Skip to content

Skip to table of contents

ਪੂਰੇ ਸਮੇਂ ਦੀ ਸੇਵਾ ਕਰ ਰਹੇ ਭੈਣਾਂ-ਭਰਾਵਾਂ ਨੂੰ ਯਾਦ ਰੱਖੋ

ਪੂਰੇ ਸਮੇਂ ਦੀ ਸੇਵਾ ਕਰ ਰਹੇ ਭੈਣਾਂ-ਭਰਾਵਾਂ ਨੂੰ ਯਾਦ ਰੱਖੋ

‘ਅਸੀਂ ਹਮੇਸ਼ਾ ਉਨ੍ਹਾਂ ਕੰਮਾਂ ਨੂੰ ਯਾਦ ਰੱਖਦੇ ਹਾਂ ਜਿਹੜੇ ਤੁਸੀਂ ਨਿਹਚਾ ਅਤੇ ਪਿਆਰ ਕਰਨ ਕਰਕੇ ਕੀਤੇ ਹਨ।’1 ਥੱਸ. 1:3.

1. ਮਿਹਨਤ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਾਲੇ ਭੈਣਾਂ-ਭਰਾਵਾਂ ਬਾਰੇ ਪੌਲੁਸ ਰਸੂਲ ਨੇ ਕਿਵੇਂ ਮਹਿਸੂਸ ਕੀਤਾ ਸੀ?

ਪੌਲੁਸ ਰਸੂਲ ਨੇ ਖ਼ੁਸ਼ ਖ਼ਬਰੀ ਦੀ ਖ਼ਾਤਰ ਸਖ਼ਤ ਮਿਹਨਤ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਹਮੇਸ਼ਾ ਯਾਦ ਰੱਖਿਆ। ਉਸ ਨੇ ਲਿਖਿਆ: “ਅਸੀਂ ਆਪਣੇ ਪਿਤਾ ਪਰਮੇਸ਼ੁਰ ਦੀ ਹਜ਼ੂਰੀ ਵਿਚ ਹਮੇਸ਼ਾ ਉਨ੍ਹਾਂ ਕੰਮਾਂ ਨੂੰ ਯਾਦ ਰੱਖਦੇ ਹਾਂ ਜਿਹੜੇ ਤੁਸੀਂ ਨਿਹਚਾ ਅਤੇ ਪਿਆਰ ਕਰਨ ਕਰਕੇ ਕੀਤੇ ਹਨ। ਸਾਨੂੰ ਇਹ ਵੀ ਯਾਦ ਹੈ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਉੱਤੇ ਉਮੀਦ ਕਰਨ ਕਰਕੇ ਧੀਰਜ ਰੱਖਿਆ ਹੈ।” (1 ਥੱਸ. 1:3) ਯਹੋਵਾਹ ਵੀ ਉਨ੍ਹਾਂ ਭੈਣਾਂ-ਭਰਾਵਾਂ ਨੂੰ ਯਾਦ ਰੱਖਦਾ ਹੈ ਜੋ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਹਨ, ਭਾਵੇਂ ਕਿ ਉਹ ਆਪਣੇ ਹਾਲਾਤਾਂ ਕਰਕੇ ਥੋੜ੍ਹਾ ਕਰ ਸਕਦੇ ਹਨ ਜਾਂ ਜ਼ਿਆਦਾ।ਇਬ. 6:10.

2. ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?

2 ਪੁਰਾਣੇ ਸਮੇਂ ਵਾਂਗ ਅੱਜ ਵੀ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਪੂਰਾ ਸਮਾਂ ਯਹੋਵਾਹ ਦੀ ਸੇਵਾ ਕਰਨ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਪਹਿਲੀ ਸਦੀ ਵਿਚ ਕਈ ਮਸੀਹੀਆਂ ਨੇ ਕਿਸ ਤਰ੍ਹਾਂ ਸੇਵਾ ਕੀਤੀ ਸੀ। ਨਾਲੇ ਅੱਜ ਭੈਣ-ਭਰਾ ਕਿਵੇਂ ਅਲੱਗ-ਅਲੱਗ ਤਰੀਕਿਆਂ ਨਾਲ ਪੂਰਾ ਸਮਾਂ ਸੇਵਾ ਕਰਦੇ ਹਨ ਅਤੇ ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ।

ਪਹਿਲੀ ਸਦੀ ਦੇ ਮਸੀਹੀ

3, 4. (ੳ) ਪਹਿਲੀ ਸਦੀ ਵਿਚ ਕਈਆਂ ਨੇ ਕਿਹੜੇ ਅਲੱਗ-ਅਲੱਗ ਤਰੀਕਿਆਂ ਨਾਲ ਸੇਵਾ ਕੀਤੀ ਸੀ? (ਅ) ਉਨ੍ਹਾਂ ਦੀਆਂ ਲੋੜਾਂ ਕਿਵੇਂ ਪੂਰੀਆਂ ਕੀਤੀਆਂ ਗਈਆਂ ਸਨ?

3 ਆਪਣੇ ਬਪਤਿਸਮੇ ਤੋਂ ਜਲਦੀ ਬਾਅਦ ਯਿਸੂ ਨੇ ਪ੍ਰਚਾਰ ਦਾ ਕੰਮ ਕਰਨਾ ਸ਼ੁਰੂ ਕੀਤਾ  ਤੇ ਉਸ ਨੇ ਦੂਸਰਿਆਂ ਨੂੰ ਵੀ ਇਹ ਕੰਮ ਕਰਨਾ ਸਿਖਾਇਆ। (ਲੂਕਾ 3:21-23; 4:14, 15, 43) ਉਸ ਦੀ ਮੌਤ ਤੋਂ ਬਾਅਦ ਉਸ ਦੇ ਰਸੂਲਾਂ ਦੀ ਅਗਵਾਈ ਵਿਚ ਇਹ ਕੰਮ ਦੂਰ-ਦੂਰ ਤਕ ਕੀਤਾ ਗਿਆ। (ਰਸੂ. 5:42; 6:7) ਫ਼ਿਲਿੱਪੁਸ ਤੇ ਕਈ ਹੋਰ ਮਸੀਹੀਆਂ ਨੇ ਫਲਸਤੀਨ ਵਿਚ ਪ੍ਰਚਾਰਕਾਂ ਤੇ ਮਿਸ਼ਨਰੀਆਂ ਵਜੋਂ ਸੇਵਾ ਕੀਤੀ। (ਰਸੂ. 8:5, 40; 21:8) ਪੌਲੁਸ ਤੇ ਹੋਰ ਚੇਲੇ ਦੂਸਰੇ ਦੇਸ਼ਾਂ ਵਿਚ ਪ੍ਰਚਾਰ ਕਰਨ ਗਏ। (ਰਸੂ. 13:2-4; 14:26; 2 ਕੁਰਿੰ. 1:19) ਸਿਲਵਾਨੁਸ (ਸੀਲਾਸ), ਮਰਕੁਸ, ਲੂਕਾ ਤੇ ਹੋਰ ਕਈਆਂ ਨੇ ਸੈਕਟਰੀਆਂ ਜਾਂ ਲੇਖਕਾਂ ਵਜੋਂ ਸੇਵਾ ਕੀਤੀ। (1 ਪਤ. 5:12) ਮਸੀਹੀ ਭੈਣਾਂ ਨੇ ਵੀ ਇਨ੍ਹਾਂ ਭਰਾਵਾਂ ਨਾਲ ਮਿਲ ਕੇ ਕੰਮ ਕੀਤਾ। (ਰਸੂ. 18:26; ਰੋਮੀ. 16:1, 2) ਯੂਨਾਨੀ ਲਿਖਤਾਂ ਵਿਚ ਇਨ੍ਹਾਂ ਸਾਰੇ ਭੈਣਾਂ-ਭਰਾਵਾਂ ਦੇ ਵਧੀਆ ਤਜਰਬੇ ਪੜ੍ਹ ਕੇ ਸਾਨੂੰ ਮਜ਼ਾ ਆਉਂਦਾ ਹੈ ਤੇ ਇਨ੍ਹਾਂ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਯਾਦ ਰੱਖਦਾ ਹੈ।

