖ਼ਮੀ ਹੋ ਗਿਆ ਅਤੇ ਉਹ ਠੀਕ ਹੋਣ ਲਈ ਯਿਜ਼ਰਏਲ ਸ਼ਹਿਰ ਨੂੰ ਭੱਜ ਗਿਆ ਸੀ। ਯੇਹੂ ਨੂੰ ਪਤਾ ਸੀ ਕਿ ਜੇ ਉਸ ਦੀ ਸਕੀਮ ਸਿਰੇ ਚੜ੍ਹਨੀ ਸੀ, ਤਾਂ ਇਸ ਦੀ ਖ਼ਬਰ ਯਿਜ਼ਰਏਲ ਤਕ ਨਹੀਂ ਪਹੁੰਚਣੀ ਚਾਹੀਦੀ ਸੀ। ਯੇਹੂ ਨੇ ਕਿਹਾ: “ਕੋਈ ਨੱਸਣ ਵਾਲਾ ਇਸ ਸ਼ਹਿਰ ਵਿੱਚੋਂ ਨਿੱਕਲ ਕੇ ਯਿਜ਼ਰਏਲ ਨੂੰ ਖਬਰ ਲੈ ਜਾਣੀ ਨਾ ਪਾਵੇ।” (2 ਰਾਜ. 9:14, 15) ਯੇਹੂ ਨੇ ਸੋਚਿਆ ਹੋਣਾ ਕਿ ਜੇ ਸ਼ਾਹੀ ਫ਼ੌਜੀਆਂ ਨੂੰ ਉਸ ਦੀ ਸਕੀਮ ਬਾਰੇ ਪਤਾ ਲੱਗ ਗਿਆ, ਤਾਂ ਸ਼ਾਇਦ ਉਹ ਉਸ ਦਾ ਵਿਰੋਧ ਕਰਨ। ਉਹ ਪੱਕਾ ਕਰਨਾ ਚਾਹੁੰਦਾ ਸੀ ਕਿ ਇੱਦਾਂ ਦੀ ਕੋਈ ਗੱਲ ਨਾ ਵਾਪਰੇ।
ਉਸ ਨੇ ਅੰਨ੍ਹੇਵਾਹ ਰਥ ਚਲਾਇਆ!
ਦੁਸ਼ਮਣ ਨੂੰ ਚੌਂਕਾਉਣ ਲਈ ਯੇਹੂ ਰਾਮੋਥ-ਗਿਲਆਦ ਤੋਂ ਯਿਜ਼ਰਏਲ ਤਕ 72 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਆਪਣੇ ਰਥ ਵਿਚ ਗਿਆ। ਜਦੋਂ ਉਹ ਤੇਜ਼ੀ ਨਾਲ ਆਪਣੀ ਮੰਜ਼ਲ ਵੱਲ ਵਧ ਰਿਹਾ ਸੀ, ਤਾਂ ਬੁਰਜ ਉੱਪਰ ਖੜ੍ਹੇ ਪਹਿਰੇਦਾਰ ਨੇ “ਯੇਹੂ ਦੇ ਵੱਡੇ ਜੱਥੇ ਨੂੰ ਆਉਂਦਿਆ” ਦੇਖਿਆ। 2 ਰਾਜ. 9:17) ਲੱਗਦਾ ਹੈ ਕਿ ਯੇਹੂ ਆਪਣੇ ਨਾਲ ਇਕ ਵੱਡਾ ਦਲ ਲੈ ਕੇ ਗਿਆ ਤਾਂਕਿ ਉਹ ਆਪਣਾ ਕੰਮ ਪੂਰਾ ਕਰ ਸਕੇ।
