Skip to content

Skip to table of contents

 ਜੀਵਨੀ

ਰਾਜ ਦੀ ਸੇਵਾ ਵਿਚ ਮੇਰੀਆਂ ਮਿੱਠੀਆਂ ਯਾਦਾਂ

ਰਾਜ ਦੀ ਸੇਵਾ ਵਿਚ ਮੇਰੀਆਂ ਮਿੱਠੀਆਂ ਯਾਦਾਂ

ਸਾਲ 1947 ਵਿਚ ਕੈਥੋਲਿਕ ਪਾਦਰੀਆਂ ਨੇ ਐਲ ਸੈਲਵੇਡਾਰ ਦੇ ਸਾਂਤਾ ਆਨਾ ਸ਼ਹਿਰ ਵਿਚ ਗਵਾਹਾਂ ਲਈ ਮੁਸੀਬਤਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕੀਤੀ। ਜਦ ਭੈਣ-ਭਰਾ ਪਹਿਰਾਬੁਰਜ ਸਟੱਡੀ ਕਰ ਰਹੇ ਸਨ, ਤਾਂ ਕੁਝ ਮੁੰਡਿਆਂ ਨੇ ਮਿਸ਼ਨਰੀ ਘਰ ਦੇ ਖੁੱਲ੍ਹੇ ਦਰਵਾਜ਼ੇ ਰਾਹੀਂ ਵੱਡੇ-ਵੱਡੇ ਪੱਥਰ ਸੁੱਟੇ। ਫਿਰ ਪਾਦਰੀਆਂ ਨੇ ਜਲੂਸ ਕੱਢਿਆ। ਇਸ ਜਲੂਸ ਵਿਚ ਕਈਆਂ ਨੇ ਮਸ਼ਾਲਾਂ ਫੜੀਆਂ ਸਨ ਤੇ ਕਈਆਂ ਕੋਲ ਮੂਰਤੀਆਂ ਸਨ। ਦੋ ਘੰਟਿਆਂ ਤਕ ਉਹ ਪੱਥਰ ਸੁੱਟਦੇ ਰਹੇ ਅਤੇ ਨਾਅਰੇ ਲਾਉਂਦੇ ਰਹੇ: “ਕੁਆਰੀ ਮਰੀਅਮ ਯੁਗ-ਯੁਗ ਜੀਵੇ!” ਅਤੇ “ਯਹੋਵਾਹ ਮਰ ਜਾਵੇ!” ਇੱਦਾਂ ਉਹ ਮਿਸ਼ਨਰੀਆਂ ਨੂੰ ਡਰਾਉਣਾ ਚਾਹੁੰਦੇ ਸਨ ਤਾਂਕਿ ਉਹ ਸ਼ਹਿਰ ਛੱਡ ਕੇ ਚਲੇ ਜਾਣ। ਮੈਨੂੰ ਇਹ ਇਸ ਕਰਕੇ ਪਤਾ ਹੈ ਕਿਉਂਕਿ ਅੱਜ ਤੋਂ 67 ਸਾਲ ਪਹਿਲਾਂ ਮੈਂ ਉਸ ਮੀਟਿੰਗ ਵਿਚ ਸੀ। *

ਇਸ ਘਟਨਾ ਤੋਂ ਦੋ ਸਾਲ ਪਹਿਲਾਂ ਮੈਂ ਆਪਣੀ ਮਿਸ਼ਨਰੀ ਪਾਰਟਨਰ ਐਵਲਿਨ ਟ੍ਰੈਬਰਟ ਨਾਲ ਨਿਊਯਾਰਕ ਦੇ ਨੇੜੇ ਇਥਿਕਾ ਸ਼ਹਿਰ ਵਿਚ ਸਥਿਤ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਚੌਥੀ ਕਲਾਸ ਤੋਂ ਗ੍ਰੈਜੂਏਸ਼ਨ ਕੀਤੀ। ਸਾਨੂੰ ਸਾਂਤਾ ਆਨਾ ਵਿਚ ਸੇਵਾ ਕਰਨ ਲਈ ਭੇਜਿਆ ਗਿਆ। ਪਰ ਆਪਣੇ 29 ਸਾਲ ਦੇ ਮਿਸ਼ਨਰੀ ਸਫ਼ਰ ਬਾਰੇ ਦੱਸਣ ਤੋਂ ਪਹਿਲਾਂ, ਆਓ ਮੈਂ ਤੁਹਾਨੂੰ ਦੱਸਾਂ ਕਿ ਮੈਂ ਮਿਸ਼ਨਰੀ ਸੇਵਾ ਕਰਨ ਦਾ ਫ਼ੈਸਲਾ ਕਿਉਂ ਕੀਤਾ।

ਮੇਰੇ ਪਰਿਵਾਰ ਨੇ ਸੱਚਾਈ ਕਿਵੇਂ ਸਿੱਖੀ?

ਮੇਰੇ ਮੰਮੀ-ਡੈਡੀ ਜੌਨ ਅਤੇ ਈਵਾ ਓਲਸਨ ਅਮਰੀਕਾ ਦੇ ਵਾਸ਼ਿੰਗਟਨ ਰਾਜ ਦੇ ਸਪੋਕੇਨ ਸ਼ਹਿਰ ਵਿਚ ਰਹਿੰਦੇ ਸਨ। ਮੇਰਾ ਜਨਮ 1923 ਵਿਚ ਹੋਇਆ। ਹਾਲਾਂਕਿ ਉਹ ਲੂਥਰਨ ਚਰਚ ਦੇ ਮੈਂਬਰ ਸਨ, ਪਰ ਉਨ੍ਹਾਂ ਨੇ ਚਰਚ ਦੀ ਨਰਕ ਦੀ ਸਿੱਖਿਆ ਸਵੀਕਾਰ ਨਹੀਂ ਕੀਤੀ। ਉਨ੍ਹਾਂ ਲਈ ਇਹ ਗੱਲ ਮੰਨਣੀ ਔਖੀ ਸੀ ਕਿ ਇਕ ਪਿਆਰ ਕਰਨ ਵਾਲਾ ਪਰਮੇਸ਼ੁਰ ਇੱਦਾਂ ਕਿਵੇਂ ਕਰ ਸਕਦਾ ਹੈ। (1 ਯੂਹੰ. 4:8) ਮੇਰੇ ਡੈਡੀ ਜੀ ਇਕ ਬੇਕਰੀ ਵਿਚ ਕੰਮ ਕਰਦੇ ਸਨ ਅਤੇ ਇਕ ਰਾਤ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਇਕ ਆਦਮੀ ਨੇ ਦੱਸਿਆ ਕਿ ਬਾਈਬਲ ਇਹ ਨਹੀਂ ਸਿਖਾਉਂਦੀ ਕਿ ਲੋਕਾਂ ਨੂੰ ਨਰਕ ਵਿਚ ਤੜਫ਼ਾਇਆ ਜਾਂਦਾ ਹੈ। ਛੇਤੀ ਹੀ ਮੇਰੇ ਮਾਪਿਆਂ ਨੇ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੇ ਬਾਈਬਲ ਤੋਂ ਸਿੱਖਿਆ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ।