4 ਪਹਿਲੀ ਸਦੀ ਵਿਚ ਪੂਰਾ ਸਮਾਂ ਸੇਵਾ ਕਰਨ ਵਾਲੇ ਮਸੀਹੀਆਂ ਦੀਆਂ ਲੋੜਾਂ ਕਿਵੇਂ ਪੂਰੀਆਂ ਕੀਤੀਆਂ ਜਾਂਦੀਆਂ ਸਨ? ਕਦੀ-ਕਦਾਈਂ ਮਸੀਹੀ ਭੈਣ-ਭਰਾ ਉਨ੍ਹਾਂ ਨੂੰ ਆਪਣੇ ਘਰ ਖਾਣੇ ’ਤੇ ਬੁਲਾਉਂਦੇ ਸਨ, ਉਨ੍ਹਾਂ ਨੂੰ ਆਪਣੇ ਘਰ ਰੱਖਦੇ ਸਨ ਜਾਂ ਉਨ੍ਹਾਂ ਦੀ ਹੋਰ ਤਰੀਕਿਆਂ ਨਾਲ ਮਦਦ ਕਰਦੇ ਸਨ। ਪਰ ਉਹ ਦੂਜਿਆਂ ਤੋਂ ਇਨ੍ਹਾਂ ਚੀਜ਼ਾਂ ਦੀ ਮੰਗ ਨਹੀਂ ਕਰਦੇ ਸਨ। (1 ਕੁਰਿੰ. 9:11-15) ਕੁਝ ਭੈਣ-ਭਰਾ ਤੇ ਮੰਡਲੀਆਂ ਦਿਲੋਂ ਉਨ੍ਹਾਂ ਦੀ ਮਦਦ ਕਰਦੀਆਂ ਸਨ। (ਰਸੂਲਾਂ ਦੇ ਕੰਮ 16:14, 15; ਫ਼ਿਲਿੱਪੀਆਂ 4:15-18 ਪੜ੍ਹੋ।) ਪੌਲੁਸ ਤੇ ਉਸ ਦੇ ਸਾਥੀ ਆਪਣੇ ਖ਼ਰਚੇ ਪੂਰੇ ਕਰਨ ਲਈ ਥੋੜ੍ਹਾ-ਬਹੁਤਾ ਕੰਮ ਵੀ ਕਰਦੇ ਹੁੰਦੇ ਸਨ।

ਅੱਜ ਪੂਰੇ ਸਮੇਂ ਦੇ ਸੇਵਕ

5. ਆਪਣੀ ਜ਼ਿੰਦਗੀ ਪੂਰੇ ਸਮੇਂ ਦੀ ਸੇਵਾ ਵਿਚ ਲਾਉਣ ਵਾਲੇ ਇਕ ਵਿਆਹੁਤਾ ਜੋੜੇ ਨੇ ਕੀ ਕਿਹਾ?

5 ਅੱਜ ਬਹੁਤ ਸਾਰੇ ਭੈਣ-ਭਰਾ ਅਲੱਗ-ਅਲੱਗ ਤਰੀਕਿਆਂ ਨਾਲ ਯਹੋਵਾਹ ਦੀ ਪੂਰਾ ਸਮਾਂ ਸੇਵਾ ਕਰਨ ਵਿਚ ਸਖ਼ਤ ਮਿਹਨਤ ਕਰਦੇ ਹਨ। (“ ਪੂਰਾ ਸਮਾਂ ਸੇਵਾ ਕਰਨ ਦੇ ਤਰੀਕੇ” ਨਾਂ ਦੀ ਡੱਬੀ ਦੇਖੋ।) ਉਹ ਇਸ ਸੇਵਾ ਬਾਰੇ ਕਿਵੇਂ ਮਹਿਸੂਸ ਕਰਦੇ ਹਨ? ਤੁਸੀਂ ਇਹ ਸਵਾਲ ਉਨ੍ਹਾਂ ਤੋਂ ਹੀ ਪੁੱਛ ਸਕਦੇ ਹੋ ਤੇ ਉਨ੍ਹਾਂ ਦਾ ਜਵਾਬ ਸੁਣ ਕੇ ਤੁਹਾਨੂੰ ਹੌਸਲਾ ਮਿਲੇਗਾ। ਇਕ ਮਿਸਾਲ ’ਤੇ ਗੌਰ ਕਰੋ: ਇਕ ਭਰਾ ਨੇ ਰੈਗੂਲਰ ਪਾਇਨੀਅਰ, ਸਪੈਸ਼ਲ ਪਾਇਨੀਅਰ ਤੇ ਮਿਸ਼ਨਰੀ ਵਜੋਂ ਸੇਵਾ ਕੀਤੀ ਤੇ ਹੁਣ ਉਹ ਕਿਸੇ ਹੋਰ ਦੇਸ਼ ਦੇ ਬੈਥਲ ਵਿਚ ਸੇਵਾ ਕਰਦਾ ਹੈ। ਉਹ ਦੱਸਦਾ ਹੈ: “ਪੂਰਾ ਸਮਾਂ ਸੇਵਾ ਕਰਨ ਦਾ ਮੇਰਾ ਫ਼ੈਸਲਾ ਸਭ ਤੋਂ ਵਧੀਆ ਫ਼ੈਸਲਾ ਸੀ। 18 ਸਾਲ ਦੀ ਉਮਰ ਵਿਚ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਮੈਂ ਯੂਨੀਵਰਸਿਟੀ ਵਿਚ ਪੜ੍ਹਾਈ ਕਰਾਂ ਜਾਂ ਕੋਈ ਕੰਮ-ਧੰਦਾ ਕਰਾਂ ਜਾਂ ਪਾਇਨੀਅਰਿੰਗ ਕਰਾਂ। ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਦੇਖਿਆ ਹੈ ਕਿ ਯਹੋਵਾਹ ਸਾਡੀਆਂ ਕੁਰਬਾਨੀਆਂ ਨੂੰ ਭੁੱਲਦਾ ਨਹੀਂ ਹੈ ਜੋ ਅਸੀਂ ਪੂਰਾ ਸਮਾਂ ਸੇਵਾ ਕਰਨ ਲਈ ਕਰਦੇ ਹਾਂ। ਯਹੋਵਾਹ ਨੇ ਮੈਨੂੰ ਜੋ ਕਾਬਲੀਅਤਾਂ ਤੇ ਹੁਨਰ ਦਿੱਤੇ ਸਨ, ਉਨ੍ਹਾਂ ਨੂੰ ਮੈਂ ਜਿਸ ਤਰੀਕੇ ਨਾਲ ਵਰਤ ਸਕਿਆ, ਉਹ ਮੈਂ ਦੁਨੀਆਂ ਵਿਚ ਕੰਮ ਕਰਦਿਆਂ ਕਦੇ ਵੀ ਨਹੀਂ ਵਰਤ ਸਕਦਾ ਸੀ।” ਉਸ ਦੀ ਪਤਨੀ ਦੱਸਦੀ ਹੈ: “ਯਹੋਵਾਹ ਦੀ ਸੇਵਾ ਵਿਚ ਮੈਨੂੰ ਜੋ ਵੀ ਜ਼ਿੰਮੇਵਾਰੀਆਂ ਮਿਲੀਆਂ, ਉਨ੍ਹਾਂ ਸਦਕਾ ਮੇਰੇ ਗੁਣਾਂ ਵਿਚ ਹੋਰ ਨਿਖਾਰ ਆਇਆ। ਯਹੋਵਾਹ ਨੇ ਹਰ ਵਕਤ ਸਾਨੂੰ ਸੰਭਾਲਿਆ ਤੇ ਵਾਰ-ਵਾਰ ਸਾਡੀ ਅਗਵਾਈ ਕੀਤੀ। ਜੇ ਅਸੀਂ ਆਰਾਮਦਾਇਕ ਜ਼ਿੰਦਗੀ ਜੀਉਂਦੇ ਰਹਿੰਦੇ, ਤਾਂ ਸ਼ਾਇਦ ਉਹ ਕਦੇ ਵੀ ਇਸ ਤਰ੍ਹਾਂ ਨਾ ਕਰਦਾ। ਮੈਂ ਹਰ ਰੋਜ਼ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿ ਉਸ ਨੇ ਮੈਨੂੰ ਪੂਰਾ ਸਮਾਂ ਸੇਵਾ ਕਰਨ ਦਾ ਮੌਕਾ ਦਿੱਤਾ।” ਕੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਆਪਣੀ ਜ਼ਿੰਦਗੀ ਬਾਰੇ ਇਸ ਤਰ੍ਹਾਂ ਕਹਿ ਸਕੋ?

