ਲੇਲੇ ਦੇ ਵਿਆਹ ਦੀਆਂ ਖ਼ੁਸ਼ੀਆਂ ਮਨਾਓ!
‘ਆਓ ਆਪਾਂ ਖ਼ੁਸ਼ੀਆਂ ਮਨਾਈਏ ਅਤੇ ਖੀਵੇ ਹੋਈਏ ਕਿਉਂਕਿ ਲੇਲੇ ਦਾ ਵਿਆਹ ਆ ਗਿਆ ਹੈ।’
1, 2. (ੳ) ਸਵਰਗ ਵਿਚ ਕਿਸ ਦੇ ਵਿਆਹ ਦੀਆਂ ਖ਼ੁਸ਼ੀਆਂ ਮਨਾਈਆਂ ਜਾਣਗੀਆਂ? (ਅ) ਅਸੀਂ ਕਿਹੜੇ ਸਵਾਲਾਂ ’ਤੇ ਚਰਚਾ ਕਰਾਂਗੇ?
ਵਿਆਹ ਇਕ ਅਜਿਹਾ ਮੌਕਾ ਹੈ ਜਿਸ ਦੀਆਂ ਤਿਆਰੀਆਂ ਵਿਚ ਬੜਾ ਸਮਾਂ ਲੱਗਦਾ ਹੈ। ਪਰ ਅਸੀਂ ਇਕ ਖ਼ਾਸ ਵਿਆਹ ਯਾਨੀ ਸ਼ਾਹੀ ਵਿਆਹ ਬਾਰੇ ਗੱਲ ਕਰਾਂਗੇ ਜਿਸ ਦੀਆਂ ਤਿਆਰੀਆਂ 2,000 ਸਾਲਾਂ ਤੋਂ ਕੀਤੀਆਂ ਜਾ ਰਹੀਆਂ ਹਨ। ਹੁਣ ਉਹ ਸਮਾਂ ਆ ਗਿਆ ਹੈ ਜਦ ਲਾੜੀ ਆਪਣੇ ਲਾੜੇ ਨਾਲ ਵਿਆਹ ਦੇ ਬੰਧਨ ਵਿਚ ਬੱਝ ਜਾਵੇਗੀ। ਬਹੁਤ ਜਲਦੀ ਰਾਜੇ ਦੇ ਮਹਿਲ ਵਿਚ ਖ਼ੁਸ਼ੀਆਂ ਵਾਲਾ ਸੰਗੀਤ ਵਜਾਇਆ ਜਾਵੇਗਾ ਅਤੇ ਸਵਰਗ ਵਿਚ ਇਹ ਗੀਤ ਗਾਇਆ ਜਾਵੇਗਾ: “ਯਾਹ ਦੀ ਜੈ-ਜੈਕਾਰ ਕਰੋ ਕਿਉਂਕਿ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਆਓ ਆਪਾਂ ਖ਼ੁਸ਼ੀਆਂ ਮਨਾਈਏ ਅਤੇ ਖੀਵੇ ਹੋਈਏ ਅਤੇ ਉਸ ਦੀ ਮਹਿਮਾ ਕਰੀਏ ਕਿਉਂਕਿ ਲੇਲੇ ਦਾ ਵਿਆਹ ਆ ਗਿਆ ਹੈ ਅਤੇ ਉਸ ਦੀ ਲਾੜੀ ਨੇ ਸ਼ਿੰਗਾਰ ਕਰ ਲਿਆ ਹੈ।”
2 ਉਹ ‘ਲੇਲਾ’ ਯਿਸੂ ਮਸੀਹ ਹੈ ਜਿਸ ਦੇ ਵਿਆਹ ਦੀਆਂ ਸਵਰਗ ਵਿਚ ਖ਼ੁਸ਼ੀਆਂ ਮਨਾਈਆਂ ਜਾਣਗੀਆਂ। (ਯੂਹੰ. 1:29) ਉਸ ਨੇ ਆਪਣੇ ਵਿਆਹ ’ਤੇ ਕਿਹੜਾ ਲਿਬਾਸ ਪਾਇਆ ਹੋਇਆ ਹੈ? ਉਸ ਦੀ ਲਾੜੀ ਕੌਣ ਹੈ? ਉਸ ਨੇ ਆਪਣੀ ਲਾੜੀ ਨੂੰ ਵਿਆਹ ਲਈ ਕਿਵੇਂ ਤਿਆਰ ਕੀਤਾ ਹੈ? ਇਹ ਵਿਆਹ ਕਦੋਂ ਹੋਵੇਗਾ? ਹਾਲਾਂਕਿ ਇਸ ਵਿਆਹ ਸਦਕਾ ਸਵਰਗ ਵਿਚ ਖ਼ੁਸ਼ੀਆਂ ਮਨਾਈਆਂ ਜਾਣਗੀਆਂ, ਪਰ ਉਨ੍ਹਾਂ ਬਾਰੇ ਕੀ ਜਿਨ੍ਹਾਂ ਦੀ ਉਮੀਦ ਹਮੇਸ਼ਾ ਇਸ ਧਰਤੀ ’ਤੇ ਰਹਿਣ ਦੀ ਹੈ? ਕੀ ਉਹ ਵੀ ਵਿਆਹ ਦੀਆਂ ਖ਼ੁਸ਼ੀਆਂ ਵਿਚ ਸ਼ਰੀਕ ਹੋਣਗੇ? ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਬੜੀ ਬੇਸਬਰੀ ਨਾਲ ਜਾਣਨਾ ਚਾਹੁੰਦੇ ਹਾਂ। ਸੋ ਆਓ ਆਪਾਂ ਜ਼ਬੂਰ 45 ਦੀ ਚਰਚਾ ਜਾਰੀ ਰੱਖੀਏ।
‘ਉਸ ਦੇ ਬਸਤਰਾਂ ਤੋਂ ਵਾਸ਼ਨਾ ਆਉਂਦੀ ਹੈ’
3, 4. (ੳ) ਲਾੜੇ ਦੇ ਲਿਬਾਸ ਬਾਰੇ ਕੀ ਕਿਹਾ ਜਾ ਸਕਦਾ ਹੈ ਅਤੇ ਉਹ ਕਿਹੜੀ ਗੱਲੋਂ ਬਹੁਤ ਖ਼ੁਸ਼ ਹੈ? (ਅ) ਲਾੜੇ ਦੀ ਖ਼ੁਸ਼ੀ ਵਿਚ ਸ਼ਰੀਕ “ਰਾਣੀ” ਅਤੇ “ਰਾਜਕੁਮਾਰੀਆਂ” ਕੌਣ ਹਨ?
