Skip to content

Skip to table of contents

ਜੀਵਨੀ

ਜਵਾਨੀ ਵਿਚ ਕੀਤੇ ਫ਼ੈਸਲੇ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ

ਜਵਾਨੀ ਵਿਚ ਕੀਤੇ ਫ਼ੈਸਲੇ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ

ਮੇਰੇ ਦਾਦੀ ਜੀ ਦੇ ਵੱਡੇ ਭਰਾ ਨਿਕੋਲਾਈ ਡੂਬੋਵਿਨਸਕੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਦੌਰਾਨ ਆਪਣੇ ਖੱਟੇ-ਮਿੱਠੇ ਤਜਰਬਿਆਂ ਨੂੰ ਲਿਖਿਆ ਜੋ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਦਿਆਂ ਹੋਏ ਸਨ। ਉਨ੍ਹਾਂ ਨੂੰ ਇਹ ਤਜਰਬੇ ਜ਼ਿਆਦਾਤਰ ਸਾਬਕਾ ਸੋਵੀਅਤ ਸੰਘ ਵਿਚ ਲੱਗੀ ਪਾਬੰਦੀ ਦੌਰਾਨ ਹੋਏ ਸਨ। ਉਹ ਚੁਣੌਤੀਆਂ ਤੇ ਮੁਸ਼ਕਲਾਂ ਦੇ ਬਾਵਜੂਦ ਵੀ ਹਮੇਸ਼ਾ ਵਫ਼ਾਦਾਰ ਰਹੇ ਤੇ ਉਨ੍ਹਾਂ ਵਿਚ ਜ਼ਿੰਦਗੀ ਜੀਉਣ ਦੀ ਤਾਂਘ ਸੀ। ਨਿਕੋਲਾਈ ਦਾਦਾ ਜੀ ਅਕਸਰ ਕਹਿੰਦੇ ਹੁੰਦੇ ਸਨ ਕਿ ਉਹ ਚਾਹੁੰਦੇ ਹਨ ਕਿ ਨੌਜਵਾਨ ਉਨ੍ਹਾਂ ਦੀ ਕਹਾਣੀ ਸੁਣਨ। ਇਸ ਲਈ ਮੈਂ ਹੁਣ ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਤਜਰਬੇ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦੀ ਹਾਂ। ਉਨ੍ਹਾਂ ਦਾ ਜਨਮ 1926 ਵਿਚ ਪੋਡਵੀਰਿਵਕਾ ਨਾਂ ਦੇ ਪਿੰਡ ਵਿਚ ਹੋਇਆ ਜੋ ਯੂਕਰੇਨ ਦੇ ਚੈਰਨਿਵਸਤੀ ਓਬਲਾਸਟ ਵਿਚ ਹੈ। ਉਨ੍ਹਾਂ ਦਾ ਪਰਿਵਾਰ ਗ਼ਰੀਬ ਸੀ ਅਤੇ ਉਹ ਖੇਤੀ-ਬਾੜੀ ਕਰਦਾ ਸੀ।

ਨਿਕੋਲਾਈ ਦੱਸਦਾ ਹੈ ਕਿ ਉਸ ਨੂੰ ਸੱਚਾਈ ਕਿੱਦਾਂ ਮਿਲੀ

ਨਿਕੋਲਾਈ ਦਾਦਾ ਜੀ ਆਪਣੀ ਕਹਾਣੀ ਦੱਸਣੀ ਸ਼ੁਰੂ ਕਰਦੇ ਹਨ: “1941 ਵਿਚ ਇਕ ਦਿਨ ਮੇਰਾ ਵੱਡਾ ਭਰਾ ਆਈਵਨ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ), ਯੁਗਾਂ ਦੀ ਈਸ਼ਵਰੀ ਜੁਗਤੀ (ਅੰਗ੍ਰੇਜ਼ੀ) ਨਾਂ ਦੀਆਂ ਕਿਤਾਬਾਂ, ਕੁਝ ਪਹਿਰਾਬੁਰਜ ਰਸਾਲੇ ਅਤੇ ਕਈ ਪੁਸਤਿਕਾਵਾਂ ਘਰ ਲੈ ਕੇ ਆਇਆ। ਮੈਂ ਸਾਰੇ ਪ੍ਰਕਾਸ਼ਨ ਪੜ੍ਹ ਲਏ। ਮੈਨੂੰ ਇਹ ਸਿੱਖ ਕੇ ਬਹੁਤ ਹੈਰਾਨੀ ਹੋਈ ਕਿ ਦੁਨੀਆਂ ਦੀਆਂ ਮੁਸ਼ਕਲਾਂ ਦੀ ਜੜ੍ਹ ਰੱਬ ਨਹੀਂ, ਸਗੋਂ ਸ਼ੈਤਾਨ ਹੈ। ਇਨ੍ਹਾਂ ਪ੍ਰਕਾਸ਼ਨਾਂ ਦੇ ਨਾਲ-ਨਾਲ ਮੈਂ ਇੰਜੀਲ ਦੀਆਂ ਚਾਰ ਕਿਤਾਬਾਂ ਵੀ ਪੜ੍ਹੀਆਂ ਅਤੇ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਸੱਚਾਈ ਮਿਲ ਗਈ। ਮੈਂ ਦੂਜਿਆਂ ਨੂੰ ਜੋਸ਼ ਨਾਲ ਰਾਜ ਬਾਰੇ ਦੱਸਣਾ ਸ਼ੁਰੂ ਕੀਤਾ। ਜਿੱਦਾਂ-ਜਿੱਦਾਂ ਮੈਂ ਇਨ੍ਹਾਂ ਪ੍ਰਕਾਸ਼ਨਾਂ ਦੀ ਸਟੱਡੀ ਕਰਦਾ ਗਿਆ, ਉੱਦਾਂ-ਉੱਦਾਂ ਸੱਚਾਈ ਬਾਰੇ ਮੇਰੀ ਸਮਝ ਵਧਦੀ ਗਈ ਤੇ ਮੇਰੇ ਦਿਲ ਵਿਚ ਯਹੋਵਾਹ ਦਾ ਸੇਵਕ ਬਣਨ ਦੀ ਗਹਿਰੀ ਇੱਛਾ ਪੈਦਾ ਹੋਈ।

