Skip to content

Skip to table of contents

ਜੀਵਨੀ

ਪਹਿਲੇ ਪਿਆਰ ਨੂੰ ਚੇਤੇ ਰੱਖ ਕੇ ਮੈਨੂੰ ਸਹਿਣ ਦੀ ਤਾਕਤ ਮਿਲੀ

ਪਹਿਲੇ ਪਿਆਰ ਨੂੰ ਚੇਤੇ ਰੱਖ ਕੇ ਮੈਨੂੰ ਸਹਿਣ ਦੀ ਤਾਕਤ ਮਿਲੀ

1970 ਵਿਚ ਗਰਮੀਆਂ ਦੀ ਗੱਲ ਹੈ। ਮੈਂ ਪੈਨਸਿਲਵੇਨੀਆ, ਅਮਰੀਕਾ ਦੇ ਫੀਨੀਕਸਵਿਲ ਵੈਲੀ ਫੋਰਜ ਜਨਰਲ ਹਸਪਤਾਲ ਵਿਚ ਪਿਆ ਹੋਇਆ ਸੀ। ਉੱਥੇ ਮੇਰੀ ਦੇਖ-ਭਾਲ ਕਰ ਰਿਹਾ ਆਦਮੀ ਅੱਧੇ-ਅੱਧੇ ਘੰਟੇ ਬਾਅਦ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰ ਰਿਹਾ ਸੀ। ਮੈਂ 20 ਸਾਲਾਂ ਦਾ ਫ਼ੌਜੀ ਛੂਤ ਦੀ ਗੰਭੀਰ ਬੀਮਾਰੀ ਤੋਂ ਪੀੜਿਤ ਸੀ। ਉਹ ਆਦਮੀ ਮੇਰੇ ਤੋਂ ਕੁਝ ਸਾਲ ਵੱਡਾ ਸੀ ਤੇ ਬਹੁਤ ਘਬਰਾਇਆ ਹੋਇਆ ਲੱਗਦਾ ਸੀ। ਮੇਰਾ ਬਲੱਡ ਪ੍ਰੈਸ਼ਰ ਘਟਦਾ ਜਾ ਰਿਹਾ ਸੀ ਤੇ ਮੈਂ ਉਸ ਨੂੰ ਕਿਹਾ: “ਲੱਗਦਾ ਕਿ ਤੂੰ ਪਹਿਲਾਂ ਕਦੀ ਕਿਸੇ ਨੂੰ ਮਰਦਾ ਨਹੀਂ ਦੇਖਿਆ, ਹੈ ਨਾ?” ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਉਸ ਨੇ ਕਿਹਾ, “ਨਹੀਂ।”

ਉਸ ਵੇਲੇ ਮੈਨੂੰ ਲੱਗਦਾ ਸੀ ਕਿ ਮੈਂ ਚੰਦ ਦਿਨਾਂ ਦਾ ਮਹਿਮਾਨ ਹਾਂ। ਪਰ ਮੈਂ ਹਸਪਤਾਲ ਵਿਚ ਕਿਵੇਂ ਪਹੁੰਚਿਆ? ਆਓ ਮੈਂ ਤੁਹਾਨੂੰ ਆਪਣੀ ਥੋੜ੍ਹੀ ਜਿਹੀ ਕਹਾਣੀ ਦੱਸਦਾ ਹਾਂ।

ਲੜਾਈ ਨਾਲ ਮੇਰਾ ਵਾਹ

ਜਦੋਂ ਵੀਅਤਨਾਮ ਵਿਚ ਲੜਾਈ ਲੱਗੀ ਹੋਈ ਸੀ, ਉਸ ਵੇਲੇ ਮੈਂ ਉੱਥੇ ਓਪਰੇਸ਼ਨ ਰੂਮ ਵਿਚ ਟੈਕਨੀਸ਼ੀਅਨ ਦਾ ਕੰਮ ਕਰਦਾ ਸੀ ਤੇ ਮੈਂ ਬੀਮਾਰ ਹੋ ਗਿਆ। ਮੈਂ ਉੱਥੇ ਖ਼ੁਸ਼ੀ-ਖ਼ੁਸ਼ੀ ਬੀਮਾਰਾਂ ਤੇ ਜ਼ਖ਼ਮੀਆਂ ਦੀ ਮਦਦ ਕਰਦਾ ਸੀ ਅਤੇ ਸਰਜਨ ਬਣਨਾ ਚਾਹੁੰਦਾ ਸੀ। ਮੈਂ ਜੁਲਾਈ 1969 ਵਿਚ ਵੀਅਤਨਾਮ ਗਿਆ ਸੀ। ਉੱਥੇ ਆਉਣ ਵਾਲੇ ਨਵੇਂ ਫ਼ੌਜੀਆਂ ਵਾਂਗ ਮੈਨੂੰ ਵੀ ਇਕ ਹਫ਼ਤੇ ਲਈ ਸਾਰੇ ਵਿਭਾਗਾਂ ਨਾਲ ਜਾਣੂ ਕਰਾਇਆ ਗਿਆ ਤੇ ਇਸ ਹਫ਼ਤੇ ਦੌਰਾਨ ਮੈਨੂੰ ਉੱਥੋਂ ਦੇ ਸਮੇਂ ਅਤੇ ਗਰਮ ਮੌਸਮ ਮੁਤਾਬਕ ਢਲ਼ਣ ਵਿਚ ਮਦਦ ਮਿਲੀ।

ਡੋਂਗਟਮ, ਮੇਕਾਂਗ, ਵੀਅਤਨਾਮ ਵਿਚ ਅਮਰੀਕੀ ਫ਼ੌਜੀਆਂ ਦਾ ਸਰਜਰੀ ਹਸਪਤਾਲ ਸੀ। ਹਸਪਤਾਲ ਵਿਚ ਮੈਂ ਕੰਮ ਕਰਨ ਲਈ ਪਹੁੰਚਿਆ ਹੀ ਸੀ ਕਿ ਜ਼ਖ਼ਮੀਆਂ ਤੇ ਲਾਸ਼ਾਂ ਨਾਲ ਭਰੇ ਕਿੰਨੇ ਹੀ ਹੈਲੀਕਾਪਟਰ ਆ ਪਹੁੰਚੇ। ਮੈਂ ਪੱਕਾ ਦੇਸ਼-ਭਗਤ ਸੀ ਤੇ ਮੈਨੂੰ ਕੰਮ ਕਰਨ ਦਾ ਬਹੁਤ ਸ਼ੌਂਕ ਸੀ, ਇਸ ਲਈ ਮੈਂ ਫਟਾਫਟ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ। ਜ਼ਖ਼ਮੀਆਂ ਨੂੰ ਓਪਰੇਸ਼ਨ ਲਈ ਤਿਆਰ ਕਰ ਕੇ ਫਟਾਫਟ ਓਪਰੇਸ਼ਨ ਥੀਏਟਰ ਵਿਚ ਲਿਜਾਇਆ ਗਿਆ ਜੋ ਲੋਹੇ ਦਾ ਬਣਿਆ ਇਕ ਕਮਰਾ ਸੀ। ਏ. ਸੀ. ਵਾਲੇ ਇਸ ਛੋਟੇ ਜਿਹੇ ਕਮਰੇ ਵਿਚ ਇਕ ਸਰਜਨ, ਐਨਸਥੀਸੀਆ ਦੇਣ ਵਾਲਾ ਡਾਕਟਰ ਅਤੇ ਨਰਸਾਂ ਵਜੋਂ ਕੰਮ ਕਰਨ ਵਾਲੇ ਦੋ ਆਦਮੀ ਸਨ ਜੋ ਫ਼ੌਜੀਆਂ ਦੀਆਂ ਜਾਨਾਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਸਨ। ਮੈਂ ਦੇਖਿਆ ਕਿ ਕੁਝ ਵੱਡੇ-ਵੱਡੇ ਕਾਲੇ ਬੈਗਾਂ ਨੂੰ ਹੈਲੀਕਾਪਟਰਾਂ ਤੋਂ ਲਾਹਿਆ ਨਹੀਂ ਗਿਆ। ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਉਨ੍ਹਾਂ ਬੈਗਾਂ ਵਿਚ ਬੰਬਾਂ ਨਾਲ ਉਡਾਏ ਗਏ ਫ਼ੌਜੀਆਂ ਦੇ ਸਰੀਰਾਂ ਦੇ ਟੁਕੜੇ ਸਨ। ਇਸ ਤਰ੍ਹਾਂ ਲੜਾਈ ਨਾਲ ਮੇਰਾ ਵਾਹ ਪਿਆ।