3 ਜ਼ਬੂਰਾਂ ਦੀ ਪੋਥੀ 45:8, 9 ਪੜ੍ਹੋ। ਲਾੜਾ ਯਿਸੂ ਮਸੀਹ ਵਿਆਹ ਲਈ ਸ਼ਾਨਦਾਰ ਸ਼ਾਹੀ ਲਿਬਾਸ ਪਾਉਂਦਾ ਹੈ। ਉਸ ਦੇ ਲਿਬਾਸ ਵਿੱਚੋਂ ਮੁਰ ਅਤੇ ਤੱਜ ਵਰਗੇ ‘ਵਧੀਆ ਮਸਾਲਿਆਂ’ ਦੀ ਖ਼ੁਸ਼ਬੂ ਆਉਂਦੀ ਹੈ। ਇਜ਼ਰਾਈਲ ਵਿਚ ਅਜਿਹੇ ਮਸਾਲਿਆਂ ਤੋਂ ਪਵਿੱਤਰ ਤੇਲ ਤਿਆਰ ਕੀਤਾ ਜਾਂਦਾ ਸੀ। ਜਦ ਇਹ ਕਿਸੇ ਦੇ ਸਿਰ ’ਤੇ ਪਾਇਆ ਜਾਂਦਾ ਸੀ, ਤਾਂ ਇਸ ਦਾ ਮਤਲਬ ਹੁੰਦਾ ਸੀ ਕਿ ਉਸ ਨੂੰ ਕਿਸੇ ਖ਼ਾਸ ਕੰਮ ਲਈ ਚੁਣਿਆ ਗਿਆ ਹੈ।
4 ਲਾੜਾ ਆਪਣੇ ਮਹਿਲ ਵਿਚ ਸੁਰੀਲਾ ਸੰਗੀਤ ਸੁਣ ਕੇ ਹੋਰ ਵੀ ਖ਼ੁਸ਼ ਹੁੰਦਾ ਹੈ। ਉਸ ਦੀ ਖ਼ੁਸ਼ੀ ਵਿਚ “ਰਾਣੀ” ਵੀ ਸ਼ਰੀਕ ਹੁੰਦੀ ਹੈ। ਇਹ “ਰਾਣੀ” ਪਰਮੇਸ਼ੁਰ ਦਾ ਸਵਰਗੀ ਸੰਗਠਨ ਹੈ ਅਤੇ ਇਸ ਵਿਚ “ਰਾਜਕੁਮਾਰੀਆਂ” ਯਾਨੀ ਪਵਿੱਤਰ ਦੂਤ ਵੀ ਸ਼ਾਮਲ ਹਨ। ਫਿਰ ਸਵਰਗ ਵਿਚ ਇਹ ਗੀਤ ਗਾਇਆ ਜਾਂਦਾ ਹੈ: ‘ਆਓ ਆਪਾਂ ਖ਼ੁਸ਼ੀਆਂ ਮਨਾਈਏ ਅਤੇ ਖੀਵੇ ਹੋਈਏ ਕਿਉਂਕਿ ਲੇਲੇ ਦਾ ਵਿਆਹ ਆ ਗਿਆ ਹੈ’!
ਲਾੜੀ ਵਿਆਹ ਲਈ ਤਿਆਰ ਕੀਤੀ ਜਾਂਦੀ ਹੈ
5. “ਲੇਲੇ ਦੀ ਲਾੜੀ” ਕੌਣ ਹੈ?
5 ਜ਼ਬੂਰਾਂ ਦੀ ਪੋਥੀ 45:10, 11 ਪੜ੍ਹੋ। ਸਾਨੂੰ ਲਾੜੇ ਦਾ ਤਾਂ ਪਤਾ ਲੱਗ ਗਿਆ ਹੈ, ਪਰ ਇਹ ਲਾੜੀ ਕੌਣ ਹੈ? ਇਹ ਲਾੜੀ 1,44,000 ਮਸੀਹੀਆਂ ਨੂੰ ਦਰਸਾਉਂਦੀ ਹੈ ਅਤੇ ਯਿਸੂ ਇਨ੍ਹਾਂ ਚੁਣੇ ਹੋਏ ਮਸੀਹੀਆਂ ਦੀ ਮੰਡਲੀ ਦਾ ਸਿਰ ਹੈ। (ਅਫ਼ਸੀਆਂ 5:23, 24 ਪੜ੍ਹੋ।) ਇਹ ਮਸੀਹ ਦੇ ਨਾਲ ਸਵਰਗ ਵਿਚ ਰਾਜ ਕਰਨਗੇ। (ਲੂਕਾ 12:32) “ਲੇਲਾ ਭਾਵੇਂ ਜਿੱਥੇ ਵੀ ਜਾਵੇ,” ਇਹ ਚੁਣੇ ਹੋਏ ਮਸੀਹੀ “ਲੇਲੇ ਦੇ ਪਿੱਛੇ-ਪਿੱਛੇ ਜਾਂਦੇ ਹਨ।” (ਪ੍ਰਕਾ. 14:1-4) ਇਹ “ਲੇਲੇ ਦੀ ਲਾੜੀ” ਬਣ ਕੇ ਉਸ ਦੇ ਘਰ ਸਵਰਗ ਵਿਚ ਰਹਿਣਗੇ।
6. ਚੁਣੇ ਹੋਇਆਂ ਨੂੰ “ਰਾਜਕੁਮਾਰੀ” ਕਿਉਂ ਕਿਹਾ ਗਿਆ ਹੈ? ਉਨ੍ਹਾਂ ਨੂੰ ਆਪਣੇ ਲੋਕਾਂ ਨੂੰ ਭੁੱਲਣ ਲਈ ਕਿਉਂ ਕਿਹਾ ਗਿਆ ਹੈ?