6. ਯਹੋਵਾਹ ਸਾਡੀ ਸੇਵਾ ਬਾਰੇ ਕਿਵੇਂ ਮਹਿਸੂਸ ਕਰਦਾ ਹੈ?

6 ਇਹ ਸੱਚ ਹੈ ਕਿ ਕਈ ਆਪਣੇ ਹਾਲਾਤਾਂ ਕਰਕੇ ਪੂਰਾ ਸਮਾਂ ਸੇਵਾ ਨਹੀਂ ਕਰ ਸਕਦੇ। ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਦੀ ਵੀ ਦਿਲੋਂ ਕੀਤੀ ਸੇਵਾ ਦੀ ਕਦਰ ਕਰਦਾ ਹੈ। ਮਿਸਾਲ ਲਈ, ਫਿਲੇਮੋਨ 1-3 ਵਿਚ ਪੌਲੁਸ ਨੇ ਕੁਲੁੱਸੈ ਦੀ ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਨੂੰ ਪਿਆਰ ਭੇਜਿਆ ਸੀ ਅਤੇ ਉਸ ਨੇ ਇਨ੍ਹਾਂ ਆਇਤਾਂ ਵਿਚ ਕਈਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਸੀ। (ਪੜ੍ਹੋ।) ਪੌਲੁਸ ਨੇ ਉਨ੍ਹਾਂ ਦੀ ਕਦਰ ਕੀਤੀ ਅਤੇ ਯਹੋਵਾਹ ਨੇ ਵੀ ਜ਼ਰੂਰ ਉਨ੍ਹਾਂ ਦੀ ਸੇਵਾ ਦੀ ਕਦਰ ਕੀਤੀ। ਇਸੇ ਤਰ੍ਹਾਂ ਯਹੋਵਾਹ ਤੁਹਾਡੀ ਸੇਵਾ ਦੀ ਵੀ ਕਦਰ ਕਰਦਾ ਹੈ। ਪਰ ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹੋ ਜੋ ਪੂਰਾ ਸਮਾਂ ਸੇਵਾ ਕਰਦੇ ਹਨ?

ਪਾਇਨੀਅਰਾਂ ਦੀ ਮਦਦ ਕਰੋ

7, 8. ਪਾਇਨੀਅਰਿੰਗ ਕਰਨ ਵਿਚ ਕੀ ਕੁਝ ਸ਼ਾਮਲ ਹੈ ਅਤੇ ਮੰਡਲੀ ਦੇ ਭੈਣ-ਭਰਾ ਪਾਇਨੀਅਰਾਂ ਦੀ ਕਿਵੇਂ ਮਦਦ ਕਰ ਸਕਦੇ ਹਨ?

7 ਪਹਿਲੀ ਸਦੀ ਦੇ ਪ੍ਰਚਾਰਕਾਂ ਵਾਂਗ ਜੋਸ਼ੀਲੇ ਪਾਇਨੀਅਰ ਅੱਜ ਮੰਡਲੀ ਨੂੰ ਬਹੁਤ ਹੌਸਲਾ ਦਿੰਦੇ ਹਨ। ਬਹੁਤ ਸਾਰੇ ਪਾਇਨੀਅਰ ਹਰ ਮਹੀਨੇ ਪ੍ਰਚਾਰ ਵਿਚ 70 ਘੰਟੇ ਲਾਉਂਦੇ ਹਨ। ਤੁਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹੋ?

 8 ਸ਼ੋਰੀ ਨਾਂ ਦੀ ਇਕ ਪਾਇਨੀਅਰ ਭੈਣ ਨੇ ਕਿਹਾ: “ਪਾਇਨੀਅਰ ਸੱਚਾਈ ਵਿਚ ਮਜ਼ਬੂਤ ਲੱਗਦੇ ਹਨ ਕਿਉਂਕਿ ਉਹ ਹਰ ਰੋਜ਼ ਪ੍ਰਚਾਰ ਵਿਚ ਜਾਂਦੇ ਹਨ। ਪਰ ਉਨ੍ਹਾਂ ਨੂੰ ਵੀ ਹੌਸਲੇ ਦੀ ਲੋੜ ਹੁੰਦੀ ਹੈ।” (ਰੋਮੀ. 1:11, 12) ਇਕ ਭੈਣ ਨੇ ਕੁਝ ਸਾਲ ਪਾਇਨੀਅਰਿੰਗ ਕੀਤੀ ਸੀ। ਉਸ ਨੇ ਆਪਣੀ ਮੰਡਲੀ ਦੇ ਪਾਇਨੀਅਰਾਂ ਬਾਰੇ ਕਿਹਾ: “ਉਹ ਦਿਨ-ਰਾਤ ਸਖ਼ਤ ਮਿਹਨਤ ਕਰਦੇ ਹਨ। ਜਦੋਂ ਕੋਈ ਉਨ੍ਹਾਂ ਨੂੰ ਆਪਣੀ ਗੱਡੀ ਵਿਚ ਪ੍ਰਚਾਰ ’ਤੇ ਲੈ ਜਾਂਦਾ ਹੈ, ਖਾਣੇ ਲਈ ਆਪਣੇ ਘਰ ਬੁਲਾਉਂਦਾ ਹੈ, ਪੈਟ੍ਰੋਲ ਪੁਆਉਣ ਲਈ ਪੈਸੇ ਦਿੰਦਾ ਹੈ ਜਾਂ ਹੋਰ ਕਿਸੇ ਤਰੀਕੇ ਨਾਲ ਆਰਥਿਕ ਤੌਰ ਤੇ ਮਦਦ ਕਰਦਾ ਹੈ, ਤਾਂ ਪਾਇਨੀਅਰ ਉਨ੍ਹਾਂ ਦੇ ਬਹੁਤ ਸ਼ੁਕਰਗੁਜ਼ਾਰ ਹੁੰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਸੱਚ-ਮੁੱਚ ਉਨ੍ਹਾਂ ਦੀ ਪਰਵਾਹ ਕਰਦੇ ਹੋ।”