(ਜਦੋਂ ਪਹਿਰੇਦਾਰ ਨੇ ਦੇਖਿਆ ਕਿ ਰਥ ਨੂੰ ਦਲੇਰ ਯੇਹੂ ਚਲਾ ਰਿਹਾ ਸੀ, ਤਾਂ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਇਕ ਪਾਗਲ ਦੇ ਵਾਂਗ ਰੱਥ ਚਲਾ ਰਿਹਾ ਹੈ।” (2 ਰਾਜਾ 9:20, CL) ਜੇ ਯੇਹੂ ਆਮ ਕਰਕੇ ਇਸੇ ਤਰ੍ਹਾਂ ਰਥ ਚਲਾਉਂਦਾ ਹੁੰਦਾ ਸੀ, ਤਾਂ ਇਸ ਮੌਕੇ ਤੇ ਉਸ ਨੇ ਇਸ ਤੋਂ ਵੀ ਤੇਜ਼ ਰਫ਼ਤਾਰ ਨਾਲ ਰਥ ਚਲਾਇਆ ਹੋਣਾ।
ਦੋ ਹਲਕਾਰਿਆਂ ਨੂੰ ਕੋਈ ਜਵਾਬ ਨਾ ਦੇਣ ਤੋਂ ਬਾਅਦ ਯੇਹੂ, ਰਾਜਾ ਯੋਰਾਮ ਅਤੇ ਉਸ ਦੇ ਮਿੱਤਰ ਯਹੂਦਾਹ ਦੇ ਰਾਜੇ ਅਹਜ਼ਯਾਹ ਨੂੰ ਮਿਲਣ ਆਇਆ ਜੋ ਆਪਣੇ-ਆਪਣੇ ਰਥਾਂ ਵਿਚ ਸਨ। ਯੋਰਾਮ ਨੇ ਸਵਾਲ ਪੁੱਛਿਆ: “ਯੇਹੂ ਸ਼ਾਂਤ ਤਾਂ ਹੈ?” ਉਸ ਨੇ ਜਵਾਬ ਦਿੱਤਾ: “ਜਦ ਤਾਂਈ ਤੇਰੀ ਮਾਂ ਈਜ਼ਬਲ ਦੀਆਂ ਜ਼ਨਾਕਾਰੀਆਂ ਤੇ ਉਹ ਦੀਆਂ ਜਾਦੂਗਰੀਆਂ ਏਨੀਆਂ ਵਧੀਆਂ ਹੋਈਆਂ ਹੋਣ ਤਦ ਤਾਂਈ ਸ਼ਾਂਤ ਕੇਹੀ?” ਇਹ ਜਵਾਬ ਸੁਣ ਕੇ ਯੋਰਾਮ ਇੰਨਾ ਬੌਂਦਲ ਗਿਆ ਕਿ ਉਹ ਭੱਜਣ ਲਈ ਮੁੜਿਆ। ਇਸ ਤੋਂ ਪਹਿਲਾਂ ਕਿ ਉਹ ਭੱਜਦਾ, ਯੇਹੂ ਨੇ ਯੋਰਾਮ ਦੇ ਦਿਲ ਨੂੰ ਤੀਰ ਨਾਲ ਚੀਰ ਦਿੱਤਾ ਤੇ ਰਾਜਾ ਆਪਣੇ ਰਥ ਵਿਚ ਡਿੱਗ ਕੇ ਮਰ ਗਿਆ। ਭਾਵੇਂ ਕਿ ਅਹਜ਼ਯਾਹ ਉਸ ਸਮੇਂ ਭੱਜ ਗਿਆ ਸੀ, ਪਰ ਯੇਹੂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਵੀ ਮਾਰ ਦਿੱਤਾ।—2 ਰਾਜ. 9:22-24, 27.