6 ਇਨ੍ਹਾਂ ਆਇਤਾਂ ਵਿਚ ਲਾੜੀ ਨੂੰ “ਧੀਏ” ਕਹਿਣ ਦੇ ਨਾਲ-ਨਾਲ “ਰਾਜਕੁਮਾਰੀ” ਵੀ ਕਿਹਾ ਗਿਆ ਹੈ। (ਜ਼ਬੂ. 45:13) ਪਰ ਕਿਉਂ? ਕਿਉਂਕਿ ਰਾਜੇ ਯਹੋਵਾਹ ਨੇ ਚੁਣੇ ਹੋਏ ਮਸੀਹੀਆਂ ਨੂੰ ਆਪਣੇ ‘ਬੱਚਿਆਂ’ ਵਜੋਂ ਅਪਣਾਇਆ ਹੈ। (ਰੋਮੀ. 8:15-17) ਇਹ ਚੁਣੇ ਹੋਏ ਮਸੀਹੀ ਸਵਰਗ ਵਿਚ ਲੇਲੇ ਦੀ ਲਾੜੀ ਬਣਨਗੇ ਜਿਸ ਕਰਕੇ ਉਨ੍ਹਾਂ ਨੂੰ ‘ਆਪਣੇ ਲੋਕਾਂ ਅਤੇ [ਧਰਤੀ ’ਤੇ] ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਣ’ ਲਈ ਕਿਹਾ ਗਿਆ ਹੈ। ਇਸ ਲਈ ਜ਼ਰੂਰੀ ਹੈ ਕਿ ਉਹ ‘ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖਣ, ਨਾ ਕਿ ਦੁਨਿਆਵੀ ਗੱਲਾਂ ਉੱਤੇ।’
7. (ੳ) ਯਿਸੂ ਆਪਣੀ ਹੋਣ ਵਾਲੀ ਲਾੜੀ ਨੂੰ ਕਿਵੇਂ ਤਿਆਰ ਕਰਦਾ ਆਇਆ ਹੈ? (ਅ) ਲਾੜੀ ਆਪਣੇ ਹੋਣ ਵਾਲੇ ਪਤੀ ਬਾਰੇ ਕਿੱਦਾਂ ਮਹਿਸੂਸ ਕਰਦੀ ਹੈ?
7 ਸਦੀਆਂ ਦੌਰਾਨ ਮਸੀਹ ਸਵਰਗ ਵਿਚ ਹੋਣ ਵਾਲੇ ਇਸ ਵਿਆਹ ਲਈ ਆਪਣੀ ਲਾੜੀ ਨੂੰ ਤਿਆਰ ਕਰਦਾ ਆਇਆ ਹੈ। ਪੌਲੁਸ ਰਸੂਲ ਨੇ ਸਮਝਾਇਆ: “ਮਸੀਹ ਨੇ ਮੰਡਲੀ ਨਾਲ ਪਿਆਰ ਕੀਤਾ ਅਤੇ ਇਸ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ, ਤਾਂਕਿ ਉਹ ਇਸ ਨੂੰ ਪਰਮੇਸ਼ੁਰ ਦੇ ਬਚਨ ਦੇ ਪਾਣੀ ਨਾਲ ਧੋ ਕੇ ਪਵਿੱਤਰ ਕਰੇ। ਉਹ ਚਾਹੁੰਦਾ ਹੈ ਕਿ ਮੰਡਲੀ ਉਸ ਦੀਆਂ ਨਜ਼ਰਾਂ ਵਿਚ ਸ਼ਾਨਦਾਰ ਬਣ ਜਾਵੇ ਅਤੇ ਉਸ ’ਤੇ ਕੋਈ ਦਾਗ਼ ਨਾ ਲੱਗਾ ਹੋਵੇ ਜਾਂ ਉਸ ਵਿਚ ਕੋਈ ਨੁਕਸ ਜਾਂ ਹੋਰ ਕੋਈ ਇਹੋ ਜਿਹੀ ਗੱਲ ਨਾ ਹੋਵੇ। ਹਾਂ, ਉਹ ਚਾਹੁੰਦਾ ਹੈ ਕਿ ਮੰਡਲੀ ਪਵਿੱਤਰ ਅਤੇ ਬੇਦਾਗ਼ ਹੋਵੇ।” (ਅਫ਼. 5:25-27) ਨਾਲੇ ਪੌਲੁਸ ਨੇ ਕੁਰਿੰਥੁਸ ਦੇ ਚੁਣੇ ਹੋਏ ਮਸੀਹੀਆਂ ਨੂੰ ਕਿਹਾ: “ਪਰਮੇਸ਼ੁਰ ਵਾਂਗ ਮੈਨੂੰ ਵੀ ਤੁਹਾਡਾ ਬਹੁਤ ਫ਼ਿਕਰ ਹੈ ਕਿਉਂਕਿ ਮੈਂ ਆਪ ਇਕ ਆਦਮੀ ਨਾਲ ਯਾਨੀ ਮਸੀਹ ਨਾਲ ਤੁਹਾਡੀ ਕੁੜਮਾਈ ਕਰਾਈ ਹੈ ਅਤੇ ਮੈਂ ਤੁਹਾਨੂੰ ਉਸ ਕੋਲ ਪਾਕ ਕੁਆਰੀ ਵਜੋਂ ਲੈ ਕੇ ਜਾਣਾ ਚਾਹੁੰਦਾ ਹਾਂ।” (2 ਕੁਰਿੰ. 11:2) ਰਾਜੇ ਯਿਸੂ ਮਸੀਹ ਦੀਆਂ ਨਜ਼ਰਾਂ ਵਿਚ ਲਾੜੀ ਬਹੁਤ ਖੂਬਸੂਰਤ ਹੈ ਕਿਉਂਕਿ ਇਹ ਬੇਦਾਗ਼ ਲਾੜੀ ਸਹੀ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰਦੀ ਹੈ। ਨਾਲੇ ਲਾੜੀ ਆਪਣੇ ਹੋਣ ਵਾਲੇ ਪਤੀ ਨੂੰ ਆਪਣਾ “ਸੁਆਮੀ” ਮੰਨਦੀ ਹੈ ਅਤੇ ‘ਉਸ ਨੂੰ ਮੱਥਾ ਟੇਕਦੀ’ ਹੈ।
ਲਾੜੀ ‘ਪਾਤਸ਼ਾਹ ਕੋਲ ਪਹੁੰਚਾਈ ਜਾਂਦੀ ਹੈ’
8. ਲਾੜੀ ਨੂੰ “ਸੁੰਦਰਤਾ ਦੀ ਮੂਰਤ” ਕਿਉਂ ਕਿਹਾ ਗਿਆ ਹੈ?