ਮੈਂ ਉਸ ਵੇਲੇ ਸਿਰਫ਼ ਨੌਂ ਸਾਲਾਂ ਦੀ ਸੀ, ਪਰ ਮੈਨੂੰ ਅਜੇ ਵੀ ਯਾਦ ਹੈ ਕਿ ਮੇਰੇ ਮੰਮੀ-ਡੈਡੀ ਬਾਈਬਲ ਦੀਆਂ ਸੱਚਾਈਆਂ ਸਿੱਖ ਕੇ ਕਿੰਨੇ ਖ਼ੁਸ਼  ਹੁੰਦੇ ਸਨ। ਜਦੋਂ ਉਨ੍ਹਾਂ ਨੇ ਸਿੱਖਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ ਅਤੇ ਤ੍ਰਿਏਕ ਦੀ ਸਿੱਖਿਆ ਝੂਠੀ ਹੈ, ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। (ਯੂਹੰ. 8:32) ਉਹ ਮੈਨੂੰ ਵੀ ਇਹ ਗੱਲਾਂ ਸਿਖਾਉਂਦੇ ਸਨ ਜੋ ਮੇਰੇ ਦਿਲ ਵਿਚ ਘਰ ਕਰ ਗਈਆਂ। ਇਸ ਲਈ ਮੈਨੂੰ ਬਾਈਬਲ ਸਟੱਡੀ ਕਰਨੀ ਕਦੀ ਬੋਰਿੰਗ ਨਹੀਂ ਲੱਗੀ, ਸਗੋਂ ਮੈਨੂੰ ਪਰਮੇਸ਼ੁਰ ਦੇ ਬਚਨ ਦੀ ਖੋਜਬੀਨ ਕਰ ਕੇ ਹਮੇਸ਼ਾ ਮਜ਼ਾ ਆਉਂਦਾ ਸੀ। ਭਾਵੇਂ ਕਿ ਮੈਂ ਸ਼ਰਮੀਲੇ ਸੁਭਾਅ ਦੀ ਸੀ, ਪਰ ਮੈਂ ਆਪਣੇ ਮੰਮੀ-ਡੈਡੀ ਨਾਲ ਪ੍ਰਚਾਰ ਵਿਚ ਜਾਂਦੀ ਸੀ। 1934 ਵਿਚ ਉਨ੍ਹਾਂ ਦਾ ਬਪਤਿਸਮਾ ਹੋਇਆ। ਸਾਲ 1939 ਵਿਚ ਮੈਂ 16 ਸਾਲਾਂ ਦੀ ਉਮਰ ਵਿਚ ਬਪਤਿਸਮਾ ਲੈ ਕੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਅਰਪਣ ਕਰ ਦਿੱਤੀ।

1941 ਵਿਚ ਮਿਸੂਰੀ ਦੇ ਸੇਂਟ ਲੁਅਸ ਸੰਮੇਲਨ ਵਿਚ ਆਪਣੇ ਮੰਮੀ-ਡੈਡੀ ਨਾਲ

ਜੁਲਾਈ 1940 ਵਿਚ ਮੇਰੇ ਮਾਪਿਆਂ ਨੇ ਘਰ ਵੇਚ ਦਿੱਤਾ ਅਤੇ ਅਸੀਂ ਤਿੰਨੇ ਜਣੇ ਇਡਾਹੋ ਰਾਜ ਦੇ ਕੋਰ ਡ ਲੇਨ ਸ਼ਹਿਰ ਵਿਚ ਪਾਇਨੀਅਰਾਂ ਵਜੋਂ ਪੂਰੇ ਸਮੇਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਕਾਰਾਂ ਦੀ ਰਿਪੇਅਰ ਕਰਨ ਵਾਲੀ ਇਕ ਗਰਾਜ ਦੇ ਉੱਪਰ ਕਿਰਾਏ ਦੇ ਮਕਾਨ ਵਿਚ ਰਹਿਣ ਲੱਗੇ। ਸਾਡੇ ਘਰ ਵਿਚ ਮੀਟਿੰਗਾਂ ਵੀ ਹੁੰਦੀਆਂ ਸਨ। ਉਸ ਸਮੇਂ ਇੰਨੇ ਕਿੰਗਡਮ ਹਾਲ ਨਹੀਂ ਸਨ ਜਿਸ ਕਾਰਨ ਜ਼ਿਆਦਾਤਰ ਭੈਣ-ਭਰਾ ਘਰਾਂ ਜਾਂ ਕਿਰਾਏ ਦੇ ਕਮਰਿਆਂ ਵਿਚ ਮੀਟਿੰਗਾਂ ਲਈ ਇਕੱਠੇ ਹੁੰਦੇ ਸਨ।

ਸਾਲ 1941 ਵਿਚ ਮੈਂ ਆਪਣੇ ਮੰਮੀ-ਡੈਡੀ ਨਾਲ ਮਿਸੂਰੀ ਦੇ ਸੇਂਟ ਲੁਅਸ ਸ਼ਹਿਰ ਵਿਚ ਇਕ ਸੰਮੇਲਨ ਤੇ ਗਈ। ਐਤਵਾਰ “ਬੱਚਿਆਂ ਦਾ ਦਿਨ” ਸੀ ਅਤੇ 5 ਤੋਂ 18 ਸਾਲਾਂ ਦੇ ਬੱਚੇ ਸਟੇਜ ਦੇ ਮੋਹਰੇ ਬੈਠੇ ਸਨ। ਭਰਾ ਜੋਸਫ਼ ਐੱਫ਼. ਰਦਰਫ਼ਰਡ ਨੇ ਆਪਣੇ ਭਾਸ਼ਣ ਦੇ ਅਖ਼ੀਰ ਵਿਚ ਸਾਨੂੰ ਬੱਚਿਆਂ ਨੂੰ ਕਿਹਾ: “ਬੱਚਿਓ, ਜੇ ਤੁਸੀਂ ਪਰਮੇਸ਼ੁਰ ਅਤੇ ਉਸ ਦੇ ਰਾਜੇ ਦਾ ਕਹਿਣ ਮੰਨਣ ਲਈ ਰਾਜ਼ੀ ਹੋ, ਤਾਂ ਪਲੀਜ਼ ਖੜ੍ਹੇ ਹੋ ਜਾਓ!” ਅਸੀਂ ਸਾਰੇ ਖੜ੍ਹੇ ਹੋ ਗਏ। ਫਿਰ ਭਰਾ ਰਦਰਫ਼ਰਡ ਨੇ ਕਿਹਾ: “ਪਰਮੇਸ਼ੁਰ ਦੇ ਰਾਜ ਦੇ 15,000 ਤੋਂ ਵੀ ਜ਼ਿਆਦਾ ਨਵੇਂ ਗਵਾਹਾਂ ਨੂੰ ਦੇਖੋ!” ਮੈਂ ਉਸੇ ਪਲ ਠਾਣ ਲਿਆ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਪਾਇਨੀਅਰਿੰਗ ਕਰਨ ਵਿਚ ਲਾਵਾਂਗੀ।