ਅਹਾਬ ਦੇ ਘਰਾਣੇ ਦਾ ਅਗਲਾ ਮੈਂਬਰ ਸੀ ਰਾਣੀ ਈਜ਼ਬਲ ਜਿਸ ਨੂੰ ਮਾਰਿਆ ਜਾਣਾ ਸੀ। ਯੇਹੂ ਨੇ ਠੀਕ ਹੀ ਕਿਹਾ ਸੀ ਕਿ ਉਹ “ਸਰਾਪੀ ਤੀਵੀਂ” ਸੀ। ਯੇਹੂ ਜਿਉਂ ਹੀ ਯਿਜ਼ਰਏਲ ਵਿਚ ਦਾਖ਼ਲ ਹੋਇਆ, ਤਾਂ ਉਸ ਨੇ ਦੇਖਿਆ ਕਿ ਈਜ਼ਬਲ ਮਹਿਲ ਦੀ ਤਾਕੀ ਵਿੱਚੋਂ ਦੀ ਥੱਲੇ ਦੇਖ ਰਹੀ ਸੀ। ਯੇਹੂ ਨੇ ਬਿਨਾਂ ਦੇਰ ਕੀਤਿਆਂ ਦਰਬਾਰੀ ਅਫ਼ਸਰਾਂ ਨੂੰ ਹੁਕਮ ਦਿੱਤਾ ਕਿ ਉਹ ਈਜ਼ਬਲ ਨੂੰ ਤਾਕੀ ਵਿੱਚੋਂ ਥੱਲੇ ਸੁੱਟ ਦੇਣ। ਫਿਰ ਯੇਹੂ ਨੇ ਆਪਣੇ ਘੋੜਿਆਂ ਦੇ ਪੈਰਾਂ ਥੱਲੇ ਈਜ਼ਬਲ ਨੂੰ ਕੁਚਲ ਦਿੱਤਾ ਜਿਸ ਨੇ ਸਾਰੇ ਇਸਰਾਏਲ ਨੂੰ ਵਿਗਾੜਿਆ ਸੀ। ਇਸ ਤੋਂ ਬਾਅਦ ਯੇਹੂ ਦੁਸ਼ਟ ਅਹਾਬ ਦੇ ਘਰਾਣੇ ਦੇ ਦਰਜਨਾਂ ਹੀ ਹੋਰਨਾਂ ਮੈਂਬਰਾਂ ਨੂੰ ਮਾਰਨ ਲਈ ਨਿਕਲ ਤੁਰਿਆ।—2 ਰਾਜ. 9:30-34; 10:1-14.
ਭਾਵੇਂ ਕਿ ਖ਼ੂਨ-ਖ਼ਰਾਬਾ ਚੰਗੀ ਗੱਲ ਨਹੀਂ, ਪਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਦਿਨਾਂ ਵਿਚ ਯਹੋਵਾਹ ਨੇ ਆਪਣੇ ਸੇਵਕਾਂ ਦੇ ਜ਼ਰੀਏ ਬੁਰੇ ਲੋਕਾਂ ਨੂੰ ਸਜ਼ਾ ਦਿੱਤੀ। ਬਾਈਬਲ ਦੱਸਦੀ ਹੈ: “ਅਹਜ਼ਯਾਹ ਦਾ ਨਾਸ ਪਰਮੇਸ਼ੁਰ ਵੱਲੋਂ ਐਉਂ ਹੋਇਆ ਕਿ ਉਹ ਯੋਰਾਮ ਦੇ ਕੋਲ ਗਿਆ ਕਿਉਂ ਜੋ ਜਦ ਉਹ ਪੁੱਜਿਆ ਤਾਂ ਯਹੋਰਾਮ ਦੇ ਸੰਗ ਨਿਮਸ਼ੀ ਦੇ ਪੁੱਤ੍ਰ ਯੇਹੂ ਦੇ ਨਾਲ ਲੜਨ ਲਈ ਗਿਆ ਜਿਹ ਨੂੰ ਯਹੋਵਾਹ ਨੇ ਅਹਾਬ ਦੇ ਘਰਾਣੇ ਨੂੰ ਮੇਟਣ ਲਈ ਮੁਕੱਰਰ ਕੀਤਾ ਸੀ।” (2 ਇਤ. 22:7) ਯੇਹੂ ਨੇ ਜਿਉਂ ਹੀ ਯੋਰਾਮ ਦੀ ਲਾਸ਼ ਉਸ ਦੇ ਰਥ ਤੋਂ ਹੇਠਾਂ ਸੁੱਟੀ, ਤਾਂ ਉਸ ਨੂੰ ਯਹੋਵਾਹ ਦਾ ਇਹ ਵਾਅਦਾ ਚੇਤੇ ਆਇਆ ਕਿ ਉਹ ਅਹਾਬ ਤੋਂ ਨਾਬੋਥ ਦੇ ਖ਼ੂਨ ਦਾ ਬਦਲਾ ਲਵੇਗਾ। ਇਸ ਤੋਂ ਇਲਾਵਾ, ਯੇਹੂ ਨੂੰ “ਯਹੋਵਾਹ ਦੇ ਸੱਭ ਦਾਸਾਂ ਦੇ ਲਹੂ ਦਾ ਵੱਟਾ” ਲੈਣ ਦਾ ਹੁਕਮ ਮਿਲਿਆ ਸੀ ਜੋ ਈਜ਼ਬਲ ਨੇ ਵਹਾਇਆ ਸੀ।—2 ਰਾਜ. 9:7, 25, 26; 1 ਰਾਜ. 21:17-19.