8 ਜ਼ਬੂਰਾਂ ਦੀ ਪੋਥੀ 45:13, 14ੳ ਪੜ੍ਹੋ। ਲਾੜੀ ਆਪਣੇ ਸ਼ਾਹੀ ਵਿਆਹ ਵਿਚ ‘ਲਾੜੇ ਲਈ ਸ਼ਿੰਗਾਰੀ ਹੋਈ ਹੈ’ ਅਤੇ “ਸੁੰਦਰਤਾ ਦੀ ਮੂਰਤ” ਲੱਗਦੀ ਹੈ। (ਭਜਨ 45:13, CL) ਪ੍ਰਕਾਸ਼ ਦੀ ਕਿਤਾਬ 21:2 ਵਿਚ ਲਾੜੀ ਦੀ ਤੁਲਨਾ ਨਵੇਂ ਯਰੂਸ਼ਲਮ ਨਾਲ ਕੀਤੀ ਗਈ ਹੈ। ਇਹ ਸ਼ਹਿਰ ਸਵਰਗ ਵਿਚ “ਪਰਮੇਸ਼ੁਰ ਦੀ ਮਹਿਮਾ ਨਾਲ ਭਰਿਆ ਹੋਇਆ” ਹੈ ਅਤੇ “ਬਲੌਰ ਵਾਂਗ ਲਿਸ਼ਕਦੇ ਬੇਸ਼ਕੀਮਤੀ ਪੱਥਰ ਯਸ਼ਬ ਵਾਂਗ ਚਮਕ ਰਿਹਾ” ਹੈ। (ਪ੍ਰਕਾ. 21:10, 11) ਪ੍ਰਕਾਸ਼ ਦੀ ਕਿਤਾਬ ਵਿਚ ਨਵੇਂ ਯਰੂਸ਼ਲਮ ਦੀ ਸ਼ਾਨੋ-ਸ਼ੌਕਤ ਬਾਰੇ ਬਹੁਤ ਸੋਹਣੀ ਤਰ੍ਹਾਂ ਸਮਝਾਇਆ ਗਿਆ ਹੈ। (ਪ੍ਰਕਾ. 21:18-21) ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜ਼ਬੂਰਾਂ ਦੇ ਲਿਖਾਰੀ ਨੇ ਲਾੜੀ ਨੂੰ “ਸੁੰਦਰਤਾ ਦੀ ਮੂਰਤ” ਕਿਹਾ! ਆਖ਼ਰਕਾਰ ਇਹ ਸ਼ਾਹੀ ਵਿਆਹ ਸਵਰਗ ਵਿਚ ਹੋ ਰਿਹਾ ਹੈ।
9. ਲਾੜੀ ਨੂੰ ਕਿਸ “ਪਾਤਸ਼ਾਹ” ਕੋਲ ਲਿਜਾਇਆ ਜਾਂਦਾ ਹੈ ਅਤੇ ਉਸ ਨੇ ਕਿਹੜਾ ਲਿਬਾਸ ਪਾਇਆ ਹੈ?
9 ਲਾੜੀ ਨੂੰ ਆਪਣੇ ਲਾੜੇ ਯਾਨੀ ਚੁਣੇ ਹੋਏ ਪਾਤਸ਼ਾਹ ਯਿਸੂ ਮਸੀਹ ਕੋਲ ਲਿਆਇਆ ਜਾਂਦਾ ਹੈ। ਇਹ ਰਾਜਾ ਉਸ ਨੂੰ ਕਿਵੇਂ ਤਿਆਰ ਕਰਦਾ ਆਇਆ ਹੈ? ਉਹ ਲਾੜੀ ਨੂੰ ‘ਪਰਮੇਸ਼ੁਰ ਦੇ ਬਚਨ ਦੇ ਪਾਣੀ ਨਾਲ ਧੋ ਕੇ ਪਵਿੱਤਰ ਕਰਦਾ ਆਇਆ ਹੈ ਤਾਂਕਿ ਉਹ ਪਵਿੱਤਰ ਅਤੇ ਬੇਦਾਗ਼ ਹੋਵੇ।’ (ਅਫ਼. 5:26, 27) ਨਾਲੇ ਜ਼ਰੂਰੀ ਹੈ ਕਿ ਉਸ ਦੀ ਲਾੜੀ ਨੇ ਵਿਆਹ ਵਿਚ ਸੋਹਣਾ ਲਿਬਾਸ ਪਾਇਆ ਹੋਵੇ। ਜੀ ਹਾਂ, ਬਾਈਬਲ ਦੱਸਦੀ ਹੈ ਕਿ ਲਾੜੀ ਦਾ “ਲਿਬਾਸ ਸੁਨਹਿਰੀ ਕਸੀਦੇ ਦਾ ਹੈ” ਅਤੇ ‘ਉਹ ਬੂਟੇ ਕੱਢੇ ਹੋਏ ਪਹਿਰਾਵੇ ਪਹਿਨੀ ਪਾਤਸ਼ਾਹ ਕੋਲ ਪਹੁੰਚਾਈ ਜਾਂਦੀ ਹੈ।’ ਲੇਲੇ ਦੇ ਵਿਆਹ ਲਈ “ਲਾੜੀ ਨੂੰ ਚਮਕਦੇ ਤੇ ਸਾਫ਼ ਮਲਮਲ ਦੇ ਕੱਪੜੇ ਪਾਉਣ ਦਾ ਮਾਣ ਬਖ਼ਸ਼ਿਆ ਗਿਆ ਹੈ। ਵਧੀਆ ਮਲਮਲ ਪਵਿੱਤਰ ਸੇਵਕਾਂ ਦੇ ਸਹੀ ਕੰਮਾਂ ਨੂੰ ਦਰਸਾਉਂਦੀ ਹੈ।”
“ਵਿਆਹ ਆ ਗਿਆ ਹੈ”
10. ਲੇਲੇ ਦਾ ਵਿਆਹ ਕਦੋਂ ਹੋਵੇਗਾ?