“ਮੈਨੂੰ ਪਤਾ ਸੀ ਕਿ ਆਪਣੇ ਵਿਸ਼ਵਾਸਾਂ ਕਰਕੇ ਮੈਨੂੰ ਦੁੱਖ ਝੱਲਣੇ ਪੈਣੇ ਸਨ। ਉਨ੍ਹਾਂ ਦਿਨਾਂ ਵਿਚ ਯੁੱਧ ਚੱਲ ਰਿਹਾ ਸੀ ਤੇ ਮੈਂ ਕਿਸੇ ਨੂੰ ਮਾਰਨਾ ਨਹੀਂ ਸੀ ਚਾਹੁੰਦਾ। ਆਉਣ ਵਾਲੀਆਂ ਪਰੀਖਿਆਵਾਂ ਦਾ ਸਾਮ੍ਹਣਾ ਕਰਨ ਲਈ ਮੈਂ ਮੱਤੀ 10:28 ਅਤੇ 26:52 ਵਰਗੀਆਂ ਆਇਤਾਂ ਯਾਦ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਦ੍ਰਿੜ੍ਹ ਇਰਾਦਾ ਕੀਤਾ ਕਿ ਮੈਂ ਹਮੇਸ਼ਾ ਯਹੋਵਾਹ ਪ੍ਰਤੀ ਵਫ਼ਾਦਾਰ ਰਹਾਂਗਾ, ਭਾਵੇਂ ਮੈਨੂੰ ਮਰਨਾ ਹੀ ਕਿਉਂ ਨਾ ਪਵੇ!

“ਮੈਂ 1944 ਵਿਚ 18 ਸਾਲਾਂ ਦਾ ਹੋ ਗਿਆ ਤੇ ਮੈਨੂੰ ਮਜਬੂਰਨ ਮਿਲਟਰੀ ਵਿਚ ਭਰਤੀ ਹੋਣ ਲਈ ਬੁਲਾਇਆ ਗਿਆ। ਇਹ ਪਹਿਲੀ ਵਾਰ ਸੀ ਜਦੋਂ ਮੈਂ ਆਪਣੇ ਮਸੀਹੀ ਭਰਾਵਾਂ ਨਾਲ ਸੀ ਕਿਉਂਕਿ ਉਸ ਜਗ੍ਹਾ ’ਤੇ ਹੋਰ ਵੀ ਨੌਜਵਾਨ ਭਰਾ ਸਨ ਜਿਨ੍ਹਾਂ ਨੂੰ ਭਰਤੀ ਲਈ ਬੁਲਾਇਆ ਗਿਆ ਸੀ। ਅਸੀਂ ਸਾਰਿਆਂ ਨੇ ਦ੍ਰਿੜ੍ਹਤਾ ਨਾਲ ਅਧਿਕਾਰੀਆਂ ਨੂੰ ਦੱਸਿਆ ਕਿ ਅਸੀਂ ਯੁੱਧ ਵਿਚ ਹਿੱਸਾ ਨਹੀਂ ਲਵਾਂਗੇ। ਮਿਲਟਰੀ ਅਫ਼ਸਰ ਨੇ ਲੋਹਾ-ਲਾਖਾ ਹੁੰਦਿਆਂ ਸਾਨੂੰ ਧਮਕੀ ਦਿੱਤੀ ਕਿ ਉਹ ਸਾਨੂੰ ਭੁੱਖੇ ਰੱਖੇਗਾ, ਸਾਡੇ ਤੋਂ ਸਖ਼ਤ ਮਜ਼ਦੂਰੀ ਕਰਾਵੇਗਾ ਜਾਂ ਗੋਲੀ ਮਾਰ ਦੇਵੇਗਾ। ਨਿਡਰਤਾ ਨਾਲ ਅਸੀਂ ਜਵਾਬ ਦਿੱਤਾ: ‘ਅਸੀਂ ਤੁਹਾਡੇ ਹਵਾਲੇ ਹਾਂ। ਭਾਵੇਂ ਤੁਸੀਂ ਸਾਡੇ ਨਾਲ ਜੋ ਮਰਜ਼ੀ ਕਰੋ, ਪਰ ਅਸੀਂ ਪਰਮੇਸ਼ੁਰ ਦਾ ਕਾਨੂੰਨ ਨਹੀਂ ਤੋੜਾਂਗੇ, “ਤੂੰ ਖ਼ੂਨ ਨਾ ਕਰ।” ’ਕੂਚ 20:13.