ਮੇਰੀਆਂ ਜ਼ਿੰਮੇਵਾਰੀਆਂ

ਸੇਂਟ ਲੁਅਸ ਸ਼ਹਿਰ ਦੇ ਸੰਮੇਲਨ ਤੋਂ ਬਾਅਦ ਸਾਡਾ ਪਰਿਵਾਰ ਦੱਖਣੀ ਕੈਲੇਫ਼ੋਰਨੀਆ ਚਲਾ ਗਿਆ। ਉੱਥੇ ਸਾਨੂੰ ਔਕਸਨਾਰਡ ਸ਼ਹਿਰ ਵਿਚ ਇਕ ਮੰਡਲੀ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਅਸੀਂ ਇਕ ਛੋਟੇ ਜਿਹੇ ਟ੍ਰੇਲਰ ਘਰ ਵਿਚ ਰਹਿੰਦੇ ਸੀ ਜਿਸ ਵਿਚ ਸਿਰਫ਼ ਇੱਕੋ ਹੀ ਬੈੱਡ ਸੀ। ਪਹਿਲਾਂ ਮੇਰੇ ਕੋਲ ਆਪਣਾ ਕਮਰਾ ਹੁੰਦਾ ਸੀ, ਪਰ ਹੁਣ ਰਾਤ ਨੂੰ ਮੈਂ ਮੇਜ਼ ਉੱਤੇ ਬਿਸਤਰਾ ਵਿਛਾ ਕੇ ਸੌਂਦੀ ਹੁੰਦੀ ਸੀ। ਮੇਰੀ ਜ਼ਿੰਦਗੀ ਕਿੰਨੀ ਬਦਲ ਗਈ ਸੀ!

ਸਾਡੇ ਕੈਲੇਫ਼ੋਰਨੀਆ ਪਹੁੰਚਣ ਤੋਂ ਕੁਝ ਹੀ ਸਮਾਂ ਪਹਿਲਾਂ 7 ਦਸੰਬਰ 1941 ਨੂੰ ਜਪਾਨ ਨੇ ਹਵਾਈ ਦੇ ਪਰਲ ਹਾਰਬਰ ’ਤੇ ਬੰਬ ਸੁੱਟੇ ਅਤੇ ਅਗਲੇ ਦਿਨ ਅਮਰੀਕਾ ਦੂਜੇ ਵਿਸ਼ਵ ਯੁੱਧ ਵਿਚ ਸ਼ਾਮਲ ਹੋ ਗਿਆ। ਉਸ ਸਮੇਂ ਜਪਾਨੀ ਪਣਡੁੱਬੀਆਂ ਕੈਲੇਫ਼ੋਰਨੀਆ ਲਾਗੇ ਸਮੁੰਦਰ ਵਿਚ ਘੁੰਮ ਰਹੀਆਂ ਸਨ, ਇਸ ਲਈ ਸਰਕਾਰ ਨੇ ਰਾਤ ਨੂੰ ਬੱਤੀਆਂ ਨਾ ਜਗਾਉਣ ਦਾ ਹੁਕਮ ਦਿੱਤਾ ਸੀ। ਹਨੇਰੇ ਵਿਚ ਪਣਡੁੱਬੀਆਂ ਲਈ ਹਮਲਾ ਕਰਨਾ ਮੁਸ਼ਕਲ ਸੀ।

ਕੁਝ ਮਹੀਨਿਆਂ ਬਾਅਦ, ਸਤੰਬਰ 1942 ਵਿਚ ਅਸੀਂ ਓਹੀਓ ਰਾਜ ਦੇ ਕਲੀਵਲੈਂਡ ਸ਼ਹਿਰ ਵਿਖੇ “ਨਿਊ ਵਰਲਡ ਥਿਓਕ੍ਰੈਟਿਕ ਸੰਮੇਲਨ” ਤੇ ਗਏ। ਉੱਥੇ ਭਰਾ ਨੇਥਨ ਐੱਚ. ਨੌਰ ਨੇ “ਸ਼ਾਂਤੀ—ਕੀ ਇਹ ਸਦਾ ਕਾਇਮ ਰਹੇਗੀ?” ਨਾਂ ਦਾ ਭਾਸ਼ਣ ਦਿੱਤਾ। ਉਨ੍ਹਾਂ ਨੇ ਪ੍ਰਕਾਸ਼ ਦੀ ਕਿਤਾਬ ਦੇ 17ਵੇਂ ਅਧਿਆਇ ਵਿੱਚੋਂ ‘ਵਹਿਸ਼ੀ ਦਰਿੰਦੇ’ ਬਾਰੇ ਚਰਚਾ ਕੀਤੀ “ਜੋ ਪਹਿਲਾਂ ਸੀ, ਹੁਣ ਨਹੀਂ ਹੈ, ਪਰ ਅਥਾਹ ਕੁੰਡ ਵਿੱਚੋਂ ਨਿਕਲਣ ਵਾਲਾ ਹੈ।” (ਪ੍ਰਕਾ. 17:8, 11) ਭਰਾ ਨੌਰ ਨੇ ਸਮਝਾਇਆ ਕਿ “ਵਹਿਸ਼ੀ ਦਰਿੰਦਾ” ਰਾਸ਼ਟਰ-ਸੰਘ ਹੈ ਜੋ 1939 ਵਿਚ ਬੰਦ ਹੋ ਗਿਆ ਸੀ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਸ ਸੰਘ ਦੀ ਜਗ੍ਹਾ ਕੋਈ ਹੋਰ ਲੈ ਲਵੇਗਾ ਜਿਸ ਤੋਂ ਬਾਅਦ ਥੋੜ੍ਹੇ ਸਮੇਂ ਲਈ ਸ਼ਾਂਤੀ ਹੋ ਜਾਵੇਗੀ। ਅਤੇ ਇੱਦਾਂ ਹੀ ਹੋਇਆ ਕਿਉਂਕਿ 1945 ਵਿਚ ਦੂਜੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ “ਦਰਿੰਦਾ” ਸੰਯੁਕਤ ਰਾਸ਼ਟਰ-ਸੰਘ ਦੇ ਰੂਪ ਵਿਚ ਦੁਬਾਰਾ ਪ੍ਰਗਟ ਹੋਇਆ। ਇਸ ਤੋਂ ਬਾਅਦ ਯਹੋਵਾਹ ਦੇ ਗਵਾਹਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਹੋਰ ਵੀ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ। ਵਾਕਈ ਉਸ ਸਮੇਂ ਤੋਂ ਲੈ ਕੇ ਹੁਣ ਤਕ ਪਰਮੇਸ਼ੁਰ ਦੇ ਸੇਵਕਾਂ ਵਿਚ ਕਿੰਨਾ ਵਾਧਾ ਹੋਇਆ ਹੈ!