10 ਪ੍ਰਕਾਸ਼ ਦੀ ਕਿਤਾਬ 19:7 ਪੜ੍ਹੋ। ਲੇਲੇ ਦਾ ਵਿਆਹ ਕਦੋਂ ਹੋਵੇਗਾ? ਹਾਲਾਂਕਿ ਇਸ ਆਇਤ ਮੁਤਾਬਕ ‘ਲਾੜੀ ਨੇ ਵਿਆਹ ਲਈ ਸ਼ਿੰਗਾਰ ਕਰ ਲਿਆ ਹੈ,’ ਪਰ ਇਸ ਤੋਂ ਬਾਅਦ ਦੀਆਂ ਆਇਤਾਂ ਵਿਚ ਵਿਆਹ ਬਾਰੇ ਨਹੀਂ, ਸਗੋਂ ਮਹਾਂ ਕਸ਼ਟ ਦੇ ਆਖ਼ਰੀ ਹਿੱਸੇ ਦੌਰਾਨ ਹੋਣ ਵਾਲੀਆਂ ਘਟਨਾਵਾਂ ਨੂੰ ਖੋਲ੍ਹ ਕੇ ਸਮਝਾਇਆ ਗਿਆ ਹੈ। (ਪ੍ਰਕਾ. 19:11-21) ਕੀ ਇਸ ਦਾ ਇਹ ਮਤਲਬ ਹੈ ਕਿ ਵਿਆਹ ਪਹਿਲਾਂ ਹੋਵੇਗਾ ਅਤੇ ਫਿਰ ਰਾਜਾ ਪੂਰੀ ਤਰ੍ਹਾਂ ਜਿੱਤ ਹਾਸਲ ਕਰੇਗਾ? ਨਹੀਂ। ਪ੍ਰਕਾਸ਼ ਦੀ ਕਿਤਾਬ ਵਿਚ ਹਰ ਵਾਰ ਘਟਨਾਵਾਂ ਸਿਲਸਿਲੇਵਾਰ ਢੰਗ ਨਾਲ ਨਹੀਂ ਦੱਸੀਆਂ ਗਈਆਂ। ਨਾਲੇ 45ਵੇਂ ਜ਼ਬੂਰ ਮੁਤਾਬਕ ਰਾਜਾ ਯਿਸੂ ਮਸੀਹ ਆਪਣੇ ਦੁਸ਼ਮਣਾਂ ਉੱਤੇ ਪੂਰੀ ਤਰ੍ਹਾਂ ਜਿੱਤ ਹਾਸਲ ਕਰਨ ਲਈ ਪਹਿਲਾਂ ਤਲਵਾਰ ਲੱਕ ਨਾਲ ਬੰਨ੍ਹਦਾ ਹੈ ਅਤੇ ਇਸ ਤੋਂ ਬਾਅਦ ਹੀ ਵਿਆਹ ਹੁੰਦਾ ਹੈ।
11. ਵਿਆਹ ਤੋਂ ਪਹਿਲਾਂ ਮਸੀਹ ਕੀ-ਕੀ ਕਰੇਗਾ?
11 ਤਾਂ ਫਿਰ ਬਾਈਬਲ ਮੁਤਾਬਕ ਇਹ ਘਟਨਾਵਾਂ ਕਿੱਦਾਂ ਵਾਪਰਨਗੀਆਂ? ਪਹਿਲਾਂ, “ਵੱਡੀ ਕੰਜਰੀ” ਮਹਾਂ ਬਾਬਲ ਯਾਨੀ ਦੁਨੀਆਂ ਦੇ ਸਾਰੇ ਝੂਠੇ ਧਰਮਾਂ ਦਾ ਨਾਸ਼ ਹੋਵੇਗਾ। (ਪ੍ਰਕਾ. 17:1, 5, 16, 17; 19:1, 2) ਫਿਰ ਮਸੀਹ ‘ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ਦੀ ਲੜਾਈ’ ਆਰਮਾਗੇਡਨ ਵਿਚ ਸ਼ੈਤਾਨ ਦੀ ਬਾਕੀ ਦੁਨੀਆਂ ਦਾ ਖ਼ਾਤਮਾ ਕਰੇਗਾ। (ਪ੍ਰਕਾ. 16:14-16; 19:19-21) ਆਖ਼ਰ ਵਿਚ ਰਾਜਾ ਪੂਰੀ ਤਰ੍ਹਾਂ ਜਿੱਤ ਹਾਸਲ ਕਰਨ ਲਈ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨੂੰ ਅਥਾਹ ਕੁੰਡ ਵਿਚ ਸੁੱਟ ਦੇਵੇਗਾ ਜਿੱਥੇ ਉਨ੍ਹਾਂ ਦੀ ਹਾਲਤ ਮਰਿਆਂ ਵਰਗੀ ਹੋਵੇਗੀ।
12, 13. (ੳ) ਲੇਲੇ ਦਾ ਵਿਆਹ ਕਦੋਂ ਹੋਵੇਗਾ? (ਅ) ਲੇਲੇ ਦੇ ਵਿਆਹ ਕਰਕੇ ਸਵਰਗ ਵਿਚ ਕੌਣ-ਕੌਣ ਖ਼ੁਸ਼ੀਆਂ ਮਨਾਉਣਗੇ?
12 ਜਿਹੜੇ ਵੀ ਚੁਣੇ ਹੋਏ ਮਸੀਹੀ ਯਿਸੂ ਮਸੀਹ ਦੀ ਮੌਜੂਦਗੀ ਦੌਰਾਨ ਧਰਤੀ ’ਤੇ ਮਰਦੇ ਦਮ ਤਕ ਵਫ਼ਾਦਾਰ ਰਹਿੰਦੇ ਹਨ, ਉਹ ਸਵਰਗ ਲਿਜਾਏ ਜਾਂਦੇ ਹਨ। ਮਹਾਂ ਬਾਬਲ ਦੇ ਨਾਸ਼ ਤੋਂ ਕੁਝ ਸਮੇਂ ਬਾਅਦ ਯਿਸੂ ਧਰਤੀ ’ਤੇ ਬਾਕੀ ਰਹਿੰਦੇ ਸਾਰੇ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਵਿਚ ਇਕੱਠਾ ਕਰੇਗਾ। (1 ਥੱਸ. 4:16, 17) ਇਸ ਤਰ੍ਹਾਂ ਆਰਮਾਗੇਡਨ ਤੋਂ ਪਹਿਲਾਂ “ਲਾੜੀ” ਯਾਨੀ ਸਾਰੇ 1,44,000 ਚੁਣੇ ਹੋਏ ਮਸੀਹੀ ਸਵਰਗ ਵਿਚ ਇਕੱਠੇ ਹੋਣਗੇ। ਫਿਰ ਆਰਮਾਗੇਡਨ ਦੀ ਲੜਾਈ ਹੋਵੇਗੀ ਜਿਸ ਤੋਂ ਬਾਅਦ ਲੇਲੇ ਦਾ ਵਿਆਹ ਹੋ ਸਕਦਾ ਹੈ। ਉਹ ਕਿੰਨਾ ਖ਼ੁਸ਼ੀਆਂ ਭਰਿਆ ਸਮਾਂ ਹੋਵੇਗਾ! ਪ੍ਰਕਾਸ਼ ਦੀ ਕਿਤਾਬ 19:9 ਵਿਚ ਲਿਖਿਆ ਹੈ: “ਖ਼ੁਸ਼ ਹਨ ਉਹ ਜਿਨ੍ਹਾਂ ਨੂੰ ਲੇਲੇ ਦੇ ਵਿਆਹ ਦੀ ਦਾਅਵਤ ਦਾ ਸੱਦਾ ਮਿਲਿਆ ਹੈ।” ਉਸ ਵੇਲੇ ਲਾੜੀ ਖ਼ੁਸ਼ੀ ਨਾਲ ਫੁੱਲੀ ਨਹੀਂ ਸਮਾਏਗੀ। ਨਾਲੇ ਰਾਜੇ ਦਾ ਦਿਲ ਕਿੰਨਾ ਖ਼ੁਸ਼ ਹੋਵੇਗਾ ਕਿ ਉਸ ਦੇ ਸਾਰੇ ਚੁਣੇ ਹੋਏ ਸਾਥੀ ‘ਰਾਜ ਵਿਚ ਉਸ ਦੇ ਮੇਜ਼ ਦੁਆਲੇ ਬੈਠ ਕੇ ਖਾਣ-ਪੀਣਗੇ।’ (ਲੂਕਾ 22:18, 28-30) ਪਰ ਵਿਆਹ ਵਿਚ ਸਿਰਫ਼ ਲਾੜਾ-ਲਾੜੀ ਹੀ ਖ਼ੁਸ਼ ਨਹੀਂ ਹੋਣਗੇ, ਸਗੋਂ ਹੋਰ ਵੀ ਉਨ੍ਹਾਂ ਦੀ ਖ਼ੁਸ਼ੀ ਵਿਚ ਸ਼ਰੀਕ ਹੋਣਗੇ।
13 ਜਿਵੇਂ ਅਸੀਂ ਪਹਿਲਾਂ ਪੜ੍ਹਿਆ ਸੀ ਕਿ ਸਵਰਗ ਵਿਚ ਇਹ ਗੀਤ ਗਾਇਆ ਜਾਵੇਗਾ: “ਆਓ ਆਪਾਂ ਖ਼ੁਸ਼ੀਆਂ ਮਨਾਈਏ ਅਤੇ ਖੀਵੇ ਹੋਈਏ ਅਤੇ ਉਸ ਦੀ ਮਹਿਮਾ ਕਰੀਏ ਕਿਉਂਕਿ ਲੇਲੇ ਦਾ ਵਿਆਹ ਆ ਗਿਆ ਹੈ ਅਤੇ ਉਸ ਦੀ ਲਾੜੀ ਨੇ ਸ਼ਿੰਗਾਰ ਕਰ ਲਿਆ ਹੈ।” (ਪ੍ਰਕਾ. 19:6, 7) ਪਰ ਧਰਤੀ ’ਤੇ ਯਹੋਵਾਹ ਦੇ ਸੇਵਕਾਂ ਬਾਰੇ ਕੀ? ਕੀ ਉਹ ਵੀ ਇਨ੍ਹਾਂ ਖ਼ੁਸ਼ੀਆਂ ਵਿਚ ਸ਼ਰੀਕ ਹੋਣਗੇ?
‘ਓਹ ਅਨੰਦ ਨਾਲ ਪਹੁੰਚਾਏ ਜਾਣਗੇ’
14. ਜ਼ਬੂਰ 45 ਵਿਚ ਲਾੜੀ ਦੀਆਂ “ਕੁਆਰੀਆਂ ਸਹੇਲੀਆਂ” ਕੌਣ ਹਨ?
14 ਜ਼ਬੂਰਾਂ ਦੀ ਪੋਥੀ 45:12, 14ਅ, 15 ਪੜ੍ਹੋ। ਜ਼ਕਰਯਾਹ ਨਬੀ ਨੇ ਭਵਿੱਖਬਾਣੀ ਕੀਤੀ ਕਿ ਅੰਤ ਦੇ ਸਮੇਂ ਵਿਚ ਸਾਰੀਆਂ ਕੌਮਾਂ ਦੇ ਲੋਕ ਖ਼ੁਸ਼ੀ-ਖ਼ੁਸ਼ੀ ਧਰਤੀ ’ਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨਗੇ। ਉਸ ਨੇ ਲਿਖਿਆ: “ਓਹਨਾਂ ਦਿਨਾਂ ਵਿੱਚ ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!” (ਜ਼ਕ. 8:23) ਇਹ “ਦਸ ਮਨੁੱਖ” ਜ਼ਬੂਰ 45:12 ਮੁਤਾਬਕ “ਸੂਰ ਦੀ ਧੀ” ਅਤੇ ‘ਧਨਵਾਨ ਲੋਕਾਂ’ ਨੂੰ ਦਰਸਾਉਂਦੇ ਹਨ। ਇਹ ਲੋਕ ਧਰਤੀ ’ਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਤੋਹਫ਼ੇ ਦਿੰਦੇ ਹਨ ਅਤੇ ਉਨ੍ਹਾਂ ਦੀ “ਕਿਰਪਾ ਲਈ ਬੇਨਤੀ ਕਰਦੇ ਹਨ” ਤਾਂਕਿ ਉਹ ਯਹੋਵਾਹ ਦੀ ਸੇਵਾ ਕਰਨ ਲਈ ਉਨ੍ਹਾਂ ਤੋਂ ਮਦਦ ਲੈ ਸਕਣ। ਸਾਲ 1935 ਤੋਂ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਦੀ ਮਦਦ ਨਾਲ ਲੱਖਾਂ ਹੀ ਲੋਕ ਯਹੋਵਾਹ ਬਾਰੇ ਸੱਚਾਈ ਸਿੱਖ ਕੇ ‘ਧਰਮੀ ਬਣੇ’ ਹਨ। (ਦਾਨੀ. 12:3) ਇਨ੍ਹਾਂ ਲੋਕਾਂ ਨੇ ਝੂਠੀਆਂ ਸਿੱਖਿਆਵਾਂ ਛੱਡ ਕੇ ਖ਼ੁਦ ਨੂੰ ਸ਼ੁੱਧ ਕੀਤਾ ਹੈ ਅਤੇ ਵਫ਼ਾਦਾਰੀ ਨਾਲ ਚੁਣੇ ਹੋਏ ਮਸੀਹੀਆਂ ਦਾ ਸਾਥ ਦਿੰਦੇ ਹਨ। ਇਨ੍ਹਾਂ ਲੋਕਾਂ ਨੂੰ ਲਾੜੀ ਦੀਆਂ “ਕੁਆਰੀਆਂ ਸਹੇਲੀਆਂ” ਕਿਹਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪੀ ਹੈ। ਨਾਲੇ ਉਹ ਰਾਜਾ ਯਿਸੂ ਮਸੀਹ ਦੀ ਵਫ਼ਾਦਾਰ ਪਰਜਾ ਸਾਬਤ ਹੋਏ ਹਨ।
15. “ਕੁਆਰੀਆਂ ਸਹੇਲੀਆਂ” ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਕਿਵੇਂ ਕੰਮ ਕਰਦੀਆਂ ਹਨ?