ਰੱਬ ਦੀ ਤਲਾਸ਼

ਜਵਾਨੀ ਵਿਚ ਮੈਨੂੰ ਯਹੋਵਾਹ ਦੇ ਗਵਾਹਾਂ ਵੱਲੋਂ ਸਿਖਾਈ ਜਾਂਦੀ ਸੱਚਾਈ ਬਾਰੇ ਮਾੜਾ-ਮੋਟਾ ਪਤਾ ਲੱਗਾ ਸੀ

ਜਵਾਨੀ ਵਿਚ ਮੈਨੂੰ ਯਹੋਵਾਹ ਦੇ ਗਵਾਹਾਂ ਵੱਲੋਂ ਸਿਖਾਈ ਜਾਂਦੀ ਸੱਚਾਈ ਬਾਰੇ ਮਾੜਾ-ਮੋਟਾ ਪਤਾ ਲੱਗਾ ਸੀ। ਕਿਵੇਂ? ਉਸ ਵੇਲੇ ਮੇਰੇ ਮਾਤਾ ਜੀ ਗਵਾਹਾਂ ਨਾਲ ਸਟੱਡੀ ਕਰਦੇ ਸਨ, ਪਰ ਉਨ੍ਹਾਂ ਨੇ ਅੱਗੋਂ ਤਰੱਕੀ ਕਰ ਕੇ ਬਪਤਿਸਮਾ ਨਹੀਂ ਲਿਆ। ਜਦੋਂ ਮਾਤਾ ਜੀ ਸਟੱਡੀ ਕਰਦੇ ਸਨ, ਤਾਂ ਮੈਂ ਉਨ੍ਹਾਂ ਦੇ ਨਾਲ ਬੈਠ ਕੇ ਸਟੱਡੀ ਦਾ ਮਜ਼ਾ ਲੈਂਦਾ ਸੀ। ਉਨ੍ਹਾਂ ਦਿਨਾਂ ਵਿਚ ਇਕ ਵਾਰ ਮੈਂ ਆਪਣੇ ਮਤਰੇਏ ਪਿਤਾ ਨਾਲ ਕਿੰਗਡਮ ਹਾਲ ਦੇ ਕੋਲੋਂ ਦੀ ਲੰਘ ਰਿਹਾ ਸੀ। ਮੈਂ ਉਨ੍ਹਾਂ ਨੂੰ ਪੁੱਛਿਆ, “ਉਹ ਕੀ ਹੈ?” ਉਨ੍ਹਾਂ ਨੇ ਕਿਹਾ, “ਖ਼ਬਰਦਾਰ ਜੇ ਉਨ੍ਹਾਂ ਲੋਕਾਂ ਦੇ ਨੇੜੇ ਗਿਆ!” ਮੈਂ ਆਪਣੇ ਮਤਰੇਏ ਪਿਤਾ ਜੀ ਨੂੰ ਬਹੁਤ ਪਿਆਰ ਕਰਦਾ ਸੀ, ਇਸ ਲਈ ਮੈਂ ਉਨ੍ਹਾਂ ਦੀ ਸਲਾਹ ਪੱਲੇ ਬੰਨ੍ਹ ਲਈ। ਉਸ ਤੋਂ ਬਾਅਦ ਮੈਂ ਯਹੋਵਾਹ ਦੇ ਗਵਾਹਾਂ ਨੂੰ ਨਹੀਂ ਮਿਲਿਆ।

ਵੀਅਤਨਾਮ ਤੋਂ ਵਾਪਸ ਅਮਰੀਕਾ ਜਾ ਕੇ ਮੈਨੂੰ ਲੱਗਾ ਕਿ ਰੱਬ ਤੋਂ ਬਿਨਾਂ ਮੇਰੀ ਜ਼ਿੰਦਗੀ ਸੱਖਣੀ ਸੀ। ਦਰਦ ਭਰੀਆਂ ਯਾਦਾਂ ਕਰਕੇ ਮੈਂ ਅੰਦਰੋਂ ਸੁੰਨ ਹੋ ਚੁੱਕਾ ਸੀ। ਲੱਗਦਾ ਸੀ ਕਿ ਕੋਈ ਵੀ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ ਕਿ ਵੀਅਤਨਾਮ ਵਿਚ ਕੀ ਹੋ ਰਿਹਾ ਸੀ। ਮੈਨੂੰ ਯਾਦ ਹੈ ਕਿ ਪ੍ਰਦਰਸ਼ਨਕਾਰੀ ਅਮਰੀਕੀ ਫ਼ੌਜੀਆਂ ਨੂੰ ਬੱਚਿਆਂ ਦੇ ਕਾਤਲ ਕਹਿੰਦੇ ਸਨ ਕਿਉਂਕਿ ਉਨ੍ਹਾਂ ਨੇ ਖ਼ਬਰਾਂ ਸੁਣੀਆਂ ਸਨ ਕਿ ਲੜਾਈ ਵਿਚ ਮਾਸੂਮ ਬੱਚਿਆਂ ਨੂੰ ਮਾਰਿਆ ਜਾ ਰਿਹਾ ਸੀ।

ਰੱਬ ਨੂੰ ਪਾਉਣ ਦੀ ਆਪਣੀ ਭੁੱਖ ਸ਼ਾਂਤ ਕਰਨ ਲਈ ਮੈਂ ਵੱਖੋ-ਵੱਖਰੇ ਚਰਚਾਂ ਵਿਚ ਜਾਣ ਲੱਗ ਪਿਆ। ਮੈਂ ਸ਼ੁਰੂ ਤੋਂ ਰੱਬ ਨੂੰ ਬਹੁਤ ਪਿਆਰ ਕਰਦਾ ਸੀ, ਪਰ ਚਰਚਾਂ ਵਿਚ ਜੋ ਹੋ ਰਿਹਾ ਸੀ, ਉਹ ਮੈਨੂੰ ਚੰਗਾ ਨਹੀਂ ਲੱਗਾ। ਅਖ਼ੀਰ ਮੈਂ ਡੇਲਰੇ ਬੀਚ, ਫ਼ਲੋਰਿਡਾ ਵਿਚ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਗਿਆ। ਇਹ ਫਰਵਰੀ 1971 ਵਿਚ ਐਤਵਾਰ ਦਾ ਦਿਨ ਸੀ।