ਇਬ. 10:30) ਪਰ ਕਲੀਸਿਯਾ ਨੂੰ ਬੁਰੇ ਅਸਰ ਤੋਂ ਬਚਾਉਣ ਲਈ ਬਜ਼ੁਰਗਾਂ ਨੂੰ ਸ਼ਾਇਦ ਯੇਹੂ ਵਾਂਗ ਦਲੇਰੀ ਦਿਖਾਉਣੀ ਪਵੇ। (1 ਕੁਰਿੰ. 5:9-13) ਕਲੀਸਿਯਾ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੀਦਾ ਜਿਨ੍ਹਾਂ ਨੂੰ ਛੇਕਿਆ ਗਿਆ ਹੈ।—2 ਯੂਹੰ. 9-11.
ਅੱਜ ਯਹੋਵਾਹ ਦਾ ਕੋਈ ਵੀ ਸੇਵਕ ਸੱਚੀ ਭਗਤੀ ਦਾ ਵਿਰੋਧ ਕਰਨ ਵਾਲਿਆਂ ਨਾਲ ਨਹੀਂ ਲੜਦਾ। ਪਰਮੇਸ਼ੁਰ ਕਹਿੰਦਾ ਹੈ: “ਬਦਲਾ ਲੈਣਾ ਮੇਰਾ ਕੰਮ ਹੈ।” (ਯੇਹੂ ਨੇ ਯਹੋਵਾਹ ਲਈ ਜੋਸ਼ ਦਿਖਾਇਆ
ਯੇਹੂ ਨੇ ਆਪਣਾ ਕੰਮ ਜਿਸ ਇਰਾਦੇ ਨਾਲ ਕੀਤਾ, ਉਸ ਬਾਰੇ ਸਾਨੂੰ ਵਫ਼ਾਦਾਰ ਯਹੋਨਾਦਾਬ ਨੂੰ ਕਹੇ ਉਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ: “ਮੇਰੇ ਨਾਲ ਚੱਲ ਤੇ ਯਹੋਵਾਹ ਦੇ ਨਮਿੱਤ ਮੇਰੇ ਜੋਸ਼ ਨੂੰ ਵੇਖ।” ਯਹੋਨਾਦਾਬ ਯੇਹੂ ਦੀ ਗੱਲ ਮੰਨ ਕੇ ਉਸ ਦੇ ਰਥ ’ਤੇ ਚੜ੍ਹ ਗਿਆ ਅਤੇ ਉਸ ਨਾਲ ਸਾਮਰਿਯਾ ਨੂੰ ਚੱਲ ਪਿਆ। ਉੱਥੇ ਯੇਹੂ ਨੇ ‘ਬਆਲ ਦਿਆਂ ਉਪਾਸਕਾਂ ਦਾ ਨਾਸ ਕਰਨ ਲਈ ਛਲ ਖੇਡਿਆ।’—2 ਰਾਜ. 10:15-17, 19.