9, 10. ਮੰਡਲੀ ਵਿਚ ਪਾਇਨੀਅਰਾਂ ਦੀ ਮਦਦ ਕਰਨ ਲਈ ਕੁਝ ਭੈਣਾਂ-ਭਰਾਵਾਂ ਨੇ ਕੀ ਕੀਤਾ ਹੈ?

9 ਕੀ ਤੁਸੀਂ ਪ੍ਰਚਾਰ ਵਿਚ ਪਾਇਨੀਅਰਾਂ ਦੀ ਮਦਦ ਕਰਨੀ ਚਾਹੋਗੇ? ਇਕ ਪਾਇਨੀਅਰ ਭੈਣ ਬੌਬੀ ਕਹਿੰਦੀ ਹੈ: “ਸਾਨੂੰ ਹਫ਼ਤੇ ਦੌਰਾਨ ਭੈਣਾਂ-ਭਰਾਵਾਂ ਦੀ ਮਦਦ ਦੀ ਲੋੜ ਹੁੰਦੀ ਹੈ।” ਉਸੇ ਮੰਡਲੀ ਦੀ ਇਕ ਹੋਰ ਪਾਇਨੀਅਰ ਭੈਣ ਕਹਿੰਦੀ ਹੈ: “ਦੁਪਹਿਰ ਨੂੰ ਪ੍ਰਚਾਰ ਕਰਨ ਲਈ ਸਾਥੀ ਮਿਲਣਾ ਔਖਾ ਹੁੰਦਾ ਹੈ।” ਇਕ ਭੈਣ, ਜੋ ਹੁਣ ਬਰੁਕਲਿਨ ਬੈਥਲ ਵਿਚ ਸੇਵਾ ਕਰਦੀ ਹੈ, ਆਪਣੀ ਪਾਇਨੀਅਰਿੰਗ ਬਾਰੇ ਖ਼ੁਸ਼ੀ ਨਾਲ ਦੱਸਦੀ ਹੈ: “ਇਕ ਭੈਣ ਕੋਲ ਕਾਰ ਸੀ। ਉਸ ਨੇ ਮੈਨੂੰ ਕਿਹਾ, ‘ਜਦੋਂ ਵੀ ਤੈਨੂੰ ਪ੍ਰਚਾਰ ਲਈ ਸਾਥੀ ਨਾ ਮਿਲੇ, ਤਾਂ ਮੈਨੂੰ ਫ਼ੋਨ ਕਰ ਦੇਈਂ ਤੇ ਮੈਂ ਤੇਰੇ ਨਾਲ ਪ੍ਰਚਾਰ ’ਤੇ ਚਲੀ ਜਾਵਾਂਗੀ।’ ਉਸ ਕਰਕੇ ਮੈਂ ਪਾਇਨੀਅਰਿੰਗ ਕਰ ਸਕੀ।” ਭੈਣ ਸ਼ੋਰੀ ਨੇ ਇਕ ਜ਼ਰੂਰੀ ਗੱਲ ਵੱਲ ਧਿਆਨ ਦਿਵਾਇਆ: “ਪ੍ਰਚਾਰ ਤੋਂ ਬਾਅਦ ਕੁਆਰੇ ਪਾਇਨੀਅਰ ਅਕਸਰ ਇਕੱਲੇ ਰਹਿ ਜਾਂਦੇ ਹਨ। ਤੁਸੀਂ ਕਦੀ-ਕਦਾਈਂ ਉਨ੍ਹਾਂ ਨੂੰ ਆਪਣੀ ਪਰਿਵਾਰਕ ਸਟੱਡੀ ਵਿਚ ਬੁਲਾ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਹੋਰ ਕੰਮਾਂ ਵਿਚ ਸ਼ਾਮਲ ਕਰ ਸਕਦੇ ਹੋ ਤਾਂਕਿ ਉਹ ਪਾਇਨੀਅਰ ਸੇਵਾ ਵਿਚ ਲੱਗੇ ਰਹਿਣ।”

10 ਇਕ ਭੈਣ ਲਗਭਗ 50 ਸਾਲਾਂ ਤੋਂ ਪੂਰੇ ਸਮੇਂ ਦੀ ਸੇਵਾ ਕਰ ਰਹੀ ਹੈ। ਜਦੋਂ ਉਹ ਹੋਰ ਕੁਆਰੀਆਂ ਭੈਣਾਂ ਨਾਲ ਪਾਇਨੀਅਰਿੰਗ ਕਰਦੀ ਹੁੰਦੀ ਸੀ, ਉਸ ਸਮੇਂ ਨੂੰ ਯਾਦ ਕਰਦਿਆਂ ਉਹ ਕਹਿੰਦੀ ਹੈ: “ਸਾਡੀ ਮੰਡਲੀ ਦੇ ਬਜ਼ੁਰਗ ਹਰ ਦੋ ਮਹੀਨਿਆਂ ਬਾਅਦ ਪਾਇਨੀਅਰਾਂ ਨੂੰ ਮਿਲਣ ਜਾਂਦੇ ਸਨ। ਉਹ ਸਾਡੀ ਸਿਹਤ ਤੇ ਕੰਮ ਬਾਰੇ ਪੁੱਛਦੇ ਸਨ। ਨਾਲੇ ਉਹ ਜਾਣਨਾ ਚਾਹੁੰਦੇ ਸਨ ਕਿ ਸਾਨੂੰ ਕੋਈ ਚਿੰਤਾ ਜਾਂ ਪਰੇਸ਼ਾਨੀ ਤਾਂ ਨਹੀਂ। ਉਹ ਦਿਲੋਂ ਸਾਡੀ ਪਰਵਾਹ ਕਰਦੇ ਸਨ। ਉਹ ਸਾਡੇ ਘਰ ਆਉਂਦੇ ਸਨ ਤਾਂਕਿ ਉਹ ਦੇਖ ਸਕਣ ਕਿ ਸਾਨੂੰ ਕਿਸੇ ਮਦਦ ਦੀ ਲੋੜ ਤਾਂ ਨਹੀਂ।” ਇਸ ਤਰ੍ਹਾਂ ਬਜ਼ੁਰਗ ਅਫ਼ਸੁਸ ਦੇ ਰਹਿਣ ਵਾਲੇ ਉਨੇਸਿਫੁਰੁਸ ਦੀ ਰੀਸ ਕਰਦੇ ਹਨ। ਉਸ ਨੂੰ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਪੈਂਦੀਆਂ ਸਨ, ਪਰ ਉਸ ਨੇ ਪੌਲੁਸ ਦੀ ਵੀ ਲੋੜ ਅਨੁਸਾਰ ਮਦਦ ਕੀਤੀ ਸੀ।2 ਤਿਮੋ. 1:18.