ਜਦੋਂ ਮੈਂ ਕਿੰਗਡਮ ਹਾਲ ਵਿਚ ਗਿਆ, ਤਾਂ ਪਬਲਿਕ ਭਾਸ਼ਣ ਖ਼ਤਮ ਹੋਣ ਵਾਲਾ ਸੀ। ਇਸ ਲਈ ਮੈਂ ਉੱਥੇ ਪਹਿਰਾਬੁਰਜ ਅਧਿਐਨ ਲਈ ਰੁਕ ਗਿਆ। ਮੈਨੂੰ ਇਹ ਤਾਂ ਯਾਦ ਨਹੀਂ ਕਿ ਉੱਥੇ ਕਿਸ ਵਿਸ਼ੇ ’ਤੇ ਗੱਲ ਹੋ ਰਹੀ ਸੀ, ਪਰ ਮੈਨੂੰ ਹਾਲੇ ਵੀ ਯਾਦ ਹੈ ਕਿ ਛੋਟੇ-ਛੋਟੇ ਬੱਚੇ ਆਪੋ-ਆਪਣੀ ਬਾਈਬਲ ਖੋਲ੍ਹ ਕੇ ਹਵਾਲੇ ਦੇਖ ਰਹੇ ਸਨ। ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ! ਮੈਂ ਚੁੱਪ-ਚਾਪ ਬੈਠ ਕੇ ਸੁਣਦਾ ਤੇ ਦੇਖਦਾ ਰਿਹਾ। ਜਦੋਂ ਮੈਂ ਕਿੰਗਡਮ ਹਾਲ ਤੋਂ ਜਾਣ ਹੀ ਲੱਗਾ ਸੀ, ਤਾਂ ਇਕ 80 ਕੁ ਸਾਲ ਦਾ ਭਰਾ ਮੇਰੇ ਕੋਲ ਆਇਆ। ਉਸ ਦਾ ਨਾਂ ਜਿਮ ਗਾਰਡਨਰ ਸੀ। ਉਸ ਦੇ ਹੱਥ ਵਿਚ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਨਾਂ ਦੀ ਕਿਤਾਬ ਸੀ। ਉਸ ਨੇ ਮੈਨੂੰ ਪੁੱਛਿਆ, “ਕੀ ਤੁਸੀਂ ਇਹ ਕਿਤਾਬ ਲਊਂਗੇ?” ਅਸੀਂ ਬਾਈਬਲ ਸਟੱਡੀ ਲਈ ਵੀਰਵਾਰ ਨੂੰ ਸਵੇਰ ਦਾ ਸਮਾਂ ਤੈਅ ਕਰ ਲਿਆ।

ਉਸ ਐਤਵਾਰ ਨੂੰ ਮੈਂ ਰਾਤ ਨੂੰ ਕੰਮ ਤੇ ਜਾਣਾ ਸੀ। ਮੈਂ ਬੋਕਾ ਰਾਟੋਨ, ਫ਼ਲੋਰਿਡਾ ਵਿਚ ਇਕ ਪ੍ਰਾਈਵੇਟ ਹਸਪਤਾਲ ਵਿਚ ਲੱਗਾ ਹੋਇਆ ਸੀ ਜਿੱਥੇ ਮੈਂ ਐਮਰਜੈਂਸੀ ਰੂਮ ਵਿਚ ਕੰਮ ਕਰਦਾ ਸੀ। ਮੈਂ ਰਾਤ ਨੂੰ 11 ਵਜੇ ਤੋਂ ਸਵੇਰ ਦੇ 7 ਵਜੇ ਤਕ ਕੰਮ ਕਰਦਾ ਸੀ। ਰਾਤ ਨੂੰ ਚਾਰੇ ਪਾਸੇ ਸੰਨਾਟਾ ਛਾਇਆ ਹੋਇਆ ਸੀ ਤੇ ਮੈਂ ਸੱਚ ਕਿਤਾਬ ਪੜ੍ਹਨ ਲੱਗ ਪਿਆ। ਇਕ ਸੀਨੀਅਰ ਨਰਸ ਮੇਰੇ ਕੋਲ ਆਈ ਤੇ ਉਸ ਨੇ ਮੇਰੇ ਹੱਥੋਂ ਕਿਤਾਬ ਖੋਹ ਲਈ। ਕਿਤਾਬ ਦਾ ਕਵਰ ਦੇਖ ਕੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ, “ਕੀ ਤੂੰ ਵੀ ਉਨ੍ਹਾਂ ਵਰਗਾ ਬਣਨ ਲੱਗਾ?” ਮੈਂ ਉਸ ਕੋਲੋਂ ਕਿਤਾਬ ਖੋਹ ਲਈ ਤੇ ਕਿਹਾ, “ਮੈਂ ਹਾਲੇ ਅੱਧੀ ਹੀ ਪੜ੍ਹੀ ਆ, ਪਰ ਲੱਗਦਾ ਤਾਂ ਇੱਦਾਂ ਹੀ ਆ ਕਿ ਮੈਂ ਉਨ੍ਹਾਂ ਵਰਗਾ ਬਣ ਜਾਵਾਂਗਾ!” ਉਹ ਮੇਰੇ ਕੋਲੋਂ ਚਲੀ ਗਈ ਤੇ ਮੈਂ ਰਾਤੋ-ਰਾਤ ਸਾਰੀ ਕਿਤਾਬ ਪੜ੍ਹ ਲਈ।

ਮੈਨੂੰ ਸਟੱਡੀ ਕਰਾਉਣ ਵਾਲਾ ਭਰਾ ਜਿਮ ਗਾਰਡਨਰ ਚੁਣਿਆ ਹੋਇਆ ਭਰਾ ਸੀ ਜੋ ਚਾਰਲਜ਼ ਟੀ. ਰਸਲ ਨੂੰ ਜਾਣਦਾ ਸੀ

ਜਦੋਂ ਮੈਂ ਭਰਾ ਗਾਰਡਨਰ ਤੋਂ ਬਾਈਬਲ ਸਟੱਡੀ ਕਰਨ ਲੱਗਾ ਸੀ, ਤਾਂ ਮੈਂ ਪੁੱਛਿਆ, “ਸੋ ਅੱਜ ਆਪਾਂ ਕੀ ਪੜ੍ਹਾਂਗੇ?” ਉਸ ਨੇ ਕਿਹਾ, “ਉਹੀ ਕਿਤਾਬ ਜੋ ਮੈਂ ਤੈਨੂੰ ਦਿੱਤੀ ਸੀ।” ਮੈਂ ਕਿਹਾ, “ਉਹ ਤਾਂ ਮੈਂ ਪੜ੍ਹ ਵੀ ਲਈ।” ਭਰਾ ਗਾਰਡਨਰ ਨੇ ਪਿਆਰ ਨਾਲ ਕਿਹਾ, “ਚੱਲ ਆਪਾਂ ਪਹਿਲਾ ਅਧਿਆਇ ਦੇਖਦੇ ਹਾਂ।” ਮੈਂ ਹੈਰਾਨ ਸੀ ਕਿ ਖ਼ੁਦ ਕਿਤਾਬ ਪੜ੍ਹਦੇ ਵੇਲੇ ਮੈਨੂੰ ਕਿੰਨੀਆਂ ਗੱਲਾਂ ਪਤਾ ਨਹੀਂ ਲੱਗੀਆਂ। ਉਸ ਨੇ ਮੈਨੂੰ ਮੇਰੀ ਕਿੰਗ ਜੇਮਜ਼ ਬਾਈਬਲ ਵਿੱਚੋਂ ਹਵਾਲੇ ਪੜ੍ਹਾਏ। ਹੁਣ ਮੈਂ ਸੱਚੇ ਪਰਮੇਸ਼ੁਰ ਯਹੋਵਾਹ ਬਾਰੇ ਸਿੱਖਣ ਲੱਗ ਪਿਆ। ਭਰਾ ਗਾਰਡਨਰ ਨੂੰ ਮੈਂ ਪਿਆਰ ਨਾਲ ਜਿਮ ਕਹਿੰਦਾ ਸੀ ਤੇ ਉਸ ਨੇ ਉਸ ਦਿਨ ਮੈਨੂੰ ਤਿੰਨ ਅਧਿਆਵਾਂ ਤੋਂ ਸਟੱਡੀ ਕਰਾਈ। ਉਸ ਤੋਂ ਬਾਅਦ ਹਰ ਵੀਰਵਾਰ ਸਵੇਰ ਨੂੰ ਅਸੀਂ ਤਿੰਨ-ਤਿੰਨ ਅਧਿਆਇ ਪੜ੍ਹਦੇ ਸਾਂ। ਸਟੱਡੀ ਕਰ ਕੇ ਮੈਨੂੰ ਬਹੁਤ ਮਜ਼ਾ ਆਉਂਦਾ ਸੀ। ਉਸ ਚੁਣੇ ਹੋਏ ਭਰਾ ਤੋਂ ਸਟੱਡੀ ਕਰਨੀ ਮੇਰੇ ਲਈ ਕਿੰਨੇ ਸਨਮਾਨ ਦੀ ਗੱਲ ਸੀ ਜੋ ਚਾਰਲਜ਼ ਟੀ. ਰਸਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ!