“ਪਤਾ ਕੀ ਹੋਇਆ, ਮੈਨੂੰ ਅਤੇ ਦੋ ਹੋਰ ਭਰਾਵਾਂ ਨੂੰ ਖੇਤਾਂ ਵਿਚ ਕੰਮ ਕਰਨ ਅਤੇ ਯੁੱਧ ਵਿਚ ਨੁਕਸਾਨੇ ਘਰਾਂ ਦੀ ਮੁਰੰਮਤ ਕਰਨ ਲਈ ਬੈਲਾਰੁਸ ਭੇਜਿਆ ਗਿਆ ਸੀ। ਮੀਨਸਕ ਸ਼ਹਿਰ ਦੇ ਬਾਹਰਲੇ ਪਾਸੇ ਯੁੱਧ ਦੇ ਮਾੜੇ ਅਸਰ ਦੇ ਖ਼ੌਫ਼ਨਾਕ ਦ੍ਰਿਸ਼ ਮੈਨੂੰ ਹਾਲੇ ਵੀ ਯਾਦ ਹਨ। ਸੜਕਾਂ ਦੇ ਦੋਨੋਂ ਪਾਸੇ ਸੜੇ-ਬਲ਼ੇ ਦਰਖ਼ਤ ਸਨ। ਖਾਈਆਂ ਅਤੇ ਜੰਗਲ ਵਿਚ ਲੋਕਾਂ ਦੀਆਂ ਲਾਸ਼ਾਂ ਅਤੇ ਘੋੜਿਆਂ ਦੀਆਂ ਫੁੱਲੀਆਂ ਹੋਈਆਂ ਲਾਸ਼ਾਂ ਸਨ। ਮੈਂ ਲੋਕਾਂ ਵੱਲੋਂ ਛੱਡੀਆਂ ਟਰਾਲੀਆਂ, ਹਥਿਆਰ ਅਤੇ ਇੱਥੋਂ ਤਕ ਕਿ ਇਕ ਬੁਰੀ ਤਰ੍ਹਾਂ ਤਹਿਸ-ਨਹਿਸ ਹੋਇਆ ਹਵਾਈ ਜਹਾਜ਼ ਵੀ ਦੇਖਿਆ। ਰੱਬ ਦੇ ਕਾਨੂੰਨਾਂ ਨੂੰ ਤੋੜਨ ਦੇ ਬੁਰੇ ਨਤੀਜੇ ਮੈਂ ਆਪਣੀ ਅੱਖੀਂ ਦੇਖੇ ਸਨ।

“ਭਾਵੇਂ ਯੁੱਧ 1945 ਵਿਚ ਖ਼ਤਮ ਹੋ ਗਿਆ ਸੀ, ਫਿਰ ਵੀ ਯੁੱਧ ਵਿਚ ਹਿੱਸਾ ਨਾ ਲੈਣ ਕਰਕੇ ਸਾਨੂੰ 10 ਸਾਲਾਂ ਦੀ ਸਜ਼ਾ ਸੁਣਾਈ ਗਈ। ਪਹਿਲੇ ਤਿੰਨ ਸਾਲਾਂ ਦੌਰਾਨ ਨਾ ਤਾਂ ਅਸੀਂ ਮੀਟਿੰਗਾਂ ’ਤੇ ਜਾ ਸਕੇ ਅਤੇ ਨਾ ਹੀ ਸਾਡੇ ਕੋਲ ਕੋਈ ਪ੍ਰਕਾਸ਼ਨ ਸੀ। ਅਸੀਂ ਚਿੱਠੀਆਂ ਰਾਹੀਂ ਕੁਝ ਭੈਣਾਂ ਨਾਲ ਸੰਪਰਕ ਕਰ ਸਕੇ, ਪਰ ਉਨ੍ਹਾਂ ਨੂੰ ਵੀ ਗਿਰਫ਼ਤਾਰ ਕਰ ਕੇ 25 ਸਾਲਾਂ ਲਈ ਲੇਬਰ ਕੈਂਪ ਵਿਚ ਭੇਜ ਦਿੱਤਾ ਗਿਆ।