11. ਸਪੈਸ਼ਲ ਪਾਇਨੀਅਰਿੰਗ ਕਰਨ ਵਿਚ ਕੀ ਕੁਝ ਸ਼ਾਮਲ ਹੈ?

11 ਕੁਝ ਮੰਡਲੀਆਂ ਵਿਚ ਸਪੈਸ਼ਲ ਪਾਇਨੀਅਰ ਸੇਵਾ  ਕਰਦੇ ਹਨ। ਬਹੁਤ ਸਾਰੇ ਸਪੈਸ਼ਲ ਪਾਇਨੀਅਰ ਹਰ ਮਹੀਨੇ ਪ੍ਰਚਾਰ ਵਿਚ 130 ਘੰਟੇ ਲਾਉਂਦੇ ਹਨ। ਉਹ ਆਪਣਾ ਜ਼ਿਆਦਾ ਸਮਾਂ ਪ੍ਰਚਾਰ ਵਿਚ ਲਾਉਂਦੇ ਹਨ ਤੇ ਮੰਡਲੀ ਦੇ ਕੰਮਾਂ ਵਿਚ ਵੀ ਬਿਜ਼ੀ ਰਹਿੰਦੇ ਹਨ ਜਿਸ ਕਰਕੇ ਉਹ ਪੈਸੇ ਕਮਾਉਣ ਲਈ ਬਹੁਤ ਥੋੜ੍ਹਾ ਜਾਂ ਬਿਲਕੁਲ ਕੰਮ ਨਹੀਂ ਕਰਦੇ। ਬ੍ਰਾਂਚ ਆਫ਼ਿਸ ਹਰ ਮਹੀਨੇ ਉਨ੍ਹਾਂ ਨੂੰ ਖ਼ਰਚੇ ਲਈ ਥੋੜ੍ਹੇ-ਬਹੁਤੇ ਪੈਸੇ ਦਿੰਦਾ ਹੈ ਤਾਂਕਿ ਉਹ ਪ੍ਰਚਾਰ ਦੇ ਕੰਮ ’ਤੇ ਆਪਣਾ ਧਿਆਨ ਲਾ ਸਕਣ।

12. ਬਜ਼ੁਰਗ ਤੇ ਹੋਰ ਭੈਣ-ਭਰਾ ਸਪੈਸ਼ਲ ਪਾਇਨੀਅਰਾਂ ਦੀ ਮਦਦ ਕਿਵੇਂ ਕਰ ਸਕਦੇ ਹਨ?

12 ਅਸੀਂ ਸਪੈਸ਼ਲ ਪਾਇਨੀਅਰਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ? ਇਕ ਬ੍ਰਾਂਚ ਵਿਚ ਸੇਵਾ ਕਰਨ ਵਾਲਾ ਬਜ਼ੁਰਗ ਬਹੁਤ ਸਾਰੇ ਸਪੈਸ਼ਲ ਪਾਇਨੀਅਰਾਂ ਨਾਲ ਗੱਲ ਕਰਦਾ ਰਹਿੰਦਾ ਹੈ। ਉਹ ਦੱਸਦਾ ਹੈ: “ਬਜ਼ੁਰਗਾਂ ਨੂੰ ਉਨ੍ਹਾਂ ਨਾਲ ਗੱਲ ਕਰ ਕੇ ਪਤਾ ਕਰਨ ਦੀ ਲੋੜ ਹੈ ਕਿ ਉਨ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹਨ ਤੇ ਉਹ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਨ। ਕੁਝ ਗਵਾਹ ਸੋਚਦੇ ਹਨ ਕਿ ਸਪੈਸ਼ਲ ਪਾਇਨੀਅਰਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਬ੍ਰਾਂਚ ਵੱਲੋਂ ਹਰ ਮਹੀਨੇ ਖ਼ਰਚੇ ਲਈ ਗੁਜ਼ਾਰੇ ਜੋਗੇ ਪੈਸੇ ਮਿਲਦੇ ਹਨ। ਪਰ ਮੰਡਲੀ ਦੇ ਭੈਣ-ਭਰਾ ਕਈ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹਨ।” ਰੈਗੂਲਰ ਪਾਇਨੀਅਰਾਂ ਦੀ ਤਰ੍ਹਾਂ ਸਪੈਸ਼ਲ ਪਾਇਨੀਅਰ ਵੀ ਪ੍ਰਚਾਰ ਵਿਚ ਭੈਣਾਂ-ਭਰਾਵਾਂ ਦੇ ਸਾਥ ਦੀ ਕਦਰ ਕਰਦੇ ਹਨ। ਕੀ ਤੁਸੀਂ ਉਨ੍ਹਾਂ ਦੀ ਇਸ ਤਰੀਕੇ ਨਾਲ ਮਦਦ ਕਰ ਸਕਦੇ ਹੋ?

ਸਰਕਟ ਓਵਰਸੀਅਰਾਂ ਦੀ ਮਦਦ ਕਰੋ

13, 14. (ੳ) ਸਰਕਟ ਓਵਰਸੀਅਰਾਂ ਤੇ ਉਨ੍ਹਾਂ ਦੀਆਂ ਪਤਨੀਆਂ ਬਾਰੇ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ? (ਅ) ਤੁਸੀਂ ਸਰਕਟ ਓਵਰਸੀਅਰਾਂ ਦੀ ਮਦਦ ਕਿਵੇਂ ਕਰ ਸਕਦੇ ਹੋ?