ਥੋੜ੍ਹੇ ਹਫ਼ਤਿਆਂ ਵਿਚ ਹੀ ਮੈਨੂੰ ਪਬਲੀਸ਼ਰ ਬਣਾ ਦਿੱਤਾ ਗਿਆ ਤਾਂਕਿ ਮੈਂ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਾਂ। ਜਿਮ ਨੇ ਮੇਰੀਆਂ ਹੋਰ ਮੁਸ਼ਕਲਾਂ ਦੇ ਨਾਲ-ਨਾਲ ਘਰ-ਘਰ ਪ੍ਰਚਾਰ ਕਰਨ ਦੀ ਚੁਣੌਤੀ ਨੂੰ ਵੀ ਦੂਰ ਕਰਨ ਵਿਚ ਮੇਰੀ ਮਦਦ ਕੀਤੀ। (ਰਸੂ. 20:20) ਮੈਂ ਤੇ ਜਿਮ ਪ੍ਰਚਾਰ ਵਿਚ ਇਕੱਠੇ ਜਾਂਦੇ ਸੀ ਤੇ ਫਿਰ ਮੈਨੂੰ ਪ੍ਰਚਾਰ ਕਰਨ ਵਿਚ ਮਜ਼ਾ ਆਉਣ ਲੱਗ ਪਿਆ। ਪ੍ਰਚਾਰ ਦਾ ਕੰਮ ਮੇਰੇ ਲਈ ਹਾਲੇ ਵੀ ਸਭ ਤੋਂ ਵੱਡਾ ਸਨਮਾਨ ਹੈ। ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ!—1 ਕੁਰਿੰ. 3:9.

ਯਹੋਵਾਹ ਮੇਰਾ ਪਹਿਲਾ ਪਿਆਰ

ਹੁਣ ਮੈਂ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਕਰਨੀ ਚਾਹੁੰਦਾ ਹਾਂ, ਉਹ ਹੈ ਮੇਰਾ ਪਹਿਲਾ ਪਿਆਰ ਯਹੋਵਾਹ। (ਪ੍ਰਕਾ. 2:4) ਯਹੋਵਾਹ ਨਾਲ ਪਿਆਰ ਹੋਣ ਕਰਕੇ ਮੈਂ ਲੜਾਈ ਦੇ ਸਮੇਂ ਦੀਆਂ ਦਰਦ ਭਰੀਆਂ ਯਾਦਾਂ ਨੂੰ ਭੁਲਾਉਣ ਦੇ ਨਾਲ-ਨਾਲ ਹੋਰ ਕਈ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਿਆ।—ਯਸਾ. 65:17.

ਯਹੋਵਾਹ ਨਾਲ ਪਿਆਰ ਹੋਣ ਕਰਕੇ ਮੈਂ ਲੜਾਈ ਦੇ ਸਮੇਂ ਦੀਆਂ ਦਰਦ ਭਰੀਆਂ ਯਾਦਾਂ ਨੂੰ ਭੁਲਾਉਣ ਦੇ ਨਾਲ-ਨਾਲ ਹੋਰ ਕਈ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਿਆ

ਮੇਰਾ ਬਪਤਿਸਮਾ ਜੁਲਾਈ 1971 ਨੂੰ ਯੈਂਕੀ ਸਟੇਡੀਅਮ ਵਿਚ ਹੋਏ “ਈਸ਼ਵਰੀ ਨਾਂ” ਸੰਮੇਲਨ ਵਿਚ ਹੋਇਆ

ਮੈਨੂੰ 1971 ਦੀ ਬਸੰਤ ਦਾ ਇਕ ਖ਼ਾਸ ਦਿਨ ਯਾਦ ਹੈ। ਉਸ ਵੇਲੇ ਥੋੜ੍ਹਾ ਹੀ ਚਿਰ ਹੋਇਆ ਸੀ ਜਦੋਂ ਮੈਨੂੰ ਉਸ ਘਰ ਵਿੱਚੋਂ ਕੱਢ ਦਿੱਤਾ ਗਿਆ ਜੋ ਮੇਰੇ ਮਾਪਿਆਂ ਨੇ ਮੈਨੂੰ ਰਹਿਣ ਲਈ ਦਿੱਤਾ ਸੀ। ਮੇਰਾ ਮਤਰੇਆ ਪਿਤਾ ਨਹੀਂ ਸੀ ਚਾਹੁੰਦਾ ਕਿ ਉਸ ਦੇ ਘਰ ਕੋਈ ਯਹੋਵਾਹ ਦਾ ਗਵਾਹ ਰਹੇ। ਉਸ ਵੇਲੇ ਮੇਰੇ ਕੋਲ ਕੋਈ ਵੀ ਪੈਸਾ ਨਹੀਂ ਸੀ। ਜਿਸ ਹਸਪਤਾਲ ਵਿਚ ਮੈਂ ਕੰਮ ਕਰਦਾ ਸੀ, ਉਹ ਹਰ ਦੋ ਹਫ਼ਤੇ ਬਾਅਦ ਮੈਨੂੰ ਪੈਸੇ ਦਿੰਦੇ ਸਨ। ਉਨ੍ਹਾਂ ਸਾਰੇ ਪੈਸਿਆਂ ਨਾਲ ਮੈਂ ਵਧੀਆ ਕੱਪੜੇ ਖ਼ਰੀਦ ਲਏ ਜਿਨ੍ਹਾਂ ਨਾਲ ਯਹੋਵਾਹ ਦੀ ਵਡਿਆਈ ਹੋਵੇ ਤੇ ਮੈਂ ਪ੍ਰਚਾਰ ’ਤੇ ਜਾ ਸਕਾਂ। ਮੈਂ ਕੁਝ ਪੈਸੇ ਜਮ੍ਹਾ ਕਰ ਕੇ ਰੱਖੇ ਹੋਏ ਸੀ, ਪਰ ਉਹ ਦੂਰ ਉੱਤਰ ਵੱਲ ਪੈਂਦੇ ਮਿਸ਼ੀਗਨ ਰਾਜ ਦੀ ਇਕ ਬੈਂਕ ਵਿਚ ਸਨ ਜਿਸ ਰਾਜ ਵਿਚ ਮੈਂ ਵੱਡਾ ਹੋਇਆ ਸੀ। ਇਸ ਲਈ ਮੈਨੂੰ ਕੁਝ ਦਿਨਾਂ ਲਈ ਆਪਣੀ ਕਾਰ ਵਿਚ ਰਹਿਣਾ ਪਿਆ ਤੇ ਮੈਂ ਪੈਟਰੋਲ ਪੰਪਾਂ ਦੇ ਬਾਥਰੂਮਾਂ ਵਿਚ ਸ਼ੇਵ ਕਰਦਾ ਤੇ ਹੱਥ-ਮੂੰਹ ਧੋਂਦਾ ਸੀ।