“ਸਾਨੂੰ 1950 ਵਿਚ ਸਾਡੀ ਸਜ਼ਾ ਤੋਂ ਪਹਿਲਾਂ ਹੀ ਰਿਹਾ ਕਰ ਦਿੱਤਾ ਗਿਆ ਅਤੇ ਅਸੀਂ ਘਰ ਚਲੇ ਗਏ। ਮੇਰੇ ਜੇਲ੍ਹ ਵਿਚ ਹੁੰਦਿਆਂ ਹੋਇਆਂ ਮੇਰੇ ਮਾਤਾ ਜੀ ਤੇ ਮੇਰੀ ਛੋਟੀ ਭੈਣ ਮਾਰੀਆ ਨੇ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਲਿਆ। ਮੇਰੇ ਵੱਡੇ ਭਰਾ ਹਾਲੇ ਗਵਾਹ ਨਹੀਂ ਬਣੇ ਸਨ, ਪਰ ਉਹ ਸਟੱਡੀ ਕਰ ਰਹੇ ਸਨ। ਪ੍ਰਚਾਰ ਕਰਨ ਕਰਕੇ ਰੂਸ ਦੀ ਸਕਿਊਰਟੀ ਏਜੰਸੀ ਮੈਨੂੰ ਫਿਰ ਜੇਲ੍ਹ ਭੇਜਣਾ ਚਾਹੁੰਦੀ ਸੀ। ਫਿਰ ਜਿਹੜੇ ਭਰਾ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਹੇ ਸਨ ਉਨ੍ਹਾਂ ਨੇ ਮੈਨੂੰ ਲੁਕ-ਛਿਪ ਕੇ ਪ੍ਰਕਾਸ਼ਨ ਛਾਪਣ ਵਿਚ ਮਦਦ ਕਰਨ ਲਈ ਕਿਹਾ। ਮੈਂ ਉਸ ਵੇਲੇ ਸਿਰਫ਼ 24 ਸਾਲਾਂ ਦਾ ਸੀ।”

ਪ੍ਰਕਾਸ਼ਨ ਤਿਆਰ ਕਰਨੇ

“ਗਵਾਹ ਇੱਦਾਂ ਕਹਿੰਦੇ ਹੁੰਦੇ ਸਨ: ‘ਜੇ ਰਾਜ ਦੇ ਕੰਮ ’ਤੇ ਕਦੀ ਪਾਬੰਦੀ ਲੱਗ ਜਾਵੇਂ, ਤਾਂ ਅਸੀਂ ਲੁਕ-ਛਿਪ ਕੇ ਇਹ ਕੰਮ ਕਰਦੇ ਰਹਾਂਗੇ।’ (ਕਹਾ. 28:28) ਇਸ ਸਮੇਂ ਵਿਚ ਸਾਡੇ ਜ਼ਿਆਦਾਤਰ ਪ੍ਰਕਾਸ਼ਨ ਅਲੱਗ-ਅਲੱਗ ਤਹਿਖ਼ਾਨਿਆਂ ਵਿਚ ਛਾਪੇ ਜਾਂਦੇ ਸਨ। ਸਭ ਤੋਂ ਪਹਿਲਾਂ ਮੈਂ ਆਪਣੇ ਵੱਡੇ ਭਰਾ ਡਮਿਟਰੀ ਦੇ ਘਰ ਬਣੇ ਤਹਿਖ਼ਾਨੇ ਵਿਚ ਕੰਮ ਕੀਤਾ। ਕਦੇ-ਕਦੇ ਤਾਂ ਮੈਂ ਦੋ-ਦੋ ਹਫ਼ਤੇ ਤਹਿਖ਼ਾਨੇ ਵਿੱਚੋਂ ਬਾਹਰ ਹੀ ਨਹੀਂ ਸੀ ਆਉਂਦਾ। ਜੇ ਆਕਸੀਜਨ ਦੀ ਕਮੀ ਕਰਕੇ ਮਿੱਟੀ ਦੇ ਤੇਲ ਦਾ ਲੈਂਪ ਬੁੱਝ ਜਾਂਦਾ ਸੀ, ਤਾਂ ਮੈਂ ਜ਼ਮੀਨ ’ਤੇ ਲੇਟ ਜਾਂਦਾ ਸੀ ਤੇ ਉਦੋਂ ਤਕ ਇੰਤਜ਼ਾਰ ਕਰਦਾ ਸੀ ਜਦ ਤਕ ਕਮਰਾ ਤਾਜ਼ੀ ਹਵਾ ਨਾਲ ਨਹੀਂ ਭਰ ਜਾਂਦਾ ਸੀ।