ਮੇਰਾ ਗਿਲਿਅਡ ਡਿਪਲੋਮਾ

ਉਸ ਭਵਿੱਖਬਾਣੀ ਨੇ ਮੇਰੀ ਇਹ ਸਮਝਣ ਵਿਚ ਮਦਦ ਕੀਤੀ ਕਿ ਪ੍ਰਚਾਰ ਦਾ ਕਿੰਨਾ ਜ਼ਿਆਦਾ ਕੰਮ ਕਰਨ ਵਾਲਾ ਪਿਆ ਹੈ। ਜਦ ਇਹ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਗਿਲਿਅਡ ਸਕੂਲ ਸ਼ੁਰੂ ਹੋਵੇਗਾ, ਤਾਂ ਮੇਰੇ ਵਿਚ ਮਿਸ਼ਨਰੀ ਬਣਨ ਦੀ ਤਮੰਨਾ ਪੈਦਾ ਹੋ ਗਈ। ਸਾਲ 1943 ਵਿਚ ਮੈਨੂੰ ਆਰੇਗਨ ਦੇ ਪੋਰਟਲੈਂਡ ਸ਼ਹਿਰ ਵਿਖੇ ਪਾਇਨੀਅਰ ਵਜੋਂ ਭੇਜਿਆ ਗਿਆ। ਉਨ੍ਹਾਂ ਦਿਨਾਂ ਵਿਚ ਅਸੀਂ ਘਰਾਂ ਦੇ ਦਰਵਾਜ਼ਿਆਂ ’ਤੇ  ਲੋਕਾਂ ਨੂੰ ਫੋਨੋਗ੍ਰਾਫ ’ਤੇ ਭਾਸ਼ਣ ਸੁਣਾਉਂਦੇ ਸੀ ਅਤੇ ਫਿਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਬਾਈਬਲ ਪ੍ਰਕਾਸ਼ਨ ਦਿੰਦੇ ਸੀ। ਉਸ ਸਾਲ ਮੈਂ ਦਿਨ-ਰਾਤ ਮਿਸ਼ਨਰੀ ਸੇਵਾ ਬਾਰੇ ਦਿਲ ਹੀ ਦਿਲ ਸੋਚਦੀ ਰਹੀ।

ਸਾਲ 1944 ਵਿਚ ਜਦ ਮੈਨੂੰ ਆਪਣੀ ਪਿਆਰੀ ਸਹੇਲੀ ਐਵਲਿਨ ਟ੍ਰੈਬਰਟ ਨਾਲ ਗਿਲਿਅਡ ਸਕੂਲ ਦਾ ਸੱਦਾ ਮਿਲਿਆ, ਤਾਂ ਮੈਂ ਖ਼ੁਸ਼ੀ ਨਾਲ ਫੁੱਲੀ ਨਾ ਸਮਾਈ। ਪੰਜ ਮਹੀਨੇ ਜਿਨ੍ਹਾਂ ਭਰਾਵਾਂ ਨੇ ਸਾਡੀਆਂ ਕਲਾਸਾਂ ਲਈਆਂ ਸਨ, ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਬਾਈਬਲ ਦੀ ਸਟੱਡੀ ਨੂੰ ਮਜ਼ੇਦਾਰ ਕਿਵੇਂ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੀ ਨਿਮਰਤਾ ਦਾ ਸਾਡੇ ’ਤੇ ਬਹੁਤ ਅਸਰ ਪਿਆ। ਕਦੇ-ਕਦੇ ਉਨ੍ਹਾਂ ਭਰਾਵਾਂ ਨੇ ਵੇਟਰਾਂ ਵਜੋਂ ਵੀ ਕੰਮ ਕੀਤਾ ਅਤੇ ਸਾਨੂੰ ਖਾਣਾ ਪਰੋਸਿਆ। ਅਸੀਂ ਦੋਹਾਂ ਨੇ 22 ਜਨਵਰੀ 1945 ਵਿਚ ਗਿਲਿਅਡ ਗ੍ਰੈਜੂਏਸ਼ਨ ਕਰ ਲਈ।

ਮੇਰੀ ਮਿਸ਼ਨਰੀ ਸੇਵਾ

ਜੂਨ 1946 ਵਿਚ ਮੈਂ, ਐਵਲਿਨ, ਲੀਓ ਮਹੱਨ ਅਤੇ ਐਸਤਰ ਮਹੱਨ ਐਲ ਸੈਲਵੇਡਾਰ ਪਹੁੰਚ ਗਏ। ਅਸੀਂ ਦੇਖਿਆ ਕਿ “ਫ਼ਸਲ ਵਾਢੀ ਲਈ ਪੱਕ ਚੁੱਕੀ” ਸੀ। (ਯੂਹੰ. 4:35) ਇਸ ਕਹਾਣੀ ਦੇ ਸ਼ੁਰੂ ਵਿਚ ਜ਼ਿਕਰ ਕੀਤੀ ਗਈ ਘਟਨਾ ਦਿਖਾਉਂਦੀ ਹੈ ਕਿ ਪਾਦਰੀ ਗੁੱਸੇ ਵਿਚ ਕਿੰਨੇ ਜ਼ਿਆਦਾ ਭੜਕੇ ਹੋਏ ਸਨ। ਇਸ ਤੋਂ ਇਕ ਹਫ਼ਤਾ ਪਹਿਲਾਂ ਸਾਂਤਾ ਆਨਾ ਵਿਚ ਪਹਿਲੀ ਸਰਕਟ ਅਸੈਂਬਲੀ ਹੋਈ। ਅਸੀਂ ਹਰ ਪਾਸੇ ਲੋਕਾਂ ਨੂੰ ਪਬਲਿਕ ਭਾਸ਼ਣ ਸੁਣਨ ਦਾ ਸੱਦਾ ਦਿੱਤਾ ਅਤੇ ਅਸੈਂਬਲੀ ਵਿਚ ਤਕਰੀਬਨ 500 ਲੋਕਾਂ ਨੂੰ ਇਕੱਠਾ ਦੇਖ ਕੇ ਸਾਨੂੰ ਬੜੀ ਖ਼ੁਸ਼ੀ ਹੋਈ। ਸ਼ਹਿਰ ਵਿੱਚੋਂ ਡਰ ਕੇ ਭੱਜਣ ਦੀ ਬਜਾਇ ਉੱਥੇ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਇਆ ਕਿਉਂਕਿ ਅਸੀਂ ਨੇਕਦਿਲ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਸੀ। ਹਾਲਾਂਕਿ ਪਾਦਰੀਆਂ ਨੇ ਲੋਕਾਂ ਨੂੰ ਧਮਕੀ ਦਿੱਤੀ ਕਿ ਉਹ ਬਾਈਬਲ ਨਾ ਪੜ੍ਹਨ ਅਤੇ ਉਸ ਵੇਲੇ ਕੁਝ ਹੀ ਲੋਕਾਂ ਕੋਲ ਬਾਈਬਲ ਸੀ, ਫਿਰ ਵੀ ਲੋਕ ਸੱਚਾਈ ਦੇ ਪਿਆਸੇ ਸਨ। ਲੋਕ ਇਸ ਗੱਲ ਦੀ ਬਹੁਤ ਕਦਰ ਕਰਦੇ ਸਨ ਕਿ ਅਸੀਂ ਸਪੈਨਿਸ਼ ਭਾਸ਼ਾ ਸਿੱਖਣ ਲਈ ਕਿੰਨੀ ਮਿਹਨਤ ਕਰਦੇ ਸੀ ਤਾਂਕਿ ਅਸੀਂ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਯਹੋਵਾਹ ਅਤੇ ਉਸ ਦੀ ਨਵੀਂ ਦੁਨੀਆਂ ਦੇ ਵਾਅਦਿਆਂ ਬਾਰੇ ਸਿਖਾ ਸਕੀਏ।