ਇਸ ਸਮੇਂ ਦੌਰਾਨ ਇਕ ਦਿਨ ਮੈਂ ਪ੍ਰਚਾਰ ਦੀ ਮੀਟਿੰਗ ਵਾਸਤੇ ਭੈਣਾਂ-ਭਰਾਵਾਂ ਦੇ ਆਉਣ ਤੋਂ ਦੋ ਘੰਟੇ ਪਹਿਲਾਂ ਕਿੰਗਡਮ ਹਾਲ ਚਲਾ ਗਿਆ। ਮੈਂ ਹਸਪਤਾਲੋਂ ਹਾਲੇ ਆਪਣੀ ਡਿਊਟੀ ਖ਼ਤਮ ਕਰ ਕੇ ਹੀ ਆਇਆ ਸੀ। ਮੈਂ ਕਿੰਗਡਮ ਹਾਲ ਦੇ ਬਾਹਰ ਇਕ ਅਜਿਹੀ ਜਗ੍ਹਾ ਬੈਠ ਗਿਆ ਜਿੱਥੇ ਮੈਨੂੰ ਕੋਈ ਨਹੀਂ ਸੀ ਦੇਖ ਸਕਦਾ। ਉਸ ਵੇਲੇ ਮੈਨੂੰ ਵੀਅਤਨਾਮ ਦੀਆਂ ਯਾਦਾਂ ਨੇ ਆ ਘੇਰਿਆ, ਮਤਲਬ ਕਿ ਲਾਸ਼ਾਂ ਦੇ ਸੜਨ ਦੀ ਬਦਬੂ ਤੇ ਹਰ ਪਾਸੇ ਡੁੱਲ੍ਹਿਆ ਖ਼ੂਨ ਹੀ ਖ਼ੂਨ। ਮੇਰੇ ਕੰਨਾਂ ਵਿਚ ਹਾਲੇ ਵੀ ਉਨ੍ਹਾਂ ਨੌਜਵਾਨਾਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ ਜੋ ਮੇਰੇ ਅੱਗੇ ਤਰਲੇ ਕਰ-ਕਰ ਪੁੱਛ ਰਹੇ ਸਨ: “ਮੈਂ ਬਚ ਤਾਂ ਜਾਊਂਗਾ? ਮੈਂ ਮਰ ਤਾਂ ਨਹੀਂ ਜਾਉਂਗਾ?” ਮੈਨੂੰ ਪਤਾ ਸੀ ਕਿ ਇਨ੍ਹਾਂ ਨੇ ਮਰ ਹੀ ਜਾਣਾ ਹੈ, ਪਰ ਇਹ ਗੱਲ ਮੈਂ ਆਪਣੇ ਚਿਹਰੇ ਤੋਂ ਜ਼ਾਹਰ ਨਹੀਂ ਹੋਣ ਦਿੱਤੀ ਤੇ ਉਨ੍ਹਾਂ ਨੂੰ ਤਸੱਲੀ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਉਹ ਬਚ ਜਾਣਗੇ। ਉੱਥੇ ਬੈਠੇ-ਬੈਠੇ ਮੈਂ ਭਾਵੁਕ ਹੋ ਗਿਆ।

ਮੈਂ ਪੂਰੀ ਕੋਸ਼ਿਸ਼ ਕਰਦਾ ਆਇਆ ਹਾਂ ਕਿ ਯਹੋਵਾਹ ਲਈ ਮੇਰਾ ਪਹਿਲਾ ਪਿਆਰ ਕਦੀ ਘਟੇ ਨਾ, ਖ਼ਾਸਕਰ ਜਦੋਂ ਮੈਂ ਅਜ਼ਮਾਇਸ਼ਾਂ ਵਿੱਚੋਂ ਗੁਜ਼ਰ ਰਿਹਾ ਹੁੰਦਾ ਹਾਂ

ਪ੍ਰਾਰਥਨਾ ਕਰਦੇ ਕਰਦੇ ਮੇਰੇ ਹੰਝੂਆਂ ਦਾ ਦਰਿਆ ਵਗ ਤੁਰਿਆ। (ਜ਼ਬੂ. 56:8) ਮਰੇ ਹੋਏ ਲੋਕਾਂ ਦੇ ਮੁੜ ਜੀਉਂਦਾ ਹੋਣ ਦੀ ਉਮੀਦ ਬਾਰੇ ਮੈਂ ਗਹਿਰਾਈ ਨਾਲ ਸੋਚਣ ਲੱਗ ਪਿਆ। ਫਿਰ ਅਚਾਨਕ ਹੀ ਮੈਨੂੰ ਅਹਿਸਾਸ ਹੋਇਆ: ਯਹੋਵਾਹ ਪਰਮੇਸ਼ੁਰ ਉਨ੍ਹਾਂ ਸਾਰੇ ਲੋਕਾਂ ਨੂੰ ਜੀਉਂਦਾ ਕਰੇਗਾ ਜਿਨ੍ਹਾਂ ਦਾ ਖ਼ੂਨ ਮੈਂ ਵਹਿੰਦੇ ਦੇਖਿਆ ਹੈ ਅਤੇ ਉਨ੍ਹਾਂ ਦੁੱਖਾਂ ਨੂੰ ਵੀ ਮਿਟਾ ਦੇਵੇਗਾ ਜੋ ਮੈਂ ਤੇ ਹੋਰ ਲੋਕਾਂ ਨੇ ਸਹੇ ਹਨ। ਪਰਮੇਸ਼ੁਰ ਉਨ੍ਹਾਂ ਫ਼ੌਜੀ ਨੌਜਵਾਨਾਂ ਨੂੰ ਵੀ ਜੀਉਂਦਾ ਕਰੇਗਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿੱਖਣ ਦਾ ਮੌਕਾ ਮਿਲੇਗਾ। (ਰਸੂ. 24:15) ਉਸ ਵਕਤ ਮੇਰੇ ਦਿਲ ਵਿਚ ਯਹੋਵਾਹ ਲਈ ਪਿਆਰ ਉਮੜ ਆਇਆ ਜੋ ਮੇਰੀ ਰਗ-ਰਗ ਵਿਚ ਸਮਾ ਗਿਆ। ਉਹ ਦਿਨ ਹਾਲੇ ਵੀ ਮੇਰੇ ਲਈ ਖ਼ਾਸ ਹੈ। ਉਦੋਂ ਤੋਂ ਹੀ ਮੈਂ ਪੂਰੀ ਕੋਸ਼ਿਸ਼ ਕਰਦਾ ਆਇਆ ਹਾਂ ਕਿ ਯਹੋਵਾਹ ਲਈ ਮੇਰਾ ਪਹਿਲਾ ਪਿਆਰ ਕਦੀ ਨਾ ਘਟੇ, ਖ਼ਾਸਕਰ ਉਦੋਂ ਜਦੋਂ ਮੈਂ ਅਜ਼ਮਾਇਸ਼ਾਂ ਵਿੱਚੋਂ ਗੁਜ਼ਰ ਰਿਹਾ ਹੁੰਦਾ ਹਾਂ।