ਘਰ ਦੇ ਥੱਲੇ ਬਣੇ ਤਹਿਖ਼ਾਨੇ ਦੀ ਤਸਵੀਰ ਜਿੱਥੇ ਨਿਕੋਲਾਈ ਪ੍ਰਕਾਸ਼ਨਾਂ ਦੀ ਨਕਲ ਕਰਦਾ ਸੀ

“ਮੇਰੇ ਨਾਲ ਕੰਮ ਕਰਨ ਵਾਲੇ ਭਰਾ ਨੇ ਇਕ ਦਿਨ ਮੈਨੂੰ ਪੁੱਛਿਆ, ‘ਨਿਕੋਲਾਈ, ਕੀ ਤੇਰਾ ਬਪਤਿਸਮਾ ਹੋਇਆ ਹੈ?’ ਭਾਵੇਂ ਮੈਨੂੰ ਯਹੋਵਾਹ ਦੀ ਸੇਵਾ ਕਰਦਿਆਂ 11 ਸਾਲ ਹੋ ਗਏ ਸਨ, ਪਰ ਮੇਰਾ ਹਾਲੇ ਤਕ ਬਪਤਿਸਮਾ ਨਹੀਂ ਹੋਇਆ ਸੀ। ਫਿਰ ਉਸ ਭਰਾ ਨੇ ਮੇਰੇ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਅਤੇ ਉਸੇ ਰਾਤ ਮੈਂ 26 ਸਾਲ ਦੀ ਉਮਰ ਵਿਚ ਇਕ ਝੀਲ ਵਿਚ ਬਪਤਿਸਮਾ ਲੈ ਲਿਆ। ਤਿੰਨ ਸਾਲਾਂ ਬਾਅਦ ਮੈਨੂੰ ਦੇਸ਼ ਦੀ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰਨ ਦੀ ਇਕ ਹੋਰ ਜ਼ਿੰਮੇਵਾਰੀ ਦਿੱਤੀ ਗਈ। ਉਸ ਸਮੇਂ ਜਿਹੜੇ ਜ਼ਿੰਮੇਵਾਰ ਭਰਾਵਾਂ ਨੂੰ ਜੇਲ੍ਹ ਹੋ ਚੁੱਕੀ ਸੀ ਉਨ੍ਹਾਂ ਦੀ ਜਗ੍ਹਾ ਹੋਰ ਭਰਾਵਾਂ ਨੂੰ ਨਿਯੁਕਤ ਗਿਆ ਅਤੇ ਰਾਜ ਦਾ ਕੰਮ ਚੱਲਦਾ ਰਿਹਾ।”

