Skip to content

Skip to table of contents

ਆਪਣੇ ਬੱਚਿਆਂ ਨੂੰ ਸਿਖਾਓ

ਤਿਮੋਥਿਉਸ—ਸੇਵਾ ਕਰਨ ਲਈ ਤਿਆਰ-ਬਰ-ਤਿਆਰ

ਤਿਮੋਥਿਉਸ—ਸੇਵਾ ਕਰਨ ਲਈ ਤਿਆਰ-ਬਰ-ਤਿਆਰ

“ਕੀ ਤੁਸੀਂ ਤਿਆਰ ਹੋ?” ਕੀ ਕਿਸੇ ਨੇ ਤੁਹਾਨੂੰ ਕਦੀ ਇਹ ਸਵਾਲ ਪੁੱਛਿਆ ਹੈ?— ਇਹ ਸਵਾਲ ਪੁੱਛ ਕੇ ਸ਼ਾਇਦ ਉਹ ਦੋ ਗੱਲਾਂ ਜਾਣਨੀਆਂ ਚਾਹੁੰਦਾ ਸੀ। ਇਕ ਤਾਂ ਇਹ ਕਿ ਤੁਸੀਂ ਕੋਈ ਕੰਮ ਕਰਨ ਲਈ ਤਿਆਰੀ ਕੀਤੀ ਸੀ। ਮਿਸਾਲ ਵਜੋਂ: ਕੀ ਤੁਹਾਡੇ ਕੋਲ ਅਧਿਐਨ ਕਰਨ ਲਈ ਪੁਸਤਕਾਂ ਹਨ? ਕੀ ਤੁਸੀਂ ਇਨ੍ਹਾਂ ਨੂੰ ਪੜ੍ਹਿਆ ਹੈ? ਦੂਜੀ ਇਹ ਕਿ ਤੁਹਾਡੇ ਵਿਚ ਇਹ ਕੰਮ ਕਰਨ ਦੀ ਇੱਛਾ ਹੈ। ਜਿਵੇਂ ਅਸੀਂ ਦੇਖਾਂਗੇ, ਤਿਮੋਥਿਉਸ ਯਹੋਵਾਹ ਦੀ ਸੇਵਾ ਕਰਨ ਲਈ ਤਿਆਰ ਸੀ।

ਜਦ ਤਿਮੋਥਿਉਸ ਨੂੰ ਯਹੋਵਾਹ ਦੀ ਸੇਵਾ ਕਰਨ ਦਾ ਸੱਦਾ ਮਿਲਿਆ, ਤਾਂ ਉਸ ਦਾ ਰਵੱਈਆ ਯਸਾਯਾਹ ਵਾਂਗ ਸੀ ਜਿਸ ਨੇ ਕਿਹਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾਯਾਹ 6:8) ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿਣ ਕਰਕੇ ਤਿਮੋਥਿਉਸ ਨੂੰ ਜ਼ਿੰਦਗੀ ਵਿਚ ਕਈ ਵਧੀਆ ਤਜਰਬੇ ਹੋਏ। ਕੀ ਤੁਸੀਂ ਉਨ੍ਹਾਂ ਤਜਰਬਿਆਂ ਬਾਰੇ ਜਾਣਨਾ ਚਾਹੋਗੇ?—

ਤਿਮੋਥਿਉਸ ਦਾ ਜਨਮ ਯਰੂਸ਼ਲਮ ਤੋਂ ਸੈਂਕੜੇ ਮੀਲ ਦੂਰ ਲੁਸਤ੍ਰਾ ਵਿਚ ਹੋਇਆ ਸੀ। ਉਸ ਦੀ ਨਾਨੀ ਲੋਇਸ ਅਤੇ ਮਾਂ ਯੂਨੀਕਾ ਪਵਿੱਤਰ ਲਿਖਤਾਂ ਬੜੇ ਧਿਆਨ ਨਾਲ ਪੜ੍ਹਦੀਆਂ ਸਨ। ਛੋਟੀ ਉਮਰ ਤੋਂ ਹੀ ਤਿਮੋਥਿਉਸ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦਿੱਤੀ ਗਈ ਸੀ।—2 ਤਿਮੋਥਿਉਸ 1:5; 3:15.

ਇੱਥੇ ਕੀ ਹੋ ਰਿਹਾ ਹੈ?