13 ਭੈਣ-ਭਰਾ ਮੰਨਦੇ ਹਨ ਕਿ ਸਰਕਟ ਓਵਰਸੀਅਰ ਤੇ ਉਨ੍ਹਾਂ ਦੀਆਂ ਪਤਨੀਆਂ ਸੱਚਾਈ ਵਿਚ ਮਜ਼ਬੂਤ ਤੇ ਹਾਲਾਤਾਂ ਮੁਤਾਬਕ ਢਲ਼ਣ ਵਾਲੇ ਹੁੰਦੇ ਹਨ। ਇਹ ਗੱਲ ਸੱਚ ਹੈ, ਪਰ ਉਨ੍ਹਾਂ ਨੂੰ ਵੀ ਹੌਸਲੇ, ਪ੍ਰਚਾਰ ਵਿਚ ਸਾਥੀ ਤੇ ਥੋੜ੍ਹੇ-ਬਹੁਤੇ ਮਨੋਰੰਜਨ ਦੀ ਲੋੜ ਹੁੰਦੀ ਹੈ। ਉਦੋਂ ਕੀ ਜਦੋਂ ਉਹ ਬੀਮਾਰ ਹੋਣ ਕਰਕੇ ਹਸਪਤਾਲ ਦਾਖ਼ਲ ਹੁੰਦੇ ਹਨ? ਸ਼ਾਇਦ ਉਨ੍ਹਾਂ ਦਾ ਕੋਈ ਓਪਰੇਸ਼ਨ ਹੋਣਾ ਹੁੰਦਾ ਹੈ ਜਾਂ ਕਿਸੇ ਹੋਰ ਇਲਾਜ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਕਿੰਨਾ ਚੰਗਾ ਲੱਗਦਾ ਹੈ ਜਦੋਂ ਮੰਡਲੀ ਦੇ ਭੈਣ-ਭਰਾ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਨੂੰ ਮਿਲਣ ਜਾਂਦੇ ਹਨ। “ਹਕੀਮ” ਲੂਕਾ ਨੇ ਵੀ ਪੌਲੁਸ ਤੇ ਉਸ ਦੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਸਨ ਜੋ ਅਲੱਗ-ਅਲੱਗ ਮੰਡਲੀਆਂ ਵਿਚ ਜਾ ਕੇ ਸੇਵਾ ਕਰਦੇ ਸਨ।—ਕੁਲੁ. 4:14; ਰਸੂ. 20:5–21:18.

14 ਸਰਕਟ ਓਵਰਸੀਅਰ ਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਵੀ ਦੋਸਤਾਂ ਦੇ ਪਿਆਰ ਤੇ ਹੌਸਲੇ ਦੀ ਲੋੜ ਹੁੰਦੀ ਹੈ। ਇਕ ਸਰਕਟ ਓਵਰਸੀਅਰ ਨੇ ਲਿਖਿਆ: “ਮੇਰੇ ਦੋਸਤਾਂ ਨੂੰ ਝੱਟ ਪਤਾ ਲੱਗ ਜਾਂਦਾ ਹੈ ਕਿ ਮੈਨੂੰ ਕਦੋਂ ਹੌਸਲੇ ਦੀ ਲੋੜ ਹੁੰਦੀ ਹੈ। ਉਹ ਮੇਰੇ ਦਿਲ ਦੀ ਹਾਲਤ ਜਾਣਨ ਲਈ ਮੇਰੇ ਤੋਂ ਸਵਾਲ ਪੁੱਛਦੇ ਹਨ। ਇਸ ਕਰਕੇ ਮੇਰੇ ਲਈ ਉਨ੍ਹਾਂ ਨਾਲ ਆਪਣੀਆਂ ਪਰੇਸ਼ਾਨੀਆਂ ਬਾਰੇ ਗੱਲ ਕਰਨੀ ਸੌਖੀ ਹੋ ਜਾਂਦੀ ਹੈ। ਉਹ ਧਿਆਨ ਨਾਲ ਮੇਰੀ ਗੱਲ ਸੁਣਦੇ ਹਨ ਜਿਸ ਕਰਕੇ ਮੈਨੂੰ ਬਹੁਤ ਹੌਸਲਾ ਮਿਲਦਾ ਹੈ।” ਸਰਕਟ ਓਵਰਸੀਅਰ ਤੇ ਉਨ੍ਹਾਂ ਦੀਆਂ ਪਤਨੀਆਂ ਇਸ ਗੱਲ ਦੀ ਬਹੁਤ ਕਦਰ ਕਰਦੇ ਹਨ ਕਿ ਭੈਣ-ਭਰਾ ਉਨ੍ਹਾਂ ਵਿਚ ਦਿਲਚਸਪੀ ਲੈਂਦੇ ਹਨ।

ਬੈਥਲ ਵਿਚ ਸੇਵਾ ਕਰਨ ਵਾਲਿਆਂ ਦੀ ਮਦਦ ਕਰੋ

15, 16. ਬੈਥਲ ਵਿਚ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਦਾ ਕੰਮ ਅਹਿਮ ਕਿਉਂ ਹੈ ਤੇ ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?

15 ਬੈਥਲ ਵਿਚ ਭੈਣ-ਭਰਾ ਜੋ ਕੰਮ ਕਰਦੇ ਹਨ, ਉਸ ਨਾਲ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਕੰਮ ਵਧੀਆ ਤਰੀਕੇ ਨਾਲ ਹੁੰਦਾ ਹੈ। ਜੇ ਤੁਹਾਡੀ ਮੰਡਲੀ ਜਾਂ ਸਰਕਟ ਵਿਚ ਬੈਥਲ ਦੇ ਭੈਣ-ਭਰਾ ਹਨ, ਤਾਂ ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਉਨ੍ਹਾਂ ਨੂੰ ਯਾਦ ਰੱਖਦੇ ਹੋ?

16 ਜਦੋਂ ਉਹ ਬੈਥਲ ਵਿਚ ਨਵੇਂ-ਨਵੇਂ ਆਉਂਦੇ ਹਨ, ਤਾਂ ਸ਼ਾਇਦ ਉਨ੍ਹਾਂ ਨੂੰ ਘਰ ਦੀ ਯਾਦ ਆਵੇ ਕਿਉਂਕਿ ਉਹ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਛੱਡ ਕੇ ਆਏ ਹੁੰਦੇ ਹਨ। ਉਹ ਇਸ ਗੱਲ ਲਈ ਕਿੰਨੇ ਹੀ ਸ਼ੁਕਰਗੁਜ਼ਾਰ ਹੁੰਦੇ ਹਨ ਕਿ ਬੈਥਲ ਤੇ ਉਨ੍ਹਾਂ ਦੀ ਨਵੀਂ ਮੰਡਲੀ ਦੇ ਭੈਣ-ਭਰਾ ਉਨ੍ਹਾਂ ਨਾਲ ਦੋਸਤੀ ਕਰਦੇ ਹਨ। (ਮਰ. 10:29, 30) ਉਹ ਬੈਥਲ ਵਿਚ ਕੰਮ ਕਰਨ ਦੇ ਨਾਲ-ਨਾਲ ਹਰ ਹਫ਼ਤੇ ਮੀਟਿੰਗਾਂ ਤੇ ਪ੍ਰਚਾਰ ਵਿਚ ਵੀ ਆ ਸਕਦੇ ਹਨ। ਪਰ ਸਮੇਂ-ਸਮੇਂ ਤੇ ਉਨ੍ਹਾਂ ਦੀਆਂ ਬੈਥਲ ਵਿਚ ਹੋਰ ਡਿਊਟੀਆਂ ਵੀ ਲੱਗਦੀਆਂ ਹਨ। ਇਹ ਵਧੀਆ ਗੱਲ ਹੈ ਕਿ ਮੰਡਲੀ ਦੇ ਭੈਣ-ਭਰਾ ਇਸ ਗੱਲ ਨੂੰ ਸਮਝਦੇ ਹਨ ਤੇ ਬੈਥਲ ਦੇ ਭੈਣਾਂ-ਭਰਾਵਾਂ ਦੇ ਕੰਮ ਦੀ ਕਦਰ ਕਰਦੇ ਹਨ।1 ਥੱਸਲੁਨੀਕੀਆਂ 2:9 ਪੜ੍ਹੋ।

ਹੋਰ ਦੇਸ਼ਾਂ ਵਿਚ ਕੰਮ ਕਰਨ ਵਾਲੇ ਪੂਰੇ ਸਮੇਂ ਦੇ ਸੇਵਕਾਂ ਦੀ ਮਦਦ ਕਰੋ

17, 18. ਹੋਰ ਦੇਸ਼ਾਂ ਵਿਚ ਜਾ ਕੇ ਕਿਹੜੇ ਤਰੀਕਿਆਂ ਨਾਲ ਸੇਵਾ ਕੀਤੀ ਜਾ ਸਕਦੀ ਹੈ?