ਸਾਡੀ ਗਿਲਿਅਡ ਕਲਾਸ ਵਿੱਚੋਂ ਸਾਨੂੰ ਪੰਜ ਜਣਿਆਂ ਨੂੰ ਐਲ ਸੈਲਵੇਡਾਰ ਭੇਜਿਆ ਗਿਆ। ਖੱਬੇ ਤੋਂ ਸੱਜੇ: ਐਵਲਿਨ ਟ੍ਰੈਬਰਟ, ਮਿਲੀ ਬ੍ਰਾਸਰ, ਲੀਓ ਮਹੱਨ, ਮੈਂ ਅਤੇ ਐਸਤਰ ਮਹੱਨ

ਸ਼ੁਰੂ-ਸ਼ੁਰੂ ਵਿਚ ਜਿਨ੍ਹਾਂ ਲੋਕਾਂ ਨਾਲ ਮੈਂ ਸਟੱਡੀ ਕੀਤੀ, ਉਨ੍ਹਾਂ ਵਿੱਚੋਂ ਇਕ ਸੀ ਰੋਜ਼ਾ ਅਸੈਨਸੀਓ। ਬਾਈਬਲ ਸਟੱਡੀ ਸ਼ੁਰੂ ਕਰਨ ਤੋਂ ਬਾਅਦ ਉਹ ਉਸ ਬੰਦੇ ਤੋਂ ਵੱਖਰੀ ਹੋ ਗਈ ਜਿਸ ਨਾਲ ਉਹ ਬਿਨਾਂ ਵਿਆਹੇ ਰਹਿੰਦੀ ਸੀ। ਫਿਰ ਉਹ ਆਦਮੀ ਵੀ ਸਟੱਡੀ ਕਰਨ ਲੱਗ ਪਿਆ। ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ, ਫਿਰ ਬਪਤਿਸਮਾ। ਉਹ ਦੋਵੇਂ ਬੜੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਨ ਲੱਗੇ। ਸਾਂਤਾ ਆਨਾ ਵਿਚ ਰੋਜ਼ਾ ਪਹਿਲੀ ਰੈਗੂਲਰ ਪਾਇਨੀਅਰ ਬਣੀ। *

ਰੋਜ਼ਾ ਦੀ ਆਪਣੀ ਕਰਿਆਨੇ ਦੀ ਇਕ ਛੋਟੀ ਜਿਹੀ ਦੁਕਾਨ ਸੀ। ਜਦ ਉਹ ਪ੍ਰਚਾਰ ਵਿਚ ਜਾਂਦੀ ਸੀ, ਤਾਂ ਆਪਣੀ ਦੁਕਾਨ ਬੰਦ ਕਰ ਦਿੰਦੀ ਸੀ। ਉਸ ਨੂੰ ਪੂਰਾ ਭਰੋਸਾ ਹੁੰਦਾ ਸੀ ਕਿ ਯਹੋਵਾਹ ਉਸ ਦੀ ਹਰ ਲੋੜ ਪੂਰੀ ਕਰੇਗਾ। ਜਦ ਉਹ ਕੁਝ ਹੀ ਘੰਟਿਆਂ ਬਾਅਦ ਦੁਬਾਰਾ ਦੁਕਾਨ ਖੋਲ੍ਹਦੀ ਸੀ, ਤਾਂ ਗਾਹਕਾਂ ਦੀ ਭੀੜ ਲੱਗ ਜਾਂਦੀ ਸੀ। ਉਸ ਨੇ ਮੱਤੀ 6:33 ਦੇ ਸ਼ਬਦਾਂ ਦੀ ਸੱਚਾਈ ਨੂੰ ਆਪਣੀ ਜ਼ਿੰਦਗੀ ਵਿਚ ਪੂਰੇ ਹੁੰਦੇ ਦੇਖਿਆ ਸੀ ਅਤੇ ਉਹ ਮਰਦੇ ਦਮ ਤਕ ਵਫ਼ਾਦਾਰ ਰਹੀ।

ਅਸੀਂ ਛੇ ਮਿਸ਼ਨਰੀਆਂ ਨੇ ਇਕ ਜਾਣੇ-ਮਾਣੇ ਬਿਜ਼ਨਿਸਮੈਨ ਤੋਂ ਇਕ ਘਰ ਕਿਰਾਏ ’ਤੇ ਲਿਆ। ਇਕ ਦਿਨ ਉਸ ਨੂੰ ਇਕ ਪਾਦਰੀ ਮਿਲਣ ਆਇਆ ਅਤੇ ਉਸ ਨੇ ਧਮਕੀ ਦਿੱਤੀ ਕਿ ਜੇ ਉਸ ਨੇ ਸਾਨੂੰ ਘਰੋਂ ਨਹੀਂ ਕੱਢਿਆ, ਤਾਂ ਉਸ ਨੂੰ ਤੇ ਉਸ ਦੀ ਪਤਨੀ ਨੂੰ ਚਰਚ ਤੋਂ ਕੱਢ ਦਿੱਤਾ ਜਾਵੇਗਾ। ਉਹ ਆਦਮੀ ਪਾਦਰੀ ਤੋਂ ਜ਼ਰਾ ਵੀ ਨਹੀਂ ਡਰਿਆ ਅਤੇ ਉਸ ਨੇ ਕਿਹਾ ਕਿ ਉਸ ਨੂੰ ਚਰਚ ਤੋਂ ਕੱਢੇ ਜਾਣ ਦਾ ਰਤਾ ਵੀ ਅਫ਼ਸੋਸ ਨਹੀਂ ਹੋਵੇਗਾ। ਉਹ ਪਹਿਲਾਂ ਹੀ ਪਾਦਰੀਆਂ ਦੇ ਗੰਦੇ ਕੰਮਾਂ ਤੋਂ ਨਫ਼ਰਤ ਕਰਦਾ ਸੀ। ਬਿਜ਼ਨਿਸਮੈਨ ਨੇ ਸਾਨੂੰ ਯਕੀਨ ਦਿਵਾਇਆ ਕਿ ਅਸੀਂ ਜਿੰਨਾ ਚਿਰ ਚਾਹੀਏ, ਉੱਨਾ ਚਿਰ ਉਸ ਘਰ ਵਿਚ ਰਹਿ ਸਕਦੇ ਸੀ।