ਯਹੋਵਾਹ ਨੇ ਮੇਰਾ ਬਹੁਤ ਸਾਥ ਦਿੱਤਾ

ਲੜਾਈ ਵਿਚ ਲੋਕ ਭਿਆਨਕ ਕੰਮ ਕਰਦੇ ਹਨ ਤੇ ਮੈਂ ਵੀ ਕੋਈ ਘੱਟ ਨਹੀਂ ਕੀਤੀ। ਪਰ ਮੈਨੂੰ ਦੋ ਹਵਾਲੇ ਬਹੁਤ ਚੰਗੇ ਲੱਗਦੇ ਹਨ ਜਿਨ੍ਹਾਂ ’ਤੇ ਸੋਚ-ਵਿਚਾਰ ਕਰ ਕੇ ਮੈਨੂੰ ਬਹੁਤ ਮਦਦ ਮਿਲੀ। ਪਹਿਲਾ ਹੈ ਪ੍ਰਕਾਸ਼ ਦੀ ਕਿਤਾਬ 12:10, 11 ਜਿਸ ਵਿਚ ਦੱਸਿਆ ਹੈ ਕਿ ਅਸੀਂ ਨਾ ਸਿਰਫ਼ ਪ੍ਰਚਾਰ ਕਰ ਕੇ ਸ਼ੈਤਾਨ ਤੋਂ ਜਿੱਤੇ ਹਾਂ, ਸਗੋਂ ਲੇਲੇ ਦੇ ਲਹੂ ਨਾਲ ਵੀ ਉਸ ਉੱਤੇ ਜਿੱਤ ਹਾਸਲ ਕੀਤੀ ਗਈ ਹੈ। ਦੂਜਾ ਹੈ ਗਲਾਤੀਆਂ 2:20, ਇਸ ਆਇਤ ਤੋਂ ਮੈਂ ਜਾਣਿਆ ਕਿ ਯਿਸੂ ਮਸੀਹ “ਮੇਰੇ ਲਈ” ਮਰਿਆ। ਯਹੋਵਾਹ ਯਿਸੂ ਦੇ ਲਹੂ ਜ਼ਰੀਏ ਮੈਨੂੰ ਦੇਖਦਾ ਹੈ ਅਤੇ ਮੇਰੀਆਂ ਗ਼ਲਤੀਆਂ ਨੂੰ ਮਾਫ਼ ਕੀਤਾ ਹੈ। ਇਹ ਗੱਲ ਜਾਣ ਕੇ ਮੇਰਾ ਜ਼ਮੀਰ ਸ਼ੁੱਧ ਹੋਇਆ ਹੈ ਤੇ ਮੈਨੂੰ ਪੂਰੀ ਵਾਹ ਲਾ ਕੇ ਆਪਣੇ ਦਇਆਵਾਨ ਪਰਮੇਸ਼ੁਰ ਯਹੋਵਾਹ ਬਾਰੇ ਸੱਚਾਈ ਦੱਸਣ ਦੀ ਹੱਲਾਸ਼ੇਰੀ ਮਿਲੀ ਹੈ!—ਇਬ. 9:14.

ਜਦ ਮੈਂ ਆਪਣੇ ਅਤੀਤ ’ਤੇ ਝਾਤੀ ਮਾਰਦਾ ਹਾਂ, ਤਾਂ ਮੈਂ ਯਹੋਵਾਹ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਸ ਨੇ ਮੇਰੀ ਹਮੇਸ਼ਾ ਦੇਖ-ਭਾਲ ਕੀਤੀ ਹੈ। ਮਿਸਾਲ ਲਈ, ਜਿਸ ਦਿਨ ਜਿਮ ਨੂੰ ਪਤਾ ਲੱਗਾ ਕਿ ਮੈਂ ਆਪਣੀ ਕਾਰ ਵਿਚ ਰਹਿ ਰਿਹਾ ਸੀ, ਤਾਂ ਉਸ ਨੇ ਉਸ ਦਿਨ ਇਕ ਭੈਣ ਨਾਲ ਮੇਰੀ ਗੱਲ ਕਰਵਾਈ ਜੋ ਕਿਰਾਏ ਤੇ ਕਮਰੇ ਦਿੰਦੀ ਸੀ। ਮੈਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਨੇ ਜਿਮ ਅਤੇ ਉਸ ਭੈਣ ਨੂੰ ਵਰਤ ਕੇ ਮੈਨੂੰ ਰਹਿਣ ਲਈ ਵਧੀਆ ਜਗ੍ਹਾ ਦਿੱਤੀ। ਵਾਕਈ, ਯਹੋਵਾਹ ਕਿੰਨਾ ਦਿਆਲੂ ਪਰਮੇਸ਼ੁਰ ਹੈ! ਉਹ ਆਪਣੇ ਵਫ਼ਾਦਾਰ ਭਗਤਾਂ ਦੀ ਦਿਲੋਂ ਪਰਵਾਹ ਕਰਦਾ ਹੈ।

ਜੋਸ਼ ਦੇ ਨਾਲ-ਨਾਲ ਸਮਝਦਾਰੀ ਨਾਲ ਗੱਲ ਕਰਨੀ ਸਿੱਖੀ

ਮਈ 1971 ਵਿਚ ਮੈਨੂੰ ਕਿਸੇ ਕੰਮ ਲਈ ਮਿਸ਼ੀਗਨ ਜਾਣਾ ਪਿਆ। ਫ਼ਲੋਰਿਡਾ ਵਿਚ ਡੈਲਰੇ ਬੀਚ ਦੀ ਮੰਡਲੀ ਤੋਂ ਜਾਣ ਤੋਂ ਪਹਿਲਾਂ ਮੈਂ ਆਪਣੀ ਕਾਰ ਦੀ ਡਿੱਗੀ ਪ੍ਰਕਾਸ਼ਨਾਂ ਨਾਲ ਭਰ ਲਈ ਅਤੇ ਹਾਈਵੇ ਰਾਹੀਂ ਉੱਤਰ ਵੱਲ ਨੂੰ ਚੱਲ ਪਿਆ। ਮੈਂ ਹਾਲੇ ਅੱਧਾ ਸਫ਼ਰ ਵੀ ਨਹੀਂ ਕੀਤਾ ਸੀ ਕਿ ਮੇਰੀ ਕਾਰ ਦੀ ਡਿੱਗੀ ਖਾਲੀ ਹੋ ਗਈ। ਮੈਂ ਹਰ ਜਗਾ ਜੋਸ਼ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਮੈਂ ਰਾਹ ਵਿਚ ਰੁਕ ਕੇ ਜੇਲ੍ਹਾਂ ਵਿਚ ਪ੍ਰਚਾਰ ਕੀਤਾ ਅਤੇ ਹੋਰ ਥਾਵਾਂ ’ਤੇ ਬਾਥਰੂਮਾਂ ਵਿਚ ਮਿਲੇ ਬੰਦਿਆਂ ਨੂੰ ਵੀ ਮੈਂ ਟ੍ਰੈਕਟ ਦਿੱਤੇ। ਮੈਂ ਹਾਲੇ ਵੀ ਸੋਚਦਾ ਹਾਂ ਕਿ ਉਨ੍ਹਾਂ ਲੋਕਾਂ ਦੇ ਦਿਲਾਂ ਵਿਚ ਬੀਜੇ ਬੀਆਂ ਵਿੱਚੋਂ ਕੋਈ ਬੀ ਪੁੰਗਰਿਆ ਹੋਵੇਗਾ ਕਿ ਨਹੀਂ।—1 ਕੁਰਿੰ. 3:6, 7.

ਪਰ ਮੈਂ ਮੰਨਦਾ ਹਾਂ ਕਿ ਜਦੋਂ ਮੈਂ ਨਵੀਂ-ਨਵੀਂ ਸੱਚਾਈ ਸਿੱਖੀ, ਤਾਂ ਮੈਂ ਸੋਚ-ਸਮਝ ਕੇ ਗੱਲ ਨਹੀਂ ਸੀ ਕਰਦਾ, ਖ਼ਾਸਕਰ ਜਦੋਂ ਮੈਂ ਆਪਣੇ ਪਰਿਵਾਰ ਨਾਲ ਗੱਲ ਕਰਦਾ ਹੁੰਦਾ ਸੀ। ਮੇਰੇ ਦਿਲ ਵਿਚ ਯਹੋਵਾਹ ਲਈ ਪਹਿਲਾ ਪਿਆਰ ਇੰਨਾ ਜ਼ਿਆਦਾ ਉਮੜ ਆਇਆ ਸੀ ਕਿ ਮੈਂ ਉਨ੍ਹਾਂ ਨੂੰ ਦਲੇਰੀ ਨਾਲ ਪਰ ਬਿਨਾਂ ਸੋਚੇ-ਸਮਝੇ ਸੱਚਾਈ ਬਾਰੇ ਦੱਸਦਾ ਹੁੰਦਾ ਸੀ। ਮੈਂ ਆਪਣੇ ਵੱਡੇ ਭਰਾ ਜੌਨ ਤੇ ਰੌਨ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਮੈਂ ਜ਼ਬਰਦਸਤੀ ਉਨ੍ਹਾਂ ਨੂੰ ਸੱਚਾਈ ਬਾਰੇ ਦੱਸਦਾ ਸੀ। ਬਾਅਦ ਵਿਚ ਮੈਂ ਮਾਫ਼ੀ ਮੰਗੀ ਕਿ ਮੈਂ ਉਨ੍ਹਾਂ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਕੀਤੀ। ਪਰ ਮੈਂ ਕਦੇ ਵੀ ਪ੍ਰਾਰਥਨਾ ਕਰਨੀ ਨਹੀਂ ਛੱਡੀ ਕਿ ਉਹ ਸੱਚਾਈ ਵਿਚ ਆ ਜਾਣ। ਉਦੋਂ ਤੋਂ ਹੀ ਯਹੋਵਾਹ ਨੇ ਮੈਨੂੰ ਸਿਖਲਾਈ ਦਿੱਤੀ ਹੈ ਅਤੇ ਮੈਂ ਹੋਰ ਵੀ ਸਮਝਦਾਰੀ ਨਾਲ ਲੋਕਾਂ ਨੂੰ ਪ੍ਰਚਾਰ ਕਰਦਾ ਤੇ ਸਿਖਾਉਂਦਾ ਹਾਂ।—ਕੁਲੁ. 4:6.