ਯੇਹੂ ਨੇ ਐਲਾਨ ਕੀਤਾ ਕਿ ਉਹ ਬਆਲ ਵਾਸਤੇ “ਵੱਡੀ ਭੇਟ” ਚੜ੍ਹਾਵੇਗਾ। (2 ਰਾਜ. 10:18, 19) ਇਕ ਵਿਦਵਾਨ ਕਹਿੰਦਾ ਹੈ: “ਇਹ ਕਹਿ ਕੇ ਯੇਹੂ ਨੇ ਬੜੀ ਚਲਾਕੀ ਨਾਲ ਸ਼ਬਦ ਵਰਤੇ। ਅਸਲ ਵਿਚ ‘ਭੇਟ’ ਦਾ ਮਤਲਬ “ਆਮ ਤੌਰ ਤੇ ‘ਬਲ਼ੀ ਹੁੰਦਾ ਹੈ,’ ਪਰ ਇਹ ਧਰਮ-ਤਿਆਗੀਆਂ ਦਾ ‘ਕਤਲੇਆਮ ਕਰਨ’ ਲਈ ਵੀ ਵਰਤਿਆ ਗਿਆ ਹੈ।” ਯੇਹੂ ਨਹੀਂ ਸੀ ਚਾਹੁੰਦਾ ਕਿ ਕੋਈ ਵੀ ਬਆਲ ਦਾ ਭਗਤ ਇਸ ਮੌਕੇ ਨੂੰ ਗੁਆਵੇ। ਇਸ ਲਈ ਉਸ ਨੇ ਸਾਰਿਆਂ ਨੂੰ ਬਆਲ ਦੇ ਮੰਦਰ ਵਿਚ ਇਕੱਠਾ ਕੀਤਾ ਤੇ ਉਨ੍ਹਾਂ ਨੂੰ ਖ਼ਾਸ ਕੱਪੜੇ ਪਹਿਨਾਏ। ਜਿਉਂ ਹੀ “ਹੋਮ ਦੀ ਬਲੀ ਚੜ੍ਹਾ” ਦਿੱਤੀ ਗਈ, ਤਾਂ ਯੇਹੂ ਦੇ 80 ਹਥਿਆਰਬੰਦ ਬੰਦਿਆਂ ਨੇ ਬਆਲ ਦੇ ਭਗਤਾਂ ਨੂੰ ਮਾਰ-ਮੁਕਾਇਆ। ਫਿਰ ਉਸ ਨੇ ਬਆਲ ਦੇ ਮੰਦਰ ਨੂੰ ਢਹਿ-ਢੇਰੀ ਕਰ ਕੇ ਇਸ ਨੂੰ ਪਖਾਨੇ ਦੀ ਜਗ੍ਹਾ ਬਣਾ ਦਿੱਤਾ ਜੋ ਭਗਤੀ ਦੇ ਲਾਇਕ ਨਹੀਂ ਰਹੀ।—2 ਰਾਜ. 10:20-27.
ਇਹ ਸੱਚ ਹੈ ਕਿ ਯੇਹੂ ਨੇ ਬਹੁਤ ਲਹੂ ਵਹਾਇਆ। ਫਿਰ ਵੀ ਬਾਈਬਲ ਉਸ ਨੂੰ ਦਲੇਰ ਬੰਦੇ ਵਜੋਂ ਪੇਸ਼ ਕਰਦੀ ਹੈ ਜਿਸ ਨੇ ਇਸਰਾਏਲ ਨੂੰ ਈਜ਼ਬਲ ਅਤੇ ਉਸ ਦੇ ਪਰਿਵਾਰ ਦੀ ਜ਼ਾਲਮਾਨਾ ਹਕੂਮਤ ਤੋਂ ਛੁਟਕਾਰਾ ਦਿਵਾਇਆ। ਜੇ ਇਸਰਾਏਲ ਦੇ ਕਿਸੇ ਵੀ ਆਗੂ ਨੇ ਇਸ ਕੰਮ ਵਿਚ ਕਾਮਯਾਬ ਹੋਣਾ ਸੀ, ਤਾਂ ਉਸ ਨੂੰ ਦਲੇਰ, ਮਨ ਦਾ ਪੱਕਾ ਅਤੇ ਜੋਸ਼ੀਲਾ ਹੋਣ ਦੀ ਜ਼ਰੂਰਤ ਸੀ। ਇਕ ਬਾਈਬਲ ਕੋਸ਼ ਕਹਿੰਦਾ ਹੈ: “ਇਹ ਬਹੁਤ ਔਖਾ ਕੰਮ ਸੀ ਜਿਸ ਨੂੰ ਪੂਰਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਗਈ। ਜੇ ਇੰਨੇ ਠੋਸ ਕਦਮ ਨਾ ਉਠਾਏ ਜਾਂਦੇ, ਤਾਂ ਇਸਰਾਏਲ ਵਿੱਚੋਂ ਬਆਲ ਦੀ ਪੂਜਾ ਦਾ ਨਾਮੋ-ਨਿਸ਼ਾਨ ਨਹੀਂ ਮਿਟਣਾ ਸੀ।”
ਇਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਮਸੀਹੀ ਜਿਹੜੇ ਹਾਲਾਤਾਂ ਵਿੱਚੋਂ ਗੁਜ਼ਰਦੇ ਹਨ, ਉਨ੍ਹਾਂ ਦਾ ਸਾਮ੍ਹਣਾ ਕਰਨ ਲਈ ਉਨ੍ਹਾਂ ਨੂੰ ਯੇਹੂ ਵਰਗੇ ਕੁਝ ਗੁਣ ਦਿਖਾਉਣ ਦੀ ਲੋੜ ਹੈ। ਮਿਸਾਲ ਲਈ, ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਸਾਡਾ ਮਨ ਕੋਈ ਅਜਿਹਾ ਕੰਮ ਕਰਨ ਨੂੰ ਕਰਦਾ ਹੈ ਜਿਸ ਨੂੰ ਯਹੋਵਾਹ ਨਿੰਦਦਾ ਹੈ? ਸਾਨੂੰ ਫਟਾਫਟ ਦਲੇਰੀ ਅਤੇ ਜੋਸ਼ ਦਿਖਾਉਂਦੇ ਹੋਏ ਉਸ ਕੰਮ ਤੋਂ ਮੂੰਹ ਮੋੜ ਲੈਣਾ ਚਾਹੀਦਾ ਹੈ। ਜਦੋਂ ਭਗਤੀ ਦੀ ਗੱਲ ਆਉਂਦੀ ਹੈ, ਤਾਂ ਅਸੀਂ ਯਹੋਵਾਹ ਲਈ ਜੋਸ਼ ਦਿਖਾਵਾਂਗੇ ਤੇ ਉਸ ਦੇ ਖ਼ਿਲਾਫ਼ ਕੋਈ ਗ਼ਲਤ ਕੰਮ ਬਰਦਾਸ਼ਤ ਨਹੀਂ ਕਰਾਂਗੇ।
ਯਹੋਵਾਹ ਦੀ ਬਿਵਸਥਾ ’ਤੇ ਧਿਆਨ ਨਾਲ ਚੱਲੋ
ਇਸ ਕਹਾਣੀ ਦੇ ਅੰਤ ਵਿਚ ਸਾਨੂੰ ਇਕ ਚੇਤਾਵਨੀ ਮਿਲਦੀ ਹੈ। ਯੇਹੂ ਨੇ ‘ਸੋਨੇ ਦੇ ਵੱਛਿਆਂ ਤੋਂ ਮੂੰਹ ਨਾ ਮੋੜਿਆ ਜਿਹੜੇ ਬੈਤਏਲ ਅਤੇ ਦਾਨ ਵਿੱਚ ਸਨ।’ (2 ਰਾਜ. 10:29) ਉਹ ਬੰਦਾ ਮੂਰਤੀ-ਪੂਜਾ ਕਿਵੇਂ ਕਰ ਸਕਦਾ ਸੀ ਜੋ ਸੱਚੀ ਭਗਤੀ ਲਈ ਇੰਨਾ ਜੋਸ਼ੀਲਾ ਲੱਗਦਾ ਸੀ?