15 ਧਰਤੀ ’ਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀ ਇਨ੍ਹਾਂ “ਕੁਆਰੀਆਂ ਸਹੇਲੀਆਂ” ਦੇ ਬਹੁਤ ਸ਼ੁਕਰਗੁਜ਼ਾਰ ਹਨ। ਇਹ ਪੂਰੀ ਦੁਨੀਆਂ ਵਿਚ ਬੜੇ ਜੋਸ਼ ਨਾਲ ‘ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ’ ਕਰ ਕੇ ਚੁਣੇ ਹੋਇਆਂ ਦੀ ਮਦਦ ਕਰਦੀਆਂ ਹਨ। (ਮੱਤੀ 24:14) ਨਾ ਸਿਰਫ਼ “ਪਵਿੱਤਰ ਸ਼ਕਤੀ ਅਤੇ ਲਾੜੀ ਲਗਾਤਾਰ ਕਹਿ ਰਹੀਆਂ ਹਨ: ‘ਆਓ!’” ਪਰ ਜਿਹੜੇ ਸੁਣਦੇ ਹਨ, ਉਹ ਵੀ ਕਹਿ ਰਹੇ ਹਨ: “ਆਓ!” (ਪ੍ਰਕਾ. 22:17) ਵਾਕਈ “ਹੋਰ ਭੇਡਾਂ” ਨੇ ਚੁਣੇ ਹੋਏ ਮਸੀਹੀਆਂ ਨੂੰ ਇਹ ਕਹਿੰਦਿਆਂ ਸੁਣਿਆ ਹੈ: “ਆਓ!” ਅਤੇ ਹੁਣ ਉਹ ਉਨ੍ਹਾਂ ਨਾਲ ਮਿਲ ਕੇ ਪੂਰੀ ਦੁਨੀਆਂ ਦੇ ਲੋਕਾਂ ਨੂੰ ਸੱਦਾ ਦਿੰਦੀਆਂ ਹਨ: “ਆਓ!”
16. ਯਹੋਵਾਹ ਨੇ ਹੋਰ ਭੇਡਾਂ ਨੂੰ ਕਿਹੜਾ ਮਾਣ ਬਖ਼ਸ਼ਿਆ ਹੈ?
16 ਧਰਤੀ ’ਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀ ਹੋਰ ਭੇਡਾਂ ਨੂੰ ਬਹੁਤ ਪਿਆਰ ਕਰਦੇ ਹਨ। ਉਹ ਖ਼ੁਸ਼ ਹਨ ਕਿ ਲਾੜੇ ਦੇ ਪਿਤਾ ਯਹੋਵਾਹ ਨੇ ਸਵਰਗ ਵਿਚ ਹੋਣ ਵਾਲੇ ਇਸ ਵਿਆਹ ਲਈ ਧਰਤੀ ’ਤੇ ਹੋਰ ਭੇਡਾਂ ਨੂੰ ਖ਼ੁਸ਼ੀਆਂ ਮਨਾਉਣ ਦਾ ਮਾਣ ਬਖ਼ਸ਼ਿਆ ਹੈ। ਭਵਿੱਖਬਾਣੀ ਮੁਤਾਬਕ ਇਹ “ਕੁਆਰੀਆਂ ਸਹੇਲੀਆਂ” ‘ਅਨੰਦ ਅਤੇ ਖੁਸ਼ੀ ਨਾਲ ਪਹੁੰਚਾਈਆਂ ਜਾਣਗੀਆਂ।’ ਜਦ ਸਵਰਗ ਵਿਚ ਲੇਲੇ ਦਾ ਵਿਆਹ ਹੋਵੇਗਾ, ਤਾਂ ਪੂਰੀ ਕਾਇਨਾਤ ਖ਼ੁਸ਼ੀਆਂ ਮਨਾਏਗੀ। ਹੋਰ ਭੇਡਾਂ ਦੇ ਲੋਕ ਵੀ ਇਸ ਜਸ਼ਨ ਵਿਚ ਸ਼ਰੀਕ ਹੋਣਗੇ ਜਿਨ੍ਹਾਂ ਦੀ ਉਮੀਦ ਹਮੇਸ਼ਾ ਲਈ ਧਰਤੀ ’ਤੇ ਰਹਿਣ ਦੀ ਹੈ। ਪ੍ਰਕਾਸ਼ ਦੀ ਕਿਤਾਬ ਕਹਿੰਦੀ ਹੈ ਕਿ ‘ਵੱਡੀ ਭੀੜ ਸਿੰਘਾਸਣ ਦੇ ਸਾਮ੍ਹਣੇ ਅਤੇ ਲੇਲੇ ਦੇ ਸਾਮ੍ਹਣੇ ਖੜ੍ਹੀ’ ਹੈ। ਉਹ ਧਰਤੀ ਉੱਤੇ ਯਹੋਵਾਹ ਦੇ ਮਹਾਨ ਮੰਦਰ ਦੇ ਵਿਹੜੇ ਵਿਚ ਉਸ ਦੀ ਭਗਤੀ ਕਰਦੇ ਹਨ।
‘ਤੇਰੇ ਪਿਓ-ਦਾਦਿਆਂ ਦੀ ਥਾਂ ਤੇਰੇ ਪੁੱਤ੍ਰ ਹੋਣਗੇ’
17, 18. ਲੇਲੇ ਦੇ ਵਿਆਹ ਰਾਹੀਂ ਨਵੀਂ ਦੁਨੀਆਂ ਵਿਚ ਕਿਨ੍ਹਾਂ ਨੂੰ ਫ਼ਾਇਦੇ ਹੋਣਗੇ? ਮਸੀਹ ਆਪਣੇ ਹਜ਼ਾਰ ਸਾਲਾਂ ਦੇ ਰਾਜ ਦੌਰਾਨ ਕਿਨ੍ਹਾਂ ਦਾ ਪਿਤਾ ਬਣੇਗਾ?