ਸੰਭਵ ਹੈ ਕਿ ਤਿਮੋਥਿਉਸ ਉਦੋਂ ਜਵਾਨ ਮੁੰਡਾ ਹੀ ਸੀ ਜਦ ਪੌਲੁਸ ਅਤੇ ਬਰਨਬਾਸ ਆਪਣੇ ਪਹਿਲੇ ਮਿਸ਼ਨਰੀ ਦੌਰੇ ਤੇ ਲੁਸਤ੍ਰਾ ਆਏ ਸਨ। ਸੰਭਵ ਹੈ ਕਿ ਇਸੇ ਸਮੇਂ ਤੇ ਤਿਮੋਥਿਉਸ ਦੀ ਮਾਂ ਅਤੇ ਨਾਨੀ ਮਸੀਹੀ ਬਣੇ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਲੁਸਤ੍ਰਾ ਵਿਚ ਪੌਲੁਸ ਅਤੇ ਬਰਨਬਾਸ ਉੱਤੇ ਕਿਹੜੀਆਂ ਮੁਸੀਬਤਾਂ ਆਈਆਂ ਸਨ?— ਮਸੀਹੀਆਂ ਨੂੰ ਨਫ਼ਰਤ ਕਰਨ ਵਾਲੇ ਕੁਝ ਲੋਕਾਂ ਨੇ ਪੌਲੁਸ ਨੂੰ ਪੱਥਰ ਮਾਰੇ ਤੇ ਮੋਇਆ ਸਮਝ ਕੇ ਸ਼ਹਿਰੋਂ ਬਾਹਰ ਸੁੱਟ ਦਿੱਤਾ।

ਪੌਲੁਸ ਦੀਆਂ ਸਿਖਾਈਆਂ ਗੱਲਾਂ ਉੱਤੇ ਵਿਸ਼ਵਾਸ ਕਰਨ ਵਾਲੇ ਕੁਝ ਲੋਕਾਂ ਨੇ ਉਸ ਦੀ ਮਦਦ ਕੀਤੀ ਅਤੇ ਉਹ ਉੱਠ ਖੜ੍ਹਿਆ। ਦੂਜੇ ਦਿਨ ਪੌਲੁਸ ਅਤੇ ਬਰਨਬਾਸ ਲੁਸਤ੍ਰਾ ਤੋਂ ਚਲੇ ਗਏ ਲੇਕਿਨ ਕੁਝ ਸਮੇਂ ਬਾਅਦ ਉਹ ਫਿਰ ਲੁਸਤ੍ਰਾ ਆਏ। ਉਸ ਸਮੇਂ ਤੇ ਪੌਲੁਸ ਨੇ ਇਕ ਭਾਸ਼ਣ ਦਿੱਤਾ ਅਤੇ ਚੇਲਿਆਂ ਨੂੰ ਦੱਸਿਆ: “ਅਸੀਂ ਬਹੁਤ ਬਿਪਤਾ ਸਹਿ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ।” (ਰਸੂਲਾਂ ਦੇ ਕਰਤੱਬ 14:8-22) ਕੀ ਤੁਹਾਨੂੰ ਪਤਾ ਹੈ ਕਿ ਪੌਲੁਸ ਦੀ ਗੱਲ ਦਾ ਕੀ ਮਤਲਬ ਸੀ?— ਉਹ ਕਹਿ ਰਿਹਾ ਸੀ ਕਿ ਯਹੋਵਾਹ ਦੇ ਸੇਵਕਾਂ ਨੂੰ ਦੁੱਖ ਝੱਲਣੇ ਪੈਣਗੇ। ਇਸ ਤੋਂ ਬਾਅਦ ਪੌਲੁਸ ਨੇ ਤਿਮੋਥਿਉਸ ਨੂੰ ਇਹ ਗੱਲ ਲਿਖੀ: ‘ਸੱਭੇ ਜੋ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।’—2 ਤਿਮੋਥਿਉਸ 3:12; ਯੂਹੰਨਾ 15:20.