ਯੇਹੂ ਨੇ ਸੋਚਿਆ ਹੋਣਾ ਕਿ ਵੱਖਰਾ ਧਰਮ ਹੋਣ ਨਾਲ ਇਸਰਾਏਲ ਦਾ ਰਾਜ ਯਹੂਦਾਹ ਤੋਂ ਵੱਖਰਾ ਰਹਿਣਾ ਸੀ। ਇਸ ਲਈ ਇਸਰਾਏਲ ਦੇ ਪਹਿਲੇ ਰਾਜਿਆਂ ਵਾਂਗ ਉਸ ਨੇ ਵੱਛੇ ਦੀ ਪੂਜਾ ਜਾਰੀ ਰੱਖ ਕੇ ਲੋਕਾਂ ਨੂੰ ਯਹੂਦਾਹ ਤੋਂ ਵੱਖਰੇ ਰੱਖਿਆ। ਪਰ ਇੱਦਾਂ ਕਰ ਕੇ ਉਸ ਨੇ ਦਿਖਾਇਆ ਕਿ ਉਸ ਨੂੰ ਯਹੋਵਾਹ ਉੱਤੇ ਇੰਨੀ ਨਿਹਚਾ ਨਹੀਂ ਸੀ ਜਿਸ ਨੇ ਉਸ ਨੂੰ ਰਾਜਾ ਬਣਾਇਆ ਸੀ।
ਯੇਹੂ ਨੇ ‘ਉਹ ਕੰਮ ਕਰਕੇ ਜੋ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਸੀ ਭਲਿਆਈ ਕੀਤੀ,’ ਇਸ ਲਈ ਯਹੋਵਾਹ ਨੇ ਉਸ ਦੀ ਸ਼ਲਾਘਾ ਕੀਤੀ। ਪਰ ਯੇਹੂ ਨੇ “ਇਸਰਾਏਲ ਦੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਆਪਣੇ ਸਾਰੇ ਮਨ ਨਾਲ ਚੱਲਣ ਦਾ ਗੌਹ ਨਾ ਕੀਤਾ।” (2 ਰਾਜ. 10:30, 31) ਯੇਹੂ ਨੇ ਪਹਿਲਾਂ ਜੋ ਕੁਝ ਕੀਤਾ ਸੀ, ਉਸ ਬਾਰੇ ਸੋਚ ਕੇ ਤੁਸੀਂ ਸ਼ਾਇਦ ਹੈਰਾਨ ਤੇ ਦੁਖੀ ਹੋਵੋ। ਪਰ ਇਸ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ। ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਕਦੇ ਵੀ ਐਵੇਂ ਨਹੀਂ ਸਮਝਾਂਗੇ। ਹਰ ਰੋਜ਼ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ, ਇਸ ਉੱਤੇ ਮਨਨ ਕਰ ਕੇ ਅਤੇ ਆਪਣੇ ਸਵਰਗੀ ਪਿਤਾ ਨੂੰ ਦਿਲੋਂ ਪ੍ਰਾਰਥਨਾ ਕਰ ਕੇ ਸਾਨੂੰ ਉਸ ਪ੍ਰਤੀ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। ਇਸ ਲਈ ਆਓ ਆਪਾਂ ਬੜੇ ਧਿਆਨ ਨਾਲ ਦਿਲੋਂ ਯਹੋਵਾਹ ਦੇ ਕਾਇਦੇ-ਕਾਨੂੰਨਾਂ ਮੁਤਾਬਕ ਚੱਲੀਏ।—1 ਕੁਰਿੰ. 10:12.
[ਸਫ਼ਾ 4 ਉੱਤੇ ਡੱਬੀ]
ਯੇਹੂ ਬਾਰੇ ਇਤਿਹਾਸਕ ਸਬੂਤ
ਆਲੋਚਕ ਅਕਸਰ ਸ਼ੱਕ ਕਰਦੇ ਹਨ ਕਿ ਬਾਈਬਲ ਵਿਚ ਦੱਸੇ ਪਾਤਰ ਅਸਲ ਵਿਚ ਸਨ ਜਾਂ ਨਹੀਂ। ਤਾਂ ਫਿਰ ਯੇਹੂ ਬਾਰੇ ਬਾਈਬਲ ਤੋਂ ਇਲਾਵਾ ਕੋਈ ਸਬੂਤ ਹੈ?