ਇਕ ਇੱਜ਼ਤਦਾਰ ਆਦਮੀ ਯਹੋਵਾਹ ਦਾ ਗਵਾਹ ਬਣਿਆ

1955 ਵਿਚ ਬ੍ਰਾਂਚ ਆਫ਼ਿਸ ਬਣਿਆ

ਐਲ ਸੈਲਵੇਡਾਰ ਦੀ ਰਾਜਧਾਨੀ ਸਾਨ ਸੈਲਵੇਡਾਰ ਵਿਚ ਇਕ ਮਿਸ਼ਨਰੀ ਭੈਣ ਇਕ ਬਾਲਟਾਜ਼ਾਰ ਪਰਲਾ ਨਾਂ ਦੇ ਇੰਜੀਨੀਅਰ ਦੀ  ਪਤਨੀ ਨਾਲ ਸਟੱਡੀ ਕਰ ਰਹੀ ਸੀ। ਧਾਰਮਿਕ ਆਗੂਆਂ ਦਾ ਪਖੰਡ ਦੇਖ ਕੇ ਇਸ ਨੇਕਦਿਲ ਆਦਮੀ ਦਾ ਰੱਬ ਤੋਂ ਵਿਸ਼ਵਾਸ ਉੱਠ ਗਿਆ ਸੀ। ਹਾਲਾਂਕਿ ਬਾਲਟਾਜ਼ਾਰ ਸੱਚਾਈ ਵਿਚ ਨਹੀਂ ਸੀ, ਪਰ ਜਦ ਬ੍ਰਾਂਚ ਆਫ਼ਿਸ ਬਣਾਉਣ ਦੀ ਗੱਲ ਆਈ, ਤਾਂ ਉਹ ਬਿਨਾਂ ਕੋਈ ਪੈਸਾ ਲਏ ਬਿਲਡਿੰਗ ਦਾ ਡੀਜ਼ਾਈਨ ਤਿਆਰ ਕਰਨ ਅਤੇ ਉਸਾਰੀ ਦੇ ਕੰਮ ਵਿਚ ਮਦਦ ਦੇਣ ਲਈ ਰਾਜ਼ੀ ਹੋ ਗਿਆ।

ਉਸਾਰੀ ਦੇ ਕੰਮ ਵਿਚ ਯਹੋਵਾਹ ਦੇ ਗਵਾਹਾਂ ਨਾਲ ਕੰਮ ਕਰ ਕੇ ਬਾਲਟਾਜ਼ਾਰ ਨੂੰ ਯਕੀਨ ਹੋ ਗਿਆ ਕਿ ਇਹੀ ਸੱਚਾ ਧਰਮ ਹੈ। ਉਸ ਨੇ 22 ਜੁਲਾਈ 1955 ਨੂੰ ਬਪਤਿਸਮਾ ਲੈ ਲਿਆ ਅਤੇ ਇਸ ਤੋਂ ਬਾਅਦ ਛੇਤੀ ਹੀ ਉਸ ਦੀ ਪਤਨੀ ਪੌਲੀਨਾ ਦਾ ਵੀ ਬਪਤਿਸਮਾ ਹੋ ਗਿਆ। ਉਨ੍ਹਾਂ ਦੇ ਦੋਵੇਂ ਬੱਚੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦਾ ਬੇਟਾ ਬਾਲਟਾਜ਼ਾਰ ਜੂਨੀਅਰ 49 ਸਾਲਾਂ ਤੋਂ ਬਰੁਕਲਿਨ ਬੈਥਲ ਵਿਚ ਸੇਵਾ ਕਰ ਰਿਹਾ ਹੈ। ਇੱਥੇ ਉਹ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਕੰਮ ਵਿਚ ਮਦਦ ਦਿੰਦਾ ਹੈ ਅਤੇ ਹੁਣ ਉਹ ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰ ਰਿਹਾ ਹੈ। *

ਜਦ ਸਾਨ ਸੈਲਵੇਡਾਰ ਵਿਚ ਸੰਮੇਲਨ ਹੋਣੇ ਸ਼ੁਰੂ ਹੋਏ, ਤਾਂ ਭਰਾ ਪਰਲਾ ਨੇ ਸਾਨੂੰ ਇਕ ਵੱਡਾ ਜਿਮਨੇਜ਼ੀਅਮ ਕਿਰਾਏ ’ਤੇ ਲੈਣ ਵਿਚ ਮਦਦ ਕੀਤੀ। ਸ਼ੁਰੂ-ਸ਼ੁਰੂ ਦੇ ਸੰਮੇਲਨਾਂ ਵਿਚ ਜਿਮਨੇਜ਼ੀਅਮ ਦੀਆਂ ਸਾਰੀਆਂ ਸੀਟਾਂ ਨਹੀਂ ਭਰਦੀਆਂ ਸਨ। ਪਰ ਫਿਰ ਹਰ ਸਾਲ ਹੋਰ ਜ਼ਿਆਦਾ ਲੋਕ ਆਉਣ ਨਾਲ ਸਾਰੀਆਂ ਸੀਟਾਂ ਭਰਨ ਲੱਗੀਆਂ ਅਤੇ ਇਕ ਦਿਨ ਇਹ ਜਗ੍ਹਾ ਛੋਟੀ ਪੈ ਗਈ। ਇਹ ਦੇਖ ਕੇ ਸਾਨੂੰ ਯਕੀਨ ਹੋ ਗਿਆ ਕਿ ਇਹ ਸਭ ਕੁਝ ਯਹੋਵਾਹ ਦੀ ਮਿਹਰ ਸਦਕਾ ਹੀ ਹੋ ਰਿਹਾ ਸੀ! ਇਨ੍ਹਾਂ ਸੰਮੇਲਨਾਂ ਵਿਚ ਮੈਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਦੁਬਾਰਾ ਮਿਲਦੀ ਸੀ ਜਿਨ੍ਹਾਂ ਨੂੰ ਮੈਂ ਸਟੱਡੀ ਕਰਾਈ ਸੀ। ਨਾਲੇ ਮੈਂ ਆਪਣੀਆਂ ਬਾਈਬਲ ਸਟੱਡੀਆਂ ਦੇ ਸਟੂਡੈਂਟਾਂ ਨੂੰ ਬਪਤਿਸਮਾ ਲੈਂਦਿਆਂ ਦੇਖ ਕੇ ਬੇਹੱਦ ਖ਼ੁਸ਼ ਹੋਈ। ਮੈਨੂੰ ਲੱਗਾ ਕਿ ਇਹੀ ਮੇਰੇ “ਦੋਹਤੇ-ਪੋਤੇ” ਸਨ!