ਫਿਰ ਪੌਲੁਸ ਅਤੇ ਬਰਨਬਾਸ ਲੁਸਤ੍ਰਾ ਤੋਂ ਆਪਣੇ ਘਰ ਚਲੇ ਗਏ। ਕੁਝ ਮਹੀਨਿਆਂ ਬਾਅਦ ਪੌਲੁਸ ਆਪਣੇ ਦੂਜੇ ਮਿਸ਼ਨਰੀ ਦੌਰੇ ’ਤੇ ਸੀਲਾਸ ਨੂੰ ਆਪਣੇ ਨਾਲ ਲੈ ਗਿਆ। ਉਨ੍ਹਾਂ ਨੇ ਜਗ੍ਹਾ-ਜਗ੍ਹਾ ਨਵੇਂ ਚੇਲਿਆਂ ਨੂੰ ਦੁਬਾਰਾ ਮਿਲ ਕੇ ਹੌਸਲਾ ਦੇਣਾ ਸ਼ੁਰੂ ਕੀਤਾ। ਜਦ ਉਹ ਲੁਸਤ੍ਰਾ ਪਹੁੰਚੇ, ਤਾਂ ਤਿਮੋਥਿਉਸ ਪੌਲੁਸ ਨੂੰ ਮਿਲ ਕੇ ਕਿੰਨਾ ਖ਼ੁਸ਼ ਹੋਇਆ ਹੋਣਾ! ਉਸ ਦੀ ਖ਼ੁਸ਼ੀ ਹੋਰ ਵੀ ਵਧ ਗਈ ਜਦ ਪੌਲੁਸ ਨੇ ਉਸ ਨੂੰ ਉਨ੍ਹਾਂ ਨਾਲ ਜਾਣ ਲਈ ਕਿਹਾ। ਤਿਮੋਥਿਉਸ ਝਿਜਕਿਆ ਨਹੀਂ, ਉਸ ਨੇ ਝੱਟ ਸੱਦਾ ਕਬੂਲ ਕਰ ਲਿਆ।—ਰਸੂਲਾਂ ਦੇ ਕਰਤੱਬ 15:40–16:5.

ਇਹ ਤਿੰਨੇ ਯੂਨਾਨ ਦੇ ਸ਼ਹਿਰ ਥੱਸਲੁਨੀਕਾ ਜਾਣ ਲਈ ਪਹਿਲਾਂ ਸੈਂਕੜੇ ਕਿਲੋਮੀਟਰ ਪੈਦਲ ਤੁਰੇ ਤੇ ਫਿਰ ਉਨ੍ਹਾਂ ਨੇ ਇਕ ਕਿਸ਼ਤੀ ਵਿਚ ਵੀ ਸਫ਼ਰ ਕੀਤਾ। ਕਿਸ਼ਤੀ ਤੋਂ ਉੱਤਰ ਕੇ ਉਹ ਦੁਬਾਰਾ ਤੁਰ ਕੇ ਥੱਸਲੁਨੀਕਾ ਪਹੁੰਚੇ। ਥੱਸਲੁਨੀਕਾ ਵਿਚ ਕਈ ਲੋਕ ਮਸੀਹੀ ਬਣੇ। ਲੇਕਿਨ ਬਹੁਤ ਸਾਰੇ ਲੋਕ ਇਨ੍ਹਾਂ ਦੇ ਪ੍ਰਚਾਰ ਕਰਕੇ ਭੜਕ ਉੱਠੇ। ਤਿੰਨਾਂ ਦੀਆਂ ਜਾਨਾਂ ਨੂੰ ਖ਼ਤਰਾ ਹੋਣ ਕਰਕੇ ਉਹ ਉੱਥੋਂ ਬਰਿਯਾ ਚਲੇ ਗਏ।—ਰਸੂਲਾਂ ਦੇ ਕਰਤੱਬ 17:1-10.