17 ਜ਼ਬੂਰਾਂ ਦੀ ਪੋਥੀ 45:16 ਪੜ੍ਹੋ। ਮਸੀਹ ਦੀ ਲਾੜੀ ਦੀਆਂ “ਕੁਆਰੀਆਂ ਸਹੇਲੀਆਂ” ਹੋਰ ਵੀ ਖ਼ੁਸ਼ ਹੋਣਗੀਆਂ ਜਦ ਇਸ ਵਿਆਹ ਰਾਹੀਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹੋਰਨਾਂ ਨੂੰ ਫ਼ਾਇਦੇ ਹੋਣਗੇ। ਰਾਜਾ ਯਿਸੂ ਮਸੀਹ ਧਰਤੀ ’ਤੇ ਆਪਣੇ ਪਿਓ-ਦਾਦਿਆਂ ਨੂੰ ਜੀਉਂਦਾ ਕਰ ਕੇ ਉਨ੍ਹਾਂ ਨੂੰ ਦੁਬਾਰਾ ਜ਼ਿੰਦਗੀ ਬਖ਼ਸ਼ੇਗਾ ਜਿਸ ਕਰਕੇ ਉਹ ਮਸੀਹ ਦੇ “ਪੁੱਤ੍ਰ” ਬਣਨਗੇ। (ਯੂਹੰ. 5:25-29; ਇਬ. 11:35) ਉਨ੍ਹਾਂ ਵਿੱਚੋਂ ਕੁਝ ਨੂੰ ਯਿਸੂ ‘ਸਾਰੀ ਧਰਤੀ ਉੱਤੇ ਸਰਦਾਰ ਬਣਾਵੇਗਾ।’ ਨਾਲੇ ਮਸੀਹ ਅੱਜ ਦੇ ਵਫ਼ਾਦਾਰ ਬਜ਼ੁਰਗਾਂ ਵਿੱਚੋਂ ਵੀ ਕੁਝ ਭਰਾਵਾਂ ਨੂੰ ਨਵੀਂ ਦੁਨੀਆਂ ਵਿਚ ਅਗਵਾਈ ਲੈਣ ਲਈ ‘ਸਰਦਾਰਾਂ’ ਵਜੋਂ ਚੁਣੇਗਾ।
18 ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਮਸੀਹ ਹੋਰਨਾਂ ਦਾ ਵੀ ਪਿਤਾ ਬਣੇਗਾ। ਕਿਵੇਂ? ਜਿਹੜੇ ਲੋਕ ਯਿਸੂ ਦੀ ਕੁਰਬਾਨੀ ਉੱਤੇ ਨਿਹਚਾ ਕਰਦੇ ਹਨ, ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਯੂਹੰ. 3:16) ਇੱਦਾਂ ਮਸੀਹ ਉਨ੍ਹਾਂ ਦਾ “ਅਨਾਦੀ ਪਿਤਾ” ਬਣੇਗਾ।
ਰਾਜੇ ਦੇ ਨਾਂ ਦਾ ਐਲਾਨ ਕਰੋ
19, 20. ਜ਼ਬੂਰ 45 ਵਿਚ ਲਿਖੀਆਂ ਦਿਲਚਸਪ ਗੱਲਾਂ ਦਾ ਸਾਰੇ ਸੱਚੇ ਮਸੀਹੀਆਂ ’ਤੇ ਕੀ ਅਸਰ ਪੈਂਦਾ ਹੈ?
19 ਜ਼ਬੂਰਾਂ ਦੀ ਪੋਥੀ 45:1, 17 ਪੜ੍ਹੋ। ਵਾਕਈ, ਸਾਰੇ ਮਸੀਹੀਆਂ ਨੂੰ 45ਵੇਂ ਜ਼ਬੂਰ ਦੀਆਂ ਗੱਲਾਂ ਵਿਚ ਗਹਿਰੀ ਦਿਲਚਸਪੀ ਲੈਣੀ ਚਾਹੀਦੀ ਹੈ। ਧਰਤੀ ’ਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਇਸ ਗੱਲ ਦੀ ਬੜੀ ਖ਼ੁਸ਼ੀ ਹੈ ਕਿ ਉਹ ਬਹੁਤ ਜਲਦ ਆਪਣੇ ਭਰਾਵਾਂ ਅਤੇ ਆਪਣੇ ਲਾੜੇ ਨਾਲ ਸਵਰਗ ਵਿਚ ਏਕਤਾ ਦੇ ਬੰਧਨ ਵਿਚ ਬੱਝ ਜਾਣਗੇ। ਇਸ ਭਵਿੱਖਬਾਣੀ ਤੋਂ ਹੋਰ ਭੇਡਾਂ ਨੂੰ ਇਹ ਹੱਲਾਸ਼ੇਰੀ ਮਿਲਦੀ ਹੈ ਕਿ ਉਹ ਹਰ ਗੱਲ ਵਿਚ ਆਪਣੇ ਮਹਾਨ ਰਾਜੇ ਦੇ ਅਧੀਨ ਰਹਿਣ। ਨਾਲੇ ਉਹ ਇਸ ਗੱਲੋਂ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਨੂੰ ਧਰਤੀ ’ਤੇ ਬਾਕੀ ਰਹਿੰਦੇ ਚੁਣੇ ਹੋਇਆਂ ਨਾਲ ਮਿਲ ਕੇ ਕੰਮ ਕਰਨ ਦਾ ਸਨਮਾਨ ਮਿਲਿਆ ਹੈ। ਜ਼ਰਾ ਸੋਚੋ ਕਿ ਵਿਆਹ ਤੋਂ ਬਾਅਦ ਮਸੀਹ ਅਤੇ ਉਸ ਦੀ ਲਾੜੀ ਹਰ ਇਨਸਾਨ ਦੀ ਝੋਲ਼ੀ ਬੇਸ਼ੁਮਾਰ ਬਰਕਤਾਂ ਨਾਲ ਭਰ ਦੇਣਗੇ।
20 ਅਸੀਂ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ ਜਦ ਚੁਣੇ ਹੋਏ ਰਾਜੇ ਮਸੀਹ ਬਾਰੇ ਲਿਖੀ ਇਹ “ਚੰਗੀ ਗੱਲ” ਪੂਰੀ ਹੋਵੇਗੀ। ਸੋ ਆਓ ਆਪਾਂ ਪੂਰੇ ਜੀ-ਜਾਨ ਲਾ ਕੇ ਦੁਨੀਆਂ ਦੇ ਕੋਨੇ-ਕੋਨੇ ਵਿਚ ਆਪਣੇ ਰਾਜੇ ਦੇ ਨਾਂ ਦਾ ਐਲਾਨ ਕਰੀਏ ਅਤੇ “ਸਦਾ ਤੀਕ” ਉਸ ਦਾ ਗੁਣਗਾਨ ਕਰਦੇ ਰਹੀਏ!