ਲੁਕ-ਛਿਪ ਕੇ ਕੰਮ ਕਰਨ ਦੀਆਂ ਮੁਸ਼ਕਲਾਂ

“ਜੇਲ੍ਹ ਨਾਲੋਂ ਲੁਕ-ਛਿਪ ਕੇ ਪ੍ਰਕਾਸ਼ਨ ਤਿਆਰ ਕਰਨੇ ਜ਼ਿਆਦਾ ਔਖੇ ਸਨ। ਖੁਫੀਆ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ ਮੈਂ ਸੱਤ ਸਾਲਾਂ ਤਕ ਮੀਟਿੰਗਾਂ ਵਿਚ ਨਹੀਂ ਜਾ ਸਕਿਆ ਅਤੇ ਮੈਨੂੰ ਯਹੋਵਾਹ ਨਾਲ ਰਿਸ਼ਤਾ ਬਣਾਈ ਰੱਖਣ ਲਈ ਖ਼ੁਦ ਮਿਹਨਤ ਕਰਨੀ ਪੈਂਦੀ ਸੀ। ਮੈਂ ਆਪਣੇ ਪਰਿਵਾਰ ਨੂੰ ਸਿਰਫ਼ ਉਦੋਂ ਹੀ ਮਿਲ ਸਕਦਾ ਸੀ, ਜਦੋਂ ਮੈਂ ਉਨ੍ਹਾਂ ਨੂੰ ਮਿਲਣ ਜਾਂਦਾ ਸੀ ਅਤੇ ਉਹ ਵੀ ਕਦੀ-ਕਦਾਈਂ। ਪਰ ਉਹ ਮੇਰੇ ਹਾਲਾਤ ਸਮਝਦੇ ਸਨ ਜਿਸ ਤੋਂ ਮੈਨੂੰ ਹੌਸਲਾ ਮਿਲਦਾ ਸੀ। ਲਗਾਤਾਰ ਤਣਾਅ ਅਤੇ ਖ਼ਬਰਦਾਰ ਰਹਿਣ ਕਰਕੇ ਮੇਰੇ ਵਿਚ ਜਾਨ ਹੀ ਨਹੀਂ ਰਹਿੰਦੀ ਸੀ। ਸਾਨੂੰ ਕਿਸੇ ਵੀ ਚੀਜ਼ ਲਈ ਤਿਆਰ ਰਹਿਣਾ ਪੈਂਦਾ ਸੀ। ਮਿਸਾਲ ਲਈ, ਇਕ ਸ਼ਾਮ ਦੋ ਪੁਲਿਸ ਅਫ਼ਸਰ ਉਸ ਘਰ ਵਿਚ ਆਏ ਜਿੱਥੇ ਮੈਂ ਰਹਿ ਰਿਹਾ ਸੀ। ਮੈਂ ਘਰ ਦੀ ਪਿਛਲੀ ਤਾਕੀ ਵਿੱਚੋਂ ਛਾਲ ਮਾਰ ਕੇ ਜੰਗਲ ਵਿਚ ਭੱਜ ਗਿਆ। ਭੱਜਦਿਆਂ-ਭੱਜਦਿਆਂ ਮੈਂ ਖੇਤਾਂ ਵਿਚ ਪਹੁੰਚ ਗਿਆ ਤੇ ਮੈਨੂੰ ਆਵਾਜ਼ਾਂ ਸੁਣਾਈ ਦਿੱਤੀਆਂ। ਫਿਰ ਮੈਨੂੰ ਪਤਾ ਲੱਗਾ ਕਿ ਇਹ ਆਵਾਜ਼ਾਂ ਬੰਦੂਕ ਦੀਆਂ ਗੋਲੀਆਂ ਦੀਆਂ ਸਨ। ਇਕ ਅਫ਼ਸਰ ਨੇ ਘੋੜੇ ’ਤੇ ਮੇਰਾ ਪਿੱਛਾ ਕੀਤਾ ਅਤੇ ਮੇਰੇ ’ਤੇ ਉਦੋਂ ਤਕ ਦੜਾਦੜ ਗੋਲੀਆਂ ਚਲਾਉਂਦਾ ਰਿਹਾ ਜਦ ਤਕ ਉਸ ਦੀ ਬੰਦੂਕ ਖਾਲੀ ਨਹੀਂ ਹੋ ਗਈ। ਇਕ ਗੋਲੀ ਮੇਰੇ ਬਾਂਹ ’ਤੇ ਵੱਜੀ। ਪੰਜ ਕਿਲੋਮੀਟਰ (5 ਮੀਲ) ਭੱਜਣ ਤੋਂ ਬਾਅਦ ਅਖ਼ੀਰ ਮੈਂ ਜੰਗਲ ਵਿਚ ਜਾ ਕੇ ਲੁਕ ਗਿਆ ਤੇ ਬਚ ਗਿਆ। ਬਾਅਦ ਵਿਚ ਕਾਰਵਾਈ ਦੌਰਾਨ ਮੈਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਮੇਰੇ ਉੱਤੇ 32 ਗੋਲੀਆਂ ਚਲਾਈਆਂ ਸਨ!

“ਭੋਰੇ ਵਿਚ ਜ਼ਿਆਦਾ ਰਹਿਣ ਕਰਕੇ ਮੇਰਾ ਰੰਗ ਬਹੁਤ ਹੀ ਪੀਲਾ ਪੈ ਗਿਆ। ਇਸ ਤੋਂ ਲੋਕ ਭਾਂਪ ਲੈਂਦੇ ਸਨ ਕਿ ਮੈਂ ਕੀ ਕੰਮ ਕਰਦਾ ਸੀ। ਇਸ ਕਰਕੇ ਜਿੰਨਾ ਜ਼ਿਆਦਾ ਹੋ ਸਕੇ ਮੈਂ ਧੁੱਪੇ ਰਹਿੰਦਾ ਸੀ। ਭੋਰੇ ਵਿਚ ਰਹਿਣ ਕਰਕੇ ਮੇਰੀ ਸਿਹਤ ਉੱਤੇ ਬਹੁਤ ਮਾੜਾ ਅਸਰ ਪਿਆ। ਇੱਥੋਂ ਤਕ ਕਿ ਇਕ ਵਾਰ ਮੈਂ ਭਰਾਵਾਂ ਨਾਲ ਇਕ ਬਹੁਤ ਹੀ ਜ਼ਰੂਰੀ ਮੀਟਿੰਗ ’ਤੇ ਨਹੀਂ ਜਾ ਸਕਿਆ ਕਿਉਂਕਿ ਮੇਰੇ ਮੂੰਹ ਤੇ ਨੱਕ ਵਿੱਚੋਂ ਖ਼ੂਨ ਵੱਗ ਰਿਹਾ ਸੀ।”