ਪੌਲੁਸ ਨੂੰ ਥੱਸਲੁਨੀਕਾ ਦੇ ਨਵੇਂ ਚੇਲਿਆਂ ਦਾ ਫ਼ਿਕਰ ਸੀ, ਸੋ ਉਸ ਨੇ ਤਿਮੋਥਿਉਸ ਨੂੰ ਉੱਥੇ ਵਾਪਸ ਭੇਜਿਆ। ਕੀ ਤੁਹਾਨੂੰ ਪਤਾ ਹੈ ਕਿਉਂ?— ਪੌਲੁਸ ਨੇ ਬਾਅਦ ਵਿਚ ਥੱਸਲੁਨੀਕਾ ਦੇ ਮਸੀਹੀਆਂ ਨੂੰ ਇਹ ਦੱਸਿਆ: ‘ਭਈ ਉਹ ਤੁਹਾਨੂੰ ਤਕੜਿਆਂ ਕਰੇ ਅਤੇ ਤੁਹਾਨੂੰ ਤਸੱਲੀ ਦੇਵੇ ਤਾਂ ਜੋ ਕੋਈ ਵੀ ਹਿੰਮਤ ਨਾ ਹਾਰੇ।’ ਕੀ ਤੁਹਾਨੂੰ ਪਤਾ ਹੈ ਕਿ ਪੌਲੁਸ ਨੇ ਨੌਜਵਾਨ ਤਿਮੋਥਿਉਸ ਨੂੰ ਇੰਨਾ ਖ਼ਤਰੇ ਭਰਿਆ ਕੰਮ ਕਿਉਂ ਦਿੱਤਾ ਸੀ?— ਪਹਿਲੀ ਗੱਲ ਤਾਂ ਇਹ ਹੈ ਕਿ ਤਿਮੋਥਿਉਸ ਦੇ ਵਿਰੋਧੀ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਸਨ। ਅਤੇ ਦੂਜੀ ਗੱਲ ਸੀ ਕਿ ਉਹ ਜਾਣ ਲਈ ਤਿਆਰ ਸੀ। ਇਸ ਕੰਮ ਵਾਸਤੇ ਦਲੇਰੀ ਦੀ ਲੋੜ ਸੀ। ਕੀ ਉਹ ਆਪਣੇ ਕੰਮ ਵਿਚ ਸਫ਼ਲ ਹੋਇਆ? ਵਾਪਸ ਆ ਕੇ ਤਿਮੋਥਿਉਸ ਨੇ ਪੌਲੁਸ ਨੂੰ ਦੱਸਿਆ ਕਿ ਥੱਸਲੁਨੀਕਾ ਦੇ ਭੈਣ-ਭਰਾ ਬਹੁਤ ਵਫ਼ਾਦਾਰ ਸਨ। ਇਸੇ ਕਾਰਨ ਪੌਲੁਸ ਨੇ ਉਨ੍ਹਾਂ ਨੂੰ ਇਹ ਕਿਹਾ: “ਸਾਨੂੰ . . . ਤੁਹਾਡੀ ਨਿਹਚਾ ਦੇ ਕਾਰਨ ਤਸੱਲੀ ਹੋ ਗਈ।”—1 ਥੱਸਲੁਨੀਕੀਆਂ 3:2-7.

ਤਿਮੋਥਿਉਸ ਨੇ ਪੌਲੁਸ ਨਾਲ ਦਸ ਸਾਲ ਸੇਵਾ ਕੀਤੀ। ਫਿਰ ਪੌਲੁਸ ਨੂੰ ਰੋਮ ਵਿਚ ਕੈਦ ਕੀਤਾ ਗਿਆ। ਤਿਮੋਥਿਉਸ ਜੋ ਖ਼ੁਦ ਕੈਦ ਤੋਂ ਛੁੱਟ ਕੇ ਆਇਆ ਸੀ, ਪੌਲੁਸ ਨੂੰ ਮਿਲਣ ਗਿਆ। ਕੈਦ ਵਿਚ ਹੁੰਦੇ ਹੋਏ ਪੌਲੁਸ ਨੇ ਤਿਮੋਥਿਉਸ ਰਾਹੀਂ ਫ਼ਿਲਿੱਪੀਆਂ ਦੀ ਕਲੀਸਿਯਾ ਨੂੰ ਇਕ ਚਿੱਠੀ ਲਿਖੀ। ਪੌਲੁਸ ਨੇ ਲਿਖਿਆ: ‘ਮੇਰੀ ਇਹ ਆਸ ਹੈ ਜੋ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲ ਦਿਆਂ ਕਿਉਂਕਿ ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ।’—ਫ਼ਿਲਿੱਪੀਆਂ 2:19-22; ਇਬਰਾਨੀਆਂ 13:23.

ਇਨ੍ਹਾਂ ਲਫ਼ਜ਼ਾਂ ਨੂੰ ਸੁਣ ਕੇ ਤਿਮੋਥਿਉਸ ਦਾ ਦਿਲ ਕਿੰਨਾ ਖ਼ੁਸ਼ ਹੋਇਆ ਹੋਣਾ! ਪੌਲੁਸ ਤਿਮੋਥਿਉਸ ਨਾਲ ਬਹੁਤ ਪਿਆਰ ਕਰਦਾ ਸੀ ਕਿਉਂਕਿ ਉਹ ਹਮੇਸ਼ਾ ਸੇਵਾ ਕਰਨ ਲਈ ਤਿਆਰ ਰਹਿੰਦਾ ਸੀ। ਸਾਨੂੰ ਉਮੀਦ ਹੈ ਕਿ ਤੁਸੀਂ ਵੀ ਉਸ ਦੀ ਮਿਸਾਲ ਉੱਤੇ ਚੱਲੋਗੇ। (w08 4/1)