ਇਕ ਸੰਮੇਲਨ ਵਿਚ ਭਰਾ ਫ਼ਰਾਂਜ਼ ਮਿਸ਼ਨਰੀਆਂ ਨਾਲ ਗੱਲ ਕਰਦੇ ਹੋਏ

ਇਕ ਅਸੈਂਬਲੀ ਵਿਚ ਇਕ ਭਰਾ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਉਹ ਮੇਰੇ ਤੋਂ ਮਾਫ਼ੀ ਮੰਗਣੀ ਚਾਹੁੰਦਾ ਸੀ। ਉਸ ਦੀ ਗੱਲ ਸੁਣ ਕੇ ਮੈਨੂੰ ਹੈਰਾਨੀ ਹੋਈ ਕਿਉਂਕਿ ਮੈਂ ਉਸ ਨੂੰ ਪਛਾਣਿਆ ਨਹੀਂ। ਉਸ ਨੇ ਕਿਹਾ: “ਸਾਂਤਾ ਆਨਾ ਵਿਚ ਜਿਨ੍ਹਾਂ ਮੁੰਡਿਆਂ ਨੇ ਤੁਹਾਡੇ ’ਤੇ ਪੱਥਰ ਸੁੱਟੇ ਸਨ, ਮੈਂ ਵੀ ਉਨ੍ਹਾਂ ਵਿਚ ਸੀ।” ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਉਹ ਹੁਣ ਮੇਰੇ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਸੀ। ਇਸ ਤਜਰਬੇ ਤੋਂ ਮੈਨੂੰ ਯਕੀਨ ਹੋ ਗਿਆ ਕਿ ਯਹੋਵਾਹ ਦੀ ਪੂਰੇ ਸਮੇਂ ਦੀ ਸੇਵਾ ਕਰਨੀ ਹੀ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ!

ਐਲ ਸੈਲਵੇਡਾਰ ਵਿਚ ਸਾਡੀ ਪਹਿਲੀ ਸਰਕਟ ਅਸੈਂਬਲੀ

ਸਹੀ ਫ਼ੈਸਲੇ

ਮੈਂ ਤਕਰੀਬਨ 29 ਸਾਲਾਂ ਤਕ ਐਲ ਸੈਲਵੇਡਾਰ ਵਿਚ ਇਕ ਮਿਸ਼ਨਰੀ ਵਜੋਂ ਸੇਵਾ ਕੀਤੀ। ਪਹਿਲਾਂ ਮੈਂ ਸਾਂਤਾ ਆਨਾ ਸ਼ਹਿਰ ਤੇ ਫਿਰ ਸਨਸੋਨਾਤੇ, ਇਸ ਤੋਂ ਬਾਅਦ ਸਾਂਤਾ ਟੇਕਲਾ ਅਤੇ ਆਖ਼ਰ ਵਿਚ  ਸਾਨ ਸੈਲਵੇਡਾਰ ਵਿਚ ਸੇਵਾ ਕੀਤੀ। ਮੇਰੇ ਬਜ਼ੁਰਗ ਮੰਮੀ-ਡੈਡੀ ਜੀ ਨੂੰ ਮੇਰੀ ਮਦਦ ਦੀ ਲੋੜ ਸੀ। ਇਸ ਲਈ ਸਾਲ 1975 ਵਿਚ ਪ੍ਰਾਰਥਨਾ ਅਤੇ ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਮੈਂ ਆਪਣੀ ਮਿਸ਼ਨਰੀ ਸੇਵਾ ਛੱਡਣ ਦਾ ਫ਼ੈਸਲਾ ਕੀਤਾ ਅਤੇ ਫਿਰ ਉਨ੍ਹਾਂ ਕੋਲ ਸਪੋਕੇਨ ਵਾਪਸ ਚਲੀ ਗਈ।

ਮੇਰੇ ਡੈਡੀ ਜੀ ਦੇ 1979 ਵਿਚ ਗੁਜ਼ਰ ਜਾਣ ਤੋਂ ਬਾਅਦ ਮੈਂ ਮੰਮੀ ਜੀ ਦੀ ਦੇਖ-ਭਾਲ ਕੀਤੀ ਜੋ ਹੌਲੀ-ਹੌਲੀ ਕਮਜ਼ੋਰ ਹੋ ਕੇ ਤੁਰਨੋਂ-ਫਿਰਨੋਂ ਰਹਿ ਗਏ ਸਨ। ਉਹ ਡੈਡੀ ਜੀ ਦੇ ਪੂਰੇ ਹੋਣ ਤੋਂ ਬਾਅਦ ਅੱਠ ਸਾਲ ਜੀਉਂਦੇ ਰਹੇ ਅਤੇ 94 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਸ ਔਖੇ ਸਮੇਂ ਦੌਰਾਨ ਮੇਰਾ ਮਨ ਤੇ ਸਰੀਰ ਬਿਲਕੁਲ ਥੱਕ ਚੁੱਕਾ ਸੀ ਜਿਸ ਕਾਰਨ ਮੈਨੂੰ ਸ਼ਿੰਗਲਜ਼ (ਚਮੜੀ ਦਾ ਦਰਦਨਾਕ ਇਨਫ਼ੈਕਸ਼ਨ) ਹੋ ਗਿਆ। ਪਰ ਯਹੋਵਾਹ ਦੀਆਂ ਬਾਹਾਂ ਦੇ ਸਹਾਰੇ ਅਤੇ ਪ੍ਰਾਰਥਨਾ ਦੀ ਮਦਦ ਨਾਲ ਮੈਂ ਉਨ੍ਹਾਂ ਦੁੱਖ ਦੀਆਂ ਘੜੀਆਂ ਨੂੰ ਸਹਿ ਸਕੀ। ਯਹੋਵਾਹ ਨੇ ਮੇਰੇ ਨਾਲ ਆਪਣਾ ਇਹ ਵਾਅਦਾ ਨਿਭਾਇਆ ਹੈ: ‘ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ ਤੇ ਛੁਡਾਵਾਂਗਾ।’ਯਸਾ. 46:4.