ਨਿਕੋਲਾਈ ਦੀ ਗਿਰਫ਼ਤਾਰੀ

1963 ਵਿਚ ਮੋਰਡਵੀਨੀਆ ਦੇ ਲੇਬਰ ਕੈਂਪ ਵਿਚ

“ਮੈਨੂੰ 26 ਜਨਵਰੀ 1957 ਨੂੰ ਗਿਰਫ਼ਤਾਰ ਕਰ ਲਿਆ। ਛੇ ਮਹੀਨੇ ਬਾਅਦ ਯੂਕਰੇਨ ਦੀ ਸੁਪਰੀਮ ਕੋਰਟ ਨੇ ਮੈਨੂੰ ਗੋਲੀ ਮਾਰ ਕੇ ਮਾਰਨ ਦੀ ਸਜ਼ਾ ਸੁਣਾਈ। ਪਰ ਯੂਕਰੇਨ ਵਿਚ ਮੌਤ ਦੀ ਸਜ਼ਾ ਦੇਣੀ ਬੰਦ ਹੋ ਚੁੱਕੀ ਸੀ, ਇਸ ਕਰਕੇ ਮੈਨੂੰ 25 ਸਾਲ ਦੀ ਜੇਲ੍ਹ ਹੋ ਗਈ। ਸਾਨੂੰ ਅੱਠਾਂ ਜਣਿਆਂ ਨੂੰ ਕੁੱਲ ਮਿਲਾ ਕੇ 130 ਸਾਲਾਂ ਲਈ ਲੇਬਰ ਕੈਂਪਾਂ ਵਿਚ ਭੇਜੇ ਜਾਣ ਦੀ ਸਜ਼ਾ ਸੁਣਾਈ ਗਈ। ਸਾਨੂੰ ਮੋਰਡਵੀਨੀਆ ਦੇ ਕੈਂਪਾਂ ਵਿਚ ਭੇਜਿਆ ਗਿਆ ਜਿੱਥੇ ਪਹਿਲਾਂ ਤੋਂ ਹੀ ਲਗਭਗ 500 ਗਵਾਹ ਸਨ। ਅਸੀਂ ਛੋਟੇ-ਛੋਟੇ ਗਰੁੱਪਾਂ ਵਿਚ ਲੁਕ-ਛਿਪ ਕੇ ਪਹਿਰਾਬੁਰਜ ਦਾ ਅਧਿਐਨ ਕਰਦੇ ਹੁੰਦੇ ਸੀ। ਇਕ ਪਹਿਰੇਦਾਰ ਨੇ ਸਾਡੇ ਤੋਂ ਰਸਾਲੇ ਖੋਹ ਕੇ ਦੇਖੇ ਅਤੇ ਕਿਹਾ: ‘ਜੇ ਤੁਸੀਂ ਇਨ੍ਹਾਂ ਨੂੰ ਪੜ੍ਹੀ ਜਾਓਗੇ, ਤਾਂ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ!’ ਅਸੀਂ ਪੂਰੀ ਈਮਾਨਦਾਰੀ ਨਾਲ ਕੰਮ ਕਰਦੇ ਸੀ ਅਤੇ ਅਕਸਰ ਦਿੱਤੇ ਕੰਮ ਨਾਲੋਂ ਜ਼ਿਆਦਾ ਕੰਮ ਕਰਦੇ ਸੀ। ਫਿਰ ਵੀ ਕੈਂਪ ਦਾ ਕਮਾਂਡਰ ਕਹਿੰਦਾ ਸੀ: ‘ਜਿਹੜੀ ਦਿਹਾੜੀ ਤੁਸੀਂ ਕਰਦੇ ਹੋ, ਇਸ ਦਾ ਸਾਡੇ ’ਤੇ ਕੋਈ ਅਸਰ ਨਹੀਂ ਪੈਣਾ, ਸਗੋਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਦੇਸ਼ ਪ੍ਰਤੀ ਵਫ਼ਾਦਾਰੀ ਦਿਖਾਉਂਦੇ ਹੋਏ ਲੜੋ।’ ”

“ਅਸੀਂ ਪੂਰੀ ਈਮਾਨਦਾਰੀ ਨਾਲ ਕੰਮ ਕਰਦੇ ਸੀ ਅਤੇ ਅਕਸਰ ਦਿੱਤੇ ਕੰਮ ਨਾਲੋਂ ਜ਼ਿਆਦਾ ਕੰਮ ਕਰਦੇ ਸੀ”