ਮੇਰਾ ਦੂਜਾ ਪਿਆਰ

ਹਾਲਾਂਕਿ ਮੈਂ ਯਹੋਵਾਹ ਲਈ ਆਪਣੇ ਪਿਆਰ ਨੂੰ ਚੇਤੇ ਰੱਖਦਾ ਹਾਂ, ਪਰ ਮੈਂ ਆਪਣੀ ਜ਼ਿੰਦਗੀ ਵਿਚ ਆਪਣੇ ਦੂਜੇ ਪਿਆਰ ਨੂੰ ਵੀ ਨਹੀਂ ਭੁੱਲਦਾ। ਇਹ ਪਿਆਰ ਹੈ ਮੇਰੀ ਪਿਆਰੀ ਪਤਨੀ ਸੂਜ਼ਨ। ਮੈਂ ਜਾਣਦਾ ਸੀ ਕਿ ਮੈਨੂੰ ਇਕ ਸਾਥੀ ਦੀ ਲੋੜ ਹੈ ਜੋ ਰਾਜ ਦਾ ਪ੍ਰਚਾਰ ਕਰਨ ਵਿਚ ਮੇਰਾ ਸਾਥ ਦੇ ਸਕੇ। ਸੂਜ਼ਨ ਹਿੰਮਤ ਵਾਲੀ ਹੈ ਤੇ ਯਹੋਵਾਹ ’ਤੇ ਪੱਕੀ ਨਿਹਚਾ ਰੱਖਦੀ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਡੇਟਿੰਗ ਦੌਰਾਨ ਇਕ ਦਿਨ ਮੈਂ ਉਸ ਨੂੰ ਮਿਲਣ ਗਿਆ। ਸੂਜ਼ਨ ਕਰੈਨਸਟਨ, ਰ੍ਹੋਡ ਟਾਪੂ ’ਤੇ ਆਪਣੇ ਮਾਪਿਆਂ ਦੇ ਘਰ ਦੇ ਵਰਾਂਡੇ ਵਿਚ ਬੈਠੀ ਸੀ। ਉਹ ਬਾਈਬਲ ਦੇ ਨਾਲ-ਨਾਲ ਪਹਿਰਾਬੁਰਜ ਪੜ੍ਹ ਰਹੀ ਸੀ। ਮੈਨੂੰ ਉਸ ਦੀ ਇਹ ਗੱਲ ਬਹੁਤ ਚੰਗੀ ਲੱਗੀ ਕਿ ਉਹ ਨਾ ਸਿਰਫ਼ ਪਹਿਰਾਬੁਰਜ ਦੇ ਹੋਰ ਲੇਖਾਂ ਵਿੱਚੋਂ ਇਕ ਲੇਖ ਪੜ੍ਹ ਰਹੀ ਸੀ, ਸਗੋਂ ਬਾਈਬਲ ਦੇ ਹਵਾਲੇ ਵੀ ਦੇਖ ਰਹੀ ਸੀ। ਮੈਂ ਸੋਚਿਆ, ‘ਇਹ ਯਹੋਵਾਹ ਨੂੰ ਬਹੁਤ ਪਿਆਰ ਕਰਦੀ ਹੈ।’ ਦਸੰਬਰ 1971 ਵਿਚ ਸਾਡਾ ਵਿਆਹ ਹੋ ਗਿਆ ਤੇ ਮੈਂ ਹਮੇਸ਼ਾ ਤੋਂ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਕਿ ਸੂਜ਼ਨ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਮੈਨੂੰ ਉਸ ਦੀ ਇਹ ਗੱਲ ਬਹੁਤ ਚੰਗੀ ਲੱਗਦੀ ਹੈ ਕਿ ਜਿੰਨਾ ਪਿਆਰ ਉਹ ਮੈਨੂੰ ਕਰਦੀ ਹੈ, ਉਸ ਤੋਂ ਕਿਤੇ ਜ਼ਿਆਦਾ ਪਿਆਰ ਉਹ ਯਹੋਵਾਹ ਨੂੰ ਕਰਦੀ ਹੈ।

ਆਪਣੀ ਪਤਨੀ ਸੂਜ਼ਨ ਅਤੇ ਪੁੱਤਰਾਂ ਪੌਲ ਤੇ ਜੈਸੀ ਨਾਲ

ਮੈਨੂੰ ਤੇ ਸੂਜ਼ਨ ਨੂੰ ਦੋ ਪੁੱਤਰਾਂ ਦੀ ਦਾਤ ਮਿਲੀ ਹੈ। ਇਕ ਦਾ ਨਾਂ ਜੈਸੀ ਤੇ ਦੂਜੇ ਦਾ ਨਾਂ ਪੌਲ ਹੈ। ਯਹੋਵਾਹ ਬਚਪਨ ਤੋਂ ਹੀ ਉਨ੍ਹਾਂ ਦੇ ਨਾਲ ਰਿਹਾ ਹੈ। (1 ਸਮੂ. 3:19) ਉਨ੍ਹਾਂ ਨੇ ਆਪ ਸੱਚਾਈ ਵਿਚ ਤਰੱਕੀ ਕਰ ਕੇ ਮੇਰੇ ਤੇ ਸੂਜ਼ਨ ਦੇ ਦਿਲ ਨੂੰ ਖ਼ੁਸ਼ ਕੀਤਾ ਹੈ। ਉਹ ਯਹੋਵਾਹ ਦੀ ਦਿਲੋਂ ਸੇਵਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਉਸ ਲਈ ਆਪਣੇ ਪਹਿਲੇ ਪਿਆਰ ਨੂੰ ਚੇਤੇ ਰੱਖਿਆ ਹੈ। ਉਨ੍ਹਾਂ ਦੋਹਾਂ ਨੂੰ ਪੂਰੇ ਸਮੇਂ ਦੀ ਸੇਵਾ ਕਰਦਿਆਂ 20 ਸਾਲ ਹੋ ਗਏ ਹਨ। ਮੈਨੂੰ ਆਪਣੀਆਂ ਦੋਹਾਂ ਨੂੰਹਾਂ ਸਟੈਫ਼ਨੀ ਤੇ ਰਾਕੇਲ ’ਤੇ ਮਾਣ ਹੈ ਜਿਨ੍ਹਾਂ ਨੂੰ ਮੈਂ ਆਪਣੀਆਂ ਧੀਆਂ ਸਮਝਦਾ ਹਾਂ। ਮੇਰੇ ਦੋਹਾਂ ਪੁੱਤਰਾਂ ਨੇ ਉਨ੍ਹਾਂ ਕੁੜੀਆਂ ਨਾਲ ਵਿਆਹ ਕੀਤੇ ਜੋ ਯਹੋਵਾਹ ਨੂੰ ਦਿਲੋਂ-ਜਾਨ ਨਾਲ ਪਿਆਰ ਕਰਦੀਆਂ ਹਨ।—ਅਫ਼. 6:6.