17 ਕਈ ਭੈਣ-ਭਰਾ ਹੋਰ ਦੇਸ਼ਾਂ ਵਿਚ ਜਾ ਕੇ ਸੇਵਾ ਕਰਨ ਦੀ ਜ਼ਿੰਮੇਵਾਰੀ ਲੈਂਦੇ ਹਨ। ਸ਼ਾਇਦ ਉੱਥੇ ਦਾ ਖਾਣਾ, ਭਾਸ਼ਾ,  ਰੀਤੀ-ਰਿਵਾਜ ਤੇ ਹਾਲਾਤ ਉਨ੍ਹਾਂ ਦੇ ਦੇਸ਼ ਤੋਂ ਬਿਲਕੁਲ ਵੱਖਰੇ ਹੋਣ। ਉਹ ਅਜਿਹੀ ਮੁਸ਼ਕਲ ਜ਼ਿੰਮੇਵਾਰੀ ਨੂੰ ਕਿਉਂ ਸਵੀਕਾਰ ਕਰਦੇ ਹਨ?

18 ਕੁਝ ਭੈਣ-ਭਰਾ ਮਿਸ਼ਨਰੀ ਹਨ ਜੋ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਲਾਉਂਦੇ ਹਨ। ਉਨ੍ਹਾਂ ਨੇ ਜੋ ਟ੍ਰੇਨਿੰਗ ਲਈ ਹੁੰਦੀ ਹੈ, ਉਸ ਤੋਂ ਬਹੁਤ ਸਾਰੇ ਭੈਣ-ਭਰਾ ਫ਼ਾਇਦਾ ਲੈ ਸਕਦੇ ਹਨ। ਬ੍ਰਾਂਚ ਆਫ਼ਿਸ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰਦਾ ਹੈ ਤੇ ਹਰ ਮਹੀਨੇ ਖ਼ਰਚੇ ਲਈ ਕੁਝ ਪੈਸੇ ਦਿੰਦਾ ਹੈ। ਕਈ ਭੈਣ-ਭਰਾ ਕਿਸੇ ਹੋਰ ਦੇਸ਼ ਦੇ ਬ੍ਰਾਂਚ ਆਫ਼ਿਸ ਵਿਚ ਕੰਮ ਕਰਦੇ ਹਨ ਜਾਂ ਕਈ ਬ੍ਰਾਂਚ ਆਫ਼ਿਸ, ਰਿਮੋਟ ਟ੍ਰਾਂਸਲੇਸ਼ਨ ਆਫ਼ਿਸ, ਅਸੈਂਬਲੀ ਹਾਲ ਜਾਂ ਕਿੰਗਡਮ ਹਾਲ ਬਣਾਉਣ ਵਿਚ ਮਦਦ ਕਰਦੇ ਹਨ। ਉਨ੍ਹਾਂ ਦੇ ਖਾਣ-ਪੀਣ ਤੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਹੋਰ ਛੋਟੇ-ਮੋਟੇ ਕੰਮ ਕੀਤੇ ਜਾਂਦੇ ਹਨ। ਬੈਥਲ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਉਹ ਵੀ ਬਾਕਾਇਦਾ ਮੀਟਿੰਗਾਂ ਅਤੇ ਪ੍ਰਚਾਰ ’ਤੇ ਜਾਂਦੇ ਹਨ। ਇਸ ਕਰਕੇ ਮੰਡਲੀ ਦੇ ਭੈਣ-ਭਰਾ ਉਨ੍ਹਾਂ ਦੇ ਤਜਰਬੇ ਤੋਂ ਫ਼ਾਇਦਾ ਲੈ ਸਕਦੇ ਹਨ।

19. ਹੋਰ ਦੇਸ਼ ਵਿਚ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਬਾਰੇ ਸਾਨੂੰ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ?

19 ਤੁਸੀਂ ਇਨ੍ਹਾਂ ਪੂਰੇ ਸਮੇਂ ਦੇ ਸੇਵਕਾਂ ਨੂੰ ਕਿਵੇਂ ਯਾਦ ਰੱਖ ਸਕਦੇ ਹੋ? ਇਹ ਨਾ ਭੁੱਲੋ ਕਿ ਸ਼ਾਇਦ ਉਨ੍ਹਾਂ ਦਾ ਖਾਣ-ਪੀਣ ਤੁਹਾਡੇ ਖਾਣ-ਪੀਣ ਤੋਂ ਵੱਖਰਾ ਹੋਵੇ। ਜਦੋਂ ਤੁਸੀਂ ਉਨ੍ਹਾਂ ਨੂੰ ਆਪਣੇ ਘਰ ਬੁਲਾਉਂਦੇ ਹੋ, ਤਾਂ ਤੁਸੀਂ ਇਸ ਗੱਲ ਨੂੰ ਯਾਦ ਰੱਖ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ ਕਿ ਉਹ ਕੀ ਖਾਣਾ ਪਸੰਦ ਕਰਨਗੇ ਜਾਂ ਕੀ ਉਹ ਕੋਈ ਨਵੀਂ ਚੀਜ਼ ਖਾਣੀ ਪਸੰਦ ਕਰਨਗੇ। ਜਦੋਂ ਉਹ ਉੱਥੋਂ ਦੀ ਭਾਸ਼ਾ ਤੇ ਰੀਤੀ-ਰਿਵਾਜ ਸਿੱਖਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਓ। ਸ਼ਾਇਦ ਉਨ੍ਹਾਂ ਨੂੰ ਤੁਹਾਡੀਆਂ ਗੱਲਾਂ ਸਮਝਣ ਵਿਚ ਕੁਝ ਸਮਾਂ ਲੱਗੇ, ਪਰ ਤੁਸੀਂ ਉਨ੍ਹਾਂ ਦੀ ਸ਼ਬਦਾਂ ਨੂੰ ਠੀਕ ਢੰਗ ਨਾਲ ਬੋਲਣ ਵਿਚ ਮਦਦ ਕਰ ਸਕਦੇ ਹੋ। ਯਾਦ ਰੱਖੋ ਕਿ ਉਹ ਸਿੱਖਣਾ ਚਾਹੁੰਦੇ ਹਨ!

20. ਅਸੀਂ ਪੂਰੇ ਸਮੇਂ ਦੇ ਸੇਵਕਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਵੇਂ ਯਾਦ ਰੱਖ ਸਕਦੇ ਹਾਂ?