ਉਸ ਨੇ ਵਫ਼ਾਦਾਰੀ ਨਿਭਾਉਣੀ ਨਹੀਂ ਛੱਡੀ

ਵੀਲੀਕਿਆਈ ਲੁਕੀ ਵਿਚ ਕਿੰਗਡਮ ਹਾਲ

1967 ਵਿਚ ਲੇਬਰ ਕੈਂਪ ਤੋਂ ਆਜ਼ਾਦ ਹੋਣ ਤੋਂ ਬਾਅਦ ਨਿਕੋਲਾਈ ਦਾਦਾ ਜੀ ਨੇ ਏਸਟੋਨੀਆ ਅਤੇ ਰੂਸ ਦੇ ਸੇਂਟ ਪੀਟਰਜ਼ਬਰਗ ਵਿਚ ਮੰਡਲੀਆਂ ਸਥਾਪਿਤ ਕਰਨ ਵਿਚ ਮਦਦ ਕੀਤੀ। 1957 ਵਿਚ ਕੋਰਟ ਵੱਲੋਂ ਲਾਏ ਗਏ ਦੋਸ਼ਾਂ ਤੋਂ ਉਨ੍ਹਾਂ ਨੂੰ ਸਾਲ 1991 ਦੇ ਸ਼ੁਰੂ ਵਿਚ ਦੋਸ਼ ਮੁਕਤ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ। ਉਸ ਸਮੇਂ ਦੌਰਾਨ ਕਾਫ਼ੀ ਗਵਾਹਾਂ ਨੂੰ ਉਨ੍ਹਾਂ ’ਤੇ ਲਾਏ ਗਏ ਦੋਸ਼ਾਂ ਤੋਂ ਬਰੀ ਕੀਤਾ ਗਿਆ ਜਿਨ੍ਹਾਂ ਨੇ ਅਧਿਕਾਰੀਆਂ ਦੇ ਹੱਥੋਂ ਬਹੁਤ ਸਾਰੇ ਜ਼ੁਲਮ ਸਹੇ ਸਨ। 1996 ਵਿਚ ਨਿਕੋਲਾਈ ਪਸਕੋਵ ਓਬਲਾਸਟ ਦੇ ਵੀਲੀਕਿਆਈ ਲੁਕੀ ਸ਼ਹਿਰ ਵਿਚ ਚਲੇ ਗਏ ਜੋ ਸੇਂਟ ਪੀਟਰਜ਼ਬਰਗ ਤੋਂ ਲਗਭਗ 500 ਕਿਲੋਮੀਟਰ (300 ਮੀਲ) ਦੀ ਦੂਰੀ ’ਤੇ ਹੈ। ਉਨ੍ਹਾਂ ਨੇ ਉੱਥੇ ਇਕ ਛੋਟਾ ਜਿਹਾ ਘਰ ਖ਼ਰੀਦ ਲਿਆ ਅਤੇ 2003 ਵਿਚ ਉਨ੍ਹਾਂ ਦੀ ਜ਼ਮੀਨ ’ਤੇ ਇਕ ਕਿੰਗਡਮ ਹਾਲ ਬਣਾਇਆ ਗਿਆ। ਅੱਜ ਉੱਥੇ ਦੋ ਵਧਦੀਆਂ-ਫੁੱਲਦੀਆਂ ਮੰਡਲੀਆਂ ਭਗਤੀ ਕਰਦੀਆਂ ਹਨ।

ਮੈਂ ਆਪਣੇ ਪਤੀ ਨਾਲ ਰੂਸ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੀ ਹਾਂ। ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਨਿਕੋਲਾਈ ਦਾਦਾ ਜੀ ਮਾਰਚ 2011 ਵਿਚ ਸਾਨੂੰ ਆਖ਼ਰੀ ਵਾਰ ਮਿਲਣ ਆਏ। ਉਨ੍ਹਾਂ ਦੀਆਂ ਅੱਖਾਂ ਵਿਚ ਚਮਕ ਸੀ ਅਤੇ ਜਿਹੜੇ ਸ਼ਬਦ ਉਨ੍ਹਾਂ ਨੇ ਕਹੇ ਉਹ ਸਾਡੇ ਦਿਲਾਂ ਨੂੰ ਛੂਹ ਗਏ। ਉਨ੍ਹਾਂ ਨੇ ਕਿਹਾ: “ਅਸੀਂ ਦੁਨੀਆਂ ਦੇ ਅੰਤ ਦੇ ਬਹੁਤ ਨੇੜੇ ਹਾਂ ਅਤੇ ਇਹ ਸਮਾਂ ਉਸ ਸਮੇਂ ਵਰਗਾ ਹੈ ਜਦੋਂ ਇਜ਼ਰਾਈਲੀਆਂ ਨੇ ਸੱਤਵੇਂ ਦਿਨ ਯਰੀਹੋ ਦੇ ਆਲੇ-ਦੁਆਲੇ ਗੇੜੇ ਲਾਉਣੇ ਸ਼ੁਰੂ ਕੀਤੇ ਸਨ।” (ਯਹੋ. 6:15) ਉਹ 85 ਸਾਲਾਂ ਦੇ ਸਨ। ਚਾਹੇ ਉਨ੍ਹਾਂ ਦੀ ਜ਼ਿੰਦਗੀ ਵਿਚ ਮੁਸ਼ਕਲਾਂ ਆਈਆਂ, ਪਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਇਨ੍ਹਾਂ ਸ਼ਬਦਾਂ ਵਿਚ ਬਿਆਨ ਕੀਤਾ: “ਮੈਂ ਕਿੰਨਾ ਖ਼ੁਸ਼ ਹਾਂ ਕਿ ਮੈਂ ਆਪਣੀ ਜਵਾਨੀ ਵਿਚ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ! ਮੈਨੂੰ ਇਸ ਫ਼ੈਸਲੇ ਦਾ ਕਦੀ ਵੀ ਕੋਈ ਪਛਤਾਵਾ ਨਹੀਂ ਹੋਇਆ ਹੈ।”