ਸਫ਼ਰੀ ਕੰਮ ਕਰਦੇ ਸਮੇਂ ਪ੍ਰਚਾਰ ਲਈ ਰੱਖੀ ਮੀਟਿੰਗ ਲੈਂਦਾ ਹੋਇਆ

ਮੇਰੇ ਬਪਤਿਸਮੇ ਤੋਂ ਬਾਅਦ ਮੈਂ 16 ਸਾਲ ਰ੍ਹੋਡ ਟਾਪੂ ’ਤੇ ਸੇਵਾ ਕੀਤੀ ਜਿੱਥੇ ਮੈਂ ਕਈ ਚੰਗੇ ਦੋਸਤ ਬਣਾਏ। ਮੈਂ ਜਿਨ੍ਹਾਂ ਬਜ਼ੁਰਗਾਂ ਨਾਲ ਸੇਵਾ ਕਰਦਾ ਸੀ ਉਨ੍ਹਾਂ ਦੀਆਂ ਮਿੱਠੀਆਂ ਯਾਦਾਂ ਹਾਲੇ ਵੀ ਮੇਰੇ ਮਨ ਵਿਚ ਤਾਜ਼ਾ ਹਨ। ਇਸ ਤੋਂ ਇਲਾਵਾ, ਮੈਂ ਉਨ੍ਹਾਂ ਬਹੁਤ ਸਾਰੇ ਸਫ਼ਰੀ ਨਿਗਾਹਬਾਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਉੱਤੇ ਚੰਗਾ ਅਸਰ ਪਾਇਆ। ਉਨ੍ਹਾਂ ਭਰਾਵਾਂ ਨਾਲ ਕੰਮ ਕਰਨਾ ਕਿੰਨਾ ਵੱਡਾ ਸਨਮਾਨ ਹੈ ਜਿਨ੍ਹਾਂ ਨੇ ਯਹੋਵਾਹ ਲਈ ਆਪਣਾ ਪਹਿਲਾਂ ਪਿਆਰ ਬਰਕਰਾਰ ਰੱਖਿਆ ਹੈ। 1987 ਵਿਚ ਅਸੀਂ ਉੱਤਰੀ ਕੈਰੋਲਾਇਨਾ ਚਲੇ ਗਏ ਜਿੱਥੇ ਪ੍ਰਚਾਰ ਕਰਨ ਦੀ ਜ਼ਿਆਦਾ ਲੋੜ ਸੀ ਅਤੇ ਉੱਥੇ ਵੀ ਅਸੀਂ ਬਹੁਤ ਸਾਰੇ ਦੋਸਤ ਬਣਾਏ। *

ਅਸੀਂ ਪੂਰੇ ਪਰਿਵਾਰ ਨੇ ਅਜਿਹੇ ਇਲਾਕੇ ਵਿਚ ਪ੍ਰਚਾਰ ਦਾ ਆਨੰਦ ਮਾਣਿਆ ਜਿੱਥੇ ਘੱਟ ਹੀ ਪ੍ਰਚਾਰ ਹੋਇਆ ਸੀ

ਅਗਸਤ 2002 ਵਿਚ ਮੈਂ ਤੇ ਸੂਜ਼ਨ ਨੇ ਅਮਰੀਕਾ ਵਿਚ ਪੈਟਰਸਨ ਬੈਥਲ ਪਰਿਵਾਰ ਦਾ ਮੈਂਬਰ ਬਣਨ ਦਾ ਸੱਦਾ ਸਵੀਕਾਰ ਕਰ ਲਿਆ। ਮੈਂ ਸੇਵਾ ਵਿਭਾਗ ਵਿਚ ਅਤੇ ਸੂਜ਼ਨ ਨੇ ਲਾਂਡਰੀ ਵਿਚ ਕੰਮ ਕੀਤਾ ਹੈ। ਉਸ ਨੂੰ ਉੱਥੇ ਕੰਮ ਕਰਨਾ ਬਹੁਤ ਚੰਗਾ ਲੱਗਦਾ ਸੀ! ਅਗਸਤ 2005 ਵਿਚ ਮੈਨੂੰ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ। ਇਹ ਜ਼ਿੰਮੇਵਾਰੀ ਇੰਨਾ ਵੱਡਾ ਸਨਮਾਨ ਸੀ ਕਿ ਮੈਂ ਆਪਣੇ ਆਪ ਨੂੰ ਇਸ ਦੇ ਲਾਇਕ ਨਹੀਂ ਸਮਝਦਾ ਸੀ। ਮੇਰੀ ਪਤਨੀ ਇਸ ਜ਼ਿੰਮੇਵਾਰੀ ਬਾਰੇ ਸੋਚ ਕੇ ਘਬਰਾ ਗਈ ਕਿ ਬਹੁਤ ਸਾਰਾ ਕੰਮ ਕਰਨ ਦੇ ਨਾਲ-ਨਾਲ ਕਿੰਨਾ ਸਫ਼ਰ ਵੀ ਕਰਨਾ ਪਵੇਗਾ। ਸੂਜ਼ਨ ਨੂੰ ਜਹਾਜ਼ ਵਿਚ ਸਫ਼ਰ ਕਰਨਾ ਹਮੇਸ਼ਾ ਔਖਾ ਲੱਗਦਾ ਹੈ, ਫਿਰ ਵੀ ਅਸੀਂ ਬਹੁਤ ਸਫ਼ਰ ਕਰਦੇ ਹਾਂ! ਸੂਜ਼ਨ ਮੈਨੂੰ ਕਹਿੰਦੀ ਹੈ ਕਿ ਪ੍ਰਬੰਧਕ ਸਭਾ ਦੇ ਮੈਂਬਰਾਂ ਦੀਆਂ ਪਤਨੀਆਂ ਵੱਲੋਂ ਪਿਆਰ ਭਰੀਆਂ ਕਹੀਆਂ ਗੱਲਾਂ ਕਰਕੇ ਉਸ ਨੇ ਮੇਰਾ ਸਾਥ ਦੇਣ ਦਾ ਪੱਕਾ ਇਰਾਦਾ ਕੀਤਾ ਹੈ। ਉਸ ਨੇ ਮੇਰਾ ਸਾਥ ਦਿੱਤਾ ਵੀ ਹੈ ਜਿਸ ਕਰਕੇ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ।

ਮੇਰੇ ਆਫ਼ਿਸ ਵਿਚ ਬਹੁਤ ਸਾਰੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਜੋ ਮੇਰੇ ਲਈ ਬਹੁਤ ਮਾਅਨੇ ਰੱਖਦੀਆਂ ਹਨ। ਉਨ੍ਹਾਂ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਮੈਂ ਕਿੰਨੀ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਆਨੰਦ ਮਾਣਿਆ ਹੈ। ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ ਕਿਉਂਕਿ ਮੈਂ ਯਹੋਵਾਹ ਲਈ ਆਪਣੇ ਪਹਿਲੇ ਪਿਆਰ ਨੂੰ ਚੇਤੇ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ!

ਆਪਣੇ ਪਰਿਵਾਰ ਨਾਲ ਸਮਾਂ ਬਿਤਾ ਕੇ ਮੈਂ ਬਹੁਤ ਖ਼ੁਸ਼ ਹੁੰਦਾ ਹਾਂ

^ ਪੈਰਾ 31 ਭਰਾ ਮੌਰਿਸ ਦੀ ਪੂਰੇ ਸਮੇਂ ਦੀ ਸੇਵਾ ਬਾਰੇ 15 ਮਾਰਚ 2006 ਦੇ ਪਹਿਰਾਬੁਰਜ ਦਾ ਸਫ਼ਾ 26 ਦੇਖੋ।