ਸਾਲ 1990 ਵਿਚ ਮੈਂ ਵਾਸ਼ਿੰਗਟਨ ਰਾਜ ਦੇ ਓਮੈਕ ਸ਼ਹਿਰ ਚਲੀ ਗਈ ਜਿੱਥੇ ਮੈਂ ਸਪੈਨਿਸ਼ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਮਦਦ ਕਰ ਸਕਦੀ ਸੀ। ਮੇਰੇ ਕਈ ਬਾਈਬਲ ਸਟੂਡੈਂਟਾਂ ਨੇ ਬਪਤਿਸਮਾ ਲਿਆ। ਫਿਰ ਮੇਰੇ ਲਈ ਓਮੈਕ ਵਿਚ ਆਪਣੇ ਘਰ ਦੀ ਦੇਖ-ਭਾਲ ਕਰਨੀ ਮੁਸ਼ਕਲ ਹੋ ਗਈ ਜਿਸ ਕਾਰਨ ਮੈਂ ਨਵੰਬਰ 2007 ਵਿਚ ਨੇੜੇ ਦੇ ਸ਼ਲੈਨ ਨਾਂ ਦੇ ਕਸਬੇ ਦੇ ਇਕ ਅਪਾਟਰਮੈਂਟ ਵਿਚ ਰਹਿਣ ਲੱਗੀ। ਇੱਥੇ ਦੀ ਸਪੈਨਿਸ਼ ਮੰਡਲੀ ਦੇ ਭੈਣ-ਭਰਾ ਮੇਰੀ ਚੰਗੀ ਤਰ੍ਹਾਂ ਦੇਖ-ਭਾਲ ਕਰਦੇ ਹਨ ਜਿਸ ਦੇ ਲਈ ਮੈਂ ਉਨ੍ਹਾਂ ਦੀ ਬੜੀ ਸ਼ੁਕਰਗੁਜ਼ਾਰ ਹਾਂ। ਮੰਡਲੀ ਵਿਚ ਸਿਰਫ਼ ਮੈਂ ਹੀ ਇੱਕੋ-ਇਕ ਬਜ਼ੁਰਗ ਭੈਣ ਹਾਂ, ਇਸ ਕਰਕੇ ਸਾਰੇ ਭੈਣ-ਭਰਾ ਮੈਨੂੰ ਬੀਬੀ ਕਹਿ ਕੇ ਬੁਲਾਉਂਦੇ ਹਨ।

ਮੈਂ ਕੁਆਰੀ ਰਹਿਣ ਦਾ ਫ਼ੈਸਲਾ ਲਿਆ ਤਾਂਕਿ ਮੈਂ ਪ੍ਰਚਾਰ ਦੇ ਕੰਮ ’ਤੇ ਆਪਣਾ ‘ਪੂਰਾ ਧਿਆਨ ਲਾ’ ਸਕਾਂ, ਫਿਰ ਵੀ ਸੱਚਾਈ ਵਿਚ ਮੇਰੇ ਕਈ ਬੱਚੇ ਹਨ। (1 ਕੁਰਿੰ. 7:34, 35) ਮੇਰਾ ਮੰਨਣਾ ਹੈ ਕਿ ਇਸ ਦੁਨੀਆਂ ਵਿਚ ਅਸੀਂ ਸਾਰੀਆਂ ਚੀਜ਼ਾਂ ਹਾਸਲ ਨਹੀਂ ਕਰ ਸਕਦੇ। ਮੈਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਹਮੇਸ਼ਾ ਪਹਿਲ ਦਿੱਤੀ ਹੈ ਅਤੇ ਉਸ ਦੀ ਪੂਰੇ ਦਿਲ ਨਾਲ ਸੇਵਾ ਕੀਤੀ ਹੈ। ਨਵੀਂ ਦੁਨੀਆਂ ਵਿਚ ਹੋਰ ਕੰਮਾਂ ਦਾ ਮਜ਼ਾ ਲੈਣ ਲਈ ਬਥੇਰਾ ਸਮਾਂ ਹੋਵੇਗਾ। ਮੇਰੀ ਮਨਪਸੰਦ ਆਇਤ ਜ਼ਬੂਰਾਂ ਦੀ ਪੋਥੀ 145:16 ਹੈ ਜਿਸ ਵਿਚ ਲਿਖਿਆ ਹੈ ਕਿ ਯਹੋਵਾਹ “ਸਾਰੇ ਜੀਆਂ ਦੀ ਇੱਛਿਆ ਪੂਰੀ” ਕਰੇਗਾ।

ਪਾਇਨੀਅਰਿੰਗ ਕਾਰਨ ਮੈਂ ਖ਼ੁਦ ਨੂੰ ਜਵਾਨ ਮਹਿਸੂਸ ਕਰਦੀ ਹਾਂ

ਅੱਜ ਮੈਂ 91 ਸਾਲਾਂ ਦੀ ਹਾਂ ਅਤੇ ਮੇਰੀ ਸਿਹਤ ਠੀਕ-ਠਾਕ ਹੈ ਜਿਸ ਕਾਰਨ ਮੈਂ ਪਾਇਨੀਅਰ ਵਜੋਂ ਸੇਵਾ ਜਾਰੀ ਰੱਖ ਸਕੀ ਹਾਂ। ਪਾਇਨੀਅਰਿੰਗ ਕਾਰਨ ਮੈਂ ਅਜੇ ਵੀ ਖ਼ੁਦ ਨੂੰ ਜਵਾਨ ਮਹਿਸੂਸ ਕਰਦੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦਾ ਮਕਸਦ ਹੈ। ਜਦ ਮੈਂ ਪਹਿਲਾਂ ਐਲ ਸੈਲਵੇਡਾਰ ਗਈ ਸੀ, ਤਾਂ ਉਦੋਂ ਉੱਥੇ ਪ੍ਰਚਾਰ ਦਾ ਕੰਮ ਅਜੇ ਸ਼ੁਰੂ ਹੀ ਹੋਇਆ ਸੀ। ਸ਼ੈਤਾਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਉਸ ਦੇਸ਼ ਵਿਚ 39,000 ਤੋਂ ਜ਼ਿਆਦਾ ਪਬਲੀਸ਼ਰ ਹਨ। ਵਾਕਈ ਇਸ ਗੱਲ ਨੇ ਮੇਰੀ ਨਿਹਚਾ ਨੂੰ ਤਕੜਾ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਹੀ ਉਸ ਦੇ ਲੋਕਾਂ ਦੀ ਮਿਹਨਤ ’ਤੇ ਬਰਕਤ ਪਾਉਂਦੀ ਹੈ!

^ ਪੇਰਗ੍ਰੈਫ 4 1981 ਦੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ) ਦੇ ਸਫ਼ੇ 45-46 ਦੇਖੋ।

^ ਪੇਰਗ੍ਰੈਫ 19 1981 ਦੀ ਯੀਅਰ ਬੁੱਕ (ਅੰਗ੍ਰੇਜ਼ੀ) ਦੇ ਸਫ਼ੇ 41-42.

^ ਪੇਰਗ੍ਰੈਫ 24 1981 ਦੀ ਯੀਅਰ ਬੁੱਕ (ਅੰਗ੍ਰੇਜ਼ੀ) ਦੇ ਸਫ਼ੇ 66-67, 74-75.