ਪ੍ਰਾਚੀਨ ਅੱਸ਼ੂਰ ਤੋਂ ਮਿਲੇ ਘੱਟੋ-ਘੱਟ ਤਿੰਨ ਦਸਤਾਵੇਜ਼ ਇਸਰਾਏਲ ਦੇ ਇਸ ਰਾਜੇ ਦਾ ਜ਼ਿਕਰ ਉਸ ਦਾ ਲੈ ਕੇ ਕਰਦੇ ਹਨ। ਇਨ੍ਹਾਂ ਵਿੱਚੋਂ ਇਕ ਉੱਤੇ ਯੇਹੂ ਜਾਂ ਸ਼ਾਇਦ ਉਸ ਦਾ ਕੋਈ ਆਦਮੀ ਦਿਖਾਇਆ ਹੈ ਜੋ ਅੱਸ਼ੂਰ ਦੇ ਰਾਜੇ ਸ਼ਲਮਨਸਰ ਤੀਜੇ ਅੱਗੇ ਝੁਕ ਕੇ ਉਸ ਨੂੰ ਕੁਝ ਭੇਟ ਕਰ ਰਿਹਾ ਹੈ। ਇਸ ਉੱਤੇ ਲਿਖਿਆ ਹੈ: “ਓਮਰੀ (ਹੂ-ਊਮ-ਰੀ) ਦੇ ਪੁੱਤਰ ਯੇਹੂ (ਆਈ-ਉ-ਆ) ਦੀ ਭੇਟ; ਮੈਨੂੰ ਉਸ ਤੋਂ ਚਾਂਦੀ, ਸੋਨਾ, ਸੋਨੇ ਦੀ ਸਪਲੂ-ਕੌਲੀ, ਨੁਕੀਲੇ ਥੱਲੇ ਵਾਲਾ ਸੋਨੇ ਦਾ ਫੁੱਲਦਾਨ, ਸੋਨੇ ਦੇ ਗਲਾਸ, ਸੋਨੇ ਦੀਆਂ ਬਾਲਟੀਆਂ, ਟਿਨ, ਰਾਜੇ ਦਾ ਡੰਡਾ (ਅਤੇ) ਲੱਕੜ ਦੇ ਪੂਰੂਹਤੂ [ਇਸ ਸ਼ਬਦ ਦਾ ਮਤਲਬ ਨਹੀਂ ਪਤਾ]।” ਯੇਹੂ “ਓਮਰੀ ਦਾ ਪੁੱਤਰ” ਨਹੀਂ ਸੀ, ਬਲਕਿ ਉਹ ਉਸ ਦੇ ਖ਼ਾਨਦਾਨ ਵਿੱਚੋਂ ਸੀ। ਇਹ ਸ਼ਬਦ ਓਮਰੀ ਦੇ ਖ਼ਾਨਦਾਨ ਵਿੱਚੋਂ ਇਸਰਾਏਲ ਦੇ ਬਣੇ ਰਾਜਿਆਂ ਲਈ ਵਰਤਿਆ ਜਾਂਦੇ ਸਨ। ਸ਼ਾਇਦ ਇਸ ਲਈ ਕਿਉਂਕਿ ਓਮਰੀ ਇਸਰਾਏਲ ਦੀ ਰਾਜਧਾਨੀ ਸਾਮਰਿਯਾ ਬਣਾਉਣ ਕਰਕੇ ਬਹੁਤ ਮਸ਼ਹੂਰ ਸੀ।
ਯੇਹੂ ਵੱਲੋਂ ਦਿੱਤੀਆਂ ਚੀਜ਼ਾਂ ਬਾਰੇ ਅੱਸ਼ੂਰ ਦੇ ਰਾਜੇ ਦੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਫਿਰ ਵੀ ਉਸ ਨੇ ਉੱਪਰ ਦੱਸੇ ਦਸਤਾਵੇਜ਼, ਸ਼ਲਮਨਸਰ ਦੇ ਬੁੱਤ ਅਤੇ ਅੱਸ਼ੂਰ ਦੇ ਸ਼ਾਹੀ ਰਿਕਾਰਡਾਂ ਉੱਤੇ ਯੇਹੂ ਦਾ ਤਿੰਨ ਵਾਰ ਜ਼ਿਕਰ ਕੀਤਾ। ਇਹ ਹਵਾਲੇ ਸਬੂਤ ਹਨ ਕਿ ਬਾਈਬਲ ਦਾ ਇਹ ਪਾਤਰ ਅਸਲ ਵਿਚ ਸੀ।