20 ਸਮੇਂ ਦੇ ਬੀਤਣ ਨਾਲ ਪੂਰਾ ਸਮਾਂ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਦੇ ਬਜ਼ੁਰਗ ਮਾਪਿਆਂ ਨੂੰ ਮਦਦ ਦੀ ਲੋੜ ਪੈ ਸਕਦੀ ਹੈ। ਇਸ ਲਈ ਸ਼ਾਇਦ ਉਨ੍ਹਾਂ ਨੂੰ ਫ਼ੈਸਲਾ ਕਰਨਾ ਪਵੇ ਕਿ ਉਹ ਆਪਣੇ ਮਾਪਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ। ਜਦ ਮਾਪੇ ਸੱਚਾਈ ਵਿਚ ਹੁੰਦੇ ਹਨ, ਤਾਂ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪੂਰੇ ਸਮੇਂ ਦੀ ਸੇਵਾ ਵਿਚ ਲੱਗੇ ਰਹਿਣ। (3 ਯੂਹੰ. 4) ਇਹ ਸੱਚ ਹੈ ਕਿ ਪੂਰੇ ਸਮੇਂ ਦੀ ਸੇਵਾ ਕਰਨ ਵਾਲੇ ਭੈਣ-ਭਰਾ ਆਪਣੇ ਮਾਪਿਆਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਨਾਲੇ ਜਦੋਂ ਹੋ ਸਕੇ, ਉਹ ਉਨ੍ਹਾਂ ਨੂੰ ਮਿਲਣ ਵੀ ਜਾਂਦੇ ਹਨ। ਜੇ ਉਨ੍ਹਾਂ ਦੇ ਮਾਪਿਆਂ ਨੂੰ ਲੋੜ ਹੈ, ਤਾਂ ਉਹ ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਤਿਆਰ ਹੁੰਦੇ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੂਰੇ ਸਮੇਂ ਦੇ ਸੇਵਕ ਦੁਨੀਆਂ ਭਰ ਵਿਚ ਹੋ ਰਹੇ ਰਾਜ ਦੇ ਪ੍ਰਚਾਰ ਦੇ ਕੰਮ ਵਿਚ ਬਹੁਤ ਬਿਜ਼ੀ ਹਨ ਜੋ ਕਿ ਸਭ ਤੋਂ ਜ਼ਰੂਰੀ ਕੰਮ ਹੈ। (ਮੱਤੀ 28:19, 20) ਕੀ ਤੁਸੀਂ ਜਾਂ ਤੁਹਾਡੀ ਮੰਡਲੀ ਪੂਰੇ ਸਮੇਂ ਦੇ ਸੇਵਕਾਂ ਦੇ ਮਾਪਿਆਂ ਦੀ ਮਦਦ ਕਰ ਸਕਦੀ ਹੈ?

21. ਜਦੋਂ ਤੁਸੀਂ ਪੂਰਾ ਸਮਾਂ ਸੇਵਾ ਕਰਨ ਵਾਲੇ ਭੈਣ-ਭਰਾ ਦੀ ਮਦਦ ਕਰਦੇ ਹੋ ਤੇ ਉਨ੍ਹਾਂ ਨੂੰ ਹੌਸਲਾ ਦਿੰਦੇ ਹੋ, ਤਾਂ ਉਹ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹਨ?

21 ਬਹੁਤ ਸਾਰੇ ਲੋਕ ਅਮੀਰ ਬਣਨ ਲਈ ਸਖ਼ਤ ਮਿਹਨਤ ਕਰਦੇ ਹਨ। ਪਰ ਪੂਰਾ ਸਮਾਂ ਸੇਵਾ ਕਰਨ ਵਾਲੇ ਭੈਣ-ਭਰਾ ਇਸ ਲਈ ਸਖ਼ਤ ਮਿਹਨਤ ਕਰਦੇ ਹਨ ਤਾਂਕਿ ਉਹ ਯਹੋਵਾਹ ਦੀ ਦਿਲੋਂ ਸੇਵਾ ਕਰ ਸਕਣ ਤੇ ਦੂਜਿਆਂ ਦੀ ਮਦਦ ਕਰ ਸਕਣ। ਉਹ ਤੁਹਾਡੇ ਵੱਲੋਂ ਕੀਤੀ ਹਰ ਮਦਦ ਦੀ ਕਦਰ ਕਰਦੇ ਹਨ। ਹੋਰ ਦੇਸ਼ ਵਿਚ ਸੇਵਾ ਕਰਨ ਵਾਲੀ ਇਕ ਭੈਣ ਕਹਿੰਦੀ ਹੈ: “ਭੈਣਾਂ-ਭਰਾਵਾਂ ਵੱਲੋਂ ਲਿਖੇ ਛੋਟੇ ਜਿਹੇ ਨੋਟ ਤੋਂ ਵੀ ਪਤਾ ਲੱਗਦਾ ਹੈ ਕਿ ਉਹ ਤੁਹਾਡੇ ਬਾਰੇ ਸੋਚਦੇ ਹਨ ਅਤੇ ਤੁਸੀਂ ਜੋ ਕਰ ਰਹੇ ਹੋ, ਉਸ ਤੋਂ ਉਹ ਖ਼ੁਸ਼ ਹਨ।”

22. ਪੂਰੇ ਸਮੇਂ ਦੀ ਸੇਵਾ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

22 ਯਹੋਵਾਹ ਦੀ ਪੂਰਾ ਸਮਾਂ ਸੇਵਾ ਕਰਨੀ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਪੂਰੇ ਸਮੇਂ ਦੇ ਸੇਵਕ ਸੇਵਾ ਕਰਦਿਆਂ ਬਹੁਤ ਸਾਰੇ ਗੁਣ ਪੈਦਾ ਕਰ ਸਕਦੇ ਹਨ ਤੇ ਕਈ ਗੱਲਾਂ ਸਿੱਖ ਸਕਦੇ ਹਨ ਜੋ ਅੱਜ ਤੇ ਨਵੀਂ ਦੁਨੀਆਂ ਵਿਚ ਉਨ੍ਹਾਂ ਦੇ ਕੰਮ ਆਉਣਗੀਆਂ। ਜਲਦੀ ਹੀ ਯਹੋਵਾਹ ਦੇ ਸਾਰੇ ਵਫ਼ਾਦਾਰ ਸੇਵਕ ਹਮੇਸ਼ਾ-ਹਮੇਸ਼ਾ ਲਈ ਖ਼ੁਸ਼ੀ ਨਾਲ ਸੇਵਾ ਕਰਨਗੇ। ਆਓ ਅਸੀਂ ਸਾਰੇ ਹਮੇਸ਼ਾ ਪੂਰੇ ਸਮੇਂ ਦੇ ਸੇਵਕਾਂ ਦੇ ‘ਉਨ੍ਹਾਂ ਕੰਮਾਂ ਨੂੰ ਯਾਦ ਰੱਖੀਏ ਜਿਹੜੇ ਉਹ ਨਿਹਚਾ ਅਤੇ ਪਿਆਰ ਕਰਨ ਕਰਕੇ ਕਰਦੇ ਹਨ।’1 ਥੱਸ. 1:3.